ਪਾਕਿਸਤਾਨ ਤੋਂ ਜਹਾਜ਼ ਚੜ੍ਹ ਭੀਖ਼ ਮੰਗਣ ਸਾਊਦੀ ਅਰਬ ਜਾ ਰਹੇ ‘ਖਾਨਦਾਨੀ’ ਮੰਗਤੇ, ਕਈ ਦੇਸ਼ਾਂ ’ਚ ਕਰ ਚੁੱਕੇ ਹਨ ਸਫ਼ਰ

ਪਾਕਿਸਤਾਨ ਮੰਗਤੇ

ਤਸਵੀਰ ਸਰੋਤ, Getty Images

    • ਲੇਖਕ, ਸ਼ਾਹਿਦ ਅਸਲਮ, ਸਹਰ ਬਲੋਚ
    • ਰੋਲ, ਬੀਬੀਸੀ ਪੱਤਰਕਾਰ

ਇਸੇ ਮਹੀਨੇ ਪੰਜ ਤਰੀਕ ਨੂੰ ਚਾਰ ਲੋਕਾਂ ਦਾ ਗਿਰੋਹ ਲਾਹੌਰ ਦੇ ਅਲਾਮਾ ਇਕਬਾਲ ਹਵਾਈ ਅੱਡੇ ‘ਤੇ ਸਾਊਦੀ ਅਰਬ ਜਾਣ ਲਈ ਜਹਾਜ਼ ਚੜ੍ਹਨ ਲਈ ਪਹੁੰਚਿਆ।

ਇਹ ਲੋਕ ਕਥਿਤ ਤੌਰ ‘ਤੇ ਉਮਰਾ ਤੀਰਥਯਾਤਰੀ ਬਣਕੇ ਸਾਊਦੀ ਅਰਬ ਵਿੱਚ ਭੀਖ਼ ਮੰਗਣ ਲਈ ਜਾ ਰਹੇ ਸਨ।ਇਸਲਾਮ ਵਿੱਚ ਮੱਕੇ ਦੀ ਯਾਤਰਾ ਨੂੰ ‘ਉਮਰਾ’ ਕਿਹਾ ਜਾਂਦਾ ਹੈ

ਇਹ ਲੋਕ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਸੰਗਠਿਤ ਮੰਗਤਿਆਂ ਦੇ ਮੈਂਬਰ ਸਨ। ਇਨ੍ਹਾਂ ਦੀ ਪਛਾਣ ਨਸਰੀਨ ਬੀਬੀ, ਉਨ੍ਹਾਂ ਦੇ ਭਰਾ ਆਰਿਫ਼ ਅਤੇ ਅਸਲਮ ਅਤੇ ਪਰਵੀਨ ਵਜੋਂ ਹੋਈ ਹੈ, ਅਸਲਮ ਨਸਰੀਨ ਦੇ ਚਾਚਾ ਹਨ ਅਤੇ ਪਰਵੀਨ ਨਸਰੀਨ ਦੀ ਚਾਚੀ ਹੈ।

ਇਹ ਚਾਰੇ ਐੱਫਆਈਏ(ਫੈਡਰਲ ਇਨਵੈਸਟੀਗੇਸ਼ਨ ਏਜੰਸੀ) ਦੇ ਇਮੀਗ੍ਰੇਸ਼ਨ ਕਾਊਂਟਰ ਉੱਤੇ ਇੱਕ ਸੁਪਨਾ ਲੈ ਕੇ ਆਏ ਸਨ।

ਪਹਿਲੀ ਵਾਰ ਨਹੀਂ

ਇਸ ਤੋਂ ਪਹਿਲਾਂ ਨਸਰੀਨ ਬੀਬੀ ਸਾਊਦੀ ਅਰਬ, ਈਰਾਨ, ਈਰਾਕ 16 ਵਾਰੀ ਜਾ ਚੁੱਕੇ ਸਨ, ਜਦਕਿ ਪਰਵੀਨ ਪਾਕਿਸਤਾਨ ਤੋਂ ਬਾਹਰ ਧਾਰਮਿਕ ਯਾਤਰਾਵਾਂ ਦੇ ਬਹਾਨੇ ਨਾਲ ਨੌਂ ਵਾਰੀ ਜਾ ਚੁੱਕੇ ਸਨ।

ਭਾਵੇਂ ਕਿ ਅਸਲਮ ਅਤੇ ਆਰਿਫ਼ ਸਾਊਦੀ ਅਰਬ ਪਹਿਲੀ ਵਾਰੀ ਜਾ ਰਹੇ ਸਨ, ਪਰ ਉਹ ਵੀ ਧਾਰਮਿਕ ਯਾਤਰਾ ਦੇ ਬਹਾਨੇ ਨਾਲ ਈਰਾਨ ਅਤੇ ਈਰਾਕ ਕਈਂ ਵਾਰੀ ਜਾ ਚੁੱਕੇ ਸਨ।

ਇਨ੍ਹਾਂ ਚਾਰਾਂ ਨਾਲ ਪੁੱਛ-ਗਿੱਛ ਕਰਨ ਤੋਂ ਬਾਅਦ ਐੱਫਆਈਏ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ‘ਟ੍ਰੈਫਿਕਿੰਗ ਇਨ ਪਰਨਸ ਐਕਟ, 2018’ ਦੇ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਐੱਫਆਈਆਰ ਦੇ ਮੁਤਾਬਕ, ਪੁੱਛ-ਗਿੱਛ ਦੌਰਾਨ ਉਨ੍ਹਾਂ ਚਾਰਾਂ ਨੇ ਇਹ ਕਬੂਲ ਕੀਤਾ ਕਿ ਉਹ ਸਾਊਦੀ ਅਰਬ ਉਮਰਾ ਯਾਤਰੀ ਦੇ ਭੇਸ ਵਿੱਚ ਜਾ ਰਹੇ ਸਨ, ਪਰ ਉਨ੍ਹਾਂ ਦਾ ਮੁੱਖ ਮਕਸਦ ਉੱਥੇ ਜਾ ਕੇ ਭੀਖ਼ ਮੰਗਣਾ ਸੀ।

ਬੀਬੀਸੀ ਕੋਲ ਮੌਜੂਦ ਐੱਫਆਈਆਰ ਮੁਤਾਬਕ, ਸਾਰੇ ਮੁਲਜ਼ਮ ਭੀਖ਼ ਮੰਗਣ ਲਈ ਪਹਿਲਾਂ ਵੀ ਸਾਊਦੀ ਅਰਬ, ਈਰਾਨ ਅਤੇ ਈਰਾਕ ਜਾ ਚੁੱਕੇ ਹਨ।

ਏਜੰਟ ਵੀ ਸ਼ਾਮਿਲ

ਪਾਕਿਸਤਾਨ ਮੰਗਤੇ

ਤਸਵੀਰ ਸਰੋਤ, Getty Images

ਐੱਫਆਈਆਰ ਦੇ ਮੁਤਾਬਕ, ਮੁਲਜ਼ਮ ਅਤੇ ਉਨ੍ਹਾਂ ਦੇ ਏਜੰਟ ਜਹਾਂਜੇਬ ਵਿਚਾਲੇ ਮੋਬਾਈਲ ਰਾਹੀਂ ਇੱਕ ਦੂਜੇ ਨੂੰ ਭੇਜੇ ਗਏ ਸੁਨੇਹੇ ਇਸ ਗੱਲ ਦਾ ਸਬੂਤ ਹਨ ਕਿ ਉਹ ਵਿਦੇਸ਼ ਭੀਖ਼ ਮੰਗਣ ਲਈ ਜਾ ਰਹੇ ਸਨ, ਉਨ੍ਹਾਂ ਦੇ ਮੋਬਾਈਲ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ।

ਨਸਰੀਨ ਬੀਬੀ ਅਤੇ ਪਰਵੀਨ ਨੂੰ ਅਦਾਲਤੀ ਰਿਮਾਂਡ ਉੱਤੇ ਜੇਲ੍ਹ ਭੇਜਿਆ ਗਿਆ, ਜਦਕਿ ਹੋਰ ਦੋ ਮੁਲਜ਼ਮਾਂ, ਮੁਹੰਮਦ ਅਸਲਮ ਅਤੇ ਆਰਿਫ, ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।

ਨਸਰੀਨ ਬੀਬੀ ਜੋ 9 ਅਕਤੂਬਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ੀ ਉੱਤੇ ਆਏ ਹੋਏ ਸਨ, ਉਨ੍ਹਾਂ ਨੇ ਬੀਬੀਸੀ ਨਾਲ ਅਦਾਲਤ ਦੇ ਬਾਹਰ ਗੱਲ ਕੀਤੀ।

'ਕੀ ਸਾਨੂੰ ਗ੍ਰਿਫ਼ਤਾਰ ਕਰਨ ਨਾਲ ਮਸਲਾ ਹੱਲ ਹੋ ਜਾਵੇਗਾ'

ਨਸਰੀਨ ਬੀਬੀ ਨੇ ਬੀਬੀਸੀ ਨੂੰ ਦੱਸਿਆ, “ਕੀ ਸਾਨੂੰ ਇਸ ਤਰੀਕੇ ਨਾਲ ਗ੍ਰਿਫ਼ਤਾਰ ਕਰਨ ਨਾਲ ਮਸਲਾ ਹੱਲ ਹੋ ਜਾਵੇਗਾ? ਕੀ ਇਸ ਦੇਸ ਵਿੱਚ ਲੋਕ ਭੁੱਖ ਨਾਲ ਨਹੀਂ ਮਰ ਰਹੇ, ਕੀ ਲੋਕਾਂ ਕੋਲ ਰੋਜ਼ੀ ਕਮਾਉਣ ਲਈ ਰਾਹ ਨਹੀਂ ਹੋਣਾ ਚਾਹੀਦਾ ?”

ਨਸਰੀਨ ਬੀਬੀ ਮੁਤਾਬਕ ਇਹ ਕੰਮ ਗ੍ਰਿਫ਼ਤਾਰੀਆਂ ਨਾਲ ਰੁਕਣ ਵਾਲਾ ਨਹੀਂ ਹੈ। “ਸਾਨੂੰ ਗਰੀਬ ਲੋਕਾਂ ਨੂੰ ਸੌਖਿਆਂ ਫੜ ਫੜ ਲਿਆ ਜਾਂਦਾ ਹੈ, ਕੀ ਇੱਥੇ ਕਿਸੇ ਤਾਕਤਵਰ ਬੰਦੇ ਨੂੰ ਫੜਿਆ ਗਿਆ ਹੈ।”

ਜਦੋਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਦੇਸ ਤੋਂ ਬਾਹਰ ਜਾ ਕੇ ਭੀਖ਼ ਮੰਗਣ ਦੇ ਲਈ ਜਾਣ ਨਾਲ ਪਾਕਿਸਤਾਨ ਦੀ ਬਦਨਾਮੀ ਨਹੀਂ ਹੁੰਦੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ, “ਪਹਿਲਾਂ ਕਿਹੜਾ ਝੰਡੇ ਝੂਲ ਰਹੇ ਹਨ।”

'90 ਫ਼ੀਸਦ ਮੰਗਤੇ ਪਾਕਿਸਤਾਨ ਤੋਂ'

ਪਾਕਿਸਤਾਨ ਮੰਗਤੇ

ਤਸਵੀਰ ਸਰੋਤ, Getty Images

ਹਾਲ ਹੀ ਵਿੱਚ ਪ੍ਰਵਾਸੀ ਪਾਕਿਸਤਾਨੀਆਂ ਦੇ ਮੰਤਰਾਲੇ ਦੇ ਸਕੱਤਰ ਜੁਲਫਿਕਾਰ ਹੈਦਰ ਨੇ ਸੈਨੇਟ ਦੀ ਸਥਾਈ ਕਮੇਟੀ ਨੂੰ ਦੱਸਿਆ ਸੀ ਕਿ ਵਿਦੇਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ 90 ਫ਼ੀਸਦ ਮੰਗਤੇ ਪਾਕਿਸਤਾਨ ਦੇ ਹਨ।

ਇਸ ਦਾਅਵੇ ਦੇ ਸਾਹਮਣੇ ਆਉਣ ਤੋਂ ਬਾਅਦ ਬੀਬੀਸੀ ਦੀ ਜਾਂਚ ਵਿੱਚ ਇਹ ਪਤਾ ਲੱਗਾ ਕਿ ਪਾਕਿਸਤਾਨ ਵਿੱਚ ਏਜੰਟ ਯੋਜਨਾਬੱਧ ਢੰਗ ਤਰੀਕੇ ਨਾਲ ਮੰਗਤਿਆਂ ਜਾਂ ਲੋੜਵੰਦ ਲੋਕਾਂ ਨੂੰ ਮੱਧ ਪੂਰਬ ਦੇ ਦੇਸਾਂ, ਖ਼ਾਸ ਕਰਕੇ ਸਾਊਦੀ ਅਰਬ, ਈਰਾਨ ਅਤੇ ਈਰਾਕ ਵਿੱਚ ਭੇਜਦੇ ਹਨ, ਜਿੱਥੇ ਵੀ ਭੀਖ਼ ਮੰਗਣ ਦਾ ਕੰਮ ਕੀਤਾ ਜਾਂਦਾ ਹੈ। ਇਨ੍ਹਾਂ ਏਜੰਟਾਂ ਨੂੰ ਆਮਦਨ ਵਿੱਚ ਹਿੱਸਾ ਮਿਲਦਾ ਹੈ।

ਹਾਲਾਂਕਿ ਹਾਲ ਹੀ ਵਿੱਚ ਸਾਊਦੀ ਅਰਬ ਦੀ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੂੰ ਰਸਮੀ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਵਿੱਚ ਫੈਡਰਲ ਗ੍ਰਹਿ ਮੰਤਰਾਲੇ ਨੂੰ ਹੁਕਮ ਜਾਰੀ ਕੀਤੇ, ਜਿਸਦੇ ਨਤੀਜੇ ਵਜੋਂ ਨਸਰੀਨ ਬੀਬੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਗ੍ਰਿਫ਼ਤਾਰੀ ਹੋਈ

ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ ਦੇ ਮੁਤਾਬਕ, ਹਾਲ ਦੇ ਦਿਨਾਂ ਵਿੱਚ ਮੁਲਤਾਨ ਅਤੇ ਸਿਆਲਕੋਟ ਤੋਂ ਕੁਝ ਗਿਰੋਹ ਗ੍ਰਿਫ਼ਤਾਰ ਕੀਤੇ ਗਏ ਹਨ, ਜਿਹੜੇ ਲੋਕਾਂ ਨੂੰ ਉਮਰਾ ਦੇ ਬਹਾਨੇ ਸਾਊਦੀ ਅਰਬ ਲੈ ਜਾਂਦੇ ਹਨ ਅਤੇ ਹੁਣ ਤੱਕ 37 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

‘ਪਹਿਲੀ ਵਾਰ ਸਾਊਦੀ ਅਰਬ ਜਾ ਰਿਹਾਂ’

ਬੀਬੀਸੀ

ਤਸਵੀਰ ਸਰੋਤ, BBC

ਨਸਰੀਨ ਬੀਬੀ ਦੇ ਭਰਾ ਆਰਿਫ ਅਤੇ ਚਾਚਾ ਅਸਲਮ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉਮਰਾ ਕਰਨ ਦੇ ਬਹਾਨੇ ਪਹਿਲੀ ਵਾਰੀ ਭੀਖ਼ ਮੰਗਣ ਸਾਊਦੀ ਅਰਬ ਜਾ ਰਹੇ ਹਨ। ਮਾਜਿਦ ਅਲੀ ਦੇ ਮੁਤਾਬਕ ਉਨ੍ਹਾਂ ਦਾ ਪੂਰਾ ਪਰਿਵਾਰ ਭੀਖ਼ ਮੰਗਦਾ ਹੈ ਅਤੇ ਇਹੀ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ।

“ਅਸੀਂ ਏਜੰਟ ਨੂੰ ਇੱਕ ਵਿਅਕਤੀ ਪਿੱਛੇ 2,30,000 ਰੁਪਏ ਦਿੱਤੇ, ਜਿਸ ਦੇ ਬਦਲੇ ਵਿੱਚ ਉਨ੍ਹਾਂ ਨੇ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਦਿੱਤਾ।”

“ਪਹਿਲਾਂ ਮੈਂ ਬਾਂਦਰ ਬਣਕੇ ਭੀਖ਼ ਮੰਗਦਾ ਸੀ ਪਰ ਉਸ ਤੋਂ ਬਾਅਦ ਮੈਂ ਈਰਾਨ ਵੀ ਭੀਖ਼ ਮੰਗਣ ਦੇ ਲਈ ਚਲਾ ਗਿਆ।”

ਆਰਿਫ਼ ਦੇ ਮੁਤਾਬਕ ਉਹ ਈਰਾਨ ਅਤੇ ਈਰਾਕ ਵਿੱਚ ਪੈਸੇ ਖਰਚ ਕੇ ਇੱਕ ਵਿਅਕਤੀ ਤੋਂ 30 ਹਜ਼ਾਰ ਦੇ ਕਰੀਬ ਕਮਾਈ ਕਰਦੇ ਸਨ।

ਆਰਿਫ ਨੇ ਦੱਸਿਆ ਕਿ ਉਹ ਈਰਾਨ, ਈਰਾਕ ਅਤੇ ਸਾਊਦੀ ਅਰਬ ਵਿੱਚ ਜਾ ਕੇ ਲੋਕਾਂ ਕੋਲੋਂ ਕਦੇ ਗੂੰਗਾ ਬਣਕੇ ਅਤੇ ਹੱਥ ਨਾਲ ਰੋਟੀ ਖਾਣ ਦਾ ਇਸ਼ਾਰਾ ਕਰਕੇ ਭੀਖ਼ ਮੰਗਦਾ ਸੀ।

ਆਰਿਫ਼ ਦਾ ਕਹਿਣਾ ਹੈ ਕਿ ‘ਏਦਾਂ ਤੀਰਥਯਾਤਰਾ ਵੀ ਹੋ ਗਈ ਅਤੇ ਪੈਸਾ ਵੀ ਬਣ ਗਿਆ।’

ਗ੍ਰਿਫ਼ਤਾਰ ਕੀਤੇ ਗਏ ਲੋਕ ਸਾਊਦੀ ਅਰਬ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਬਾਰੇ ਦੱਸਣ ਦੇ ਇਛੁੱਕ ਨਹੀਂ ਸਨ।

ਪਰ ਐੱਫਆਈਏ ਦੇ ਮੁਤਾਬਕ, “ਐੱਫਆਈਏ ਦੇ ਲੋਕ ਸਾਊਦੀ ਅਰਬ ਵਿੱਚ ਰਿਹਾਇਸ਼ ਅਤੇ ਹੋਰ ਸੁਵਿਧਾਵਾਂ ਦੇਣ ਵਾਲੇ ਲੋਕਾਂ ਦੇ ਖ਼ਿਲਾਫ਼ ਹਨ।”

ਅਧਿਕਾਰੀਆਂ ਦਾ ਕੀ ਕਹਿਣਾ ਹੈ ?

ਬੀਬੀਸੀ ਨਾਲ ਗੱਲ ਕਰਦੇ ਹੋਏ, ਡਿਪਟੀ ਡਾਇਰੈਕਟਰ ਐਂਟੀ ਹਿਊਮਨ ਸਰਕਲ ਮੁਹੰਮਦ ਰਿਆਜ਼ ਖਾਨ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੇ ਮੁਤਾਬਕ ਵਿਦੇਸ਼ਾਂ ਵਿੱਚ ਭੀਖ਼ ਮੰਗਣੀ ਇੱਕ ਸੰਗਠਿਤ ਅਪਰਾਧ ਬਣ ਗਿਆ ਹੈ, ਜਿਸ ਵਿੱਚ ਪਾਕਿਸਤਾਨ ਅਤੇ ਵਿਦੇਸ਼ਾਂ ਦੇ ਵੱਖ-ਵੱਖ ਸਮੂਹ ਸ਼ਾਮਲ ਹਨ।

ਐੱਫਆਈਏ ਦੇ ਡਿਪਟੀ ਡਾਇਰੈਕਟਰ ਦੇ ਮੁਤਾਬਕ, “ਇਸ ਕੇਸ ਵਿੱਚ ਵੀ ਚਾਰਾਂ ਮੁਲਜ਼ਮਾਂ ਅਤੇ ਏਜੰਟ ਦੇ ਵਿੱਚ ਇਹ ਸਮਝੌਤਾ ਹੋਇਆ ਸੀ ਕਿ ਉਨ੍ਹਾਂ ਦੀ ਕਮਾਈ ਦਾ ਅੱਧਾ ਹਿੱਸਾ ਏਜੰਟ ਕੋਲ ਜਾਵੇਗਾ ਜਿਸਨੇ ਉਨ੍ਹਾਂ ਦੀ ਯਾਤਰਾ ਲਈ ਦਸਤਾਵੇਜ਼ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰਿਹਾਇਸ਼ ਅਤੇ ਹੋਰ ਲੋੜਾਂ ਪੂਰੀਆਂ ਕਰਨ ਦਾ ਵੀ ਪ੍ਰਬੰਧ ਕੀਤਤਾ।

'ਇੱਥੇ ਰੁਪਏ ਮਿਲਦੇ ਹਨ ਉੱਥੇ ਰਿਆਲ ਮਿਲਣਗੇ'

ਇੱਕ ਏਜੰਟ, ਜੋ ਸੋਸ਼ਲ ਮੀਡੀਆ ਉੱਤੇ ਇਕ ਮੰਗਤਿਆਂ ਨੂੰ ਉਮਰਾ ਦੇ ਨਾਂਅ ਉੱਤੇ ਸਾਊਦੀ ਅਰਬ ਲੈ ਕੇ ਜਾਣ ਬਾਰੇ ਇੱਕ ਪੇਜ ਚਲਾਉਂਦੇ ਹਨ, ਨੇ ਬੀਬੀਸੀ ਨੂੰ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਕਿ, “ਇੱਥੇ ਤੁਹਾਨੂੰ ਰੁਪਏ ਮਿਲਦੇ ਹਨ ਅਤੇ ਸਾਊਦੀ ਅਰਬ ਵਿੱਚ ਤੁਹਾਨੂੰ ਰਿਆਲ ਮਿਲਦੇ ਹਨ, ਇਨ੍ਹਾਂ ਵਿੱਚ ਧਰਤੀ ਅਤੇ ਅਸਮਾਨ ਜਿੰਨਾ ਫ਼ਰਕ ਹੈ।”

ਉਨ੍ਹਾਂ ਕਿਹਾ ਕਿ, “ਮੈਂ ਲੋਕਾਂ ਨੂੰ ਮਜ਼ਦੂਰੀ ਅਤੇ ਉਮਰਾ ਦੇ ਨਾਂਅ ਉੱਤੇ ਸਾਊਦੀ ਅਰਬ ਲੈ ਕੇ ਜਾਂਦਾ ਰਿਹਾ ਹਾਂ, ਕਦੇ 16 ਜਣੇ ਹੁੰਦੇ ਹਨ ਅਤੇ ਕਦੇ 25, ਮੈਂ ਇਹ ਪਿਛਲੇ ਪੰਜ ਮਹੀਨਿਆਂ ਤੋਂ ਕਰਦਾ ਆ ਰਿਹਾ ਹਾਂ।

ਪਾਕਿਸਤਾਨ ਵਿੱਚ ਕੰਮ ਕਰਦੇ ਹੋਰ ਏਜੰਟਾਂ ਵਾਂਗ ਇਹ ਏਜੰਟ ਵੀ ਫੇਸਬੁੱਕ ਅਤੇ ਵੱਟਸਐਪ ਰਾਹੀਂ ਆਪਣਾ ਕੰਮ ਚਲਾਉਂਦਾ ਹੈ ਅਤੇ ਲੋਕਾਂ ਨੂੰ ਸਾਰੀ ਸੂਚਨਾ ਵੱਟਸਐਪ ਰਾਹੀਂ ਪਹੁੰਚਾਉਂਦਾ ਹੈ।

ਇਨ੍ਹਾਂ ਦਾ ਕੰਮ ਏਦਾਂ ਚੱਲਦਾ ਹੈ ਕਿ ਪਾਕਿਸਤਾਨ ਤੋਂ ਬਹੁਤ ਲੋਕ ਇਨ੍ਹਾਂ ਏਜੰਟਾਂ ਨਾਲ ਮਜ਼ਦੂਰੀ ਕਰਨ ਲਈ ਸੰਪਰਕ ਖਰਏ ਹਨ, ਜਿਹੜੇ ਕਿਸੇ ਕੰਮ ਲਈ ਨਹੀਂ ਜਾਂਦੇ, ਏਜੰਟ ਉਨ੍ਹਾਂ ਨੂੰ ਭੀਖ਼ ਮੰਗਤਾ ਬਣਨ ਦੀ ਪੇਸ਼ਕਸ਼ ਕਰਦੇ ਹਨ।

ਏਜੰਟ ਨੇ ਕਿਹਾ ਕਿ ਪਾਕਿਸਤਾਨ ਤੋਂ ਹਰ ਕੋਈ ਕੰਮ ਲਈ ਨਹੀਂ ਜਾਂਦਾ, ਇਸ ਲਈ ਉਨ੍ਹਾਂ ਨੂੰ ਕੁਝ ਹੋਰ ਪੇਸ਼ ਕਰਨਾ ਪੈਂਦਾ ਹੈ।

ਔਰਤਾਂ ਅਤੇ ਬੱਚਿਆਂ ਦਾ ਇਸ ਸਮੂਹ ਦਾ ਹਿੱਸਾ ਬਣਨਾ ਜ਼ਰੂਰੀ ਹੁੰਦਾ ਤਾਂ ਕਿ ਉਨ੍ਹਾਂ ਨੂੰ ਪਹਿਲਾਂ ਉਮਰ ਜਾਂ ਤੀਰਥਯਾਤਰਾ ਦੇ ਲਈ ਵੀਜ਼ਾ ਮਿਲ ਸਕੇ ਅਤੇ ਫਿਰ ਉਨ੍ਹਾਂ ਨੂੰ ਮੱਕੇ ਵਿੱਚ ਅਤੇ ਹੋਰ ਧਾਰਮਿਕ ਥਾਵਾਂ ਉੱਤੇ ਬਿਠਾਇਆ ਜਾ ਸਕੇ।

ਪਾਕਿਸਤਾਨੀ ਮੰਗਤਿਆਂ ਬਾਰੇ ਕਿਵੇਂ ਪਤਾ ਲੱਗਾ

ਪਾਕਿਸਤਾਨ ਮੰਗਤੇ

ਤਸਵੀਰ ਸਰੋਤ, Getty Images

ਬੀਬੀਸੀ ਦੇ ਕੋਲ ਉਹ ਅਧਿਕਾਰਤ ਦਸਤਾਵੇਜ਼ ਹਨ ਜਿਹੜੇ ਸਾਊਦੀ ਅਰਬ ਦੀ ਸਰਕਾਰ ਇਸ ਮਹੱਤਵਪੂਰਨ ਮੁੱਦੇ ਉੱਤੇ ਪਾਕਿਸਤਾਨ ਦੀ ਸਰਕਾਰ ਨਾਲ ਸਾਂਝੇ ਕੀਤੇ ਸੀ।

ਬੀਬੀਸੀ ਕੋਲ ਮੌਜੂਦ ਦਸਤਾਵੇਜ਼ਾਂ ਦੇ ਅਨੁਸਾਰ, 16 ਜੂਨ 2023 ਨੂੰ ਸਾਊਦੀ ਅਰਬ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਾਊਦੀ ਅਰਬ ਵਿੱਚ ਭੀਖ਼ ਮੰਗਣ, ਵੇਸ਼ਵਾਗਮਨੀ, ਨਸ਼ੀਲੀਆਂ ਵਸਤਾਂ ਦੀ ਤਸਕਰੀ ਅਤੇ ਜਾਅਲੀ ਦਸਤਾਵੇਜ਼ ਬਣਾਉਣ ਜਿਹੇ ਵੱਧਦੇ ਅਪਰਾਧਾਂ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਬਾਰੇ ਲਿਖਤ ਵਿੱਚ ਸੂਚਿਤ ਕੀਤਾ।

ਬੀਬੀਸੀ ਦੇ ਅਨੁਸਾਰ, ਸਾਊਦੀ ਅਰਬ ਤੋਂ ਇੱਕ ਰਸਮੀ ਸ਼ਿਕਾਇਤ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਇੰਟੀਰੀਅਰ ਮੰਤਰਾਲੇ ਅਤੇ ਐੱਫਆਈਏ ਸਮੇਤ ਉਨ੍ਹਾਂ ਦੀਆਂ ਸਹਾਇਕ ਕੰਪਨੀਆਂ ਨੂੰ ਇਹ ਹੁਕਮ ਜਾਰੀ ਕੀਤੇ, ਜਿਸ ਮਗਰੋਂ ਸਾਊਦੀ ਅਰਬ ਦੇ ਨਾਲ ਐੱਫਆਈਏ ਨੇ ਪਾਕਿਸਤਾਨ ਤੋਂ ਮੱਧਪੂਰਬ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਦੀ ਹਵਾਈ ਅੱਡੇ ਉੱਤੇ ਪ੍ਰੋਫਾਈਲਿੰਗ ਸ਼ੁਰੂ ਕਰ ਦਿੱਤੀ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਜੁਲਫਿਕਾਰ ਹੈਦਰ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਾਊਦੀ ਅਰਬ, ਈਰਾ, ਅਤੇ ਈਰਾਨ ਨੇ ਇਸਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਇਹ ਜਾਣਕਾਰੀ ਇੱਕ ਰਿਪੋਰਟ ਦੇ ਤੌਰ ਉੱਤੇ ਪੇਸ਼ ਕੀਤੀ ਗਈ।

ਉਨ੍ਹਾਂ ਨੇ ਕਿਹਾ,‘ਉਦੋਂ ਐੱਫਆਈਏ ਨੁੰ ਕਾਰਵਾਈ ਵਿੱਚ ਲਾਉਣਾ ਪਿਆ, ਜਿਵੇਂ ਤੁਹਾਨੂੰ ਪਤਾ ਹੈ ਕਿ ਐੱਫਆਈਏ ਵਰਤਮਾਨ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਕਾਰਜ ਕਰ ਰਹੀ ਹੈ ਅਤੇ ਇਸ ਬਾਰੇ ਜੋ ਵੀ ਜਾਣਕਾਰੀ ਹੈ ਉਹ ਤੁਹਾਡੇ ਤੱਕ ਪਹੁੰਚਾ ਰਹੀ ਹੈ।

ਸਮਾਨ ਵਿੱਚ ਭੀਖ਼ ਮੰਗਣ ਦੇ ਬਾਟੇ ਵੀ ਮਿਲੇ

ਐੱਫਆਈਏ ਦੇ ਡਿਪਟੀ ਡਾਇਰੈਕਟਰ ਖਵਾਜਾ ਹਮਦ-ਅਲ-ਰਹਿਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਸੈਨਟ ਦੀ ਸਥਾਈ ਕਮੇਟੀ ਵਿੱਚ ਪ੍ਰਵਾਸੀ ਪਾਕਿਸਤਾਨੀਆਂ ਦੇ ਮੰਤਰਾਲੇ ਦੇ ਸਕੱਤਰ ਦੇ ਖ਼ੁਲਾਸੇ ਤੋਂ ਬਾਅਦ ਯਾਤਰੀਆਂ ਦੀ ਪ੍ਰੋਫਾਈਲਿੰਗ ਸ਼ੁਰੂ ਕਰ ਦਿੱਤੀ ਸੀ।

ਖਵਾਜਾ ਹਮਦ-ਅਲ-ਰਹਿਮਾਨ ਨੇ ਬੀਬੀਸੀ ਨੂੰ ਦੱਸਿਆ ਕਿ, ‘ਪ੍ਰੋਫਾਈਲਿੰਗ ਦਾ ਮਤਲਬ ਹੈ ਕਿ ਯਾਤਰੀਆਂ ਦੇ ਉਦੇਸ਼ਾਂ ਦੀ ਜਾਂਚ ਕਰਨਾ, ਜੇਕਰ ਕੋਈ ਯਾਤਰੀ ਉਮਰਾ ਦੇ ਲਈ ਸਾਊਦੀ ਅਰਬ ਜਾਣਾ ਚਾਹੁੰਦਾ ਹੈ ਤਾਂ ਕੀ ਉਨ੍ਹਾ ਦੀ ‘ਵਿੱਤੀ ਸਥਿਤੀ’ ਇਸਦੇ ਮੁਤਾਬਕ ਹੈ।

ਪ੍ਰੋਫਾਈਲਿੰਗ ਦੀ ਪ੍ਰਕਿਰਿਆ ਦੇ ਦੌਰਾਨ ਹੋਟਲ ਬੁਕਿੰਗ, ਵਾਪਸੀ ਦੀ ਟਿਕਟਾਂ ਦੀ ਉਪਲਬੱਧਤਾ ਅਤੇ ਯਾਤਰੀਆਂ ਦੇ ਕੋਲ ਨਕਦੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਯਾਤਰੀ ਉਮਰਾ ਦੇ ਲਈ ਯਾਤਰਾ ਕਰ ਰਹੇ ਹਨ ਜਾਂ ਕਿਸੇ ਹੋਰ ਮੰਤਵ ਦੇ ਲਈ।

ਇੱਕ ਸਵਾਲ ਦੇ ਜਵਾਬ ਵਿੱਚ ਖਵਾਜਾ ਹਮਾਦੁਰ ਰਹਿਮਾਨ ਨੇ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਦੇ ਲਈ ਕੁਝ ਸਾਲ ਪਹਿਲਾਂ ਤੱਕ ਯੂਰਪ ਅਤੇ ਹੋਰ ਦੇਸਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਪ੍ਰੋਫਾਈਲਿੰਗ ਕੀਤੀ ਜਾਂਦੀ ਸੀ, ਪਰ ਫਿਰ ਸ਼ਿਕਾਇਤਾਂ ਦੇ ਕਾਰਨ ਹਵਾਈ ਅੱਡਿਆਂ ਉੱਤੇ ਪ੍ਰੋਫਾਈਲਿੰਗ ਦੀ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ।

ਸਾਊਦੀ ਅਰਬ ਵਿੱਚ ਭਿਖਾਰੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੁਣ ਇਸ ਨੂੰ ਫਿਰ ਸ਼ੁਰੂ ਕੀਤਾ ਗਿਆ ਹੈ।

ਪ੍ਰੋਫਾਈਲਿੰਗ ਦੀ ਸਹਾਇਤਾ ਨਾਲ ਐਫਆਈਏ ਨੂੰ ਪਹਿਲੀ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਔਰਤਾਂ ਸਮੇਤ 16 ਲੋਕਾਂ ਦਾ ਇੱਕ ਸਮੂਹ ਸਾਊਦੀ ਅਰਬ ਜਾਣ ਦੇ ਇਰਾਦੇ ਨਾਲ 29 ਸਤੰਬਰ 2023 ਨੂੰ ਮੁਲਤਾਨ ਹਵਾਈ ਅੱਡੇ ਉੱਤੇ ਪਹੁੰਚਿਆ।

ਨਵੇਂ ਹੁਕਮਾਂ ਮੁਤਾਬਕ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਾਕੀ ਯਾਤਰੀਆਂ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ, ਖਵਾਜਾ ਹਮਦ ਅਲ-ਰਹਿਮਾਨ ਦੇ ਮੁਤਾਬਕ, ਸ਼ੁਰੂਆਤੀ ਜਾਂਚ ਵਿੱਚ ਜਦੋਂ ਉਨ੍ਹਾਂ ਦੀ ਪੋਫਾਈਲਿੰਗ ਕੀਤੀ ਗਈ ਤਾਂ ਉਹ ਸਾਰੇ ਭਿਖਾਰੀ ਨਿਕਲੇ।

ਉਨ੍ਹਾਂ ਦੇ ਕੋਲ ਨਾ ਤਾਂ ਹੋਟਲ ਦੀ ਬੁਕਿੰਗ ਸੀ ਨਾ ਹੀ ਪੈਸੇ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਅਜਿਹੀ ਨਹੀਂ ਸੀ ਕਿ ਉਹ ਉਮਰਾ ਦੇ ਲਈ ਲਈ ਸਾਊਦੀ ਅਰਬ ਜਾਂਦੇ। ਜਦੋਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਬੈਗ ਵਿੱਚੋਂ ਭੀਖ ਮੰਗਣ ਦੇ ਕਟੋਰੇ ਬਰਾਮਦ ਹੋਏ।

ਖਵਾਜਾ ਹਮਦ ਅਲ-ਰਹਿਮਾਨ ਦੇ ਮੁਤਬਕ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਜਿਹੜੇ ਲੋਕ ਭੀਖ ਦੇ ਮੰਤਵ ਨਾਲ ਭੀਖ ਮੰਗਣ ਜਾਂਦੇ ਹਨ, “ਉਨ੍ਹਾਂ ਨੂੰ ਸਾਊਦੀ ਅਰਬ ਵਿੱਚ ਨੋਰੋ ਨਾਂ ਦੇ ਏਜੰਟ ਤੋਂ ਮਦਦ ਮਿਲਦੀ ਸੀ।

ਐੱਫਆਈਏ ਦੇ ਇੱਕ ਵੱਡੇ ਅਫ਼ਸਰ ਦੇ ਮੁਤਾਬਕ, “ਸੌਦੇ ਦੇ ਤਹਿਤ, ਰੋਜ਼ ਦੇ ਭੱਤੇ ਦਾ ਹਿਸਾਬ ਲਾਇਆ ਜਾਂਦਾ ਸੀ ਅਤੇ ਕਮਾਈ ਦਾ ਅੱਧਾ ਹਿੱਸਾ ਉਸੇ ਦਿਨ ਵੰਡਿਆ ਜਾਣਾ ਹੁੰਦਾ ਸੀ।”

ਮੁਲਤਾਨ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੀ ਸਥਿਤੀ ਹੈ?

ਪਾਕਿਸਤਾਨ ਮੰਗਤੇ

ਤਸਵੀਰ ਸਰੋਤ, Getty Images

ਮੁਲਤਾਨ ਹਵਾਈ ਅੱਡੇ ਉੱਤੇ ਗ੍ਰਿਫ਼ਤਾਰ ਕੀਤੇ ਗਏ ਗਏ ਲੋਕਾਂ ਵਿੱਚ ਲੋਧਰਾਨ ਦਾ ਸ਼ਕੀਲ ਵੀ ਸ਼ਾਮਲ ਸੀ ਜੋ ਆਪਣੀਆਂ ਦੋ ਪਤਨੀਆਂ ਦੇ ਨਾਲ ਸਾਊਦੀ ਅਰਬ ਜਾ ਰਿਹਾ ਸੀ।

ਮੁਲਤਾਨ ਦੀ ਇੱਕ ਸਥਾਨਕ ਅਦਾਲਤ ਦੇ ਬਾਹਰ ਬੀਬੀਸੀ ਨਾਲ ਗੱਲ ਕਰਦੇ ਹੋਏ ਸ਼ਕੀਲ ਨੇ ਕਿਹਾ ਕਿ ਉਹ ਸਾਈਕਲ ਉੱਤੇ ਚਾਦਰਾਂ ਵੇਚਦਾ ਹੈ।

ਉਨ੍ਹਾਂ ਦੇ ਮੁਤਾਬਕ, ਉਮਰਾ ਦੇ ਲਈ ਸਾਊਦੀ ਅਰਬ ਜਾਣ ਦਾ ਖ਼ਿਆਲ ਉਦੋਂ ੳਨ੍ਹਾ ਦੇ ਦੋਸਤ ਤੋਂ ਆਇਆ ਜਿਹੜਾ ਉਨ੍ਹਾਂ ਦੇ ਨਾਲ ਘੁੰਮਦਾ ਸੀ।

ਮੁਹੰਮਦ ਇਮਰਾਨ ਦੇ ਮੁਤਾਬਕ ਤਿੰਨਾਂ ਲੋਕਾਂ ਦਾ ਸੌਦਾ ਤਿੰਨ ਲੱਖ ਰੁਪਏ ਵਿੱਚ ਹੋਇਆ ਅਤੇ ਦੋਸਤ ਨੇ ਵੀਜ਼ਾ ਅਤੇ ਟਿਕਟ ਦੇ ਲਈ ਏਜੰਟ ਨਾਲ ਮਿਲਵਾਇਆ ਸੀ।

ਲਾਹੌਰ ਕੈਂਟ ਦੇ ਇਸਮਾਈਲ ਟਾਊਨ ਇਲਾਕੇ ਦੀਆਂ ਚਾਰ ਔਰਤਾਂ ਨੂੰ ਸ਼ੁਰੂ ਵਿੱਚ ਮੁਲਤਾਨ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਉਨ੍ਹਾਂ ਦੇ ਖਿਲਾਫ਼ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਨ੍ਹਾਂ ਵਿੱਚ ਸ਼ਕੀਲਾ ਬੀਬੀ ਉਨ੍ਹਾਂ ਦੀ ਭਤੀਜੀ ਅਤੇ ਬੇਟੀ ਵੀ ਸ਼ਾਮਲ ਹਨ, ਅਤੇ ਕੱਲ ਇਸ ਸਮੂਹ ਵਿੱਚ ਉਨ੍ਹਾਂ ਦੇ ਸੱਤ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਸਨ। ਇਹ ਸੱਤ ਵਿਅਕਤੀ ਲਾਹੌਰ ਲੌਰੀ ਬੇਸ ਤੋਂ 27 ਸਤੰਬਰ ਨੂੰ ਮੁਲਤਾਨ ਪਹੁੰਚੇ।

ਬੀਬੀਸੀ ਲਾਹੌਰ ਦੇ ਇਸਮਾਈਲ ਟਾਊਨ ਪਹੁੰਚਿਆ।ਸ਼ਕੀਲਾ ਬੀਬੀ ਟੁੱਟੀਆਂ ਹੋਈਆਂ ਗਲੀਆਂ ਵਾਲੇ ਇਲਾਕੇ ਵਿੱਚ ਬਣੇ ਇੱਕ ਮੰਜ਼ਿਲਾ ਘਰ ਵਿੱਚ ਇੱਕ ਮੰਜੀ ਉੱਤੇ ਬੈਠੇ ਸਨ। ਉਨ੍ਹਾਂ ਦੀ ਇੱਕ ਰਿਸ਼ਤੇਦਾਰ ਅਤੇ ਬੇਟੀ ਵੀ ਉੱਥੇ ਮੌਜੂਦ ਸੀ।

ਬੀਬੀਸੀ ਨਾਲ ਗੱਲ ਕਰਦਿਆਂ, ਸ਼ਕੀਲਾ ਬੀਬੀ ਨੇ ਇਹ ਦਾਅਵਾ ਕੀਤਾ ਕਿ ਉਹ ਸਾਊਦੀ ਅਰਬ ਵਿੱਚ ਉਮਰਾ ਲਈ ਜਾ ਰਹੇ ਸਨ ਨਾ ਕਿ ਭੀਖ ਮੰਗਣ ਲਈ।

ਸ਼ਕੀਲਾ ਬੀਬੀ ਦੇ ਮੁਤਾਬਕ, ਮੰਗਣ ਵਾਲੇ ਬਾਟੇ ਉਨ੍ਹਾਂ ਦੇ ਸਮਾਨ ਵਿੱਚੋਂ ਨਹੀਂ ਮਿਲੇ ਬਲਕਿ ਹੋਰ ਔਰਤਾਂ ਦੇ ਸਮਾਨ ਵਿੱਚੋਂ ਮਿਲੇ ਸਨ।

ਸ਼ਕੀਲਾ ਬੀਬੀ ਮੁਤਾਬਕ, ਉਨ੍ਹਾਂ ਦੇ ਪਤੀ ਅਤੇ ਤਿੰਨ ਬੇਟੇ ਬਦਾਮੀ ਬਾਗ਼ ਸਬਜ਼ੀ ਮੰਡੀ ਵਿੱਚ ਛਾਬੜੀ ਵੇਚਣ ਦਾ ਕੰਮ ਕਰਦੇ ਹਨ, ਅਤੇ ਉਹ ਬਹੁਤ ਔਖਿਆਈ ਨਾਲ ਪੈਸੇ ਜੋੜੇ ਸਨ।

ਉਨ੍ਹਾਂ ਨੇ ਦੱਸਿਆ ਕਿ ਏਅਰਪੋਰਟ ਉੱਤੇ ‘ਬੋਰਡਿੰਗ ਪਾਸ ਜਾਰੀ ਹੋ ਚੁੱਕਾ ਸੀ ਅਤੇ ਸਮਾਨ ਵੀ ਜਾ ਚੁੱਕਾ ਸੀ, ਪਰ ਅਚਾਨਕ ਉਨ੍ਹਾਂ ਨੂੰ ਐੱਫਆਈਏ ਨੇ ਰੋਕ ਲਿਆ।

“ਜਦੋਂ ਅਸੀਂ ਇਮੀਗ੍ਰੇਸ਼ਨ ‘ਤੇ ਸੀ ਤਾਂ ਐੱਫਆਈਏ ਨੇ ਕੁਝ ਲੋਕਾਂ ਨੂੰ ਰੋਕਿਆ ਅਤੇ ਫੇਰ ਸਾਡੀ ਵਾਰੀ ਸੀ।”

ਜਦੋਂ ਅਸੀਂ ਉਸਨੂੰ ਪੁੱਛਿਆ ਕਿ ਕਿਉਂ ਉਨ੍ਹਾਂ ਦੇ ਪਤੀ ਅਤੇ ਬੱਚੇ ਉਮਰਾ ਦੇ ਲਈ ਉਨ੍ਹਾਂ ਦੇ ਨਾਲ ਨਹੀਂ ਜਾ ਰਹੇ ਸਨ। ਪ੍ਰਵੀਨ ਬੀਬੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਬੱਚੇ ਚਾਹੁੰਦੇ ਹਨ ਕਿ ਉਹ ਉਮਰਾ ਕਰਨ।

ਦੂਜੇ ਪਾਸੇ, ਇਸਮਾਈਲ ਟਾਊਨ ਵਿੱਚ ਸਥਾਨਕ ਦੁਕਾਨਦਾਰ ਨੇ ਬੀਬੀਸੀ ਨੂੰ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਇਸ ਬਸਤੀ ਵਿੱਚ ਰਹਿਣ ਵਾਲੇ ਮਰਦ ਅਤੇ ਔਰਤਾਂ ਲਾਹੌਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਜਾ ਕੇ ਭੀਖ਼ ਮੰਗਦੇ ਹਨ।

ਨੋਟ – ਇਸ ਲੇਖ ਵਿੱਚ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਦੇ ਨਾਂਅ ਬਦਲ ਦਿੱਤੇ ਗਏ ਹਨ ਅਤੇ ਫਰਜ਼ੀ ਨਾਵਾਂ ਦੀ ਵਰਤੋਂ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)