ਨਵਜੋਤ ਸਿੰਘ ਸਿੱਧੂ: ‘ਬੇਅਦਬੀ ਤੇ ਭ੍ਰਿਸ਼ਟਾਚਾਰ’ ਦੇ ਮਾਮਲਿਆਂ ’ਚ ਦੋ ਮੁੱਖ ਮੰਤਰੀਆਂ ਨਾਲ 'ਟੱਕਰ' ਲੈਣ ਵਾਲਾ ਕਾਂਗਰਸੀ ਆਗੂ ਹੁਣ ਕੀ ਕਰੇਗਾ

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਰੋਡ ਰੇਜ' ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ 1 ਅਪ੍ਰੈਲ ਨੂੰ ਰਿਹਾਅ ਹੋ ਰਹੇ ਹਨ।

ਇਹ ਜਾਣਕਾਰੀ ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਆਈ ਹੈ। ਨਵਜੋਤ ਸਿੰਘ ਸਿੱਧੂ ਨੇ ਪਿਛਲੇ ਸਾਲ 20 ਮਈ ਨੂੰ ਆਤਮ ਸਮਰਪਣ ਕੀਤਾ ਸੀ। ਉਹ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹਨ।

ਮਈ 2022 ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 'ਰੋਡ ਰੇਜ' ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

ਮਾਹਿਰ ਦੱਸਦੇ ਹਨ, 'ਰੋਡ ਰੇਜ' ਦਾ ਅਰਥ ਹੁੰਦਾ ਹੈ ਜਦੋਂ ਇੱਕ ਵਾਹਨ ਚਾਲਕ ਦਾ ਗੈਰ-ਵਾਜਿਬ ਗੁੱਸਾ ਦੂਜੇ ਚਾਲਕ ਉਪਰ ਉੱਤਰਦਾ ਹੈ। ਇਸ ਦੇ ਕਈ ਕਾਰਨ ਹੁੰਦੇ ਹਨ ਜਿਸ ਵਿੱਚ ਲੋਕਾਂ ਨੂੰ ਕੁੱਟਣਾ ਜਾਂ ਪਾਰਕਿੰਗ ਦੀ ਥਾਂ ਘੇਰਨਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਵਾਹਨ ਚਾਲਕਾਂ ਦਾ ਇੱਕ ਦੂਜੇ ਨੂੰ ਗਲਤ ਇਸ਼ਾਰੇ ਕਰਨਾ ਜਾਂ ਚੀਕਣਾ ਵੀ ਹੋ ਸਕਦਾ ਹੈ।

ਜਦੋਂ ਸਿੱਧੂ ਜੇਲ੍ਹ ਗਏ ਉਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹਾਲੇ 2 ਮਹੀਨੇ ਹੀ ਹੋਏ ਸਨ।

ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਈ ਬਦਲਾਅ ਆਏ ਹਨ। ਸਵਾਲ ਪੈਦਾ ਹੋ ਰਹੇ ਹਨ ਕਿ ਪੰਜਾਬ ਦੇ ਤਾਜ਼ਾ ਹਲਾਤ ਵਿੱਚ ਸਿੱਧੂ ਆਪਣੀ ਰਾਜਨੀਤਿਕ ਥਾਂ ਕਿਵੇਂ ਬਣਾਉਣਗੇ?

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ ਆਪ੍ਰੇਸ਼ਨ ਚਲਾਇਆ ਹੋਇਆ ਹੈ।

ਪੰਜਾਬ ਦੇ ਮੌਜੂਦਾ ਹਲਾਤ ਤੇ ਰਾਜਨੀਤਿਕ ਸਮੀਕਰਨ

ਹੁਣ ਜਦੋਂ ਨਵਜੋਤ ਸਿੰਘ ਸਿੱਧੂ ਸਜ਼ਾ ਕੱਟ ਕੇ ਮੁੜ ਰਹੇ ਹਨ ਤਾਂ ਸੂਬੇ ਵਿੱਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

ਖਾਲਿਸਤਾਨ ਹਮਾਇਤੀ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਨੇ ਆਪ੍ਰੇਸ਼ਨ ਚਲਾਇਆ ਹੋਇਆ ਹੈ।

ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਲਈ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ।

ਇਸ ਘਿਰਾਓ ਦੌਰਾਨ ਹਿੰਸਾ ਵੀ ਹੋਈ ਸੀ, ਜਿਸ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਅਤੇ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਦਾ ਥਾਣੇ ਉੱਤੇ ਕਈ ਘੰਟੇ ਕਬਜ਼ਾ ਰਿਹਾ ਸੀ।

ਜਦੋਂ ਨਵਜੋਤ ਸਿੱਧੂ ਜੇਲ੍ਹ ਗਏ ਸਨ ਤਾਂ ਉਸ ਸਮੇਂ ਵੀ ਕਈ ਕਾਨੂੰਨ ਵਿਵਸਥਾ ਨਾਲ ਸਬੰਧਤ ਘਟਨਾਵਾਂ ਵਾਪਰੀਆਂ ਸਨ ਅਤੇ ਸਿੱਧੂ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਦੇ ਸਨ।

ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਦੇ ਇੱਕ ਹਫ਼ਤੇ ਬਾਅਦ ਹੀ ਪੰਜਾਬ ਵਿੱਚ ਬਹੁਤ ਵੱਡੀ ਵਾਰਦਾਤ ਵਾਪਰੀ ਸੀ। ਪਾਰਟੀ ਦੇ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ

ਤਸਵੀਰ ਸਰੋਤ, CHARANJIT SINGH CHANNI/FB

ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਨੂੰ ਚੰਡੀਗੜ੍ਹ ਵਿੱਚ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ

ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਸੀ।

ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਭਾਵੇਂ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਹੋ ਗਈ ਹੈ ਤੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ, ਸਿੱਧੂ ਦੇ ਮਾਪੇ ਕਤਲ ਦੇ ਕਥਿਤ ਮਾਸਟਰਮਾਈਂਡ ਗੋਲਡੀ ਬਰਾੜ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇ ਰਹੇ ਹਨ।

ਇਸ ਸਾਲ ਜਨਵਰੀ ਮਹੀਨੇ ਵਿੱਚ ਗੈਂਗਸਟਰਾਂ ਨੇ ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਕਸਬੇ ਵਿੱਚ ਇੱਕ ਪੁਲਿਸ ਕਰਮੀ ਕਮਲ ਬਾਜਵਾ ਦੀ ਹੱਤਿਆ ਕਰ ਦਿੱਤੀ ਸੀ।

26 ਫ਼ਰਵਰੀ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ ਜਿਸ ਵਿੱਚ ਦੋ ਦੀ ਮੌਤ ਹੋ ਗਈ ਸੀ।

ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਹੀ ਉਹ ਸਿਆਸੀ ਆਗੂ ਸਨ, ਜਿਨ੍ਹਾਂ ਵਿਗੜਦੀ ਕਾਨੂੰਨ ਵਿਵਸਥਾ ਨੂੰ ਪੰਜਾਬ 'ਚ ਵੱਡਾ ਮੁੱਦਾ ਬਣਾਇਆ ਸੀ। 'ਆਪ' ਸਰਕਾਰ ਦੇ 2 ਮਹੀਨੇ ਦੇ ਕਾਰਜਕਾਲ 'ਚ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਸਿੱਧੂ ਨੇ ਸੂਬੇ ਦਾ ਉਸ ਵਕਤ ਦਾ ਸਿਆਸੀ ਏਜੰਡਾ ਤੈਅ ਕਰ ਦਿੱਤਾ ਸੀ।

ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੀ ਸਜਾ ਪੂਰੀ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ।
ਸਿੱਧੂ

ਨਵਜੋਤ ਸਿੰਘ ਸਿੱਧੂ ਬਾਰੇ ਖਾਸ ਗੱਲਾਂ

  • ਨਵਜੋਤ ਸਿੰਘ ਸਿੱਧੂ 'ਰੋਡ ਰੇਜ' ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਹੋਣਗੇ ਰਿਹਾਅ
  • ਮਈ 2022 ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 'ਰੋਡ ਰੇਜ' ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਸੀ
  • ਮੌਜੂਦਾ ਸਮੇਂ ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਦਾ ਮਸਲਾ ਭਖਿਆ ਹੋਇਆ ਹੈ
  • ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੀ ਸਜਾ ਪੂਰੀ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ
ਸਿੱਧੂ

ਨਵਜੋਤ ਸਿੰਘ ਸਿੱਧੂ ਕੀ ਕਰਨਗੇ ?

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੀ ਸਜਾ ਪੂਰੀ ਹੋਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਸਾਨੂੰ ਬਹੁਤ ਖੁਸ਼ੀ ਅਤੇ ਮਾਣ ਹੈ ਕਿ ਸਾਡਾ ਇੱਕ ਲੀਡਰ ਆਪਣੀ ਸਜ਼ਾ ਪੂਰੀ ਕਰਕੇ ਘਰ ਵਾਪਿਸ ਆ ਰਿਹਾ ਹੈ। ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ।”

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਹਿੰਦੇ ਹੋਏ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਜ਼ਬੂਰ ਕੀਤਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਭ੍ਰਿਸ਼ਟਾਚਾਰ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਮੁੱਦਿਆਂ 'ਤੇ ਕਦਮ ਚੁੱਕਣ ਤੇ ਸਪਸ਼ਟਤਾ ਨਾਲ ਵੋਟਰਾਂ ਦੇ ਸਵਾਲਾਂ ਦੇ ਜਵਾਬ ਦੇਣ।

ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ।

ਸਿੱਧੂ ਤੋਂ ਬਾਅਦ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ।

ਪਰ ਕੀ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਪਹਿਲਾਂ ਵਾਲੀ ਥਾਂ ਜਾਂ ਕੋਈ ਵੱਡੀ ਜ਼ਿੰਮੇਵਾਰੀ ਮਿਲ ਸਕੇਗੀ?

ਪ੍ਰੋਫੈਸਰ ਮੁਹੰਮਦ ਖਾਲਿਦ
ਤਸਵੀਰ ਕੈਪਸ਼ਨ, ਪ੍ਰੋਫੈਸਰ ਮੁਹੰਮਦ ਖਾਲਿਦ

ਪੰਜਾਬ ਦੀ ਸਿਆਸਤ ਦੀ ਸਮਝ ਰੱਖਣ ਵਾਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸ਼ਤਰ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ, “ਨਵਜੋਤ ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਦੇ ਨਾਲ ਹੀ ਉਹਨਾਂ ਦਾ ਇੱਕ ਦਮ ਪਹਿਲਾਂ ਵਾਲਾ ਪ੍ਰਭਾਵ ਨਹੀਂ ਬਣੇਗਾ। ਇਸ ਨੂੰ ਥੋੜਾ ਸਮਾਂ ਲੱਗੇਗਾ। ਇਹ ਵੀ ਹੋ ਸਕਦਾ ਹੈ ਕਿ ਉਹ ਕਾਮਯਾਬ ਨਾ ਹੋ ਸਕਣ। ਇਹ ਵੀ ਨਹੀਂ ਕਿ ਸਿੱਧੂ ਕਰਕੇ ਸਭ ਇਕੱਠੇ ਹੋ ਜਾਣਗੇ।”

ਮੁਹੰਮਦ ਖਾਲਿਦ ਕਹਿੰਦੇ ਹਨ, “ਨਵਜੋਤ ਸਿੰਘ ਸਿੱਧੂ ਦਾ ਆਪਣਾ ਇੱਕ ਗੁੱਟ ਹੈ। ਉਹਨਾਂ ਦੇ ਆਪਣੇ ਸਮਰਥਕ ਹਨ ਜੋ ਸਿੱਧੂ ਦੀ ਹਮਾਇਤ ਕਰਦੇ ਹਨ। ਸਿੱਧੂ ਆਪਣੇ ਗਰੁੱਪ ਨੂੰ ਹੀ ਚਲਾਉਣਗੇ। ਇਸ ਤੋਂ ਇਲਾਵਾ ਸਮਾਂ ਦੱਸੇਗਾ ਕਿ ਉਹ ਬਾਹਰ ਆ ਕੇ ਕਿਵੇਂ ਵਿਚਰਦੇ ਹਨ।”

ਪ੍ਰੋਫੈਸਰ ਖਾਲਿਦ ਮੁਤਾਬਕ, “ਤਾਜ਼ਾ ਹਲਾਤ ਵਿੱਚ ਪੰਜਾਬ ਅੰਦਰ ਅਮ੍ਰਿਤਪਾਲ ਸਿੰਘ ਦੀ ਚਰਚਾ ਹੋ ਰਹੀ ਹੈ। ਉਸ ਦਾ ਸਮਰੱਥਣ ਕਰਨ ਵਾਲੀਆਂ ਜਥੇਬੰਦੀਆਂ ਹਨ।”

“ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਥੇਦਾਰ ਹਨ, ਕਾਂਗਰਸ ਅਤੇ ਬੀਜੇਪੀ ਦੀ ਸਿਆਸਤ ਵੀ ਨਾਲ-ਨਾਲ ਚੱਲ ਰਹੀ ਹੈ। ਅਜਿਹੇ ਵਿੱਚ ਸਿੱਧੂ ਨੂੰ ਆਪਣੀ ਪਾਰਟੀ ਦੀ ਲਾਇਨ ਮੁਤਾਬਕ ਹੀ ਚੱਲਣਾ ਪਵੇਗਾ।”

ਉਹ ਕਹਿੰਦੇ ਹਨ, “ਬਾਹਰ ਆਉਣ ਤੋਂ ਬਾਅਦ ਉਹ ਪਾਰਟੀ ਅਤੇ ਪੰਜਾਬ ਵਿੱਚ ਆਪਣੀ ਭੂਮਿਕਾ ਤਲਾਸ਼ ਕਰਨ ਲੱਗਣਗੇ। ਸਿੱਧੂ ਚੁੱਪ ਕਰਕੇ ਘਰ ਬੈਠਣ ਵਾਲੇ ਨਹੀਂ ਹਨ।”

“ਉਹਨਾਂ ਦੇ ਸਮਰਥਕਾਂ ਦੀ ਗਿਣਤੀ ਘਟੀ ਹੈ ਪਰ ਉਹ ਕੰਮ ਕਰਕੇ ਦੁਬਾਰਾ ਉਹੀ ਸਥਾਨ ਹਾਸਿਲ ਕਰ ਸਕਦੇ ਹਨ। ਪਰ ਇਹ ਇਸ ਗੱਲ ਉਪਰ ਨਿਰਭਰ ਕਰਦਾ ਹੈ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਨੇਤਾ ਕਿੰਨੀ ਜਗ੍ਹਾ ਛੱਡਣ ਲਈ ਤਿਆਰ ਹਨ।”

“ਇਹ ਵੀ ਦੇਖਣਾ ਹੋਵੇਗਾ ਕਿ ਸਿੱਧੂ ਕਿੰਨੀ ਕੁ ਥਾਂ ਉਪਰ ਦਾਆਵਾ ਕਰਦੇ ਹਨ।”

ਨਵਜੋਤ ਸਿੰਘ ਸਿੱਧੂ
ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ 'ਰੋਡ ਰੇਜ' ਦੇ ਕੇਸ ਵਿੱਚ ਇੱਕ ਸਾਲ ਦੀ ਬਾਮਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਆਤਮ ਸਮਰਪਣ ਕੀਤਾ ਸੀ।

ਕਿਸ ਮਾਮਲੇ ਵਿੱਚ ਹੋਈ ਸੀ ਸਜ਼ਾ?

ਨਵਜੋਤ ਸਿੱਧੂ 'ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ 27 ਦਸੰਬਰ 1988 'ਚ ਪਟਿਆਲਾ ਵਿੱਚ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ 65 ਸਾਲਾ ਗੁਰਨਾਮ ਸਿੰਘ ਨਾਲ ਕੁੱਟਮਾਰ ਕੀਤੀ ਸੀ।

ਗੁਰਨਾਮ ਸਿੰਘ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਟਰਾਇਲ ਕੋਰਟ ਨੇ ਨਵਜੋਤ ਸਿੱਧੂ ਨੂੰ ਬਰੀ ਕਰ ਦਿੱਤਾ ਸੀ ਪਰ ਹਾਈ ਕੋਰਟ ਨੇ ਨਵਜੋਤ ਸਿੱਧੂ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।

ਸਾਲ 2018 ਦੇ ਆਪਣੇ ਫੈਸਲੇ 'ਚ ਸੁਪਰੀਮ ਕੋਰਟ ਨੇ ਸਿੱਧੂ 'ਤੇ ਲੱਗੇ ਗੈਰ-ਇਰਾਦਤਨ ਕਤਲ ਦੇ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਨੂੰ ਬਦਲਦੇ ਹੋਏ ਉਨ੍ਹਾਂ ਉੱਪਰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ।

ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਸਾਲ 2018 ਦੇ ਫੈਸਲੇ ਖ਼ਿਲਾਫ਼ ਪੁਨਰਵਿਚਾਰ ਅਰਜ਼ੀ ਦਾਇਰ ਕੀਤੀ ਸੀ।

ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਵੱਲੋਂ ਪਾਈ ਗਈ ਪੁਨਰਵਿਚਾਰ ਯਾਚਿਕਾ 'ਤੇ ਇਹ ਸੁਣਵਾਈ ਕੀਤੀ ਅਤੇ ਇੱਕ ਸਾਲ ਦੀ ਸਜ਼ਾ ਸੁਣਾਈ ਜਿਸ ਤਹਿਤ ਸਿੱਧੂ ਜੇਲ੍ਹ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।