ਆਸਕਰ 2023: ਪੰਜਾਬਣ ਦੀ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਨੇ ਜਿੱਤਿਆ ਆਸਕਰ, ਜਾਣੋ ਕੌਣ ਹੈ ਗੁਨੀਤ ਮੋਂਗਾ

ਤਸਵੀਰ ਸਰੋਤ, Getty Images
- ਲੇਖਕ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
ਗੁਨੀਤ ਮੋਂਗਾ ਦੀ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਨੇ 95ਵੇਂ ਕੌਮਾਂਤਰੀ ਆਸਕਰ ਐਵਾਰਡ ਨੂੰ ਆਪਣੇ ਨਾਮ ਕਰ ਲਿਆ ਹੈ।
ਗੁਨੀਤ ਮੌਂਗਾ ਫਿਲਮ ਦੇ ਨਿਰਮਾਤਾ ਹਨ ਜਦਕਿ ਫਿਲਮ ਦਾ ਨਿਰਦੇਸ਼ਨ ਕਾਰਤਿਕੀ ਗੌਨਸਾਲਵਿਸ ਨੇ ਕੀਤਾ ਹੈ।
ਗੁਨੀਤ ਮੋਂਗਾ ਨੇ ਸਨਮਾਨ ਹਾਸਿਲ ਕਰਨ ਤੋੋਂ ਬਾਅਦ ਇੱਕ ਟਵੀਟ ਕਰਕੇ ਆਪਣੀ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਅਸੀਂ ਹੁਣੇ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਪਹਿਲਾ ਆਸਕਰ ਜਿੱਤਿਆ ਹੈ। ਅਜਿਹਾ ਦੋ ਔਰਤਾਂ ਨੇ ਕੀਤਾ। ਮੈਂ ਹਾਲੇ ਵੀ ਕੰਬ ਰਹੀ ਹਾਂ।”
ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਦੀ ਆਸਕਰ ਨਾਮਜਦਗੀ ਦੇ ਪਲ ਕੈਮਰੇ ਵਿੱਚ ਕੈਦ ਹੋਏ ਸਨ।
ਗੁਨੀਤ ਸਣੇ ਪੂਰੀ ਟੀਮ ਦਾ ਜੋਸ਼ ਤੇ ਖ਼ੁਸ਼ੀ ਦੇਖਣ ਵਾਲੀ ਸੀ।

ਤਸਵੀਰ ਸਰੋਤ, Getty Images
ਗੁਨੀਤ ਨੇ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਫ਼ਿਲਮ ਨੂੰ ਸਾਂਝੇ ਤੌਰ ਉੱਤੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਅਚਿਨ ਜੈਨ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਇਸ ਫਿਲਮ ਦੀ ਨਿਰਦੇਸ਼ਕ ਕਾਰਤਿਕੀ ਗੌਨਸਾਲਵਿਸ ਹਨ।
‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਫ਼ਿਲਮ 8 ਦਸੰਬਰ 2022 ਨੂੰ ਨੈੱਟਫ਼ਲਿਕਸ ਉੱਤੇ ਰਿਲੀਜ਼ ਹੋਈ ਸੀ।

ਤਸਵੀਰ ਸਰੋਤ, Twitter/Guneet Monga

ਖ਼ਾਸ ਗੱਲਾਂ...
- ਪੰਜਾਬਣ ਗੁਨੀਤ ਮੋਂਗਾ ਦੀ ਨਿਰਦੇਸ਼ਿਤ ਕੀਤੀ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਨੇ ਜਿੱਤਿਆਆਸਕਰ ਐਵਾਰਡ
- ‘ਡਾਕੂਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਲਈ ਨਾਮਜ਼ਦ ਹੋਈ ਸੀ ਫ਼ਿਲਮ
- ਫ਼ਿਲਮ ਦੇ ਸਹਿ-ਨਿਰਮਾਤਾ ਅਚਿਨ ਜੈਨ ਅਤੇ ਨਿਰਦੇਸ਼ਿਕਾ ਕਾਰਤਿਕੀ ਗੌਨਸਾਲਵਿਸ ਹਨ
- ਭਾਰਤ ਦੀ ਫ਼ਿਲਮ ਦਾ ਮੁਕਾਬਲਾ ਚਾਰ ਹੋਰ ਫ਼ਿਲਮਾਂ ਨਾਲ ਸੀ

ਆਸਕਰ ਵਿੱਚ ਐਂਟਰੀ ਤੋਂ ਬਾਅਦ ਗੁਨੀਤ ਨੇ ਕੀ ਕਿਹਾ ਸੀ

ਤਸਵੀਰ ਸਰੋਤ, FB/Guneet Monga
ਆਸਕਰ ਵਿੱਚ ਲਘੂ ਫ਼ਿਲਮ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਦੀ ਐਂਟਰੀ ਤੋਂ ਬਾਅਦ ਗੁਨੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇੱਕ ਨੋਟ ਲਿਖਿਆ ਸੀ। ਇਸ ਨੋਟ ਨਾਲ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਪੋਸਟਰ ਵੀ ਸਾਂਝੇ ਕੀਤੇ ਕਤੇ ਸਨ।
ਗੁਨੀਤ ਨੇ ਲਿਖਿਆ, ‘‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼ ਭਗਤੀ ਅਤੇ ਪਿਆਰ ਲਈ ਕਵਿਤਾ ਹੈ। ਸੋਹਣੇ ਏਲੀ ਰਘੂ ਲਈ ਬਿਨਾਂ ਸ਼ਰਤ ਬਿਨਾਂ ਕਿਸੇ ਸਵਾਰਥ ਦੇ ਪਿਆਰ ਲਈ ਇੱਕ ਕਵਿਤਾ, ਜਿਸ ਨੇ ਸਾਡੇ ਇਨਸਾਨਾਂ ਵਾਂਗ ਸਾਰੀਆਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਪਰ ਦੋ ਹੀ ਲੋਕ ਉਸ ਨੂੰ ਸੁਣ ਸੁਕੇ.... ਬੋਮਨ ਅਤੇ ਬੈਲੀ।‘’
‘’ਮੈਂ ਕਾਰਤਿਕੀ (ਨਿਰਦੇਸ਼ਕ) ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪਵਿੱਤਰ ਰਿਸ਼ਤੇ ਦੀ ਭਾਲ ਕੀਤੀ ਅਤੇ ਸਾਡੇ ਉੱਤੇ ਐਨੀਂ ਸ਼ੁੱਧ ਅਤੇ ਵਾਸਤਵਿਕ ਕਹਾਣੀ ਦੇ ਨਾਲ ਭਰੋਸਾ ਕੀਤਾ।’’
‘‘ਇਹ ਨਾਮਜ਼ਦਗੀ ਮੇਰੇ ਕਹਾਣੀਆਂ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਨਾਲ ਹੀ ਉਨ੍ਹਾਂ ਲੋਕਾਂ ਲਈ ਵੀ ਜੋ ਪੂਰੀ ਤਨਦੇਹੀ ਨਾਲ ਖ਼ੁਦ ਨੂੰ ਇੱਕ ਵੱਡੇ ਦ੍ਰਿਸ਼ਟੀਕੋਣ ਪ੍ਰਤੀ ਸਮਰਪਿਤ ਕਰਦੇ ਹਨ।‘’
‘’ਇਹ ਮਾਸੂਮੀਅਤ ਅਤੇ ਇਮਾਨਦਾਰੀ ਹੈ ਜਿਸ ਨੇ ਇਨ੍ਹਾਂ ਸਰਹੱਦਾਂ ਨੂੰ ਪਾਰ ਕੀਤਾ ਅਤੇ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਨੂੰ ਊਟੀ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਯਾਤਰਾ ਕਰਵਾਈ ਜੋ ਸਿਨੇਮਾ ਦੇ ਸਭ ਤੋਂ ਵੱਡੇ ਮੰਚ ਤੱਕ ਪਹੁੰਚੀ। ਮੇਰੀ ਪਿਆਰੀ ਟੀਮ ਸਿੱਖਿਆ – ਇਹ ਨਾਮਜ਼ਦਗੀ ਆਪਣੇ ਆਪ ਵਿੱਚ ਇੱਕ ਵੱਡਾ ਇਨਾਮ ਹੈ, ਆਓ ਉਸੇ ਵਿਸ਼ਵਾਸ ਨਾਲ ਆਖਰੀ ਛਾਲ ਮਾਰੀਏ।’’
ਆਸਕਰ 2023 ਲਈ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਦੇ ‘ਡਾਕਿਊਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਵਿੱਚ ਨਾਮਜ਼ਦਗੀ ਤੋਂ ਬਾਅਦ ਗੁਨੀਤ ਅਤੇ ਉਨ੍ਹਾਂ ਦੀ ਟੀਮ ਨੂੰ ਵੱਡੀਆਂ-ਵੱਡੀਆਂ ਸ਼ਖ਼ਸੀਅਤਾਂ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਜਾਰੀ ਹੈ।
ਇਨ੍ਹਾਂ ਵਿੱਚ ਸੰਗੀਤਕਾਰ ਏ ਆਰ ਰਹਿਮਾਨ, ਨਿਰਦੇਸ਼ਕ ਰਾਜਾਮੌਲੀ ਅਤੇ ਪ੍ਰੋਡਿਊਸਰ ਕਰਨ ਜੌਹਰ ਸ਼ਾਮਲ ਹਨ।

ਤਸਵੀਰ ਸਰੋਤ, FB/Guneet Monga

ਇਹ ਵੀ ਪੜ੍ਹੋ-

ਭਾਰਤ ਦੀ ਫ਼ਿਲਮ ਦਾ ਮੁਕਾਬਲਾ ਹੋਰ ਕਿਹੜੀਆਂ ਫ਼ਿਲਮਾਂ ਨਾਲ

ਤਸਵੀਰ ਸਰੋਤ, Twitter/@TheAcademy
ਦੱਸ ਦਈਏ ਕਿ ਆਸਕਰ 2023 ਦੀ ‘ਡਾਕਿਊਮੈਂਟਰੀ ਸ਼ਾਰਟ ਫ਼ਿਲਮ ਕੈਟੇਗਰੀ’ ਵਿੱਚ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਦਾ ਮੁਕਾਬਲਾ ਚਾਰ ਹੋਰ ਫ਼ਿਲਮਾਂ ਨਾਲ ਹੋਵੇਗਾ।
‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਦੀ ਕਹਾਣੀ ਇੱਕ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਤਾਮਿਲਨਾਡੂ ਦੇ ਟਾਈਗਰ ਰਿਜ਼ਰਵ ਵਿੱਚ ਦੋ ਅਨਾਥ ਹਾਥੀ ਦੇ ਬੱਚਿਆਂ ਨੂੰ ਗੋਦ ਲੈਂਦਾ ਹੈ।
ਭਾਰਤ ਵੱਲੋਂ ‘ਦਿ ਐਲੀਫ਼ੈਂਟ ਵ੍ਹਿਸਪ੍ਰਰਜ਼’ ਤੋਂ ਇਲਾਵਾ ਹੋਰ ਮੁਲਕਾਂ ਤੋਂ ਨਾਮਜ਼ਦ ਲਘੂ ਫ਼ਿਲਮਾਂ ਵਿੱਚ ‘ਹਾਲ ਆਊਟ’, ‘ਹਾਓ ਡੂ ਯੂ ਮਈਅਰ ਅ ਈਅਰ’,‘ਦਿ ਮਾਰਥਾ ਮਿਸ਼ੇਲ ਇਫੈਕਟ’ ਅਤੇ ‘ਸਟ੍ਰੇਂਜਰ ਐਟ ਦਿ ਗੇਟ’ ਸ਼ਾਮਲ ਹਨ।
ਕੌਣ ਹਨ ਗੁਨੀਤ ਮੋਂਗਾ?

ਤਸਵੀਰ ਸਰੋਤ, FB/Guneet Monga
ਗੁਨੀਤ ਦਾ ਤਾਲੁਕ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਨਾਲ ਹੈ।
ਉਨ੍ਹਾਂ ਦੀ ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਨ੍ਹਾਂ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਰਸਿਟੀ ਤੋਂ 2001 ਤੋਂ 2004 ਦਰਮਿਆਨ ਪੱਤਰਕਾਰੀ ਵਿੱਚ ਗ੍ਰੈਜੁਏਸ਼ਨ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਫ਼ਿਲਮ ਅਤੇ ਮਨੋਰੰਜਨ ਖੇਤਰ ਨਾਲ ਜੁੜੀਆਂ ਕਈ ਕੰਪਨੀਆਂ ਵਿੱਚ ਕੰਮ ਕੀਤਾ ਹੈ।
ਇਨ੍ਹਾਂ ਕੰਪਨੀਆਂ ਵਿੱਚ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਮੋਸ਼ਨ ਪਿਕਚਰਜ਼, ਨਿਰਦੇਸ਼ਕ ਅਨੁਰਾਗ ਕਸ਼ਿਅਪ ਦੀ ਕੰਪਨੀ ਅਨੁਰਾਗ ਕਸ਼ਿਅਪ ਫ਼ਿਲਮਜ਼ ਪ੍ਰੋਡਕਸ਼ਨ ਵੀ ਸ਼ਾਮਲ ਹਨ।
ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਹ ਅਪ੍ਰੈਲ 2008 ਤੋਂ ਸਿੱਖਿਆ ਐਂਟਰਟੇਨਮੈਂਟ ਦੀ ਸੀਈਓ ਅਤੇ ਸੰਸਥਾਪਕ ਹਨ।
ਗੁਨੀਤ ਮੋਂਗਾ ਦਾ ਆਪਣਾ ਪ੍ਰੋਡਕਸ਼ਨ ਹਾਊਸ ਸਿੱਖਿਆ ਐਂਟਰਟੇਨਮੈਂਟ ਹੈ। ਅਚਿਨ ਜੈਨ ਇਸ ਦੇ ਸਹਿ ਸੰਸਥਾਪਕ ਹਨ।

ਤਸਵੀਰ ਸਰੋਤ, Insta/GuneetMonga
ਦਸੰਬਰ 2022 ਵਿੱਚ ਗੁਨੀਤ ਮੋਂਗਾ ਨੇ ਸੰਨੀ ਕਪੂਰ ਨਾਲ ਵਿਆਹ ਕਰਵਾਇਆ।
ਸੰਨੀ ਕਪੂਰ ਇੱਕ ਕਾਰੋਬਾਰੀ ਹਨ ਅਤੇ ਦੋਵਾਂ ਦਾ ਆਨੰਦ ਕਾਰਜ ਮੁੰਬਈ ਦੇ ਇੱਕ ਗੁਰਦੁਆਰੇ ਵਿੱਚ ਹੋਇਆ ਸੀ।
ਸਿੱਖਿਆ ਐਂਟਰਟੇਨਮੈਂਟ ਅਧੀਨ ਕਿਹੜੀਆਂ ਫ਼ਿਲਮਾਂ ਬਣਾਈਆਂ

ਤਸਵੀਰ ਸਰੋਤ, FB/Guneet Monga
ਗੁਨੀਤ ਮੋਂਗਾ ਅਤੇ ਅਚਿਨ ਜੈਨ ਦੇ ਸਾਂਝੇ ਪ੍ਰੋਡਕਸ਼ਨ ਹਾਊਸ ਸਿੱਖਿਆ ਐਂਟਰਟੇਨਮੈਂਟ ਅਧੀਨ ਕਈ ਫ਼ਿਲਮਾਂ ਚਰਚਾ ਦਾ ਵਿਸ਼ਾ ਰਹੀਆਂ ਹਨ।
ਗੁਨੀਤ ਮੋਂਗਾ ਇਸ ਕੰਪਨੀ ਦੀ ਸੰਸਥਾਪਕ ਹਨ ਅਤੇ ਅਚਿਨ ਜੈਨ ਸਹਿ-ਸੰਸਥਾਪਕ ਹਨ।
ਵੱਖਰੇ ਵਿਸ਼ੇ ਅਤੇ ਕਿਸਮ ਦੀਆਂ ਫ਼ਿਲਮਾਂ ਨੂੰ ਬਤੌਰ ਨਿਰਮਾਤਾ ਬਣਾਉਣ ਲਈ ਜਾਣੇ ਜਾਂਦੇ ਸਿੱਖਿਆ ਐਂਟਰਟੇਨਮੈਂਟ ਦੀ ਝੋਲੀ ਕਈ ਕੌਮੀ ਐਵਾਰਡ ਆ ਚੁੱਕੇ ਹਨ।
ਗੁਨੀਤ ਤੇ ਅਚਿਨ ਦੀ ਟੀਮ ਨੇ ਸਿੱਖਿਆ ਐਂਟਰਟੇਨਮੈਂਟ ਬੈਨਰ ਹੇਠਾਂ ਕਈ ਫ਼ਿਲਮਾਂ ਬਣਾਈਆਂ ਹਨ।
ਇਨ੍ਹਾਂ ਫ਼ਿਲਮਾਂ ਵਿੱਚ ਕਈ ਵੱਡੇ ਨਾਮ ਨਜ਼ਰ ਆ ਚੁੱਕੇ ਹਨ, ਜਿਨ੍ਹਾਂ ਵਿੱਚ ਇਰਫ਼ਾਨ ਖ਼ਾਨ, ਦਿਵਿਆ ਦੱਤਾ, ਵਿੱਕੀ ਕੌਸ਼ਲ, ਸਾਨੀਆ ਮਲਹੋਤਰਾ ਆਦਿ ਸ਼ਾਮਲ ਹਨ।

ਤਸਵੀਰ ਸਰੋਤ, FB/Guneet Monga
ਇਸ ਬੈਨਰ ਹੇਠਾਂ ਕਈ ਫ਼ਿਲਮਾਂ ਦੇ ਨਾਮ ਵੀ ਮੋਹਰੀ ਹਨ ਜਿਵੇਂ...
- ਪਗਲੇਟ
- ਦਿ ਲੰਚ ਬਾਕਸ
- ਮਸਾਨ
- ਪੀਰੀਅਡ..ਐਂਡ ਆਫ਼ ਸੈਂਟੇਂਸ
- ਹਰਾਮਖੋਰ
- ਮੌਨਸੂਨ ਸ਼ੂਟ ਆਊਟ
- ਵਟ ਵਿਲ ਪੀਪਲ ਸੇਅ
- ਗੈਂਗਸ ਆਫ਼ ਵਾਸੇਪੁਰ
- ਜ਼ੁਬਾਨ













