ਬਿਕਰਮ ਮਜੀਠੀਆ ਨੇ ਮੰਤਰੀ ਰਵਜੋਤ ਸਿੰਘ ਦੀਆਂ ਜਿਨ੍ਹਾਂ ਤਸਵੀਰਾਂ 'ਤੇ ਸਵਾਲ ਚੁੱਕੇ, ਉਸ ਦਾ 'ਆਪ' ਆਗੂ ਨੇ ਇਹ ਦਿੱਤਾ ਜਵਾਬ

ਤਸਵੀਰ ਸਰੋਤ, Dr Ravjot Singh/BBC
"ਜਿਹੜੀ ਮੇਰੀ ਤਸਵੀਰ, ਮੇਰੀ ਸਾਬਕਾ ਪਤਨੀ ਦੀ ਤਸਵੀਰ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਹੈ। ਇਸ ਨਾਲ ਮੇਰੇ ਮੌਜੂਦਾ ਪਰਿਵਾਰ ਅਤੇ ਉਸ ਔਰਤ ਦੇ ਪਰਿਵਾਰ ʼਤੇ ਕੀ ਬੀਤੀ ਹੋਵੇਗੀ।"
ਇਹ ਸ਼ਬਦ ਪੰਜਾਬ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ ਹਨ।
ਦਰਅਸਲ, ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਡਾ. ਰਵਜੋਤ ਸਿੰਘ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਰਵਜੋਤ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਸ ʼਤੇ ਸਪੱਸ਼ਟੀਕਰਨ ਦਿੱਤਾ ਗਿਆ।
ਰਵਜੋਤ ਸਿੰਘ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।
ਮੰਤਰੀ ਰਵਜੋਤ ਸਿੰਘ ਨੇ ਕਿਹਾ, "ਲੜਾਈ ਲੜਨੀ ਹੈ ਤਾਂ ਤੁਸੀਂ ਮੇਰੇ ਨਾਲ ਲੜੋ, ਕਿਉਂ ਤੁਸੀਂ ਇੰਨੀ ਕਾਇਰਤਾ ਦਿਖਾਉਂਦੇ ਹੋ ਕਿ ਤੁਸੀਂ ਮਾਵਾਂ-ਭੈਣਾਂ ਅਤੇ ਧੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।"
ਮੰਗਲਵਾਰ ਸ਼ਾਮ ਨੂੰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਰਵਜੋਤ ਸਿੰਘ ਦੀਆਂ ਇੱਕ ਮਹਿਲਾ ਨਾਲ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਸਨ। ਜਿਸ ਨੂੰ ਉਨ੍ਹਾਂ ਨੇ ਇੱਕ ਕਥਿਤ ਸਕੈਂਡਲ ਵਾਂਗ ਪੇਸ਼ ਕੀਤਾ ਸੀ।
ਜਿਸ ਦਾ ਰਵਜੋਤ ਸਿੰਘ ਨੇ ਤੁਰੰਤ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਵਾਬ ਦਿੱਤਾ ਸੀ। ਪਰ ਬੁੱਧਵਾਰ ਨੂੰ ਉਨ੍ਹਾਂ ਬਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਆਪਣਾ ਪੱਖ਼ ਮੀਡੀਆ ਅੱਗੇ ਰੱਖਿਆ।

ਤਸਵੀਰ ਸਰੋਤ, Dr Ravjot Singh/BBC
ਡਾ. ਰਵਜੋਤ ਸਿੰਘ ਨੇ ਕੀ ਕਿਹਾ
ਡਾ. ਰਵਜੋਤ ਸਿੰਘ ਨੇ ਕਿਹਾ, "ਲੁਧਿਆਣਾ ਦੀ ਚੋਣ ਅਖੀਰਲੇ ਗੇੜ ਵਿੱਚ ਪਹੁੰਚ ਹੋ ਗਈ ਹੈ ਅਤੇ ਚੋਣ ਮੁਹਿੰਮ ਬੰਦ ਹੋ ਗਈ ਹੈ। ਜਿਸ ਦਿਨ ਮੁਹਿੰਮ ਬੰਦ ਹੋਈ ਉਸੇ ਦਿਨ ਕੁਝ ਤਸਵੀਰਾਂ ਅਤੇ ਮੈਸੇਜ ਸੋਸ਼ਲ ਮੀਡੀਆ ʼਤੇ ਜਾਰੀ ਹੋਏ। ਮਨ ਨੂੰ ਧੱਕਾ ਲੱਗਿਆ। ਸਾਡੇ ਨਿੱਜੀ ਜਾਣਕਾਰਾਂ ਤੱਕ ਵੀ ਗੱਲ ਪਹੁੰਚੀ ਤਾਂ ਉਹ ਬਹੁਤ ਦੁਖੀ ਹੋਏ।"
"ਉਨ੍ਹਾਂ ਨੇ ਇੱਕ ਨਿੱਜੀ, ਇੱਕ ਸਿਆਸੀ ਅਤੇ ਇੱਕ ਧਰਮੀ ਮੁੱਦਾ ਚੁੱਕ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਸੋਚੀ ਸਮਝੀ ਚਾਲ ਹੈ, ਐੱਸਸੀ ਭਾਈਚਾਰਿਆਂ ਦੇ ਲੀਡਰਾਂ ਨੂੰ, ਵਿਧਾਇਕਾਂ ਅਤੇ ਮੰਤਰੀਆਂ ਨਿਸ਼ਾਨਾ ਬਣਾ ਕੇ ਪਿੱਛੇ ਕਰਨ ਦੀ।"
"ਕਾਰਨ ਇਹੀ ਹੈ ਕਿ ਜਿਵੇਂ ਆਪ ਪਾਰਟੀ ਪੂਰੇ ਪੰਜਾਬ ਐੱਸਸੀ ਅਤੇ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ। ਇਹ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਅੱਗੇ ਕਿਉਂ ਵੱਧ ਰਹੇ ਹਨ ਅਤੇ ਕਿਉਂ ਤਰੱਕੀ ਕਰ ਰਹੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਤਸਵੀਰ ਵਿੱਚ ਜੋ ਅਜੋਕੇ ਟੂਲਾਂ ਦੀ ਵਰਤੋਂ ਕਰ ਕੇ ਜਿਸ ਔਰਤ ਨੂੰ ਮੇਰੇ ਨਾਲ ਜੋੜਿਆ ਗਿਆ ਉਹ ਬੇਹੱਦ ਘਟੀਆਂ ਕਿਸਮ ਦੀ ਸਿਆਸਤ ਹੈ।"
"ਉਹ ਸ਼ਖ਼ਸ ਜਿਸ ਨੇ ਉਹ ਤਸਵੀਰ ਪਾਈ ਹੈ, ਉਹ ਉਸ ਨੂੰ ਜਾਣਦੇ ਵੀ ਨਹੀਂ ਹੋਣਗੇ ਪਰ ਉਹ ਵੀ ਕਿਸੇ ਦੀ ਧੀ, ਭੈਣ ਜਾਂ ਮਾਂ ਹੋਵੇਗੀ। ਪਰ ਉਸ ਦੀ ਤਸਵੀਰ ਆਰਾਮ ਨਾਲ ਸੋਸ਼ਲ ਮੀਡੀਆ ʼਤੇ ਪਾ ਰਹੇ ਹੋ। ਉਹ ਨਾਰੀ ਜਾਤੀ ਦਾ ਅਪਮਾਨ ਹੈ।"
ਉਹ ਸਵਾਲ ਪੁੱਛਦੇ ਹੋਏ ਕਹਿੰਦੇ ਹਨ, "ਉਸ ਸ਼ਖ਼ਸ ਦੀ ਕਿਹੋ-ਜਿਹੀ ਮਾਨਸਿਕਤਾ ਹੋਵੇਗੀ ਜਿਹੜੇ ਵੱਡੇ ਲੀਡਰ, ਸੂਝਵਾਨ ਅਤੇ ਸਮਝਦਾਰ ਅਖਵਾਉਂਦੇ ਹਨ। ਜਿਹੜੇ ਕਹਿੰਦੇ ਹਨ ਕਿ ਸਾਡੀ ਜੱਦੀ ਪਾਰਟੀ ਹੈ, ਖੇਤਰੀ ਪਾਰਟੀ ਉਹ ਅਜਿਹੀ ਸੋਚ ਦੇ ਮਾਲਕ ਹਨ। ਅਸੀਂ ਅਜਿਹੀ ਇੱਜ਼ਤ ਉਨ੍ਹਾਂ ਵੱਲੋਂ ਆਪਣੀਆਂ ਮਾਵਾਂ-ਧੀਆਂ ਵਾਸਤੇ ਅਸੀਂ ਭਾਲਦੇ ਹਾਂ। ਕੋਈ ਹੈ ਜਵਾਬ ਉਨ੍ਹਾਂ ਕੋਲ।"
"ਇਸ ਖ਼ਬਰ ਨਾਲ ਮੈਂ ਕਹਾਂਗਾ ਕਿ ਬਹੁਤ ਵੱਡੀ ਠੇਸ ਪਹੁੰਚੀ ਹੈ ਔਰਤ ਜਾਤੀ ਨੂੰ, ਸਾਡੇ ਐੱਸਸੀ ਅਤੇ ਦਲਿਤ ਭਾਈਚਾਰੇ ਨੂੰ। ਅਸੀਂ ਆਸ ਨਹੀਂ ਕਰਦੇ ਸੀ ਕਿ ਉਹ ਇਸ ਪੱਧਰ ʼਤੇ ਆ ਜਾਣਗੇ।"
ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਕੰਮ ਦੀ ਗੱਲ ਕਰੋ, ਵਿਕਾਸ ਦੀ, ਮੁੱਦਿਆਂ ਦੀ ਗੱਲ ਕਰੋ। ਹੁਣ ਤੁਸੀਂ ਲੋਕਾਂ ਦੇ ਬੈੱਡਰੂਮ ਵਿੱਚ ਵੜ ਜਾਣਾ। ਅਸੀਂ ਕਿੱਥੇ ਖੜ੍ਹੇ ਹਾਂ ਕਿਸ ਲਈ ਲੜਾਈ ਲੜ ਰਹੇ ਹਾਂ।"
"ਕੀ ਸਾਨੂੰ ਗੁਰੂ ਸਾਹਿਬਾਨਾਂ ਇਹੀ ਸਿਖਾਇਆ ਕਿ ਅਸੀਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਦਾਂ ਰੋਲੀਏ। ਇਹ ਬੜਾ ਹੀ ਦੁਖਦਾਈ ਮਸਲਾ ਹੈ। ਇਹ ਸਾਡੇ ਸਾਰਿਆਂ ਲਈ ਮੰਦਭਾਗਾ ਹੈ।ਮੇਰਾ ਪਰਿਵਾਰ ਬਹੁਤ ਦੁਖੀ ਹੈ।"
"ਜਿਹੜੀ ਮੇਰੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਨਾਲ ਮੇਰਾ ਮੌਜੂਦਾ ਪਰਿਵਾਰ ਅਤੇ ਉਸ ਔਰਤ ਦੇ ਪਰਿਵਾਰ ʼਤੇ ਕੀ ਬੀਤੀ ਹੋਵੇਗੀ। ਜੇ ਲੜਾਈ ਲੜਨੀ ਤੁਸੀਂ ਮੇਰੇ ਨਾਲ ਲੜੋ। ਇਸ ਵਿੱਚ ਉਸ ਦਾ ਕੀ ਕਸੂਰ। ਕਿਉਂ ਤੁਸੀਂ ਇੰਨੀ ਕਾਇਰਤਾ ਦਿਖਾਉਂਦੇ ਹੋ ਕਿ ਤੁਸੀਂ ਮਾਵਾਂ-ਭੈਣਾਂ ਅਤੇ ਧੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।"
ਰਵਜੋਤ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਜਾਂਚ ਏਜੰਸੀਆਂ ਉੱਤੇ ਪੂਰਾ ਭਰੋਸਾ ਹੈ।

ਤਸਵੀਰ ਸਰੋਤ, Aman Arora/BBC
ਅਮਨ ਅਰੋੜਾ ਦੀ ਪ੍ਰਤੀਕਿਰਿਆ
ਆਮ ਆਦਮੀ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਮੁੱਦੇ ʼਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੋਈ ਵਿਅਕਤੀ ਇੰਨੇ ਹਲਕੇ ਪੱਧਰ ʼਤੇ ਲੈ ਜਾਵੇਗਾ, ਇਹ ਅਸੀਂ ਸੋਚ ਵੀ ਨਹੀਂ ਸਕਦੇ।
ਉਨ੍ਹਾਂ ਨੇ ਕਿਹਾ, "ਸੁੱਚਾ ਸਿੰਘ ਲੰਗਾਹ ਬਾਰੇ ਉਨ੍ਹਾਂ ਦੀ ਕੀ ਖ਼ਿਆਲ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਾਰੇ ਲੋਕਤੰਤਰ ਦੇ ਥੰਮ ਹਾਂ। ਸਿਰਫ਼ 4 ਵੋਟਾਂ ਲਈ ਇੰਨੀ ਹਲਕੀ ਸਿਆਸਤ ਨਹੀਂ ਕਰਨੀ ਚਾਹੀਦੀ।"
"ਮਜੀਠੀਆ ਜੀ ਇੰਨੇ ਸਮਾਜ ਦੇ ਠੇਕੇਦਾਰ ਨੇ ਤਾਂ ਅਜਿਹੀਆਂ ਤਸਵੀਰਾਂ ਜਾਂ ਖ਼ਬਰਾਂ ਉਨ੍ਹਾਂ ਨੂੰ ਵੋਟਾਂ ਤੋਂ ਦੋ ਦਿਨ ਪਹਿਲਾਂ ਹੀ ਕਿਉਂ ਮਿਲਦੀਆਂ ਹਨ। ਹੁਣ ਇਹ ਲੋਕ ਲੋਕਾਂ ਦੇ ਬੈੱਡਰੂਮ ਵਿੱਚ ਵਿੱਚ ਵੜਨਗੇ।"
ਰਵਜੋਤ ਸਿੰਘ ਵੱਲੋਂ ਲਾਏ ਇਲਜ਼ਾਮ 'ਤੇ ਮਜੀਠੀਆ ਨੇ ਕੀ ਕਿਹਾ ਸੀ
ਡਾ. ਰਵਜੋਤ ਸਿੰਘ ਵੱਲੋਂ ਪ੍ਰਤੀਕਰਮ ਵਜੋਂ ਐਕਸ ਅਕਾਊਂਟ ਉੱਤੇ ਪਾਈ ਪੋਸਟ ਵਿੱਚ ਉਨ੍ਹਾਂ ਨੇ ਦਲਿਤ ਭਾਈਚਾਰੇ ਦਾ ਜ਼ਿਕਰ ਕਰਕੇ ਤਸਵੀਰਾਂ ਸਾਂਝੀਆਂ ਕਰਨ ਵਾਲੇ ਆਗੂ ਉੱਤੇ ਸਵਾਲ ਖੜੇ ਕੀਤੇ ਸਨ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਬਿਕਰਮ ਮਜੀਠੀਆ ਨੇ ਵੀ ਫੇਸਬੁੱਕ ਉੱਤੇ ਪੋਸਟ ਪਾ ਕੇ ਪ੍ਰਤੀਕਿਰਿਆ ਦਿੱਤੀ ਸੀ।
ਮਜੀਠੀਆ ਨੇ ਲਿਖਿਆ ਸੀ, "ਆਪਣੀ ਨਾਲਾਇਕੀ ਜਾਂ ਆਪਣੀ ਗ਼ਲਤੀ ਨੂੰ ਜਾਤ ਪਾਤ ਨਾਮ ਉੱਤੇ ਨਾਂ ਲਗਾਓ। ਕਿਸੇ ਨੇ ਵੀ ਜਾਤ ਪਾਤ ਦਾ ਕੋਈ ਜ਼ਿਕਰ ਨਹੀਂ ਕੀਤਾ।"
"ਤੁਸੀਂ ਇੱਕ ਜਨਤਕ ਹਸਤੀ ਹੋ, ਵਿਧਾਇਕ ਹੋ। ਤੁਹਾਡਾ ਜਨਤਕ ਆਚਰਣ ਸਹੀ ਹੋਣਾ ਚਾਹੀਦਾ ਹੈ। ਰਵਜੋਤ ਜੀ ਤੁਹਾਡੀ ਪੋਸਟ ਪੜੀ ਹੈ ,ਜਿਸ ਵਿੱਚ ਕਦੇ ਏਆਈ ਕਹਿ ਰਹੇ ਹੋ ਕਦੇ ਸਾਬਕਾ ਪਤਨੀ ਦਾ ਕਹਿ ਰਹੇ ਹੋ।"
"ਕਿਸੇ ਦੀ ਪੋਸਟ ਵਿੱਚ ਤਾਂ ਬੀਬਾ ਜੀ ਬਾਰੇ ਦੱਸਿਆ ਹੀ ਨਹੀਂ। ਤੁਸੀਂ ਖੁਦ ਹੀ ਪਛਾਣ ਜ਼ਾਹਿਰ ਕੀਤੀ ਹੈ। ਜੋ ਕਾਨੂੰਨੀ ਅਪਰਾਧ ਹੈ।"
ਮਾਮਲੇ ਉੱਤੇ ਅਕਾਲੀ ਦਲ ਦੀ ਪ੍ਰਤੀਕਿਰਿਆ
ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ 'ਤਸਵੀਰਾਂ' ਵਾਇਰਲ ਕਰਨ ਲਈ ਖ਼ੁਦ ਜ਼ਿੰਮੇਵਾਰ ਹਨ ਅਤੇ ਇਹ ਕਿ ਸਿਰਫ਼ ਸੀਬੀਆਈ ਜਾਂਚ ਹੀ ਇਹ ਖੁਲਾਸਾ ਕਰ ਸਕਦੀ ਹੈ ਕਿ ਇਹ ਤਸਵੀਰਾਂ ਕਿਵੇਂ ਵਾਇਰਲ ਹੋਈਆਂ।
ਅਕਾਲੀ ਆਗੂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, "ਸੀਬੀਆਈ ਜਾਂਚ ਹੀ ਇਹ ਖੁਲਾਸਾ ਕਰ ਸਕਦੀ ਹੈ ਕਿ ਇਹ ਤਸਵੀਰਾਂ ਕਿਵੇਂ ਕਲਿੱਕ ਕੀਤੀਆਂ ਗਈਆਂ ਸਨ ਅਤੇ ਕਿਵੇਂ ਟ੍ਰਾਂਸਫਰ ਕੀਤੀਆਂ ਗਈਆਂ ਸਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












