‘ਜਦੋਂ ਮੈਂ ਕਹਿੰਦੀ ਹਾਂ ਕਿ ਮੈਂ ਦੇਹ ਵਪਾਰ ਕਰਨ ਵਾਲੀ ਦੀ ਧੀ ਹਾਂ’..ਉਹ ਰੈੱਡ ਲਾਈਟ ਏਰੀਆ ਜੋ ਹੁਣ ਸੁਰਖ਼ੀਆਂ ਵਿੱਚ ਆਇਆ

ਜੁਗਨੂ

ਤਸਵੀਰ ਸਰੋਤ, SEETU TIWARI/BBC

    • ਲੇਖਕ, ਸੀਟੂ ਤਿਵਾਰੀ
    • ਰੋਲ, ਮੁਜ਼ਫ਼ੱਰਪੁਰ ਤੋਂ ਬੀਬੀਸੀ ਲਈ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਚਤੁਰਭੁਜ ਥਾਂ ਨੂੰ ਬਿਹਾਰ ਦਾ ਸਭ ਤੋਂ ਇਤਿਹਾਸਿਕ ਰੈੱਡ ਲਾਈਟ ਏਰੀਆ ਮੰਨਿਆ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਕਦੇ ਇਸ ਖ਼ੇਤਰ ਦੇ ਵੱਡੇ ਲੋਕ ਆਪਣੇ ਬੱਚਿਆਂ ਨੂੰ ਤਹਿਜ਼ੀਬ ਅਤੇ ਕਲਾ ਦੀਆਂ ਬਾਰੀਕੀਆਂ ਸਿੱਖਣ ਲਈ ਚਤੁਰਭੁਜ ਭੇਜਦੇ ਸਨ।

ਸਮੇਂ ਦੇ ਨਾਲ ਇਹ ਥਾਂ ਅਤੇ ਇੱਥੋਂ ਦੀਆਂ ਗਲੀਆਂ ਰੈੱਡ ਲਾਈਟ ਸ਼ਬਦ ਦੇ ਹਨੇਰੇ ਵਿੱਚ ਡੁੱਬਦੀਆਂ ਚਲੀਆਂ ਗਈਆਂ।

ਪਰ ਹੁਣ ਇਨ੍ਹਾਂ ਹਨੇਰ ਭਰੀਆਂ ਗਲੀਆਂ ਵਿੱਚੋਂ ਰੌਸ਼ਨੀ ਦੀ ਇੱਕ ਨਵੀਂ ਕਿਰਨ ਉੱਭਰਦੀਆਂ ਦਿਖ ਰਹੀਆਂ ਹਨ।

ਇਹ ਚਤੁਰਭੁਜ ਵਿੱਚ ਰਹਿਣ ਵਾਲੀ ਸੈਕਸ ਵਰਕਰਾਂ ਦੇ ਬੱਚਿਆਂ ਵੱਲੋਂ ਚਲਾਈ ਜਾਣ ਵਾਲੀ ਮੈਗਜ਼ੀਨ ਜੁਗਨੂ ਦੀ ਕਹਾਣੀ ਹੈ। ਇਸ ਦਾ ਮਕਸਦ ਸੈਕਸ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਫ਼ੈਲੇ ਵਹਿਮਾਂ-ਭਰਮਾਂ ਨੂੰ ਤੋੜਨਾ ਹੈ।

ਜਿਵੇਂ ਜਿਵੇਂ ਤੁਸੀਂ ਇਸ ਮੈਗਜ਼ੀਨ ਦੇ ਸਫ਼ੇ ਪਲਟਦੇ ਹੋ, ਜ਼ਿਹਨ ਵਿੱਚ ਇਹ ਗੱਲ ਹੋਰ ਡੂੰਘਾਈ ਤੱਕ ਜਾਂਦੀ ਹੈ ਕਿ ਇਹ ਪੱਛੜੇ ਪਏ ਰੈੱਡ ਲਾਈਟ ਏਰੀਆ ਦੇ ਸਮਾਜ ਦਾ ਇੱਕ ਜ਼ਰੂਰੀ ਦਸਤਾਵੇਜ਼ ਹੈ।

ਜੁਗਨੂ ਮੈਗਜ਼ੀਨ ਨਾਲ ਜੁੜੀ ਅਤੇ 10ਵੀਂ ਵਿੱਚ ਪੜ੍ਹਨ ਵਾਲੀ ਨੰਦਿਨੀ ਕਹਿੰਦੇ ਹਨ, ‘‘ਜੁਗਨੂ ਸਾਡਾ ਪਛਾਣ ਪੱਤਰ ਹੈ।’’

ਲਾਈਨ

ਜੁਗਨੂ ਬਾਰੇ ਮੁੱਖ ਗੱਲਾਂ

  • ਚਤੁਰਭੁਜ ਨੂੰ ਬਿਹਾਰ ਦਾ ਸਭ ਤੋਂ ਇਤਿਹਾਸਿਕ ਰੈੱਡ ਲਾਈਟ ਏਰੀਆ ਮੰਨਿਆ ਜਾਂਦਾ ਹੈ
  • ਇਹ ਸੈਕਸ ਵਰਕਰਾਂ ਦੇ ਬੱਚਿਆਂ ਵੱਲੋਂ ਚਲਾਈ ਜਾਣ ਵਾਲੀ ਮੈਗਜ਼ੀਨ ਜੁਗਨੂ ਦੀ ਕਹਾਣੀ ਹੈ
  • ਜੁਗਨੂ ਮੈਗਜ਼ੀਨ ਹੁਣ ਇੱਥੋਂ ਦੇ ਲੋਕਾਂ ਲਈ ‘ਪਛਾਣ ਪੱਤਰ’ ਹੈ
  • 2004 ਵਿੱਚ ਇਸ ਮੈਗਜ਼ੀਨ ਦੀ ਸ਼ੁਰੂਆਤ ਹੋਈ ਤੇ ਇੱਥੇ 600 ਪਰਿਵਾਰ ਰਹਿੰਦੇ ਹਨ
  • ਇਸ ਮੈਗਜ਼ੀਨ ਨੂੰ ਛਾਪਣ ਦਾ ਸਕਸਦ ਲੋਕਾਂ ਦਾ ਨਜ਼ਰੀਆ ਬਦਲਣਾ ਹੈ
  • ਜੁਗਨੂ ਦਾ ਪਹਿਲਾ ਐਡੀਸ਼ਨ ਸਿਰਫ਼ ਚਾਰ ਸਫ਼ਿਆਂ ਦਾ ਸੀ ਤੇ ਹੁਣ ਇਸ ਦੇ 36 ਸਫ਼ੇ ਹਨ
  • 2012 ਵਿੱਚ ਬੰਦ ਹੋਏ ਇਸ ਮੈਗਜ਼ੀਨ ਦੀ ਮੁੜ ਸ਼ੁਰੂਆਤ 2021 ਵਿੱਚ ਹੋਈ
  • ਇਸ ਮੈਗਜ਼ੀਨ ਨੂੰ ਚਲਾਉਣ ਵਾਲੇ ਸੈਕਸ ਵਰਕਰਾਂ ਦੇ ਬੱਚਿਆਂ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣਾ ਹੈ
  • ਹੁਣ ਜੁਗਨੂ ਸਿਰਫ਼ ਇੱਕ ਮੈਗਜ਼ੀਨ ਹੀ ਨਹੀਂ ਸਗੋਂ ਗਾਰਮੈਂਟਸ ਦੇ ਕੰਮ ਵਿੱਚ ਵੀ ਸਰਗਰਮ ਹੈ
ਲਾਈਨ

ਜੁਗਨੂ ਦਾ ਸਫ਼ਰ

ਜੁਗਨੂ

ਤਸਵੀਰ ਸਰੋਤ, SEETU TIWARI/BBC

ਇਸ ਮੈਗਜ਼ੀਨ ਦੀ ਸ਼ੁਰੂਆਤ ਸਾਲ 2004 ਦੇ ਜੁਲਾਈ ਮਹੀਨੇ ਵਿੱਚ ਚਤੁਰਭੁਜ ਤੋਂ ਹੋਈ ਸੀ ਜਿੱਥੇ ਤਕਰੀਬਨ 600 ਪਰਿਵਾਰ ਰਹਿੰਦੇ ਹਨ।

ਚਤੁਰਭੁਜ ਵਿੱਚ ਸਾਲ 2002 ’ਚ ਸੈਕਸ ਵਰਕਰਾਂ ਦੇ ਬੱਚਿਆਂ ਦੇ ‘ਪਰਚਮ’ ਨਾਮ ਦੇ ਸੰਗਠਨ ਦੀ ਸ਼ੁਰੂਆਤ ਨਸੀਮਾ ਖ਼ਾਤੂਨ ਨਾਮ ਦੀ ਇੱਕ ਨੌਜਵਾਨ ਕੁੜੀ ਨੇ ਕੀਤੀ ਸੀ।

ਉਹ ਖ਼ੁਦ ਵੀ ਇੱਕ ਸੈਕਸ ਵਰਕਰ ਦੀ ਧੀ ਹਨ।

ਮੌਜੂਦਾ ਸਮੇਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਐਡਵਾਇਜ਼ਰੀ ਬੋਰਡ ਦੀ ਮੈਂਬਰ ਨਸੀਮਾ ਦੱਸਦੇ ਹਨ, ‘‘ਪਰਚਮ ਸਿੱਖਿਆ, ਸਿਹਤ ਅਤੇ ਨੁੱਕੜ ਨਾਟਕਾਂ ਉੱਤੇ ਕੰਮ ਕਰ ਰਿਹਾ ਸੀ। ਪਰ ਅਸੀਂ ਮਹਿਸੂਸ ਕੀਤਾ ਕਿ ਸਾਡੇ ਲੋਕ ਮੀਡੀਆ ਤੋਂ ਖ਼ੌਫ਼ ਖਾਂਦੇ ਸਨ। ਪੱਤਰਕਾਰ ਅਕਸਰ ਸਾਨੂੰ ਠੀਕ ਤਰੀਕੇ ਨਾਲ ਪਰਿਭਾਸ਼ਿਤ ਨਹੀਂ ਕਰ ਪਾਉਂਦੇ ਸਨ।’’

‘‘ਜਿਵੇਂ ਮੈਂ ਦੇਹ ਵਪਾਰ ਕਰਨ ਵਾਲੇ ਦੀ ਧੀ ਹਾਂ, ਤਾਂ ਨਿਊਜ਼ ਰਿਪੋਰਟ ਵਿੱਚ ਧੀ ਸ਼ਬਦ ਖ਼ਤਮ ਹੋ ਜਾਂਦਾ ਸੀ ਅਤੇ ਮੈਂ ਦੇਹ ਵਪਾਰ ਕਰਨ ਵਾਲੀ ਬਣ ਜਾਂਦੀ ਸੀ। ਅਸੀਂ ਤੈਅ ਕੀਤਾ ਕਿ ਸ਼ੁੱਧ-ਅਸ਼ੁੱਧ, ਸਹੀ-ਗ਼ਲਤ ਜੋ ਲਿਖਾਂਗੇ ਪਰ ਖ਼ੁਦ ਦੀ ਮੈਗਜ਼ੀਨ ਕੱਢਾਂਗੇ।’’

ਲਾਈਨ

ਇਹ ਵੀ ਪੜ੍ਹੋ:

ਲਾਈਨ

4 ਤੋਂ 36 ਸਫ਼ੇ ਹੋਏ

ਜੁਗਨੂ ਦਾ ਪਹਿਲਾ ਐਡੀਸ਼ਨ ਸਿਰਫ਼ ਚਾਰ ਸਫ਼ਿਆਂ ਦਾ ਸੀ। ਇਨ੍ਹਾਂ ਚਾਰ ਸਫ਼ਿਆਂ ਵਿੱਚ ਚਤੁਰਭੁਜ ਥਾਂ ਦੇ ਬੱਚਿਆਂ ਦੇ ਸੁਪਨੇ ਸਨ ਜੋ ਉਨ੍ਹਾਂ ਨੇ ਸ਼ਬਦਾਂ ਵਿੱਚ ਪਿਰੋਏ ਸਨ।

ਫੋਟੋ ਸਟੇਟ ਕਰਵਾ ਕੇ ਵੰਡੀਆਂ ਗਈਆਂ ਉਨ੍ਹਾਂ ਕਾਪੀਆਂ ਨੂੰ 5 ਰੁਪਏ ਦੀ ਮਦਦ ਰਾਸ਼ੀ ਰੱਖ ਕੇ ਇੱਕ ਮੈਗਜ਼ੀਨ ਦੀ ਸ਼ਕਲ ਦਿੱਤੀ ਗਈ।

ਬਾਅਦ ਵਿੱਚ ਸਥਾਨਕ ਪੱਤਰਕਾਰਾਂ ਖ਼ਾਸ ਤੌਰ ਉੱਤੇ ਸ਼ਿਵਸ਼ੰਕਰ ਪ੍ਰਸਾਦ ਨੇ ਜੁਗਨੂ ਨਾਲ ਜੁੜੇ ਬੱਚਿਆਂ ਨੂੰ ਪੱਤਰਕਾਰੀ ਦੇ ਮੁੱਢਲੇ ਗੁਰ ਸਮਝਾਏ। ਤਬਲਾ, ਸਾਰੰਗੀ, ਮੁਜਰਾ ਦੀਆਂ ਸੰਕੇਤਕ ਤਸਵੀਰਾਂ ਲਗਾ ਕੇ ਮੈਗਜ਼ੀਨ ਦਾ ਕਵਰ ਪੇਜ ਡਿਜ਼ਾਈਨ ਕੀਤਾ ਗਿਆ। ਨਾਲ ਹੀ ਕੰਟੈਂਟ ਦਾ ਵੀ ਵਿਸਥਾਰ ਕੀਤਾ ਗਿਆ।

ਬੱਚਿਆਂ ਦੇ ਤਜਰਬੇ, ਉਨ੍ਹਾਂ ਦੀ ਬਣਾਈ ਪੇਂਟਿੰਗ, ਕਾਨੂੰਨੀ ਅਧਿਕਾਰ, ਦੇਹ ਵਪਾਰ ਨਾਲ ਜੁੜੇ ਕਾਨੂੰਨ, ਅਖ਼ਬਾਰਾਂ ਦੀਆਂ ਕਟਿੰਗਾਂ, ਰੈੱਡ ਲਾਈਟ ਏਰੀਆ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਵਿਵਰਣ, ਜਵਾਬ ਦੋ (ਪਾਠਕਾਂ ਦੀ ਪ੍ਰਤਿਕਿਰਿਆ) ਮੈਗਜ਼ੀਨ ਵਿੱਚ ਸ਼ਾਮਲ ਹੋਣ ਲੱਗਿਆ। ਜਿਸ ਦੇ ਨਤੀਜੇ ਵਿੱਚ ਸਾਲ 2007 ਵਿੱਚ ਮੈਗਜ਼ੀਨ 32 ਸਫ਼ਿਆਂ ਦੀ ਹੋ ਗਈ।

2012 ਵਿੱਚ ਬੰਦ, 2021 ’ਚ ਮੁੜ ਸ਼ੁਰੂ

ਜੁਗਨੂ

ਤਸਵੀਰ ਸਰੋਤ, SEETU TIWARI/BBC

ਪਰ ਬਗ਼ੈਰ ਕਿਸੇ ਸੰਗਠਿਤ ਆਰਥਿਕ ਮਦਦ ਦੇ ਚੱਲ ਰਹੀ ਜੁਗਨੂ ਮੈਗਜ਼ੀਨ ਆਰਥਿਕ ਅਤੇ ਹੋਰ ਕਾਰਨਾਂ ਕਰਕੇ 2012 ਵਿੱਚ ਬੰਦ ਹੋ ਗਈ। ਪਰਿਵਾਰਕ ਕਾਰਨਾਂ ਕਰਕੇ ਨਸੀਮਾ ਰਾਜਸਥਾਨ ਚਲੇ ਗਏ।

ਪਰ 2021 ਦੀ ਸ਼ੁਰੂਆਤ ਵਿੱਚ ਉਹ ਆਪਣੀ ਬਿਮਾਰ ਦਾਦੀ ਨੂੰ ਦੇਖਣ ਲਈ ਜਦੋਂ ਘਰੋਂ ਵਾਪਸ ਆਏ ਤਾਂ ਮੈਗਜ਼ੀਨ ਨੂੰ ਫ਼ਿਰ ਤੋਂ ਸ਼ੁਰੂ ਕੀਤਾ ਗਿਆ।

ਮੈਗਜ਼ੀਨ ਪਬਲਿਕੇਸ਼ਨ ਦੇਖ ਰਹੇ ਨਸੀਮਾ ਦੱਸਦੇ ਹਨ, ‘‘ਹੁਣ ਬਿਹਾਰ ਤੋਂ ਇਲਾਵਾ ਰਾਜਸਥਾਨ ਦੇ ਬਾੜਮੇਰ ਦੇ ਕਾਲਬੇਲਿਯਾ, ਮੱਧ ਪ੍ਰਦੇਸ਼ ਦੇ ਨੀਮਚ ਅਤੇ ਮੁਰੈਨਾ ਦੇ ਬਾਂਛੜਾ-ਬੇੜਿਯਾ ਭਾਈਚਾਰੇ ਅਤੇ ਮੁੰਬਈ ਦੇ ਰੈੱਡ ਲਾਈਟ ਏਰੀਆ ਨੂੰ ਵੀ ਜੋੜਿਆ ਗਿਆ ਹੈ।’’

‘’36 ਸਫ਼ਿਆਂ ਦੀ ਮੈਗਜ਼ੀਨ ਦੀ ਸਹਿਯੋਗ ਰਾਸ਼ੀ 50 ਰੁਪਏ ਰੱਖੀ। ਮੈਗਜ਼ੀਨ ਹਾਲੇ ਵੀ ਹੱਥ ਨਾਲ ਹੀ ਲਿਖੀ ਜਾਂਦੀ ਹੈ ਪਰ ਹੁਣ ਇਹ ਫੋਟੋ ਸਟੇਟ ਦੀ ਥਾਂ ਪ੍ਰਿੰਟ ਹੁੰਦੀ ਹੈ।’’

ਸ਼ਾਇਸਤਾ ਪਰਵੀਨ ਸਾਲ 2008 ਤੋਂ ਹੀ ਜੁਗਨੂ ਨਾਲ ਜੁੜੇ ਹੋਏ ਹਨ। ਉਹ ਹੁਣ 18 ਸਾਲ ਦੀ ਹਨ ਅਤੇ ਗ੍ਰੇਜੂਏਸ਼ਨ ਦੀ ਪੜ੍ਹਾਈ ਕਰ ਰਹੇ ਹਨ।

ਸ਼ਾਇਸਤਾ 2008 ਵਿੱਚ ਇਸ ਮੈਗਜ਼ੀਨ ਲਈ ਪੇਂਟਿੰਗ ਬਣਾ ਕੇ ਦਿੰਦੇ ਸਨ ਪਰ ਹੁਣ ਉਨ੍ਹਾਂ ਦੇ ਉੱਪਰ ‘ਮੇਰਾ ਸਪਨਾ’ ਕਾਲਮ ਦੀ ਜ਼ਿੰਮੇਵਾਰੀ ਹੈ।

ਜ਼ਿਆਦਾਤਰ ਬੱਚਿਆਂ ਦਾ ਸੁਪਨਾ ਪੁਲਿਸ ’ਚ ਭਰਤੀ ਹੋਣਾ

ਜੁਗਨੂ

ਤਸਵੀਰ ਸਰੋਤ, SEETU TIWARI/BBC

5ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨਾਲ ਸ਼ਾਇਸਤਾ ਸੰਪਰਕ ਕਰਕੇ ਆਪਣਾ ਸੁਪਨਾ ਲਿਖਵਾਉਂਦੇ ਹਨ ਅਤੇ ਫ਼ਿਰ ਉਸ ਵਿੱਚ ਜ਼ਰੂਰੀ ਬਦਲਾਅ ਕਰਕੇ ਜੁਗਨੂ ਵਿੱਚ ਛਾਪਿਆ ਜਾਂਦਾ ਹੈ।

ਬੱਚਿਆਂ ਦਾ ਸੁਪਨਾ ਕੀ ਹੈ? ਇਸ ਸਵਾਲ ਉੱਤੇ ਸ਼ਾਇਸਤਾ ਕਹਿੰਦੇ ਹਨ, ‘‘ਜ਼ਿਆਦਾਤਰ ਬੱਚੇ ਪੁਲਿਸ ਬਣਨਾ ਚਾਹੁੰਦੇ ਹਨ। ਵਜ੍ਹਾ ਇਹ ਹੈ ਕਿ ਪੁਲਿਸ ਜਦੋਂ ਛਾਪੇਮਾਰੀ ਕਰਦੀ ਹੈ ਤਾਂ ਉਹ ਡਰ ਕੇ ਭਜਦੇ ਹਨ। ਬੱਚਿਆਂ ਨੂੰ ਲੱਗਦਾ ਹੈ ਕਿ ਪੁਲਿਸ ਬਹੁਤ ਤਾਕਤਵਰ ਹੈ।’’

ਪਰ ਕੀ ਖ਼ੁਦ ਉਨ੍ਹਾਂ ਨੂੰ ਪੁਲਿਸ ਤੋਂ ਡਰ ਲਗਦਾ ਹੈ? ਸ਼ਾਇਸਤਾ ਮੁਸਕੁਰਾਉਂਦੇ ਹੋਏ ਕਹਿੰਦੇ ਹਨ, ‘‘ਪਹਿਲਾਂ ਬਚਪਨ ਵਿੱਚ ਦੇਖਦੇ ਸੀ ਤਾਂ ਡਰ ਲਗਦਾ ਸੀ ਪਰ ਹੁਣ ਅਸੀਂ ਪੁਲਿਸ ਤੋਂ ਕਿਉਂ ਡਰੀਏ?’’

ਪੁਲਿਸ ਤੋਂ ਭੱਜਣਾ ਅਤੇ ਸਹੇਲੀਆਂ ਤੋਂ ਝਿਜਕ ਖ਼ਤਮ

ਜੁਗਨੂ

ਤਸਵੀਰ ਸਰੋਤ, SEETU TIWARI/BBC

ਸ਼ਾਇਸਤਾ ਪਰਵੀਨ ਵਰਗਾ ਆਤਮ ਵਿਸ਼ਵਾਸ 10ਵੀਂ ਵਿੱਚ ਪੜ੍ਹਨ ਵਾਲੀ ਨੰਦਿਨੀ ਵਿੱਚ ਵੀ ਆਇਆ ਹੈ।

ਸ਼ਾਇਸਤਾ ਅੱਜ ਕੱਲ ਚਤੁਰਭੁਜ ਵਿੱਚ ਰਹਿਣ ਵਾਲੇ ਬੱਚਿਆਂ ਵਿੱਚ ਪ੍ਰਚਲਿਤ ਭਾਸ਼ਾ (ਗਾਲਾਂ ਦੀ ਵਰਤੋਂ) ਉੱਤੇ ਇੱਕ ਲੇਖ ਲਿਖ ਰਹੇ ਹਨ।

ਨੰਦਿਨੀ ਕਲਾਸਿਕਲ ਡਾਂਸਰ ਬਣਨਾ ਚਾਹੁੰਦੇ ਹਨ।

ਨੰਦਿਨੀ ਕਹਿੰਦੇ ਹਨ, ‘‘ਪਹਿਲਾਂ ਦੋਸਤਾਂ ਨੂੰ ਨਹੀਂ ਦੱਸਦੇ ਸੀ ਕਿ ਅਸੀਂ ਚਤੁਭੁਰਜ ਥਾਂ ਉੱਤੇ ਰਹਿੰਦੇ ਹਾਂ। ਪਰ ਹੁਣ ਕੋਈ ਝਿਜਕ ਨਹੀਂ ਹੈ। ਉਨ੍ਹਾਂ ਲੋਕਾਂ ਕੋਲ ਪੈਸਾ ਕਿਸੇ ਦੂਜੇ ਰਾਹ ਤੋਂ ਆਉਂਦਾ ਹੈ, ਮੇਰੇ ਕੋਲ ਕਿਸੇ ਹੋਰ ਰਾਹ ਤੋਂ। ਪਰ ਅਸੀਂ ਦੋਵੇਂ ਹਾਂ ਤਾਂ ਇਨਸਾਨ ਹੀ ਨਾ। ਦੋਸਤੀ ਰੱਖਣੀ ਹੋਵੇਗੀ ਤਾਂ ਰੱਖੇਗੀ। ਮੇਰੀ ਮੰਮੀ ਕੀ ਕਰਦੀ ਹੈ, ਇਸ ਨਾਲ ਕਿਸੇ ਨੂੰ ਕੀ ਮਤਲਬ?’’

ਅਜਿਹਾ ਨਹੀਂ ਹੈ ਕਿ ਜੁਗਨੂ ਵਿੱਚ ਸਿਰਫ਼ ਸੈਕਸ ਵਰਕਰਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਉੱਤੇ ਹੀ ਧਿਆਨ ਦਿੱਤਾ ਜਾਂਦਾ ਹੈ। ਸਗੋਂ ਇਸ ਆਬਾਦੀ ਦੇ ਦੂਜੇ ਉਮਰ ਵਰਗਾਂ ਦੀਆਂ ਸਮੱਸਿਆਵਾਂ ਵੀ ਇਸ ਮੈਗਜ਼ੀਨ ਦੇ ਕੇਂਦਰ ਵਿੱਚ ਹਨ। ਮੈਗਜ਼ੀਨ ਵਿੱਚ ਇੱਕ ਹਿੱਸਾ ਉਮਰ ਦਰਾਜ਼ ਸੈਕਸ ਵਰਕਰਾਂ ਦਾ ਹੈ। ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਮੁਹੰਮਦ ਆਰਿਫ਼ ਇਨ੍ਹਾਂ ਸੈਕਸ ਵਰਕਰਾਂ ਦੀ ਜੀਵਨੀ ਉੱਤੇ ਕੰਮ ਕਰ ਰਹੇ ਹਨ।

ਉਹ ਕਹਿੰਦੇ ਹਨ, ‘‘ਉਮਰ ਦੇ ਲੰਘ ਜਾਣ ਤੋਂ ਬਾਅਦ ਸੈਕਸ ਵਰਕਰਾਂ ਕੋਈ ਹੋਰ ਕੰਮ ਨਹੀਂ ਕਰ ਪਾਉਂਦੀਆਂ। ਜ਼ਿਆਦਾਤਰ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀਆਂ ਹਨ। ਅਜਿਹੇ ਵਿੱਚ ਜਦੋਂ ਵੀ ਸੈਕਸ ਵਰਕਰਾਂ ਦੇ ਇਲਾਕੇ ਨਾਲ ਜੁੜੀਆਂ ਨੀਤੀਆਂ ਬਣਨ ਤਾਂ ਕੁੜੀਆਂ ਦੀ ਹੀ ਸਿਰਫ਼ ਗੱਲ ਨਾ ਹੋਵੇ ਸਗੋਂ ਉਮਰ ਦਰਾਜ਼ ਸੈਕਸ ਵਰਕਰ ਲਈ ਨੀਤੀਆਂ ਬਣਨੀਆਂ ਚਾਹੀਦੀਆਂ ਹਨ।’’

‘ਬਿਜਲੀ ਮਿਲ ਜਾਵੇਗੀ’

ਜੁਗਨੂ

ਤਸਵੀਰ ਸਰੋਤ, SEETU TIWARI/BBC

ਜੁਗਨੂ ਮੈਗਜ਼ੀਨ ਲਈ ਇਸ ਵੇਲੇ ਚਾਰ ਸੂਬਿਆਂ ਦੇ 10 ਪੱਤਰਕਾਰ ਕੰਮ ਕਰ ਰਹੇ ਹਨ। ਇਹ ਸਾਰੇ ਆਪੋ-ਆਪਣੇ ਇਲਾਕਿਆਂ ਦੀਆਂ ਖ਼ਬਰਾਂ ਨਸੀਮਾ ਕੋਲ ਭੇਜਦੇ ਹਨ। ਜਿਸ ਤੋਂ ਬਾਅਦ ਆਨਲਾਈਨ ਮੀਟਿੰਗ ਰਾਹੀਂ ਮੈਗਜ਼ੀਨ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ।

ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਰਾਮਸਰ ਤਹਿਸੀਲ ਦੇ ਚਾਦਰ ਪਿੰਡ ਦੇ ਪ੍ਰੇਮਨਾਥ ਵੀ ਜੁਗਨੂ ਦੇ ਪੱਤਰਕਾਰ ਹਨ।

ਬੀਬੀਸੀ ਨਾਲ ਫ਼ੋਨ ਉੱਤੇ ਗੱਲਬਾਤ ਵਿੱਚ ਉਹ ਦੱਸਦੇ ਹਨ,‘‘ਮੈਂ ਬਾੜਮੇਰ ਦੇ ਡੀਐਮ ਸਾਹਬ ਨੂੰ ਜੁਗਨੂ ਨਾਲ ਲੈ ਕੇ ਮਿਲਣ ਗਿਆ ਸੀ। ਉਨ੍ਹਾਂ ਨੇ ਸਾਡੀ ਮੈਗਜ਼ੀਨ ਨੂੰ ਦੇਖਿਆ ਅਤੇ ਸਮੱਸਿਆ ਪੁੱਛੀ। ਮੈਂ ਉਨ੍ਹਾਂ ਨੂੰ ਕਿਹਾ ਸਾਡੇ ਘਰਾਂ ਵਿੱਚ ਬਿਜਲੀ ਨਹੀਂ ਹੈ। ਉਨ੍ਹਾਂ ਨੇ ਜਲਦੀ ਬਿਜਲੀ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਸਾਡੇ ਇੱਥੇ ਥਾਣੇਦਾਰ ਨੂੰ ਛੇਤੀ ਕੋਈ ਨਹੀਂ ਮਿਲਦਾ ਅਤੇ ਮੈਂ ਕਲੈਕਟਰ ਨੂੰ ਮਿਲ ਆਇਆ।’’

ਜੁਗਨੂ – ਮੈਗਜ਼ੀਨ ਤੋਂ ਗਾਰਮੈਂਟਸ ਤੱਕ

ਜੁਗਨੂ

ਤਸਵੀਰ ਸਰੋਤ, SEETU TIWARI/BBC

ਜੁਗਨੂ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਹੀ ਬਦਲਾਅ ਨਹੀਂ ਲਿਆ ਰਿਹਾ ਸਗੋਂ ਇਹ ਪੂਰੇ ਭਾਈਚਾਰੇ ਨੂੰ ਵੀ ਬਦਲ ਰਿਹਾ ਹੈ।

ਸਾਲ 2022 ਵਿੱਚ ਜੁਗਨੂ ਦੀ ਕਾਪੀ ਲੈ ਕੇ ਇਹ ਬੱਚੇ ਮੁਜ਼ਫ਼ੱਰਪੁਰ ਦੇ ਜ਼ਿਲ੍ਹਾ ਅਧਿਕਾਰੀ ਪ੍ਰਣਵ ਕੁਮਾਰ ਨੂੰ ਮਿਲੇ ਸਨ।

ਜੁਗਨੂ ਨਾਲ ਜੁੜੀ ਸਬੀਨਾ ਦੱਸਦੇ ਹਨ, ‘‘ਅਸੀਂ ਡੀਐਮ ਸਾਹਬ ਨੂੰ ਸਾਡੇ ਇੱਥੇ ਚੱਲਣ ਵਾਲੇ ਜ਼ੋਹਰਾ ਸਿਲਾਈ ਕੇਂਦਰ ਅਤੇ ਜੀਵਿਕਾ ਬੱਚਤ ਗਰੁੱਪ ਬਾਰੇ ਦੱਸਿਆ। ਉਨ੍ਹਾਂ ਨੇ ਸਿਲਾਈ ਸੈਂਟਰ ਨੂੰ ਉਦਯੋਗ ਦਾ ਦਰਜਾ ਦਿੰਦੇ ਹੋਏ ਇਸ ਨੂੰ ਜੁਗਨੂ ਗਾਰਮੈਂਟਸ ਦਾ ਲਾਇਸੈਂਸ ਦਵਾਇਆ। ਬਸ ਜ਼ਮੀਨ ਮਿਲਣੀ ਬਾਕੀ ਹੈ ਜਿਸ ਤੋਂ ਬਾਅਦ ਕਈ ਔਰਤਾਂ ਖ਼ਾਸ ਤੌਰ ਉੱਤੇ ਉਮਰ ਦਰਾਜ਼ ਸੈਕਸ ਵਰਕਰ ਨੂੰ ਵੀ ਕੰਮ ਮਿਲੇਗਾ।’’

ਮੌਜੂਦਾ ਸਮੇਂ ਜੁਗਨੂ ਮੈਗਜ਼ੀਨ ਦੀਆਂ 300 ਕਾਪੀਆਂ ਛੱਪ ਰਹੀਆਂ ਹਨ। ਨਸੀਮਾ ਦਾ ਟੀਚਾ ਆਰਐਨਆਈ (ਰਜਿਸਟਰਾਰ ਆਫ਼ ਨਿਊਜ਼ਪੇਪਰਜ਼ ਇਨ ਇੰਡੀਆ) ਨੰਬਰ ਲੈ ਕੇ ਮੈਗਜ਼ੀਨ ਨੂੰ ਖ਼ੁਦਮੁਖ਼ਤਿਆਰ ਬਣਾਉਣਾ ਹੈ।

ਉਹ ਕਹਿੰਦੇ ਹਨ, ‘‘ਹਾਲੇ ਦਿੱਲੀ ਦੇ ਡਾਕਟਰਾਂ ਦਾ ਇੱਕ ਗਰੁੱਪ ਇਸ ਨੂੰ ਛਾਪਣ ਲਈ ਪੈਸੇ ਦਿੰਦਾ ਹੈ। ਪਰ ਮੇਰੀ ਕੋਸ਼ਿਸ਼ ਹੈ ਕਿ ਜੁਗਨੂ ਖ਼ੁਦਮੁਖ਼ਤਿਆਰ ਬਣੇ, ਤਾਂ ਜੋ ਜੁਗਨੂ ਪੱਤਰਕਾਰਾਂ ਨੂੰ ਇੱਕ ਚੰਗੀ ਰਾਸ਼ੀ ਮਾਣ ਭੱਤੇ ਦੇ ਤੌਰ ਉੱਤੇ ਦਿੱਤੀ ਜਾਵੇ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)