ਜਲੰਧਰ ਜ਼ਿਮਨੀ ਚੋਣ: ਫੈਕਟਰ ਜੋ ਤੈਅ ਕਰਨਗੇ ਚੋਣ ਨਤੀਜਾ, ਕਿਸ ਦਾ ਕੀ ਦਾਅ ਉੱਤੇ ਲੱਗਾ

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਦੁਆਬਾ ਖੇਤਰ ਦੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਹਾਈ ਵੋਲਟੇਜ ਉਪ ਚੋਣ ਲਈ ਅੱਜ ਸ਼ਾਮੀ ਪੰਜ ਵਜੇ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ ਅਤੇ ਇਸ ਸੀਟ ਉੱਤੇ ਵੋਟਾਂ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ।
ਜਲੰਧਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ, ਇਹ ਰਾਖਵਾਂ ਹਲਕਾ ਕਾਫ਼ੀ ਸੰਵੇਦਨਸ਼ੀਲ ਮੰਨਿਆ ਗਿਆ ਹੈ ਅਤੇ ਇੱਥੋਂ ਦੀ ਜਿੱਤ ਹਾਰ ਵਿੱਚ ਜਾਤੀ ਅਤੇ ਧਾਰਮਿਕ ਸਮੀਕਰਨ ਅਹਿਮ ਭੂਮਿਕਾ ਨਿਭਾਉਂਦੇ ਹਨ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਆਮ ਆਦਮੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਚੋਣ ਜਿੱਤੀ ਸੀ, ਪਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਵਿਧਾਇਕ ਦੇ ਤੌਰ ਉੱਤੇ ਅਸਤੀਫ਼ਾ ਦੇਣ ਕਰਕੇ ਇਸ ਸੀਟ ਉੱਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ।
ਚੋਣ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਭਰਮਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪ੍ਰਚਾਰ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀਆਂ ਅਤੇ ਰੋਡ ਸ਼ੋਅ ਕਰ ਕੇ ਸੰਭਾਲੀ, ਉੱਥੇ ਹੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਨੇ ਘਰ-ਘਰ ਪ੍ਰਚਾਰ ਕਰ ਕੇ ਨਿੱਜੀ ਸੰਪਰਕ ਰਾਹੀਂ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ।
‘ਆਪ’ ਲਈ ਕਿਉਂ ਹੈ ਜਲੰਧਰ ਪੱਛਮੀ ਸੀਟ ਅਹਿਮ

ਆਮ ਆਦਮੀ ਪਾਰਟੀ ਖ਼ਾਸ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਪੱਛਮੀ ਸੀਟ ਦੀ ਜ਼ਿਮਨੀ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ।
ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਚੰਡੀਗੜ੍ਹ ਦੀ ਬਜਾਏ ਜਲੰਧਰ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਕਰ ਲਈ ਹੈ।
ਉਨ੍ਹਾਂ ਵੋਟਰਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਦੁਆਬਾ ਖੇਤਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਹਫ਼ਤੇ ਵਿੱਚ 3-4 ਦਿਨ ਇੱਥੇ ਬਿਤਾਉਣਗੇ।
ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪਾਰਟੀ ਦੇ ਤਕਰੀਬਨ ਸਾਰੇ ਵਿਧਾਇਕ, ਕੈਬਨਿਟ ਮੰਤਰੀ ਅਤੇ ਤਿੰਨ ਸੰਸਦ ਮੈਂਬਰਾਂ ਸਮੇਤ ਵਰਕਰਾਂ ਨੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਰਾਜਨੀਤਿਕ ਮਾਹਿਰ ਮੰਨਦੇ ਹਨ ਕਿ ਸੱਤਾਧਾਰੀ 'ਆਪ', ਜੋ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸਿਰਫ਼ ਤਿੰਨ ਸੀਟਾਂ ਹੀ ਜਿੱਤਣ ਵਿੱਚ ਕਾਮਯਾਬ ਰਹੀ, ਇਸ ਸੀਟ ਰਾਹੀਂ ਆਪਣੀ ਰਾਜਨੀਤਿਕ ਪੈਂਠ ਬਚਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਖੁਦ ਸੰਭਾਲੀ ਹੋਈ ਹੈ।
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖ਼ਾਲਿਦ ਦਾ ਕਹਿਣਾ ਹੈ ਕਿ ਇਹ ਜ਼ਿਮਨੀ ਚੋਣ ਆਪ ਆਦਮੀ ਪਾਰਟੀ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ਲਈ ਇੱਕ ਇਮਤਿਹਾਨ ਹੈ।
ਉਨ੍ਹਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਇਸ ਸਮੇਂ ਜੇਲ੍ਹ ਵਿੱਚ ਹਨ ਅਤੇ ਜੇਕਰ ਇਸ ਸੀਟ ਦਾ ਨਤੀਜਾ ਪਾਰਟੀ ਦੇ ਹੱਕ ਵਿੱਚ ਨਹੀਂ ਜਾਂਦਾ ਤਾਂ ਉਨ੍ਹਾਂ ਦੀ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਹੋ ਸਕਦੇ ਹਨ।
ਆਮ ਆਦਮੀ ਪਾਰਟੀ ਇਸ ਚੋਣ ਰਾਹੀਂ ਲੋਕਾਂ ਵਿੱਚ ਸਰਕਾਰ ਪ੍ਰਤੀ ਭਰੋਸਾ ਹੋਣ ਦਾ ਸੁਨੇਹਾ ਵੀ ਦੇਣਾ ਚਾਹੁੰਦੀ ਹੈ।
ਕਾਂਗਰਸ ਵੱਲੋਂ ਆਪਣੇ ਗੜ੍ਹ ਨੂੰ ਬਚਾਉਣ ਦੀ ਕੋਸ਼ਿਸ਼

ਦੁਆਬੇ ਦੀ ਰਾਜਨੀਤੀ ਵਿੱਚ ਦਲਿਤ ਵਸੋਂ ਬਹੁਤ ਜ਼ਿਆਦਾ ਹੈ ਅਤੇ ਇਸ ਕਾਰਨ ਰਾਜਨੀਤਿਕ ਤੌਰ ਉੱਤੇ ਵੀ ਇਹਨਾਂ ਦਾ ਦਬਦਬਾ ਹੈ।
ਲੋਕ ਸਭਾ ਚੋਣਾਂ ਵਿੱਚ ਸੂਬੇ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ ਨਾਲ ਇਹ ਸੀਟ ਜਿੱਤੀ ਸੀ।
ਇਸ ਕਰ ਕੇ ਕਾਂਗਰਸ ਖ਼ਾਸ ਤੌਰ ਉੱਤੇ ਚਰਨਜੀਤ ਸਿੰਘ ਚੰਨੀ ਦੁਆਬਾ ਦੀ ਰਾਜਨੀਤੀ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਦੇ ਮਕਸਦ ਨਾਲ ਪਾਰਟੀ ਉਮੀਦਵਾਰ ਸੁਰਿੰਦਰ ਕੌਰ ਨੂੰ ਜਿਤਾਉਣ ਲਈ ਪੂਰੀ ਵਾਹ ਲਗਾ ਰਹੇ ਹਨ।
ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਤੋਂ ਇਲਾਵਾ ਪੰਜ ਵਾਰ ਨਗਰ ਕੌਂਸਲਰ ਰਹਿ ਚੁੱਕੇ ਹਨ।
ਸਿਆਸੀ ਮਾਹਿਰਾਂ ਮੁਤਾਬਕ ਰਿਵਾਇਤੀ ਤੌਰ ਉੱਤੇ ਇਹ ਸੀਟ ਕਾਂਗਰਸ ਦੀ ਹੈ ਅਤੇ ਜੇਕਰ ਜ਼ਿਮਨੀ ਚੋਣ ਵਿੱਚ ਪਾਰਟੀ ਨੂੰ ਇੱਥੋਂ ਸਫ਼ਲਤਾ ਮਿਲਦੀ ਹੈ ਤਾਂ ਦਲਿਤ ਰਾਜਨੀਤੀ ਵਿੱਚ ਚਰਨਜੀਤ ਸਿੰਘ ਚੰਨੀ ਇੱਕ ਵੱਡੇ ਆਗੂ ਵਜੋਂ ਉੱਭਰਨਗੇ।
ਕਾਂਗਰਸ ਲਈ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਪਾਰਟੀ ਦੇ ਹੋਰਨਾਂ ਆਗੂ ਚੋਣ ਪ੍ਰਚਾਰ ਕੀਤਾ।
ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇ ਰੈਲੀਆਂ ਦੀ ਬਜਾਏ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਨੀਤੀ ਉੱਤੇ ਕੰਮ ਕੀਤਾ।
ਭਾਜਪਾ ਦੀ ਟੇਕ ਸ਼ੀਤਲ ਉੱਤੇ

ਤਸਵੀਰ ਸਰੋਤ, Sheetal Angural/fb
ਭਾਰਤੀ ਜਨਤਾ ਪਾਰਟੀ ਨੇ ਜਲੰਧਰ ਤੋਂ ਸ਼ੀਤਲ ਅੰਗੁਰਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
ਸਿਆਸੀ ਮਾਹਿਰ ਮੰਨਦੇ ਹਨ ਜੇਕਰ ਭਾਜਪਾ ਇਸ ਸੀਟ ਤੋਂ ਜਿੱਤਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਸ਼ੀਤਲ ਅੰਗੁਰਾਲ ਦੇ ਫ਼ੈਸਲੇ ਨੂੰ ਜਾਇਜ਼ ਮੰਨਿਆ ਜਾਵੇਗਾ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੇ ਸ਼ਹਿਰ 'ਚ ਡੇਰੇ ਲਾਏ ਅਤੇ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਜਾਤੀ ਸਮੀਕਰਨਾਂ ਦੀ ਅਹਿਮੀਅਤ

ਤਸਵੀਰ ਸਰੋਤ, Charanjit Singh Channi/FB
ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਤੀਦੂਤ ਮੁਤਾਬਕ ਜਲੰਧਰ ਪੱਛਮੀ ਸੀਟ ਉੱਤੇ ਜਾਤੀ ਸਮੀਕਰਨ ਨੂੰ ਕਾਫ਼ੀ ਅਹਿਮ ਮੰਨਦੇ ਹਨ। ਉਨ੍ਹਾਂ ਮੁਤਾਬਕ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਇਸ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਮਹਿੰਦਰ ਭਗਤ, ਕਬੀਰ ਭਗਤ ਭਾਈਚਾਰੇ ਨਾਲ ਸਬੰਧਿਤ ਹਨ, ਜਿੰਨਾ ਦਾ ਇਸ ਸੀਟ ਉੱਤੇ ਵੱਡਾ ਆਧਾਰ ਹੈ।
ਮਹਿੰਦਰ ਭਗਤ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਬੇਟੇ ਹਨ।
ਭਗਤ ਪਰਿਵਾਰ ਦਾ ਇਸ ਹਲਕੇ ਵਿੱਚ ਵੱਡਾ ਆਧਾਰ ਹੈ, ਕਿਉਂਕਿ ਉਨ੍ਹਾਂ ਤਿੰਨ ਵਾਰ ਇੱਥੋਂ ਦੀ ਨੁਮਾਇੰਦਗੀ ਵਿਧਾਨ ਸਭਾ ਵਿੱਚ ਕਰ ਚੁੱਕੇ ਹਨ ਅਤੇ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਸਮੇਂ ਉਹ ਕੈਬਨਿਟ ਮੰਤਰੀ ਵੀ ਰਹੇ ਹਨ।
ਪੱਤਰਕਾਰ ਰਾਕੇਸ਼ ਸ਼ਾਂਤੀ ਦੂਤ ਮੁਤਾਬਕ ਕਬੀਰ ਭਾਈਚਾਰੇ ਤੋਂ ਇਲਾਵਾ ਇਸ ਸੀਟ ਉੱਤੇ ਰਵੀਦਾਸ ਭਾਈਚਾਰੇ ਦਾ ਵੀ ਆਧਾਰ ਹੈ ਇਸ ਕਰ ਕੇ ਕਾਂਗਰਸ ਨੇ ਮਹਿਲਾ ਦਲਿਤ ਆਗੂ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਖ਼ਾਸ ਤੌਰ ਉੱਤੇ ਬੂਟਾ ਮੰਡੀ ਦੇ ਵੋਟਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ।
ਰਾਕੇਸ਼ ਸ਼ਾਂਤੀ ਦੂਤ ਮੁਤਾਬਕ ਉਂਝ ਜਲੰਧਰ ਪੱਛਮੀ ਸੀਟ ਉੱਤੇ ਪਿਛਲੇ ਕੁਝ ਸਾਲਾਂ ਤੋਂ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਾਲੇ ਰਿਹਾ ਹੈ। ਇਸ ਕਰ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਆਗੂ ਮਹਿੰਦਰ ਭਗਤ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ।
ਸਿਆਸੀ ਮਾਹਿਰਾਂ ਮੁਤਾਬਕ ਜਲੰਧਰ ਪੱਛਮੀ ਹਲਕੇ ਵਿੱਚ ਸਿਆਲਕੋਟੀਆ ਰਵੀਦਾਸੀਆਂ ਭਾਈਚਾਰਾ ਵੀ ਅਹਿਮ ਹੈ।
ਭਾਜਪਾ ਦੇ ਸ਼ੀਤਲ ਅੰਗੁਰਾਲ ਇਸ ਭਾਈਚਾਰੇ ਤੋਂ ਆਉਂਦੇ ਹਨ। ਇਹ ਉਹ ਭਾਈਚਾਰਾ ਹੈ, ਜੋ ਭਾਰਤ-ਪਾਕਿਸਤਾਨ ਵੰਡ ਦੌਰਾਨ ਸਿਆਲਕੋਟ ਤੋਂ ਜਲੰਧਰ ਆ ਕੇ ਵਸਿਆ ਹੋਇਆ ਹੈ।
ਜਲੰਧਰ ਦੀ ਸਪੋਰਟਸ ਇੰਡਸਟਰੀ ਉੱਤੇ ਇਸ ਭਾਈਚਾਰੇ ਦੇ ਵੱਡਾ ਪ੍ਰਭਾਵ ਹੈ।

ਦੁਆਬੇ ਦੀ ਦਲਿਤ ਰਾਜਨੀਤੀ ਉੱਤੇ ਜਲੰਧਰ ਪੱਛਮੀ ਸੀਟ ਦਾ ਪ੍ਰਭਾਵ
ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖ਼ਾਲਿਦ ਦਾ ਕਹਿਣਾ ਹੈ ਕਿ ਜਲੰਧਰ ਇਲਾਕੇ ਦਾ ਦੁਆਬੇ ਦੀ ਦਲਿਤ ਰਾਜਨੀਤੀ ਵਿੱਚ ਵੱਡਾ ਪ੍ਰਭਾਵ ਹੈ।
ਇਸ ਕਰ ਕੇ ਤਿੰਨ ਹੀ ਪਾਰਟੀਆਂ (ਆਪ, ਭਾਜਪਾ ਅਤੇ ਕਾਂਗਰਸ) ਇਹ ਸੀਟ ਜਿੱਤਣ ਲਈ ਪੂਰੀ ਤਾਕਤ ਲੱਗਾ ਰਹੀਆਂ ਹਨ ਕਿਉਂਕਿ ਇਸ ਸੀਟ ਦਾ ਅਸਰ ਬਾਕੀ ਥਾਵਾਂ ਉੱਤੇ ਵੀ ਪੈਣ ਦੀ ਸੰਭਾਵਨਾ ਹੈ।
ਪ੍ਰੋਫੈਸਰ ਮੁਹੰਮਦ ਖ਼ਾਲਿਦ ਮੁਤਾਬਕ ਦੁਆਬਾ ਵਿੱਚ ਡੇਰਾ ਸੱਚ ਖੰਡ ਬੱਲਾਂ ਦਾ ਵੱਡਾ ਪ੍ਰਭਾਵ ਹੈ ਕਿਉਂਕਿ ਗੁਰੂ ਰਵੀਦਾਸ ਧਾਮ ਜਲੰਧਰ ਪੱਛਮੀ ਇਲਾਕੇ ਵਿੱਚ ਹੈ।
ਪ੍ਰੋਫੈਸਰ ਖ਼ਾਲਿਦ ਨੇ ਦੱਸਿਆ ਕਿ ਡੇਰਾ ਬੱਲਾਂ ਦੀ ਅਹਿਮੀਅਤ ਕਰ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਅਕਸਰ ਵੋਟਾਂ ਦੇ ਸਮੇਂ ਡੇਰਾ ਦਾ ਅਸ਼ੀਰਵਾਦ ਲੈਣ ਲਈ ਜਾਂਦੀਆਂ ਹਨ।
ਇਸ ਕਰ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਸੀਟ ਦੀ ਜਿੱਤ ਰਾਹੀਂ ਸੂਬੇ ਦੀ ਦਲਿਤ ਰਾਜਨੀਤੀ ਵਿੱਚ ਆਪਣਾ ਦਬਦਬਾ ਕਾਇਮ ਕਰਨ ਦੀ ਫ਼ਿਰਾਕ ਵਿੱਚ ਹਨ।












