You’re viewing a text-only version of this website that uses less data. View the main version of the website including all images and videos.
ਐੱਸਯੂਵੀ ਗੱਡੀਆਂ ਦੀ ਵਿਕਰੀ ਕਿਉਂ ਵੱਧ ਹੋ ਰਹੀ ਹੈ ਤੇ ਲੋਕਾਂ ਵੱਲੋਂ ਇਸ ਨੂੰ ਵਧੇਰੇ ਪਸੰਦ ਕਰਨ ਦੇ ਕਾਰਨ ਕੀ ਹਨ
- ਲੇਖਕ, ਨਵੀਨ ਸਿੰਘ ਖੜਗੇ
- ਰੋਲ, ਬੀਬੀਸੀ ਪੱਤਰਕਾਰ
ਦੁਨੀਆ ਭਰ ਦੀਆਂ ਕਈ ਵੱਡੀਆਂ ਅਤੇ ਤੀਬਰ ਗਤੀ ਨਾਲ ਅਗਾਹ ਵੱਧ ਰਹੀਆਂ ਅਰਥਵਿਵਸਥਾਵਾਂ ਵਿੱਚ ਸੜਕਾਂ 'ਤੇ ਵੱਡੀ ਗਿਣਤੀ 'ਚ ਸਪੋਰਟਸ ਯੂਟਿਲਿਟੀ ਵਹੀਕਲ (ਐੱਸਯੂਵੀ) ਦੇਖੇ ਜਾ ਰਹੇ ਹਨ।
ਇਨ੍ਹਾਂ ਐੱਸਯੂਵੀ ਦੀ ਮੰਗ, ਉਸ ਦੌਰ ਵਿੱਚ ਵੱਧ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਅਤੇ ਹੋਰ ਸੰਗਠਨਾਂ ਵੱਲੋਂ ਆਲਮੀ ਤਪਸ਼ ਅਤੇ ਜਲਵਾਯੂ ਸੰਕਟ ਦੇ ਨਾਲ-ਨਾਲ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਕਾਰਨ ਛੋਟੇ ਅਤੇ ਵਧੇਰੇ ਵਾਤਾਵਰਣ ਅਨੁਕੂਲ ਵਾਹਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
2024 ਵਿੱਚ ਦੁਨੀਆ ਭਰ ਵਿੱਚ ਵਿਕਣ ਵਾਲੀਆਂ ਕਾਰਾਂ ਵਿੱਚੋਂ 54 ਫੀਸਦ ਐੱਸਯੂਵੀ ਸਨ।
ਦੁਨੀਆ ਦੇ ਸਭ ਤੋਂ ਵੱਡੇ ਉਦਯੋਗਾਂ ਬਾਰੇ ਮਾਰਕੀਟ ਡੇਟਾ ਅਤੇ ਹੋਰ ਜਾਣਕਾਰੀ ਇਕੱਠਾ ਕਰਨ ਵਾਲੀ ਸੰਸਥਾ ਗਲੋਬਲ ਡਾਟਾ ਦੇ ਅਨੁਸਾਰ, ਇਹ ਸਾਲ 2023 ਦੇ ਮੁਕਾਬਲੇ ਤਿੰਨ ਫੀਸਦ ਅਤੇ 2022 ਦੇ ਮੁਕਾਬਲੇ ਪੰਜ ਫੀਸਦ ਦਾ ਵਾਧਾ ਹੋਇਆ ਹੈ।
ਯੂਰਪ ਦਾ ਇੱਕ ਸੰਗਠਨ ਹੈ ਟਰਾਂਸਪੋਰਟ ਐਂਡ ਇਨਵਾਇਰਮੈਂਟ। ਇਸਦੇ ਅਧੀਨ ਟਰਾਂਸਪੋਰਟ ਤੇ ਵਾਤਾਵਰਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਈ ਗੈਰ ਸਰਕਾਰੀ ਸੰਗਠਨ ਆਉਂਦੇ ਹਨ।
ਟਰਾਂਸਪੋਰਟ ਐਂਡ ਇਨਵਾਰਮੈਂਟ ਦੇ ਜੇਮਜ਼ ਨਿਕਸ ਦੱਸਦੇ ਹਨ, "ਪਿਛਲੇ ਦਹਾਕੇ ਦੌਰਾਨ, ਐੱਸਯੂਵੀ ਦੀ ਗਿਣਤੀ 2014 ਵਿੱਚ ਪੰਜ ਵਿੱਚੋਂ ਇੱਕ ਨਵੀਂ ਵਿਕਰੀ ਤੋਂ ਵਧ ਕੇ 2024 ਤੱਕ ਦੋ ਵਿੱਚੋਂ ਇੱਕ ਤੋਂ ਵੱਧ ਹੋ ਗਈ ਹੈ।"
ਭਾਰਤ ਵਿੱਚ ਵੱਧ ਰਹੀ ਐੱਸਯੂਵੀ ਦੀ ਮੰਗ
ਗਲੋਬਲ ਡਾਟਾ ਦੇ ਅਨੁਸਾਰ, 2024 ਵਿੱਚ ਚੀਨ ਵਿੱਚ ਵਿਕਣ ਵਾਲੀਆਂ ਸਭ ਤੋਂ ਵੱਧ ਐੱਸਯੂਵੀ ਕਾਰਾਂ ਦੀ ਗਿਣਤੀ ਲਗਭਗ 11.6 ਮਿਲੀਅਨ ਹੈ। ਚੀਨ ਤੋਂ ਬਾਅਦ, ਅਮਰੀਕਾ, ਭਾਰਤ ਅਤੇ ਜਰਮਨੀ ਐੱਸਯੂਵੀ ਵਿਕਰੀ ਦੇ ਮਾਮਲੇ ਵਿੱਚ ਅੱਗੇ ਹਨ।
ਭਾਰਤ ਵਿੱਚ 2023 ਦੇ ਮੁਕਾਬਲੇ 2024 ਵਿੱਚ ਐੱਸਯੂਵੀ ਦੀ ਵਿਕਰੀ ਵਿੱਚ 14 ਫੀਸਦ ਦਾ ਵਾਧਾ ਹੋਇਆ ਹੈ।
ਜੇਮਜ਼ ਨਿਕਸ ਕਹਿੰਦੇ ਹਨ, "ਭਾਰਤ ਵਰਗੇ ਵਿਸ਼ਵ-ਵਿਆਪੀ ਬਾਜ਼ਾਰਾਂ ਵਿੱਚ ਐੱਸਯੂਵੀ ਦਾ ਕ੍ਰੇਜ਼ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।"
ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ ਅਨੁਸਾਰ, ਦੁਨੀਆ ਭਰ ਦੀਆਂ ਸੜਕਾਂ 'ਤੇ ਚੱਲ ਰਹੀਆਂ ਐੱਸਯੂਵੀ ਦੇ 95 ਫੀਸਦ ਨਵੇਂ ਅਤੇ ਪੁਰਾਣੇ ਮਾਡਲ ਤੇਲ 'ਤੇ ਚੱਲ ਰਹੇ ਹਨ। ਹਾਲਾਂਕਿ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਕਾਰਾਂ ਦੇ ਨਵੇਂ ਮਾਡਲ ਤੇਜ਼ੀ ਨਾਲ ਇਲੈਕਟ੍ਰਿਕ ਬਣ ਰਹੇ ਹਨ।
ਐੱਸਯੂਵੀ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ। ਇਹ ਭਾਰੀ ਅਤੇ ਵੱਡੇ ਵਾਹਨ ਹਨ ਅਤੇ ਇਨ੍ਹਾਂ ਦੇ ਅੰਦਰ ਬਹੁਤ ਜਗ੍ਹਾ ਹੁੰਦੀ ਹੈ।
ਇਨ੍ਹਾਂ ਵਿੱਚ, ਗਰਾਊਂਡ ਕਲੀਅਰੈਂਸ ਯਾਨੀ ਜ਼ਮੀਨ ਤੋਂ ਕਾਰ ਦੀ ਸਭ ਤੋਂ ਹੇਠਲੇ ਹਿੱਸੇ ਦੀ ਦੂਰੀ ਵੀ ਜ਼ਿਆਦਾ ਹੁੰਦੀ ਹੈ ਅਤੇ ਡਰਾਈਵਿੰਗ ਪੋਜ਼ੀਸ਼ਨ ਯਾਨੀ ਡਰਾਈਵਰ ਦੀ ਸੀਟ ਜ਼ਮੀਨ ਤੋਂ ਕਾਫ਼ੀ ਉੱਚੀ ਹੁੰਦੀ ਹੈ, ਜਿਸ ਕਾਰਨ ਡਰਾਈਵਰ ਨੂੰ ਸੜਕ ਦੀ ਬਿਹਤਰ ਦਿੱਖ ਮਿਲਦੀ ਹੈ।
ਹਾਲਾਂਕਿ, ਅੱਜਕੱਲ੍ਹ ਐੱਸਯੂਵੀ ਦੇ ਛੋਟੇ ਮਾਡਲ ਵੀ ਬਾਜ਼ਾਰ ਵਿੱਚ ਉਪਲਬਧ ਹਨ।
ਵਾਤਾਵਰਣ ਲਈ ਕਿਵੇਂ ਖ਼ਤਰਾ ਹਨ?
ਗ੍ਰੀਨਪੀਸ ਅਤੇ ਐਕਸਟਿੰਕਸ਼ਨ ਰਿਬੇਲੀਅਨ ਵਰਗੇ ਵਾਤਾਵਰਣ ਪ੍ਰਚਾਰਕ ਐੱਸਯੂਵੀ ਨੂੰ ਵਧੇਰੇ ਕਾਰਬਨ ਨਿਕਾਸ ਪੱਧਰਾਂ ਕਾਰਨ ਜਲਵਾਯੂ ਲਈ ਖ਼ਤਰਾ ਮੰਨਦੇ ਹਨ।
ਇੰਟਰਨੈਸ਼ਨਲ ਕੌਂਸਲ ਆਨ ਕਲੀਨ ਟ੍ਰਾਂਸਪੋਰਟੇਸ਼ਨ ਵਰਗੀਆਂ ਸੰਸਥਾਵਾਂ ਦਾ ਤਰਕ ਹੈ ਕਿ ਕਿਉਂਕਿ ਐੱਸਯੂਵੀ ਆਕਾਰ ਵਿੱਚ ਵੱਡੀਆਂ ਹੁੰਦੀਆਂ ਹਨ, ਇਸ ਲਈ ਉਹਨਾਂ ਨੂੰ ਬਣਾਉਣ ਲਈ ਬਹੁਤ ਜ਼ਿਆਦਾ ਸਰੋਤਾਂ ਦੀ ਖਪਤ ਹੁੰਦੀ ਹੈ। ਉਹ ਸੜਕਾਂ 'ਤੇ ਵੀ ਜ਼ਿਆਦਾ ਜਗ੍ਹਾ ਲੈਂਦੀਆਂ ਹਨ, ਜੋ ਕਿ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਵਿੱਚ ਦਰਜ ਏਜੰਡੇ ਦੇ ਉਲਟ ਹੈ।
ਇਹੀ ਕਾਰਨ ਹੈ ਕਿ ਛੋਟੇ ਅਤੇ ਇਲੈਕਟ੍ਰਿਕ ਵਾਹਨਾਂ 'ਤੇ ਧਿਆਨ ਕੇਂਦਰਿਤ ਕਰਨ ਦਾ ਵਿਚਾਰ ਹੈ।
ਹਾਲਾਂਕਿ ਜਿਵੇਂ-ਜਿਵੇਂ ਜਲਵਾਯੂ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਵਿਸ਼ਵ ਵਿਆਪੀ ਤਾਪਮਾਨ ਵਾਧੇ ਨੂੰ ਘਟਾਉਣ ਲਈ ਕਾਰਬਨ ਨਿਕਾਸ ਨੂੰ ਘਟਾਉਣਾ ਜ਼ਰੂਰੀ ਹੋ ਗਿਆ ਹੈ।
ਟਰਾਂਸਪੋਰਟ ਸੈਕਟਰ ਤੋਂ ਕਾਰਬਨ ਨਿਕਾਸ ਵਿੱਚ ਕਮੀ ਵੀ ਮਹੱਤਵਪੂਰਨ ਹੈ, ਪਰ ਚੀਜ਼ਾਂ ਇਸਦੇ ਉਲਟ ਹੋ ਰਹੀਆਂ ਹਨ।
ਅਸਲ ਵਿੱਚ ਜੋ ਹੋ ਰਿਹਾ ਹੈ ਉਹ ਇਹ ਹੈ ਕਿ ਜਾਪਾਨ, ਜਰਮਨੀ ਅਤੇ ਭਾਰਤ ਵਰਗੇ ਪ੍ਰਮੁੱਖ ਬਾਜ਼ਾਰਾਂ ਵਿੱਚ ਵਿਹਾਰਕ ਆਕਾਰ ਦੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ।
ਯੂਰਪ ਵਿੱਚ, ਐੱਸਯੂਵੀ ਦੀ ਵਿਕਰੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਤੋਂ ਵੱਧ ਹੋ ਗਈ ਹੈ, ਭਾਵੇਂ ਕਿ ਅੱਧੇ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਇਸ ਦੇ ਉਲਟ ਰੁਝਾਨ ਸਨ।
ਗਲੋਬਲ ਡਾਟਾ ਦੇ ਅਨੁਸਾਰ, 2018 ਵਿੱਚ ਯੂਰਪ ਵਿੱਚ 32.70 ਲੱਖ ਛੋਟੀਆਂ ਹੈਚਬੈਕ ਵਿਕੀਆਂ। ਇਨ੍ਹਾਂ ਵਿੱਚ ਪੈਟਰੋਲ ਜਾਂ ਡੀਜ਼ਲ ਅਤੇ ਇਲੈਕਟ੍ਰਿਕ ਕਾਰਾਂ ਦੋਵੇਂ ਸ਼ਾਮਲ ਸਨ। ਜਦੋਂ ਕਿ ਸਾਲ 2024 ਵਿੱਚ, ਸਿਰਫ਼ 21.30 ਲੱਖ ਅਜਿਹੀਆਂ ਕਾਰਾਂ ਹੀ ਵਿਕੀਆਂ ਸਨ।
ਗਲੋਬਲ ਡਾਟਾ ਦੇ ਸੇਲਜ਼ ਫੋਰਕਾਸਟ ਮੈਨੇਜਰ ਸੈਮੀ ਚੈਨ ਕਹਿੰਦੇ ਹਨ, "ਇਸਦਾ ਇੱਕ ਕਾਰਨ ਛੋਟੇ (ਆਕਾਰ) ਐੱਸਯੂਵੀ ਵਿਕਲਪਾਂ ਦਾ ਉਭਾਰ ਹੈ, ਜਿਸ ਨਾਲ ਯੂਰਪ ਵਿੱਚ ਵਿਕਰੀ 2018 ਵਿੱਚ 1.5 ਮਿਲੀਅਨ ਤੋਂ ਵਧ ਕੇ 2024 ਤੱਕ ਲਗਭਗ 2.5 ਮਿਲੀਅਨ ਹੋਣ ਦੀ ਉਮੀਦ ਹੈ।"
SUV ਦੀ ਮੰਗ ਵਧਣ ਦੇ ਕਾਰਨ
ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੀਆਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿੱਚ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਸੁਧਾਰ ਹੋ ਰਿਹਾ ਹੈ, ਜਿਸ ਦਾ ਸਿੱਧਾ ਫਾਇਦਾ ਐੱਸਯੂਵੀ ਨੂੰ ਹੋ ਰਿਹਾ ਹੈ।
"ਕੰਪਨੀਆਂ ਖਪਤਕਾਰਾਂ ਦੀ ਮੰਗ ਦੇ ਹਿਸਾਬ ਨਾਲ ਕੰਮ ਕਰ ਰਹੀਆਂ ਹਨ ਅਤੇ ਖਪਤਕਾਰ ਵਧੇਰੇ ਵਿਹਾਰਕ ਵਾਹਨਾਂ ਵੱਲ ਵੱਧ ਤੋਂ ਵੱਧ ਆਕਰਸ਼ਿਤ ਹੋ ਰਹੇ ਹਨ ਜੋ ਉਪਯੋਗੀ, ਆਰਾਮਦਾਇਕ ਹੋਣ ਅਤੇ ਸੜਕ 'ਤੇ ਵਧੀਆਂ ਦਿੱਖ ਪੇਸ਼ ਕਰਦੇ ਹਨ।"
ਸੋਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟ੍ਰੇਡਰਜ਼ ਦੇ ਮੁੱਖ ਕਾਰਜਕਾਰੀ ਮਾਈਕ ਹੌਸ ਕਹਿੰਦੇ ਹਨ, "ਹਾਲਾਂਕਿ ਆਟੋਮੋਬਾਈਲ ਉਦਯੋਗ ਦੇ ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਨਿਰਮਾਤਾ ਐੱਸਯੂਵੀ ਦੇ ਉੱਚ ਮੁਨਾਫ਼ੇ ਹਾਸਲ ਕਰਨਾ ਆਕਰਸ਼ਿਤ ਬਣਾ ਰਹੇ ਹਨ।''
ਇਸਦਾ ਮਤਲਬ ਹੈ ਕਿ ਕੰਪਨੀਆਂ ਗਿਣਤੀ ਪੱਖੋਂ ਘੱਟ ਵਾਹਨ ਬਣਾਉਣ ਦੇ ਬਾਵਜੂਦ ਵੀ ਐੱਸਯੂਵੀ ਤੋਂ ਜ਼ਿਆਦਾ ਪੈਸਾ ਕਮਾ ਸਕਦੇ ਹਨ।
ਯੂਰਪੀਅਨ ਟ੍ਰਾਂਸਪੋਰਟ ਸੇਫਟੀ ਕੌਂਸਲ ਦੇ ਸੰਚਾਰ ਪ੍ਰਬੰਧਕ ਡਡਲੀ ਕਰਟਿਸ ਕਹਿੰਦੇ ਹਨ, "ਇਹ ਉਦਯੋਗ ਹੀ ਹੈ ਜਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਵੱਡੀਆਂ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ਮੁਹਿੰਮਾਂ ਰਾਹੀਂ ਮੰਗ ਨੂੰ ਵਧਾਇਆ ਹੈ।"
ਉਹ ਕਹਿੰਦੇ ਹਨ, "ਆਟੋਮੋਬਾਈਲ ਇੰਡਸਟਰੀ ਨੇ ਐਸਯੂਵੀ ਰਾਹੀਂ ਦੂਜੀਆਂ ਕਾਰਾਂ ਵਾਂਗ ਪ੍ਰਦਰਸ਼ਨ ਕਰਨ ਵਾਲੇ ਵਾਹਨ ਲਈ ਵਧੇਰੇ ਪੈਸੇ ਵਸੂਲਣ ਦਾ ਇੱਕ ਸੌਖਾ ਤਰੀਕਾ ਲੱਭ ਲਿਆ ਹੈ।"
ਐੱਸਯੂਵੀ ਨੂੰ ਲੈ ਕੇ ਚਿੰਤਾ ਦਾ ਸਬੱਬ
ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੇ ਅਨੁਸਾਰ, ਸੜਕ 'ਤੇ ਚੱਲਣ ਵਾਲੀਆਂ ਲਗਭਗ 95 ਫੀਸਦ ਐੱਸਯੂਵੀ ਡੀਜ਼ਲ ਜਾਂ ਪੈਟਰੋਲ 'ਤੇ ਚੱਲਦੀਆਂ ਹਨ।
ਐੱਸਯੂਵੀ ਦੀ ਵਿਕਰੀ ਵਿੱਚ ਤੇਜ਼ੀ ਨਾਲ ਵਾਧੇ ਦੇ ਕਾਰਨ, ਏਜੰਸੀ ਦਾ ਅਨੁਮਾਨ ਹੈ ਕਿ 2022 ਅਤੇ 2023 ਦੇ ਵਿਚਕਾਰ ਇਹਨਾਂ ਵਾਹਨਾਂ ਵੱਲੋਂ ਤੇਲ ਦੀ ਖਪਤ ਵਿੱਚ ਵਿਸ਼ਵ ਪੱਧਰ 'ਤੇ ਪ੍ਰਤੀ ਦਿਨ 600,000 ਬੈਰਲ ਦਾ ਵਾਧਾ ਹੋਣ ਦੀ ਉਮੀਦ ਹੈ, ਜੋ ਕਿ ਵਿਸ਼ਵ ਤੇਲ ਦੀ ਮੰਗ ਵਿੱਚ ਕੁੱਲ ਵਾਧੇ ਦੇ ਇੱਕ ਚੌਥਾਈ ਤੋਂ ਵੱਧ ਹੈ।
ਏਜੰਸੀ ਦੇ ਊਰਜਾ ਮਾਡਲਰ ਅਪੋਸਟੋਲੋਸ ਪੈਟ੍ਰੋਪੌਲੋਸ ਕਹਿੰਦੇ ਹਨ, "ਜੇਕਰ ਦੇਸ਼ਾਂ ਦੇ ਹਿਸਾਬ ਨਾਲ ਦਰਜਾਬੰਦੀ ਕੀਤੀ ਜਾਵੇ, ਤਾਂ ਐੱਸਯੂਵੀ ਗੱਡੀਆਂ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਨਿਕਾਸੀ ਦੀ ਜ਼ਿਮੇਵਾਰ ਹੋਣਗੀਆਂ।"
ਏਜੰਸੀ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ 'ਤੇ ਚੱਲਣ ਵਾਲੀਆਂ ਦਰਮਿਆਨੀਆਂ ਕਾਰਾਂ ਦੇ ਮੁਕਾਬਲੇ, SUV 20 ਫੀਸਦ ਜ਼ਿਆਦਾ ਤੇਲ ਦੀ ਖਪਤ ਕਰਦੀਆਂ ਹਨ ਕਿਉਂਕਿ ਉਨ੍ਹਾਂ ਦਾ ਭਾਰ ਔਸਤਨ 300 ਕਿਲੋਗ੍ਰਾਮ ਜ਼ਿਆਦਾ ਹੁੰਦਾ ਹੈ।
ਸੜਕੀ ਆਵਾਜਾਈ ਵਿਸ਼ਵ ਪੱਧਰ 'ਤੇ 12 ਫੀਸਦ ਤੋਂ ਵੱਧ ਕਾਰਬਨ ਨਿਕਾਸ ਲਈ ਜ਼ਿੰਮੇਵਾਰ ਹੈ, ਜੋ ਕਿ ਆਲਮੀ ਤਪਸ਼ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਕੁਦਰਤੀ ਆਫ਼ਤ ਤੋਂ ਬਚਣਾ ਹੈ ਤਾਂ ਸਾਰੇ ਖੇਤਰਾਂ ਨੂੰ ਤੇਜ਼ੀ ਨਾਲ ਡੀਕਾਰਬਨਾਈਜ਼ ਕਰਨਾ ਚਾਹੀਦਾ ਹੈ।
ਪਰ ਉਦਯੋਗ ਦੇ ਪ੍ਰਤੀਨਿਧੀ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਹੁਣ ਵੇਚੀਆਂ ਜਾ ਰਹੀਆਂ ਸਾਰੀਆਂ ਐੱਸਯੂਵੀ ਕਾਰਬਨ ਨਿਕਾਸ ਵਿੱਚ ਵਾਧਾ ਨਹੀਂ ਕਰਦੀਆਂ।
ਮਾਈਕ ਹੌਸ ਕਹਿੰਦੇ ਹਨ, "ਹੁਣ ਵਿਕਣ ਵਾਲੇ ਪੰਜ ਵਿੱਚੋਂ ਦੋ ਐੱਸਯੂਵੀ ਮਾਡਲ ਜ਼ੀਰੋ-ਐਮਿਸ਼ਨ ਹਨ, "ਇਹ ਬਾਡੀ ਟਾਈਪ ਬਿਜਲੀਕਰਨ ਲਈ ਢੁਕਵੇਂ ਹਨ, ਲੰਬੀਆਂ ਬੈਟਰੀ ਰੇਂਜਾਂ ਦੇ ਨਾਲ ਜੋ ਚਾਰਜਿੰਗ ਤੱਕ ਪਹੁੰਚ ਬਾਰੇ ਚਿੰਤਤ ਖਪਤਕਾਰਾਂ ਨੂੰ ਭਰੋਸਾ ਦਿਵਾ ਸਕਦੇ ਹਨ।"
"ਇਸ ਨਾਲ 2000 ਤੋਂ ਬਾਅਦ ਨਵੀਆਂ ਦੋਹਰੇ ਉਦੇਸ਼ ਵਾਲੀਆਂ ਕਾਰਾਂ ਦੇ ਔਸਤ ਕਾਰਬਨ ਡਾਈਆਕਸਾਈਡ ਨਿਕਾਸ ਵਿੱਚ ਅੱਧੇ ਤੋਂ ਵੱਧ ਦੀ ਕਮੀ ਆਈ ਹੈ।"
ਹਾਲਾਂਕਿ ਜ਼ਿਆਦਾਤਰ ਨਵੀਆਂ ਐੱਸਯੂਵੀ ਵੀ ਜੈਵਿਕ ਬਾਲਣ 'ਤੇ ਚੱਲਦੀਆਂ ਹਨ, ਏਜੰਸੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ 2023 ਵਿੱਚ ਵੇਚੀਆਂ ਗਈਆਂ 20 ਫ਼ੀਸਦ ਤੋਂ ਵੱਧ ਐੱਸਯੂਵੀ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਣਗੀਆਂ, ਜੋ ਕਿ 2018 ਵਿੱਚ 2 ਫ਼ੀਸਦ ਤੋਂ ਵੱਧ ਹਨ।
ਇੰਟਰਨੈਸ਼ਨਲ ਕੌਂਸਲ ਆਨ ਕਲੀਨ ਟ੍ਰਾਂਸਪੋਰਟੇਸ਼ਨ ਨੇ ਸਾਲ 2022 ਵਿੱਚ ਯੂਰਪ ਵਿੱਚ ਬਿਜਲੀ ਅਤੇ ਤੇਲ ਦੋਵਾਂ 'ਤੇ ਚੱਲਣ ਵਾਲੇ ਹਾਈਬ੍ਰਿਡ ਵਾਹਨਾਂ 'ਤੇ ਇੱਕ ਅਧਿਐਨ ਕੀਤਾ ਸੀ।
ਇਸ ਵਿੱਚ ਪਾਇਆ ਗਿਆ ਕਿ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ (ਐਸਯੂਵੀ ਸਮੇਤ ਸਾਰੀਆਂ ਕਿਸਮਾਂ ਦੀਆਂ ਕਾਰਾਂ) ਦੁਆਰਾ ਤੈਅ ਕੀਤੀ ਗਈ ਕੁੱਲ ਦੂਰੀ ਦਾ ਸਿਰਫ 30 ਫੀਸਦ ਹੀ ਇਲੈਕਟ੍ਰਿਕ ਮੋਡ ਵਿੱਚ ਕਵਰ ਕੀਤਾ ਗਿਆ ਸੀ।
ਅਮਰੀਕਾ ਅਤੇ ਚੀਨ ਵਰਗੀਆਂ ਹੋਰ ਵੱਡੀਆਂ ਅਰਥਵਿਵਸਥਾਵਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਤੀਜੇ ਮਿਲੇ।
ਹਾਲਾਂਕਿ, ਕਾਰਬਨ ਨਿਕਾਸ ਤੋਂ ਇਲਾਵਾ, ਕੁਝ ਮਾਹਰ ਕਹਿੰਦੇ ਹਨ ਕਿ ਐੱਸਯੂਵੀ ਦੇ ਕਈ ਹੋਰ ਨੁਕਸਾਨਦੇਹ ਵਾਤਾਵਰਣ ਪ੍ਰਭਾਵ ਵੀ ਹੁੰਦੇ ਹਨ।
ਐੱਸਯੂਵੀ ਵਰਗੇ ਵੱਡੇ ਵਾਹਨਾਂ ਦੇ ਨਿਰਮਾਣ ਲਈ ਵਧੇਰੇ ਸਰੋਤਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਮਾਹਰਾਂ ਦਾ ਕਹਿਣਾ ਹੈ ਕਿ ਐੱਸਯੂਵੀ ਦੇ ਇਲੈਕਟ੍ਰਿਕ ਮਾਡਲਾਂ ਨੂੰ ਚਲਾਉਣ ਲਈ ਵੱਡੀਆਂ ਬੈਟਰੀਆਂ ਦੀ ਲੋੜ ਹੁੰਦੀ ਹੈ, ਜੋ ਕਿ ਮਹੱਤਵਪੂਰਨ ਖਣਿਜਾਂ ਦੀ ਮੰਗ ਨੂੰ ਹੋਰ ਵਧਾਉਂਦੀ ਹੈ, ਜਿਸ ਨਾਲ ਧਰਤੀ 'ਤੇ ਹੋਰ ਵੀ ਦਬਾਅ ਪੈਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਐੱਸਯੂਵੀ ਵੱਲ ਵਧਣ ਨਾਲ ਟਰਾਂਸਪੋਰਟ ਸੈਕਟਰ ਨੂੰ ਡੀਕਾਰਬੋਨਾਈਜ਼ ਕਰਨ ਜਾਂ ਕਾਰਬਨ ਨਿਕਾਸ ਘਟਾਉਣ ਦੇ ਯਤਨਾਂ ਵਿੱਚ ਰੁਕਾਵਟ ਆਈ ਹੈ।
ਆਈਈਏ ਨੇ ਕਿਹਾ, "ਭਾਰੀ ਵਾਹਨਾਂ, ਜਿਵੇਂ ਕਿ ਐੱਸਯੂਵੀ ਵੱਲ ਤਬਦੀਲੀ ਨੇ ਦੁਨੀਆ ਵਿੱਚ ਕਿਤੇ ਹੋਰ ਪ੍ਰਾਪਤ ਊਰਜਾ ਖਪਤ ਅਤੇ ਨਿਕਾਸ ਵਿੱਚ ਸੁਧਾਰਾਂ ਦੇ ਪ੍ਰਭਾਵ ਨੂੰ ਵੱਡੇ ਪੱਧਰ 'ਤੇ ਘਟਾ ਦਿੱਤਾ ਹੈ।"
ਯੂਕੇ ਸੰਸਦ ਦੀ ਜਲਵਾਯੂ ਪਰਿਵਰਤਨ ਕਮੇਟੀ ਵੀ ਦੇਸ਼ ਵਿੱਚ ਡੀਕਾਰਬੋਨਾਈਜ਼ੇਸ਼ਨ ਬਾਰੇ ਆਪਣੀ 2024 ਦੀ ਰਿਪੋਰਟ ਵਿੱਚ ਇਸੇ ਤਰ੍ਹਾਂ ਦੇ ਸਿੱਟੇ 'ਤੇ ਪਹੁੰਚੀ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ