ਸ਼ਾਹਬਾਜ਼ ਸ਼ਰੀਫ਼: ਸੂਬੇ ਤੋਂ ਕੇਂਦਰ ਦੀ ਸਿਆਸਤ ਵਿੱਚ ਆਉਣ ਵਾਲਾ ਆਗੂ, ਜਿਸ ਨੇ ਪਲਟੀ ਪਾਕਿਸਤਾਨ ਦੀ ਸਿਆਸੀ ਖੇਡ

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

    • ਲੇਖਕ, ਉਮਰਦਰਾਜ਼ ਨੰਗਿਆਣਾ
    • ਰੋਲ, ਬੀਬੀਸੀ ਪੱਤਰਕਾਰ

ਸ਼ਾਹਬਾਜ਼ ਸ਼ਰੀਫ਼ ਦਾ ਪਾਕਿਸਤਾਨ ਦੇ ਬਤੌਰ ਵਜ਼ੀਰ-ਏ-ਆਜ਼ਮ ਪਹਿਲਾ ਕਾਰਜਕਾਲ ਸਿਰਫ 16 ਮਹੀਨਿਆਂ ਦਾ ਹੀ ਸੀ।

ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਵਜ਼ੀਰ-ਏ-ਆਜ਼ਮ ਦੀ ਕੁਰਸੀ ਤੋਂ ਹਟਾ ਕੇ ਜਦੋਂ ਪਹਿਲੀ ਵਾਰ ਉਹ ਵਜ਼ੀਰ-ਏ-ਆਜ਼ਮ ਬਣੇ ਤਾਂ ਉਸ ਸਮੇਂ ਉਨ੍ਹਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ਼ ਮੁਲਕ ’ਚ ਮੌਜੂਦ ਨਹੀਂ ਸਨ।

ਤਿੰਨ ਵਾਰ ਵਜ਼ੀਰ-ਏ-ਆਜ਼ਮ ਰਹਿ ਚੁੱਕੇ ਨਵਾਜ਼ ਸ਼ਰੀਫ਼ ਉਸ ਸਮੇਂ ਲੰਡਨ ’ਚ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਸਥਿਤੀ ਇੱਕ ਸਜ਼ਾਯਾਫ਼ਤਾ ਅਪਰਾਧੀ ਵਾਲੀ ਸੀ, ਜੋ ਕਿ ਚੋਣ ਲੜਨ ਜਾਂ ਫਿਰ ਕੋਈ ਸਰਕਾਰੀ ਅਹੁਦਾ ਸੰਭਾਲਣ ਦੇ ਯੋਗ ਨਹੀਂ ਸਨ।

ਪਰ ਐਤਵਾਰ ਨੂੰ ਨੈਸ਼ਨਲ ਅਸੈਂਬਲੀ ’ਚ ਵਜ਼ੀਰ-ਏ-ਆਜ਼ਮ ਦੇ ਅਹੁਦੇ ਲਈ ਹੋਣ ਵਾਲੀ ਵੋਟਿੰਗ ਦੌਰਾਨ ਜਦੋਂ ਸ਼ਾਹਬਾਜ਼ ਸ਼ਰੀਫ਼ ਵਜ਼ੀਰ-ਏ-ਆਜ਼ਮ ਦੇ ਉਮੀਦਵਾਰ ਵੱਜੋਂ ਉੱਥੇ ਬੈਠੇ ਸਨ ਤਾਂ ਨਵਾਜ਼ ਸ਼ਰੀਫ ਵੀ ਉਨ੍ਹਾਂ ਦੇ ਕੋਲ ਸਦਨ ’ਚ ਮੌਜੂਦ ਸਨ।

ਨਵਾਜ਼ ਸ਼ਰੀਫ਼ ਨੈਸ਼ਨਲ ਅਸੈਂਬਲੀ ਦੇ ਮਹਿਜ਼ ਇੱਕ ਮੈਂਬਰ ਦੀ ਹੈਸੀਅਤ ਨਾਲ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਦੂਜੀ ਵਾਰ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਬਣਦਾ ਵੇਖ ਰਹੇ ਸਨ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੇ ਇਤਿਹਾਸ ’ਚ ਅਜਿਹਾ ਦ੍ਰਿਸ਼ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਸੀ।

1997 ਤੋਂ ਬਾਅਦ ਜਦੋਂ ਵੀ ਨਵਾਜ਼ ਲੀਗ ਸੱਤਾ ’ਚ ਆਈ ਤਾਂ ਅਜਿਹਾ ਕਦੇ ਵੀ ਨਹੀਂ ਹੋਇਆ ਕਿ ਨਵਾਜ਼ ਸ਼ਰੀਫ਼ ਮੁਲਕ ’ਚ ਹੀ ਹੋਣ, ਅਹੁਦੇ ਦੇ ਦਾਅਵੇਦਾਰ ਵੀ ਹੋਣ, ਚੋਣਾਂ ਵੀ ਜਿੱਤ ਗਏ ਹੋਣ, ਪਰ ਫਿਰ ਵੀ ਵਜ਼ੀਰ-ਏ-ਆਜ਼ਮ ਨਾ ਬਣਨ।

ਉਹ ਹਰ ਵਾਰ ਵਜ਼ੀਰ-ਏ-ਆਜ਼ਮ ਦੀ ਕੁਰਸੀ ’ਤੇ ਵਿਰਾਜਮਾਨ ਹੋਏ ਅਤੇ ਸ਼ਾਹਬਾਜ਼ ਸ਼ਰੀਫ਼ ਪੰਜਾਬ ਸੂਬੇ ਦੇ ਮੁੱਖ ਮੰਤਰੀ ਬਣਦੇ ਰਹੇ ਹਨ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਪੰਜਾਬ ਸੂਬੇ ’ਚ ਉਨ੍ਹਾਂ ਨੇ ਬਤੌਰ ਮੁੱਖ ਮੰਤਰੀ 13 ਸਾਲ ਸੇਵਾਵਾਂ ਨਿਭਾਈਆਂ ਹਨ। 2008 ਤੋਂ 2018 ਤੱਕ ਦੇ ਉਨ੍ਹਾਂ ਦੇ ਸ਼ਾਸਨ ਦੌਰਾਨ ਉਨ੍ਹਾਂ ਦਾ ਇੱਕ ‘ਸਖਤ ਪ੍ਰਸ਼ਾਸਕ’ ਦਾ ਅਕਸ ਸਾਹਮਣੇ ਆਇਆ।

ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਪ੍ਰੋਜੈਕਟ ਮੁਕੰਮਲ ਕੀਤੇ ਅਤੇ ਕੁਝ ਨਵੇਂ ਸ਼ੁਰੂ ਵੀ ਕੀਤੇ। ਉਨ੍ਹਾਂ ’ਚੋਂ ਓਰੇਂਜ ਲਾਈਨ ਵਰਗੇ ਕਈ ਪ੍ਰੋਜੈਕਟਾਂ ਦੇ ਲਈ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਨ੍ਹਾਂ ਲਈ ਇਹ ਰਾਇ ਵੀ ਬਣੀ ਕਿ ਉਹ ਘੱਟ ਸਮੇਂ ’ਚ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਵਾਉਂਦੇ ਹਨ।

ਸ਼ਾਹਬਾਜ਼ ਸ਼ਰੀਫ਼ ਪਹਿਲੀ ਵਾਰ ਸਾਲ 2022 ’ਚ ਵਜ਼ੀਰ-ਏ-ਆਜ਼ਮ ਬਣਨ ਤੋਂ ਬਾਅਦ ਆਪਣੇ ਸ਼ਾਸਨ ਕਾਲ ਦੌਰਾਨ ਆਪਣੇ ਬਾਰੇ ’ਚ ‘ਸਖਤ ਪ੍ਰਸ਼ਾਸਕ’ ਜਾਂ ‘ਸ਼ਾਹਬਾਜ਼ ਸਪੀਡ’ ਵਰਗਾ ਕੋਈ ਵੀ ਅਕਸ ਤਿਆਰ ਕਰਨ ’ਚ ਨਾਕਾਮਯਾਬ ਰਹੇ।

ਮਾਹਰਾਂ ਦੇ ਅਨੁਸਾਰ ਉਹ ‘ਮੁਲਕ ਦੀ ਅਰਥ ਵਿਵਸਥਾ’ ਨੂੰ ਸੰਭਾਲਣ ਦੀ ਉਸ ਗੱਲ ’ਤੇ ਵੀ ਖਰੇ ਨਾ ਉਤਰੇ, ਜਿਸ ਦਾ ਵਾਅਦਾ ਕਰਕੇ ਉਨ੍ਹਾਂ ਨੇ ਸੱਤਾ ਸੰਭਾਲੀ ਸੀ।

ਪਰ ਅਗਸਤ 2023 ’ਚ ਪੀਡੀਐੱਮ ਸਰਕਾਰ ਦਾ ਕਾਰਜਕਾਲ ਪੂਰਾ ਹੋਣ ’ਤੇ ਸ਼ਾਹਬਾਜ਼ ਸ਼ਰੀਫ਼ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਮੁਲਕ ਨੂੰ ਡਿਫਾਲਟ ਹੋਣ ਤੋਂ ਬਚਾਇਆ ਹੈ।

ਉਨ੍ਹਾਂ ਦੇ ਅਨੁਸਾਰ ਜਿਨ੍ਹਾਂ ਹਾਲਾਤਾਂ ’ਚ ਉਨ੍ਹਾਂ ਨੂੰ ਮੁਲਕ ਦੀ ਅਰਥਵਿਵਸਥਾ ਮਿਲੀ ਸੀ, ਉਹ 17 ਮਹੀਨਿਆਂ ਤੱਕ ਜਿੰਨੀ ਬਿਹਤਰ ਹੋ ਸਕਦੀ ਸੀ, ਉਨ੍ਹਾਂ ਨੇ ਕੀਤੀ।

ਸ਼ਾਹਬਾਜ਼ ਸ਼ਰੀਫ਼ ਕਿਵੇਂ ਸੂਬੇ ਦੀ ਸੱਤਾ ਤੋਂ ਮੁਲਕ ਦੀ ਸੱਤਾ ’ਤੇ ਕਾਬਜ਼ ਹੋਏ ਅਤੇ ਫਿਰ ਨਵਾਜ਼ ਲੀਗ ਦੇ ਮੁਖੀ ਨਵਾਜ਼ ਸ਼ਰੀਫ਼ ਦੀ ਮੌਜੂਦਗੀ ’ਚ ਦੂਜੀ ਵਾਰ ਵਜ਼ੀਰ-ਏ-ਆਜ਼ਮ ਦੀ ਕੁਰਸੀ ਤੱਕ ਪਹੁੰਚੇ… ਆਓ ਉਨ੍ਹਾਂ ਦੇ ਸਿਆਸੀ ਸਫ਼ਰ ’ਤੇ ਇੱਕ ਝਾਤ ਮਾਰਦੇ ਹਾਂ।

ਵਪਾਰ ਤੋਂ ਸਿਆਸਤ ਦਾ ਸਫ਼ਰ

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਰਿਵਾਰ ਦਾ ਕਾਰੋਬਾਰ ਸੰਭਾਲਿਆ।

ਪੱਤਰਕਾਰ ਸਲਮਾਨ ਗ਼ਨੀ ਇੱਕ ਲੰਮੇ ਸਮੇਂ ਤੋਂ ਸ਼ਰੀਫ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ਦੀਆਂ ਗਤੀਵਿਧੀਆਂ ’ਤੇ ਰਿਪੋਰਟਿੰਗ ਕਰਦੇ ਰਹੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ 1985 ’ਚ ਸ਼ਾਹਬਾਜ਼ ਸ਼ਰੀਫ਼ ਲਾਹੌਰ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਚੁਣੇ ਗਏ ਸਨ।

“ਮੈਨੂੰ ਯਾਦ ਹੈ ਕਿ ਉਸ ਦੌਰ ’ਚ ਉਨ੍ਹਾਂ ਕੋਲ ਇੱਕ ਸ਼ੇਰੋਡ ਗੱਡੀ ਹੁੰਦੀ ਸੀ ਅਤੇ ਉਹ ਖੁਦ ਹੀ ਉਸ ’ਚ ਸਾਮਾਨ ਰੱਖ ਕੇ ਆਪਣੀ ਪਾਰਟੀ ਦੇ ਵਰਕਰਾਂ ਤੱਕ ਪਹੁੰਚਾਇਆ ਕਰਦੇ ਸਨ।”

ਸਲਮਾਨ ਗ਼ਨੀ ਦੀ ਰਾਇ ’ਚ ਮਿਆਂ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਪਾਰਟੀ ਦੀ ਸਿਆਸਤ ਨੂੰ ਵਧਾਵਾ ਦੇਣ ’ਚ ਸ਼ਾਹਬਾਜ਼ ਸ਼ਰੀਫ਼ ਦੀ ਕੇਂਦਰੀ ਭੂਮਿਕਾ ਰਹੀ ਹੈ।

“ਉਹ ਬਹੁਤ ਹੀ ਮਿਹਨਤੀ ਸਨ। ਪਰਿਵਾਰ ’ਚ ਵੀ ਸ਼ੁਰੂ ਤੋਂ ਹੀ ਉਨ੍ਹਾਂ ਬਾਰੇ ਰਾਇ ਸੀ ਕਿ ਉਹ ਮਿਹਨਤੀ ਅਤੇ ਬਹੁਤ ਹੀ ਵਧੀਆ ਪ੍ਰਬੰਧਕ ਹਨ।”

ਕਾਰੋਬਾਰ ਨੂੰ ਵਧਾਵਾ ਦੇਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਿਆਸਤ ’ਚ ਆਉਣ ਦਾ ਫੈਸਲਾ ਕੀਤਾ ਤਾਂ ਉਹ ਪਹਿਲੀ ਵਾਰ 1988 ਦੀਆਂ ਚੋਣਾਂ ’ਚ ਪੰਜਾਬ ਅਸੈਂਬਲੀ ਦੇ ਮੈਂਬਰ ਬਣੇ ਸਨ।

1990 ’ਚ ਉਹ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਅਤੇ 1993 ’ਚ ਮੁੜ ਪੰਜਾਬ ਅਸੈਂਬਲੀ ਦੇ ਮੈਂਬਰ ਬਣੇ। ਇਸ ਸਾਲ ਉਹ ਸੂਬੇ ਦੀ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ।

ਜਦੋਂ 1997 ਦੀਆਂ ਚੋਣਾਂ ’ਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਸਫਲਤਾ ਦਰਜ ਕੀਤੀ ਤਾਂ ਸ਼ਾਹਬਾਜ਼ ਸ਼ਰੀਫ਼ ਪਹਿਲੀ ਵਾਰ ਪੰਜਾਬ ਸੂਬੇ ਦੇ ਮੁੱਖ ਮੰਤਰੀ ਬਣੇ।

ਪੱਤਰਕਾਰ ਅਤੇ ਸੀਨੀਅਰ ਵਿਸ਼ਲੇਸ਼ਕ ਮੁਜੀਬੁਰ ਰਹਿਮਾਨ ਸ਼ਾਮੀ ਉਸ ਸਮੇਂ ਦੀ ਸਿਆਸਤ ’ਤੇ ਡੂੰਗੀ ਨਜ਼ਰ ਰੱਖਦੇ ਹਨ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਬੀਬੀਸੀ ਨਾਲ ਗੱਲਬਾਤ ਕਰਦਿਆਂ ਸ਼ਾਮੀ ਨੇ ਦੱਸਿਆ, “ਸ਼ਾਹਬਾਜ਼ ਸ਼ਰੀਫ਼ ਇੱਕ ਮਿਹਨਤੀ ਇਨਸਾਨ ਹਨ ਅਤੇ ਉਨ੍ਹਾਂ ’ਚ ਆਪਣੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦਾ ਇੱਕ ਵੱਖਰਾ ਜਨੂੰਨ ਰਹਿੰਦਾ ਸੀ। ਵਧੀਆ ਪ੍ਰਬੰਧਕ ਹੋਣ ਦੇ ਕਾਰਨ ਉਨ੍ਹਾਂ ਨੇ ਪੰਜਾਬ ’ਚ ਇੱਕ ਚੰਗੀ ਟੀਮ ਦਾ ਗਠਨ ਕੀਤਾ।”

ਸ਼ਾਹਬਾਜ਼ ਸ਼ਰੀਫ਼ ਨੇ ਪੰਜਾਬ ’ਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਪਰ ਉਨ੍ਹਾਂ ਦੀ ਸਰਕਾਰ ਸਮੇਂ ਤੋਂ ਪਹਿਲਾਂ ਹੀ ਉਸ ਸਮੇਂ ਭੰਗ ਹੋ ਗਈ ਜਦੋਂ 1999 ’ਚ ਤਤਕਾਲੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਮਾਰਸ਼ਲ ਲਾਅ ਲਾਗੂ ਕੀਤਾ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਦੇ ਨਾਲ-ਨਾਲ ਸ਼ਾਹਬਾਜ਼ ਸ਼ਰੀਫ਼ ਨੂੰ ਵੀ ਹਿਰਾਸਤ ’ਚ ਲੈ ਲਿਆ।

ਪੱਤਰਕਾਰ ਮੁਜੀਬੁਰ ਰਹਿਮਾਨ ਸ਼ਾਮੀ ਦਾ ਕਹਿਣਾ ਹੈ ਕਿ ਉਸ ਸਮੇਂ ਜੋ ਵੀ ਸਥਿਤੀ ਬਣੀ, ਉਸ ’ਚ ਸ਼ਾਹਬਾਜ਼ ਸ਼ਰੀਫ਼ ਦੀ ਭੂਮਿਕਾ ਸਾਬਤ ਨਹੀਂ ਹੋਈ ਸੀ।

“ ਉਹ ਅਸਲ ’ਚ ਟਕਰਾਅ ਲੈਣ ਦੇ ਹੱਕ ’ਚ ਨਹੀਂ ਸਨ। ਉਨ੍ਹਾਂ ਦਾ ਹਮੇਸ਼ਾਂ ਤੋਂ ਇਹ ਹੀ ਸਟੈਂਡ ਸੀ ਕਿ ਫੌਜੀ ਅਦਾਰੇ ਸਮੇਤ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।”

ਮੁਜੀਬੁਰ ਰਹਿਮਾਨ ਸ਼ਾਮੀ ਅੱਗੇ ਦੱਸਦੇ ਹਨ ਕਿ ਇੱਕ ਵਾਰ ਤਾਂ ਪਰਵੇਜ਼ ਮੁਸ਼ੱਰਫ਼ ਨੇ ਵੀ ਕਿਹਾ ਸੀ ਕਿ ਜੇਕਰ ਉਹ (ਸ਼ਾਹਬਾਜ਼ ਸ਼ਰੀਫ਼) ਵਜ਼ੀਰ-ਏ-ਆਜ਼ਮ ਹੁੰਦੇ ਤਾਂ ਵਧੀਆ ਹੁੰਦਾ। ਪਰ ਸ਼ਰੀਫ਼ ਪਰਿਵਾਰ ਦੇ ਦੋਵੇਂ ਭਰਾਵਾਂ ਦੇ ਖਿਲਾਫ ਜਹਾਜ਼ ਅਗਵਾ ਅਤੇ ਦੇਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਗਏ ਸਨ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਮੁਸ਼ੱਰਫ਼ ਨਾਲ ਡੀਲ ਅਤੇ ਜਲਾਵਤਨ

ਸਾਲ 2000 ’ਚ ਸ਼ਰੀਫ਼ ਪਰਿਵਾਰ ਦੀ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਨਾਲ ਇੱਕ ਕਥਿਤ ਸਮਝੌਤਾ ਹੋਇਆ, ਜਿਸ ਤੋਂ ਬਾਅਦ ਉਹ ਜਲਾਵਤਨ ਹੋ ਕੇ ਸਾਊਦੀ ਅਰਬ ਚਲੇ ਗਏ ਸਨ।

ਪੱਤਰਕਾਰ ਮੁਜੀਬੁਰ ਰਹਿਮਾਨ ਸ਼ਾਮੀ ਦੇ ਅਨੁਸਾਰ ਉਸ ਸਮੇਂ ਵੀ ਨਵਾਜ਼ ਸ਼ਰੀਫ਼ ਅਤੇ ਹੋਰਨਾਂ ਨੇਤਾਵਾਂ ਦੇ ਖਿਲਾਫ ਜੋ ਮੁਕੱਦਮੇ ਦਰਜ ਕੀਤੇ ਗਏ ਸਨ, ਉਨ੍ਹਾਂ ’ਚ ਸ਼ਾਹਬਾਜ਼ ਸ਼ਰੀਫ਼ ਦੇ ਖਿਲਾਫ ਕੋਈ ਇਲਜ਼ਾਮ ਸਾਬਤ ਨਹੀਂ ਹੋਏ ਸਨ।

“ ਉਹ ਮੁਲਕ ਤੋਂ ਜਲਾਵਤਨ ਨਹੀਂ ਹੋਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਬਹੁਤ ਯਤਨ ਵੀ ਕੀਤਾ ਕਿ ਉਨ੍ਹਾਂ ਨੂੰ ਮੁਲਕ ਤੋਂ ਬਾਹਰ ਨਾ ਭੇਜਿਆ ਜਾਵੇ।”

ਪੱਤਰਕਾਰ ਅਤੇ ਵਿਸ਼ਲੇਸ਼ਕ ਸਲਮਾਨ ਗ਼ਨੀ ਦੱਸਦੇ ਹਨ ਕਿ ਸ਼ਾਹਬਾਜ਼ ਸ਼ਰੀਫ਼ ਨੇ ਜੇਲ੍ਹ ਦੇ ਅੰਦਰੋਂ ਵੀ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਨੂੰ ਕਈ ਪੱਤਰ ਲਿਖੇ ਸਨ।

“ ਉਨ੍ਹਾਂ ਚਿੱਠੀਆਂ ’ਚ ਉਹ ਨਵਾਜ਼ ਸ਼ਰੀਫ਼ ਨੂੰ ਇਹੀ ਸਲਾਹ ਦਿੰਦੇ ਰਹੇ ਕਿ ਸਾਨੂੰ ਇਸਟੈਬਲਿਸ਼ਮੈਂਟ ਦੇ ਨਾਲ ਟਕਰਾਅ ਨਹੀਂ ਲੈਣਾ ਚਾਹੀਦਾ ਹੈ।”

ਸਲਮਾਨ ਗ਼ਨੀ ਅੱਗੇ ਕਹਿੰਦੇ ਹਨ ਕਿ ਸ਼ਾਹਬਾਜ਼ ਸ਼ਰੀਫ਼ ਦੇ ਕੁਝ ਅਹਿਜੇ ਪੱਤਰ ਉਨ੍ਹਾਂ ਦੀਆਂ ਨਜ਼ਰਾਂ ਹੇਠੋਂ ਵੀ ਨਿਕਲੇ ਹਨ।

ਉਸ ਤੋਂ ਬਾਅਦ ਪੰਜਾਬ ਦੇ ਸਾਬਕਾ ਗਵਰਨਰ ਚੌਧਰੀ ਸਰਵਰ ਦੇ ਯਤਨਾਂ ਸਦਕਾ ਨਵਾਜ਼ ਸ਼ਰੀਫ਼ ਅਤੇ ਸ਼ਾਹਬਾਜ਼ ਸ਼ਰੀਫ਼ ਸਾਊਦੀ ਅਰਬ ਤੋਂ ਲੰਡਨ ਚਲੇ ਗਏ ਸਨ।

ਮੁੱਖ ਮੰਤਰੀ ਦੀ ਕੁਰਸੀ ਦੀ ਖੇਡ

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਸ਼ਰੀਫ ਪਰਿਵਾਰ ਜਦੋਂ ਸਾਲ 2007 ’ਚ ਪਾਕਿਸਤਾਨ ਪਰਤਿਆ ਤਾਂ ਉਸ ਤੋਂ ਅਗਲੇ ਹੀ ਸਾਲ ਪਾਕਿਸਤਾਨ ’ਚ ਆਮ ਚੋਣਾਂ ਹੋਈਆਂ। ਸ਼ਾਹਬਾਜ਼ ਸ਼ਰੀਫ਼ ਉਸ ਚੋਣ ’ਚ ਹਿੱਸਾ ਨਾ ਲੈ ਸਕੇ। ਉਨ੍ਹਾਂ ਦੇ ਖਿਲਾਫ 1998 ’ਚ ਲਾਹੌਰ ’ਚ ਇੱਕ ਕਤਲ ਕੇਸ ’ਚ ਐਫਆਈਆਰ ਦਰਜ ਕੀਤੀ ਗਈ ਸੀ।

ਉਸ ਐਫਆਈਆਰ ’ਚ ਉਨ੍ਹਾਂ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਉਸ ‘ਪੁਲਿਸ ਮੁਕਾਬਲੇ’ ਦਾ ਹੁਕਮ ਦਿੱਤਾ ਸੀ, ਜਿਸ ’ਚ ਕੁਝ ਲੋਕ ਪੁਲਿਸ ਦੇ ਹੱਥੋਂ ਕਥਿਤ ਤੌਰ ’ਤੇ ਮਾਰੇ ਗਏ ਸਨ।

ਸ਼ਾਹਬਾਜ਼ ਸ਼ਰੀਫ਼ ਦੀ ਗੈਰ-ਮੌਜੂਦਗੀ ’ਚ ਸਾਲ 2003 ’ਚ ਅੱਤਵਾਦ ਵਿਰੋਧੀ ਅਦਾਲਤ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।

2004 ’ਚ ਸ਼ਾਹਬਾਜ਼ ਸ਼ਰੀਫ਼ ਨੇ ਉਸ ਮਾਮਲੇ ’ਚ ਅਦਾਲਤ ਅੱਗੇ ਪੇਸ਼ ਹੋਣ ਲਈ ਪਾਕਿਸਤਾਨ ਪਰਤਣ ਦਾ ਯਤਨ ਕੀਤਾ ਸੀ ਪਰ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ।

ਉਸ ਸਾਲ ਅਦਾਲਤ ’ਚ ਪੇਸ਼ ਨਾ ਹੋਣ ਦੇ ਕਾਰਨ ਅਦਾਲਤ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ।

ਸਾਲ 2007 ’ਚ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਵਾਪਸ ਆਏ ਤਾਂ ਉਨ੍ਹਾਂ ਨੂੰ ਉਸ ਮਾਮਲੇ ’ਚ ਜ਼ਮਾਨਤ ਲੈਣੀ ਪਈ ਸੀ, ਪਰ ਆਮ ਚੋਣਾਂ ਤੱਕ ਉਹ ਉਸ ਮਾਮਲੇ ’ਚ ਬਰੀ ਨਹੀਂ ਹੋ ਸਕੇ ਸਨ।

ਇਸ ਲਈ ਉਨ੍ਹਾਂ ਨੇ ਉਪ ਚੋਣਾਂ ’ਚ ਹਿੱਸਾ ਲਿਆ। ਉਹ ਭੱਕਰ ਤੋਂ ਚੋਣ ਜਿੱਤ ਕੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ, ਪਰ ਅਗਲੇ ਹੀ ਸਾਲ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਆਯੋਗ ਕਰਾਰ ਦੇ ਦਿੱਤਾ ਸੀ।

“ ਚੀਨੀ ਉਨ੍ਹਾਂ ਨੂੰ ਪਸੰਦ ਕਰਦੇ ਹਨ ਅਤੇ ਉਹ ਚੀਨੀਆਂ ਨੂੰ”

ਪਾਕਿਸਤਾਨ

ਤਸਵੀਰ ਸਰੋਤ, Getty Images

ਸਾਲ 2013 ਦੀਆਂ ਚੋਣਾਂ ’ਚ ਸਫਲਤਾ ਮਿਲਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਤੀਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ ਸਨ। ਉਨ੍ਹਾਂ ਹੀ 10 ਸਾਲਾਂ ’ਚ ਉਨ੍ਹਾਂ ਦੇ ਬਾਰੇ ’ਚ ‘ਸਖਤ ਪ੍ਰਸ਼ਾਸਕ’ ਦੀ ਰਾਏ ਉੱਭਰ ਕੇ ਸਾਹਮਣੇ ਆਈ ਸੀ।

ਪੱਤਰਕਾਰ ਸਲਮਾਨ ਗ਼ਨੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਜਿਨ੍ਹਾਂ ਦਿਨਾਂ ’ਚ ਲਾਹੌਰ ’ਚ ਡੇਂਗੂ ਖਿਲਾਫ ਮੁਹਿੰਮ ਚੱਲ ਰਹੀ ਸੀ, ਉਸ ਸਮੇਂ ਉਹ ਸਵੇਰੇ 6 ਵਜੇ ਡਾਕਟਰਾਂ ਅਤੇ ਹੋਰ ਟੀਮਾਂ ਨੂੰ ਬੁਲਾ ਲੈਂਦੇ ਸਨ।

“ਕਿਸੇ ਦੀ ਜ਼ੁਰੱਤ ਨਹੀਂ ਸੀ ਕਿ ਉਹ ਦੇਰੀ ਨਾਲ ਆਵੇ ਜਾਂ ਫਿਰ ਗੈਰ-ਹਾਜ਼ਰ ਹੋਵੇ।”

ਪੱਤਰਕਾਰ ਮੁਜੀਬੁਰ ਰਹਿਮਾਨ ਸ਼ਾਮੀ ਦੇ ਅਨੁਸਾਰ ਸ਼ਾਹਬਾਜ਼ ਸ਼ਰੀਫ਼ ਨੇ ਪਹਿਲੇ ਪੰਜ ਸਾਲਾਂ ’ਚ ਆਪਣੇ ਲਈ ਇੱਕ ਟੀਚਾ ਨਿਰਧਾਰਤ ਕੀਤਾ ਸੀ ਕਿ ਉਹ ਮੁਲਕ ’ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨਗੇ। ਉਸ ਤੋਂ ਬਾਅਦ ਉਨ੍ਹਾਂ ਨੇ ਚੀਨ ਦੀ ਮਦਦ ਨਾਲ ਪਾਵਰ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਨੂੰ ਕਿ ਰਿਕਾਰਡ ਸਮੇਂ ’ਚ ਮੁਕੰਮਲ ਵੀ ਕੀਤਾ।

“ਉਸ ਸਮੇਂ ਇਸੇ ਕਾਰਨ ‘ਪੰਜਾਬ ਸਪੀਡ’ ਦੀ ਸ਼ਬਦਾਵਲੀ ਵੀ ਮਸ਼ਹੂਰ ਹੋਈ ਸੀ।”

ਮੁਜੀਬੁਰ ਰਹਿਮਾਨ ਸ਼ਾਮੀ ਦੇ ਅਨੁਸਾਰ, “ਖਾਸ ਤੌਰ ’ਤੇ ਚੀਨੀ ਉਨ੍ਹਾਂ ਤੋਂ ਬਹੁਤ ਖੁਸ਼ ਸਨ ਕਿ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਪ੍ਰੋਜੈਕਟ ਪੂਰਾ ਕਰ ਲੈਂਦੇ ਸਨ।”

ਪੱਤਰਕਾਰ ਸਲਮਾਨ ਗ਼ਨੀ ਦੱਸਦੇ ਹਨ ਕਿ ਸ਼ਾਹਬਾਜ਼ ਸ਼ਰੀਫ਼ ਚੀਨ ਦੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਪ੍ਰਭਾਵਿਤ ਸਨ।

“ਇਸ ਲਈ ਉਹ ਕਈ ਵਾਰ ਚੀਨ ਦੇ ਦੌਰੇ ਕਰ ਚੁੱਕੇ ਸਨ। ਚੀਨੀ ਉਨ੍ਹਾਂ ਨੂੰ ਪਸੰਦ ਕਰਦੇ ਸਨ ਅਤੇ ਉਹ ਚੀਨੀਆਂ ਨੂੰ। ਚੀਨੀ ਉਨ੍ਹਾਂ ਦੀ ਕੰਮ ਕਰਨ ਦੀ ਰਫ਼ਤਾਰ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ।”

ਮੈਟਰੋ ਬੱਸ ਅਤੇ ਓਰੈਂਜ ਲਾਈਨ ਟ੍ਰੇਨ

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਸ਼ਾਹਬਾਜ਼ ਸ਼ਰੀਫ਼ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਵੀ ਕਈ ਪ੍ਰੋਜੈਕਟ ਪੂਰੇ ਕੀਤੇ ਪਰ ਉਨ੍ਹਾਂ ਦੇ ਦੌਰ ਦੇ ਦੋ ਵੱਡੇ ਪ੍ਰੋਜੈਕਟਾਂ ਦਾ ਸ਼ੁਰੂਆਤ ਵਿੱਚ ਬਹੁਤ ਵਿਰੋਧ ਹੋਇਆ।

ਉਨ੍ਹਾਂ ਨੇ ਲਾਹੌਰ ਵਿੱਚ ਟ੍ਰੈਫ਼ਿਕ ਦੀ ਮੁਸ਼ਕਲ ਨੂੰ ਘੱਟ ਕਰਨ ਲਈ ਸ਼ਹਿਰ ਵਿੱਚ ਮੈਟਰੋ ਚਲਾਉਣ ਦੀ ਯੋਜਨਾ ਲਿਆਂਦੀ । ਉਸ ਵੇਲੇ ਇਮਰਾਨ ਖ਼ਾਨ ਵਿਰੋਧੀ ਧਿਰ ਦੇ ਲੀਡਰ ਸਨ ਅਤੇ ਉਨ੍ਹਾਂ ਨੇ ਇਸ ਨੂੰ 'ਜੰਗਲਾ ਬਸ ਦਾ ਨਾਮ ਦੇ ਕੇ ਇਸ ਦਾ ਵਿਰੋਧ ਕੀਤਾ ਸੀ।

ਪੱਤਰਕਾਰ ਸਲਮਾਨ ਗ਼ਨੀ ਦੇ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਨੇ ਸਾਰੇ ਵਿਰੋਧ ਦੇ ਬਾਵਜੂਦ ਇਹ ਯੋਜਨਾ ਪੂਰੀ ਕੀਤੀ ਅਤੇ ਇਹ ਕਾਮਯਾਬ ਵੀ ਹੋਈ।

ਉਹ ਕਹਿੰਦੇ ਹਨ, "ਇਸ ਤੋਂ ਬਾਅਦ ਇਹੀ ਪ੍ਰੋਜੈਕਟ ਰਾਵਲਪਿੰਡੀ ਅਤੇ ਇਸਲਾਮਾਬਾਦ ਦੇ ਇਲਾਵਾ ਮੁਲਤਾਨ ਵਿੱਚ ਵੀ ਸ਼ੁਰੂ ਕੀਤਾ ਗਿਆ।"

ਇਮਰਾਨ ਖਾਨ ਦੀ ਸਰਕਾਰ ਨੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਵੀ ਅਜਿਹੇ ਹੀ ਪ੍ਰੋਜੈਕਟ ਉੱਤੇ ਕੰਮ ਕੀਤਾ। ਲਾਹੌਰ ਵਿੱਚ ਓਰੈਂਜ ਲਾਈਨ ਟ੍ਰੇਨ ਚਲਾਉਣ ਦੀ ਯੋਜਨਾ ਉੱਤੇ ਵੀ ਸ਼ਾਹਬਾਜ਼ ਸ਼ਰੀਫ਼ ਦੀ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਬਾਰੇ ਵਿਰੋਧੀ ਧਿਰ ਦਾ ਕਹਿਣਾ ਸੀ ਕਿ ਉਹ ਪ੍ਰੋਜੈਕਟ ਇੰਨਾ ਮਹਿੰਗਾ ਸੀ ਕਿ ਸਰਕਾਰ ਦੇ ਲਈ ਇਸ ਨੂੰ ਸਬਸਿਡੀ ਉੱਤੇ ਚਲਾਉਣਾ 'ਇੱਕ ਬਹੁਤ ਵੱਡਾ ਬੋਝ' ਸੀ।

ਪਰ ਬਾਅਦ ਵਿੱਚ ਇਹ ਪ੍ਰੋਜੈਕਟ ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਵਿੱਚ ਚੱਲਣਾ ਸ਼ੁਰੂ ਹੋਇਆ ਅਤੇ ਹਾਲੇ ਤੱਕ ਚੱਲ ਰਿਹਾ ਹੈ।

ਮਾਡਲ ਟਾਊਨ ਦੀ ਘਟਨਾ

ਸਾਲ 2014 ਵਿੱਚ ਪੰਜਾਬ ਵਿੱਚ ਸ਼ਾਹਬਾਜ਼ ਸ਼ਰੀਫ਼ ਦੇ ਮੁੱਖ ਮੰਤਰੀ ਰਹਿਣ ਦੇ ਦੇ ਦੌਰਾਨ ਲਾਹੌਰ ਸ਼ਹਿਰ ਦੇ ਮਾਡਲ ਟਾਊਨ ਵਿੱਚ ਮਿਨਹਾਜੁਲ ਕੁਰਾਨ ਦੇ ਦਫ਼ਤਰ ਅਤੇ ਸੰਗਠਨ ਦੇ ਕਾਰਕੁਨਾਂ ਵਿੱਚ ਝੜਪ ਹੋਈ ਸੀ।

ਇਸ ਝੜਪ ਦੇ ਦੌਰਾਨ ਪੁਲਿਸ ਨੇ ਮਿਨਹਾਜੁਲ ਕੁਰਾਨ ਦੇ ਕਾਰਕੁਨਾਂ ਉੱਤੇ ਹੰਝੂ ਗ਼ੈਸ ਦੇ ਗੋਲੇ ਦਾਗ਼ੇ ਸੀ ਅਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਨ੍ਹਾਂ ਉੱਤੇ ਫਾਇਰਿੰਗ ਕੀਤੀ ਗਈ।

ਪੁਲਿਸ ਦੀ ਫਾਇਰਿੰਗ ਵਿੱਚ ਮਿਨਹਾਜੁਲ ਕੁਰਾਨ ਦੇ 14 ਕਾਰਕੁਨਾਂ ਦੀ ਮੌਤ ਹੋਈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

ਇਸ ਘਟਨਾ ਨੂੰ ਸਥਾਨਕ ਟੀਵੀ ਚੈਨਲਾਂ ਉੱਤੇ ਲਾਈਵ ਦਿਖਾਇਆ ਜਾਂਦਾ ਰਿਹਾ ਅਤੇ ਇਸ ਦੀ ਗੰਭੀਰ ਪ੍ਰਤੀਕਿਰਿਆ ਸਾਹਮਣੇ ਆਈ।

ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਲਈ ਇੱਕ ਨਿਆਂਇਕ ਆਯੋਗ ਬਣਾਇਆ ਜਿਸ ਨੇ ਆਪਣੀ ਰਿਪੋਰਟ ਵਿੱਚ ਪੰਜਾਬ ਸਰਕਾਰ ਨੂੰ ਇਸ ਘਟਨਾ ਦੇ ਲਈ ਜ਼ਿੰਮੇਵਾਰ ਹੋਣ ਦਾ ਇਸ਼ਾਰਾ ਕੀਤਾ।

ਅਦਾਲਤ ਦੇ ਹੁਕਮ ਉੱਤੇ ਨਵਾਜ਼ ਸ਼ਰੀਫ਼, ਸ਼ਾਹਬਾਜ਼ ਸ਼ਰੀਫ਼, ਰਾਣਾ ਸਨਾਉੱਲਾਹ ਅਤੇ ਦੂਜੇ ਲੋਕਾਂ ਦੇ ਖਿਲਾਫ਼ ਸਾਲ 2014 ਵਿੱਚ ਫ਼ੈਸਲ ਟਾਊਨ ਥਾਣੇ ਵਿੱਚ ਇੱਕ ਐੱਫਆਈਆਰ ਵੀ ਦਰਜ ਕੀਤੀ ਗਈ।

ਪਰ ਬਾਅਦ ਵਿੱਚ ਪੁਲਿਸ ਨੇ 'ਮੁਲਜ਼ਮਾਂ ਦਾ ਇਸ ਘਟਨਾ ਦੇ ਨਾਲ ਕੋਈ ਸਬੰਧ ਨਾ ਹੋਣ' ਦੇ ਅਧਾਰ ਉੱਤੇ ਐਫ਼ਆਈਆਰ ਖ਼ਤਮ ਕਰ ਦਿੱਤੀ।

ਮਾਡਲ ਟਾਊਨ ਘਟਨਾ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਸਣੇ 100 ਤੋਂ ਵੱਧ ਲੋਕਾਂ ਉੱਤੇ ਇਲਜ਼ਾਮ ਆਇਦ ਹੋਏ ਜਿਨ੍ਹਾਂ ਵਿੱਚੋਂ ਵਧੇਰੇ ਲੋਕ ਕੇਸ ਵਿੱਚੋਂ ਬਰੀ ਹੋ ਚੁੱਕੇ ਹਨ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਸੂਬੇ ਤੋਂ ਕੇਂਦਰ ਤੱਕ

ਸ਼ਾਹਬਾਜ਼ ਸ਼ਰੀਫ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਦੇ ਸਾਹਮਣੇ ਸਿਆਸਤ ਵਿੱਚ ਹਮੇਸ਼ਾ ਇੱਕ ਸਹਿਯੋਗੀ ਦੀ ਭੁਮਿਕਾ ਨਿਭਾਉਂਦੇ ਰਹੇ ਹਨ। ਜਦੋਂ ਵੀ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਬਣਦੇ ਸਨ ਤਾਂ ਸ਼ਾਹਬਾਜ਼ ਸ਼ਰੀਫ਼ ਪੰਜਾਬ ਦੇ ਮੁੱਖ ਮੰਤਰੀ ਬਣੇ।

ਪੱਤਰਕਾਰ ਮੁਜੀਬੁਰ ਰਹਿਮਾਨ ਸ਼ਾਮੀ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ਼ ਲੋਕ ਨੇਤਾ ਨਹੀਂ ਹਨ ਪਰ ਉਹ ਚੰਗੇ ਪ੍ਰਬੰਧਕ ਜ਼ਰੂਰ ਹਨ।

ਉਹ ਦੱਸਦੇ ਹਨ, "ਉਹ ਗ਼ੈਰ-ਜ਼ਰੂਰੀ ਲੜਾਈਆਂ ਵਿੱਚ ਪੈਣ ਦੇ ਪੱਖ ਵਿੱਚ ਨਹੀਂ ਹਨ ਅਤੇ ਸੁਰੱਖਿਆ ਸੰਸਥਾਵਾਂ ਦੇ ਨਾਲ ਵੀ ਰਲਕੇ ਚਲਣਾ ਚਾਹੁੰਦੇ ਹਨ।"

ਸਾਲ 2017 ਵਿੱਚ ਹਾਲਾਤ ਉਸ ਵੇਲੇ ਬਦਲ ਗਏ ਜਦੋਂ ਨਵਾਜ਼ ਸ਼ਰੀਫ਼ ਨੂੰ ਸੁਪਰੀਮ ਕੋਰਟ ਨੇ ਪਨਾਮਾ ਕੇਸ ਵਿੱਚ ਸਾਰੀ ਜ਼ਿੰਦਗੀ ਲਈ ਅਯੋਗ ਐਲਾਨ ਦਿੱਤਾ।

ਪਾਰਟੀ ਦੀ ਪ੍ਰਧਾਨਗੀ ਤਾਂ ਸ਼ਾਹਬਾਜ਼ ਸ਼ਰੀਫ਼ ਦੇ ਕੋਲ ਆ ਗਈ ਪਰ ਮੁੱਖ ਮੰਤਰੀ ਦਾ ਅਹੁਦਾ ਸ਼ਾਇਦ ਸ਼ਾਹਿਸ ਖ਼ਾਕਾਨ ਅੱਬਾਸੀ ਦੇ ਕੋਲ ਗਿਆ।

ਇੱਧਰ ਅਦਾਲਤ ਕੋਲੋਂ ਸਜ਼ਾ ਮਿਲਣ ਤੋਂ ਬਾਅਦ ਕੁਝ ਸਮਾਂ ਜੇਲ੍ਹ ਵਿੱਚ ਰਹਿਣ ਮਗਰੋਂ ਨਵਾਜ਼ ਸ਼ਰੀਫ਼ ਇਲਾਜ ਦੀ ਇਜਾਜ਼ਤ ਲੈ ਕੇ ਲੰਡਨ ਚਲੇ ਗਏ ਅਤੇ ਵਾਪਸ ਨਹੀਂ ਪਰਤੇ।

ਸਾਲ 2018 ਦੀਆਂ ਚੋਣਾਂ ਵਿੱਚ ਸ਼ਾਹਬਾਜ਼ ਸ਼ਰੀਫ਼ ਨੇ ਪੰਜਾਬ ਛੱਡ ਕੇ ਕੇਂਦਰ ਵਿੱਚ ਆਉਣ ਦਾ ਫ਼ੈਸਲਾ ਕੀਤਾ। ਉਹ ਰਾਸ਼ਟਰੀ ਅਸੈਂਬਲੀ ਦੇ ਮੈਂਬਰ ਚੁਣੇ ਗਏ ਅਤੇ ਦੂਜੀ ਵੱਡੀ ਪਾਰਟੀ ਦੇ ਆਗੂ ਹੋਣ ਕਰਕੇ ਉਹ ਵਿਰੋਧੀ ਧਿਰ ਦੇ ਆਗੂ ਵੀ ਚੁਣੇ ਗਏ।

ਉਨ੍ਹਾਂ ਦੇ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਇਕੱਠਾ ਕਰਨ ਦੇ ਮੁਕੱਦਮੇ ਹੋਏ ਪਰ ਕਿਸੇ ਮੁਕੱਦਮੇ ਵਿੱਚ ਉਨ੍ਹਾਂ ਨੂੰ ਸਜ਼ਾ ਨਹੀਂ ਹੋਈ।

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ

ਸਾਲ 2022 ਵਿੱਚ ਸ਼ਾਹਬਾਜ਼ ਸ਼ਰੀਫ਼ ਨੇ ਬਾਕੀ ਵਿਰੋਧੀ ਧਿਰਾਂ ਨੂੰ ਨਾਲ ਰਲਾ ਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਅੰਦੋਲਨ ਚਲਾਇਆ ਜਿਸ ਦੌਰਾਨ ਇਮਰਾਨ ਦੇ ਖ਼ਿਲਾਫ਼ ਰਾਸ਼ਟਰੀ ਅਸੈਂਬਲੀ ਵਿੱਚ ਬੇਭਰੋਸਗੀ ਮਤਾ ਲਿਆਂਦਾ ਗਿਆ।

ਬੇਭਰੋਸਗੀ ਮਤੇ ਉੱਤੇ ਵੋਟਿੰਗ ਤੋਂ ਬਾਅਦ ਇਮਰਾਨ ਖਾਨ ਦੀ ਸਰਕਾਰ ਚਲੀ ਗਈ। ਉਨ੍ਹਾਂ ਦੀ ਥਾਂ ਉੱਤੇ ਪੀਡੀਐੱਮ ਯਾਨਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੀਆਂ ਪਾਰਟੀਆਂ ਨੇ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ।

ਸਹਿਯੋਗੀ ਦਲਾਂ ਅਤੇ ਪਾਕਿਸਤਾਨ ਪੀਪਲਜ਼ ਪਾਰਟੀਆਂ ਨੂੰ ਨਾਲ ਰਲਾ ਕੇ ਉਹ ਪਹਿਲੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ।

ਉਸ ਵੇਲੇ ਉਨ੍ਹਾਂ ਦੇ ਸਾਹਮਣੇ ਇਹ ਮਤਾ ਸੀ ਕਿ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਚੋਣਾਂ ਦੇ ਲਈ ਜਾਣਾ ਬਿਹਤਰ ਹੋਵੇਗਾ।

ਪੱਤਰਕਾਰ ਸਲਮਾਨ ਗ਼ਨੀ ਦੇ ਮੁਤਾਬਕ, "ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਹ ਸਮਝਦੇ ਸਨ ਕਿ ਉਸ ਵੇਲੇ ਦੇਸ ਨੂੰ ਸਥਿਰਤਾ ਦੀ ਬਹੁਤ ਲੋੜ ਸੀ।"

ਕੀ 16 ਮਹੀਨੇ ਪੀਡੀਐੱਮ ਦੀ ਸਰਕਾਰ ਚਲਾਉਣ ਤੋਂ ਬਾਅਦ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਸਾਬਿਤ ਹੋਇਆ?

ਸਲਮਾਨ ਗ਼ਨੀ ਇਹ ਸਮਝਦੇ ਹਨ ਕਿ ਇਹ ਫ਼ੈਸਲਾ ਸਹੀ ਸਾਬਿਤ ਨਹੀਂ ਹੋਇਆ।

ਆਰਥਿਕ ਸੰਕਟ ਅਤੇ ਸਮਝੌਤੇ ਦੀ ਸਿਆਸਤ

ਸ਼ਾਹਬਾਜ਼ ਸ਼ਰੀਫ ਨੂੰ ਆਪਣੀ ਪੀਡੀਐੱਮ ਸਰਕਾਰ ਦੇ 16-17 ਮਹੀਨਿਆਂ ਦੌਰਾਨ ਲਗਾਤਾਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ।

ਇਸ ਸਮੇਂ ਦੌਰਾਨ ਉਹ ਨਾ ਤਾਂ ਡਾਲਰ ਦੀ ਉੱਚੀ ਉਡਾਣ ਨੂੰ ਰੋਕ ਸਕੇ ਅਤੇ ਨਾ ਹੀ ਵਧਦੀ ਮਹਿੰਗਾਈ ਨੂੰ ਕਾਬੂ ਕਰ ਸਕੇ। ਸਿਆਸੀ ਤੌਰ 'ਤੇ ਉਨ੍ਹਾਂ ਦੀ ਪਾਰਟੀ ਨੂੰ ਤੁਰੰਤ ਨੁਕਸਾਨ ਹੋਇਆ।

ਪੱਤਰਕਾਰ ਅਤੇ ਵਿਸ਼ਲੇਸ਼ਕ ਮਾਜਿਦ ਨਿਜ਼ਾਮੀ ਦਾ ਮੰਨਣਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਪਾਰਟੀ ਪੰਜਾਬ ਦੀਆਂ ਉਪ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ ਅਤੇ ਇਸ ਦਾ ਅਸਰ ਹਾਲੀਆ ਚੋਣਾਂ ਵਿੱਚ ਵੀ ਲੋਕਾਂ ਦੇ ਪ੍ਰਤੀਕਰਮ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ।

ਮਾਜਿਦ ਨਿਜ਼ਾਮੀ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਲਈ ਸਰਕਾਰ ਨੂੰ ਬਚਾਉਣ ਲਈ ਆਪਣੇ ਸਹਿਯੋਗੀਆਂ ਦੇ ਹਿੱਤਾਂ ਦਾ ਧਿਆਨ ਰੱਖਣਾ ਜ਼ਰੂਰੀ ਸੀ।

ਉਹ ਕਹਿੰਦੇ ਹਨ, "ਨਤੀਜੇ ਵਜੋਂ, ਉਹ ਉਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੇ ਯੋਗ ਨਹੀਂ ਸੀ ਜਿੰਨਾ ਉਹ ਪਸੰਦ ਕਰਦਾ ਸੀ, ਅਤੇ 'ਚੰਗੇ ਪ੍ਰਸ਼ਾਸਕ' ਵਜੋਂ ਉਸ ਦੀ ਧਾਰਨਾ ਨੂੰ ਨੁਕਸਾਨ ਪਹੁੰਚਿਆ ਸੀ।"

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਹਮੇਸ਼ਾ 'ਸਮਝੌਤੇ ਦੀ ਸਿਆਸਤ' ਨੂੰ ਪਹਿਲ ਦਿੱਤੀ ਹੈ।

"ਉਹ ਹਮੇਸ਼ਾ ਇਸ ਵਿਚਾਰ ਦੇ ਪੱਖ ਵਿੱਚ ਰਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਸ਼ਕਤੀਸ਼ਾਲੀ ਸਥਾਪਨਾ ਨਾਲ ਨਹੀਂ ਲੜਨਾ ਚਾਹੀਦਾ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।"

ਪੱਤਰਕਾਰ ਮਾਜਿਦ ਨਿਜ਼ਾਮੀ ਦੇ ਅਨੁਸਾਰ, "ਸ਼ਾਹਬਾਜ਼ ਸ਼ਰੀਫ ਨੇ ਆਪਣੇ ਭਰਾ ਨਵਾਜ਼ ਸ਼ਰੀਫ, ਉਸਦੀ ਧੀ ਮਰੀਅਮ ਨਵਾਜ਼ ਅਤੇ ਆਪਣੀ ਪਾਰਟੀ ਦੀ ਸਥਾਪਨਾ ਨਾਲ ਸਮਝੌਤਾ ਕਰਕੇ 2017 ਵਿੱਚ ਪੈਦਾ ਹੋਈ ਸਥਿਤੀ ਤੋਂ ਬਾਹਰ ਨਿਕਲਣ ਦਾ ਰਸਤਾ ਲੱਭ ਲਿਆ।"

ਇਸ ਸਮਝੌਤੇ ਦੀ ਨੀਤੀ ਦੇ ਤਹਿਤ, “ਉਨ੍ਹਾਂ ਨੇ 2022 ਵਿੱਚ ਸਰਕਾਰ ਬਣਾਉਣਾ ਸਵੀਕਾਰ ਕਰ ਲਿਆ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨੂੰ ਸਿਆਸੀ ਨੁਕਸਾਨ ਝੱਲਣਾ ਪਿਆ।”

ਦੂਜੀ ਵਾਰ ਪ੍ਰਧਾਨ ਮੰਤਰੀ ਅਤੇ ਇਸਟੈਬਲਿਸ਼ਮੈਂਟ ਨਾਲ ਸਬੰਧ

ਸ਼ਾਹਬਾਜ਼ ਸ਼ਰੀਫ਼

ਤਸਵੀਰ ਸਰੋਤ, Getty Images

ਆਪਣੀਆਂ ਉਮੀਦਾਂ ਦੇ ਉਲਟ, ਨਵਾਜ਼ ਲੀਗ ਹਾਲੀਆ ਚੋਣਾਂ ਵਿੱਚ ਨੈਸ਼ਨਲ ਅਸੈਂਬਲੀ ਵਿੱਚ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਨੱਬੇ ਤੋਂ ਵੱਧ ਸੀਟਾਂ ਨਾਲ ਸਭ ਤੋਂ ਵੱਡੇ ਗਰੁੱਪ ਵਜੋਂ ਉਭਰੇ।

ਨਵਾਜ਼ ਲੀਗ ਦੂਜੇ ਨੰਬਰ 'ਤੇ ਰਹੀ ਅਤੇ ਕੁਝ ਆਜ਼ਾਦ ਉਮੀਦਵਾਰਾਂ ਦੇ ਨਾਲ ਉਨ੍ਹਾਂ ਦੀਆਂ ਸੀਟਾਂ ਲਗਭਗ 80 ਹਨ।

ਕੁਝ ਸ਼ੁਰੂਆਤੀ ਉਲਝਣ ਅਤੇ ਝਿਜਕ ਤੋਂ ਬਾਅਦ, ਉਸਦੀ ਪਾਰਟੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ।

ਪਾਕਿਸਤਾਨ ਪੀਪਲਜ਼ ਪਾਰਟੀ ਨੇ ਨਵਾਜ਼ ਲੀਗ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਨੂੰ ਸਮਰਥਨ ਦਾ ਭਰੋਸਾ ਦਿੱਤਾ ਅਤੇ ਬਦਲੇ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਸਮੇਤ ਕੁਝ ਸੰਵਿਧਾਨਕ ਅਹੁਦਿਆਂ ਦੀ ਮੰਗ ਕੀਤੀ।

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ਦਾ ਹਿੱਸਾ ਹੋਵੇਗੀ ਜਾਂ ਨਹੀਂ।

ਪੱਤਰਕਾਰ ਅਤੇ ਵਿਸ਼ਲੇਸ਼ਕ ਮਾਜਿਦ ਨਿਜ਼ਾਮੀ ਦਾ ਕਹਿਣਾ ਹੈ ਕਿ ਪਹਿਲਾਂ ਦੇ ਉਲਟ ਇਸ ਵਾਰ ਸ਼ਾਹਬਾਜ਼ ਸ਼ਰੀਫ਼ ਲਈ ਚੰਗੀ ਗੱਲ ਇਹ ਹੈ ਕਿ ਉਹ ਪੰਜ ਸਾਲਾਂ ਲਈ ਪ੍ਰਧਾਨ ਮੰਤਰੀ ਚੁਣੇ ਗਏ ਹਨ ਪਰ ਕਿਉਂਕਿ ਉਨ੍ਹਾਂ ਕੋਲ ਬਹੁਮਤ ਨਹੀਂ ਹੈ, ਉਨ੍ਹਾਂ ਦੀ ਸਰਕਾਰ ਬਹੁਤੀ ਮਜ਼ਬੂਤ ​​ਨਹੀਂ ਹੋਵੇਗੀ।

ੳਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਦੀ ਤਰ੍ਹਾਂ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਭਵਿੱਖ ਵਿੱਚ ਨਵਾਜ਼ ਸ਼ਰੀਫ਼ ਅਤੇ ਇਮਰਾਨ ਖ਼ਾਨ ਦੀ ਤਰ੍ਹਾਂ ਅਦਾਰੇ ਨਾਲ ਸ਼ਾਹਬਾਜ਼ ਸ਼ਰੀਫ਼ ਦੇ ਸਬੰਧ ਵਿਗੜ ਸਕਦੇ ਹਨ।

ਉਹ ਕਹਿੰਦੇ ਹਨ, “ਸ਼ਾਹਬਾਜ਼ ਸ਼ਰੀਫ਼ ਦੇ ਅੰਦਰ ਕਦੇ ਕੋਈ ਬਾਗ਼ੀ ਸਿਆਸੀ ਕਾਰਕੁਨ ਨਹੀਂ ਸੀ। ਉਸ ਦੀ ਸਥਾਪਤੀ ਨਾਲ ਕੋਈ ਲੜਾਈ ਨਹੀਂ ਹੈ। ਉਹ ਵਿਚਾਰਧਾਰਕ ਤੌਰ 'ਤੇ ਸਥਾਪਤੀ ਦਾ ਸਮਰਥਕ ਹੈ। ਉਸ ਲਈ ਕੋਈ ਹਉਮੈ ਦੀ ਸਮੱਸਿਆ ਨਹੀਂ ਹੈ।”

ਪੱਤਰਕਾਰ ਅਤੇ ਵਿਸ਼ਲੇਸ਼ਕ ਸਲਮਾਨ ਗ਼ਨੀ ਵੀ ਇਸ ਰਾਏ ਦਾ ਸਮਰਥਨ ਕਰਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹਬਾਜ਼ ਸ਼ਰੀਫ ਦੀ ਸਿਆਸਤ ਸ਼ੁਰੂ ਤੋਂ ਹੀ ਸਮਝੌਤਾ ਵਾਲੀ ਰਹੀ ਹੈ।

ਉਹ ਦੱਸਦੇ ਹਨ, "ਉਹ ਅਤੇ ਚੌਧਰੀ ਨਿਸਾਰ ਹਮੇਸ਼ਾ ਹੀ ਸਥਾਪਤੀ ਨਾਲ ਚੰਗੇ ਸਬੰਧਾਂ ਦੇ ਹੱਕ ਵਿੱਚ ਰਹੇ ਹਨ ਅਤੇ ਇਹ ਉਨ੍ਹਾਂ ਦੀ ਪਾਰਟੀ ਦੇ ਪੱਧਰ 'ਤੇ ਯਕੀਨੀ ਬਣਾਇਆ ਗਿਆ ਸੀ।"

ਉਹ ਸਮਝਦਾ ਹੈ ਕਿ ਇਹ ਪਹਿਲਾਂ ਹੀ ਤੈਅ ਸੀ ਕਿ ਇਸ ਵਾਰ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਨਹੀਂ ਬਣਨਗੇ ਅਤੇ ਸ਼ਾਹਬਾਜ਼ ਸ਼ਰੀਫ਼ ਇਹ ਅਹੁਦਾ ਸੰਭਾਲਣਗੇ।

ਉਨ੍ਹਾਂ ਦੇ ਹਿਸਾਬ ਨਾਲ ਵੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਹੁਤੀ ਮਜ਼ਬੂਤ ​​ਨਹੀਂ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)