ਟਾਇਟੈਨਿਕ ਦਿਖਾਉਣ ਜਾ ਰਹੀ ਪਣਡੁੱਬੀ 'ਚ ਫਸੇ ਪਾਕਿਸਤਾਨੀ ਅਰਬਪਤੀ ਦਾਊਦ ਕੌਣ ਹਨ?

    • ਲੇਖਕ, ਗੈਰੇਥ ਇਵਾਂਸ ਅਤੇ ਲਾਰਾ ਗੁੱਜ਼ੀ
    • ਰੋਲ, ਬੀਬੀਸੀ ਨਿਊਜ਼

ਦਾਊਦ ਪਰਿਵਾਰ ਵੱਲੋਂ ਇੱਕ ਹੋਰ ਬਿਆਨ ਜਾਰੀ ਕੀਤਾ ਗਿਆ ਹੈ

  • ਬਿਆਨ ਵਿੱਚ ਕਿਹਾ ਗਿਆ ਹੈ - ਸ਼ਹਿਜ਼ਾਦਾ ਆਪਣੇ ਬੱਚਿਆਂ ਸੁਲੇਮਾਨ ਅਤੇ ਅਲੀਨਾ ਦੇ ਪਿਆਰੇ ਪਿਤਾ ਹਨ, ਕ੍ਰਿਸਟੀਨ ਦੇ ਪਤੀ
  • ਉਨ੍ਹਾਂ ਦੇ ਤਿੰਨ ਭੈਣ-ਭਰਾ ਹਨ ਅਤੇ ਮਾਤਾ-ਪਿਤਾ ਦਾ ਨਾਂ ਹੁਸੈਨ ਅਤੇ ਕੁਲਸੂਮ ਦਾਊਦ ਹੈ
  • ਸ਼ਹਿਜ਼ਾਦਾ ਦਾਊਦ ਵਾਈਲਡ ਲਾਈਫ ਫੋਟੋਗ੍ਰਾਫੀ ਦੇ ਸ਼ੌਕੀਨ ਹਨ
  • ਉਨ੍ਹਾਂ ਦੇ 19 ਸਾਲਾ ਪੁੱਤਰ ਸੁਲੇਮਾਨ ਇਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀ ਹਨ
  • ਸੁਲੇਮਾਨ ਦੀ ਦਿਲਚਸਪੀ ਸਾਇੰਸ ਫਿਕਸ਼ਨ ਵਿੱਚ ਹੈ ਅਤੇ ਉਹ ਵਾਲੀਬਾਲ ਖੇਡਣਾ ਵੀ ਪਸੰਦ ਕਰਦੇ ਹਨ

ਦੁਨੀਆਂ ਦੇ ਸਭ ਤੋਂ ਮਸ਼ਹੂਰ ਜਹਾਜ਼ ਟਾਇਟੈਨਿਕ ਦੇ ਮਲਬੇ ਨੂੰ ਦੇਖਣ ਲਈ, ਸੈਲਾਨੀਆਂ ਨੂੰ ਲੈ ਕੇ ਨਿਕਲੀ ਪਣਡੁੱਬੀ ਐਤਵਾਰ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ਜਾਰੀ ਹੈ।

ਯੂਐਸ ਕੋਸਟ ਗਾਰਡ ਮੁਤਾਬਕ, ਪਣਡੁੱਬੀ ਵਿੱਚ ਹੁਣ ਲਗਭਗ 30 ਘੰਟਿਆਂ ਦੀ ਆਕਸੀਜਨ ਬਚੀ ਹੋ ਸਕਦੀ ਹੈ। ਇਸ ਦੇ ਨਾਲ ਹੀ ਬਚਾਅ ਕਾਰਜਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਹਾਲਾਂਕਿ, ਮੰਗਲਵਾਰ ਨੂੰ ਭਾਲ ਕਰ ਰਹੇ ਬਚਾਅ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਉਸ ਖੇਤਰ ਦੇ ਨੇੜੇ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਹਨ, ਜਿੱਥੇ ਪਣਡੁੱਬੀ ਲਾਪਤਾ ਹੋਈ ਸੀ।

ਕੌਣ-ਕੌਣ ਸਵਾਰ

ਇਸ ਪਣਡੁੱਬੀ 'ਤੇ ਸਵਾਰ ਪੰਜ ਯਾਤਰੀਆਂ 'ਚ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਦਾਊਦ, ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸੀਸੀ ਖੋਜੀ ਪਾਲ ਹੈਨਰੀ ਨਰਗਲੇਟ ਅਤੇ ਯਾਤਰਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਦੇ ਮੁੱਖ ਕਾਰਜਕਾਰੀ ਸਟਾਕਟਨ ਰਸ਼ ਸ਼ਾਮਲ ਹਨ।

ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹਰਮੀਸ਼ ਹਾਰਡਿੰਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਨ੍ਹਾਂ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਟਾਈਟੈਨਿਕ ਦੇ ਮਲਬੇ ਤੱਕ ਜਾਣ ਵਾਲੀ ਮੁਹਿੰਮ ਦਾ ਹਿੱਸਾ ਹੋਣਗੇ।

ਉਨ੍ਹਾਂ ਇਹ ਵੀ ਲਿਖਿਆ ਕਿ "40 ਸਾਲਾਂ ਵਿੱਚ ਪਹਿਲੀ ਵਾਰ ਨਿਊਫਾਊਂਡਲੈਂਡ ਵਿੱਚ ਇੰਨੀ ਸਰਦੀ ਕਾਰਨ ਇਹ ਸਾਲ ਦੀ ਆਖਰੀ ਮੁਹਿੰਮ ਹੋਵੇਗੀ।"

ਅੱਠ ਦਿਨਾਂ ਦੀ ਇਸ ਯਾਤਰਾ ਲਈ ਢਾਈ ਲੱਖ ਡਾਲਰ ਯਾਨੀ ਦੋ ਕਰੋੜ ਰੁਪਏ ਤੋਂ ਵੱਧ ਦੀ ਟਿਕਟ ਖਰੀਦੀ ਜਾਂਦੀ ਹੈ। ਇਸ ਯਾਤਰਾ ਦੌਰਾਨ ਟਾਇਟੈਨਿਕ ਦੇ ਮਲਬੇ ਨੂੰ ਸਮੁੰਦਰ 'ਚ 3800 ਮੀਟਰ ਹੇਠਾਂ ਜਾ ਕੇ ਦੇਖਿਆ ਜਾ ਸਕਦਾ ਹੈ।

ਮੁਸ਼ਕਿਲ ਸਰਚ ਆਪਰੇਸ਼ਨ

ਯੂਐਸ ਕੋਸਟ ਗਾਰਡ ਦੇ ਅਨੁਸਾਰ, ਐਤਵਾਰ ਨੂੰ ਸਮੁੰਦਰੀ ਸਫ਼ਰ ਸ਼ੁਰੂ ਹੋਣ ਤੋਂ ਇੱਕ ਘੰਟਾ 45 ਮਿੰਟ ਬਾਅਦ ਪਣਡੁੱਬੀ ਨਾਲ ਸੰਪਰਕ ਟੁੱਟ ਗਿਆ ਸੀ। ਤਲਾਸ਼ੀ ਮੁਹਿੰਮ 'ਚ ਦੋ ਸੀ-130 ਹਵਾਈ ਜਹਾਜ਼ਾਂ ਅਤੇ ਸੋਨਾਰ ਦੀ ਮਦਦ ਲਈ ਜਾ ਰਹੀ ਹੈ।

ਯੂਐਸ ਕੋਸਟ ਗਾਰਡ ਨੇ ਸੋਮਵਾਰ ਰਾਤ ਨੂੰ ਕਿਹਾ ਗਿਆ ਸੀ ਕਿ ਪਣਡੁੱਬੀ ਵਿੱਚ ਤਿੰਨ ਤੋਂ ਚਾਰ ਦਿਨ ਚੱਲਣ ਲਈ ਲੋੜੀਂਦੀ ਆਕਸੀਜਨ ਹੋ ਸਕਦੀ ਹੈ।

ਯੂਐਸ ਕੋਸਟ ਗਾਰਡ ਰੀਅਰ ਐਡਮਿਰਲ ਜੌਹਨ ਮੇਗਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, "ਸਾਡਾ ਅਨੁਮਾਨ ਹੈ ਕਿ ਇਸ ਸਮੇਂ ਖੋਜ ਮੁਹਿੰਮ ਨੂੰ ਪੂਰਾ ਕਰਨ ਲਈ 70 ਤੋਂ 96 ਘੰਟੇ ਬਚੇ ਹਨ।"

ਹਾਲਾਂਕਿ, ਉਨ੍ਹਾਂ ਕਿਹਾ ਸੀ ਕਿ ਜਿਸ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਉਹ ਕਾਫੀ ਸੰਘਣਾ ਹੈ, ਜਿਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਪਣਡੁੱਬੀ ਬਾਰੇ ਕੀ ਪਤਾ ਹੈ?

  • ਇਸ ਪਣਡੁੱਬੀ ਨੂੰ ਟਾਇਟਨ ਸਬਮਰਸਿਬਲ ਕਿਹਾ ਜਾਂਦਾ ਹੈ। ਆਮ ਤੌਰ ਉੱਤੇ ਇਸ 'ਚ ਇੱਕ ਪਾਇਲਟ, ਤਿੰਨ ਸੈਲਾਨੀ ਤੇ ਕੰਪਨੀ ਮੁਤਾਬਕ ਇੱਕ ‘ਕੰਟੈਂਟ ਐਕਸਪਰਟ’ ਸਵਾਰ ਹੁੰਦੇ ਹਨ।
  • ਇਹ ਟੂਰ ਨਿਊਫਾਉਂਡਲੈਂਡ ਦੇ ਸੇਂਟ ਜੌਨਸ ਤੋਂ ਸ਼ੁਰੂ ਹੁੰਦਾ ਹੈ। ਇਸ ਵੇਲੇ ਅੱਠ ਦਿਨਾਂ ਦੇ ਇਸ ਟੂਰ ਦੀ ਕੀਮਤ ਢਾਈ ਲੱਖ ਡਾਲਰ ਭਾਵ ਲਗਭਗ ਦੋ ਕਰੋੜ ਰੁਪਏ ਹੈ।
  • ਲਾਪਤਾ ਪਣਡੁੱਬੀ ਓਸ਼ਅਨਗੇਟ ਕੰਪਨੀ ਦੀ ਟਾਇਟਨ ਸਬਮਰਸਿਬਲ ਹੈ ਜੋ ਇੱਕ ਟਰੱਕ ਵਾਂਗ ਵੱਡੀ ਹੈ।
  • ਓਸ਼ਅਨਗੇਟ ਮੁਤਾਬਕ ਉਨ੍ਹਾਂ ਕੋਲ ਤਿੰਨ ਪਣਡੁੱਬੀਆਂ ਹਨ ਪਰ ਸਿਰਫ਼ ਟਾਈਟਨ ਸਬਮਰਸਿਬਲ ਦੀ ਟਾਇਟੈਨਿਕ ਦੇ ਮਲਬੇ ਤੱਕ ਪਹੁੰਚਣ ਵਿੱਚ ਸਮਰੱਥ ਹੈ।
  • ਟੂਰ ਦੌਰਾਨ ਪਣਡੁੱਬੀ ਟਾਇਟੈਨਿਕ ਜਹਾਜ਼ ਦੇ ਮਲਬੇ ਕੋਲ ਸਮੰਦਰ ਵਿੱਚ 3800 ਮੀਟਰ ਹੇਠਾਂ ਡੁਬਕੀ ਲਗਾਉਂਦੀ ਹੈ।
  • ਇਸ ਪਣਡੁੱਬੀ ਦਾ ਭਾਰ 10,432 ਕਿੱਲੋ ਹੈ ਅਤੇ ਲੰਬਾਈ 22 ਫੁੱਟ ਹੈ। ਇਹ ਪਣਡੁੱਬੀ 96 ਘੰਟਿਆਂ ਤੱਕ ਪੰਜ ਲੋਕਾਂ ਨੂੰ ਰੱਖ ਸਕਦੀ ਹੈ।

ਕੌਣ ਹਨ ਸ਼ਹਿਜ਼ਾਦਾ ਦਾਊਦ

ਸ਼ਹਿਜ਼ਾਦਾ ਦਾਊਦ ਪਾਕਿਸਤਾਨ ਦੇ ਇੱਕ ਵੱਡੇ ਕਾਰੋਬਾਰੀ ਪਰਿਵਾਰ ਦੇ ਮੈਂਬਰ ਹਨ। ਉਹ ਬ੍ਰਿਟੇਨ ਵਿੱਚ ਪ੍ਰਿੰਸ ਟਰੱਸਟ ਚੈਰਿਟੀ ਦੇ ਬੋਰਡ ਮੈਂਬਰ ਵੀ ਹੈ। ਉਨ੍ਹਾਂ ਦਾ ਪੁੱਤਰ ਸੁਲੇਮਾਨ ਵੀ ਲਾਪਤਾ ਪਣਡੁੱਬੀ ਵਿੱਚ ਸਵਾਰ ਹੈ।

ਦਾਊਦ ਦੇ ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਸਾਡੇ ਪੁੱਤਰ ਸ਼ਹਿਜ਼ਾਦਾ ਦਾਊਦ ਅਤੇ ਉਨ੍ਹਾਂ ਦੇ ਪੁੱਤਰ ਸੁਲੇਮਾਨ ਅਟਲਾਂਟਿਕ ਮਹਾਸਾਗਰ ਵਿੱਚ ਟਾਇਟੈਨਿਕ ਦੇ ਮਲਬੇ ਨੂੰ ਦੇਖਣ ਲਈ ਯਾਤਰਾ 'ਤੇ ਗਏ ਸਨ।

ਫਿਲਹਾਲ ਉਨ੍ਹਾਂ ਦੀ ਛੋਟੀ ਪਣਡੁੱਬੀ ਦਾ ਸੰਪਰਕ ਟੁੱਟ ਗਿਆ ਹੈ ਅਤੇ ਇਸ ਬਾਰੇ ਅਜੇ ਸੀਮਿਤ ਜਾਣਕਾਰੀ ਹੀ ਉਬਲੱਬਧ ਹੈ। ਕਈ ਸਰਕਾਰੀ ਏਜੰਸੀਆਂ ਅਤੇ ਡੂੰਘੇ ਸਮੁੰਦਰੀ ਖੋਜ ਵਾਲੀਆਂ ਕੰਪਨੀਆਂ ਦੀ ਅਗਵਾਈ ਵਿੱਚ, ਪਣਡੁੱਬੀ ਨਾਲ ਸੰਪਰਕ ਮੁੜ ਸਥਾਪਿਤ ਕਰਨ ਅਤੇ ਇਸ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਲੈ ਕੇ ਆਉਣ ਲਈ ਠੋਸ ਯਤਨ ਜਾਰੀ ਹਨ।"

ਪਰਿਵਾਰ ਨੇ ਕਿਹਾ, "ਅਸੀਂ ਆਪਣੇ ਸਹਿਯੋਗੀਆਂ ਅਤੇ ਦੋਸਤਾਂ ਤੋਂ ਮਿਲੇ ਸੰਦੇਸ਼ਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਅਸੀਂ ਸਾਰਿਆਂ ਨੂੰ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਦੇ ਹੋਏ, ਇਸ ਸਮੇਂ ਪਰਿਵਾਰ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਨ ਲਈ ਕਹਿਣਾ ਚਾਹੁੰਦੇ ਹਾਂ।"

ਦਾਊਦ ਪਰਿਵਾਰ ਪਾਕਿਸਤਾਨ ਦੇ ਸਭ ਤੋਂ ਅਮੀਰ ਪਰਿਵਾਰਾਂ ਵਿੱਚੋਂ ਇੱਕ ਹੈ, ਪਰ ਉਨ੍ਹਾਂ ਦੇ ਬ੍ਰਿਟੇਨ ਨਾਲ ਵੀ ਡੂੰਘੇ ਸਬੰਧ ਹਨ।

ਸ਼ਹਿਜ਼ਾਦਾ ਦਾਊਦ ਐਂਗਰੋ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਹਨ। ਇਹ ਕੰਪਨੀ ਖਾਦ, ਭੋਜਨ ਅਤੇ ਊਰਜਾ ਖੇਤਰਾਂ ਵਿੱਚ ਕੰਮ ਕਰਦੀ ਹੈ।

ਬ੍ਰਿਟਿਸ਼ ਮੀਡੀਆ ਮੁਤਾਬਕ, ਸ਼ਹਿਜ਼ਾਦਾ ਦਾਊਦ ਦਾ ਜਨਮ ਪਾਕਿਸਤਾਨ 'ਚ ਹੋਇਆ ਸੀ ਪਰ ਬਾਅਦ 'ਚ ਉਹ ਬ੍ਰਿਟੇਨ ਚਲੇ ਗਏ।

ਉੱਥੇ ਉਨ੍ਹਾਂ ਨੇ ਬਕਿੰਘਮ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਫਿਲਾਡੇਲਫੀਆ ਯੂਨੀਵਰਸਿਟੀ ਤੋਂ ਗਲੋਬਲ ਟੈਕਸਟਾਈਲ ਮਾਰਕੀਟਿੰਗ ਵਿੱਚ ਐਮਐਸਸੀ ਵੀ ਕੀਤੀ।

ਫੋਟੋਗ੍ਰਾਫੀ ਦੇ ਸ਼ੌਕੀਨ, ਜਾਨਵਰਾਂ ਨਾਲ ਲਗਾਅ ਲਈ ਮਸ਼ਹੂਰ

ਸ਼ਹਿਜ਼ਾਦਾ ਦਾਊਦ ਇੱਕ ਸਪੇਸ ਰਿਸਰਚ ਕੰਪਨੀ 'ਸੇਟੀ' ਸੰਸਥਾਨ ਦੇ ਵੀ ਟਰੱਸਟੀ ਹਨ। ਇਸ ਸਬੰਧੀ ਕੁਝ ਜਾਣਕਾਰੀ ਸੰਸਥਾ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੈ।

ਇਨ੍ਹਾਂ ਜਾਣਕਾਰੀਆਂ ਮੁਤਾਬਕ, ਸ਼ਹਿਜ਼ਾਦਾ ਦਾਊਦ ਆਪਣੀ ਪਤਨੀ ਕ੍ਰਿਸਟੀਨ ਅਤੇ ਆਪਣੇ ਬੱਚਿਆਂ ਸੁਲੇਮਾਨ ਅਤੇ ਅਲੀਨਾ ਨਾਲ ਬ੍ਰਿਟੇਨ 'ਚ ਰਹਿ ਰਹੇ ਹਨ। ਉਹ ਫੋਟੋਗ੍ਰਾਫੀ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਨੂੰ ਜਾਨਵਰਾਂ ਪ੍ਰਤੀ ਆਪਣੇ ਲਗਾਅ ਲਈ ਵੀ ਜਾਣਿਆ ਜਾਂਦਾ ਹੈ।

ਉਹ ਦਾਊਦ ਹੇਰਾਕਲੀਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਹਨ। ਦਾਊਦ ਹੇਰਾਕਲੀਜ਼ ਕਾਰਪੋਰੇਸ਼ਨ, ਦਾਊਦ ਸਮੂਹ ਦਾ ਹਿੱਸਾ ਹਨ। ਇਹ ਪਰਿਵਾਰ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਵਪਾਰਕ ਜਗਤ ਵਿੱਚ ਆਪਣੀ ਥਾਂ ਕਾਇਮ ਰੱਖ ਰਿਹਾ ਹੈ।

ਸ਼ਹਿਜ਼ਾਦੇ ਦਾਊਦ ਸਾਲ 1996 ਵਿੱਚ ਆਪਣੇ ਪਰਿਵਾਰਕ ਕਾਰੋਬਾਰ ਦਾ ਹਿੱਸਾ ਬਣੇ ਸਨ। ਇੱਥੇ ਉਨ੍ਹਾਂ ਦੀ ਮੁਹਾਰਤ ਪਾਕਿਸਤਾਨ ਵਿੱਚ ਉਦਯੋਗਿਕ ਖੇਤਰ ਦੇ ਨਵੀਨੀਕਰਨ ਵਿੱਚ ਹੈ।

ਦਾਊਦ ਹੇਰਾਕਲੀਜ਼ ਕਾਰਪੋਰੇਸ਼ਨ ਵੱਖ-ਵੱਖ ਉਦਯੋਗਾਂ ਦਾ ਪ੍ਰਬੰਧਨ ਅਤੇ ਨਿਗਰਾਨੀ ਕਰਦਾ ਹੈ।

ਸ਼ਹਿਜ਼ਾਦਾ ਦਾਊਦ ਊਰਜਾ, ਖੇਤੀਬਾੜੀ, ਭੋਜਨ, ਪੈਟਰੋਕੈਮੀਕਲ ਅਤੇ ਟੈਕਸਟਾਈਲ ਦੇ ਖੇਤਰਾਂ ਵਿੱਚ ਵਿਕਾਸ ਅਤੇ ਨਵੀਨਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਸ਼ਹਿਜ਼ਾਦਾ, ਦਾਊਦ ਐਗਰੋ ਕਾਰਪੋਰੇਸ਼ਨ ਲਿਮਿਟੇਡ ਅਤੇ ਦਾਊਦ ਲਾਰੈਂਸਪੁਰ ਲਿਮਟਿਡ ਦੇ ਬੋਰਡ ਵਿੱਚ ਸ਼ੇਅਰਹੋਲਡਿੰਗ ਡਾਇਰੈਕਟਰ ਵੀ ਹਨ।

ਸਰਚ ਆਪਰੇਸ਼ਨ ਕਿੱਥੇ ਪਹੁੰਚਿਆ?

ਅਟਲਾਂਟਿਕ ਮਹਾਸਾਗਰ 'ਚ ਲਾਪਤਾ ਪਣਡੁੱਬੀ ਦੀ ਭਾਲ ਸੋਮਵਾਰ ਤੋਂ ਸ਼ੁਰੂ ਹੋ ਗਈ ਸੀ।

ਹਾਲਾਂਕਿ, ਮੰਗਲਵਾਰ ਨੂੰ ਭਾਲ ਕਰ ਰਹੇ ਬਚਾਅ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਉਸ ਖੇਤਰ ਦੇ ਨੇੜੇ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਹਨ, ਜਿੱਥੇ ਪਣਡੁੱਬੀ ਲਾਪਤਾ ਹੋਈ ਸੀ।

ਅਮਰੀਕੀ ਮੀਡੀਆ ਆਉਟਲੈਟਸ ਦੁਆਰਾ ਦੇਖੇ ਗਏ, ਅਮਰੀਕੀ ਸਰਕਾਰ ਦੇ ਇੱਕ ਮੀਮੋ ਅਨੁਸਾਰ, ਮੰਗਲਵਾਰ ਨੂੰ 30-ਮਿੰਟ ਦੇ ਅੰਤਰਾਲ 'ਤੇ ਇੱਕ ਜਹਾਜ਼ ਦੁਆਰਾ ਇਹ ਆਵਾਜ਼ਾਂ ਸੁਣੀਆਂ ਗਈਆਂ।

4 ਘੰਟੇ ਬਾਅਦ, ਵਾਧੂ ਸੋਨਾਰ ਦਾ ਇਸਤੇਮਾਲ ਕੀਤਾ ਗਿਆ ਅਤੇ ਉਸ ਵੇਲੇ ਵੀ ਇਹ ਅਵਾਜ਼ਾਂ ਸੁਣੀਆਂ ਗਈਆਂ। ਸੋਨਾਰ ਦੀ ਮਦਦ ਨਾਲ ਪਾਣੀ ਵਿੱਚ ਮੌਜੂਦ ਚੀਜ਼ਾਂ ਦਾ ਪਤਾ ਲਗਾਇਆ ਜਾਂਦਾ ਹੈ।

ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਬਚਾਅ ਕਾਰਜਾਂ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ, ਕਿਉਂਕਿ ਅਨੁਮਾਨ ਹੈ ਕਿ ਪਣਡੁੱਬੀ ਵਿੱਚ ਆਕਸੀਜਨ ਦਾ ਭੰਡਾਰ ਜ਼ਿਆਦਾ ਦੇਰ ਲਈ ਨਹੀਂ ਬਚਿਆ ਹੈ।

ਅਮਰੀਕਾ ਅਤੇ ਕੈਨੇਡਾ ਦੀ ਜਲ ਸੈਨਾ ਤੋਂ ਇਲਾਵਾ ਸਮੁੰਦਰ ਦੀ ਡੂੰਘਾਈ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਵੀ ਇਸ ਮੁਹਿੰਮ ਵਿੱਚ ਸ਼ਾਮਲ ਹਨ।

ਇਸ ਯਾਤਰਾ ਨੂੰ ਸੰਚਾਲਿਤ ਕਰਨ ਵਾਲੀ ਕੰਪਨੀ ਓਸ਼ਨਗੇਟ ਦਾ ਵੀ ਕਹਿਣਾ ਹੈ ਕਿ ਪਣਡੁੱਬੀ 'ਚ ਸਵਾਰ ਲੋਕਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਪਰੇਸ਼ਨ ਵਿੱਚ ਦੋ ਫੌਜੀ ਜਹਾਜ਼, ਇੱਕ ਸੋਨਾਰ ਅਤੇ ਇੱਕ ਪਣਡੁੱਬੀ ਦੀ ਮਦਦ ਲਈ ਜਾ ਰਹੀ ਹੈ।

ਯੂਐਸ ਕੋਸਟ ਗਾਰਡ ਦਾ ਕਹਿਣਾ ਹੈ ਕਿ ਪੋਲਰ ਪ੍ਰਿੰਸ ਨਾਮ ਦੇ ਇੱਕ ਜਹਾਜ਼ ਨੇ ਸੋਮਵਾਰ ਸ਼ਾਮ ਨੂੰ ਸਤਿਹ 'ਤੇ ਪਣਡੁੱਬੀ ਨੂੰ ਦੇਖਿਆ ਸੀ।

ਪਣਡੁੱਬੀ ਦੀ ਯਾਤਰਾ ਕਰਨ ਵਾਲੇ ਰਿਪੋਰਟ ਨੇ ਕੀ ਦੱਸਿਆ

ਸੀਬੀਐਸ ਦੇ ਇੱਕ ਰਿਪੋਰਟਰ ਡੇਵਿਡ ਪੋਗ ਨੇ ਪਿਛਲੇ ਸਾਲ ਉਸੇ ਪਣਡੁੱਬੀ ਵਿੱਚ ਯਾਤਰਾ ਕੀਤੀ ਸੀ, ਜੋ ਹੁਣ ਲਾਪਤਾ ਹੈ।

ਉਨ੍ਹਾਂ ਬੀਬੀਸੀ ਨੂੰ ਦੱਸਿਆ, "ਸ਼ਾਇਦ ਪਣਡੁੱਬੀ ਨਾਲ ਸੰਪਰਕ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿਉਂਕਿ ਰੇਡੀਓ ਜਾਂ ਜੀਪੀਐਸ ਪਾਣੀ ਦੇ ਅੰਦਰ ਕੰਮ ਨਹੀਂ ਕਰਦੇ।"

"ਜਦੋਂ ਕੋਈ ਜਹਾਜ਼ ਪਣਡੁੱਬੀ ਦੀ ਸਤ੍ਹਾ ਤੱਕ ਪਹੁੰਚਦਾ ਹੈ ਤਾਂ ਸੰਦੇਸ਼ ਭੇਜੇ ਜਾ ਸਕਦੇ ਹਨ। ਪਰ ਅਜੇ ਤੱਕ ਅਜਿਹੀਆਂ ਕੋਸ਼ਿਸ਼ਾਂ ਦਾ ਕੋਈ ਜਵਾਬ ਨਹੀਂ ਆਇਆ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਪਣਡੁੱਬੀ ਤੋਂ ਬਾਹਰ ਨਿਕਲਣ ਦਾ ਕੋਈ ਹੋਰ ਰਸਤਾ ਨਹੀਂ ਹੈ ਕਿਉਂਕਿ ਇਸ ਵਿੱਚ ਮੌਜੂਦ ਲੋਕਾਂ ਨੂੰ ਸਿਰਫ਼ ਬਾਹਰੋਂ ਹੀ ਕੱਢਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)