ਬ੍ਰੇਨ ਸਟ੍ਰੋਕ ਕੀ ਹੈ? ਜੇਕਰ ਕਿਸੇ ਵਿਅਕਤੀ ਵਿੱਚ ਸਟ੍ਰੋਕ ਦੇ ਲੱਛਣ ਹੋਣ ਤਾਂ ਕੀ ਕਰੀਏ?

ਫਿਲਮ ਅਦਾਕਾਰ ਅਤੇ ਨੇਤਾ ਮਿਥੁਨ ਚੱਕਰਵਰਤੀ ਨੂੰ 10 ਫਰਵਰੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਉਨ੍ਹਾਂ ਦੇ ਐੱਮਆਰਆਈ ਸਮੇਤ ਕੁਝ ਜ਼ਰੂਰੀ ਟੈਸਟ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸੇਰੇਬ੍ਰਲ ਇਸਕੇਮਿਕ ਐਕਸੀਡੈਂਟ (ਸਟ੍ਰੋਕ) ਹੋਣ ਦਾ ਪਤਾ ਲੱਗਿਆ। ਹਾਲਾਂਕਿ ਹੁਣ ਉਹ ਬਿਹਤਰ ਹਨ।

ਸ਼ਨਿਚਰਵਾਰ (17 ਫਰਵਰੀ) ਦੀ ਰਾਤ ਨੂੰ ਗੁਜਰਾਤ ਦੇ ਖੇਤੀਬਾੜੀ ਮੰਤਰੀ ਰਾਘਵਜੀ ਪਟੇਲ ਨੂੰ ਬੋਲਣ ਵਿੱਚ ਦਿੱਕਤ ਮਹਿਸੂਸ ਹੋਣ ਦੇ ਨਾਲ ਹੀ ਪਿੱਠ ਵਿੱਚ ਦਰਦ ਹੋਣ ਲੱਗਾ।

ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸੀਟੀ ਸਕੈਨ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ। ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।

ਅਸਲ ਵਿੱਚ ਬ੍ਰੇਨ ਸਟ੍ਰੋਕ (ਦਿਮਾਗੀ ਦੌਰਾ) ਹੁੰਦਾ ਕੀ ਹੈ? ਇਸ ਦੇ ਲੱਛਣ ਕੀ ਹਨ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਸਟ੍ਰੋਕ ਦੁਨੀਆਂ ਭਰ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। 2013 ਵਿੱਚ ਇਸ ਕਾਰਨ ਲਗਭਗ 65 ਲੱਖ ਮੌਤਾਂ ਹੋਈਆਂ ਸਨ।

ਆਈਸੀਐੱਮਆਰ ਨੇ ਹਾਲ ਹੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਅਨੁਸਾਰ 2016 ਵਿੱਚ ਭਾਰਤ ਵਿੱਚ ਸਟ੍ਰੋਕ ਮੌਤ ਦਾ ਚੌਥਾ ਪ੍ਰਮੁੱਖ ਕਾਰਨ ਸੀ।

ਬ੍ਰੇਨ ਸਟ੍ਰੋਕ ਕੀ ਹੈ?

ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਨਸ਼ਨ (ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਅਨੁਸਾਰ ਬ੍ਰੇਨ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਕਿਸੇ ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਜਾਂ ਦਿਮਾਗ ਤੋਂ ਅਚਾਨਕ ਖੂਨ ਵਹਿਣ ਲੱਗਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਦਾ ਸਮੇਂ ਸਿਰ ਹਸਪਤਾਲ ਪਹੁੰਚ ਕੇ ਇਲਾਜ ਕਰਵਾਇਆ ਜਾਵੇ ਜਾਂ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤਾਂ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਪਰ ਬ੍ਰੇਨ ਸਟ੍ਰੋਕ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਬ੍ਰੇਨ ਡੈੱਥ ਦਾ ਕਾਰਨ ਬਣ ਸਕਦਾ ਹੈ।

ਇਸ ਨਾਲ ਦਿਮਾਗ ਨੂੰ ਅਸਥਾਈ ਨੁਕਸਾਨ, ਲੰਬੇ ਸਮੇਂ ਦੀ ਅਪੰਗਤਾ, ਅਧਰੰਗ ਜਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

ਭਾਰਤ ਦੇ ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਸਟ੍ਰੋਕ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ।

1. ਇਸਕੇਮਿਕ ਸਟ੍ਰੋਕ

ਦਿਮਾਗ ਵਿੱਚ ਖੂਨ ਦੇ ਵਹਾਅ ਵਿੱਚ ਰੁਕਾਵਟ ਕਾਰਨ ਹੋਣ ਵਾਲੇ ਸਟ੍ਰੋਕ ਨੂੰ ‘ਇਸਕੇਮਿਕ ਸਟ੍ਰੋਕ’ ਕਿਹਾ ਜਾਂਦਾ ਹੈ। ਜੇਕਰ ਖੂਨ ਦਿਮਾਗ ਤੱਕ ਨਹੀਂ ਪਹੁੰਚਦਾ ਤਾਂ ਦਿਮਾਗ ਨੂੰ ਖੂਨ ਰਾਹੀਂ ਮਿਲਣ ਵਾਲੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਮਿਲਦੇ।

ਆਕਸੀਜਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਦਿਮਾਗ ਦੇ ਸੈੱਲ ਕੁਝ ਹੀ ਮਿੰਟਾਂ ਵਿੱਚ ਮਰਨੇ ਸ਼ੁਰੂ ਹੋ ਜਾਂਦੇ ਹਨ। ਖੂਨ ਦੀਆਂ ਨਾੜੀਆਂ ਵਿੱਚ ਪਲਾਕ ਨਾਮੀ ਚਰਬੀ ਵਰਗੇ ਪਦਾਰਥ ਦਾ ਨਿਰਮਾਣ ਵੀ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਪਾ ਸਕਦਾ ਹੈ।

2. ਹੈਮੋਰਾਜਿਕ ਸਟ੍ਰੋਕ

ਹੈਮੋਰਾਜਿਕ ਸਟ੍ਰੋਕ (ਜਿਸ ਨੂੰ ਆਮ ਤੌਰ ’ਤੇ ਦਿਮਾਗ ਦੀ ਨਾੜੀ ਫਟਣਾ ਜਾਂ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ) ਉਦੋਂ ਹੁੰਦਾ ਹੈ ਜਦੋਂ ਦਿਮਾਗ ਵਿੱਚ ਖੂਨ ਦੀਆਂ ਨਾੜੀਆਂ ਵਿੱਚੋਂ ਖੂਨ ਵਹਿਣ ਲੱਗਦਾ ਹੈ।

ਨਾੜੀਆਂ ਤੋਂ ਬਾਹਰ ਨਿਕਲਿਆ ਖੂਨ ਦਿਮਾਗ ਦੇ ਸੈੱਲਾਂ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਹੈਮੋਰਾਜਿਕ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਹਾਈ ਬਲੱਡ ਪ੍ਰੈੱਸ਼ਰ ਕਾਰਨ ਸਰੀਰ ਵਿੱਚ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ, ਯਾਨਿ ਗੁਬਾਰੇ ਵਰਗੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਫਟਣ ਦਾ ਖਤਰਾ ਹੁੰਦਾ ਹੈ।

ਮਾਹਰਾਂ ਮੁਤਾਬਕ 90 ਫੀਸਦੀ ਸਟ੍ਰੋਕ ਖੂਨ ਦੀਆਂ ਨਾੜੀਆਂ (ਇਸਕੇਮਿਕ) ਬਲਾਕ ਹੋਣ ਕਾਰਨ ਹੁੰਦੇ ਹਨ ਜਦਕਿ ਬਾਕੀ 10 ਫੀਸਦੀ ਅੰਦਰੂਨੀ ਖੂਨ ਵਹਿਣ ਕਾਰਨ ਹੁੰਦੇ ਹਨ।

ਗੁਜਰਾਤ ਵਿੱਚ ਨਿਊਰੋਲੋਜਿਸਟ ਡਾ. ਸੁਧੀਰ ਸ਼ਾਹ ਅਤੇ ਡਾ. ਹੇਲੀ ਸ਼ਾਹ ਨੇ ਆਪਣੀ ਕਿਤਾਬ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਹੈ।

‘‘80 ਤੋਂ 85 ਪ੍ਰਤੀਸ਼ਤ ਮਾਮਲਿਆਂ ਵਿੱਚ ਅਧਰੰਗ ਖੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਕਾਰਨ ਹੁੰਦਾ ਹੈ। 15 ਪ੍ਰਤੀਸ਼ਤ ਮਾਮਲਿਆਂ ਵਿੱਚ ਖੂਨ ਦੀਆਂ ਨਾੜੀਆਂ ਫਟਣਾ ਉਨ੍ਹਾਂ ਵਿੱਚੋਂ ਖੂਨ ਵਗਣ ਕਾਰਨ ਹੁੰਦਾ ਹੈ।’’

‘‘ਇਨ੍ਹਾਂ ’ਚੋਂ 25 ਫੀਸਦੀ ਮਾਮਲਿਆਂ ’ਚ ਦਿਮਾਗ ’ਚ ਛੋਟੀਆਂ ਖੂਨ ਦੀਆਂ ਨਾੜੀਆਂ ਦੀ ਸਮੱਸਿਆ ਹੁੰਦੀ ਹੈ। ਇਸ ਨੂੰ ਛੋਟੀ ਖੂਨ ਦੀ ਨਾੜੀ ਦੀ ਬਿਮਾਰੀ ਕਿਹਾ ਜਾਂਦਾ ਹੈ।’’

ਸਟ੍ਰੋਕ ਹੋਣ ’ਤੇ ਦਿਮਾਗ ਵਿੱਚ ਕੀ ਹੁੰਦਾ ਹੈ?

ਯੂਐੱਸ ਨੈਸ਼ਨਲ ਹਾਰਟ, ਲੰਗ ਅਤੇ ਬਲੱਡ ਇੰਸਟੀਚਿਊਟ ਦੇ ਅਨੁਸਾਰ ਦਿਮਾਗ ਸਰੀਰ ਦੀ ਗਤੀ ਨੂੰ ਕਾਬੂ ਕਰਦਾ ਹੈ।

ਸਾਡੀਆਂ ਯਾਦਾਂ ਨੂੰ ਸੰਭਾਲਣ ਦੇ ਨਾਲ-ਨਾਲ ਦਿਮਾਗ ਸਾਡੇ ਵਿਚਾਰਾਂ, ਭਾਵਨਾਵਾਂ ਅਤੇ ਭਾਸ਼ਾ ਦਾ ਸਰੋਤ ਵੀ ਹੈ।

ਇਸ ਤੋਂ ਇਲਾਵਾ ਦਿਮਾਗ ਸਾਹ ਅਤੇ ਪਾਚਨ ਵਰਗੀਆਂ ਕਈ ਸਰੀਰਿਕ ਕਿਰਿਆਵਾਂ ਨੂੰ ਵੀ ਕੰਟਰੋਲ ਕਰਦਾ ਹੈ।

ਦਿਮਾਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਖੂਨ ਦੀਆਂ ਨਾੜੀਆਂ ਦਿਮਾਗ ਦੇ ਸਾਰੇ ਹਿੱਸਿਆਂ ਵਿੱਚ ਆਕਸੀਜਨ ਵਾਲਾ ਖੂਨ ਸਪਲਾਈ ਕਰਦੀਆਂ ਹਨ।

ਜੇਕਰ ਕਿਸੇ ਕਾਰਨ ਖੂਨ ਦੇ ਵਹਾਅ ਵਿੱਚ ਵਿਘਨ ਪੈ ਜਾਵੇ ਤਾਂ ਦਿਮਾਗ ਦੇ ਸੈੱਲ ਕੁਝ ਹੀ ਮਿੰਟਾਂ ਵਿੱਚ ਮਰਨ ਲੱਗਦੇ ਹਨ। ਕਿਉਂਕਿ ਉਨ੍ਹਾਂ ਨੂੰ ਆਕਸੀਜਨ ਨਹੀਂ ਮਿਲਦੀ। ਇਹ ਸਟ੍ਰੋਕ ਦਾ ਮੁੱਖ ਕਾਰਨ ਹੈ।

ਸਟ੍ਰੋਕ ਬਾਰੇ ਕੁਝ ਮਹੱਤਵਪੂਰਨ ਤੱਥ

1. ਲੱਛਣ:

ਸਟ੍ਰੋਕ ਦੇ ਲੱਛਣ ਬਹੁਤ ਤੇਜ਼ੀ ਨਾਲ ਵਿਕਸਤ ਹੁੰਦੇ ਹਨ। ਇਹ ਘੰਟਿਆਂ ਜਾਂ ਦਿਨਾਂ ਵਿੱਚ ਵੀ ਹੋ ਸਕਦਾ ਹੈ।

ਸਟ੍ਰੋਕ ਦੀ ਕਿਸਮ ਅਤੇ ਇਸ ਤੋਂ ਦਿਮਾਗ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੁੰਦਾ ਹੈ, ਇਸ ਦੇ ਆਧਾਰ ’ਤੇ ਵੱਖ-ਵੱਖ ਸਥਿਤੀਆਂ ਕਈ ਤਰ੍ਹਾਂ ਦੇ ਲੱਛਣ ਪੈਦਾ ਕਰ ਸਕਦੀਆਂ ਹਨ।

2. ਸਟ੍ਰੋਕ ਦੇ ਲੱਛਣ ਇਹ ਹੋ ਸਕਦੇ ਹਨ:

- ਅਚਾਨਕ ਘਬਰਾਹਟ ਹੋਣਾ, ਬੋਲਣ ਜਾਂ ਸ਼ਬਦਾਂ ਨੂੰ ਸਮਝਣ ਵਿੱਚ ਮੁਸ਼ਕਲ ਹੋਣਾ

- ਸੁੰਨ ਹੋਣਾ ਜਾਂ ਕਮਜ਼ੋਰੀ, ਖ਼ਾਸ ਕਰਕੇ ਸਰੀਰ ਦੇ ਇੱਕ ਪਾਸੇ ਦਾ ਸੁੰਨ ਹੋਣਾ

- ਬਿਨਾਂ ਕਿਸੇ ਕਾਰਨ ਅਚਾਨਕ ਤੇਜ਼ ਸਿਰ ਦਰਦ ਹੋਣਾ

- ਇੱਕ ਜਾਂ ਦੋਵੇਂ ਅੱਖਾਂ ਵਿੱਚ ਨਜ਼ਰ ਵਿੱਚ ਅਚਾਨਕ ਤਬਦੀਲੀ

- ਤੁਰਨ ਵਿੱਚ ਮੁਸ਼ਕਲ, ਚੱਕਰ ਆਉਣਾ ਜਾਂ ਸੰਤੁਲਨ ਖੋਣਾ

ਸਟ੍ਰੋਕ ਦੇ ਮੁੱਢਲੇ ਲੱਛਣਾਂ ਨੂੰ ਕਿਵੇਂ ਪਛਾਣੀਏ?

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਟ੍ਰੋਕ ਦਾ ਜਲਦੀ ਪਤਾ ਲਗਾਉਣ ਨਾਲ ਅਪਾਹਜਤਾ ਜਾਂ ਮੌਤ ਨੂੰ ਰੋਕਿਆ ਜਾ ਸਕਦਾ ਹੈ।

ਜੇਕਰ ਤੁਹਾਨੂੰ ਸਟ੍ਰੋਕ ਹੋਇਆ ਹੈ ਤਾਂ ਧਿਆਨ ਦੇਣ ਯੋਗ ਤਿੰਨ ਮੁੱਖ ਲੱਛਣ ਹਨ-

ਕੀ ਚਿਹਰਾ ਇੱਕ ਪਾਸੇ ਝੁਕਿਆ ਹੋਇਆ ਹੈ? ਜਾਂ ਇੱਕ ਬਾਂਹ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ? ਕੀ ਬੋਲਚਾਲ ਅਸਪੱਸ਼ਟ ਹੈ?

ਜੇਕਰ ਉਪਰੋਕਤ ਵਿੱਚੋਂ ਕਿਸੇ ਇੱਕ ਜਾਂ ਸਾਰੇ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ, ਤਾਂ ਵਿਅਕਤੀ ਨੂੰ ਸਟ੍ਰੋਕ ਹੋਇਆ ਹੋਵੇਗਾ। ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ।

ਜੇਕਰ ਕਿਸੇ ਵਿਅਕਤੀ ਨੂੰ ਸਟ੍ਰੋਕ ਦੇ ਲੱਛਣ ਹੋਣ ਤਾਂ ਕੀ ਕਰੀਏ?

ਮਾਹਰਾਂ ਮੁਤਾਬਕ ਜਿੰਨੀ ਜਲਦੀ ਹੋ ਸਕੇ, ਐਂਬੂਲੈਂਸ ਬੁਲਾਉਣੀ ਚਾਹੀਦੀ ਹੈ। ਮਰੀਜ਼ ਨੂੰ ਖ਼ੁਦ ਹਸਪਤਾਲ ਨਾ ਲੈ ਕੇ ਜਾਓ। ਤੁਰੰਤ ਇਲਾਜ ਲਈ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ।

ਹੇਲੀ ਸ਼ਾਹ ਨੇ ਬੀਬੀਸੀ ਨੂੰ ਦੱਸਿਆ, “ਜੇਕਰ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਰੁਕਾਵਟ ਹੋਣ ਦਾ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਹਰ ਸਕਿੰਟ ਦਿਮਾਗ ਦੇ 32,000 ਸੈੱਲ ਮਰ ਜਾਂਦੇ ਹਨ।”

“ਜੇਕਰ ਸਟ੍ਰੋਕ ਦੇ ਪਹਿਲੇ ਤਿੰਨ ਘੰਟਿਆਂ ਦੇ ਅੰਦਰ ਟੀ.ਪੀ.ਏ. ਨਾਮ ਦਾ ਟੀਕਾ ਲਗਾਇਆ ਜਾਂਦਾ ਹੈ, ਤਾਂ ਸਟ੍ਰੋਕ ਦਾ ਖਤਰਾ ਕਾਫ਼ੀ ਘੱਟ ਹੋ ਸਕਦਾ ਹੈ ਅਤੇ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।”

“ਇਸ ਤੋਂ ਇਲਾਵਾ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ, ਦਿਮਾਗ ਦੇ ਸੈੱਲਾਂ ਦੀ ਸੁਰੱਖਿਆ ਲਈ ਦਵਾਈਆਂ, ਲੋੜ ਅਨੁਸਾਰ ਸਰਜਰੀ ਅਤੇ ਢੁਕਵੀਂ ਕਸਰਤ ਵੀ ਸਟ੍ਰੋਕ ਦੀ ਗੰਭੀਰਤਾ ਨੂੰ ਘਟਾ ਸਕਦੀ ਹੈ।”

ਇਹ ਟੀਕਾ ਦਿਮਾਗ ਦੇ ਖਰਾਬ ਹੋਏ ਖੇਤਰ ਵਿੱਚ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਨ ਵਿੱਚ ਮਦਦ ਕਰਦਾ ਹੈ।

ਕਿਹੜੇ ਟੈਸਟ ਕੀਤੇ ਜਾਂਦੇ ਹਨ?

ਜੇਕਰ ਮਰੀਜ਼ ਨੂੰ ਸਟ੍ਰੋਕ ਹੋਇਆ ਹੈ, ਤਾਂ ਡਾਕਟਰ ਤੁਰੰਤ ਸੀਟੀ ਸਕੈਨ ਜਾਂ ਐੱਮਆਰਆਈ ਕਰਾਉਣ ਲਈ ਕਹੇਗਾ।

ਸਟ੍ਰੋਕ ਦੇ ਮੁੱਖ ਕਾਰਨ ਕੀ ਹਨ?

ਸਟ੍ਰੋਕ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਰੀਜ਼ ਨੂੰ ਅਜਿਹੀਆਂ ਸਥਿਤੀਆਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਮੁਤਾਬਕ ਕਦਮ ਚੁੱਕਣੇ ਚਾਹੀਦੇ ਹਨ।

- ਹਾਈ ਬਲੱਡ ਪ੍ਰੈੱਸ਼ਰ

- ਸ਼ੂਗਰ

- ਮੋਟਾਪਾ

- ਘੱਟ ਸਰੀਰਕ ਗਤੀਵਿਧੀ

- ਤੰਬਾਕੂ

- ਦਿਲ ਦੀ ਬਿਮਾਰੀ

- ਜ਼ਿਆਦਾ ਸ਼ਰਾਬ ਦਾ ਸੇਵਨ

- ਸਿਹਤ ਲਈ ਖਤਰਨਾਕ ਭੋਜਨ ਅਤੇ ਪੋਸ਼ਣ

- ਖੂਨ ਵਿੱਚ ਫੈਟ/ਚਰਬੀ ਦਾ ਉੱਚ ਪੱਧਰ

ਸਟ੍ਰੋਕ ਤੋਂ ਕਿਵੇਂ ਬਚਣਾ ਹੈ?

ਸਿਹਤਮੰਦ ਜੀਵਨਸ਼ੈਲੀ ਬਣਾਈ ਰੱਖਣ ਅਤੇ ਡਾਕਟਰੀ ਸਥਿਤੀਆਂ ਦਾ ਪ੍ਰਬੰਧਨ ਕਰਕੇ ਸਟ੍ਰੋਕ ਦੀਆਂ ਜ਼ਿਆਦਾਤਰ ਕਿਸਮਾਂ ਨੂੰ ਰੋਕਿਆ ਜਾ ਸਕਦਾ ਹੈ।

ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਨੂੰ ਅਗਲੇ ਇਲਾਜ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਲਈ ਡਾਕਟਰ ਦੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ।

ਜ਼ਿਆਦਾਤਰ ਸਮਾਂ ਸਿਹਤ ਪੇਸ਼ੇਵਰ ਮਰੀਜ਼ਾਂ ਨੂੰ ਹੇਠ ਲਿਖੀ ਸਲਾਹ ਦਿੰਦੇ ਹਨ।

ਐਸਪਰਿਨ: ਐਸਪਰਿਨ ਖੂਨ ਦੇ ਥੱਕਿਆਂ ਦੇ ਬਣਨ ਨੂੰ ਘਟਾ ਕੇ ਸਟ੍ਰੋਕ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਪਰ ਐਸਪਰਿਨ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਲਓ।

ਬਲੱਡ ਪ੍ਰੈੱਸ਼ਰ: ਤੁਸੀਂ ਸਿਹਤਮੰਦ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ।

ਕੋਲੈਸਟ੍ਰੋਲ: ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਅਤੇ ਡਾਕਟਰ ਦੁਆਰਾ ਦੱਸੀਆਂ ਗਈਆਂ ਦਵਾਈਆਂ ਲੈਣ ਨਾਲ ਸਟ੍ਰੋਕ ਦਾ ਖਤਰਾ ਘੱਟ ਜਾਵੇਗਾ।

ਸਿਗਰਟਨੋਸ਼ੀ: ਸਿਗਰਟਨੋਸ਼ੀ ਅਤੇ ਤੰਬਾਕੂ ਦੇ ਹੋਰ ਰੂਪਾਂ ਨੂੰ ਘੱਟ ਕਰਨਾ ਤੁਹਾਡੀ ਸਿਹਤ ਲਈ ਚੰਗਾ ਹੋ ਸਕਦਾ ਹੈ।

ਜੀਵਨਸ਼ੈਲੀ ਨੂੰ ਬਦਲਣਾ ਚਾਹੀਦਾ ਹੈ।

ਸਿਹਤ ਲਈ ਚੰਗਾ ਭੋਜਨ: ਬਲੱਡ ਪ੍ਰੈੱਸ਼ਰ ਨੂੰ ਘਟਾਉਣ ਜਾਂ ਕੰਟਰੋਲ ਕਰਨ ਲਈ ਸਿਹਤਵਰਧਕ ਭੋਜਨ ਦਾ ਸੇਵਨ ਕਰੋ।

ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਫਾਈਬਰ ਭਰਪੂਰ ਖਾਧ ਪਦਾਰਥ ਅਤੇ ਅਨਾਰ ਖਾਓ।

ਨਿਯਮਤ ਸਰੀਰਕ ਗਤੀਵਿਧੀ ਕਰੋ : ਨਿਯਮਤ ਸਰੀਰਕ ਗਤੀਵਿਧੀ ਤੁਹਾਡੇ ਭਾਰ ਨੂੰ ਕਾਬੂ ਵਿੱਚ ਰੱਖਣ ’ਚ ਤੁਹਾਡੀ ਮਦਦ ਕਰਦੀ ਹੈ। ਇਹ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖਦੀ ਹੈ।

ਸਿਹਤ ਮੰਤਰਾਲੇ ਮੁਤਾਬਕ ਲੋਕ ਆਪਣੀ ਜੀਵਨਸ਼ੈਲੀ ਨੂੰ ਬਦਲ ਕੇ ਇਸ ਬਿਮਾਰੀ ਤੋਂ ਦੂਰ ਰਹਿ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)