You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਫਿਰੋਜ਼ਪੁਰ ਤੋਂ ਬੀਕਾਨੇਰ ਜਾਂਦੀ ਗੰਗ ਨਹਿਰ ਕਿਵੇਂ ਬਣੀ ਸੀ ਜਿਸ ਦੀ ਸ਼ਤਾਬਦੀ ਮਨਾਉਣ ਦੇ ਸਮਾਗਮ 'ਪੰਜਾਬ 'ਚ ਰੱਦ ਕਰਨੇ ਪਏ'
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
5 ਦਸੰਬਰ, 2025 ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਗੰਗ ਕਨਾਲ ਦੇ ਨੀਂਹ ਪੱਥਰ ਰੱਖਣ ਦੇ 100 ਸਾਲ ਪੂਰੇ ਹੋਣ ਦੇ ਮੌਕੇ ਨੂੰ ਮਨਾਉਣ ਦੀ ਤਿਆਰੀ ਸੀ।
ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਲਈ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਪਹੁੰਚ ਰਹੇ ਸਨ।
ਠੀਕ ਇੱਕ ਦਿਨ ਪਹਿਲਾਂ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੀ ਭਾਜਪਾ ਲੀਡਰਸ਼ਿਪ ਦੀ ਸਲਾਹ ਉੱਤੇ ਇਸ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ।
ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੂੰ ਕਿਹਾ, "ਪਾਰਟੀ ਵੱਲੋਂ ਕੋਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਸੀ। ਜੇਕਰ ਸਰਕਾਰ ਨੇ ਕੋਈ ਫ਼ੈਸਲਾ ਲਿਆ ਸੀ ਤਾਂ ਉਹਦੇ ਬਾਰੇ ਸਰਕਾਰ ਹੀ ਦੱਸ ਸਕਦੀ ਹੈ।"
ਕੇਂਦਰੀ ਮੰਤਰੀ ਅਰਜੁਨ ਸਿੰਘ ਮੇਘਵਾਲ ਨੇ ਭਾਵੇਂ ਆਪਣੇ ਟਵਿੱਟਰ ਉੱਤੇ ਪੋਸਟਰ ਸਾਂਝਾ ਕਰਕੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ।
ਭਾਵੇਂ ਬਾਅਦ ਵਿੱਚ ਅਰਜੁਨ ਸਿੰਘ ਮੇਘਵਾਲ ਨੇ ਰਾਜਸਥਾਨ ਸਰਕਾਰ ਵੱਲੋਂ ਕਰਵਾਏ ਗਏ ਗੰਗ ਨਹਿਰ ਦੇ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲਿਆ।
ਗੰਗ ਕਨਾਲ ਅਜ਼ਾਦੀ ਤੋਂ ਪਹਿਲਾਂ ਬਣਾਈ ਗਈ ਸੀ ਜਿਸ ਰਾਹੀਂ ਸਤਲੁਜ ਦਾ ਪਾਣੀ ਰਾਜਸਥਾਨ ਦੇ ਬੀਕਾਨੇਰ ਤੇ ਹੋਰ ਨਾਲ ਦੇ ਇਲਾਕਿਆਂ ਵਿੱਚ ਪਹੁੰਚਾਇਆ ਜਾਂਦਾ ਹੈ। ਅਜ਼ਾਦੀ ਤੋਂ ਬਾਅਦ ਪੰਜਾਬ ਇਸ ਕਨਾਲ ਸਿਸਟਮ ਦਾ ਵਿਰੋਧ ਕਰਦਾ ਰਿਹਾ ਹੈ ਤੇ ਮੰਗ ਕਰਦਾ ਹੈ ਕਿ ਜੇ ਰਾਜਸਥਾਨ ਨੇ ਪਾਣੀ ਇਸਤੇਮਾਲ ਕਰਨਾ ਹੈ ਤਾਂ ਉਸ ਨੂੰ ਇਸ ਦੀ ਰੌਇਲਟੀ ਪੰਜਾਬ ਨੂੰ ਦੇਣੀ ਚਾਹੀਦੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਮਸਲੇ ਉੱਤੇ ਭਾਜਪਾ ਨੂੰ ਘੇਰਿਆ।
ਪ੍ਰਤਾਪ ਸਿੰਘ ਬਾਜਵਾ ਨੇ ਐਕਸ ਉੱਤੇ ਲਿਖਿਆ, "ਗੰਗ ਕਨਾਲ ਦੀ ਸ਼ਤਾਬਦੀ ਮਨਾਉਣ ਦਾ ਭਾਜਪਾ ਦਾ ਫੈਸਲਾ ਸਾਡੇ ਇਤਿਹਾਸ ਦਾ ਅਪਮਾਨ ਹੈ। ਬੀਕਾਨੇਰ ਦੇ ਰਾਜੇ ਨੂੰ ਖੁਸ਼ ਕਰਨ ਲਈ ਬ੍ਰਿਟਿਸ਼ ਰਾਜ ਨੇ ਪੰਜਾਬ ਦਾ ਪਾਣੀ ਉਨ੍ਹਾਂ ਨੂੰ ਦੇ ਦਿੱਤਾ ਸੀ। ਹੁਣ ਇਸ ਦਾ ਜਸ਼ਨ ਉਨ੍ਹਾਂ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ ਜੋ ਪੰਜਾਬ ਦੇ ਦਰਦ ਨੂੰ ਨਹੀਂ ਸਮਝਦੇ ਹਨ।"
ਗੰਗ ਕਨਾਲ ਜਿਸ ਦੇ ਨੀਂਹ ਪੱਥਰ ਨੂੰ ਰੱਖਣ ਦੀ ਸ਼ਤਾਬਦੀ ਪੂਰੀ ਹੋ ਚੁੱਕੀ ਹੈ, ਆਖਿਰ ਕਿਉਂ ਇਸ ਨੂੰ ਬਣਾਇਆ ਗਿਆ, ਉਸ ਵੇਲੇ ਦੇ ਕੀ ਹਾਲਾਤ ਸਨ ਤੇ ਪੰਜਾਬ ਵੱਲੋਂ ਕੀ ਇਤਰਾਜ਼ ਚੁੱਕੇ ਜਾਂਦੇ ਹਨ, ਅੱਗੇ ਜਾਣਦੇ ਹਾਂ।
ਗੰਗ ਕਨਾਲ ਕਿਵੇਂ ਹੋਂਦ ਵਿੱਚ ਆਈ
ਰਾਜਸਥਾਨ ਸਰਕਾਰ ਦੇ 1972 ਵਿੱਚ ਛਪੇ ਗਜ਼ਟ ਦੇ ਅਨੁਸਾਰ 1920 ਵਿੱਚ ਬੀਕਾਨੇਰ ਰਿਆਸਤ, ਬਹਾਵਲਪੁਰ ਤੇ ਪੰਜਾਬ ਦੀਆਂ ਸਰਕਾਰਾਂ ਵਿਚਾਲੇ ਇੱਕ ਸਮਝੌਤਾ ਹੋਇਆ ਸੀ।
ਇਸ ਸਮਝੌਤੇ ਤਹਿਤ ਸਤਲੁਜ ਦਰਿਆ ਤੋਂ ਇੱਕ ਨਹਿਰ ਬਣਾਉਣ ਉੱਤੇ ਸਹਿਮਤੀ ਬਣੀ ਜਿਸ ਨੇ ਤਤਕਾਲੀ ਬੀਕਾਨੇਰ ਦੀ ਰਿਆਸਤ ਦੇ ਸੁੱਕੇ ਇਲਾਕਿਆਂ ਤੱਕ ਪਾਣੀ ਪਹੁੰਚਾਉਣਾ ਸੀ।
ਗਜ਼ਟ ਅਨੁਸਾਰ ਇਹ ਕਨਾਲ ਪੂਰੇ ਤਰੀਕੇ ਨਾਲ ਬਣ ਕੇ 1927 ਵਿੱਚ ਤਿਆਰ ਹੋਈ ਸੀ ਤੇ 26 ਅਕਤੂਬਰ 1927 ਨੂੰ ਰਸਮੀ ਤੌਰ ਉੱਤੇ ਇਸ ਦੀ ਸ਼ੁਰੂਆਤ ਹੋਈ ਸੀ।
ਮੁੱਖ ਤੌਰ ਉੱਤੇ ਇਹ ਕਨਾਲ ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ੁਰੂ ਹੁੰਦੀ ਹੈ ਤੇ ਬੀਕਾਨੇਰ, ਗੰਗਾਨਗਰ ਤੇ ਨੇੜਲੇ ਇਲਾਕਿਆਂ ਤੱਕ ਪਾਣੀ ਪਹੁੰਚਾਉਂਦੀ ਹੈ।
ਗੰਗ ਕਨਾਲ ਦੀ ਲੋੜ ਕੀ ਸੀ?
ਮੁੱਖ ਤੌਰ ਉੱਤੇ ਭਾਰਤ ਵਿੱਚ ਦੋ ਗੰਗ ਨਹਿਰਾਂ ਹਨ, ਇੱਕ ਤਾਂ ਇਸੇ ਬੀਕਾਨੇਰ ਵੱਲ ਜਾਂਦੀ ਕਨਾਲ ਨੂੰ ਗੰਗ ਕਨਾਲ ਕਿਹਾ ਜਾਂਦਾ ਹੈ। ਉਸ ਤੋਂ ਵੀ ਪਹਿਲਾਂ 19ਵੀਂ ਸ਼ਤਾਬਦੀ ਦੇ ਮੱਧ ਵਿੱਚ ਉੱਤਰ ਪ੍ਰਦੇਸ਼ ਦੇ ਹਰਿਦੁਆਰ ਤੋਂ ਇੱਕ ਨਹਿਰ ਗੰਗਾ ਨਦੀ ਤੋਂ ਕੱਢੀ ਗਈ ਸੀ ਜਿਸ ਰਾਹੀਂ ਉੱਤਰ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਤੱਕ ਪਾਣੀ ਪਹੁੰਚਾਇਆ ਗਿਆ ਸੀ। ਇਸ ਕਨਾਲ ਨੂੰ ਵੀ ਗੰਗ ਕਨਾਲ ਕਿਹਾ ਜਾਂਦਾ ਹੈ।
ਡਾ. ਯੋਗੇਸ਼ ਸਨੇਹੀ ਦਿੱਲੀ ਦੀ ਡਾ. ਬੀ.ਆਰ ਅੰਬੇਡਕਰ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ ਅੰਮ੍ਰਿਤਸਰ ਤੇ ਅਬੋਹਰ ਦੇ ਡੀਏਵੀ ਕਾਲਜ ਵਿੱਚ ਵੀ ਇਤਿਹਾਸ ਪੜ੍ਹਾਇਆ ਹੈ।
ਡਾ. ਯੋਗੇਸ਼ ਕਹਿੰਦੇ ਹਨ, "19ਵੀਂ ਸ਼ਤਾਬਦੀ ਵਿੱਚ ਭਾਰਤ ਦੇ ਕਈ ਇਲਾਕਿਆਂ ਵਿੱਚ ਸੋਕੇ ਤੇ ਭੁੱਖਮਰੀ ਦੀ ਵੱਡੀ ਸਮੱਸਿਆ ਸੀ। ਜਦੋਂ ਉੱਤਰ ਪ੍ਰਦੇਸ਼ ਵਾਲੀ ਗੰਗ ਨਹਿਰ ਦਾ ਨਿਰਮਾਣ ਕੀਤਾ ਗਿਆ ਤਾਂ ਇਹ ਨਜ਼ਰ ਆਇਆ ਕਿ ਨਹਿਰ ਦੇ ਬਣਨ ਨਾਲ ਸੋਕੇ ਤੇ ਭੁੱਖਮਰੀ ਵਿੱਚ ਕਮੀ ਆਈ ਸੀ।"
"ਨਹਿਰ ਅਧਾਰਿਤ ਸਿੰਜਾਈ ਦੇ ਇਸ ਮਾਡਲ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ ਸੀ। ਪੰਜਾਬ ਦੇ ਕਈ ਇਲਾਕਿਆਂ ਵਿੱਚ ਨਹਿਰਾਂ ਦਾ ਸਿਸਟਮ ਬਣਾਇਆ ਗਿਆ ਸੀ। ਇਹੀ ਕਾਰਨ ਹੈ ਕਿ 19ਵੀਂ ਸ਼ਤਾਬਦੀ ਦੇ ਆਖਿਰ ਤੱਕ ਆਉਂਦਿਆਂ ਹੋਇਆਂ ਪੰਜਾਬ ਖੇਤੀ ਪ੍ਰਧਾਨ ਖਿੱਤਾ ਬਣ ਗਿਆ ਸੀ। 1882 ਵਿੱਚ ਪੰਜਾਬ ਵਿੱਚ ਸਰਹਿੰਦ ਨਹਿਰ ਬਣਾਈ ਗਈ ਸੀ।"
ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਦਾ ਰਾਜ ਸੀ ਤੇ ਬੀਕਾਨੇਰ ਦੀ ਰਿਆਸਤ ਉੱਤੇ ਮਹਾਰਾਜਾ ਗੰਗਾ ਸਿੰਘ ਰਾਜ ਕਰ ਰਹੇ ਸਨ। ਉਨ੍ਹਾਂ ਦੀ ਰਿਆਸਤ ਦਾ ਇਲਾਕਾ ਪੂਰੇ ਤਰੀਕੇ ਨਾਲ ਸੁੱਕਿਆ ਹੋਇਆ ਸੀ। ਉੱਥੇ ਮੁੱਖ ਤੌਰ ਉੱਤੇ ਦਾਲਾਂ, ਬਾਜਰਾ ਤੇ ਕਪਾਹ ਦੀ ਖੇਤੀ ਹੁੰਦੀ ਸੀ।
ਡਾ. ਯੋਗੇਸ਼ ਕਹਿੰਦੇ ਹਨ, "ਮਹਾਰਾਜਾ ਗੰਗਾ ਸਿੰਘ ਨੇ ਉਸ ਵੇਲੇ ਬੀਕਾਨੇਰ ਵਿੱਚ ਵੀ ਪੰਜਾਬ ਵਰਗਾ ਕਨਾਲ ਸਿਸਟਮ ਲਾਗੂ ਕਰਨ ਬਾਰੇ ਸੋਚਿਆ। ਬੀਕਾਨੇਰ ਇੱਕ ਵੱਡੀ ਰਿਆਸਤ ਸੀ। ਉਸ ਵਿੱਚ ਮਾਰੂਥਲ ਦਾ ਇਲਾਕਾ ਵੀ ਸੀ। ਇਸ ਦੇ ਨਾਲ ਹੀ ਗੰਗਾਨਗਰ, ਹਨੂੰਮਾਨਗੜ੍ਹ ਵਰਗੇ ਕੁਝ ਉੱਪਰ ਵਾਲੇ ਇਲਾਕੇ ਵੀ ਸੀ ਜਿੱਥੇ ਖੇਤੀ ਕੀਤੀ ਜਾ ਸਕਦੀ ਸੀ। ਮਹਾਰਾਜਾ ਗੰਗਾ ਸਿੰਘ ਇਨ੍ਹਾਂ ਇਲਾਕਿਆਂ ਲਈ ਹੀ ਨਹਿਰ ਸਿਸਟਮ ਬਣਾਉਣਾ ਚਾਹੁੰਦੇ ਸੀ।"
ਗੰਗ ਨਹਿਰ ਦੇ ਕਾਰਨ ਹੀ ਇਨ੍ਹਾਂ ਇਲਾਕਿਆਂ ਦੀ ਕਾਇਆ ਪਲਟ ਹੋ ਗਈ ਤੇ ਵੱਡੇ ਪੱਧਰ ਉੱਤੇ ਇਨ੍ਹਾਂ ਇਲਾਕਿਆਂ ਵਿੱਚ ਖੇਤੀ ਕੀਤੀ ਜਾਣ ਲੱਗੀ। ਪੰਜਾਬ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਬੀਕਾਨੇਰ ਦੇ ਇਨ੍ਹਾਂ ਇਲਾਕਿਆਂ ਵਿੱਚ ਆ ਕੇ ਵਸ ਗਏ ਸਨ ਤੇ ਹੁਣ ਗੰਗਾਨਗਰ ਵਿੱਚ ਸਿੱਖਾਂ ਦੀ ਵੱਡੀ ਅਬਾਦੀ ਹੈ।
ਡਾ. ਯੋਗੇਸ਼ ਕਹਿੰਦੇ ਹਨ ਕਿ ਨਹਿਰ ਬਣਾਉਣ ਦਾ ਸਾਰਾ ਖਰਚ ਬੀਕਾਨੇਰ ਦੀ ਰਿਆਸਤ ਵੱਲੋਂ ਚੁੱਕਿਆ ਗਿਆ ਸੀ।
ਪੰਜਾਬ ਸਿੰਜਾਈ ਵਿਭਾਗ ਦੇ ਸਾਬਕਾ ਇੰਜੀਨੀਅਰ ਸੁਖਦਰਸ਼ਨ ਨੱਤ ਕਹਿੰਦੇ ਹਨ, "ਬ੍ਰਿਟਿਸ਼ ਹਕੂਮਤ ਵੱਲੋਂ ਬੀਕਾਨੇਰ ਦੀ ਰਿਆਸਤ ਨੂੰ ਸਾਫ਼ ਤੌਰ ਉੱਤੇ ਕਹਿ ਦਿੱਤਾ ਗਿਆ ਸੀ ਕਿ ਪਾਣੀ ਦੀ ਲੋੜ ਉਨ੍ਹਾਂ ਦੀ ਹੈ ਜਿਸ ਦੀ ਕੀਮਤ ਪੰਜਾਬ ਨੂੰ ਅਦਾ ਕਰਨੀ ਪਵੇਗੀ। ਸਾਲ 1948 ਤੱਕ ਬੀਕਾਨੇਰ ਰਿਆਸਤ ਪੰਜਾਬ ਨੂੰ ਇਸ ਪਾਣੀ ਬਦਲੇ ਰੌਇਲਟੀ ਵੀ ਦਿੰਦੀ ਰਹੀ ਸੀ। ਕੁਝ ਸਰੋਤ ਮੰਨਦੇ ਹਨ ਕਿ ਇਹ ਰੌਇਲਟੀ 1956 ਤੱਕ ਜਾਰੀ ਰਹੀ ਸੀ।''
ਗੰਗ ਕਨਾਲ ਬਾਰੇ ਪੰਜਾਬ ਦਾ ਸਟੈਂਡ
ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਇਸ ਤਰਕ ਨਾਲ ਡਾ. ਯੋਗੇਸ਼ ਸਹਿਮਤ ਨਹੀਂ ਹਨ ਕਿ ਬੀਕਾਨੇਰ ਦੇ ਰਾਜੇ ਨੂੰ ਖੁਸ਼ ਕਰਨ ਲਈ ਬ੍ਰਿਟਿਸ਼ ਰਾਜ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਦਿੱਤਾ ਗਿਆ।
ਉਹ ਕਹਿੰਦੇ ਹਨ, "ਜਦੋਂ ਇਹ ਸਮਝੌਤਾ ਹੋਇਆ ਸੀ ਤਾਂ ਉਸ ਵੇਲੇ ਪੰਜਾਬ ਦਾ ਮੌਜੂਦਾ ਸਰੂਪ ਨਹੀਂ ਸੀ। ਹਰ ਸਮਝੌਤੇ ਦੀ ਆਪਣੇ ਸਮੇਂ ਦੇ ਹਿਸਾਬ ਨਾਲ ਅਹਿਮੀਅਤ ਹੁੰਦੀ ਹੈ। ਇਹ ਸਮਝੌਤਾ ਕਾਫੀ ਪੁਰਾਣਾ ਹੈ। ਨਹਿਰ ਸਿਸਟਮ ਬਣਾਉਣਾ ਬ੍ਰਿਟਿਸ਼ ਰਾਜ ਵੇਲੇ ਦਾ ਚੰਗਾ ਕਦਮ ਸੀ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਤੇ ਉਨ੍ਹਾਂ ਦੇ ਹਾਲਾਤ ਸੁਧਰੇ ਸੀ।''
"ਜੇ ਤੁਸੀਂ ਇਸ ਨੂੰ ਸਿਆਸਤ ਤੋਂ ਪਰੇ ਹੋ ਕੇ ਵੇਖੋਗੇ ਤਾਂ ਤੁਹਾਨੂੰ ਇਹ ਸਮਝ ਆਵੇਗਾ ਕਿ ਰਾਜਸਥਾਨ ਦਾ ਗੰਗਾਨਗਰ, ਹਨੂੰਮਾਨਗੜ੍ਹ ਤੇ ਪੰਜਾਬ ਦਾ ਮਾਲਵਾ ਇੰਨੇ ਆਪਸ ਵਿੱਚ ਜੁੜੇ ਹੋਏ ਸਨ ਕਿ 1960ਵਿਆਂ ਵਿੱਚ ਜਦੋਂ ਅਕਾਲੀ ਦਲ ਨੇ ਪੰਜਾਬ ਸੂਬੇ ਦੀ ਲੜਾਈ ਲੜੀ ਤਾਂ ਉਨ੍ਹਾਂ ਨੇ ਗੰਗਾਨਗਰ ਨੂੰ ਵੀ ਪੰਜਾਬ ਸੂਬੇ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਕਿਉਂਕਿ ਉੱਥੇ ਸਿੱਖਾਂ ਦੀ ਵੱਡੀ ਅਬਾਦੀ ਸੀ।"
ਸੁਖਦਰਸ਼ਨ ਨੱਤ ਕਹਿੰਦੇ ਹਨ, "ਬ੍ਰਿਟਿਸ਼ ਰਾਜ ਵੱਲੋਂ ਇਹ ਕਿਹਾ ਗਿਆ ਸੀ ਕਿ ਪਾਣੀ ਲੈਣ ਲਈ ਪੰਜਾਬ ਨੂੰ ਕੀਮਤ ਅਦਾ ਕਰਨੀ ਪਵੇਗੀ ਪਰ ਲੋਕਤੰਤਰਿਕ ਸਰਕਾਰਾਂ ਵੱਲੋਂ ਉਸ ਗੱਲ ਨੂੰ ਨਹੀਂ ਨਿਭਾਇਆ ਗਿਆ।"
"ਪੰਜਾਬ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਹੈ ਕਿ ਰਾਜਸਥਾਨ ਨੂੰ ਪੰਜਾਬ ਦੇ ਪਾਣੀ ਲਈ ਰੌਇਲਟੀ ਵਜੋਂ ਕੀਮਤ ਅਦਾ ਕਰਨੀ ਚਾਹੀਦੀ ਹੈ। ਇਹ ਕੀਮਤ ਗੰਗ ਨਹਿਰ ਰਾਹੀਂ ਵਰਤੇ ਪਾਣੀ ਦੇ ਨਾਲ-ਨਾਲ ਬਾਅਦ ਵਿੱਚ ਬਣੀ ਰਾਜਸਥਾਨ ਨਹਿਰ ਰਾਹੀਂ ਵਰਤੇ ਜਾਂਦੇ ਪਾਣੀ ਲਈ ਵੀ ਅਦਾ ਕਰਨੀ ਚਾਹੀਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ