ਧੀ ਦੀ ਖੇਡ ਨੇ ਕਿਵੇਂ ਮਾਂ ਨੂੰ ਚੁੱਲ੍ਹੇ-ਚੌਂਕੇ ਤੋਂ ਕੱਢ ਬਾਕਸਿੰਗ ਰਿੰਗ ਤੱਕ ਪਹੁੰਚਾਇਆ ਤੇ ਹੁਣ ਮਾਂ ਜਿੱਤ ਚੁੱਕੀ ਹੈ ਕਈ ਸੋਨੇ ਦੇ ਤਗ਼ਮੇ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬੇ ਜ਼ੀਰਾ ਵਿੱਚ ਅੱਜ-ਕੱਲ੍ਹ 36 ਸਾਲਾ ਸੁਆਣੀ ਹਰਪ੍ਰੀਤ ਕੌਰ ਦੀ ਖੂਬ ਚਰਚਾ ਹੋ ਰਹੀ ਹੈ। ਦੋ ਬੱਚਿਆਂ ਦੀ ਮਾਂ ਹਰਪ੍ਰੀਤ ਕੌਰ ਦੇ ਚਰਚਾ ਵਿੱਚ ਆਉਣ ਦੀ ਵਜ੍ਹਾ “ਖੇਡਾਂ ਵਤਨ ਪੰਜਾਬ ਦੀਆਂ” ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣਾ ਹੈ।

ਉਨ੍ਹਾਂ ਦੀ ਜਿੱਤ ਦੀ ਖ਼ਾਸ ਗੱਲ ਇਹ ਹੈ ਕਿ ਹਰਪ੍ਰੀਤ ਕੋਈ ਪੇਸ਼ੇਵਰ ਮੁੱਕੇਬਾਜ਼ ਨਹੀਂ ਹੈ ਤੇ ਨਾ ਹੀ ਉਹ ਬਚਪਨ ਤੋਂ ਮੁੱਕੇਬਾਜ਼ੀ ਕਰਨ ਦਾ ਸੁਪਨਾ ਲੈ ਕੇ ਵੱਡੀ ਹੋਏ ਹਨ।

ਉਹ ਆਮ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਆਣੀ ਹਨ, ਜੋ ਹੁਣ ਤੱਕ ਆਪਣੇ ਪਰਿਵਾਰ, ਬੱਚੇ ਅਤੇ ਘਰ ਦੀ ਸਾਂਭ-ਸੰਭਾਲ ਤੱਕ ਸੀਮਤ ਰਹੀ ਹੈ। ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਦੌਰਾਨ ਹੀ ਉਨ੍ਹਾਂ ਨੂੰ ਇਸ ਸਾਲ ਕੁਝ ਮਹੀਨੇ ਪਹਿਲਾਂ ਮੁੱਕੇਬਾਜ਼ੀ ਦੀ ਚਿਣਗ ਲੱਗੀ, ਜਦੋਂ ਉਹ ਆਪਣੀ ਧੀ ਨੂੰ ਮੁੱਕੇਬਾਜ਼ੀ ਦੇ ਅਭਿਆਸ ਵਾਸਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਕੂਲ ਛੱਡਣ ਜਾਂਦੇ ਸਨ।

ਇਸ ਦੌਰਾਨ ਉਨ੍ਹਾਂ ਨੂੰ ਘੰਟਿਆਂਬੱਧੀ ਆਪਣੀ ਧੀ ਦਾ ਅਭਿਆਸ ਖ਼ਤਮ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ।

ਇਸ ਇੰਤਜ਼ਾਰ ਦੌਰਾਨ ਸਮਾਂ ਬਿਤਾਉਣ ਵਾਸਤੇ ਉਨ੍ਹਾਂ ਨੇ ਮੁੱਕੇਬਾਜ਼ੀ ਦੇ ਦਸਤਾਨੇ ਪਹਿਨ ਲਏ ਅਤੇ ਫਿਰ ਉਹ ਮੁੱਕੇਬਾਜ਼ੀ ਵਿੱਚ ਦਿਲਚਸਪੀ ਲੈਣ ਲੱਗੀ।

ਅਭਿਆਸ ਦੌਰਾਨ ਹਰਪ੍ਰੀਤ ਦੇ ਹੁਨਰ ਨੂੰ ਦੇਖਦੇ ਹੋਏ, ਮੁੱਕੇਬਾਜ਼ੀ ਦੇ ਕੋਚ ਨੇ ਉਨ੍ਹਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ।

ਉਨ੍ਹਾਂ ਨੇ ਪਹਿਲੀ ਵਾਰ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੇ ਵਰਗ ਵਿੱਚ ਪੇਸ਼ੇਵਰ ਮੁੱਕੇਬਾਜ਼, ਜੋ ਸਾਲਾਂ ਤੋਂ ਅਭਿਆਸ ਕਰ ਰਹੇ ਸਨ, ਉਨ੍ਹਾਂ ਨੂੰ ਹਰਾ ਕੇ ਸੂਬਾ ਪੱਧਰ ਉੱਤੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਦੀ ਧੀ ਨੇ ਵੀ ਜ਼ਿਲ੍ਹਾ ਪੱਧਰ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ

ਹਰਪ੍ਰੀਤ ਕੌਰ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਤੀ ਜ਼ੀਰਾ ਵਿੱਚ ਹੀ ਖੇਤੀ ਕਰਦੇ ਹਨ ਅਤੇ ਇੱਕ ਕਿਸਾਨ ਆਗੂ ਵੀ ਹਨ। ਇਸ ਕਰਕੇ ਉਨ੍ਹਾਂ ਦੇ ਪਰਿਵਾਰ ਜਾਂ ਆਲੇ-ਦੁਆਲੇ ਦੇ ਖੇਤਰ ਵਿੱਚ ਔਰਤਾਂ ਲਈ ਖੇਡਾਂ ਵਿੱਚ ਹਿੱਸਾ ਲੈਣਾ ਆਮ ਗੱਲ ਨਹੀਂ ਹੈ।

ਇਸ ਦੇ ਬਾਵਜੂਦ ਹਰਪ੍ਰੀਤ ਨੇ ਆਪਣੀ ਧੀ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਮੁੱਕੇਬਾਜ਼ੀ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ ਸੀ।

ਉਹ ਦੱਸਦੇ ਹਨ,“ਆਪਣੀ ਧੀ ਨੂੰ ਨਿੱਜੀ ਸਕੂਲ ਵਿੱਚੋਂ ਹਟਾ ਕੇ ਸ਼ਹੀਦ ਗੁਰਦਾਸ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਵਿੱਚ ਦਾਖਲ ਕਰਵਾਇਆ ਸੀ ਕਿਉਂਕਿ ਖੇਡ ਸਹੂਲਤਾਂ ਤੋਂ ਇਲਾਵਾ ਸਿੱਖਿਆ ਦੇ ਪੱਧਰ ਵਿੱਚ ਵੀ ਇਸ ਸਕੂਲ ਦਾ ਚੰਗਾ ਨਾਮ ਹੈ।”

ਹਰਪ੍ਰੀਤ ਦਾ ਘਰੇਲੂ ਜੀਵਨ

ਹਰਪ੍ਰੀਤ ਦੀ ਰੋਜ਼ਮਰਾ ਦੀ ਜ਼ਿੰਦਗੀ ਦੇਸ਼ ਦੀਆਂ ਬਹੁਤੀਆਂ ਸੁਆਣੀਆਂ ਵਾਂਗ ਹੀ ਹੈ, ਜਿਨ੍ਹਾਂ ਦਾ ਦਿਨ ਰਸੋਈ ਤੋਂ ਸ਼ੁਰੂ ਹੁੰਦਾ ਹੈ ਅਤੇ ਪਰਿਵਾਰ ਦੀ ਸੰਭਾਲ ਵਿੱਚ ਬੀਤਦਾ ਹੈ। ਇਸ ਦੇ ਬਾਵਜੂਦ ਹਰਪ੍ਰੀਤ ਰੋਜ਼ਾਨਾ ਦੋ ਘੰਟੇ ਮੁੱਕੇਬਾਜ਼ੀ ਦੇ ਅਭਿਆਸ ਵਾਸਤੇ ਕੱਢਦੇ ਹਨ।

ਹਰਪ੍ਰੀਤ ਦੱਸਦੇ ਹਨ ਕਿ ਅਜਿਹਾ ਇਸ ਕਰਕੇ ਮੁਮਕਿਨ ਹੈ ਕਿਉਂਕਿ ਉਨ੍ਹਾਂ ਦੇ ਪਤੀ ਵੱਲੋਂ ਪੂਰਾ ਸਾਥ ਮਿਲਦਾ ਹੈ।

ਉਨ੍ਹਾਂ ਦੀ ਸਵੇਰ ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਨ, ਪਰਿਵਾਰ ਵਾਸਤੇ ਖਾਣਾ ਬਣਾਉਣਾ, ਘਰ ਦੀ ਸਫਾਈ ਕਰ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਣ ਨਾਲ ਸ਼ੁਰੂ ਹੁੰਦੀ ਹੈ।

ਪਹਿਰਾਵੇ ਬਾਰੇ ਲੋਕਾਂ ਨੇ ਕੀ ਸਵਾਲ ਕੀਤੇ

ਮੁੱਕੇਬਾਜ਼ੀ ਦੇ ਅਭਿਆਸ ਲਈ ਹਰਪ੍ਰੀਤ ਨੂੰ ਖੇਡ ਕਿੱਟ ਪਹਿਨਣੀ ਪਈ ਪਰ ਕੁਝ ਲੋਕਾਂ ਨੇ ਉਨ੍ਹਾਂ ਦੇ ਇਸ ਪਹਿਰਾਵੇ ਉੱਤੇ ਇਤਰਾਜ਼ ਕੀਤਾ।

ਇਸ ਦੌਰਾਨ ਹਰਪ੍ਰੀਤ ਦੇ ਪਰਿਵਾਰ,ਖ਼ਾਸ ਕਰਕੇ ਉਨ੍ਹਾਂ ਦੇ ਪਤੀ ਨੇ ਸਮਰਥਨ ਦਿੱਤਾ, ਜਿਸ ਕਰਕੇ ਉਹ ਕੁਝ ਲੋਕਾਂ ਦੇ ਇਤਰਾਜ਼ ਨੂੰ ਨਜ਼ਰਅੰਦਾਜ਼ ਕਰ ਸਕੇ।

ਉਨ੍ਹਾਂ ਕਿਹਾ, “ਮਰਦ ਪ੍ਰਧਾਨ ਸਮਾਜ ਵਿੱਚ ਜਦੋਂ ਔਰਤਾਂ ਘਰ ਤੋਂ ਬਾਹਰ ਕਦਮ ਰੱਖਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਸਮੱਸਿਆਵਾਂ ਆਉਂਦੀਆਂ ਹਨ। ਮੈਨੂੰ ਵੀ ਕਈ ਸਮੱਸਿਆਵਾਂ ਆਈਆਂ। ਲੋਕ ਸਵਾਲ ਕਰਦੇ ਸੀ ਕਿ ਸਾਡਾ ਪਹਿਰਾਵਾ ਸਲਵਾਰ ਕਮੀਜ਼ ਹੈ ਅਤੇ ਤੂੰ ਲੋਅਰ ਸ਼ਰਟ ਪਹਿਨ ਰਹੀ ਹੈ ਪਰ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ। ਸਕੂਲ ਅਤੇ ਕੋਚ ਨੇ ਵੀ ਮੈਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੇਰੀ ਉਮਰ ਵੱਡੀ ਹੈ ਅਤੇ ਮੈਨੂੰ ਬਾਕੀ ਬੱਚਿਆਂ ਵਾਂਗ ਸਿਖਾਇਆ ਗਿਆ।”

ਉਹ ਕਹਿੰਦੇ ਹਨ, “ਔਰਤਾਂ ਅੱਧੀ ਦੁਨੀਆਂ ਦੀਆਂ ਮਾਲਕਣ ਹਨ ਪਰ ਅਜਿਹਾ ਮੰਨਿਆ ਨਹੀਂ ਜਾਂਦਾ। ਸਾਨੂੰ ਇਕੱਠੇ ਹੋਣਾ ਪਵੇਗਾ ਤਾਂ ਹੀ ਅਸੀਂ ਆਪਣੇ ਹੱਕ ਲੈ ਸਕਾਂਗੇ।”

ਧੀ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ

ਹਰਪ੍ਰੀਤ ਕੌਰ ਦੀ 12 ਸਾਲਾ ਧੀ ਸੁਖਮਨਦੀਪ ਕੌਰ ਪੇਸ਼ੇਵਰ ਮੁੱਕੇਬਾਜ਼ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਾਕਸਿੰਗ ਸਿੱਖ ਰਹੀ ਹੈ। ਸੁਖਮਨ ਨੇ ਇਸ ਸਾਲ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ ਪਰ ਉਹ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਤਗਮਾ ਜਿੱਤਣ ਤੋਂ ਖੁੰਝ ਗਈ।

ਸ਼ਹੀਦ ਗੁਰਦਾਸ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਦੀ ਵਿਦਿਆਰਥਣ ਹੈ ਅਤੇ ਉਹ ਇੱਥੇ ਹੀ ਮੁੱਕੇਬਾਜ਼ੀ ਸਿੱਖਦੀ ਹੈ।

ਪਤੀ ਦੀ ਹੱਲਾਸ਼ੇਰੀ

ਹਰਪ੍ਰੀਤ ਦੇ ਪਤੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਨੇ ਆਪਣੀ ਪਤਨੀ ਦੀ ਨਵੀਂ ਰੁਚੀ ਅਤੇ ਹੁਨਰ ਦਾ ਖੁੱਲ੍ਹ ਕੇ ਸਮਰਥਨ ਕੀਤਾ।

ਬਲਦੇਵ ਸਿੰਘ ਮੁਤਾਬਕ ਉਨ੍ਹਾਂ ਦੇ ਆਸ-ਪਾਸ ਦੇ ਇਲਾਕੇ ਵਿੱਚ ਔਰਤਾਂ ਦਾ ਖੇਡਾਂ ਵਿੱਚ ਹਿੱਸਾ ਲੈਣਾ ਆਮ ਗੱਲ ਨਹੀਂ ਹੈ। ਔਰਤਾਂ ਦੇ ਘਰਾਂ ਤੋਂ ਇਕੱਲੇ ਬਾਹਰ ਨਿਕਲਣ ਉੱਤੇ ਪਰਿਵਾਰ ਮੈਂਬਰਾਂ ਵੱਲੋਂ ਵੀ ਸਵਾਲ ਕੀਤੇ ਜਾਂਦੇ ਹਨ ਪਰ ਉਸ ਨੇ ਕਦੇ ਵੀ ਅਜਿਹਾ ਨਹੀਂ ਕੀਤਾ।

ਉਹ ਇੱਕ ਵਾਕਿਆ ਸਾਂਝਾ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਐਕਟਿਵਾ ਸਕੂਟਰ ਲੈ ਕੇ ਦਿੱਤਾ ਸੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਸਵਾਲ ਖੜ੍ਹੇ ਕੀਤੇ ਸੀ ਪਰ ਉਹ ਆਪਣੀ ਪਤਨੀ ਦੇ ਹੱਕ ਵਿੱਚ ਖੜ੍ਹੇ ਰਹੇ।

ਉਹ ਕਹਿੰਦੇ ਹਨ ਕਿ ਜੇ ਉਨ੍ਹਾਂ ਦੀ ਪਤਨੀ ਆਪਣੇ ਹੁਨਰ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨਾਲ ਉਸ ਤਰ੍ਹਾਂ ਹੀ ਖੜ੍ਹੇ ਰਹਿਣਗੇ ਜਿਵੇਂ ਹੁਣ ਖੜ੍ਹੇ ਹਨ।

ਬਲਦੇਵ ਸਿੰਘ ਇਹ ਵੀ ਕਹਿੰਦੇ ਹਨ ਕਿ ਉਹ ਆਪਣੇ ਰੁਝੇਵਿਆਂ ਦੇ ਕਾਰਨ ਜਿੰਨਾ ਆਪਣੀ ਪਤਨੀ ਦਾ ਸਮਰਥਨ ਕਰਨਾ ਚਾਹੁੰਦੇ ਹਨ, ਉਹ ਉਨ੍ਹੀ ਹਿਮਾਇਤ ਨਹੀਂ ਕਰ ਪਾ ਰਹੇ। ਸਗੋਂ ਉਸਦੀ ਪਤਨੀ ਪਰਿਵਾਰ ਅਤੇ ਬੱਚਿਆਂ ਦੀ ਸੰਭਾਲ ਕਰਕੇ ਉਸਦਾ ਸਾਥ ਦਿੰਦੀ ਹੈ।

ਹਰਪ੍ਰੀਤ ਦੇ ਕੋਚ ਕੌਣ ਹਨ

ਹਰਪ੍ਰੀਤ ਦੇ ਕੋਚ ਸਰੀਰਕ ਸਿੱਖਿਆ ਦੇ ਅਧਿਆਪਕ ਲਕਸ਼ਮੀ ਹਨ, ਜੋ ਪੇਸ਼ੇਵਰ ਮੁੱਕੇਬਾਜ਼ ਰਹੇ ਹਨ। ਉਹ ਸ਼ਹੀਦ ਗੁਰਦਾਸ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਵਿੱਚ ਮੁੱਕੇਬਾਜ਼ੀ ਦੀ ਸਿਖਲਾਈ ਦੇ ਰਹੇ ਹਨ।

ਲਕਸ਼ਮੀ ਦੱਸਦੇ ਹਨ, “ ਮੈਂ ਸਾਲ 2002 ਵਿੱਚ ਥਾਈਲੈਂਡ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਉੱਤੇ ਮੁੱਕੇਬਾਜ਼ੀ ਦੇ ਕਈ ਮੁਕਾਬਲਿਆਂ ਦੌਰਾਨ ਰੈਫ਼ਰੀ ਦੀ ਭੂਮਿਕਾ ਵੀ ਨਿਭਾਈ ਹੈ।”

ਉਨ੍ਹਾਂ ਤੋਂ ਸਿੱਖਿਅਤ ਬੱਚੇ ਕਈ ਕੌਮਾਂਤਰੀ ਮੁਕਾਬਲਿਆਂ ਤੱਕ ਪਹੁੰਚੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਸਾਡੇ ਕੋਲ ਅਭਿਆਸ ਕਰਦੀ ਵਿਦਿਆਰਥਣ ਦੀ ਮਾਂ ਨੇ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸ਼ੁਰੂਆਤ ਵਿੱਚ ਸੁਖਮਨ ਦੀ ਮਾਂ ਸਿਰਫ ਉਸ ਨੂੰ ਛੱਡਣ ਆਉਂਦੇ ਸਨ ਅਤੇ ਹੌਲੀ ਹੌਲੀ ਉਨ੍ਹਾਂ ਦੀ ਵੀ ਮੁੱਕੇਬਾਜ਼ੀ ਵਿੱਚ ਰੁਚੀ ਪੈਦਾ ਹੋ ਗਈ।

ਉਹ ਕਹਿੰਦੇ ਹਨ ਹਰਪ੍ਰੀਤ ਔਰਤਾਂ ਲਈ ਪ੍ਰੇਰਨਾਸਰੋਤ ਹਨ ਕਿਉਂਕਿ ਉਨ੍ਹਾਂ ਇਹ ਸਾਬਤ ਕੀਤਾ ਹੈ ਕਿ ਵਿਆਹ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਸਿਰਫ ਬੱਚੇ ਸੰਭਾਲਣ ਤੱਕ ਸੀਮਤ ਨਹੀਂ ਹੁੰਦੀ।

ਖੇਡਾਂ ਵਤਨ ਪੰਜਾਬ ਦੀਆਂ ਕੀ ਹਨ

ਖੇਡ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਜਾਣ ਵਾਲਾ ਇੱਕ ਖੇਡ ਟੂਰਨਾਮੈਂਟ ਹੈ। ਇਸ ਸਮਾਗਮ ਵਿੱਚ ਬਲਾਕ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡ ਮੁਕਾਬਲੇ ਹੁੰਦੇ ਹਨ।

ਇਨ੍ਹਾਂ ਖੇਡਾਂ ਤਹਿਤ ਇਸ ਵਾਰ ਨਵਾਂਸ਼ਹਿਰ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਬਾਕਸਿੰਗ ਦੇ ਮੁਕਾਬਲੇ ਹੋਏ ਸਨ। ਇਨ੍ਹਾਂ ਬਾਕਸਿੰਗ ਦੇ 81 ਕਿਲੋ ਤੋਂ ਵੱਧ ਭਾਰ ਵਰਗ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਰਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾਂ ਹਰਪ੍ਰੀਤ ਕੌਰ ਨੇ ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹਾ ਪੱਧਰ ਉੱਤੇ ਵੀ ਸੋਨੇ ਦਾ ਤਗਮਾ ਜਿੱਤਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)