ਪਾਕਿਸਤਾਨ ਪਨਾਹ ਲੈਣ ਪਹੁੰਚੇ ਦੋ ਭਾਰਤੀ: ‘ਗੋਲੀ ਮਾਰ ਦਿਓ ਪਰ ਵਾਪਸ ਨਹੀਂ ਜਾਣਾ’ – ਜਾਣੋ ਪੂਰੀ ਕਹਾਣੀ

ਪਾਕਿਸਤਾਨ

ਤਸਵੀਰ ਸਰੋਤ, SHUMAILA KHAN

ਤਸਵੀਰ ਕੈਪਸ਼ਨ, ਖੱਬੇ ਇਸਹਾਕ ਅਮੀਰ ਅਤੇ ਸੱਜੇ ਉਨ੍ਹਾਂ ਦੇ ਪਿਤਾ ਮੁਹੰਮਦ ਹਸਨੈਨ
    • ਲੇਖਕ, ਨਿਆਜ਼ ਫ਼ਾਰੂਕੀ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਉਰਦੂ ਪੱਤਰਕਾਰ

ਭਾਰਤ ਤੋਂ ਇੱਕ ਸਿਆਸੀ ਅਤੇ ਸਮਾਜਿਕ ਕਾਰਕੁਨ ਮੁਹੰਮਦ ਹਸਨੈਨ ਇਸ ਹਫ਼ਤੇ ਆਪਣੇ ਪੁੱਤ ਇਸਹਾਕ ਅਮੀਰ ਦੇ ਨਾਲ ਪਾਕਿਸਤਾਨ ਵਿੱਚ ਪਨਾਹ ਲੈਣ ਲਈ ਪਹੁੰਚੇ ਹਨ। ਉਹ ਗ਼ੈਰ-ਕਾਨੂੰਨੀ ਤੌਰ ’ਤੇ ਅਫ਼ਗਾਨਿਸਤਾਨ ਦੇ ਰਾਹ ਕਰਾਚੀ ਪਹੁੰਚੇ ਹਨ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਭਾਰਤ ਵਿੱਚ ਉਨ੍ਹਾਂ ਨੂੰ ‘ਧਾਰਮਿਕ ਨਫ਼ਰਤ ਅਤੇ ਤਸ਼ਦੱਦ’ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹ ਵਾਪਸ ਜਾਣ ਦੀ ਥਾਂ ਪਾਕਿਸਤਾਨ ਵਿੱਚ ‘ਮਰਨ ਜਾਂ ਜੇਲ੍ਹ ’ਚ ਰਹਿਣਾ ਪਸੰਦ ਕਰਨਗੇ।’

ਇਹ ਦੋਵੇਂ ਭਾਰਤੀ ਨਾਗਰਿਕ ਕਰਾਚੀ ਦੇ ਇਲਾਕੇ ਅੰਚੌਲੀ ’ਚ ਈਧੀ ਹੋਮ ਵਿੱਚ ਰਹਿ ਰਹੇ ਹਨ। ਉਨ੍ਹਾਂ ਉੱਤੇ ਈਧੀ ਹੋਮ ਤੋਂ ਨਿਕਲਣ ’ਤੇ ਪਾਬੰਦੀ ਹੈ ਅਤੇ ਦੋ ਪੁਲਿਸ ਅਧਿਕਾਰੀ ਉਨ੍ਹਾਂ ਦੀ ਨਿਗਰਾਨੀ ਲਈ ਲਗਾਏ ਗਏ ਹਨ।

66 ਸਾਲ ਦੇ ਮੁਹੰਮਦ ਹਸਨੈਨ ਅਤੇ 31 ਸਾਲ ਦੇ ਇਸਹਾਕ ਅਮੀਰ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਕਿ ਉਹ ਇਸ ਸਾਲ ਪੰਜ ਸਤੰਬਰ ਨੂੰ ਦਿੱਲੀ ਤੋਂ ਆਬੂ ਧਾਬੀ ਗਏ ਸਨ ਜਿੱਥੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦਾ ਵੀਜ਼ਾ ਲਗਵਾਇਆ।

ਉਹ ਕਾਬੁਲ ਪਹੁੰਚੇ ਅਤੇ ਉੱਥੋਂ ਕੰਧਾਰ ਵਿੱਚ ਸਪਿਨ ਬੋਲਡਕ ’ਚ ਕੁਝ ਲੋਕਾਂ ਨੇ ਪੈਸੇ ਲੈ ਕੇ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤੌਰ ਉੱਤੇ ਪਾਕਿਸਤਾਨ ਦੇ ਸਰਹੱਦੀ ਖ਼ੇਤਰ ਚਮਨ ਵਿੱਚ ਦਾਖ਼ਲ ਹੋਣ ’ਚ ਮਦਦ ਕੀਤੀ।

ਮੁਹੰਮਦ ਹਸਨੈਨ ਨੇ ਦੱਸਿਆ, ‘‘ਚਮਨ ਤੋਂ ਅਸੀਂ ਕੁਏਟਾ ਲਈ 10 ਹਜ਼ਾਰ ਰੁਪਏ ਵਿੱਚ ਟੈਕਸੀ ਲਈ ਅਤੇ ਉਸੇ ਟੈਕਸੀ ਨੂੰ 50 ਹਜ਼ਾਰ ਰੁਪਏ ਦੇ ਕੇ ਅਸੀਂ ਕੁਏਟਾ ਤੋਂ ਕਰਾਚੀ ਪਹੁੰਚੇ।’’

ਉਨ੍ਹਾਂ ਮੁਤਾਬਕ, ‘‘ਹੋਟਲ ਵਿੱਚ ਰਹਿਣ ਦੀ ਥਾਂ ਨਾ ਮਿਲੀ ਤਾਂ ਖ਼ੁਦ ਪੁਲਿਸ ਅਫ਼ਸਰਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਆਪਣੀ ਕਹਾਣੀ ਦੱਸੀ ਅਤੇ ਕਿਹਾ ਕਿ ਸਰਹੱਦ ਪਾਰ ਕਰਨ ਦੇ ਮੁਲਜ਼ਮ ਹਾਂ ਅਤੇ ਪਨਾਹ ਚਾਹੁੰਦੇ ਹਾਂ। ਫ਼ਿਰ ਪੁਲਿਸ ਨੇ ਖ਼ੁਦ ਉਨ੍ਹਾਂ ਨੂੰ ਈਧੀ ਸੈਂਟਰ ਪਹੁੰਚਾ ਦਿੱਤਾ।’’

ਮੁਹੰਮਦ ਹਸਨੈਨ ਨੇ ਦੱਸਿਆ ਕਿ ਭਾਰਤ ਵਿੱਚ ਉਹ ਪੱਤਰਕਾਰੀ ਦੇ ਪੇਸ਼ ਨਾਲ ਜੁੜੇ ਸਨ ਅਤੇ ਦਿੱਲੀ ਤੋਂ ਅੱਠ ਸਫ਼ਿਆਂ ਦਾ ਇੱਕ ਹਫ਼ਤਾਵਰੀ ਅਖ਼ਬਾਰ ‘ਚਾਰਜਸ਼ੀਟ’ ਕੱਢਦੇ ਸਨ, ਜਿਸ ਦਾ ਨਾਮ ਬਾਅਦ ਵਿੱਚ ਬਦਲ ਕੇ ‘ਦਿ ਮੀਡੀਆ ਪ੍ਰੋਫ਼ਾਈਲ’ ਰੱਖ ਦਿੱਤਾ ਗਿਆ ਸੀ।

ਭਾਰਤ ਵਿੱਚ ਕਿੱਥੋਂ ਹੈ ਤਾਲੁਕ?

'ਦ ਮੀਡੀਆ ਪ੍ਰੋ਼ਫ਼ਾਈਲ'

ਤਸਵੀਰ ਸਰੋਤ, FB

ਤਸਵੀਰ ਕੈਪਸ਼ਨ, 'ਦ ਮੀਡੀਆ ਪ੍ਰੋ਼ਫ਼ਾਈਲ' ਦਾ ਸਕਰੀਨਸ਼ਾਟ

ਮੁਹੰਮਦ ਹਸਨੈਨ ਦਾ ਜਨਮ ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ਵਿੱਚ ਸਾਲ 1957 ’ਚ ਹੋਇਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੇ ਹਨ।

1989 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਜੋ ਪੌਣੇ ਚਾਰ ਸਾਲ ਚੱਲਿਆ। ਉਸ ਵਿਆਹ ਤੋਂ ਹੋਏ ਦੋ ਪੁੱਤਾਂ ਵਿੱਚ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਪੁੱਤ ਇਸਹਾਕ ਅਮੀਰ ਉਨ੍ਹਾਂ ਦੀ ਇਕਲੌਤੀ ਔਲਾਦ ਹਨ।

ਹਸਨੈਨ ਦੀਆਂ ਦੋ ਭੈਣਾ ਜ਼ੈਬੁਨਿਸਾ ਅਤੇ ਕੌਸਰ ਹਨ। ਵੱਡੀ ਭੈਣ ਜ਼ੈਬੁਨਿਸਾ ਉਨ੍ਹਾਂ ਤੋਂ 21 ਸਾਲ ਵੱਡੇ ਹਨ ਅਤੇ ਝਾਰਖੰਡ ਵਿੱਚ ਰਹਿੰਦੇ ਹਨ। ਦੂਜੀ ਭੈਣ ਕੌਸਰ ਲਖਨਊ ਦੇ ਵਾਸੀ ਹਨ।

31 ਸਾਲ ਦੇ ਇਸਹਾਕ ਅਮੀਰ ਨੇ ਦੱਸਿਆ ਕਿ ਉਹ ਮਦਰੱਸੇ ਜਾਂਦੇ ਸਨ ਜਿੱਥੇ ਉਨ੍ਹਾਂ ਨੇ ਕੁਰਾਨ ਪੜ੍ਹਨਾ ਸਿੱਖਿਆ ਅਤੇ ਯਾਦ ਕੀਤਾ।

ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਆਲਿਮ-ਏ-ਦੀਨ (ਧਾਰਮਿਕ ਵਿਦਵਾਨ) ਜਾਂ ਵਕੀਲ ਬਣਾਉਣਾ ਚਾਹੁੰਦੇ ਸਨ ਪਰ 10ਵੀਂ ਤੇ 12ਵੀਂ ਤੋਂ ਬਾਅਦ ਉਹ ਰੁਜ਼ਗਾਰ ਵਿੱਚ ਲੱਗ ਗਏ।

ਉਹ ਆਪਣੀ ਜ਼ਿੰਦਗੀ ਵਿੱਚ ਕਦੇ ਸਕੂਲ ਨਹੀਂ ਗਏ ਪਰ ਉਨ੍ਹਾਂ ਨੇ ਦਿੱਲੀ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐੱਨਆਈਓਐੱਸ) ਤੋਂ 10ਵੀਂ ਤੇ 12ਵੀਂ ਦੀ ਸਿੱਖਿਆ ਹਾਸਲ ਕੀਤੀ।

ਇਸਹਾਕ ਮੁਤਾਬਕ ਉਨ੍ਹਾਂ ਨੇ 2014 ਤੋਂ 2019 ਤੱਕ ਡੀਨ ਬ੍ਰਾਡਬੈਂਡ ਨਾਮ ਦੀ ਇੱਕ ਕੰਪਨੀ ਵਿੱਚ ਕੰਮ ਕੀਤਾ। ਉਨ੍ਹਾਂ ਨੇ ਇੰਡਸਟਰੀਅਲ ਸੇਫ਼ਟੀ ਮੈਨੇਜਮੈਂਟ ਦਾ ਡਿਪਲੋਮਾ ਵੀ ਕੀਤਾ ਸੀ ਅਤੇ ਅਪ੍ਰੈਲ 2021 ਤੋਂ 15 ਅਕਤੂਬਰ 2021 ਯਾਨੀ ਲਗਭਗ ਛੇ ਮਹੀਨੇ ਤੱਕ ਦੁਬਈ ਦੀ ਇੱਕ ਕੰਪਨੀ ਵਿੱਚ ਸੇਫ਼ਟੀ ਇੰਸਪੈਕਟਰ ਦੀ ਨੌਕਰੀ ਵੀ ਕੀਤੀ।

2021 ਵਿੱਚ ਵਾਪਸ ਭਾਰਤ ਆਉਣ ਤੋਂ ਬਾਅਦ ਨਾਈਗੋਸ ਇੰਟਰਨੈਸ਼ਨਲ ਜਨਰਲ ਸਰਟੀਫ਼ਿਕੇਟ ਦਾ ਕੋਰਸ ਵੀ ਕੀਤਾ।

ਇਸਹਾਕ ਅਮੀਰ ਨੇ ਦੱਸਿਆ ਕਿ ਆਬੂ ਧਾਬੀ ਦੀ ਇੱਕ ਕੰਪਨੀ ਨੇ ਉਨ੍ਹਾਂ ਨੂੰ ਨੌਕਰੀ ਦਾ ਪ੍ਰਪੋਜ਼ਲ ਦਿੱਤਾ ਸੀ, ਜਿਸ ਦੀ ਤਨਖ਼ਾਹ 4000 ਦਿਰਹਮ ਸੀ ਅਤੇ 10 ਸਤੰਬਰ 2023 ਨੂੰ ਹੀ ਨੌਕਰੀ ਸ਼ੁਰੂ ਕਰਨੀ ਸੀ।

ਪਰ ਉਨ੍ਹਾਂ ਮੁਤਾਬਕ, ‘‘ਅਸੀਂ ਹਿਜਰਤ (ਭਾਰਤ ਛੱਡਣ) ਦਾ ਇੱਕ ਪੂਰਾ ਪਲਾਨ ਬਣਾ ਰੱਖਿਆ ਸੀ।’’

‘‘ਵਾਲਿਦ ਸਾਹਬ ਨੇ ਕਿਹਾ ਸੀ ਕਿ ਇਸ ਦੇਸ਼ ਵਿੱਚ ਨਹੀਂ ਰਹਿਣਾ ਤਾਂ ਪੰਜ ਸਤੰਬਰ ਨੂੰ ਅਸੀਂ ਟਿਕਟ ਕਰ ਲਈ। ਪਿਤਾ ਜੀ ਨੇ ਕਿਹਾ ਕਿ ਇੱਕ ਵਾਰ ਕੋਸ਼ਿਸ਼ ਕਰਦੇ ਹਾਂ। ਆਬੂ ਧਾਬੀ ਤੋਂ ਅਫ਼ਗਾਨਿਸਤਾਨ ਚੱਲ ਕੇ ਦੇਖਦੇ ਹਾਂ, ਸ਼ਾਇਦ ਕੁਝ ਹੋ ਜਾਵੇ।’’

ਭੜਕਾਊ ਪੋਸਟਰ ਲਗਾਉਣ ਦਾ ਇਲਜ਼ਾਮ

ਮੁਹੰਮਦ ਹਸਨੈਨ
ਤਸਵੀਰ ਕੈਪਸ਼ਨ, ਮੁਹੰਮਦ ਹਸਨੈਨ ਵੱਲੋਂ ਦਾਖ਼ਲ ਹਲਫ਼ਨਾਮਾ

ਮੁਹੰਮਦ ਹਸਨੈਨ, ਐੱਮ ਹਸਨੈਨ ਨਾਮ ਨਾਲ ਲਿਖਦੇ ਹਨ। ਉਨ੍ਹਾਂ ਮੁਤਾਬਕ ਉਹ ਦਿੱਲੀ ਵਿੱਚ ਆਪਣਾ ਹਫ਼ਤਾਵਰੀ ਅਖ਼ਬਾਰ ‘ਦਿ ਮੀਡੀਆ ਪ੍ਰੋਫ਼ਾਈਲ’ ਕੱਢਣ ਤੋਂ ਇਲਾਵਾ ਕੋਚਿੰਗ ਸੈਂਟਰ ਵੀ ਚਲਾਉਂਦੇ ਰਹੇ ਹਨ।

ਇਸ ਵਿੱਚ ਉਹ ਨੌਜਵਾਨਾਂ ਨੂੰ ਅੰਗਰੇਜ਼ੀ ਭਾਸ਼ਾ ਸਿਖਾਉਂਦੇ ਸਨ ਅਤੇ ਵਕਾਲਤ ਦੀ ਸਿੱਖਿਆ ਲਈ ਤਿਆਰ ਕਰਦੇ ਸਨ।

ਇਹੀ ਕਾਰਨ ਸੀ ਕਿ ਉਹ ਆਪਣੇ ਪੁੱਤ ਇਸਹਾਕ ਅਮੀਰ ਨੂੰ ਵੀ ਵਕੀਲ ਬਣਾਉਣਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਮੁਹੰਮਦ ਹਸਨੈਨ ਖ਼ੁਦ ਨੂੰ ਇੱਕ ਸੋਸ਼ਲ ਅਤੇ ਪੌਲੀਟਿਕਿਲ ਵਰਕਰ ਆਖਦੇ ਹਨ ਅਤੇ ਸੰਸਦ, ਵਿਧਾਨ ਸਭਾ ਅਤੇ ਸਥਾਨਕ ਨਗਰ ਨਿਗਮ ਚੋਣਾਂ ਲੜ ਚੁੱਕੇ ਹਨ।

ਹਾਲਾਂਕਿ ਉਨ੍ਹਾਂ ਨੂੰ ਕਿਤੇ ਸਫ਼ਲਤਾ ਨਹੀਂ ਮਿਲੀ। ਅਜਿਹੀ ਜਾਣਕਾਰੀ ਹੈ ਕਿ ਉਸ ਦੌਰ ਵਿੱਚ ਉਨ੍ਹਾਂ ਉੱਤੇ ਕੁਝ ਮਾਮਲੇ ਵੀ ਬਣੇ ਜਿਨ੍ਹਾਂ ਵਿੱਚ ਉਨ੍ਹਾਂ ਉੱਤੇ ਕਥਿਤ ਤੌਰ ਉੱਤੇ ਭੜਕਾਊ ਪੋਸਟਰ ਚਿਪਕਾਉਣ ਦੇ ਇਲਜ਼ਾਮ ਵੀ ਸ਼ਾਮਲ ਹਨ।

ਮੁਹੰਮਦ ਹਸਨੈਨ ਅਤੇ ਇਸਹਾਕ ਅਮੀਰ ਮੁਤਾਬਕ ਉਹ ਪਿਛਲੇ 15-20 ਸਾਲ ਤੋਂ ਦਿੱਲੀ ਦੇ ਇਲਾਕੇ ਜ਼ਾਫ਼ਰਾਬਾਦ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਦਾ ਆਖ਼ਰੀ ਡੇਰਾ ਗੌਤਮਪੁਰੀ ਵਿੱਚ ਸੀ।

ਭਾਰਤ ਵਿੱਚ ਜਾਣਕਾਰ ਹੈਰਾਨ ਹਨ

ਮੁਹੰਮਦ ਹਸਨੈਨ
ਤਸਵੀਰ ਕੈਪਸ਼ਨ, ਮੁਹੰਮਦ ਹਸਨੈਨ ਖ਼ੁਦ ਨੂੰ ਇੱਕ ਸੋਸ਼ਲ ਅਤੇ ਪੌਲੀਟਿਕਲ ਵਰਕਰ ਆਖਦੇ ਹਨ

ਦੋਵੇਂ ਪਿਓ-ਪੁੱਤ ਦੇ ਪਾਕਿਸਤਾਨ ਜਾਣ ਦੇ ਫ਼ੈਸਲੇ ਉੱਤੇ ਭਾਰਤ ਵਿੱਚ ਉਨ੍ਹਾਂ ਨੂੰ ਜਾਣਨ ਵਾਲੇ ਘੱਟੋ-ਘੱਟ ਤਿੰਨ ਲੋਕਾਂ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਹੈਰਾਨੀ ਜ਼ਾਹਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਾਕਿਸਤਾਨ ਜਾਣ ਬਾਰੇ ਮੀਡੀਆ ਰਾਹੀਂ ਖ਼ਬਰ ਮਿਲੀ।

ਐੱਮਐੱਮ ਹਾਸ਼ਮੀ ਖ਼ੁਦ ਨੂੰ ਮੁਹੰਮਦ ਹਸਨੈਨ ਦਾ ਵਕੀਲ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਪਾਕਿਸਤਾਨ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਉਹ ਕਹਿੰਦੇ ਹਨ, ‘‘ਮੈਂ ਉਨ੍ਹਾਂ ਦਾ ਵਕੀਲ ਹਾਂ, ਮੈਨੂੰ ਸਿਰਫ਼ ਐਨਾਂ ਪਤਾ ਹੈ ਕਿ ਉਹ ਆਪਣੇ ਪੁੱਤ ਨੂੰ ਨੌਕਰੀ ਲਈ ਦੁਬਈ ਲੈ ਕੇ ਗਏ ਸਨ। ਇਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ। ਜਦੋਂ ਖ਼ਬਰ ਆਈ ਤਾਂ ਮੈਨੂੰ ਇਸ ਬਾਰੇ ਪਤਾ ਲੱਗਿਆ।’’

ਇੱਕ ਗੁਆਂਢੀ ਦਾ ਕਹਿਣਾ ਸੀ, ‘‘ਉਨ੍ਹਾਂ ਨੇ ਕਿਹਾ ਕਿ ਪੁੱਤ ਨੂੰ ਦੁਬਈ ਵਿੱਚ ਨੌਕਰੀ ਮਿਲ ਗਈ ਹੈ। ਉਹ ਉੱਥੇ ਜਾ ਰਹੇ ਹਨ ਅਤੇ ਅਗਲੇ 10 ਦਿਨਾਂ ਵਿੱਚ ਵਾਪਸ ਆਉਣਗੇ।’’

ਮੁਹੰਮਦ ਹਸਨੈਨ ਦੇ ਮਕਾਨ ਮਾਲਕ ਅਤੇ ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਇਕੱਲੇ ਅਤੇ ਚੁੱਪਚਾਪ ਰਹਿੰਦੇ ਸੀ। ‘‘ਸਿਰਫ਼ ਇਹ ਹੁੰਦਾ ਸੀ ਕਿ ਜੇ ਕੋਈ ਉਨ੍ਹਾਂ ਨੂੰ ਸਲਾਮ ਕਰ ਦੇਣ ਤਾਂ ਉਹ ਜਵਾਬ ਦਿੰਦੇ ਸਨ।’’

ਇੱਕ ਸਥਾਨਕ ਨੇਤਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹਸਨੈਨ ਦੀ ਸਿਆਸੀ ਪਾਰਟੀ ਦੇ ਸਮਰਥਨ ਨਾਲ 2017 ਵਿੱਚ ਸਥਾਨਕ ਚੋਣਾਂ ਲੜੀਆਂ ਸੀ। ਉਹ ਹਸਨੈਨ ਦੇ ਪਾਕਿਸਤਾਨ ਪਹੁੰਚਣ ਬਾਰੇ ਦੱਸਦੇ ਹਨ ਕਿ ਉਨ੍ਹਾਂ ਇਸ ਬਾਰੇ ਅਖ਼ਬਾਰ ਤੋਂ ਪਤਾ ਲੱਗਿਆ।

ਉਹ ਕਹਿੰਦੇ ਹਨ, ‘‘ਸਾਨੂੰ ਤਾਂ ਖ਼ੁਦ ਝਟਕਾ ਲੱਗਿਆ ਕਿ ਉਹ ਚਲੇ ਗਏ।’’

ਉਹ ਦੱਸਦੇ ਹਨ ਕਿ ਚੋਣਾਂ ਲੜਨ ਤੋਂ ਬਾਅਦ ਉਨ੍ਹਾਂ ਦਾ ਹਸਨੈਨ ਨਾਲ ਕੋਈ ਖ਼ਾਸ ਰਾਬਤਾ ਨਹੀਂ ਰਿਹਾ ਪਰ ਹਾਲ ਹੀ ਵਿੱਚ ਉਨ੍ਹਾਂ ਨਾਲ ਇੱਕ ਛੋਟੀ ਜਿਹੀ ਮੁਲਾਕਾਤ ਹੋਈ ਸੀ।

ਸਥਾਨਕ ਨੇਤਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਉਨ੍ਹਾਂ ਦਾ ਅਖ਼ਬਾਰ ਵੀ ਲਗਭਗ ਪੰਜ ਸਾਲ ਪਹਿਲਾਂ ਬੰਦ ਹੋ ਗਿਆ ਸੀ।

ਜਿਸ ਪਤੇ ਉੱਤੇ ਹਸਨੈਨ ਦੀ ਪਾਰਟੀ ਦਾ ਦਫ਼ਤਰ ਹੁੰਦਾ ਸੀ ਉਸ ਦੇ ਆਲੇ-ਦੁਆਲੇ ਲੋਕਾਂ ਦਾ ਕਹਿਣਾ ਹੈ ਕਿ ਪਾਰਟੀ ਕੁਝ ਸਾਲ ਪਹਿਲਾਂ ਖ਼ਤਮ ਹੋ ਗਈ ਸੀ।

ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਪਤੇ ਉੱਤੇ ਪਾਰਟੀ ਦਾ ਨਾਮ ਅਤੇ ਉਨ੍ਹਾਂ ਦੇ ਅਖ਼ਬਾਰ ਦੇ ਪੁਰਾਣੇ ਨਾਮ ਦੇ ਬੈਨਰ ਨੂੰ ‘ਗੂਗਲ ਸਟਰੀਟ ਵਿਊ’ ਵਿੱਚ ਦੇਖਿਆ ਜਾ ਸਕਦਾ ਹੈ।

ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਛਪਣ ਵਾਲੇ ਉਨ੍ਹਾਂ ਦੇ ਹਫ਼ਤਾਵਰੀ ਅਖ਼ਬਾਰ ਦੇ ਸਫ਼ਿਆਂ ਦੀਆਂ ਕਾਪੀਆਂ, ਜੋ ਫੇਸਬੁੱਕ ਉੱਤੇ ਮੌਜੂਦ ਹਨ, ਭਾਰਤ ਵਿੱਚ ਮੁਸਲਮਾਨ ਦੀ ਸ਼ਿਕਾਇਤ ਅਤੇ ਦੁੱਖ਼-ਦਰਦ ਨੂੰ ਉਜਾਗਰ ਕਰਦੀਆਂ ਹਨ।

ਕਈ ਵਾਰ ਚੋਣ ਲੜੀ

ਅਖ਼ਬਾਰ
ਤਸਵੀਰ ਕੈਪਸ਼ਨ, ਮੁਹੰਮਦ ਹਸਨੈਨ ਦਾ ਅਖ਼ਬਾਰ

ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਆਪਣੇ ਹਲਫ਼ਨਾਮੇ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਸਾਲ 2013 ਦੀ ਦਿੱਲੀ ਵਿਧਾਨ ਸਭਾ (ਸੀਲਮਪੁਰ ਸੀਟ) ਅਤੇ 2014 ਦੀ ਸੰਸਦੀ ਚੋਣ ਵਿੱਚ (ਨਾਰਥ ਈਸਟ ਦਿੱਲੀ ਤੋਂ ਸੁਤੰਤਰ ਉਮੀਦਵਾਰ ਦੇ ਰੂਪ ’ਚ) ਹਿੱਸਾ ਲਿਆ ਸੀ। ਇਸ ਵਿੱਚ ਉਨ੍ਹਾਂ ਨੂੰ 571 ਅਤੇ 879 ਵੋਟਾਂ ਮਿਲੀਆਂ ਸਨ।

ਚੋਣ ਪਾਰਦਰਸ਼ਤਾ ਦੀ ਵਕਾਲਤ ਕਰਨ ਵਾਲੇ ਸੰਗਠਨ ਅਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੇ ਰਿਕਾਰਡ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ 2004 ਅਤੇ 2009 ਦੀਆਂ ਸੰਸਦੀ ਚੋਣਾਂ ਵਿੱਚ ਵੀ ਹਿੱਸਾ ਲਿਆ ਸੀ।

ਉਨ੍ਹਾਂ ਦੇ ਚੋਣ ਹਲਫ਼ਨਾਮੇ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਉੱਤੇ ਆਈਪੀਸੀ ਤਹਿਤ ਤਿੰਨ ਮੁਕੱਦਮੇ ਦਰਜ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਉੱਤੇ ਹਿੰਸਾ ਦੇ ਵਿਰੁੱਧ ਪ੍ਰਦਰਸ਼ਨ ਵਾਲੇ ਪੋਸਟਰ ਚਿਪਕਾਉਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿੰਨੇ ਸਮੇਂ ਤੱਕ ਜੇਲ੍ਹ ਵਿੱਚ ਰਹੇ।

ਵਕੀਲ ਐੱਮਐੱਮ ਹਾਸ਼ਮੀ ਪੁਸ਼ਟੀ ਕਰਦੇ ਹਨ ਕਿ ਉਨ੍ਹਾਂ ਵਿਰੁੱਧ ਤਿੰਨ ਮੁਕੱਦਮੇ ਦਰਜ ਸਨ। ਉਨ੍ਹਾਂ ਨੇ ਕਿਹਾ, ‘‘ਇੱਕ ਵਿੱਚ ਉਹ ਬਰੀ ਹੋ ਚੁੱਕੇ ਹਨ, ਇੱਕ ਵਿੱਚ ਚਾਰਜ ਫਰੇਮ ਨਹੀਂ ਹੋਏ ਅਤੇ ਇੱਕ ਵਿੱਚ ਚਾਰਜਸ਼ੀਟ ਫ਼ਾਈਲ ਨਹੀਂ ਹੋਈ।’’

ਉਹ ਕਹਿੰਦੇ ਹਨ ਕਿ ਇਹ ਸਾਰੇ ਸਿਆਸੀ ਮਾਮਲੇ ਸੀ, ਕੋਈ ਫ਼ੌਜਦਾਰੀ ਕੇਸ ਨਹੀਂ ਸੀ। ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਪਾਕਿਸਤਾਨ ਨੂੰ ਕਿਉਂ ਚੁਣਿਆ?

ਹਸਨੈਨ

ਤਸਵੀਰ ਸਰੋਤ, GOOGLE STREET VIEW

ਤਸਵੀਰ ਕੈਪਸ਼ਨ, ਮੁਹੰਮਦ ਹਸਨੈਨ ਦੇ ਦਫ਼ਤਰ ਦਾ ਗੂਗਲ ਸਟਰੀਟ ਵਿਊ

ਮੁਹੰਮਦ ਹਸਨੈਨ ਨੇ ਬੀਬੀਸੀ ਨੂੰ ਕਿਹਾ, ‘‘ਦੇਖੋ ਇਹ ਕੋਈ ਅਚਾਨਕ ਜਾਂ ਬਿਨਾਂ ਸੋਚੇ ਸਮਝੇ ਲਿਆ ਗਿਆ ਫ਼ੈਸਲਾ ਨਹੀਂ ਕਿ ਇੱਕ ਦਮ ਕੋਈ ਗੱਲ ਹੋਈ ਅਤੇ ਅਸੀਂ ਕਿਹਾ ਕਿ ਹੁਣ ਇੱਥੋਂ ਚੱਲੋ।’’

ਉਨ੍ਹਾਂ ਨੇ ਬਾਬਰੀ ਮਸਜਿਦ ਨਾਲ ਜੁੜੇ ਅਦਾਲਤ ਦੇ ਫ਼ੈਸਲਾ ਦਾ ਹਵਾਲਾ ਦਿੱਤਾ, ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਦੀ ਜਿੱਤ ਦਾ ਇਸ਼ਾਰਾ ਕਰਦੇ ਹੋਏ ਖ਼ਦਸ਼ਾ ਜ਼ਾਹਰ ਕੀਤਾ।

ਦੱਸ ਦਈਏ ਕਿ ਦਿੱਲੀ ਵਿੱਚ ਮੁਹੰਮਦ ਹਸਨੈਨ ਦੀ ਸੰਸਦੀ ਹਲਕੇ ਵਿੱਚ 2020 ’ਚ ਫ਼ਿਰਕੂ ਦੰਗੇ ਹੋਏ ਸਨ ਜਿਸ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਮੁਸਲਮਾਨ ਸਨ।

ਮੁਹੰਮਦ ਹਸਨੈਨ ਨੇ ਦੱਸਿਆ, ‘‘ਕੋਈ ਤਿਓਹਾਰ ਦਾ ਦਿਨ ਹੋਵੇ ਜਾਂ ਤਿਓਹਾਰ ਦੇ ਦਿਨ ਸਾਡੇ ਹਿੰਦੂ ਭਰਾ ਟਿੱਕਾ ਲਗਾ ਕੇ ਆਉਂਦੇ ਹਨ ਤਾਂ ਬਹੁਤ ਸੌਖੇ ਤਰੀਕੇ ਹੀ ਪਛਾਣ ਹੋ ਜਾਂਦੀ ਹੈ ਕਿ ਇਹ ਹਿੰਦੂ ਹਨ ਅਤੇ ਇਹ ਮੁਸਲਮਾਨ ਹਨ। ਇੱਕ ਵਾਰ ਥੋੜ੍ਹੀ ਜਿਹੀ ਗੱਲ ਵਧੀ ਤਾਂ ਲੋਕਾਂ ਨੇ ਮੁੱਦਾ ਬਣਾ ਦਿੱਤਾ, ਗਾਲਾਂ ਅਤੇ ਹੱਥੋਪਾਈ ਸ਼ੁਰੂ ਹੋ ਗਈ।’’

‘‘ਪੁੱਤ ਦੇ ਨਾਲ ਵੀ ਦੋ-ਤਿੰਨ ਵਾਰ ਅਜਿਹਾ ਹੋਇਆ ਤਾਂ ਉਨ੍ਹਾਂ ਹਾਲਾਤਾਂ ਤੋਂ ਦੁਖੀ ਹੋ ਕੇ ਸਾਨੂੰ ਲੱਗਿਆ ਕਿ ਸਾਨੂੰ ਦੇਸ਼ ਨੂੰ ਛੱਡ ਦੇਣਾ ਚਾਹੀਦਾ ਹੈ।’’

ਉਨ੍ਹਾਂ ਨੇ ਕਿਹਾ, ‘‘ਸੜਕ ’ਤੇ ਜਾਈਏ, ਦਫ਼ਤਰ ਜਾਈਏ, ਟ੍ਰੇਨ ਵਿੱਚ ਜਾਈਏ, ਬਾਹਰ ਕਿਸੇ ਕੰਮ ਨਾਲ ਵੀ ਜਾਈ ਤਾਂ ਸਿਰਫ਼ ਇੱਕੋ ਡਰ ਰਹਿੰਦਾ ਹੈ ਕਿ ਕੁਝ ਹੋ ਨਾ ਜਾਵੇ। ਦਿੱਕਤ ਲੁੱਟਖੋਹ ਦੀ ਨਹੀਂ, ਨਾਅਰਿਆਂ ਦੀ ਹੈ, ਧਰਮ ਨੂੰ ਨਿਸ਼ਾਨਾ ਬਣਾਉਣਾ, ਟਾਰਗੇਟ ਕਰਕੇ ਮਾਰਨਾ।’’

ਪਰ ਇਨ੍ਹਾਂ ਦੋਵੇਂ ਪਿਓ-ਪੁੱਤ ਨੇ ਕਿਸੇ ਹੋਰ ਦੇਸ਼ ਜਾਣ ਦੀ ਥਾਂ ਪਾਕਿਸਤਾਨ ਹੀ ਕਿਉਂ ਚੁਣਿਆ?

ਇਸ ਸਵਾਲ ਦੇ ਜਵਾਬ ਵਿੱਚ ਮੁਹੰਮਦ ਹਸਨੈਨ ਕਹਿੰਦੇ, ‘‘ਦੇਖੋ, ਅਸੀਂ ਤਾਂ ਪੈਸੇ ਵਾਲੇ ਲੋਕ ਨਹੀਂ ਸੀ ਕਿ ਕਿਸੇ ਦੇਸ਼ ਵਿੱਚ ਜਾ ਕੇ 5-10 ਕਰੋੜ ਰੁਪਏ ਖ਼ਰਚ ਕਰਕੇ ਨਾਗਰਿਕਤਾ ਖ਼ਰੀਦ ਲੈਂਦੇ।’’

‘‘ਸਾਡੇ ਕੋਲ ਪਾਕਿਸਤਾਨ ਜਾਣ ਦਾ ਹੀ ਬਦਲ ਸੀ ਕਿ ਜਿੱਥੋਂ ਦੇ ਲੋਕ ਸਾਡੇ ਵਾਂਗ ਬੋਲ-ਚਾਲ ਵਾਲੇ ਹੋਣ ਅਤੇ ਜਿਸ ਨੂੰ ਬਣਾਉਣ ਵਿੱਚ ਸਾਡੇ ਬਜ਼ੁਰਗਾਂ ਦਾ ਵੀ ਹਿੱਸਾ ਰਿਹਾ ਹੈ।’’

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ, ਇਸ ਲਈ ਵੀਜ਼ਾ ਨਹੀਂ ਮਿਲ ਸਕਦਾ ਸੀ।

‘‘ਖ਼ਿਆਲ ਇਹੀ ਸੀ ਕਿ ਵਿਜ਼ੀਟਰ ਵੀਜ਼ਾ ਲੈ ਕੇ ਜਾਵਾਂਗੇ ਅਤੇ ਫ਼ਿਰ ਉੱਥੇ ਪਨਾਹ ਲੈ ਲਵਾਂਗੇ। ਜਦੋਂ ਉੱਥੋਂ (ਪਾਕਿਸਤਾਨ ਅੰਬੈਸੀ) ਇਨਕਾਰ ਹੋ ਗਿਆ ਤਾਂ ਅਸੀਂ ਪਤਾ ਕਰਨ ਲੱਗੇ ਕਿ ਕੀ ਹੋ ਸਕਦਾ ਹੈ।''

''ਇਸ ਤਰ੍ਹਾਂ ਦੋ-ਤਿੰਨ ਸਾਲ ਲੰਘ ਗਏ। ਫ਼ਿਰ ਸਾਨੂੰ ਅਚਾਨਕ ਪਤਾ ਲੱਗਿਆ ਕਿ ਤੁਸੀਂ ਦੁਬਈ ਚਲੇ ਜਾਓ ਅਤੇ ਉੱਥੋਂ ਅਫ਼ਗਾਨਿਸਤਾਨ ਦਾ ਵੀਜ਼ਾ ਮਿਲ ਸਕਦਾ ਹੈ।’’

ਹਸਨੈਨ ਦਾ ਮਹੇਸ਼ ਭੱਟ ਦੇ ਨਾਲ ਇੱਕ ਵੀਡੀਓ

ਮੁਹੰਮਦ ਹਸਨੈਨ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਮੁਹੰਮਦ ਹਸਨੈਨ ਇੱਕ ਪ੍ਰੋਗਰਾਮ ਦੌਰਾਨ ਮਹੇਸ਼ ਭੱਟ ਨਾਲ ਗੁਫ਼ਤਗੂ ਦੌਰਾਨ

ਹਸਨੈਨ ਦੇ ਅਖ਼ਬਾਰ ਦੇ ਨਾਮ ਨਾਲ ਜੁੜੇ ਇੱਕ ਅਕਾਊਂਟ ਤੋਂ 2016 ਵਿੱਚ ਆਨਲਾਈਨ ਇੱਕ ਵੀਡੀਓ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਪੁਲਿਸ ਦੇ ਅੱਤਿਆਚਾਰ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

2017 ਵਿੱਚ ਅਪਲੋਡ ਕੀਤੇ ਗਏ ਇੱਕ ਹੋਰ ਵੀਡੀਓ ਵਿੱਚ ਉਹ ਮੁਸਲਮਾਨਾਂ ਦੇ ਸ਼ੋਸ਼ਣ ਉੱਤੇ ਭਾਸ਼ਣ ਦਿੰਦੇ ਹੋਏ ਨਜ਼ਰ ਆਉਂਦੇ ਹਨ, ਜਿਸ ਵਿੱਚ ਉਹ ਕਹਿੰਦੇ ਹਨ ਕਿ ਸੈਕtਲਰ ਹੋਣ ਦਾ ਦਾਅਵਾ ਕਰਨ ਵਾਲੇ ਸਿਆਸੀ ਦਲਾਂ ਅਤੇ ਨੇਤਾਵਾਂ ਨੇ ਵੀ ਮੁਸਲਮਾਨਾਂ ਨੂੰ ਨਿਰਾਸ਼ ਕੀਤਾ ਹੈ।

ਇਸ ਤੋਂ ਇਲਾਵਾ 2015 ਵਿੱਚ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਉਹ ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਨਾਲ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹਨ, ਜਿਸ ਵਿੱਚ ਉਹ ਉਨ੍ਹਾਂ ਦੀ ਕਿਸੇ ਫ਼ਿਲਮ ਨੂੰ ਉਦਾਹਰਣ ਦੇ ਤੌਰ ਉੱਤੇ ਇਸਤੇਮਾਲ ਕਰਦੇ ਹੋਏ ਸੈਕੂਲਰਿਜ਼ਮ ਅਤੇ ਫ਼ਿਰਕਾਪ੍ਰਸਤੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿੱਚ ਉਹ ਮਹੇਸ਼ ਭੱਟ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦੇ ਹਨ ਉਹ ਦੋਵੇਂ ਧਰਮਾਂ ਦੇ ਲੋਕਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਪਰ ਉਹ ਵੀ ਬਹੁਤ ਹੀ ਸਾਵਧਾਨੀ ਨਾਲ ਕੰਮ ਕਰਨ ’ਤੇ ਮਜਬੂਰ ਹਨ। ਇਸ ਦੇ ਜਵਾਬ ਵਿੱਚ ਕੈਮਰੇ ’ਚ ਮਹੇਸ਼ ਭੱਟ ਮੁਸਕੁਰਾਉਂਦੇ ਹੋਏ ਉਨ੍ਹਾਂ ਦੀ ਗੱਲ ਸੁਣਦੇ ਨਜ਼ਰ ਆ ਰਹੇ ਹਨ।

ਮੁਹੰਮਦ ਹਸਨੈਨ ਕਹਿੰਦੇ ਹਨ, ‘‘ਤੁਹਾਡੀ ਨੀਅਤ ਉੱਤੇ ਸ਼ੱਕ ਨਹੀਂ ਇਹ (ਤੁਹਾਡੀ) ਮਜਬੂਰੀ ਹੈ। ਇਸ ਦੇਸ਼ ਦੇ ਹਿੰਦੀ ਬੁੱਧੀਜੀਵੀ ਨੂੰ ਐਨਾ ਡਰ ਹੈ, ਇਹ ਮਜਬੂਰੀ ਹੈ।’’

15 ਮਿੰਟ ਦੇ ਇਸ ਵੀਡੀਓ ਦੌਰਾਨ ਉਹ ਭਾਰਤੀ ਮੁਸਲਮਾਨਾਂ ਦੀ ਸ਼ਿਕਾਇਤਾਂ ਬਾਰੇ ਵੱਡ ਪੈਮਾਨੇ ਉੱਤੇ ਗੱਲ ਕਰਦੇ ਹਨ।

‘‘ਪਾਕਿਸਤਾਨ ਜਿਉਣ ਨਹੀਂ ਸਕੂਨ ਨਾਲ ਮਰਨ ਲਈ ਆਇਆ ਹਾਂ’’

ਹਸਨੈਨ

25 ਸਤੰਬਰ ਨੂੰ ਇਹ ਦੋਵੇਂ ਭਾਰਤੀ ਨਾਗਰਿਕ ਕਰਾਚੀ ਪ੍ਰੈੱਸ ਕਲੱਬ ਪਹੁੰਚੇ ਅਤੇ ਭਾਰਤ ਦੇ ਮੁਸਲਮਾਨਾਂ ਉੱਤੇ ਤਸ਼ਦੱਦ ਦੇ ਵਿਰੁੱਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਪਾਕਿਸਤਾਨ ਆਉਣ ਦੀ ਖ਼ਬਰ ਆਮ ਹੋਈ।

ਮੁਹੰਮਦ ਹਸਨੈਨ ਅਤੇ ਇਸਹਾਕ ਸਪੱਸ਼ਟ ਤੌਰ ਉੱਤੇ ਕਹਿ ਚੁੱਕੇ ਹਨ ਕਿ ਉਹ ਵਾਪਸ ਭਾਰਤ ਨਹੀਂ ਜਾਣਾ ਚਾਹੁੰਦੇ ਪਰ ਜੇ ਪਾਕਿਸਤਾਨ ਨੇ ਉਨ੍ਹਾਂ ਨੂੰ ਪਨਾਹ ਅਤੇ ਨਾਗਰਿਕਤਾ ਨਾ ਦਿੱਤੀ ਤਾਂ ਉਹ ਕੀ ਕਰਨਗੇ?

ਇਸਹਾਕ ਅਮੀਰ ਕਹਿੰਦੇ ਹਨ, ‘‘ਅਸੀਂ ਸਿਰਫ਼ ਪਨਾਹ ਚਾਹ ਰਹੇ ਹਾਂ। ਸਾਡਾ ਮਕਸਦ ਇੱਥੇ ਘਰ ਜਾਂ ਨੌਕਰੀ ਮੰਗਣਾ ਨਹੀਂ। ਮੈਂ ਹਾਲੇ ਜਵਾਨ ਹਾਂ, ਮੈਂ ਡਰਾਈਵਿੰਗ ਕਰ ਸਕਦਾ ਹਾਂ, ਰੋਟੀ ਬਣਾ ਸਕਦਾ ਹਾ। ਬਾਹਰ ਬਹੁਤ ਸਾਰੇ ਮਜ਼ਦੂਰੀ ਵਾਲੇ ਕੰਮ ਹਨ, ਉਹ ਕਰ ਸਕਦਾ ਹਾਂ।’’

‘‘ਵਾਲਿਦ ਸਾਹਬ ਪੜ੍ਹਾ ਸਕਦੇ ਹਨ, ਮੈਂ ਵੀ ਪੜ੍ਹਾ ਸਕਦਾ ਹਾਂ। ਕੁਰਾਨ ਤਾਂ ਪੜ੍ਹਾ ਸਕਦਾ ਹਾਂ, ਮੈਂ ਕ਼ੁਰਾਨ ਯਾਦ ਕੀਤੀ ਹੈ। ਸਿਰਫ਼ ਪਨਾਹ ਚਾਹੁੰਦੇ ਹਾਂ, ਵਾਪਸ ਨਹੀਂ ਜਾਣਾ ਚਾਹੁੰਦੇ।’’

‘‘ਗੋਲੀ ਮਾਰ ਦਿਓ, ਜੇਲ੍ਹ ਵਿੱਚ ਸੁੱਟ ਕੇ ਸਾੜ ਦਿਓ, ਕੋਈ ਦਿੱਕਤ ਨਹੀਂ। ਜੇ ਤੁਸੀਂ ਨਹੀਂ ਰੱਖਣਾ ਤਾਂ ਵਾਪਸ ਨਾ ਭੇਜੋ ਸਗੋਂ ਆਪਣੇ ਕੋਲ ਕਿਸੇ ਜੇਲ੍ਹ ਦੀ ਨੁੱਕਰ ਵਿੱਚ ਪਾ ਦਿਓ, ਕਿਸੇ ਪਿੰਜਰੇ ਵਿੱਚ ਬੰਦ ਕਰ ਦਿਓ, ਉਹ ਵੀ ਮਨਜ਼ੂਰ ਹੈ।’’

ਮੁਹੰਮਦ ਹਸਨੈਨ ਦਾ ਕਹਿਣਾ ਸੀ, ‘‘ਮੈਂ ਇਸ ਦੇਸ਼ ਵਿੱਚ ਜਿਉਣ ਲਈ ਨਹੀਂ ਆਇਆ ਹਾਂ। ਮੈਂ ਇਸ ਦੇਸ਼ ਵਿੱਚ ਸਕੂਨ ਨਾਲ ਮਰਨ ਲਈ ਆਇਆ ਹਾਂ। ਕੋਈ ਜਿਉਣ ਦੀ ਹੁਣ ਤਮੰਨਾ ਨਹੀਂ ਹੈ।’’

ਉਨ੍ਹਾਂ ਨੇ ਸੀਮਾ ਹੈਦਰ ਮਾਮਲੇ ਦਾ ਉਦਾਰਹਣ ਦਿੰਦਿਆਂ ਕਿਹਾ ਕਿ ਜੇ ਸੀਮਾ ਨੂੰ ਉੱਥੋਂ ਦੀ ਸਰਕਾਰ ਕਬੂਲ ਕਰ ਸਕਦੀ ਹੈ ਤਾਂ ਪਾਕਿਸਤਾਨ ਸਰਕਾਰ ਨੂੰ ਮੈਨੂੰ ਕਬੂਲ ਕਰਨ ਤੋਂ ਦੁਨੀਆ ਦੀ ਕਿਹੜੀ ਤਾਕਤ ਰੋਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)