ਇਹ ਚਰਚ ਇੱਕ ਮੁੰਡੇ 'ਚੋਂ 'ਭੂਤ ਕੱਢਣ' ਦੇ ਵਿਵਾਦ ਵਿੱਚ ਘਿਰਿਆ, ਕੀ ਹੈ ਪੂਰਾ ਮਾਮਲਾ

    • ਲੇਖਕ, ਕੇਟੀ ਮਾਰਕ
    • ਰੋਲ, ਬੀਬੀਸੀ ਪਨੋਰਮਾ

ਈਸਾਈ ਚਰਚ ਦੀ ਇੱਕ ਬ੍ਰਿਟਿਸ਼ ਸ਼ਾਖਾ ਵਿੱਚ ਇੱਕ ਅੱਲ੍ਹੜ ਮੁੰਡੇ ਵਿੱਚੋਂ ਭੂਤ ਕੱਢੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ।

ਵੀਡੀਓ ਵਿੱਚ ਯੂਨੀਵਰਸਲ ਚਰਚ ਆਫ਼ ਦਿ ਕਿੰਗਡਮ ਆਫ ਗਾਡ (ਯੂਸੀਕੇਜੀ) ਦਾ ਪਾਦਰੀ ਮੁੰਡੇ ਨੂੰ ਸ਼ੈਤਾਨ ਤੋਂ ਮੁਕਤ ਕਰਨ ਲਈ ਸ਼ਕਤੀਸ਼ਾਲੀ ਮੰਤਰਾਂ ਦਾ ਪਾਠ ਕਰਦੇ ਦੇਖਿਆ ਜਾ ਸਕਦਾ ਹੈ।

ਬੀਬੀਸੀ ਪੈਨੋਰਮਾ ਨੂੰ ਚਰਚ ਦੇ ਇੱਕ ਸਾਬਕਾ ਮੈਂਬਰ ਜੋ ਕਿ ਗੇ ਵੀ ਹੈ ਨੇ ਦੱਸਿਆ ਕਿ 13 ਸਾਲ ਦੀ ਉਮਰ ਵਿੱਚ ਉਸ ਨੂੰ ਵੀ ਸਟਰੇਟ (ਕੁੜੀਆਂ ਵਿੱਚ ਰੁਚੀ ਰੱਖਣ ਵਾਲਾ ਮੁੰਡਾ) ਬਣਾਉਣ ਲਈ ਕੁਝ “ਤੀਬਰ ਪਾਠ” ਦੱਸੇ ਗਏ ਸਨ।

ਯੂਸੀਕੇਜੀ ਦਾ ਕਹਿਣਾ ਹੈ ਕਿ 18 ਸਾਲ ਤੋਂ ਛੋਟੇ ਵਿਅਕਤੀਆਂ ਨੂੰ “ਤੀਬਰ ਪ੍ਰਾਰਥਨਾਵਾਂ” ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੈ ਅਤੇ ਨਾ ਹੀ ਚਰਚ ਵਿੱਚ “ਕਨਵਰਜ਼ਨ ਥੈਰਿਪੀ” (ਲਿੰਗਕ ਰੁਚੀ ਨੂੰ ਬਦਲਣ ਦਾ ਇਲਾਜ) ਕੀਤੀ ਜਾਂਦੀ ਹੈ।

ਜਦਕਿ ਬੀਬੀਸੀ ਪੈਨੋਰਮਾ ਦੀ ਪੜਤਾਲ ਵਿੱਚ ਹੇਠ ਲਿਖੀਆਂ ਗੱਲਾਂ ਸਾਹਮਣੇ ਆਈਆਂ ਹਨ:

  • ਚਰਚ ਵਿੱਚ ਜਦੋਂ ਸੰਗਤ ਜੁੜਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਚਰਚ ਲੋਕਾਂ ਦੀ ਬੁਰੀਆਂ ਆਤਮਾਵਾਂ ਕਾਰਨ ਪੈਦਾ ਹੋਣ ਵਾਲੀਆਂ ਮਾਨਸਿਕ ਪ੍ਰੇਸ਼ਾਨੀਆਂ ਵਿੱਚ ਮਦਦ ਕਰ ਸਕਦਾ ਹੈ।
  • ਬ੍ਰਿਟੇਨ ਵਿੱਚ ਚਰਚ ਦੇ ਮੁਖੀ ਨੇ ਕਿਹਾ ਕਿ ਮਿਰਗੀ ਇੱਕ “ਅਧਿਆਤਮਿਕ ਸਮੱਸਿਆ” ਹੈ।

ਬੁਰੀਆਂ ਆਤਮਾਵਾਂ ਕੱਢਣ ਲਈ ਪ੍ਰਾਰਥਨਾ ਕਰਨਾ ਈਸਾਈ ਧਰਮ ਵਿੱਚ ਕੋਈ ਨਵੀਂ ਗੱਲ ਨਹੀਂ

ਯੂਸੀਕੇਜੀ ਦੀਆਂ ਸ਼ਾਖਾਵਾਂ ਪੂਰੀ ਦੁਨੀਆਂ ਵਿੱਚ ਮੌਜੂਦ ਹਨ। ਬ੍ਰਿਟੇਨ ਵਿੱਚ ਇਸ ਦੀਆਂ 35 ਸ਼ਾਖਾਵਾਂ ਹਨ। ਇੱਥੇ ਇਹ ਇੱਕ ਚੈਰਿਟੀ ਸੰਸਥਾ ਵਜੋਂ ਰਜਿਸਟਰਡ ਹੈ।

ਚਰਚ ਦਾ ਦਾਅਵਾ ਹੈ ਕਿ ਪੂਰੇ ਦੇਸ ਵਿੱਚ ਇਸਦੇ 10,000 ਤੋਂ ਵਧੇਰੇ ਮੈਂਬਰ ਹਨ। ਚਰਚ ਆਪਣੇ ਆਪ ਨੂੰ ‘ਕ੍ਰਿਸਚਨ ਪੈਂਟੇਕੋਸਟਲ ਚਰਚ’ ਅਖਵਾਉਂਦਾ ਹੈ।

ਬੁਰੀਆਂ ਆਤਮਾਵਾਂ ਕੱਢਣ ਲਈ ਪ੍ਰਾਰਥਨਾ ਕਰਨਾ ਈਸਾਈ ਧਰਮ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਯੂਸੀਕੇਜੀ ਅਜਿਹੀਆਂ ਪ੍ਰਾਰਥਨਾਵਾਂ ਭੂਤ ਵਿਦਿਆ (ਐਕਸੋਰਸਿਜ਼ਮ) ਹੇਠ ਨਹੀਂ ਕਰਦਾ ਹੈ।

ਡਾ. ਜੋ ਐਲਡਰਡ ਪੈਂਟਾਕੋਸਟਲ ਪਾਦਰੀ ਹਨ ਅਤੇ ਕਈ ਈਸਾਈ ਪਰੰਪਰਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, ਐਕਸੋਰਸਿਜ਼ਮਵਾਦੀ ਇੰਗਲੈਂਡ ਦੇ ਚਰਚ ਦੇ ਹਰ ਧਾਰਮਿਕ ਸੂਬੇ ਵਿੱਚ ਮੌਜੂਦ ਹਨ ਪਰ ਸਵਾਲ ਇਹ ਹੈ ਕਿ ਇਹ ਕੀਤਾ ਕਿਵੇਂ ਜਾਂਦਾ ਹੈ?

ਯੂਸੀਕੇਜੀ ਵਿੱਚ ਹੋਣ ਵਾਲੀਆਂ “ਤੀਬਰ ਪ੍ਰਾਰਥਨਾਵਾਂ” ਦੋਰਾਨ ਅਕਸਰ ਕੋਈ ਪਾਦਰੀ ਸੰਗਤ ਵਿੱਚੋਂ ਕਿਸੇ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਵਿੱਚੋਂ ਬੁਰੀ ਆਤਮਾ ਨੂੰ ਬਾਹਰ ਨਿਕਲਣ ਲਈ ਕਹਿੰਦਾ ਹੈ।

ਚਰਚ ਦਾ ਕਹਿਣਾ ਹੈ ਕਿ ਅਜਿਹੀਆਂ ਪ੍ਰਾਰਥਨਾਵਾਂ ਅਧਿਆਤਮਿਕ ਸਫ਼ਾਈ ਵਜੋਂ ਹਰ ਹਫ਼ਤੇ ਕੀਤੀਆਂ ਜਾਂਦੀਆਂ ਹਨ ਤਾਂ ਜੋ “ਸਮੱਸਿਆਵਾਂ ਦੀ ਜੜ੍ਹ” ਨੂੰ ਖਤਮ ਕੀਤਾ ਜਾ ਸਕੇ।

ਇੱਕ ਅੱਠ ਸਾਲਾ ਬੱਚੀ ਵਿਕਟੋਰੀਆ ਕਲਿੰਬੀ ਦੇ ਕਤਲ ਮਗਰੋਂ ਯੂਸੀਕੇਜੀ ਸਰਕਾਰੀ ਨਜ਼ਰ ਹੇਠ ਆਇਆ।

ਉਸ ਦਾ ਕਤਲ ਉਸ ਦੀ ਦਾਦੀ ਭੂਆ ਅਤੇ ਉਸ ਔਰਤ ਦੇ ਬੁਆਏਫਰੈਂਡ ਨੇ ਮਿਲ ਕੇ ਕੀਤਾ ਸੀ। ਵਿਕਟੋਰੀਆ ਦੇ ਕਤਲ ਤੋਂ ਇੱਕ ਹਫ਼ਤਾ ਪਹਿਲਾਂ ਹੀ ਉਸ ਨੂੰ ਸ਼ੋਸ਼ਣ ਦੇ ਲੱਛਣ ਨਾਲ ਦੋਵੇਂ ਜਣੇ ਚਰਚ ਦੀ ਇੱਕ ਸ਼ਾਖ਼ਾ ਵਿੱਚ ਲੈ ਕੇ ਗਏ ਸਨ।

ਤਤਕਾਲੀ ਪਾਦਰੀ ਨੇ ਕਿਹਾ ਕਿ ਉਸ ਨੇ ਸੋਚਿਆ ਕਿ ਉਸ ਵਿੱਚ ਕੋਈ ਰੂਹ ਹੋ ਸਕਦੀ ਹੈ। ਪਾਦਰੀ ਮੁਤਾਬਕ ਉਸ ਨੇ ਬੱਚੀ ਨੂੰ ਤੀਬਰ ਪ੍ਰਾਰਥਨਾ ਵਿੱਚ ਲਿਜਾਣ ਲਈ ਕਿਹਾ।

ਫਿਰ ਪਾਦਰੀ ਨੇ ਸੇਵਾ ਤੋਂ ਪਹਿਲਾਂ ਹੀ ਬੱਚੀ ਦੀ ਦਾਦੀ ਭੂਆ ਨੂੰ ਕਿਹਾ ਕਿ ਉਹ ਬੱਚੀ ਨੂੰ ਹਸਪਤਾਲ ਲੈ ਜਾਵੇ।

ਚੈਰਿਟੀ ਕਮਿਸ਼ਨ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਵਿਕਟੋਰੀਆ ਦੀ ਮੌਤ ਤੋਂ ਪਹਿਲਾਂ ਉਸਦੀ “ਸਥਿਤੀ ਦੀ ਗੰਭੀਰਤਾ ਜਾਂ ਤਾਂ ਚੰਗੀ ਤਰ੍ਹਾਂ ਸਮਝੀ ਨਹੀਂ ਗਈ ਜਾਂ ਸਬੰਧਤ ਅਧਿਕਾਰੀਆਂ ਨੂੰ ਦੱਸੀ ਨਹੀਂ ਗਈ”।

ਰਿਪੋਰਟ ਵਿੱਚ ਕਿਹਾ ਗਿਆ ਕਿ “ਸਬੰਧਤ” ਚਰਚ ਦੀ ਕੋਈ ਬਾਲ ਸੁਰੱਖਿਆ ਨੀਤੀ ਨਹੀਂ ਹੈ।

'ਮੇਰੇ ਪ੍ਰਮਾਤਮਾ, ਤੁਹਾਡੀ ਅੱਗ ਛੁਪੀ ਹੋਈ ਬੁਰੀ ਆਤਮਾ ਨੂੰ ਸਾੜ ਦੇਵੇ'

ਇਸ ਆਲੋਚਨਾ ਤੋਂ ਬਾਅਦ ਚਰਚ ਇੱਕ ਸੁਰੱਖਿਆ ਨੀਤੀ ਜਾਰੀ ਕੀਤੀ। ਹੁਣ ਚਰਚ ਵਾਅਦਾ ਕਰਦਾ ਹੈ ਕਿ ਉਹ 18 ਸਾਲ ਤੋਂ ਛੋਟੀ ਉਮਰ ਦੇ ਵਿਅਕਤੀਆਂ ਉੱਪਰ ਜਾਂ ਉਨ੍ਹਾਂ ਦੀ ਮੌਜੂਦਗੀ ਵਿੱਚ ਤੀਬਰ ਪ੍ਰਾਰਥਨਾਵਾਂ ਨਹੀਂ ਕਰਦੇ ਹਨ।

ਬੀਬੀਸੀ ਪੈਨੋਰਮਾ ਨੇ ਯੂਸੀਕੇਜੀ ਦੀ ਬਰ੍ਰਿਕਸਟਨ, ਸਾਊਥ ਲੰਡਨ ਵਿੱਚ ਯੂਥ ਗਰੁੱਪ ਸਰਵਿਸ ਵਿੱਚ ਸ਼ਿਰਕਤ ਕੀਤੀ। ਇਸ ਸੇਵਾ ਵਿੱਚ ਵੱਡੀ ਗਿਣਤੀ ਵਿੱਚ ਅੱਲ੍ਹੜ ਬੱਚੇ ਹਿੱਸਾ ਲੈਂਦੇ ਹਨ।

ਲੁਕਵੇਂ ਤੌਰ ’ਤੇ ਬਣਾਈ ਗਈ ਵੀਡੀਓ ਵਿੱਚ ਪਾਦਰੀ ਨੂੰ ਸੰਗਤ ਉਮਰ ਦੇ ਹਿਸਾਬ ਨਾਲ ਵਰਗਾਂ ਵਿੱਚ ਵੰਡਦੇ ਦੇਖਇਆ ਜਾ ਸਕਦਾ ਹੈ।

ਸੰਗਤ ਵਿੱਚ ਸ਼ਾਮਿਲ ਇੱਕ ਮੁੰਡੇ ਨੇ ਸਾਡੇ ਲੁਕਵੇਂ ਪੱਤਰਕਾਰ ਨੂੰ ਦੱਸਿਆ ਕਿ ਉਹ ਇਸ ਸਮੇਂ 16 ਸਾਲ ਦਾ ਸੀ। ਦੇਖਿਆ ਜਾ ਸਕਦਾ ਹੈ ਕਿ ਉਸ ਉੱਪਰ ਪਾਦਰੀ ਵੱਲੋਂ ਤੀਬਰ ਵਰਗੀ ਪ੍ਰਾਰਥਨਾ ਕੀਤੀ ਗਈ।

ਪਾਦਰੀ ਨੇ ਕਿਹਾ, “ਮੇਰੇ ਪ੍ਰਮਾਤਮਾ, ਤੁਹਾਡੀ ਅੱਗ ਛੁਪੀ ਹੋਈ ਬੁਰੀ ਆਤਮਾ ਨੂੰ ਸਾੜ ਦੇਵੇ।”

ਬੱਚੇ ਦੇ ਸਿਰ ਨੂੰ ਪਾਦਰੀ ਨੇ ਫੜਿਆ ਹੋਇਆ ਹੈ ਅਤੇ ਬੱਚੇ ਵਿੱਚ ਬੈਠੇ ਬੁਰੀ ਆਤਮਾ ਨੂੰ ਨਿਕਲ ਜਾਣ ਲਈ ਕਹਿ ਰਿਹਾ ਹੈ।

ਬੀਬੀਸੀ ਨੇ ਆਪਣੀ ਫੁਟੇਜ ਜੈਨੀ ਡੇਵਿਸ ਨੂੰ ਦਿਖਾਈ — ਜੋ ਕਿ ਬੱਚਿਆਂ ਦੀ ਰੱਖਿਆ ਲਈ ਬਣੇ ਸੁਤੰਤਰ ਸਰਕਾਰੀ ਪੈਨਲ ਦੇ ਮੈਂਬਰ ਹਨ।

ਉਨ੍ਹਾਂ ਨੇ ਕਿਹਾ, “ਇਹ ਦੇਖਦਿਆਂ ਕਿ ਵਿਕਟੋਰੀਆ ਕਲਿੰਬੀ ਦੀ ਮੌਤ ਨੂੰ ਦੋ ਦਹਾਕੇ ਤੋਂ ਉੱਪਰ ਬੀਤ ਚੁੱਕੇ ਹਨ। ਜੋ ਫੁਟੇਜ ਤੁਸੀਂ ਸਾਂਝੀ ਕੀਤੀ ਹੈ ਉਸਦੇ ਅਧਾਰ ’ਤੇ ਯੂਸੀਕੇਜੀ ਨੂੰ ਆਪਣੇ-ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਸਿੱਖਿਆ ਹੈ।”

“ਰੱਖਿਆ ਨੀਤੀ ਇੱਕ ਗੱਲ ਹੈ ਪਰ ਜੇ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤਾਂ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ। ਉਹ ਬੇਮਤਲਬ ਹਨ।”

ਆਪਣੇ ਇੱਕ ਬਿਆਨ ਵਿੱਚ ਯੂਸੀਕੇਜੀ ਨੇ ਕਿਹਾ, “ਤੀਬਰ ਪ੍ਰਾਰਥਨਾਵਾਂ... ਮੁੱਖ ਤੌਰ ‘ਤੇ ਡਲਿਵਰੈਂਸ ਦੌਰਾਨ ਖਾਸ ਸੇਵਾਵਾਂ ਵਿੱਚ ਕੀਤੀਆਂ ਜਾਂਦੀਆਂ ਹਨ” ਅਤੇ ਇਨ੍ਹਾਂ ਵਿੱਚ “18 ਸਾਲ ਤੋਂ ਘੱਟ ਕਿਸੇ ਨੂੰ ਵੀ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਹੈ”।

ਚਰਚ ਨੇ ਬੱਚਿਆਂ ਦੀ ਰੱਖਿਆ ਨੀਤੀ ਦੀ ਉਲੰਘਣਾ ਕੀਤੇ ਜਾਣ ਦੇ ਇਲਜ਼ਾਮਾਂ ਦਾ ਖੰਡਨ ਵੀ ਕੀਤਾ।

4 ਸਾਲ ਤੱਕ ਕੀਤੀਆਂ ਤੀਬਰ ਪ੍ਰਾਰਥਨਾਵਾਂ

ਬੀਬੀਸੀ ਪੈਨੋਰਮਾ ਨੇ ਯੂਸੀਕੇਜੀ ਦੇ 40 ਸਾਬਕਾ ਮੈਂਬਰਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਕਈ ਸਾਲ ਪਹਿਲਾਂ ਹੀ ਚਰਚ ਆਉਣਾ ਛੱਡ ਦਿੱਤਾ ਸੀ ਜਦਕਿ ਕੁਝ ਨੇ ਪਿਛਲੇ ਕੁਝ ਮਹੀਨਿਆਂ ਤੋਂ ਹੀ ਇੱਥੇ ਆਉਣਾ ਬੰਦ ਕੀਤਾ ਹੈ।

ਸ਼ੈਰੋਨ ਨੇ ਲੰਡਨ ਸਟਰਾਟਫੋਰਡ ਦੀ ਸ਼ਾਖਾ ਵਿੱਚ 19 ਸਾਲ ਦੀ ਉਮਰ ਵਿੱਚ ਆਉਣਾ ਸ਼ੁਰੂ ਕੀਤਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਦਰੀ ਨੂੰ ਤਣਾਅ ਦੀ ਸ਼ਿਕਾਰ ਹੋਣ ਬਾਰੇ ਦੱਸਿਆ ਸੀ ਪਰ ਪਾਦਰੀ ਨੇ ਕਦੇ ਵੀ ਪੇਸ਼ੇਵਰ ਮਦਦ ਲੈਣ ਲਈ ਨਹੀਂ ਕਿਹਾ।

ਉਨ੍ਹਾਂ ਨੇ ਕਿਹਾ ਕਿ ਯੂਸੀਕੇਜੀ ਦੀ ਰੱਖਿਆ ਨੀਤੀਆਂ ਦੇ ਉਲਟ ਉਨ੍ਹਾਂ ਉੱਪਰ ਤੀਬਰ ਪ੍ਰਾਰਥਨਾਵਾਂ ਕੀਤੀਆਂ ਗਈਆਂ। ਨੀਤੀ ਕਹਿੰਦੀ ਹੈ ਕਿ ਮਾਨਸਿਕ ਸਮੱਸਿਆਵਾਂ ਦੇ ਸ਼ਿਕਾਰ ਲੋਕਾਂ ਉੱਪਰ ਤੀਬਰ ਪ੍ਰਾਰਥਨਾਵਾਂ ਨਹੀਂ ਕੀਤੀਆਂ ਜਾ ਸਕਦੀਆਂ।

ਸ਼ੈਰਨ ਨੇ ਦੱਸਿਆ ਕਿ ਇਹ ਇੰਨਾ ਵਧ ਗਿਆ ਕਿ ਮੈਨੂੰ ਚਰਚ ਜਾਣ ਤੋਂ ਹੀ ਡਰ ਆਉਣ ਲੱਗ ਪਿਆ ਕਿਉਂਕਿ ਮੈਂ ਹਰ ਵਾਰ ਹੀ ਨਿਸ਼ਾਨਾ ਹੁੰਦੀ ਸੀ।

ਚਰਚ ਦਾ ਕਹਿਣਾ ਹੈ ਕਿ “ਤੀਬਰ ਪ੍ਰਾਰਥਨਾਵਾਂ” “ਲੋਕਾਂ ਨੂੰ ਡਰਾਉਣ ਜਾਂ ਨੁਕਸਾਨ ਪਹੁੰਚਾਉਣ ਲਈ ਨਹੀਂ ਕੀਤੀਆਂ ਜਾਂਦੀਆਂ”। ਕਿਸੇ ਨੂੰ ਵੀ “ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ”।

ਚਰਚ ਨੇ ਇਹ ਵੀ ਕਿਹਾ ਕਿ ਉਹ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਤੋਂ ਜਾਣੂ ਹੈ ਅਤੇ ਰੱਖਿਆ ਟੀਮ ਇਸ ਬਾਰੇ ਲੋਕਾਂ ਦੀ ਮਦਦ ਕਰਦੀ ਹੈ।

ਬੀਬੀਸੀ ਨੇ ਯੂਸੀਕੇਜੀ ਦੇ ਸਾਬਕਾ ਮੈਂਬਰ “ਮਾਰਕ” ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਚਰਚ ਦੀ ਸੰਭਾਵੀ ਪ੍ਰਤਿਕਿਰਿਆ ਦੇ ਡਰ ਕਾਰਨ ਆਪਣਾ ਨਾਮ ਨਾ ਛਾਪਣ ਲਈ ਕਿਹਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟਰੇਟ ਕਰਨ ਲਈ ਉਨ੍ਹਾਂ ਉੱਪਰ 13 ਸਾਲ ਦੀ ਉਮਰ ਵਿੱਚ ਤੀਬਰ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਨ।

"ਜਦੋਂ ਚਰਚ ਵਾਲਿਆਂ ਨੂੰ ਮੇਰੇ ਗੇ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੋਈ ਸ਼ੈਤਾਨ ਮੈਥੋਂ ਅਜਿਹਾ ਕਰਵਾ ਰਿਹਾ ਹੈ। ਮੈਨੂੰ ਸ਼ੁੱਕਰਵਾਰ ਦੀ ਪ੍ਰਾਰਥਨਾ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਜਿੱਥੇ ਉਹ ਭੂਤ ਕੱਢਦੇ ਸਨ।"

ਮਾਰਕ ਨੇ ਦੱਸਿਆ ਕਿ ਚਾਰ ਸਾਲ ਤੋਂ ਜ਼ਿਆਦਾ ਸਮਾਂ ਪ੍ਰਾਰਥਨਾਵਾਂ ਕੀਤੀਆਂ ਗਈਆਂ। ਮਾਰਕ ਨੇ ਆਪਣੇ ਆਪ ਨੂੰ ਯਕੀਨ ਦਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਕੁੜੀਆਂ ਵਿੱਚ ਦਿਲਚਸਪੀ ਹੈ। ਹਾਲਾਂਕਿ ਇਹ ਮਾਰਕ ਲਈ ਬਹੁਤ ਮੁਸ਼ਕਿਲ ਸਮਾਂ ਸੀ।

'ਡਿਪਰੈਸ਼ਨ ਇੱਕ ਅਧਿਆਤਮਿਕ ਸਮੱਸਿਆ'

ਯੂਸੀਕੇਜੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕਨਵਰਜ਼ਨ ਥੈਰਿਪੀਆਂ ਨਹੀਂ ਕਰਦਾ ਹੈ, “ਤੀਬਰ ਪ੍ਰਾਰਥਨਾਵਾਂ ਲਿੰਗਕ ਰੁਚੀਆਂ ਅਤੇ ਲਿੰਗਕ ਪਛਾਣ ਦੇ ਮਾਮਲਿਆਂ ਵਿੱਚ ਨਹੀਂ ਦਿੱਤੀਆਂ ਜਾਂਦੀਆਂ”।

ਚਰਚ ਨੇ ਕਿਹਾ ਕਿ ਉਸ ਦੇ ਦਰਵਾਜ਼ੇ “ਹਰ ਕਿਸਮ ਦੀ ਲਿੰਗਕ ਰੁੱਚੀ ਅਤੇ ਪਛਾਣ ਵਾਲੇ ਲੋਕਾਂ ਲਈ ਖੁੱਲ੍ਹੇ ਹਨ”।

ਬੀਬੀਸੀ ਨੇ ਲੁਕਵੇਂ ਰੂਪ ਵਿੱਚ “ਠੀਕ ਕਰਨ ਵਾਲੀ ਸੇਵਾ” ਦੀ ਰਿਕਾਰਡਿੰਗ ਕੀਤੀ ਜਿਸ ਵਿੱਚ ਤੀਬਰ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਨ।

ਬਿਸ਼ਪ ਜੇਮਸ ਮਾਰਕੁਇਸ— ਬ੍ਰਿਟੇਨ ਵਿੱਚ ਯੂਕੇਸੀਜੀ ਦੇ ਮੁਖੀ ਹਨ।

ਉਨ੍ਹਾਂ ਨੇ ਸੰਗਤ ਨੂੰ ਕਿਹਾ ਕਿ ਕੁਝ ਬੀਮਾਰੀ ਅਧਿਆਤਮਿਕ ਸਮੱਸਿਆ ਹੁੰਦੀ ਹੈ ਅਤੇ ਮਾਨਸਿਕ ਸਮੱਸਿਆਵਾਂ ਬੁਰੀਆਂ ਆਤਮਾਵਾਂ ਕਾਰਨ ਹੁੰਦੀਆਂ ਹਨ।

ਉਨ੍ਹਾਂ ਨੇ ਲੁਕਵੇਂ ਰੂਪ ਵਿੱਚ ਮਿਲੇ ਇੱਕ ਪੱਤਰਕਾਰ ਨੂੰ ਕਿਹਾ, “ਡਿਪਰੈਸ਼ਨ ਇੱਕ ਅਧਿਆਤਮਿਕ ਸਮੱਸਿਆ ਹੈ। ਜਿਸ ਦੇ ਪਿੱਛੇ ਕੋਈ ਬੁਰੀ ਆਤਮਾ ਹੁੰਦੀ ਹੈ।”

ਉਨ੍ਹਾਂ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਮਿਰਗੀ ਇੱਕ ਮੈਡੀਕਲ ਸਥਿਤੀ ਹੈ ਪਰ ਅੰਜੀਲ ਵਿੱਚ ਪ੍ਰਭੂ ਯਿਸੂ ਨੇ ਮਿਰਗੀ ਦਾ ਕਾਰਨ ਬਣ ਰਹੀ ਇੱਕ ਬੁਰੀ ਰੂਹ ਨੂੰ ਕੱਢਿਆ ਸੀ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਮਿਰਗੀ ਅਸਲ ਵਿੱਚ ਇੱਕ ਅਧਿਆਤਮਿਕ ਸਮੱਸਿਆ ਹੈ ਜੋ ਸਰੀਰਕ ਤੇ, ਦਿਸਦੇ ਰੂਪ ਵਿੱਚ ਨਮੂਦਾਰ ਹੁੰਦੀ ਹੈ।”

ਆਪਣੇ ਬਿਆਨ ਵਿੱਚ ਯੂਸੀਕੇਜੀ ਨੇ ਕਿਹਾ, “ਤੀਬਰ ਪ੍ਰਾਰਥਨਾਵਾਂ ਕਦੇ ਵੀ ਡਾਕਟਰੀ ਜਾਂ ਪੇਸ਼ੇਵਰ ਮਦਦ ਦੇ ਬਦਲ ਵਜੋਂ ਉਤਸ਼ਾਹਿਤ ਨਹੀਂ ਕੀਤੀਆਂ ਜਾਂਦੀਆਂ।”

ਚਰਚ ਦੇ ਕਈ ਸਾਬਕਾ ਮੈਂਬਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਚਰਚ ਬਹੁਤ ਮੁਸ਼ਕਿਲ ਨਾਲ ਛੱਡ ਸਕੇ ਸਨ।

ਰੈਸ਼ਲ ਨੇ ਹਾਲਾਂਕਿ ਹੁਣ ਚਰਚ ਜਾਣਾ ਛੱਡ ਦਿੱਤਾ ਹੈ ਅਤੇ ਹੁਣ ਬੱਚਿਆਂ ਨੂੰ ਚਰਚ ਤੋਂ ਹੋਣ ਵਾਲੇ ਖ਼ਤਰਿਆਂ ਤੋਂ ਸੁਚੇਤ ਕਰਦੇ ਹਨ।

ਉਹ (ਚਰਚ ਵਾਲੇ) ਕਹਿੰਦੇ ਹਨ, “ਤੁਹਾਡੇ ਉਹ ਸਹਾਇਕ ਯਾਦ ਹੈ ਜੋ ਉੱਥੇ ਬੈਠਾ ਸੀ? ਖੈਰ, ਉਨ੍ਹਾਂ ਨੇ ਚਰਚ ਛੱਡ ਦਿੱਤਾ ਅਤੇ ਹੁਣ ਉਹ ਤਲਾਕ ਲੈ ਰਹੇ ਹਨ। ਹੁਣ ਉਨ੍ਹਾਂ ਨੂੰ ਕੈਂਸਰ ਹੈ।”

ਸ਼ੈਰਨ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਸੇ ਹਾਦਸੇ ਦੀ ਭਿਆਨਕ ਵੀਡੀਓ ਦਿਖਾਈ ਗਈ, ਜਿਸ ਵਿੱਚ ਵਿਅਕਤੀ ਦੇ ਸਾਰੇ ਅੰਗ ਬਾਹਰ ਨਿਲਕੇ ਹੋਏ ਸਨ।

ਉਹ ਅੱਗੇ ਦੱਸਦੇ ਹਨ, “ਉਨ੍ਹਾਂ ਨੇ ਕਿਹਾ ਕਿ ਅਜਿਹਾ ਹੁੰਦਾ ਹੈ ਜਦੋਂ ਤੁਸੀਂ ਚਰਚ ਛੱਡਦੇ ਹੋ। ਸ਼ੈਤਾਨ ਆਵੇਗਾ ਅਤੇ ਤੁਹਾਡੀ ਆਤਮਾ ਲੈ ਜਾਵੇਗਾ।”

ਬੀਬੀਸੀ ਵੱਲੋਂ ਲੁਕਵੇਂ ਤੌਰ ’ਤੇ ਫਿਲਮਾਏ ਗਏ ਇੱਕ ਮਸਾਗਮ ਦੌਰਾਨ ਐਲਵਾਰੋ ਲੀਮਾ— ਜੋ ਕਿ ਯੂਸੀਕੇਜੀ ਦੇ ਇੱਕ ਬਿਸ਼ਪ ਹਨ।

ਉਹ ਪੈਰੋਕਾਰਾਂ ਨੂੰ ਦੱਸ ਰਹੇ ਹਨ ਕਿ ਚਰਚ ਛੱਡਣ ਤੋਂ ਤੁਰੰਤ ਮਗਰੋਂ ਮੇਰੀ ਮਾਂ ਬਹੁਤ ਜ਼ਿਆਦਾ ਬੀਮਾਰ ਹੋ ਗਈ। ਉਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ।”

ਹਾਲਾਂਕਿ ਉਨ੍ਹਾਂ ਨੇ ਕਿਹਾ ਬਾਅਦ ਵਿੱਚ ਉਹ ਮੁੜ ਚਰਚ ਆਉਣ ਲੱਗ ਪਏ ਅਤੇ ਹੁਣ ਕੈਂਸਰ ਸੁੰਗੜ ਰਿਹਾ ਹੈ ਅਤੇ ਉਹ ਬਿਹਤਰ, ਹੋਰ ਬਿਹਤਰ ਹੋ ਰਹੇ ਹਨ।

ਯੂਸੀਕੇਜੀ ਨੇ ਬੀਬੀਸੀ ਨੂੰ ਦੱਸਿਆ, “ਇਹ ਡਰਾਉਣ ਵਾਲੀਆਂ ਚਾਲਾਂ ਨਹੀਂ ਖੇਡਦਾ” ਇਹ “ਸਵੈ ਇੱਛਾ ਵਾਲੀ ਸ਼ਰਧਾ ਉੱਪਰ ਅਧਾਰਿਤ ਹੈ” ਅਤੇ “ਇਸਦੀ ਜ਼ੋਰ ਜ਼ਬਰਦਸਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ”।

ਚਰਚ ਦਾ ਕਹਿਣਾ ਹੈ ਕਿ ਇਸਦੇ ਕਈ ਮੌਜੂਦਾ ਮੈਂਬਰ ਇਸ ਦੀ ਅਤੇ ਜੋ ਨੇਕ ਕੰਮ ਇਹ ਕਰਦਾ ਹੈ, ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਹਾਲਾਂਕਿ ਕਈ ਪੁਰਾਣੇ ਮੈਂਬਰ ਜਿਨ੍ਹਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਾਪਸ ਚਰਚ ਨਹੀਂ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)