ਤੁਹਾਡੇ ਤੁਰਨ ਦਾ ਤਰੀਕਾ ਤੁਹਾਡੇ ਦਿਮਾਗ ਦੀ ਉਮਰ ਬਾਰੇ ਕਿਵੇਂ ਦੱਸ ਸਕਦਾ ਹੈ

    • ਲੇਖਕ, ਜੈਸਮੀਨ ਫੌਕਸ-ਸਕੈਲੀ
    • ਰੋਲ, ਬੀਬੀਸੀ ਫਿਊਚਰ

ਤੁਸੀਂ ਜਿਸ ਗਤੀ ਨਾਲ ਤੁਰਦੇ ਹੋ, ਉਹ ਤੁਹਾਡੇ ਦਿਮਾਗ ਦੀ ਉਮਰ ਵਧਣ ਦੀ ਦਰ ਬਾਰੇ ਡੂੰਘੀ ਜਾਣਕਾਰੀ ਦੇ ਸਕਦੀ ਹੈ।

ਹੌਲੀ ਤੁਰਨ ਵਾਲਿਆਂ ਦੇ ਦਿਮਾਗ ਛੋਟੇ ਹੁੰਦੇ ਹਨ ਅਤੇ ਮਹੱਤਵਪੂਰਨ ਬਣਤਰਾਂ ਵਿੱਚ ਬੁਨਿਆਦੀ ਅੰਤਰ ਹੁੰਦੇ ਹਨ।

ਇਹ ਸੁਣਨ ਵਿੱਚ ਮਾਮੂਲੀ ਜਾਪ ਸਕਦਾ ਹੈ, ਪਰ ਜਿਸ ਗਤੀ ਨਾਲ ਤੁਸੀਂ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਤੁਰ ਸਕਦੇ ਹੋ, ਉਹ ਤੁਹਾਡੇ ਸਰੀਰ ਅਤੇ ਦਿਮਾਗ ਦੇ ਅੰਦਰੂਨੀ ਕੰਮਕਾਜ ਬਾਰੇ ਬਹੁਤ ਕੁਝ ਪ੍ਰਗਟ ਕਰ ਸਕਦੀ ਹੈ।

ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਗਤੀ ਨਾਲ ਤੁਸੀਂ ਦੁਕਾਨਾਂ, ਸਥਾਨਕ ਪਾਰਕ, ਜਾਂ ਬੱਸ ਸਟਾਪ 'ਤੇ ਤੁਰਦੇ ਹੋ, ਉਹ ਤੁਹਾਡੇ ਹਸਪਤਾਲ ਵਿੱਚ ਦਾਖਲ ਹੋਣ, ਦਿਲ ਦਾ ਦੌਰਾ ਪੈਣ ਅਤੇ ਇੱਥੋਂ ਤੱਕ ਕਿ ਮਰਨ ਦੀ ਸੰਭਾਵਨਾ ਦਾ ਅੰਦਾਜ਼ਾ ਲਗਾ ਸਕਦੀ ਹੈ।

ਇੱਕ ਵਿਅਕਤੀ ਦੀ ਤੁਰਨ ਦੀ ਗਤੀ ਦੀ ਵਰਤੋਂ ਉਸਦੀ ਬੋਧਾਤਮਕ ਉਮਰ ਵਧਣ ਦੀ ਦਰ ਨੂੰ ਪ੍ਰਗਟ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਤੁਰਨ ਦੀ ਗਤੀ ਦਾ ਟੈਸਟ ਇੱਕ ਵਿਅਕਤੀ ਦੀ ਕਾਰਜਸ਼ੀਲ ਸਮਰੱਥਾ ਦਾ ਮੁਲਾਂਕਣ ਕਰਨ ਦਾ ਇੱਕ ਤਰੀਕਾ ਹੈ।

ਇਹ ਇਸ ਬਾਰੇ ਵੀ ਦੱਸ ਸਕਦਾ ਹੈ ਕਿ ਇੱਕ ਵਿਅਕਤੀ ਕਿੰਨਾ ਕਮਜ਼ੋਰ ਹੈ ਅਤੇ ਜੇਕਰ ਉਸ ਨੂੰ ਕੋਈ ਸਟ੍ਰੋਕ ਆ ਜਾਵੇ ਤਾਂ ਉਸ ਤੋਂ ਬਾਅਦ ਮੁੜ ਠੀਕ ਹੋਣ ਲਈ ਉਹ ਕਿੰਨੀ ਚੰਗੀ ਪ੍ਰਤੀਕਿਰਿਆ ਕਰੇਗਾ।

ਜਦਕਿ ਲੋਕਾਂ ਲਈ ਉਮਰ ਵਧਣ ਦੇ ਨਾਲ-ਨਾਲ ਹੌਲੀ-ਹੌਲੀ ਤੁਰਨਾ ਆਮ ਗੱਲ ਹੈ, ਕਿਸੇ ਦੀ ਤੁਰਨ ਦੀ ਗਤੀ ਵਿੱਚ ਅਚਾਨਕ ਕਮੀ ਕੁਝ ਗੰਭੀਰ ਹੋਣ ਦਾ ਸੰਕੇਤ ਦੇ ਸਕਦੀ ਹੈ।

ਹਾਰਵਰਡ ਮੈਡੀਕਲ ਸਕੂਲ ਵਿੱਚ ਮੈਡੀਸਨ ਦੇ ਪ੍ਰੋਫੈਸਰ ਕ੍ਰਿਸਟੀਨਾ ਡਿਏਲੀ-ਕਨਰਾਈਟ ਕੈਂਸਰ ਦੇ ਨਤੀਜਿਆਂ 'ਤੇ ਕਸਰਤ ਦੇ ਪ੍ਰਭਾਵਾਂ ਦਾ ਅਧਿਐਨ ਕਰਦੇ ਹਨ ਅਤੇ ਕਹਿੰਦੇ ਹਨ ਕਿ "ਜਦੋਂ ਕਿਸੇ ਵਿਅਕਤੀ ਦੀ ਆਮ ਤੁਰਨ ਦੀ ਗਤੀ ਹੌਲੀ ਹੋ ਜਾਂਦੀ ਹੈ, ਤਾਂ ਇਹ ਅਕਸਰ ਅੰਦਰੂਨੀ ਸਿਹਤ ਸਥਿਤੀਆਂ ਨਾਲ ਜੁੜੀ ਹੁੰਦੀ ਹੈ।''

ਉਨ੍ਹਾਂ ਮੁਤਾਬਕ, "ਵਿਅਕਤੀ ਨੂੰ ਇੱਕ ਪੁਰਾਣੀ ਬਿਮਾਰੀ ਹੋ ਸਕਦੀ ਹੈ ਜਿਸ ਕਾਰਨ ਉਹ ਜ਼ਿਆਦਾ ਹਿੱਲਣ ਦੇ ਯੋਗ ਨਹੀਂ ਰਹਿੰਦੇ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਬੈਠਕ ਵਾਲੀ ਜੀਵਨ ਸ਼ੈਲੀ ਆਪਣਾ ਲਈ ਹੋਵੇ।''

''ਇਸਦਾ ਮਤਲਬ ਹੈ ਕਿ ਉਨ੍ਹਾਂ ਨੇ ਮਾਸਪੇਸ਼ੀਆਂ ਦੀ ਤਾਕਤ ਅਤੇ ਜੋੜਾਂ ਦੀ ਗਤੀਸ਼ੀਲਤਾ ਵਿੱਚ ਗਿਰਾਵਟ ਦਾ ਅਨੁਭਵ ਕੀਤਾ ਹੈ, ਜੋ ਬਦਕਿਸਮਤੀ ਨਾਲ ਸਿਹਤ ਨੂੰ ਹੋਰ ਵਿਗੜਨ ਵੱਲ ਲੈ ਜਾਂਦਾ ਹੈ।''

ਇੱਕ ਸਧਾਰਨ ਤਕਨੀਕ

ਵਾਕਿੰਗ ਸਪੀਡ ਟੈਸਟ ਜਾਂ ਤੁਰਨ ਦੀ ਗਤੀ ਦਾ ਟੈਸਟ ਕਰਨ ਲਈ, ਤੁਹਾਨੂੰ ਸਿਰਫ਼ ਇੱਕ ਸਟੌਪਵਾਚ ਅਤੇ ਦੂਰੀ ਮਾਪਣ ਦੇ ਸਾਧਨ ਦੀ ਲੋੜ ਹੈ, ਜਿਵੇਂ ਕਿ ਇੱਕ ਮਾਪਣ ਵਾਲੀ ਟੇਪ।

ਇਸਦੇ ਦੋ ਆਮ ਤਰੀਕੇ ਹਨ:

ਜੇਕਰ ਤੁਸੀਂ ਬਾਹਰ ਹੋ ਅਤੇ ਤੁਹਾਡੇ ਕੋਲ ਕਾਫ਼ੀ ਜਗ੍ਹਾ ਹੈ, ਤਾਂ ਤੁਸੀਂ 10-ਮੀਟਰ ਵਾਲਾ ਸਪੀਡ ਵਾਕ ਟੈਸਟ ਕਰ ਸਕਦੇ ਹੋ।

ਪਹਿਲਾ ਤਰੀਕਾ- ਪਹਿਲਾਂ, 5 ਮੀਟਰ ਮਾਪੋ, ਉਸ ਤੋਂ ਬਾਅਦ ਹੋਰ 10 ਮੀਟਰ। ਸੁਝਾਅ ਦਿੱਤਾ ਜਾਂਦਾ ਹੈ ਕਿ ਆਪਣੇ ਤੁਰਨ ਦੀ ਆਮ ਗਤੀ 'ਤੇ ਪਹੁੰਚਣ ਲਈ ਤੁਸੀਂ ਪਹਿਲਾਂ 5 ਮੀਟਰ ਤੁਰੋ (ਇੰਨੇ 'ਚ ਤੁਸੀਂ ਆਪਣੀ ਗਤੀ 'ਤੇ ਆ ਜਾਵੋਗੇ), ਫਿਰ 10 ਮੀਟਰ ਲਈ ਆਪਣੀ ਆਮ ਗਤੀ ਨਾਲ ਤੁਰੋ। ਹੁਣ, ਆਪਣੀ ਤੁਰਨ ਦੀ ਗਤੀ ਦੀ ਗਣਨਾ ਕਰਨ ਲਈ, 10 ਮੀਟਰ (ਜੋ ਤੁਸੀਂ ਆਪਣੀ ਆਮ ਗਤੀ ਨਾਲ ਤੁਰੇ) ਨੂੰ ਉਸ ਦੂਰੀ 'ਤੇ ਚੱਲਣ ਵਿੱਚ ਲੱਗੇ ਸਕਿੰਟਾਂ ਦੀ ਗਿਣਤੀ ਨਾਲ ਵੰਡੋ।

ਦੂਜਾ ਤਰੀਕਾ- ਇਸ ਤੋਂ ਇਲਾਵਾ ਅਜਿਹੀਆਂ ਬਹੁਤ ਸਾਰੀਆਂ ਐਪਸ ਵੀ ਹਨ ਜੋ ਤੁਸੀਂ ਆਪਣੀ ਤੁਰਨ ਦੀ ਗਤੀ ਨੂੰ ਮਾਪਣ ਲਈ ਵਰਤ ਸਕਦੇ ਹੋ, ਜਿਸ ਵਿੱਚ ਵਾਕਮੀਟਰ, ਮੈਪਮਾਈਵਾਕ, ਸਟ੍ਰਾਵਾ ਅਤੇ ਗੂਗਲ ਫਿਟ ਵਰਗੇ ਫਿਟਨੈਸ ਟਰੈਕਰ ਸ਼ਾਮਲ ਹਨ, ਜੋ ਦੂਰੀ ਅਤੇ ਸਮੇਂ ਨੂੰ ਟਰੈਕ ਕਰਨ ਲਈ ਜੀਪੀਐਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਹ ਤੁਹਾਡੀ ਗਤੀ ਦੀ ਗਣਨਾ ਕਰ ਸਕਦੇ ਹਨ।

ਦੂਜੇ ਲੋਕਾਂ ਨਾਲ ਤੁਹਾਡੀ ਗਤੀ ਦੀ ਤੁਲਨਾ ਕਿਵੇਂ ਕੀਤੀ ਜਾਵੇ, ਇਸ ਦੇ ਲਈ ਮਹਿਲਾਵਾਂ ਅਤੇ ਪੁਰਸ਼ਾਂ ਦੀ ਔਸਤ ਤੁਰਨ ਦੀ ਗਤੀ ਨੂੰ ਦੇਖਿਆ ਜਾ ਸਕਦਾ ਹੈ। ਜਿਸ ਦੇ ਮੁਤਾਬਕ 40 ਤੋਂ 49 ਸਾਲ ਦੀ ਮਹਿਲਾ ਲਈ ਔਸਤ ਤੁਰਨ ਦੀ ਗਤੀ 1.39 ਮੀਟਰ/ਸੈਕਿੰਡ ਅਤੇ 40 ਤੋਂ 49 ਸਾਲ ਦੀ ਉਮਰ ਦੇ ਪੁਰਸ਼ ਲਈ 1.43 ਮੀਟਰ/ਸੈਕਿੰਡ ਹੈ।

50 ਤੋਂ 59 ਸਾਲ ਵਾਲਿਆਂ ਲਈ ਮਹਿਲਾ ਦੀ ਔਸਤ ਤੁਰਨ ਦੀ ਗਤੀ 1.31 ਮੀਟਰ/ਸੈਕਿੰਡ ਅਤੇ ਪੁਰਸ਼ ਦੀ ਗਤੀ 1.43 ਮੀਟਰ/ਸੈਕਿੰਡ ਹੈ।

60 ਤੋਂ 69 ਸਾਲ ਦੀ ਉਮਰ ਦੇ ਲੋਕਾਂ ਲਈ, ਪੁਰਸ਼ ਲਈ ਔਸਤ ਤੁਰਨ ਦੀ ਗਤੀ 1.24 ਮੀਟਰ/ਸੈਕਿੰਡ ਅਤੇ ਪੁਰਸ਼ ਲਈ 1.43 ਮੀਟਰ/ਸੈਕਿੰਡ ਤੱਕ ਘਟ ਜਾਂਦੀ ਹੈ।

70 ਤੋਂ 79 ਸਾਲ ਦੀ ਉਮਰ ਦੇ ਲੋਕਾਂ ਲਈ, ਇੱਕ ਮਹਿਲਾ ਲਈ ਔਸਤ ਤੁਰਨ ਦੀ ਗਤੀ 1.13 ਮੀਟਰ/ਸੈਕਿੰਡ ਅਤੇ ਇੱਕ ਪੁਰਸ਼ ਲਈ 1.26 ਮੀਟਰ/ਸੈਕਿੰਡ ਹੈ।

ਅੰਤ ਵਿੱਚ, 80 ਤੋਂ 89 ਸਾਲ ਦੀ ਉਮਰ ਦੇ ਲੋਕਾਂ ਲਈ, ਇੱਕ ਪੁਰਸ਼ ਲਈ ਤੁਰਨ ਦੀ ਗਤੀ ਲਗਭਗ 0.94 ਮੀਟਰ/ਸੈਕਿੰਡ ਅਤੇ ਇੱਕ ਪੁਰਸ਼ ਲਈ 0.97 ਮੀਟਰ/ਸੈਕਿੰਡ ਹੈ।

ਤੁਰਨ ਦੀ ਗਤੀ ਅਤੇ ਦਿਮਾਗੀ ਉਮਰ

ਅਧਿਐਨਾਂ ਵਿੱਚ ਦੇਖਿਆ ਗਿਆ ਹੈ ਕਿ ਤੁਰਨ ਦੀ ਗਤੀ ਬਜ਼ੁਰਗਾਂ ਦੇ ਜੀਵਨ ਦੀ ਅਵਧੀ ਬਾਰੇ ਜਾਣਕਾਰੀ ਦੇ ਸਕਦੀ ਹੈ।

ਮਿਸਾਲ ਵਜੋਂ, ਪਿਟਸਬਰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨੌਂ ਅਧਿਐਨਾਂ ਦੇ ਨਤੀਜਿਆਂ ਨੂੰ ਇਕੱਠਾ ਕੀਤਾ, ਜਿਨ੍ਹਾਂ ਵਿੱਚ ਸਮੂਹਿਕ ਤੌਰ 'ਤੇ 34,000 ਤੋਂ ਵੱਧ ਭਾਈਚਾਰਿਆਂ 'ਚ ਰਹਿਣ ਵਾਲੇ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੋੜਿਆ ਗਿਆ।

ਅਧਿਐਨ ਨੇ ਦਿਖਾਇਆ ਕਿ ਤੁਰਨ ਦੀ ਗਤੀ ਜੀਵਨ ਦੀ ਸੰਭਾਵਨਾ (ਵਿਅਕਤੀ ਕਦੋਂ ਤੱਕ ਜ਼ਿੰਦਾ ਰਹੇਗਾ) ਨਾਲ ਮਹੱਤਵਪੂਰਨ ਤੌਰ 'ਤੇ ਜੁੜੀ ਹੋਈ ਸੀ।

ਉਦਾਹਰਨ ਲਈ, 75 ਸਾਲ ਦੀ ਉਮਰ ਵਿੱਚ ਸਭ ਤੋਂ ਹੌਲੀ ਤੁਰਨ ਦੀ ਗਤੀ ਵਾਲੇ ਮਰਦਾਂ ਵਿੱਚ 10 ਸਾਲ ਜੀਉਣ ਦੀ ਸੰਭਾਵਨਾ 19 ਫੀਸਦੀ ਸੀ, ਜਦਕਿ ਸਭ ਤੋਂ ਤੇਜ਼ ਤੁਰਨ ਵਾਲੇ ਵਾਲੇ ਮਰਦਾਂ ਵਿੱਚ ਬਚਣ ਦੀ ਸੰਭਾਵਨਾ 87 ਫੀਸਦੀ ਸੀ।

ਇੱਕ ਸਪਸ਼ਟੀਕਰਨ ਇਹ ਹੈ ਕਿ ਜੋ ਲੋਕ ਪਹਿਲਾਂ ਹੀ ਬਿਮਾਰ ਹਨ, ਉਹ ਘੱਟ ਤੁਰਦੇ-ਫਿਰਦੇ ਹਨ।

ਹਾਲਾਂਕਿ, ਫਰਾਂਸ ਵਿੱਚ 2009 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ 65 ਸਾਲ ਤੋਂ ਵੱਧ ਉਮਰ ਦੇ ਉਹ ਸਿਹਤਮੰਦ ਬਜ਼ੁਰਗ ਜੋ ਹੌਲੀ-ਹੌਲੀ ਤੁਰਦੇ ਸਨ, ਉਨ੍ਹਾਂ ਦੇ ਦਿਲ ਦੀ ਬਿਮਾਰੀ ਤੋਂ ਮਰਨ ਦੀ ਸੰਭਾਵਨਾ ਲਗਭਗ ਤਿੰਨ ਗੁਣਾ ਜ਼ਿਆਦਾ ਸੀ, ਬਜਾਏ ਕਿ ਉਨ੍ਹਾਂ ਲੋਕਾਂ ਦੇ ਜੋ ਤੇਜ਼ ਤੁਰਦੇ ਸਨ।

ਉੱਤਰੀ ਕੈਰੋਲੀਨਾ ਵਿੱਚ ਡਿਊਕ ਯੂਨੀਵਰਸਿਟੀ ਦੇ ਮਨੋਵਿਗਿਆਨ ਅਤੇ ਨਿਊਰੋਸਾਇੰਸ ਵਿਭਾਗ ਵਿੱਚ ਇੱਕ ਸੀਨੀਅਰ ਖੋਜਕਰਤਾ ਲਾਈਨ ਰਾਸਮੁਸੇਨ ਕਹਿੰਦੇ ਹਨ, "ਤੁਰਨਾ ਬਹੁਤ ਸੌਖਾ ਜਾਪਦਾ ਹੈ: ਸਾਡੇ ਵਿੱਚੋਂ ਜ਼ਿਆਦਾਤਰ ਇਸ ਬਾਰੇ ਸੋਚਦੇ ਨਹੀਂ, ਅਸੀਂ ਸਿਰਫ਼ ਇਹ ਕਰਦੇ ਹਾਂ।''

ਉਹ ਅੱਗੇ ਕਹਿੰਦੇ ਹਨ ਕਿ "ਪਰ ਤੁਰਨਾ ਅਸਲ ਵਿੱਚ ਕਈ ਵੱਖ-ਵੱਖ ਸਰੀਰਕ ਪ੍ਰਣਾਲੀਆਂ 'ਤੇ ਨਿਰਭਰ ਕਰਦਾ ਹੈ ਜੋ ਇਕੱਠੇ ਕੰਮ ਕਰਦਿਆਂ ਹਨ: ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਤੁਹਾਨੂੰ ਲੈ ਕੇ ਚੱਲਦੀਆਂ (ਭਾਵ ਤੁਹਾਡੇ ਸਰੀਰ ਨੂੰ ਢਾਂਚਾ ਪ੍ਰਧਾਨ ਕਰਦੀਆਂ ਹਨ) ਅਤੇ ਹਿਲਾਉਂਦੀਆਂ ਹਨ, ਤੁਹਾਡੀਆਂ ਅੱਖਾਂ ਤੁਹਾਨੂੰ ਇਹ ਦੇਖਣ ਵਿੱਚ ਮਦਦ ਕਰਦੀਆਂ ਹਨ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤੁਹਾਡਾ ਦਿਲ ਅਤੇ ਫੇਫੜੇ ਖੂਨ ਅਤੇ ਆਕਸੀਜਨ ਦਾ ਸੰਚਾਰ ਕਰਦੇ ਹਨ, ਅਤੇ ਤੁਹਾਡਾ ਦਿਮਾਗ ਅਤੇ ਨਸਾਂ ਇਸ ਸਭ ਦਾ ਤਾਲਮੇਲ ਬਿਠਾਉਂਦੇ ਹਨ।''

ਰਾਸਮੁਸੇਨ ਦੇ ਅਨੁਸਾਰ, ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਇਨ੍ਹਾਂ ਪ੍ਰਣਾਲੀਆਂ ਦਾ ਕੰਮ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ ਤੁਰਨ ਦੀ ਗਤੀ ਇਸ ਸਮੁੱਚੀ ਗਿਰਾਵਟ ਨੂੰ ਦਰਸਾ ਸਕਦੀ ਹੈ ਅਤੇ ਵਧਦੀ ਉਮਰ ਦਾ ਸੰਕੇਤ ਹੋ ਸਕਦੀ ਹੈ।

ਇਹ ਸਿਰਫ਼ ਵੱਡੀ ਉਮਰ ਦੇ ਲੋਕਾਂ 'ਤੇ ਲਾਗੂ ਨਹੀਂ ਹੁੰਦਾ। ਸਾਲ 2019 ਦੇ ਇੱਕ ਅਧਿਐਨ ਵਿੱਚ, ਰਾਸਮੁਸੇਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ ਕਿ 45 ਸਾਲ ਦੀ ਉਮਰ ਵਿੱਚ ਵੀ ਇੱਕ ਵਿਅਕਤੀ ਦੀ ਤੁਰਨ ਦੀ ਗਤੀ ਉਸ ਦਰ ਦਾ ਅੰਦਾਜ਼ਾ ਲਗਾ ਸਕਦੀ ਹੈ ਜਿਸ ਨਾਲ ਉਨ੍ਹਾਂ ਦਾ ਦਿਮਾਗ ਅਤੇ ਸਰੀਰ ਬੁੱਢਾ ਹੋ ਰਿਹਾ ਹੁੰਦਾ ਹੈ।

ਤੁਰਨ ਦਾ ਸਿਹਤ ਨਾਲ ਸਬੰਧ

ਰਾਸਮੁਸੇਨ ਅਤੇ ਡਿਊਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ 45 ਸਾਲ ਦੇ 904 ਬਜ਼ੁਰਗਾਂ ਦਾ ਸਰਵੇਖਣ ਕੀਤਾ, ਜਿਨ੍ਹਾਂ ਨੇ ਡੁਨੇਡਿਨ ਮਲਟੀਡਿਸਿਪਲਨਰੀ ਸਟੱਡੀ ਆਫ਼ ਹੈਲਥ ਐਂਡ ਡਿਵੈਲਪਮੈਂਟ ਵਿੱਚ ਹਿੱਸਾ ਲਿਆ। ਇਹ ਇੱਕ ਲੰਮਾ ਖੋਜ ਪ੍ਰੋਜੈਕਟ ਹੈ ਜੋ 1972 ਅਤੇ 1973 ਦੇ ਵਿਚਕਾਰ ਨਿਊਜ਼ੀਲੈਂਡ ਦੇ ਡੁਨੇਡਿਨ ਵਿੱਚ ਪੈਦਾ ਹੋਏ 1,000 ਤੋਂ ਵੱਧ ਲੋਕਾਂ ਦੇ ਜੀਵਨ ਨੂੰ ਫਾਲੋ ਕਰ ਰਹੇ ਹਨ।

ਅਧਿਐਨ ਵਿੱਚ ਸ਼ਾਮਲ ਵਿਅਕਤੀਆਂ ਦਾ, ਉਨ੍ਹਾਂ ਦੇ ਜੀਵਨ ਦੌਰਾਨ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਿਹਤ ਅਤੇ ਬੋਧਾਤਮਕ ਕਾਰਜਾਂ ਦਾ ਮੁਲਾਂਕਣ ਕੀਤਾ ਗਿਆ ਹੈ।

ਰਾਸਮੁਸੇਨ ਕਹਿੰਦੇ ਹਨ, "ਮੈਂ ਹੈਰਾਨ ਸੀ ਕਿ ਇੱਕੋ ਉਮਰ ਦੇ ਲੋਕਾਂ ਵਿੱਚ ਤੁਰਨ ਦੀ ਗਤੀ ਵਿੱਚ ਕਿੰਨਾ ਫਰਕ ਸੀ।"

ਉਨ੍ਹਾਂ ਕਿਹਾ, "ਤੁਸੀਂ ਇਹੀ ਉਮੀਦ ਕਰਦੇ ਹੋ ਕਿ 45 ਸਾਲ ਦੀ ਉਮਰ ਵਿੱਚ ਹਰ ਕੋਈ ਲਗਭਗ ਵਿਚਕਾਰਲੀ ਸਥਿਤੀ 'ਚ ਹੋਵੇਗਾ, ਪਰ ਕੁਝ ਸਿਹਤਮੰਦ ਲੋਕ ਤਾਂ 20 ਸਾਲ ਦੇ ਬੱਚਿਆਂ ਵਾਂਗ ਤੇਜ਼ੀ ਨਾਲ ਤੁਰਦੇ ਸਨ, ਜਦਕਿ ਦੂਸਰੇ ਬਹੁਤ ਸਾਰੇ ਲੋਕ ਅਜਿਹੇ ਸਨ ਜੋ ਬਜ਼ੁਰਗਾਂ ਵਾਂਗ ਹੌਲੀ-ਹੌਲੀ ਤੁਰਦੇ ਸਨ।''

ਇਸ ਅਧਿਐਨ ਵਿੱਚ ਪਾਇਆ ਗਿਆ ਕਿ ਹੌਲੀ ਤੁਰਨ ਦੀ ਗਤੀ ਵਾਲੇ 45 ਸਾਲ ਦੇ ਬਜ਼ੁਰਗਾਂ ਨੇ "ਤੇਜ਼ ਬੁਢਾਪੇ" ਦੇ ਸੰਕੇਤ ਦਿਖਾਏ, ਉਨ੍ਹਾਂ ਦੇ ਫੇਫੜੇ, ਦੰਦ ਅਤੇ ਇਮਿਊਨ ਸਿਸਟਮ ਤੇਜ਼ ਤੁਰਨ ਵਾਲਿਆਂ ਦੇ ਮੁਕਾਬਲੇ ਮਾੜੀ ਸਥਿਤੀ ਵਿੱਚ ਸਨ।

ਉਨ੍ਹਾਂ ਨੂੰ ਅਜਿਹੀਆਂ ਦਿੱਕਤਾਂ ਵੀ ਸਨ ਜੋ ਬੁਢਾਪੇ ਦੀ ਤੇਜ਼ ਦਰ ਨਾਲ ਜੁੜੀਆਂ ਹੋਈਆਂ ਸਨ, ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਉੱਚ ਕੋਲੇਸਟ੍ਰੋਲ, ਅਤੇ ਘੱਟ ਕਾਰਡੀਓਰੇਸਪੀਰੇਟਰੀ ਫਿਟਨੈਸ (ਭਾਵ ਦਿਲ, ਫੇਫੜੇ ਅਤੇ ਨਾੜੀਆਂ ਦੀ ਸਿਹਤ)।

ਅਧਿਐਨ ਦੌਰਾਨ ਮਾਹਿਰਾਂ ਨੇ ਪਾਇਆ ਕਿ ਹੌਲੀ ਤੁਰਨ ਵਾਲਿਆਂ ਵਿੱਚ ਮਾੜੀ ਸਰੀਰਕ ਸਿਹਤ ਦੇ ਹੋਰ ਸੰਕੇਤ ਵੀ ਸਨ, ਜਿਵੇਂ ਕਿ ਹੱਥਾਂ ਦੀ ਪਕੜ ਦੀ ਤਾਕਤ ਵਿੱਚ ਕਮੀ ਅਤੇ ਕੁਰਸੀ ਤੋਂ ਉੱਠਣ ਵਿੱਚ ਜ਼ਿਆਦਾ ਮੁਸ਼ਕਲ।

ਰਾਸਮੁਸੇਨ ਕਹਿੰਦੇ ਹਨ, "ਮੈਨੂੰ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ 45 ਸਾਲ ਦੀ ਉਮਰ ਵਿੱਚ ਲੋਕਾਂ ਦੀ ਤੁਰਨ ਦੀ ਗਤੀ ਅਤੇ ਬਚਪਨ ਤੋਂ ਉਨ੍ਹਾਂ ਦੀਆਂ ਬੋਧਾਤਮਕ ਯੋਗਤਾਵਾਂ ਵਿਚਕਾਰ ਇੱਕ ਸਬੰਧ ਸੀ।"

"ਇਹ ਸੁਝਾਅ ਦਿੰਦਾ ਹੈ ਕਿ ਤੁਰਨ ਦੀ ਗਤੀ ਸਿਰਫ ਬੁਢਾਪੇ ਦੀ ਨਿਸ਼ਾਨੀ ਨਹੀਂ ਹੈ, ਸਗੋਂ ਜੀਵਨ ਭਰ ਦਿਮਾਗ ਦੀ ਸਿਹਤ ਬਾਰੇ ਝਾਤ ਮਾਰਨ ਦਾ ਰਸਤਾ ਵੀ ਹੈ।"

ਉਹ ਪਾਠਕ ਜੋ ਆਪਣੇ ਆਪ ਨੂੰ ਹੌਲੀ ਤੁਰਨ ਵਾਲਿਆਂ ਵਜੋਂ ਸ਼੍ਰੇਣੀਬੱਧ ਕਰਦੇ ਹਨ, ਉਨ੍ਹਾਂ ਨੂੰ ਬਹੁਤ ਜ਼ਿਆਦਾ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਸਾਡੀ ਤੁਰਨ ਦੀ ਗਤੀ ਨੂੰ ਬਿਹਤਰ ਬਣਾਉਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ।

ਡਿਏਲੀ-ਕਨਰਾਈਟ, ਕੈਂਸਰ ਦੇ ਮਰੀਜ਼ਾਂ ਦੀ ਮਦਦ ਕਰਨ ਲਈ ਖੋਜ ਕਰ ਰਹੇ ਹਨ ਅਤੇ ਇਸ ਖੋਜ ਦੇ ਹਿੱਸੇ ਵਜੋਂ ਉਹ ਕਸਰਤ ਦੇ ਨਿਯਮ ਵਿਕਸਤ ਕਰ ਰਹੇ ਹਨ ਤਾਂ ਜੋ ਕੀਮੋਥੈਰੇਪੀ ਤੋਂ ਠੀਕ ਹੋ ਰਹੇ ਲੋਕਾਂ ਨੂੰ ਆਪਣੀ ਤਾਕਤ ਮੁੜ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕੇ।

ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਹਰ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਆਪਣੇ ਤੁਰਨ ਦੀ ਮਿਆਦ ਅਤੇ ਤੀਬਰਤਾ ਨੂੰ ਵਧਾਉਣ। ਕੁਝ ਸਧਾਰਨ ਚੀਜ਼ਾਂ ਵੀ ਹਨ ਜੋ ਲੋਕ ਕਰ ਸਕਦੇ ਹਨ।

ਡਿਏਲੀ-ਕਨਰਾਈਟ ਕਹਿੰਦੇ ਹਨ, "ਨਿਯਮਿਤ ਤੌਰ 'ਤੇ ਤੁਰਨ ਦੇ ਹਰ ਮੌਕੇ ਦਾ ਫਾਇਦਾ ਉਠਾਓ, ਕਿਉਂਕਿ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿਣਾ ਬਹੁਤ ਮਹੱਤਵਪੂਰਨ ਹੈ।"

ਉਨ੍ਹਾਂ ਦੇ ਸੁਝਾਵਾਂ ਵਿੱਚ - ਘਰ ਤੋਂ ਦੂਰ ਵਾਹਨ ਪਾਰਕ ਕਰਨਾ, ਦੋਸਤਾਂ ਨੂੰ ਮਿਲਣ ਲਈ ਜਾਂ ਉਨ੍ਹਾਂ ਨਾਲ ਸੈਰ 'ਤੇ ਜਾਣਾ, ਜਾਂ ਆਪਣੇ ਪਾਲਤੂ ਜਾਨਵਰ ਨੂੰ ਸਥਾਨਕ ਪਾਰਕ ਵਿੱਚ ਲੈ ਜਾਣਾ ਸ਼ਾਮਲ ਹੈ।

ਉਹ ਕਹਿੰਦੇ ਹਨ, "ਸੈਰ ਕਰਨ ਲਈ ਸਮਾਂ ਕੱਢਣਾ ਜਾਂ ਬ੍ਰੇਕ ਲੈਣਾ ਮਹੱਤਵਪੂਰਨ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਜ਼ਿਆਦਾਤਰ ਬੈਠਣ ਵਾਲੀਆਂ ਨੌਕਰੀਆਂ ਕਰਦੇ ਹਨ।''

ਭਾਵੇਂ ਇਹ ਪੰਜ ਮਿੰਟ ਦਾ ਬਾਥਰੂਮ ਬ੍ਰੇਕ ਹੋਵੇ ਜਾਂ ਆਲੇ-ਦੁਆਲੇ ਪੰਜ ਮਿੰਟ ਦੀ ਤੇਜ਼ ਸੈਰ ਹੋਵੇ, ਬੈਠੇ ਰਹਿਣ ਦੇ ਉਸ ਸਿਲਸਿਲੇ ਨੂੰ ਤੋੜਨਾ ਬਹੁਤ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)