32 ਸਾਲ ਤੱਕ ਇੱਕ ਇਨਸਾਨ ਅੱਲ੍ਹੜ ਉਮਰ ਵਿੱਚ ਰਹਿੰਦਾ ਹੈ, ਜਾਣੋ ਨਵਾਂ ਅਧਿਐਨ ਤੁਹਾਡੇ ਦਿਮਾਗ ਦੇ ਚਾਰ ਅਹਿਮ ਪੜਾਵਾਂ ਬਾਰੇ ਹੋਰ ਕੀ ਦੱਸਦਾ ਹੈ

    • ਲੇਖਕ, ਜੇਮਜ਼ ਗੈਲੇਘਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ

ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਮਨੁੱਖੀ ਦਿਮਾਗ ਜ਼ਿੰਦਗੀ ਦੇ ਪੰਜ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਾ ਹੈ, ਜਿਨ੍ਹਾਂ ਵਿੱਚ 9, 32, 66 ਅਤੇ 83 ਸਾਲ ਦੀ ਉਮਰ ਵਿੱਚ ਮੁੱਖ ਪੜਾਅ ਆਉਂਦੇ ਹਨ।

90 ਸਾਲ ਦੀ ਉਮਰ ਤੱਕ ਦੇ ਤਕਰੀਬਨ 4,000 ਲੋਕਾਂ ਦੇ ਦਿਮਾਗ ਦੇ ਸੈੱਲਾਂ ਵਿਚਕਾਰ ਸਬੰਧਾਂ ਦਾ ਪਤਾ ਲਗਾਉਣ ਲਈ ਸਕੈਨ ਕੀਤਾ ਗਿਆ।

ਕੈਂਬਰਿਜ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦਿਖਾਇਆ ਕਿ ਸਾਡਾ ਦਿਮਾਗ ਉਮਰ ਦੇ 30ਵਿਆਂ ਵਰ੍ਹਿਆਂ ਦੀ ਸ਼ੁਰੂਆਤ ਤੱਕ ਅੱਲ੍ਹੜ ਰਹਿੰਦਾ ਹੈ ਜਦੋਂ ਅਸੀਂ ਜ਼ਿੰਦਗੀ ਦੇ "ਸਿਖਰ" 'ਤੇ ਪਹੁੰਚਦੇ ਹਾਂ।

ਉਨ੍ਹਾਂ ਦਾ ਕਹਿਣਾ ਹੈ ਕਿ ਨਤੀਜੇ ਸਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਦੇ ਹਨ ਕਿ ਮਾਨਸਿਕ ਸਿਹਤ ਵਿਕਾਰ ਅਤੇ ਡਿਮੈਂਸ਼ੀਆ ਦਾ ਜੋਖ਼ਮ ਜੀਵਨ ਭਰ ਕਿਉਂ ਬਦਲਦਾ ਰਹਿੰਦਾ ਹੈ।

ਨਵੇਂ ਗਿਆਨ ਅਤੇ ਤਜਰਬੇ ਦੇ ਜਵਾਬ ਵਿੱਚ ਦਿਮਾਗ ਲਗਾਤਾਰ ਬਦਲਦਾ ਰਹਿੰਦਾ ਹੈ, ਪਰ ਖੋਜ ਦਰਸਾਉਂਦੀ ਹੈ ਕਿ ਇਹ ਜਨਮ ਤੋਂ ਮੌਤ ਤੱਕ ਕੋਈ ਸੁਚਾਰੂ ਪੈਟਰਨ ਨਹੀਂ ਹੈ।

ਇਸ ਦੀ ਬਜਾਇ, ਇਹ ਪੰਜ ਦਿਮਾਗੀ ਪੜਾਅ ਹਨ:

ਬਚਪਨ - ਜਨਮ ਤੋਂ 9 ਸਾਲ ਦੀ ਉਮਰ ਤੱਕ

ਅੱਲ੍ਹੜ ਅਵਸਥਾ - 9 ਤੋਂ 32 ਸਾਲ ਤੱਕ

ਬਾਲਗ - 32 ਤੋਂ 66 ਤੱਕ

ਜਲਦੀ ਬੁਢਾਪਾ - 66 ਤੋਂ 83 ਤੱਕ

ਦੇਰ ਨਾਲ ਬੁਢਾਪਾ - 83 ਸਾਲ ਤੋਂ ਬਾਅਦ

ਖੋਜ ਦੇ ਮੁੱਖ ਲੇਖਕ ਡਾਕਟਰ ਅਲੈਕਸਾ ਮਾਊਜ਼ਲੇ ਨੇ ਬੀਬੀਸੀ ਨੂੰ ਦੱਸਿਆ, "ਦਿਮਾਗ ਜੀਵਨ ਭਰ ਰੀ-ਵਾਇਰ ਹੁੰਦਾ ਰਹਿੰਦਾ ਹੈ। ਇਹ ਹਮੇਸ਼ਾ ਸਬੰਧਾਂ ਨੂੰ ਮਜ਼ਬੂਤ ਅਤੇ ਕਮਜ਼ੋਰ ਕਰਦਾ ਰਹਿੰਦਾ ਹੈ ਅਤੇ ਇਹ ਇੱਕ ਸਥਿਰ ਪੈਟਰਨ ਨਹੀਂ ਹੈ। ਦਿਮਾਗ ਨੂੰ ਰੀ-ਵਾਇਰ ਕਰਨ ਦੇ ਉਤਰਾਅ-ਚੜ੍ਹਾਅ ਅਤੇ ਪੜਾਅ ਹੁੰਦੇ ਹਨ।"

ਕੁਝ ਲੋਕ ਦਿਮਾਗ ਦੀ ਉਮਰ ਦੇ ਵੱਖ-ਵੱਖ ਪੜ੍ਹਾਵਾਂ 'ਤੇ ਦੂਜਿਆਂ ਨਾਲੋਂ ਪਹਿਲਾਂ ਜਾਂ ਬਾਅਦ ਵਿੱਚ ਪਹੁੰਚ ਜਾਂਦੇ ਹਨ। ਪਰ ਖੋਜਕਾਰਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਇਹ ਉਮਰਾਂ ਡਾਟਾ ਵਿੱਚ ਦੇਖਣ ਉੱਤੇ ਸਪਸ਼ਟ ਤੌਰ 'ਤੇ ਕਿੰਨੀਆਂ ਵੱਖਰੀਆਂ ਸਨ।

ਦਿਮਾਗ ਦੇ ਪੰਜ ਪੜਾਅ

ਇਹ ਪੈਟਰਨ ਹੁਣ ਅਧਿਐਨ ਵਿੱਚ ਉਪਲਬਧ ਦਿਮਾਗੀ ਸਕੈਨਾਂ ਦੀ ਗਿਣਤੀ ਦੀ ਬਦੌਲਤ ਪਤਾ ਲੱਗੇ ਹਨ। ਇਹ ਅਧਿਐਨ ਨੇਚਰ ਕਮਿਊਨੀਕੇਸ਼ਨਜ਼ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਸੀ ।

ਬਚਪਨ - ਪਹਿਲਾ ਦੌਰ ਉਹ ਹੁੰਦਾ ਹੈ ਜਦੋਂ ਦਿਮਾਗ ਤੇਜ਼ੀ ਨਾਲ ਆਕਾਰ ਵਿੱਚ ਵਧ ਰਿਹਾ ਹੁੰਦਾ ਹੈ ਪਰ ਨਾਲ ਹੀ ਦਿਮਾਗੀ ਸੈੱਲਾਂ, ਜਿਨ੍ਹਾਂ ਨੂੰ ਸਿਨੈਪਸਿਸ ਕਿਹਾ ਜਾਂਦਾ ਹੈ ਦੇ ਵਿਚਕਾਰ ਸਬੰਧਾਂ ਦੀ ਬਹੁਤਾਤ ਨੂੰ ਵੀ ਪਤਲਾ ਕਰ ਰਿਹਾ ਹੁੰਦਾ ਹੈ, ਜੋ ਜੀਵਨ ਦੀ ਸ਼ੁਰੂਆਤ ਵਿੱਚ ਬਣੇ ਹੁੰਦੇ ਹਨ।

ਇਸ ਪੜਾਅ ਦੌਰਾਨ ਦਿਮਾਗ ਘੱਟ ਕੁਸ਼ਲ ਹੋ ਜਾਂਦਾ ਹੈ। ਇਹ ਇੱਕ ਬੱਚੇ ਵਾਂਗ ਕੰਮ ਕਰਦਾ ਹੈ ਜੋ ਕਿਸੇ ਪਾਰਕ ਵਿੱਚ ਘੁੰਮਦਾ ਹੈ।

ਅੱਲ੍ਹੜ ਅਵਸਥਾ - ਇਹ ਨੌਂ ਸਾਲ ਦੀ ਉਮਰ ਤੋਂ ਅਚਾਨਕ ਬਦਲ ਜਾਂਦੀ ਹੈ ਜਦੋਂ ਦਿਮਾਗ ਵਿੱਚ ਕਨੈਕਸ਼ਨ ਅਸੀਮ ਕੁਸ਼ਲਤਾ ਦੇ ਦੌਰ ਵਿੱਚੋਂ ਲੰਘਦੇ ਹਨ।

ਡਾਕਟਰ ਮਾਊਜ਼ਲੇ ਨੇ ਦਿਮਾਗ ਦੇ ਪੜਾਵਾਂ ਵਿਚਕਾਰ ਸਭ ਤੋਂ ਡੂੰਘੀ ਤਬਦੀਲੀ ਦਾ ਵਰਣਨ ਕਰਦੇ ਹੋਏ ਅੱਲ੍ਹੜ ਉਮਰ ਬਾਰੇ ਕਿਹਾ, "ਇਹ ਇੱਕ ਵੱਡੀ ਤਬਦੀਲੀ ਹੈ।"

ਇਹ ਉਹ ਸਮਾਂ ਵੀ ਹੁੰਦਾ ਹੈ ਜਦੋਂ ਮਾਨਸਿਕ ਸਿਹਤ ਵਿਕਾਰ ਸ਼ੁਰੂ ਹੋਣ ਦਾ ਸਭ ਤੋਂ ਵੱਡਾ ਖ਼ਤਰਾ ਹੁੰਦਾ ਹੈ।

ਹੈਰਾਨੀ ਦੀ ਗੱਲ ਨਹੀਂ ਕਿ ਅੱਲ੍ਹੜ ਅਵਸਥਾ ਜਵਾਨੀ ਦੀ ਸ਼ੁਰੂਆਤ ਦੇ ਆਲੇ-ਦੁਆਲੇ ਸ਼ੁਰੂ ਹੁੰਦੀ ਹੈ, ਪਰ ਇਹ ਤਾਜ਼ਾ ਸਬੂਤ ਹੈ ਜੋ ਸੁਝਾਅ ਦਿੰਦਾ ਹੈ ਕਿ ਇਹ ਦਿਮਾਗ਼ ਦੀ ਇਹ ਸਥਿਤੀ ਸਾਡੇ ਅੰਦਾਜ਼ੇ ਨਾਲੋਂ ਬਹੁਤ ਦੇਰ ਨਾਲ ਖ਼ਤਮ ਹੁੰਦੀ ਹੈ।

ਇਸ ਨੂੰ ਕਦੇ ਅੱਲ੍ਹੜ ਅਵਸਥਾ ਤੱਕ ਸੀਮਤ ਮੰਨਿਆ ਜਾਂਦਾ ਸੀ, ਇਸ ਤੋਂ ਪਹਿਲਾਂ ਕਿਸ਼ੋਰ ਵਿਗਿਆਨ ਨੇ ਸੁਝਾਅ ਦਿੱਤਾ ਸੀ ਕਿ ਇਹ ਤੁਹਾਡੇ 20 ਦੇ ਦਹਾਕੇ ਅਤੇ ਹੁਣ 30 ਦੇ ਦਹਾਕੇ ਦੇ ਸ਼ੁਰੂ ਤੱਕ ਵੀ ਜਾਰੀ ਰਹਿੰਦਾ ਹੈ।

ਇਹ ਪੜਾਅ ਦਿਮਾਗ ਦਾ ਇੱਕੋ ਇੱਕ ਸਮਾਂ ਹੁੰਦਾ ਹੈ ਜਦੋਂ ਇਸਦੇ ਨਿਊਰੋਨਜ਼ ਦਾ ਨੈੱਟਵਰਕ ਵਧੇਰੇ ਕੁਸ਼ਲ ਹੋ ਜਾਂਦਾ ਹੈ।

ਡਾਕਟਰ ਮਾਊਜ਼ਲੇ ਨੇ ਕਿਹਾ ਕਿ ਇਹ ਦਿਮਾਗ ਦੇ ਕੰਮ ਕਰਨ ਦੇ ਕਈ ਮਾਪਾਂ ਦਾ ਸਮਰਥਨ ਕਰਦਾ ਹੈ ਜੋ ਸੁਝਾਅ ਦਿੰਦੇ ਹਨ ਕਿ ਇਹ ਤੁਹਾਡੇ ਤੀਹਵਿਆਂ ਦੇ ਸ਼ੁਰੂ ਵਿੱਚ ਦਿਮਾਗੀ ਗਤੀਵਿਧੀ ਸਿਖਰ 'ਤੇ ਹੁੰਦੀ ਹੈ, ਪਰ ਇਹ 'ਬਹੁਤ ਦਿਲਚਸਪ' ਸੀ ਕਿ ਦਿਮਾਗ ਨੌਂ ਅਤੇ 32 ਦੇ ਵਿਚਕਾਰ ਉਸੇ ਪੜਾਅ ਵਿੱਚ ਰਹਿੰਦਾ ਹੈ।

ਬਾਲਗ ਅਵਸਥਾ – ਇਸ ਤੋਂ ਅੱਗੇ ਦਿਮਾਗ ਲਈ ਸਥਿਰਤਾ ਦਾ ਦੌਰ ਆਉਂਦਾ ਹੈ ਕਿਉਂਕਿ ਇਹ ਆਪਣੇ ਸਭ ਤੋਂ ਲੰਬੇ ਯੁੱਗ ਵਿੱਚ ਦਾਖਲ ਹੁੰਦਾ ਹੈ, ਜੋ ਕਿ ਤਿੰਨ ਦਹਾਕਿਆਂ ਤੱਕ ਚੱਲਦਾ ਹੈ।

ਇਸ ਸਮੇਂ ਦੌਰਾਨ ਬਦਲਾਅ ਪਹਿਲਾਂ ਦੀਆਂ ਤੀਬਰਤ ਤਬਦੀਲੀਆਂ ਦੇ ਮੁਕਾਬਲੇ ਹੌਲੀ ਹੁੰਦਾ ਹੈ, ਪਰ ਇੱਥੇ ਅਸੀਂ ਦਿਮਾਗ ਦੀ ਕੁਸ਼ਲਤਾ ਵਿੱਚ ਸੁਧਾਰ ਨੂੰ ਉਲਟਾ ਹੁੰਦੇ ਦੇਖਦੇ ਹਾਂ।

ਡਾਕਟਰ ਮਾਊਜ਼ਲੇ ਨੇ ਕਿਹਾ ਕਿ ਇਹ ਬੁੱਧੀ ਅਤੇ ਸ਼ਖਸੀਅਤ ਦੇ ਇਕਸਾਰਤਾ ਨਾਲ ਮੇਲ ਖਾਂਦਾ ਹੈ, ਜਿਸ ਨੂੰ ਸਾਡੇ ਵਿੱਚੋਂ ਬਹੁਤਿਆਂ ਨੇ ਦੇਖਿਆ ਜਾਂ ਤਜਰਬਾ ਕੀਤਾ ਹੋਵੇਗਾ।

ਜਲਦੀ ਬੁਢਾਪਾ - ਇਹ 66 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦਾ ਹੈ, ਪਰ ਇਹ ਗਿਰਾਵਟ ਕੋਈ ਅਚਾਨਕ ਨਹੀਂ ਵਾਪਰਦੀ ਹੈ। ਇਸ ਦੀ ਬਜਾਇ ਦਿਮਾਗ ਵਿੱਚ ਕਨੈਕਸ਼ਨਾਂ ਦੇ ਪੈਟਰਨਾਂ ਵਿੱਚ ਤਬਦੀਲੀਆਂ ਆਉਂਦੀਆਂ ਹਨ।

ਇੱਕ ਪੂਰੇ ਦਿਮਾਗ ਦੇ ਰੂਪ ਵਿੱਚ ਤਾਲਮੇਲ ਬਣਾਉਣ ਦੀ ਬਜਾਇ, ਅੰਗ ਉਨ੍ਹਾਂ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਇਹ ਖੇਤਰ ਇਕੱਠੇ ਮਿਲ ਕੇ ਕੰਮ ਕਰਦੇ ਹਨ, ਜਿਵੇਂ ਕਿ ਕੋਈ ਬੈਂਡ ਮੈਂਬਰ ਆਪਣੇ ਕਿਸੇ ਇੱਕ ਪ੍ਰੋਜੈਕਟ ਲਈ ਇਕੱਲਿਆਂ ਕੰਮ ਕਰਨ ਲੱਗਣ।

ਹਾਲਾਂਕਿ ਅਧਿਐਨ ਵਿੱਚ ਸਿਹਤਮੰਦ ਦਿਮਾਗਾਂ ਦੀ ਪਰਖ਼ ਕੀਤੀ ਗਈ ਸੀ, ਪਰ ਇਹ ਉਹ ਉਮਰ ਵੀ ਹੈ ਜਿਸ ਵਿੱਚ ਡਿਮੈਂਸ਼ੀਆ ਅਤੇ ਹਾਈ ਬਲੱਡ ਪ੍ਰੈਸ਼ਰ, ਜੋ ਦਿਮਾਗ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ, ਦੇ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਦੇਰ ਨਾਲ ਬੁਢਾਪਾ - ਫਿਰ, 83 ਸਾਲ ਦੀ ਉਮਰ ਵਿੱਚ ਅਸੀਂ ਅੰਤਿਮ ਪੜਾਅ ਵਿੱਚ ਦਾਖਲ ਹੁੰਦੇ ਹਾਂ। ਇਸ ਵਿੱਚ ਦੂਜੇ ਸਮੂਹਾਂ ਦੇ ਮੁਕਾਬਲੇ ਘੱਟ ਡਾਟਾ ਹੈ ਕਿਉਂਕਿ ਸਕੈਨ ਕਰਨ ਲਈ ਸਿਹਤਮੰਦ ਦਿਮਾਗ ਲੱਭਣਾ ਵਧੇਰੇ ਚੁਣੌਤੀਪੂਰਨ ਸੀ। ਦਿਮਾਗ ਵਿੱਚ ਬਦਲਾਅ ਸ਼ੁਰੂਆਤੀ ਬੁਢਾਪੇ ਵਿੱਚ ਤਕਰੀਬਨ ਬਰਾਬਰ ਦੇਖੇ ਗਏ ਹਨ, ਪਰ ਇਹ ਹੋਰ ਵੀ ਸਪੱਸ਼ਟ ਹਨ।

ਡਾਕਟਰ ਮਾਊਜ਼ਲੇ ਨੇ ਕਿਹਾ ਕਿ ਜਿਸ ਗੱਲ ਨੇ ਉਨ੍ਹਾਂ ਨੂੰ ਅਸਲੋਂ ਹੈਰਾਨ ਕੀਤਾ ਉਹ ਇਹ ਸੀ ਕਿ ਵੱਖ-ਵੱਖ ਉਮਰ ਬਹੁਤ ਸਾਰੇ ਅਹਿਮ ਮੀਲ ਪੱਥਰਾਂ ਨਾਲ ਕਿੰਨੀ ਚੰਗੀ ਤਰ੍ਹਾਂ ਮੇਲ ਖਾਂਦੀਆਂ ਹਨ ਜਿਵੇਂ ਕਿ ਜਵਾਨੀ, ਬਾਅਦ ਵਿੱਚ ਜੀਵਨ ਵਿੱਚ ਸਿਹਤ ਸਬੰਧੀ ਚਿੰਤਾਵਾਂ ਅਤੇ ਇੱਥੋਂ ਤੱਕ ਕਿ ਤੁਹਾਡੇ 30 ਦੇ ਦਹਾਕੇ ਦੇ ਸ਼ੁਰੂ ਵਿੱਚ ਮਾਪੇ ਬਣਨ ਵਰਗੀਆਂ ਵੱਡੀਆਂ ਸਮਾਜਿਕ ਤਬਦੀਲੀਆਂ।

'ਇੱਕ ਬਹੁਤ ਵਧੀਆ ਅਧਿਐਨ'

ਇਸ ਅਧਿਐਨ ਵਿੱਚ ਮਰਦਾਂ ਅਤੇ ਔਰਤਾਂ ਨੂੰ ਵੱਖਰੇ ਤੌਰ 'ਤੇ ਨਹੀਂ ਦੇਖਿਆ ਗਿਆ, ਪਰ ਮੀਨੋਪੌਜ਼ ਦੇ ਦੌਰ ਦੀਆਂ ਔਰਤਾਂ ਦੇ ਦਿਮਾਗ ਉੱਤੇ ਪ੍ਰਭਾਵ ਵਰਗੇ ਸਵਾਲ ਖੜ੍ਹੇ ਹਨ।

ਕੈਂਬਰਿਜ ਯੂਨੀਵਰਸਿਟੀ ਦੇ ਨਿਊਰੋਇਨਫਾਰਮੈਟਿਕਸ ਦੇ ਪ੍ਰੋਫੈਸਰ ਅਤੇ ਖੋਜ ਕਰਨ ਵਾਲੀ ਟੀਮ ਦੇ ਹਿੱਸੇ, ਡੰਕਨ ਐਸਟਲ ਨੇ ਕਿਹਾ, "ਬਹੁਤ ਸਾਰੇ ਨਿਊਰੋਡਿਵੈਲਪਮੈਂਟਲ, ਮਾਨਸਿਕ ਸਿਹਤ ਅਤੇ ਨਿਊਰੋਲੋਜੀਕਲ ਸਥਿਤੀਆਂ ਦਿਮਾਗ ਦੇ ਤਾਰਾਂ ਦੇ ਤਰੀਕੇ ਨਾਲ ਜੁੜੀਆਂ ਹੋਈਆਂ ਹਨ।"

"ਦਰਅਸਲ, ਦਿਮਾਗ ਦੀਆਂ ਤਾਰਾਂ ਵਿੱਚ ਅੰਤਰ ਧਿਆਨ, ਭਾਸ਼ਾ, ਯਾਦਦਾਸ਼ਤ ਅਤੇ ਵੱਖ-ਵੱਖ ਵਿਵਹਾਰਾਂ ਵਿੱਚ ਮੁਸ਼ਕਲਾਂ ਦੀ ਭਵਿੱਖਬਾਣੀ ਕਰਦੇ ਹਨ।"

ਐਡਿਨਬਰਗ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਡਿਸਕਵਰੀ ਬ੍ਰੇਨ ਸਾਇੰਸਜ਼ ਦੀ ਡਾਇਰੈਕਟਰ ਪ੍ਰੋਫੈਸਰ ਤਾਰਾ ਸਪਾਇਰਸ-ਜੋਨਜ਼ ਜਿਨ੍ਹਾਂ ਨੇ ਖੋਜ ਪੱਤਰ 'ਤੇ ਕੰਮ ਨਹੀਂ ਕੀਤਾ ਦਾ ਕਹਿਣਾ ਹੈ, "ਇਹ ਇੱਕ ਬਹੁਤ ਹੀ ਵਧੀਆ ਅਧਿਐਨ ਹੈ ਜੋ ਇਹ ਦਰਸਾਉਂਦਾ ਹੈ ਕਿ ਸਾਡਾ ਦਿਮਾਗ ਸਾਡੇ ਜੀਵਨ ਕਾਲ ਦੌਰਾਨ ਕਿੰਨੇ ਬਦਲਾਵਾਂ ਵਿੱਚੋਂ ਲੰਘਦਾ ਹੈ।"

ਉਨ੍ਹਾਂ ਨੇ ਕਿਹਾ ਕਿ ਨਤੀਜੇ ਦਿਮਾਗ ਦੀ ਉਮਰ ਵਧਣ ਬਾਰੇ ਸਾਡੀ ਸਮਝ ਬਣਾਉਣ ਵਿੱਚ ਮਦਦਗਾਰ ਹਨ।

ਉਹ ਚੇਤਾਵਨੀ ਦਿੰਦੇ ਹਨ ਕਿ ਹਰ ਕਿਸੇ ਲਈ ਇੱਕੋ ਉਮਰ ਵਿੱਚ ਇਨ੍ਹਾਂ ਨੈੱਟਵਰਕ ਤਬਦੀਲੀਆਂ ਦਾ ਅਨੁਭਵ ਇੱਕੋਂ ਤਰੀਕੇ ਨਾਲ ਨਹੀਂ ਹੋ ਸਕਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)