ਪਤੰਗ ਤੋਂ ਲੈ ਕੇ ਐਨਕ ਤੱਕ, ਉਹ 9 ਖੋਜਾਂ ਜੋ ਅਸੀਂ ਰੋਜ਼ ਵਰਤਦੇ ਹਾਂ ਪਰ ਸ਼ਾਇਦ ਨਹੀਂ ਜਾਣਦੇ ਕਿਸ ਨੇ ਕੀਤੀਆਂ

ਤਸਵੀਰ ਸਰੋਤ, Getty Images
- ਲੇਖਕ, ਜੌਨੀ ਵਿਲਕਿਸ
- ਰੋਲ, ਬੀਬੀਸੀ ਹਿਸਟਰੀ ਮੈਗਜ਼ੀਨ ਐਕਸਟਰਾ*
ਬੈਂਜਾਮਿਨ ਫਰੈਂਕਲਿਨ ਨੂੰ ਜ਼ਿਆਦਾਤਰ ਲੋਕ ਸ਼ਾਇਦ ਇੱਕ ਅਮਰੀਕੀ ਲੇਖਕ ਅਤੇ ਚਿੰਤਕ ਵਜੋਂ ਹੀ ਜਾਣਦੇ ਹਨ। ਹਾਲਾਂਕਿ ਇਹ ਉਨ੍ਹਾਂ ਦੀ ਸ਼ਖਸ਼ੀਅਤ ਦਾ ਸਿਰਫ਼ ਇੱਕ ਪੱਖ ਹੈ।
ਉਹ ਇੱਕ ਸਫ਼ਲ ਪ੍ਰਕਾਸ਼ਕ, ਸੰਪਾਦਕ, ਪੱਤਰਕਾਰ ਅਤੇ ਸਿਆਸਤਦਾਨ ਵੀ ਸਨ, ਜਿਨ੍ਹਾਂ ਦਾ ਇੱਕ ਵਿਲੱਖਣ ਦਾਰਸ਼ਨਿਕ ਨਜ਼ਰੀਆ ਸੀ।
ਉਹ ਆਧੁਨਿਕ ਅਮਰੀਕਾ ਦੇ ਘਾੜਿਆਂ ਵਿੱਚੋਂ ਸਨ। ਉਹ ਫਰਾਂਸ ਵਿੱਚ ਅਮਰੀਕਾ ਦੇ ਪਹਿਲੇ ਰਾਜਦੂਤ ਸਨ।
ਉਨ੍ਹਾਂ ਕਰਕੇ ਹੀ ਫਰਾਂਸ ਤੇ ਅਮਰੀਕਾ ਦੀ ਦੋਸਤੀ ਹੋਈ ਅਤੇ 30 ਬਸਤੀਆਂ ਵਿੱਚ ਕ੍ਰਾਂਤੀ ਆਈ ਅਤੇ ਫਿਰ ਅਮਰੀਕਾ ਵਿੱਚ ਵੀ 1763-1783 ਦੀ ਕ੍ਰਾਂਤੀ ਆਈ।
ਉਨ੍ਹਾਂ ਦੀ ਸਾਖ਼ ਇੰਨੀ ਵੱਡੀ ਹੈ ਕਿ ਕੁਝ ਲੋਕ ਤਾਂ ਉਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਤੱਕ ਮੰਨ ਲੈਂਦੇ ਹਨ। ਹਾਲਾਂਕਿ ਉਹ ਨਹੀਂ ਸਨ।
ਉਹ ਆਪਣੇ ਸਮੇਂ ਦੇ ਇੱਕ ਜਿਗਿਆਸੂ ਖੋਜੀ ਵੀ ਸਨ, ਜਿਨ੍ਹਾਂ ਨੇ ਆਪਣੇ ਸਮੇਂ ਦੀਆਂ ਕੁਝ ਮੋਹਰੀ ਖੋਜਾਂ ਕੀਤੀਆਂ, ਜੋ ਅੱਜ ਵੀ ਸਾਡੇ ਜੀਵਨ ਦਾ ਅਨਿੱਖੜ ਅੰਗ ਹਨ।
ਉਨ੍ਹਾਂ ਨੇ ਆਪਣੀਆਂ ਖੋਜਾਂ ਇੱਕ ਤੋਹਫ਼ੇ ਵਜੋਂ ਦੁਨੀਆਂ ਨੂੰ ਦਿੱਤੀਆਂ। ਉਨ੍ਹਾਂ ਨੇ ਕਦੇ ਇਨ੍ਹਾਂ ਨੂੰ ਪੇਟੈਂਟ ਨਹੀਂ ਕਰਵਾਇਆ।
ਉਨ੍ਹਾਂ ਨੇ ਆਪਣੀ ਸਵੈਜੀਵਨੀ ਵਿੱਚ ਲਿਖਿਆ, “ਜਦੋਂ ਅਸੀਂ ਦੂਸਰਿਆਂ ਦੀਆਂ ਖੋਜਾਂ ਦਾ ਆਨੰਦ ਮਾਣਦੇ ਹਾਂ ਤਾਂ ਸਾਨੂੰ ਆਪਣੀਆਂ ਖੋਜਾਂ ਨੂੰ ਦੂਜਿਆਂ ਦੀ ਸੇਵਾ ਕਰਨ ਦੇ ਮੌਕੇ ਤੋਂ ਵੀ ਆਨੰਦ ਲੈਣਾ ਚਾਹੀਦਾ ਹੈ। ਅਜਿਹਾ ਸਾਨੂੰ ਸੁਤੰਤਰਤਾ ਨਾਲ ਅਤੇ ਖੁੱਲ੍ਹਦਿਲੀ ਨਾਲ ਕਰਨਾ ਚਾਹੀਦਾ ਹੈ।”
ਸੰਨ 1746 ਵਿੱਚ ਇੱਕ ਬੇਹੱਦ ਅਮੀਰ ਵਿਅਕਤੀ ਵਜੋਂ 40 ਸਾਲ ਦੀ ਉਮਰ ਵਿੱਚ ਆਪਣੇ ਕਾਰੋਬਾਰ ਤੋਂ ਸੇਵਾਮੁਕਤ ਹੋ ਕੇ ਬੈਂਜਾਮਿਨ ਨੇ ਬਿਜਲੀ ਨਾਲ ਆਪਣੇ ਤਜਰਬਿਆਂ ਦੇ ਸਫ਼ਰ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਬਿਜਲੀ ਕਿਵੇਂ ਕੰਮ ਕਰਦੀ ਹੈ? ਇਸ ਬਾਰੇ ਸਾਡੀ ਸਮਝ ਨੂੰ ਭੁਆਂਟਣੀ ਦੇ ਦਿੱਤੀ।
ਬੈਂਜਾਮਿਨ ਫਰੈਂਕਲਿਨ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਬਿਜਲੀ ਦੇ ਸੰਬੰਧ ਵਿੱਚ “ਸਕਾਰਤਮਿਕ”, “ਨਕਾਰਾਤਮਿਕ” ਅਤੇ “ਚਾਰਜ” ਸ਼ਬਦਾਂ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਬਿਜਲੀ ਨਾਲ ਜੁੜੀ ਸਮੁੱਚੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ “ਬੈਟਰੀ” ਅਤੇ “ਕੰਡਕਟਰ” ਵਰਗੇ ਸ਼ਬਦਾਂ ਲਈ ਵੀ ਨੀਂਹ ਤਿਆਰ ਕੀਤੀ।

ਤਸਵੀਰ ਸਰੋਤ, Getty Image
ਪਤੰਗ ਦਾ ਤਜਰਬਾ
ਇਹੀ ਇਹ ਤਜਰਬਾ ਸੀ ਜਿਸ ਨੇ ਬੈਂਜਾਮਿਨ ਫਰੈਂਕਲਿਨ ਨੂੰ ਇੱਕ ਵਿਸ਼ਵ-ਪ੍ਰਸਿੱਧ ਵਿਗਿਆਨੀ ਬਣਾਇਆ। ਹਾਲਾਂਕਿ ਇਹ ਤਜਰਬਾ ਅਸਲ ਵਿੱਚ ਹੋਇਆ ਸੀ ਜਾਂ ਨਹੀਂ ਇਸ ਬਾਰੇ ਪੂਰਨ ਸਪੱਸ਼ਟਤਾ ਨਹੀਂ ਹੈ।
ਹਾਲਾਂਕਿ ਜੇ ਸਾਖੀਆਂ ਨੂੰ ਮੰਨਿਆ ਜਾਵੇ ਤਾਂ ਜਿਸ ਵਿੱਚ ਪੈਨਸਲਵੇਨੀਆ ਗਜ਼ਟ ਵਿੱਚ ਛਪੇ ਉਨ੍ਹਾਂ ਦੇ ਪੱਤਰ ਵੀ ਸ਼ਾਮਲ ਹਨ।
ਜੂਨ 1752 ਵਿੱਚ ਬੈਂਜਾਮਿਨ ਨੇ ਮਨ ਬਣਾਇਆ ਕਿ ਉਹ ਅਸਮਾਨੀ ਬਿਜਲੀ ਵਿੱਚ ਕੰਰਟ ਹੋਣ ਦੇ ਆਪਣੇ ਸਿਧਾਂਤ ਦੀ ਜਾਂਚ ਕਰਨਗੇ।
ਉਨ੍ਹਾਂ ਦੀ ਵਿਧੀ ਮੁਤਾਬਕ ਚਲਦੇ ਝੱਖੜ-ਤੂਫ਼ਨ ਵਿੱਚ ਧਾਤ ਦੀ ਚਾਬੀ ਨਾਲ ਬੰਨ੍ਹ ਕੇ ਇੱਕ ਪਤੰਗ ਉਡਾਇਆ ਜਾਣਾ ਸੀ। ਇਸ ਦੀ ਡੋਰ ਰਾਹੀਂ ਅਸਮਾਨੀ ਬਿਜਲੀ ਚਾਬੀ ਵਿੱਚ ਪਹੁੰਚਣੀ ਸੀ।
ਇਸ ਨੇ ਵਾਤਾਵਰਣ ਵਿੱਚੋਂ ਚਾਰਜ ਫੜਿਆ ਜੋ ਕਿ ਇੱਕ ਲਾਇਡਨ ਜਾਰ ਵਿੱਚ ਭੇਜਿਆ ਗਿਆ। ਇਸ ਤਰ੍ਹਾਂ ਸਾਬਤ ਹੋ ਗਿਆ ਕਿ ਫਰੈਂਕਲਿਨ ਸਹੀ ਸਨ।
ਲਾਇਡਨ ਜਾਰ ਦੀ ਖੋਜ 1740 ਵਿਆਂ ਦੌਰਾਨ ਸਟੈਟਿਕ ਚਾਰਜ ਨੂੰ ਸਟੋਰ ਕਰਨ ਲਈ ਕੀਤੀ ਗਈ ਸੀ।
ਰੋਜ਼ਾਨਾ ਕੰਮ ਆਉਣ ਵਾਲੀਆਂ ਖੋਜਾਂ
ਬੈਂਜਾਮਿਨ ਦੀ ਪ੍ਰਤਿਭਾ ਸਿਰਫ਼ ਸ਼ੁੱਧ ਵਿਗਿਆਨ ਤੱਕ ਹੀ ਸੀਮਤ ਨਹੀਂ ਸੀ। ਉਨ੍ਹਾਂ ਨੇ ਰੋਜ਼ ਦੀਆਂ ਸਮੱਸਿਆਵਾਂ ਦੇ ਵੀ ਹੱਲ ਦਿੱਤੇ ਅਤੇ ਤਤਕਾਲੀ ਤਕਨੀਕ ਵਿੱਚ ਵੀ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ।
ਲਾਈਟਨਿੰਗ ਰਾਡ

ਫਰੈਂਕਲਿਨ ਦੇ ਬਿਜਲੀ ਨਾਲ ਜੁੜੇ ਤਜਰਬਿਆਂ ਦਾ ਇੱਕ ਸਪੱਸ਼ਟ ਵਿਹਾਰਕ ਉਦੇਸ਼ੀ ਸੀ- ਅਸਮਾਨੀ ਬਿਜਲੀ ਨਾਲ ਲੱਗਣ ਵਾਲੀ ਅੱਗ ਅਤੇ ਤਬਾਹੀ ਨੂੰ ਰੋਕਣਾ। ਉਦੋਂ ਜ਼ਿਆਦਾਤਰ ਘਰ ਲੱਕੜ ਦੇ ਹੁੰਦੇ ਸਨ, ਜਿਨ੍ਹਾਂ ਨੂੰ ਅਸਮਾਨੀ ਬਿਜਲੀ ਨਾਲ ਸੌਖਿਆਂ ਹੀ ਅੱਗ ਲੱਗ ਜਾਂਦੀ ਸੀ।
ਇਸਦਾ ਹੱਲ ਸੀ ਕਿ ਘਰ ਦੀ ਛੱਤ ਉੱਥੇ ਧਾਤ ਦਾ ਇੱਕ ਖੰਭਾ ਲਾਇਆ ਜਾਵੇ, ਜਿਸ ਨਾਲ ਜੁੜੀ ਇੱਕ ਤਾਰ ਥੱਲੇ ਲਿਆ ਕੇ ਜ਼ਮੀਨ ਵਿੱਚ ਦੱਬ ਦਿੱਤੀ ਜਾਵੇ ਤਾਂ ਜੋ ਬਿਜਲੀ ਉਸ ਤਾਰ ਰਾਹੀਂ ਹੁੰਦੀ ਹੋਈ ਇਮਾਰਤ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਧਰਤੀ ਵਿੱਚ ਜਜ਼ਬ ਹੋ ਜਾਵੇ।
ਇੱਥੋਂ ਤੱਕ ਕਿ ਬ੍ਰਿਟੇਨ ਦੇ ਕਿੰਗ ਜਾਰਜ ਤੀਜੇ, ਜੋ ਜਦੋਂ ਅਮਰੀਕਾ ਵਿੱਚ ਅਜ਼ਾਦੀ ਦੀ ਲੜਾਈ ਸ਼ੁਰੂ ਹੋਈ ਤਾਂ ਫਰੈਂਕਲਿਨ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਵੀ ਇਹ ਬਕਿੰਘਮ ਪੈਲਿਸ ਵਿੱਚ ਇਹ ਉਪਕਰਣ ਲਗਵਾਇਆ।
ਹਾਲਾਂਕਿ ਉਨ੍ਹਾਂ ਨੇ ਇਸ ਲਈ ਬ੍ਰਿਟੇਨ ਦੇ ਵਿਗਿਆਨੀਆਂ ਵੱਲੋਂ ਸੁਝਾਇਆ ਗਿਆ ਉਪਕਰਣ ਵਰਤਿਆ।
ਹੱਥਾਂ ਵਿੱਚ ਪਾਉਣ ਵਾਲੇ ਚੱਪੂ

ਤਸਵੀਰ ਸਰੋਤ, Getty Images
ਫਰੈਂਕਲਿਨ ਬਚਪਨ ਤੋਂ ਹੀ ਖੋਜੀ ਪ੍ਰਵਿਰਤੀ ਦੇ ਮਾਲਕ ਸਨ।
ਗਿਆਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਤੇਜ਼ ਤੈਰਨ ਲਈ ਖਾਸ ਚੱਪੂ ਬਣਾਏ।
ਇਹ ਕਿਸੇ ਚਿੱਤਰਕਾਰ ਦੀ ਰੰਗਾਂ ਦੀ ਟਰੇਅ ਵਰਗੇ ਸਨ।
ਉਨ੍ਹਾਂ ਨੇ ਪੈਰਾਂ ਲਈ ਵੀ ਅਜਿਹੇ ਚੱਪੂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਜਿੰਨੀ ਸਫ਼ਲਤਾ ਨਹੀਂ ਮਿਲੀ।
ਬੈਂਜਾਮਿਨ ਤੈਰਾਕੀ ਦੇ ਇੰਨੇ ਸ਼ੋਕੀਨ ਸਨ ਕਿ ਉਨ੍ਹਾਂ ਨੇ ਇਸ ਨੂੰ ਲੋਕਾਂ ਵਿੱਚ ਪ੍ਰਚਾਰਨ ਦੀ ਕੋਸ਼ਿਸ਼ ਕੀਤੀ। ਉਹ ਵੱਡੇ ਹੋ ਕੇ ਤੈਰਾਕੀ ਕੋਚ ਬਣਨਾ ਚਾਹੁੰਦੇ ਸਨ।
ਲੰਡਨ ਵਿੱਚ ਰਹਿਣ ਦੌਰਾਨ ਉਹ ਹਰ ਰੋਜ਼ ਥੇਮ ਨਦੀ ਵਿੱਚ ਨਹਾਉਣ ਜਾਂਦੇ ਸਨ। ਉਸ ਥਾਂ ਨੂੰ ਹੁਣ ਇੰਟਨੈਸ਼ਨਲ ਸਵਿਮਿੰਗ ਹਾਲ ਆਫ ਫੇਮ ਕਿਹਾ ਜਾਂਦਾ ਹੈ।
ਫਰੈਂਕਲਿਨ ਸਟੋਵ

ਤਸਵੀਰ ਸਰੋਤ, Getty Images
ਘਰਾਂ ਨੂੰ ਗਰਮ ਰੱਖਣ ਦਾ ਇਹ ਢੰਗ ਇੰਨਾ ਕਾਰਗਰ ਸੀ ਕਿ ਇਸਦਾ ਨਾਮ ਹੀ ਫਰੈਂਕਲਿਨ ਦੇ ਨਾਮ ਉੱਪਰ ਰੱਖ ਦਿੱਤਾ ਗਿਆ।
ਘਰਾਂ ਨੂੰ ਗਰਮ ਕਰਨ ਲਈ ਵਰਤੀਆਂ ਜਾਣ ਵਾਲੀਆਂ ਰਵਾਇਤੀ ਅੰਗੀਠੀਆਂ ਬਾਲਣ ਦੀ ਬਹੁਤ ਜ਼ਿਆਦਾ ਖਪਤ ਕਰਦੀਆਂ ਸਨ, ਧੂਆਂ ਬਹੁਤ ਜ਼ਿਆਦਾ ਹੁੰਦਾ ਸੀ ਅਤੇ ਗਲਤੀ ਨਾਲ ਅੱਗ ਲੱਗਣ ਦਾ ਖ਼ਤਰਾ ਵੀ ਹਮੇਸ਼ਾ ਬਣਿਆ ਰਹਿੰਦਾ ਸੀ।
ਇਸ ਦੀ ਵਿਕਰੀ 1742 ਵਿੱਚ ਸ਼ੁਰੂ ਹੋਈ। 1780 ਦੇ ਦਹਾਕੇ ਦੌਰਾਨ ਇੱਕ ਹੋਰ ਅਮਰੀਕੀ ਡੇਵਿਡ ਰਿਟਨਹਾਊਸ ਨੇ ਇਸ ਵਿੱਚ ਹੋਰ ਸੁਧਾਰ ਕੀਤਾ।
ਘਰਾਂ ਨੂੰ ਗਰਮ ਕਰਨ ਦੀ ਤਕਨੀਕ ਦੇ ਖੇਤਰ ਵਿੱਚ ਇਹ ਖੋਜ ਇੱਕ ਮੀਲ ਦਾ ਪੱਥਰ ਸਾਬਤ ਹੋਈ।
ਪਿਸ਼ਾਬ ਲਈ ਕੈਥੇਟਰ

ਤਸਵੀਰ ਸਰੋਤ, LIBRARY OF CONGRESS
ਹਾਲਾਂਕਿ ਫਰੈਂਕਲਿਨ ਨੇ ਡਾਕਟਰੀ ਕੈਥੇਟਰ ਦੀ ਖੋਜ ਤਾਂ ਨਹੀਂ ਕੀਤੀ (ਜਿਸ ਵਿੱਚ ਇੱਕ ਨਲਕੀ ਪਿਸ਼ਾਬ ਨਲੀ ਵਿੱਚ ਪਾ ਕੇ ਪਿਸ਼ਾਬ ਦੀ ਥੈਲੀ ਤੱਕ ਪਹੁੰਚਾ ਦਿੱਤੀ ਜਾਂਦੀ ਹੈ।) ਪਰ ਉਨ੍ਹਾਂ ਨੇ ਤਤਕਾਲੀ ਤਰੀਕਿਆਂ ਨਾਲੋਂ ਇੱਕ ਘੱਟ ਦਰਦਪੂਰਨ ਤਰੀਕਾ ਜ਼ਰੂਰ ਖੋਜਿਆ।
ਉਨ੍ਹਾਂ ਦੀ ਖੋਜ ਨਾਲ ਕਈ ਦੁੱਖ ਭੋਗ ਰਹੇ ਮਰੀਜ਼ਾਂ ਨੂੰ ਕੁਝ ਰਾਹਤ ਮਿਲੀ
ਇਸ ਦੀ ਸ਼ੁਰੂਆਤ 1752 ਵਿੱਚ ਹੋਈ ਜਦੋਂ ਫਰੈਂਕਲਿਨ ਦੇ ਵੱਡੇ ਭਰਾ ਦੇ ਗੁਰਦੇ ਦੀ ਪਥਰੀ ਹੋ ਗਈ ਅਤੇ ਨਿਯਮਤ ਰੂਪ ਵਿੱਚ ਕੈਥੇਟਰ ਜ਼ਰੀਏ ਪਿਸ਼ਾਬ ਬਾਹਰ ਕੱਢਣਾ ਪੈਂਦਾ ਸੀ।
ਉਸ ਸਮੇਂ ਠੋਸ ਨਲਕੀਆਂ ਹੁੰਦੀਆਂ ਸਨ, ਜਿਨ੍ਹਾਂ ਨਾਲ ਮਰੀਜ਼ ਨੂੰ ਬਹੁਤ ਦਰਦ ਹੁੰਦਾ ਸੀ।
ਫਰੈਂਕਲਿਨ ਨੇ ਚਾਂਦੀਸਾਜ਼ ਤੋਂ ਇੱਕ ਮੋੜਾਂ ਵਾਲੀ ਨਲਕੀ ਤਿਆਰ ਕਰਵਾ ਕੇ ਤੁਰੰਤ ਆਪਣੇ ਭਰਾ ਨੂੰ ਭੇਜ ਦਿੱਤੀ।
ਬਾਇਫੋਕਲ ਐਨਕਾਂ

ਤਸਵੀਰ ਸਰੋਤ, Getty Images
ਬਾਈਫੋਕਲ ਐਨਕਾਂ ਜਿਨ੍ਹਾਂ ਨੂੰ ਅਸੀਂ ਦੂਰ-ਨੇੜੇ ਦੀਆਂ ਐਨਕਾਂ ਕਹਿੰਦੇ ਹਨ, ਦੀ ਖੋਜ ਦਾ ਸਿਹਰਾ ਵੀ ਫਰੈਂਕਲਿਨ ਨੂੰ ਹੀ ਜਾਂਦਾ ਹੈ।
ਬਜ਼ੁਰਗੀ ਵਿੱਚ ਜਦੋਂ ਬਾਕੀ ਲੋਕਾਂ ਵਾਂਗ ਹੀ ਫਰੈਂਕਲਿਨ ਦੀ ਵੀ ਦੂਰ ਨੇੜੇ ਦੀ ਨਜ਼ਰ ਵਿੱਚ ਫਰਕ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਵਾਰ-ਵਾਰ ਐਨਕਾਂ ਬਦਲਦੇ ਰਹਿਣਾ ਇੱਕ ਸਿਰਦਰਦੀ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਨੇ ਦੋਵਾਂ ਕਿਸਮ ਦੇ ਲੈਂਜ਼ਾਂ ਨੂੰ ਅੱਧ-ਵਿਚਕਾਰੋਂ ਕੱਟਿਆ। ਉਨ੍ਹਾਂ ਨੇ ਦੂਰ ਦੇ ਸ਼ੀਸ਼ੇ ਨੂੰ ਉੱਪਰ ਲਾਇਆ ਅਤੇ ਪੜ੍ਹਨ ਵਾਲਿਆਂ ਨੂੰ ਥੱਲੇ।
ਹਾਲਾਂਕਿ ਪਿਛਲੇ ਸਾਲਾਂ ਦੌਰਾਨ ਇਸ ਬਾਰੇ ਵਿਵਾਦ ਰਿਹਾ ਹੈ ਕਿ ਵਾਕਈ ਬੈਂਜਾਮਿਨ ਫਰੈਂਕਲਿਨ ਨੇ ਹੀ ਇਹ ਖੋਜ ਕੀਤੀ ਸੀ ਜਾਂ ਇਨ੍ਹਾਂ ਵਿੱਚ ਕੋਈ ਸੋਧ ਮਾਤਰ ਕੀਤੀ ਸੀ। ਕੁਝ ਵੀ ਹੋਵੇ, ਇਸ ਵਿੱਚ ਉਨ੍ਹਾਂ ਦਾ ਹੱਥ ਤਾਂ ਜ਼ਰੂਰ ਹੈ।
ਲੰਬੀ ਬਾਂਹ

1780 ਦੇ ਦਹਾਕੇ ਦੌਰਾਨ ਜਦੋਂ ‘ਬੁੱਢਾ ਹੋਆ’ ਬੈਂਜਾਮਿਨ ਫਰੈਂਕਲਿਨ ਤਾਂ ਉਨ੍ਹਾਂ ਨੂੰ ਪੜ੍ਹਨ ਲਈ ਕਿਤਾਬਾਂ ਦੇ ਰੈਕ ਵਿੱਚੋਂ ਉੱਚੀਆਂ ਪਈਆਂ ਕਿਤਾਬਾਂ ਕੱਢਣ ਵਿੱਚ ਮੁਸ਼ਕਿਲ ਹੁੰਦੀ ਸੀ।
ਪੌੜ੍ਹੀ ਦੀ ਵਰਤੋਂ ਕਰਕੇ ਉੱਪਰ ਹੱਥ ਪਹੁੰਚਾਉਣਾ, ਮੁਸ਼ਕਿਲ ਹੋ ਗਿਆ ਸੀ।
ਇਸ ਲਈ ਉਨ੍ਹਾਂ ਨੇ ਇੱਕ ਉਪਕਰਣ ਬਣਾਇਆ। ਇਹ ਲੱਕੜ ਦੀ ਸੋਟੀ ਦਾ ਬਣਿਆ ਸੀ ਜਿਸ ਦੇ ਇੱਕ ਸਿਰੇ ਉੱਤੇ ਪੰਜਿਆਂ ਵਰਗਾ ਕੁਝ ਜੁਗਾੜ ਗਿਆ। ਇਨ੍ਹਾਂ ਪੰਜਿਆਂ ਨੂੰ ਸੋਟੀ ਨਾਲ ਜੋੜੀ ਹੋਈ ਰੱਸੀ ਨਾਲ ਹਿਲਾਇਆ ਜਾ ਸਕਦਾ ਸੀ।
ਹੁਣ ਬੈਂਜਾਮਿਨ ਨੂੰ ਮਨ ਚਾਹੀ ਕਿਤਾਬ ਕੱਢਣ ਲਈ ਪੌੜ੍ਹੀਆਂ ਉੱਤੇ ਨਹੀਂ ਚੜ੍ਹਨਾ ਪੈਂਦਾ ਸੀ।
ਸੂਪ ਵਾਲੀ ਕਟੋਰੀ

ਤਸਵੀਰ ਸਰੋਤ, Getty Images
ਦੇਖਿਆ ਜਾਵੇ ਤਾਂ ਸੂਪ ਦੀ ਕਟੋਰੀ ਦੀ ਖੋਜ ਕੋਈ ਵੱਡੀ ਖੋਜ ਨਹੀਂ ਲਗਦੀ। ਇਹ ਹਾਲਾਂਕਿ ਅਜਿਹੀ ਕਟੋਰੀ ਸੀ ਜਿਸ ਵਿੱਚੋਂ ਸੂਪ ਡੁੱਲ੍ਹ ਨਹੀਂ ਸਕਦਾ ਸੀ।
ਫਰੈਂਕਲਿਨ ਜਹਾਜ਼ਰਾਨੀ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸਦੀ ਖੋਜ ਕੀਤਾ।
ਉਨ੍ਹਾਂ ਦੇ ਡਿਜ਼ਾਈਨ ਵਿੱਚ ਇੱਕ ਵੱਡੀ ਕੌਲੀ ਸੀ ਅਤੇ ਉਸਦੇ ਚਾਰੇ ਪਾਸੇ ਛੋਟੀਆਂ-ਛੋਟੀਆਂ ਕੌਲੀਆਂ ਸਨ।
ਜਦੋਂ ਕਿਸੇ ਕਾਰਨ ਤਰਲ ਮੁੱਖ ਕੌਲੀ ਵਿੱਚੋਂ ਡੁੱਲਦਾ ਸੀ ਤਾਂ ਉਹ ਦੁਆਲੇ ਦੀਆਂ ਛੋਟੀਆਂ ਕੌਲੀਆਂ ਵਿੱਚ ਰੁਕ ਜਾਂਦਾ ਸੀ।
ਕ੍ਰਿਸਟਲ ਹਾਰਮੋਨਿਕਾ

ਤਸਵੀਰ ਸਰੋਤ, Getty Images
ਕੀ ਤੁਸੀਂ ਵਾਇਨ ਦੇ ਗਲਾਸਾਂ ਦੇ ਮੂੰਹ ਉੱਤੇ ਗਿੱਲੀਆਂ ਉਂਗਲੀਆਂ ਘਸਾਉਣ ਕਾਰਨ ਪੈਦਾ ਹੋਣ ਵਾਲੇ ਸੰਗੀਤ ਨੂੰ ਸੁਣਿਆ ਹੈ।
ਇਸੇ ਤੋਂ ਪ੍ਰੇਰਿਤ ਹੋ ਕੇ ਬੈਂਜਾਮਿਨ ਫਰੈਂਕਲਿਨ ਨੇ, ਹਾਰਮੋਨਿਕਾ ਨਾਮ ਦਾ ਸਾਜ਼ ਤਿਆਰ ਕੀਤਾ।
ਸੰਨ 1761 ਵਿੱਚ ਬਣਾਏ ਗਏ ਇਸ ਸਾਜ਼ ਵਿੱਚ ਸ਼ੀਸ਼ੇ ਦੀਆਂ 37 ਕਟੋਰੀਆਂ ਇੱਕ ਘੁੰਮਣ ਵਾਲੇ ਧੁਰੇ ਵਿੱਚ ਫਿੱਟ ਕੀਤੀਆਂ ਗਈਆਂ ਸਨ। ਉਸ ਧੁਰੇ ਨੂੰ ਸਾਜ਼ੀ ਪੈਰਾਂ ਵਾਲੀ ਮਸ਼ੀਨ ਵਾਂਗ ਚਲਾਉਂਦਾ ਸੀ। ਸਾਜ਼ ਵਜਾਉਣ ਲਈ ਸਾਜ਼ੀ ਆਪਣੀਆਂ ਉਂਗਲੀਆਂ ਗਿੱਲੀਆਂ ਰੱਖਦਾ ਸੀ।
ਹਰੇਕ ਕਟੋਰੀ ਨੂੰ ਲੰਡਨ ਦੇ ਇੱਕ ਕੱਚਸਾਜ਼ ਚਾਰਲਸ ਜੇਮਜ ਨੇ ਵਿਸ਼ੇਸ਼ ਤੌਰ ਉੱਤੇ ਦਿੱਤੀਆਂ ਹਦਾਇਤਾਂ ਮੁਤਾਬਕ ਤਿਆਰ ਕੀਤਾ ਸੀ, ਤਾਂ ਜੋ ਹਰੇਕ ਕਟੋਰੀ ਅੰਦਰੋਂ ਖਾਲੀ ਹੋਣ ਦੇ ਬਾਵਜੂਦ ਖਾਸ ਧੁਨ ਪੈਦਾ ਕਰੇ।
ਇਸ ਸਾਜ਼ ਨੇ ਯੂਰਪੀ ਸੰਗੀਤ ਵਿੱਚ ਤਹਿਲਕਾ ਮਚਾ ਦਿੱਤਾ। ਮੋਜ਼ਾਰਟ ਅਤੇ ਬੀਥੋਵੀਨ ਵਰਗੇ ਸੰਗੀਤਕਾਰਾਂ ਨੇ ਇਸ ਦੀ ਸਮਰੱਥਾ ਦੀ ਪੂਰਾ ਲਾਭ ਲੈਣ ਲਈ ਵਿਸ਼ੇਸ਼ ਧੁਨਾਂ ਲਿਖੀਆਂ।
ਬੈਂਜਾਮਿਨ ਫਰੈਂਕਲਿਨ ਨੇ ਵੀ ਬਾਅਦ ਵਿੱਚ ਕਿਹਾ ਕਿ ਮੇਰੀਆਂ “ਸਾਰੀਆਂ ਕਾਢਾਂ ਵਿੱਚੋਂ ਕ੍ਰਿਸਟਲ ਹਾਰਮੋਨਿਕਾ ਨੇ ਮੈਨੂੰ ਸਭ ਤੋਂ ਜ਼ਿਆਦਾ ਨਿੱਜੀ ਖੁਸ਼ੀ ਦਿੱਤੀ ਹੈ।”












