You’re viewing a text-only version of this website that uses less data. View the main version of the website including all images and videos.
'ਸੇਂਗੋਲ': ਮੋਦੀ ਸਰਕਾਰ ਨਵੀਂ ਸੰਸਦ ਵਿੱਚ ਸਥਾਪਿਤ ਕਰਨ ਜਾ ਰਹੀ ਪਰ ਕਾਂਗਰਸ ਨੇ ਕੀਤਾ ਇਹ ਦਾਅਵਾ
- ਲੇਖਕ, ਇਕਬਾਲ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਕਾਂਗਰਸ ਆਗੂ ਜੈ ਰਾਮ ਰਮੇਸ਼ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਲਾਰਡ ਮਾਊਂਟਬੈਟਨ, ਸੀ ਰਾਜਾਗੋਪਾਲਾਚਾਰੀ ਅਤੇ ਜਵਾਹਰ ਲਾਲ ਨਹਿਰੂ ਦੇ ਸੇਂਗੋਲ ਨੂੰ ਅੰਗਰੇਜ਼ਾਂ ਤੋਂ ਭਾਰਤ ਨੂੰ ਸੱਤਾ ਤਬਾਦਲੇ ਦੇ ਚਿਨ੍ਹ ਦੇ ਰੂਪ ਵਿੱਚ ਦੱਸਣ ਵਾਲੇ ਕੋਈ ਦਸਤਾਵੇਜ਼ ਨਹੀਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
ਨਵੇਂ ਸੰਸਦ ਭਵਨ ਵਿੱਚ 'ਸੇਂਗੋਲ' ਲਗਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਸੀ।
ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਇੱਕ ਨਵੀਂ ਪਰੰਪਰਾ ਵੀ ਸ਼ੁਰੂ ਹੋਣ ਜਾ ਰਹੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 14 ਅਗਸਤ 1947 ਨੂੰ ਤਮਿਲ ਪੁਜਾਰੀਆਂ ਦੇ ਹੱਥੋਂ ਸੇਂਗੋਲ ਨੂੰ ਸਵੀਕਾਰ ਕੀਤਾ ਸੀ।
ਅਮਿਤ ਸ਼ਾਹ ਦੇ ਅਨੁਸਾਰ, ਨਹਿਰੂ ਨੇ ਇਸ ਨੂੰ ਅੰਗਰੇਜ਼ਾਂ ਤੋਂ ਭਾਰਤ ਵਿੱਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਸੀ। ਬਾਅਦ ਵਿੱਚ ਨਹਿਰੂ ਨੇ ਇਸ ਨੂੰ ਇੱਕ ਮਿਊਜ਼ੀਅਮ ਵਿੱਚ ਰੱਖ ਦਿੱਤਾ ਸੀ ਅਤੇ ਉਦੋਂ ਤੋਂ ਸੇਂਗੋਲ ਮਿਊਜ਼ੀਅਮ ਵਿੱਚ ਹੀ ਰੱਖਿਆ ਹੋਇਆ ਹੈ।
ਇਸ ਮੌਕੇ ਕਰੀਬ ਸੱਤ ਮਿੰਟ ਦੀ ਫਿਲਮ ਵੀ ਦਿਖਾਈ ਗਈ।
ਕਾਂਗਰਸ ਦਾ ਦਾਅਵਾ
ਕਾਂਗਰਸ ਆਗੂ ਜੈ ਰਾਮ ਰਮੇਸ਼ ਨੇ ਟਵੀਟ ਵਿੱਚ ਲਿਖਿਆ ਕਿ ਸੇਂਗੋਲ ਦੀ ਵਰਤੋਂ ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਮਰਥਕ ਤਮਿਲਨਾਡੂ ਵਿੱਚ ਆਪਣੇ ਸਿਆਸੀ ਹਿੱਤ ਸਾਧਣ ਲਈ ਕਰ ਹਰੇ ਹਨ।
ਇਹ ਆਪਣੇ ਉਦੇਸ਼ ਲਈ ਤੱਥਾਂ ਨੂੰ ਤੋੜਨ-ਮਰੋੜਨ ਆਏ ਹਨ, ਜਦਕਿ ਅਸਲ ਸਵਾਲ ਇਹੀ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੰਸਦ ਦਾ ਉਦਘਾਟਨ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ।
ਜੈ ਰਾਮ ਰਮੇਸ਼ ਨੇ ਕਿਹਾ ਕਿ ਸੇਂਗੋਲ ਨੂੰ ਅਗਸਤ,1947 ਨੂੰ ਨਹਿਰੂ ਨੂੰ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਗਿਆ ਸੀ।
ਪਰ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਭਾਰਤ ਵਿੱਚ ਬਰਤਾਨਵੀਂ ਸਾਮਰਾਜ ਦੇ ਆਖ਼ਰੀ ਵਾਇਸਰਾਇ ਲਾਰਡ ਮਾਊਟਬੈਂਟਨ, ਪਹਿਲੇ ਭਾਰਤੀ ਗਵਰਨਰ ਜਨਰਲ ਸੀ ਰਾਜਾਗੋਪਾਲਾਚਾਰੀ ਅਤੇ ਨਹਿਰੂ ਦੇ ਇਸ ਨੂੰ ਅੰਗਰੇਜ਼ਾਂ ਨਾਲ ਭਾਰਤ ਦੇ ਸੱਤਾ ਤਬਾਦਲੇ ਦੇ ਰੂਪ ਵਿੱਚ ਦੱਸਣ ਦਾ ਕੋਈ ਦਸਤਾਵੇਜ਼ ਮੌਜੂਦ ਨਹੀਂ ਹੈ। ਇਹ ਸਾਰੇ ਦਾਅਵੇ ਝੂਠੇ ਹਨ।
ਸੇਂਗੋਲ ਅਤੇ ਚੋਲ ਸਾਮਰਾਜ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਸੇਂਗੋਲ ਤਮਿਲ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਦੌਲਤ ਨਾਲ ਭਰਪੂਰ ਅਤੇ ਇਤਿਹਾਸਕ ਹੈ।
ਉਨ੍ਹਾਂ ਮੁਤਾਬਕ ਸੇਂਗੋਲ ਚੋਲ ਸਾਮਰਾਜ ਨਾਲ ਸਬੰਧਤ ਹੈ ਅਤੇ ਇਸ ਉੱਤੇ ਨੰਦੀ ਵੀ ਬਣੇ ਹੋਏ ਹਨ।
ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅੰਗਰੇਜ਼, ਭਾਰਤ ਦੀ ਸੱਤਾ ਦਾ ਤਬਾਦਲਾ ਕਿਵੇਂ ਕਰਨ, ਇਸ ਦੀ ਪ੍ਰਕਿਰਿਆ ਕੀ ਹੋਵੇਗੀ, ਇਸ 'ਤੇ ਚਰਚਾ ਹੋ ਰਹੀ ਸੀ।
ਉਨ੍ਹਾਂ ਮੁਤਾਬਕ ਲਾਰਡ ਮਾਊਂਟਬੈਟਨ ਨੂੰ ਭਾਰਤੀ ਪਰੰਪਰਾ ਦੀ ਜਾਣਕਾਰੀ ਨਹੀਂ ਸੀ, ਇਸ ਲਈ ਉਨ੍ਹਾਂ ਨੇ ਨਹਿਰੂ ਜੀ ਨੂੰ ਪੁੱਛਿਆ, ਪਰ ਨਹਿਰੂ ਉਲਝਣ 'ਚ ਸਨ। ਫਿਰ ਨਹਿਰੂ ਨੇ ਸੀ. ਰਾਜਗੋਪਾਲਾਚਾਰੀ ਨਾਲ ਇਸ ਬਾਰੇ ਚਰਚਾ ਕੀਤੀ।
ਅਮਿਤ ਸ਼ਾਹ ਨੇ ਅੱਗੇ ਕਿਹਾ, "ਰਾਜਗੋਪਾਲਾਚਾਰੀ ਨੇ ਕਈ ਗ੍ਰੰਥਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਸੇਂਗੋਲ ਦੀ ਪ੍ਰਕਿਰਿਆ ਦੀ ਪਛਾਣ ਕੀਤੀ। ਇੱਥੇ ਸੇਂਗੋਲ ਰਾਹੀਂ ਸੱਤਾ ਦੇ ਤਬਾਦਲੇ ਨੂੰ ਚਿਨ੍ਹਿਤ ਕੀਤਾ ਗਿਆ ਹੈ।"
"ਭਾਰਤ ਦੇ ਲੋਕਾਂ ਵਿੱਚ ਇੱਕ ਅਧਿਆਤਮਿਕ ਪਰੰਪਰਾ ਤੋਂ ਰਾਜ ਆਇਆ ਹੈ। ਸੇਂਗੋਲ ਸ਼ਬਦ ਦਾ ਅਰਥ ਅਤੇ ਨੀਤੀ ਦੀ ਪਾਲਣਾ ਤੋਂ ਹੈ। ਇਹ ਪਵਿੱਤਰ ਹੈ ਅਤੇ ਇਸ 'ਤੇ ਨੰਦੀ ਵਿਰਾਜਮਾਨ ਹੈ। ਇਹ ਅੱਠਵੀਂ ਸਦੀ ਤੋਂ ਚੱਲੀ ਆ ਰਹੀ ਸਭਿਅਤਾ ਦੀ ਪ੍ਰਥਾ ਹੈ। ਇਹ ਚੋਲ ਸਾਮਰਾਜ ਤੋਂ ਆ ਰਹੀ ਹੈ।"
ਅਮਿਤ ਸ਼ਾਹ ਮੁਤਾਬਕ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੂੰ ਜਿਵੇਂ ਹੀ ਸੇਂਗੋਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਪਤਾ ਕਰਵਾਇਆ। ਫਿਰ ਫ਼ੈਸਲਾ ਲਿਆ ਗਿਆ ਕਿ ਇਸ ਨੂੰ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਦੇ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦਿਨ ਚੁਣਿਆ ਗਿਆ।"
ਅਮਿਤ ਸ਼ਾਹ ਨੇ ਕਿਹਾ, "ਸੇਂਗੋਲ ਦੀ ਸਥਾਪਨਾ ਲਈ ਸੰਸਦ ਭਵਨ ਤੋਂ ਇਲਾਵਾ ਕੋਈ ਹੋਰ ਢੁਕਵਾਂ ਅਤੇ ਪਵਿੱਤਰ ਸਥਾਨ ਨਹੀਂ ਹੋ ਸਕਦਾ।”
“ਇਸੇ ਲਈ ਜਿਸ ਦਿਨ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ, ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਮਿਲ ਨਾਡੂ ਤੋਂ ਆਏ ਸੇਂਗੋਲ ਨੂੰ ਅਧੀਨਮ (ਮਠ) ਤੋਂ ਸਵੀਕਾਰ ਕਰਨਗੇ ਅਤੇ ਲੋਕ ਸਭਾ ਦੇ ਸਪੀਕਰ ਦੀ ਸੀਟ ਦੇ ਨੇੜੇ ਇਸ ਨੂੰ ਸਥਾਪਿਤ ਕਰਨਗੇ।"
ਇਹ ਵੀ ਪੜ੍ਹੋ-
ਵਿਰੋਧੀ ਪਾਰਟੀਆਂ ਵੱਲੋਂ ਬਾਈਕਾਟ ਦਾ ਐਲਾਨ
ਇਸ ਵਿਚਾਲੇ ਮੁੱਖ ਵਿਰੋਧੀ ਧਿਰ ਕਾਂਗਰਸ ਸਣੇ 19 ਪਾਰਟੀਆਂ ਨੇ ਸਾਂਝਾ ਬਿਆਨ ਜਾਰੀ ਕਰਕੇ ਨਵੀਂ ਸੰਸਦ ਦੇ ਉਦਘਾਟਨ ਸਮਾਗ਼ਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਇਨ੍ਹਾਂ 19 ਪਾਰਟੀਆਂ ਵਿੱਚ ਬਸਪਾ, ਬੀਜੇਡੀ, ਟੀਡੀਪੀ, ਵਾਈਐੱਸਆਰਸੀਪੀ, ਏਆਈਏਡੀਐੱਮਕੇ, ਪੀਡੀਪੀ, ਬੀਆਰਐੱਸ ਸ਼ਾਮਲ ਨਹੀਂ ਹਨ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਵਾਈਐਸਆਰਸੀਪੀ ਨੇ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।
19 ਪਾਰਟੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, "ਰਾਸ਼ਟਰਪਤੀ ਮੁਰਮੂ ਨੂੰ ਪੂਰੀ ਤਰ੍ਹਾਂ ਨਾਲ ਦਰਕਿਨਾਰ ਕਰਦਿਆਂ ਹੋਇਆਂ, ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਦਾ ਪ੍ਰਧਾਨ ਮੰਤਰੀ ਮੋਦੀ ਦਾ ਫ਼ੈਸਲਾ ਨਾ ਸਿਰਫ ਇੱਕ ਗੰਭੀਰ ਅਪਮਾਨ ਹੈ, ਸਗੋਂ ਸਾਡੇ ਲੋਕਤੰਤਰ 'ਤੇ ਸਿੱਧਾ ਹਮਲਾ ਹੈ, ਜੋ ਢੁਕਵੀਂ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ।"
ਵਿਰੋਧੀ ਪਾਰਟੀਆਂ ਦੱਸਦੀਆਂ ਹਨ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 79 ਵਿੱਚ ਕਿਹਾ ਗਿਆ ਹੈ ਕਿ ਸੰਘ ਲਈ ਇੱਕ ਸੰਸਦ ਹੋਵੇਗੀ ਜਿਸ ਵਿੱਚ ਇੱਕ ਰਾਸ਼ਟਰਪਤੀ ਅਤੇ ਦੋ ਸਦਨ ਹੋਣਗੇ ਜੋ ਕ੍ਰਮਵਾਰ ਸੂਬਿਆਂ ਦੀ ਕੌਂਸਲ ਅਤੇ ਲੋਕਾਂ ਦੀ ਅਸੈਂਬਲੀ ਵਜੋਂ ਜਾਣੇ ਜਾਂਦੇ ਹਨ।
ਧਾਰਾ 79 ਦਾ ਹਵਾਲਾ ਦਿੰਦੇ ਹੋਏ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨਾ ਸਿਰਫ਼ ਭਾਰਤ ਵਿੱਚ ਰਾਜ ਦਾ ਮੁਖੀ ਹੈ, ਸਗੋਂ ਸੰਸਦ ਦਾ ਅਨਿੱਖੜਵਾਂ ਅੰਗ ਵੀ ਹੈ।
ਵਿਰੋਧੀ ਧਿਰ ਮੁਤਾਬਕ ਰਾਸ਼ਟਰਪਤੀ ਮੁਰਮੂ ਤੋਂ ਬਿਨਾਂ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਦਾ ਫ਼ੈਸਲਾ ਸਹੀ ਨਹੀਂ ਅਤੇ ਇਹ ਰਾਸ਼ਟਰਪਤੀ ਦੇ ਉੱਚ ਅਹੁਦੇ ਦਾ ਅਪਮਾਨ ਕਰਦਾ ਹੈ।
ਉਨ੍ਹਾਂ ਮੁਤਾਬਕ ਅਜਿਹਾ ਕਰਨਾ ਸੰਵਿਧਾਨ ਦੀ ਆਤਮਾ ਦੀ ਵੀ ਉਲੰਘਣਾ ਹੈ।
ਵਿਰੋਧੀ ਧਿਰ ਦਾ ਅੱਗੇ ਕਹਿਣਾ ਹੈ, "ਜਦੋਂ ਲੋਕਤੰਤਰ ਦੀ ਆਤਮਾ ਸੰਸਦ ਵਿੱਚੋਂ ਕੱਢ ਦਿੱਤੀ ਗਈ ਹੈ, ਤਾਂ ਸਾਨੂੰ ਨਵੀਂ ਇਮਾਰਤ ਵਿੱਚ ਕੋਈ ਮੁੱਲ ਨਹੀਂ ਦਿਸਦਾ।"