ਪਟਿਆਲਾ: ਗੁਰਦੁਆਰਾ ਕੰਪਲੈਕਸ 'ਚ ਕਥਿਤ ਤੌਰ ਉੱਤੇ ਦਾਰੂ ਪੀਣ ਵਾਲੀ ਮਹਿਲਾ ਤੇ ਉਸ ਦੇ ਕਤਲ ਬਾਰੇ ਪੁਲਿਸ ਨੇ ਕੀ ਦੱਸਿਆ

    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਮ੍ਰਿਤਕ ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ, ਜੋ ਪਟਿਆਲਾ ਦੀ ਹੀ ਵਸਨੀਕ ਦੱਸੀ ਜਾ ਰਹੀ ਹੈ।

ਮਹਿਲਾ ਉੱਤੇ ਇਲਜ਼ਾਮ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ ਉੱਤੇ ਸ਼ਰਾਬ ਪੀ ਰਹੀ ਸੀ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ।

ਇਸ ਘਟਨਾ ਵਿੱਚ ਇੱਕ ਸੇਵਾਦਾਰ ਦੇ ਵੀ ਗੋਲੀ ਵੱਜੀ ਹੈ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਮਹਿਲਾ ਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ।

ਗੁਰਦੁਆਰੇ ਦੇ ਪ੍ਰਬੰਧਕ ਅਤੇ ਸੇਵਾਦਾਰਾਂ ਮੁਤਾਬਕ, ਹਮਲਾਵਰ ਸੰਗਤ ਵਿੱਚੋਂ ਹੀ ਸੀ, ਜਿਸ ਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਪਟਿਆਲਾ ਦੇ ਐੱਸਪੀ ਮੁਹੰਮਦ ਸਰਫਰਾਜ਼ ਆਲਮ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ''ਘਟਨਾ ਦੌਰਾਨ ਹਮਲਾਵਰ ਨੇ 4-5 ਗੋਲੀਆਂ ਚਲਾਈਆਂ। ਇਨ੍ਹਾਂ ਵਿੱਚੋਂ ਤਿੰਨ ਗੋਲ਼ੀਆਂ ਮਹਿਲਾ ਨੂੰ ਲੱਗੀਆਂ ਤੇ ਇੱਕ ਗੋਲ਼ੀ ਇੱਕ ਸੇਵਾਦਾਰ ਨੂੰ ਲੱਗੀ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।''

ਕਿਵੇਂ ਵਾਪਰੀ ਪੂਰੀ ਘਟਨਾ

ਐੱਸਐੱਸਪੀ ਮੁਤਾਬਕ, ਐਤਵਾਰ ਦੇਰ ਸ਼ਾਮ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇੱਕ ਮਹਿਲਾ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ 'ਤੇ ਸ਼ਰਾਬ ਪੀ ਰਹੀ ਸੀ।

ਉਸ ਮਹਿਲਾ ਨੂੰ ਦੇਖ ਕੇ ਉੱਥੋਂ ਦੇ ਸੇਵਾਦਾਰ ਤੇ ਹਾਜ਼ਰ ਸ਼ਰਧਾਲੂਆਂ ਨੇ ਉਸ ਨੂੰ ਸਵਾਲ-ਜਵਾਬ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਭੜਕੀ ਮਹਿਲਾ ਨੇ ਸ਼ਰਾਬ ਦੀ ਬੋਤਲ ਉੱਥੇ ਹੀ ਭੰਨ ਦਿੱਤੀ ਅਤੇ ਸੇਵਾਦਾਰ ਨਾਲ ਬਹਿਸ ਕਰਨ ਲੱਗੀ।

ਇਸੇ ਦੌਰਾਨ ਮਹਿਲਾ ਨੂੰ ਗੁਰਦੁਆਰੇ ਦੇ ਮੈਨੇਜਰ ਕੋਲ ਲੈ ਕੇ ਜਾਇਆ ਗਿਆ ਅਤੇ ਪੁਲਿਸ ਨੂੰ ਬੁਲਾਇਆ ਲਿਆ ਗਿਆ।

ਇਸੇ ਦੌਰਾਨ ਲੋਕਾਂ ਵਿੱਚ ਮੌਜੂਦ ਇੱਕ ਸ਼ਖਸ ਨੇ ਉਸਨੂੰ ਗੋਲੀਆਂ ਮਾਰ ਕੇ ਮਹਿਲਾ ਦਾ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ, ਮਹਿਲਾ ਕੋਲੋਂ ਜੋ ਆਧਾਰ ਕਾਰਡ ਮਿਲਿਆ ਹੈ ਉਸ ਉੱਤੇ ਪਟਿਆਲਾ ਦਾ ਹੀ ਪਤਾ ਹੈ ਜਦਕਿ ਗੁਰਦੁਆਰੇ ਦੇ ਹੈੱਡ ਗ੍ਰੰਥੀ ਮੁਤਾਬਕ ਉਨ੍ਹਾਂ ਕੋਲ ਪੁੱਛਗਿੱਛ ਦੌਰਾਨ ਮਹਿਲਾ ਨੇ ਆਪਣੇ ਆਪ ਨੂੰ ਚੰਡੀਗੜ੍ਹ-ਪੰਚਕੁਲਾ ਦੀ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਸੁਰੱਖਿਆ ਗਾਰਡ ਦੀ ਨੌਕਰੀ ਕਰਦੀ ਹੈ।

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਘਟਨਾ ਬਾਰੇ ਕੀ ਦੱਸਿਆ

ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਘਟਨਾ ਬਾਰੇ ਜਾਣਕਾਰੀ ਦਿੱਤੀ, ''ਰਾਤ ਨੂੰ 8 ਕੁ ਵਜੇ ਦੇ ਨੇੜੇ ਇੱਕ ਮਹਿਲਾ ਸਰੋਵਰ 'ਤੇ ਆਈ, ਜਿਸ ਨੇ ਪਹਿਲਾਂ ਹੀ ਕੁਝ ਸ਼ਰਾਬ ਪੀ ਰੱਖੀ ਸੀ ਤੇ ਇੱਕ ਸ਼ਰਾਬ ਦਾ ਪਊਆ ਉਸ ਕੋਲ ਲਿਫ਼ਾਫ਼ੇ ਵਿੱਚ ਸੀ।''

ਉਨ੍ਹਾਂ ਦੱਸਿਆ, ''ਉਹ ਸਰੋਵਰ 'ਤੇ ਸ਼ਰਾਬ ਪੀਣ ਲੱਗੀ ਤਾਂ ਸੰਗਤ ਨੇ ਉੱਥੇ ਮੌਜੂਦ ਮਹਿਲਾ ਸੇਵਾਦਾਰ ਨੂੰ ਜਾਣਕਾਰੀ ਦਿੱਤੀ। ਮਹਿਲਾ ਸੇਵਾਦਾਰ ਨੇ ਜਦੋਂ ਉਕਤ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੋਤਲ ਨਾਲ ਉਨ੍ਹਾਂ 'ਤੇ ਹਮਲਾ ਕਰਨ ਲੱਗੀ।''

''ਉੱਥੇ ਮੌਜੂਦ ਇੱਕ ਰਾਗੀ ਸਿੱਖ ਨੇ ਬਾਂਹ ਅੱਗੇ ਕਰ ਲਈ ਅਤੇ ਉਹ ਬੋਤਲ ਉਸ ਦੀ ਬਾਂਹ 'ਤੇ ਲੱਗੀ। ਜਿਸ ਨਾਲ ਉਸ ਨੂੰ ਸੱਟ ਲੱਗੀ ਅਤੇ ਬੀਬੀ ਦੇ ਵੀ ਸੱਟ ਲੱਗੀ।''

ਉਨ੍ਹਾਂ ਦੱਸਿਆ ਕਿ ਇਸ ਮਗਰੋਂ ਸੰਗਤ ਉਸ ਮਹਿਲਾ ਨੂੰ ਪ੍ਰਬੰਧਕ ਦੇ ਦਫ਼ਤਰ ਲੈ ਕੇ ਗਈ ਤੇ ਥਾਣੇ ਵੀ ਫ਼ੋਨ ਕੀਤਾ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ''ਜਦੋਂ ਪੁਲਿਸ ਮਹਿਲਾ ਨੂੰ ਲੈ ਕੇ ਜਾ ਰਹੀ ਸੀ ਤਾਂ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਨੇ ਉਸ ਬੀਬੀ 'ਤੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਸਾਗਰ ਮਲਹੋਤਰਾ ਨਾਮ ਦੇ ਇੱਕ ਸੇਵਾਦਾਰ ਮੁੰਡੇ ਦੇ ਵੀ ਗੋਲੀ ਲੱਗੀ ਹੈ।''

ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ ਤੇ ਜ਼ਖ਼ਮੀ ਮੁੰਡੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਉਨ੍ਹਾਂ ਮੁਤਾਬਕ, ਇਹ ਸਾਰੀ ਘਟਨਾ ਲਗਭਗ ਸਾਢੇ ਅੱਠ ਵਜੇ ਵਾਪਰੀ।

ਕੌਣ ਸੀ ਮਹਿਲਾ

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ''ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ ਅਤੇ ਉਸ ਦੇ ਆਧਾਰ ਕਾਰਡ 'ਤੇ ਜੋ ਪਤਾ ਹੈ, ਉਹ ਇੱਕ ਪੀਜੀ ਦਾ ਹੈ, ਜਿੱਥੇ ਪਿਛਲੇ 2-3 ਸਾਲ ਤੋਂ ਇਹ ਮਹਿਲਾ ਹੁਣ ਰਹਿ ਨਹੀਂ ਰਹੀ ਸੀ।''

''ਇਸ ਦਾ ਕੋਈ ਪਰਿਵਾਰਿਕ ਮੈਂਬਰ ਵੀ ਸਾਹਮਣੇ ਨਹੀਂ ਆਇਆ ਹੈ।''

ਐਸਐਸਪੀ ਨੇ ਦੱਸਿਆ ਕਿ ''ਪਟਿਆਲਾ ਦੇ ਫੈਕਟਰੀ ਏਰੀਆ ਵਿੱਚ ਆਦਰਸ਼ ਹਸਪਤਾਲ, ਇੱਕ ਨਸ਼ਾ ਛੁਡਾਓ ਕੇਂਦਰ ਦੀ ਇੱਕ ਪਰਚੀ ਮਿਲੀ ਹੈ, ਉੱਥੋਂ ਪੁਸ਼ਟੀ ਹੋਈ ਹੈ ਕਿ ਮਹਿਲਾ ਨੂੰ ਸ਼ਰਾਬ ਪੀਣ ਦੀ ਲਤ ਸੀ। ਉਸ ਦੇ ਇਲਾਜ ਦੇ ਵੇਰਵੇ ਵੀ ਮਿਲੇ ਹਨ।''

''ਡਾਕਟਰ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਇਹ ਮਹਿਲਾ ਤਣਾਅ ਵਿੱਚ ਸੀ ਅਤੇ ਉਸ ਦੇ ਮਨ ਵਿੱਚ ਨਕਾਰਾਤਮਕ ਵਿਚਾਰ ਆਉਂਦੇ ਸਨ।''

ਪੁਲਿਸ ਅਨੁਸਾਰ, ਮਹਿਲਾ ਐਤਵਾਰ ਨੂੰ ਜ਼ੀਰਕਪੁਰ ਤੋਂ ਬੱਸ 'ਚ ਆਈ ਸੀ ਤੇ ਇੱਕਲੀ ਹੀ ਗੁਰਦੁਆਰੇ ਪਹੁੰਚੀ ਸੀ।

ਕੌਣ ਹੈ ਹਮਲਾਵਰ

ਹਮਲਾਵਰ ਬਾਰੇ ਦੱਸਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਦੱਸਿਆ ਕਿ ਹਮਲਾਵਰ ਸੰਗਤ ਵਿੱਚੋਂ ਹੀ ਇੱਕ ਵਿਅਕਤੀ ਹੈ।

ਉਸ ਦੀ ਪਛਾਣ ਨਿਰਮਲਜੀਤ ਸਿੰਘ ਵਜੋਂ ਹੋਈ ਹੈ, ਜੋ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।

ਗੁਰਦੁਆਰਾ ਪ੍ਰਬੰਧਕਾਂ ਮੁਤਾਬਕ ਜਦੋਂ ਮੁਲਜ਼ਮ ਨੂੰ ਫੜ੍ਹ ਲਿਆ ਅਤੇ ਪੁੱਛਿਆ ਕਿ 'ਤੂੰ ਇਹ ਕੀ ਕੀਤਾ ਤਾਂ ਉਸ ਨੇ ਭਾਵੁਕ ਹੋ ਕੇ ਕਿਹਾ ਕਿ ਸਾਡੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਦੇ ਹਨ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ।'

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਵੀ ਮੁਲਜ਼ਮ ਨੇ ਕਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਆ ਕੇ ਸ਼ਰਾਬ ਪੀਣ ਦੀ ਗੱਲ ਤੋਂ ਗੁੱਸੇ ਵਿੱਚ ਆ ਗਿਆ ਸੀ, ਇਸੇ ਲਈ ਉਸ ਨੇ ਮਹਿਲਾ ਉੱਤੇ ਗੋਲੀਆਂ ਚਲਾ ਦਿੱਤੀਆਂ।

ਪੁਲਿਸ ਮੁਤਾਬਕ, ਮੁਲਜ਼ਮ ਆਪਣੇ ਲਾਇਸੰਸੀ ਰਿਲਾਵਰ ਨਾਲ ਮਹਿਲਾ ਉੱਤੇ 5 ਫਾਇਰ ਕੀਤੇ, ਜਿਸ ਵਿੱਚੋਂ 3 ਗੋਲ਼ੀਆਂ ਉਸ ਨੂੰ ਲੱਗੀਆਂ ਤੇ ਕੁਝ ਸ਼ਰ੍ਹੇ ਕੋਲ ਖੜ੍ਹੇ ਸੇਵਾਦਾਰ ਸਾਗਰ ਮਲਹੌਤਰਾ ਨੂੰ ਵੀ ਲੱਗ ਗਏ।

ਪੁਲਿਸ ਮੁਤਾਬਕ, ''ਗੋਲੀਆਂ ਚਲਾਉਣ ਵਾਲਾ ਵਿਅਕਤੀ ਇੱਕ ਧਾਰਮਿਕ ਪ੍ਰਵਿਰਤੀ ਦਾ ਵਿਅਕਤੀ ਹੈ ਅਤੇ ਉਸ ਨੇ ਤੈਸ਼ 'ਚ ਆ ਕੇ ਗੁੱਸੇ 'ਚ ਗੋਲੀਆਂ ਚਲਾ ਕੇ ਮਹਿਲਾ ਦਾ ਕਤਲ ਕਰ ਦਿੱਤਾ।''

''ਇਨ੍ਹਾਂ ਦੀ ਕੋਈ ਆਪਸੀ ਜਾਣ-ਪਹਿਚਾਣ ਨਹੀਂ ਹੈ। ਉਸ ਨੇ ਸਿਰਫ਼ ਗੁੱਸੇ 'ਚ ਆ ਕੇ ਗੋਲੀਆਂ ਚਲਾਈਆਂ ਤੇ ਉਸ ਦਾ ਰਿਵਾਲਵਰ ਸੀ ਲਾਇਸੰਸੀ ਸੀ।''

ਮੁਲਜ਼ਮ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇੱਕ ਸੇਵਾਦਾਰ ਦੇ ਵੀ ਲੱਗੀ ਗੋਲੀ

ਜਾਣਕਾਰੀ ਮੁਤਾਬਕ, ਇਸ ਪੂਰੀ ਘਟਨਾ ਦੌਰਾਨ ਇੱਕ ਸੇਵਾਦਾਰ ਦੇ ਵੀ ਢਿੱਡ ਵਿੱਚ ਗੋਲ਼ੀ ਲੱਗੀ ਹੈ।

ਜ਼ਖ਼ਮੀ ਸੇਵਾਦਾਰ ਦਾ ਨਾਮ ਸਾਗਰ ਮਲਹੋਤਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ 4-5 ਸਾਲ ਤੋਂ ਸੇਵਾਦਾਰ ਹੈ ਅਤੇ ਘਟਨਾ ਵੇਲੇ ਵੀ ਉਹ ਸੇਵਾ ਕਰਨ ਲਈ ਗੁਰਦੁਆਰੇ ਗਿਆ ਹੋਇਆ ਸੀ।

ਫਿਲਹਾਲ ਸੇਵਾਦਾਰ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਐਸਜੀਪੀਸੀ ਨੇ ਘਟਨਾ ਨੂੰ ਦੱਸਿਆ ਮੰਦਭਾਗੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੂਰੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ।

ਘਟਨਾ ਦਾ ਵੇਰਵਾ ਦਿੰਦਿਆਂ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਮਹਿਲਾ ਗੁਰਦੁਆਰਾ ਸਾਹਿਬ 'ਚ ਸ਼ਰਾਬ ਪੀ ਰਹੀ ਸੀ ਅਤੇ ਜਿਸ ਵੇਲੇ ਪੁਲਿਸ ਉਸ ਨੂੰ ਲੈ ਕੇ ਥਾਣੇ ਜਾ ਰਹੀ ਸੀ ਤਾਂ ਸੰਗਤ 'ਚ ਮੌਜੂਦ ਸਿੰਘ ਨੇ ਆਪਣੀ ਰਿਵਾਲਵਰ ਨਾਲ ਉਸ ਮਹਿਲਾ 'ਤੇ ਗੋਲੀਆਂ ਚਲਾ ਦਿੱਤੀਆਂ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ, ਇਸ ਨੂੰ ਮੰਦਭਾਗੀ ਦੱਸਿਆ ਹੈ।

ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐਸਜੀਪੀਸੀ ਮੈਂਬਰ ਨੇ ਦੱਸਿਆ ਕਿ ਤਲਾਸ਼ੀ ਲੈਣ 'ਤੇ ਕੁੜੀ ਦੇ ਬੈਗ ਵਿੱਚੋਂ ਜ਼ਰਦੇ ਦੀਆਂ ਪੁੜੀਆਂ ਅਤੇ ਨਸ਼ੀਲੀਆਂ ਗੋਲੀਆਂ ਮਿਲੀਆਂ।''

ਐਸਜੀਪੀਸੀ ਮੈਂਬਰ ਨੇ ਕਿਹਾ ਕਿ ''ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੇਅਦਬੀਆਂ ਹੁੰਦੀਆਂ ਆ ਰਹੀਆਂ ਹਨ, ਪਰ ਸਰਕਾਰਾਂ ਸਾਜ਼ਿਸ਼ ਦੇ ਪਰਦੇ ਫਾਸ਼ ਨਹੀਂ ਕਰ ਸਕੀਆਂ।

ਉਨ੍ਹਾਂ ਕਿਹਾ, ''ਸੰਗਤ 'ਚ ਰੋਸ ਹੋਣ ਕਰਕੇ ਤੇ ਸਰਕਾਰਾਂ ਤੋਂ ਇਨਸਾਫ਼ ਨਾ ਮਿਲਣ ਕਰਕੇ ਸੰਗਤਾਂ ਆਪ ਹੀ ਇਨਸਾਫ ਕਰ ਲੱਗ ਪਈਆਂ ਹਨ।''

ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਉਣ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਵੇਸ਼ ਗੇਟਾਂ 'ਤੇ ਅਜਿਹੇ ਯੰਤਰ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਮਦਦ ਨਾਲ ਅਜਿਹੇ ਤੱਤ ਅੰਦਰ ਨਾ ਆ ਸਕਣ।

ਗੁਰਦੁਆਰਾ ਪ੍ਰਬੰਧਕ ਮੁਤਾਬਕ ਬੇਅਦਬੀ ਦਾ ਹੈ ਮਾਮਲਾ

ਗੁਰਦੁਆਰਾ ਸਾਹਿਬ ਦੇ ਕਥਾਵਾਚਕ ਗਿਆਨੀ ਪ੍ਰਿਤਪਾਲ ਸਿੰਘ ਨੇ ਕਿਹਾ, ''ਪੁਲਿਸ ਮੁਤਾਬਕ ਵੀ ਉਸ ਮਹਿਲਾ ਦਾ ਪਿਛੋਕੜ ਠੀਕ ਨਹੀਂ ਹੈ।''

ਪ੍ਰਿਤਪਾਲ ਸਿੰਘ ਮੁਤਾਬਕ ਉਨ੍ਹਾਂ ਪੁਲਿਸ ਥਾਣੇ ਵਿੱਚ ਉਸ ਵਿਅਕਤੀ ਨਾਲ ਵੀ ਮੁਲਾਕਾਤ ਕੀਤੀ ਹੈ, ਜਿਸ ਨੇ ਮਹਿਲਾ ਦਾ ਕਤਲ ਕੀਤਾ।

ਪ੍ਰਿਤਪਾਲ ਸਿੰਘ ਨੇ ਦੱਸਿਆ, ''ਜਿਸ ਸਿੰਘ ਨੇ ਮਹਿਲਾ ਉੱਤੇ ਹਮਲਾ ਕੀਤਾ, ਉਸ ਨੇ ਮੈਨੂੰ ਦੱਸਿਆ ਕਿ ਬਾਬਾ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਘਟਦੀ ਹੈ। ਕਦੇ ਕਿਸੇ ਮੰਦਰ 'ਚ, ਮਸਜਿਦ 'ਚ, ਚਰਚ 'ਚ, ਕਦੇ ਧਰਮ ਸਥਾਨਾਂ 'ਤੇ। ਲੋਕ ਜਾਣ ਬੁੱਝ ਕੇ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਘਟਾਉਂਦੇ ਹਨ, ਮੇਰੇ ਕੋਲੋਂ ਉਸ ਵੇਲੇ ਦੇਖ ਕੇ ਬਰਦਾਸ਼ਤ ਨਹੀਂ ਹੋਇਆ।''

ਮ੍ਰਿਤਕ ਮਹਿਲਾ ਨਾਲ ਜਿਸ ਵੇਲੇ ਸੰਗਤਾਂ ਦੀ ਬਹਿਸਬਾਜ਼ੀ ਹੋ ਰਹੀ ਸੀ ਉਸ ਵੇਲੇ ਸੇਵਾਦਰ ਗਗਨਦੀਪ ਸਿੰਘ ਵੀ ਉੱਥੇ ਮੌਜੂਦ ਸਨ। ਉਨ੍ਹਾਂ ਦੀ ਹੀ ਬਾਂਹ 'ਤੇ ਸੱਟ ਲੱਗੀ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਕੱਲ੍ਹ ਜਿਹੜੀ ਘਟਨਾ ਵਾਪਰੀ, ਉਹ ਬੇਅਦਬੀ ਨੂੰ ਮੁੱਖ ਰੱਖਦਿਆਂ ਵਾਪਰੀ ਹੈ। ਉਸ ਔਰਤ ਨੇ ਬੇਅਦਬੀ ਨੂੰ ਹੀ ਮੁੱਖ ਰੱਖਿਆ ਕਿ ਅਸੀਂ ਕਰਨੀ ਹੈ।''

ਦੁੱਖ ਨਿਵਾਰਨ ਸਾਹਿਬ 'ਚ ਤੀਜਾ ਕਤਲ - ਜਥੇਦਾਰ ਕਰਨੈਲ ਪੰਜੋਲੀ

ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਪੰਜੋਲੀ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਦੇਰ ਰਾਤ ਵਾਪਰੀ ਕਤਲ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਕਤਲ ਦੀ ਇਹ ਤੀਜੀ ਘਟਨਾ ਹੈ ਅਤੇ ਅਜਿਹਾ ਵਾਰ ਵਾਰ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਲਗਾਏ ਜਾਂਦੇ ਮੈਨੇਜਰ ਸਿਰਫ ਤੇ ਸਿਰਫ ਲੀਡਰਾਂ ਦੀ ਚਮਚਾਗਿਰੀ ਨੂੰ ਤਰਜੀਹ ਦੇ ਰਹੇ ਹਨ, ਜਦਕਿ ਉਨ੍ਹਾਂ ਨੂੰ 24 ਘੰਟੇ ਡਿਊਟੀ ’ਤੇ ਤੈਨਾਤ ਰਹਿ ਕੇ ਪ੍ਰਬੰਧ ਨੂੰ ਸੁਚਾਰੂ ਰੱਖਣਾ ਚਾਹੀਦਾ ਹੈ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਅੱਜ ਔਰਤ ਦਾ ਸ਼ਰੇਆਮ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਦਾ ਕਤਲ ਕਰ ਦਿੱਤਾ ਗਿਆ, ਇੱਕ ਔਰਤ ਦਾ ਰਿਹਾਇਸ਼ੀ ਕੁਆਟਰ ਵਿੱਚ ਕਤਲ ਕੀਤਾ ਗਿਆ, ਅਜਿਹਾ ਵਰਤਾਰਾ ਬੇਹੱਦ ਮੰਦਭਾਗਾ ਹੈ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿਹੇ ਪ੍ਰਬੰਧਕਾਂ ਨੂੰ ਤੈਨਾਤ ਕਰਨ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਹੋਣ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)