ਸੁਆਦ-ਸੁਆਦ ਵਿੱਚ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਲੂਣ, ਤਾਂ ਕੀ ਫਿਰ ਲੂਣ ਖਾਈਏ ਹੀ ਨਾ?

    • ਲੇਖਕ, ਕ੍ਰਿਸਟੋਫਰ ਡੈਮਨ
    • ਰੋਲ, ਦਿ ਕਨਵਰਸੇਸ਼ਨ*

ਮਨੁੱਖ ਸ਼ੁਰੂਆਤ ਤੋਂ ਹੀ ਭੋਜਨ ਬਣਾਉਣ, ਸੰਭਾਲਣ ਅਤੇ ਇਸ ਨੂੰ ਸੁਆਦ ਬਣਾਉਣ ਲਈ ਲੂਣ ਦੀ ਵਰਤੋਂ ਕਰਦਾ ਆ ਰਿਹਾ ਹੈ।

ਪ੍ਰਾਚੀਨ ਰੋਮ ਵਿੱਚ ਵਪਾਰ ਲਈ ਲੂਣ ਇੰਨਾ ਮਹੱਤਵਪੂਰਨ ਸੀ ਕਿ ਸੈਨਿਕਾਂ ਨੂੰ ਉਨ੍ਹਾਂ ਦਾ ਮਿਹਨਤਾਨਾ, ਜਾਂ ਤਨਖਾਹ, ਲੂਣ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ।

ਲੂਣ ਦਾ ਮਹੱਤਵ ਅੰਸ਼ਕ ਤੌਰ 'ਤੇ ਭੋਜਨ ਨੂੰ ਸੁਰੱਖਿਅਤ ਰੱਖਣ (ਪ੍ਰੀਜ਼ਰਵੇਟਿਵ) ਦੇ ਰੂਪ ਵਿੱਚ ਸੀ ਜੋ ਅਣਚਾਹੇ ਰੋਗਾਣੂਆਂ ਨੂੰ ਕੰਟਰੋਲ ਵਿੱਚ ਰੱਖਦਾ ਸੀ ਅਤੇ ਲੋੜੀਂਦੇ ਰੋਗਾਣੂਆਂ ਨੂੰ ਵਧਣ ਦਿੰਦਾ ਸੀ।

ਬੈਕਟੀਰੀਆ ਦੇ ਵਿਕਾਸ ਨੂੰ ਕੰਟਰੋਲ ਕਰਨ ਦੀ ਇਸ ਦੀ ਕਮਾਲ ਦੀ ਸਮਰੱਥਾ ਹੈ ਜਿਸ ਨੇ ਸੰਭਾਵਤ ਤੌਰ 'ਤੇ ਸਾਉਰਕਰੋਟ (ਕੱਟੀ ਹੋਈ ਪੱਤਾ ਗੋਭੀ ਵਿੱਚ ਲੂਣ ਮਿਲਾ ਕੇ ਬਣਾਈ ਹੋਈ ਆਚਾਰਨੁਮਾ ਡਿਸ਼) ਤੋਂ ਲੈ ਕੇ ਸਲਾਮੀ ਤੱਕ, ਜੈਤੂਨ ਤੋਂ ਲੈ ਕੇ ਬ੍ਰੈੱਡ ਤੱਕ, ਪਨੀਰ ਤੋਂ ਕਿਮਚੀ (ਖਮੀਰੀਕ੍ਰਿਤ ਕੱਟੀਆਂ ਹੋਈਆਂ ਸਬਜ਼ੀਆਂ ਦੀ ਡਿਸ਼) ਤੱਕ ਖਮੀਰੀਕ੍ਰਿਤ ਭੋਜਨਾਂ ਪਦਾਰਥਾਂ ਦੇ ਵਿਕਾਸ ਦਾ ਵਾਧਾ ਕਰਨ ਵਿੱਚ ਮਦਦ ਕੀਤੀ।

ਅੱਜ, ਲੂਣ ਸਰਵ-ਵਿਆਪਕ ਹੋ ਗਿਆ ਹੈ ਅਤੇ ਵਧ ਰਹੇ ਪ੍ਰੋਸੈਸਡ ਭੋਜਨ ਵਿੱਚ ਇਹ ਬਹੁਤ ਜ਼ਿਆਦਾ ਅਹਿਮ ਹੋ ਗਿਆ ਹੈ।

ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਬਹੁਤ ਜ਼ਿਆਦਾ ਲੂਣ ਖਾਸ ਤੌਰ 'ਤੇ ਬਹੁਤ ਸਾਰੇ ਪ੍ਰੋਸੈਸਡ ਭੋਜਨਾਂ ਦੇ ਸੁਆਦ ਨੂੰ ਸੁਰੱਖਿਅਤ ਰੱਖਣ ਅਤੇ ਵਧਾਉਣ ਲਈ ਮਿਲਾਇਆ ਗਿਆ (ਸੋਡੀਅਮ ਕਲੋਰਾਈਡ) ਲੋਕਾਂ ਨੂੰ ਬਿਮਾਰ ਕਰ ਰਿਹਾ ਹੈ।

ਇਹ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ ਅਤੇ ਦਿਲ ਦੇ ਦੌਰੇ ਅਤੇ ਸਟ੍ਰੋਕ ਵਿੱਚ ਯੋਗਦਾਨ ਪਾ ਸਕਦਾ ਹੈ।

ਇਹ ਪੇਟ ਦੇ ਕੈਂਸਰ, ਮੇਨੀਅਰ ਦੀ ਬਿਮਾਰੀ (ਸਤੁੰਲਨ ਵਿਕਾਰ), ਓਸਟੀਓਪੋਰੋਸਿਸ (ਹੱਡੀਆਂ ਦੀ ਬਿਮਾਰੀ) ਅਤੇ ਮੋਟਾਪੇ ਦੇ ਵਧਣ ਦੇ ਜੋਖਮ ਨਾਲ ਵੀ ਜੁੜਿਆ ਹੋਇਆ ਹੈ।

ਇੱਕ ਅਜਿਹਾ ਪਦਾਰਥ ਜਿਸ ਨੂੰ ਕਦੇ ਸੋਨੇ ਦੇ ਬਰਾਬਰ ਮੰਨਿਆ ਜਾਂਦਾ ਸੀ, ਉਹ ਉਸ ਪਦਾਰਥ ਵਿੱਚ ਕਿਵੇਂ ਬਦਲ ਗਿਆ ਜਿਸ ਨੂੰ ਕਈ ਮੈਡੀਕਲ ਸੰਸਥਾਵਾਂ ਬਿਮਾਰੀ ਦਾ ਮੁੱਖ ਕਾਰਨ ਮੰਨਦੀਆਂ ਹਨ?

ਲੂਣ ਦੇ ਕਾਰੋਬਾਰੀਆਂ ਦੇ ਜੁੱਟ ਕੋਲ ਇਸ ਸਵਾਲ ਦਾ ਜਵਾਬ ਹੋ ਸਕਦਾ ਹੈ।

ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਗੈਸਟ੍ਰੋਐਂਟਰੌਲੋਜਿਸਟ (ਪਾਚਨਤੰਤਰ ਮਾਹਿਰ) ਅਤੇ ਖੋਜ ਵਿਗਿਆਨੀ ਹੋਣ ਦੇ ਨਾਤੇ, ਮੈਂ ਇਸ ਖਿਲਾਫ਼ ਵਧ ਰਹੇ ਸਬੂਤ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਤੁਹਾਡੀਆਂ ਅੰਤੜੀਆਂ ਦੇ ਗਹਿਰੇ ਸੂਖਮ ਜੀਵ ਵੀ ਇਸ ਗੱਲ 'ਤੇ ਕੁਝ ਰੌਸ਼ਨੀ ਪਾ ਸਕਣ ਕਿ ਲੂਣ ਕਿਵੇਂ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਬਲੱਡ ਪ੍ਰੈਸ਼ਰ

ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਵਿੱਚ ਸੋਡੀਅਮ ਦੀ ਭੂਮਿਕਾ ਮੁੱਖ ਤੌਰ 'ਤੇ ਇਸ ਲਈ ਹੈ ਕਿਉਂਕਿ ਇਹ ਖੂਨ ਦੀਆਂ ਨਾੜੀਆਂ ਦੇ ਅੰਦਰ ਪਾਣੀ ਦੀ ਮਾਤਰਾ ਨੂੰ ਨਿਯੰਤ੍ਰਿਤ ਕਰਦਾ ਹੈ।

ਸੌਖੇ ਸ਼ਬਦਾਂ ਵਿੱਚ ਖੂਨ ਵਿੱਚ ਜਿੰਨਾ ਜ਼ਿਆਦਾ ਸੋਡੀਅਮ ਹੁੰਦਾ ਹੈ, ਉਹ ਓਨਾ ਹੀ ਜ਼ਿਆਦਾ ਪਾਣੀ ਖੂਨ ਦੀਆਂ ਨਾੜੀਆਂ ਵਿੱਚ ਖਿੱਚਦਾ ਹੈ।

ਇਸ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਬਾਅਦ ਵਿੱਚ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਕੁਝ ਲੋਕ ਬਲੱਡ ਪ੍ਰੈਸ਼ਰ ’ਤੇ ਲੂਣ ਦੇ ਪ੍ਰਭਾਵਾਂ ਪ੍ਰਤੀ ਘੱਟ ਜਾਂ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹਨ।

ਹਾਲੀਆ ਖੋਜ ਤੋਂ ਪਤਾ ਲੱਗਿਆ ਹੈ ਕਿ ਲੂਣ ਅੰਤੜੀਆਂ ਦੇ ਮਾਈਕ੍ਰੋਬਾਇਓਮ (ਉੱਲੀ/ਫੰਗੀ, ਬੈਕਟੀਰੀਆ ਅਤੇ ਵਾਇਰਸ ਵਰਗੇ ਸੂਖਮ ਜੀਵ))ਨੂੰ ਬਦਲ ਕੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ।

ਲੂਣ ਸਿਹਤਮੰਦ ਰੋਗਾਣੂਆਂ ਅਤੇ ਫਾਈਬਰ ਤੋਂ ਪੈਦਾ ਹੋਣ ਵਾਲੇ ਮੁੱਖ ਮੈਟਾਬੋਲਾਈਟਸ (ਯਾਨੀ ਭੋਜਨ ਪਦਾਰਥਾਂ, ਰਸਾਇਣਾਂ, ਦਵਾਈਆਂ ਆਦਿ ਨੂੰ ਪਚਣ ਤੋਂ ਬਾਅਦ ਬਣਨ ਵਾਲੀ ਚਰਬੀ ਜਾਂ ਮਾਸਪੇਸ਼ੀ ਟਿਸ਼ੂ ਆਦਿ) ਵਿੱਚ ਕਮੀ ਦਾ ਕਾਰਨ ਬਣਦਾ ਹੈ।

ਇਹ ਮੈਟਾਬੋਲਾਈਟਸ ਖੂਨ ਦੀਆਂ ਨਾੜੀਆਂ ਵਿੱਚ ਸੋਜ ਨੂੰ ਘੱਟ ਕਰਦੇ ਹਨ ਅਤੇ ਉਨ੍ਹਾਂ ਨੂੰ ਆਰਾਮ ਦਿੰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

ਲੂਣ ਵਿੱਚ ਪ੍ਰਫੁੱਲਤ ਹੋਣ ਵਾਲੇ ਕੁਝ ਜੀਵਾਂ ਜਿਨ੍ਹਾਂ ਨੂੰ ਹੈਲੋਫਾਈਲ ਕਿਹਾ ਜਾਂਦਾ ਹੈ, ਨੂੰ ਛੱਡ ਕੇ ਲੂਣ ਦਾ ਜ਼ਿਆਦਾ ਪੱਧਰ ਲਗਭਗ ਕਿਸੇ ਵੀ ਰੋਗਾਣੂ ਲਈ ਜ਼ਹਿਰ ਹੋ ਸਕਦਾਹੈ, ਇੱਥੋਂ ਤੱਕ ਕਿ ਜਿਨ੍ਹਾਂ ਨੂੰ ਤੁਹਾਡਾ ਸਰੀਰ ਆਪਣੇ ਆਲੇ-ਦੁਆਲੇ ਰੱਖਣਾ ਚਾਹੁੰਦਾ ਹੈ, ਉਨ੍ਹਾਂ ਲਈ ਵੀ।

ਇਸੇ ਕਰਕੇ ਲੋਕ ਲੰਬੇ ਸਮੇਂ ਤੋਂ ਭੋਜਨ ਨੂੰ ਸੁਰੱਖਿਅਤ ਰੱਖਣ ਅਤੇ ਅਣਚਾਹੇ ਬੈਕਟੀਰੀਆ ਨੂੰ ਦੂਰ ਰੱਖਣ ਲਈ ਲੂਣ ਦੀ ਵਰਤੋਂ ਕਰਦੇ ਆ ਰਹੇ ਹਨ।

ਪਰ ਆਧੁਨਿਕ ਭੋਜਨ ਪਦਾਰਥਾਂ ਵਿੱਚ ਅਕਸਰ ਬਹੁਤ ਜ਼ਿਆਦਾ ਸੋਡੀਅਮ ਦੀ ਮਾਤਰਾ ਹੁੰਦੀ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਦੀ ਔਸਤ ਬਾਲਗ ਲਈ ਪ੍ਰਤੀ ਦਿਨ ਸਹੀ ਖਪਤ 2,000ਮਿਲੀਗ੍ਰਾਮ ਤੋਂ ਘੱਟ ਹੈ।

4,310 ਮਿਲੀਗ੍ਰਾਮ ਸੋਡੀਅਮ ਦੀ ਵਿਸ਼ਵਵਿਆਪੀ ਔਸਤ ਮਾਤਰਾ ਨੇ ਸੰਭਾਵਤ ਤੌਰ ’ਤੇ ਅੰਤੜੀਆਂ ਵਿੱਚ ਲੂਣ ਦੀ ਮਾਤਰਾ ਨੂੰ ਇਸ ਦੇ ਸਿਹਤਮੰਦ ਪੱਧਰ ਤੋਂ ਉੱਪਰ ਵਧਾ ਦਿੱਤਾ ਹੈ।

ਮੋਟਾਪੇ ਦਾ ਕਾਰਨ

ਸੋਡੀਅਮ ਬਲੱਡ ਪ੍ਰੈਸ਼ਰ ਤੋਂ ਇਲਾਵਾ ਹੋਰ ਸਿਹਤ ਨਤੀਜਿਆਂ ਨਾਲ ਜੁੜਿਆ ਹੋਇਆ ਹੈ, ਅਤੇ ਤੁਹਾਡਾ ਮਾਈਕ੍ਰੋਬਾਇਓਮ ਵੀ ਇੱਥੇ ਇੱਕ ਭੂਮਿਕਾ ਨਿਭਾ ਸਕਦਾ ਹੈ।

ਜ਼ਿਆਦਾ ਸੋਡੀਅਮ ਵਾਲਾ ਭੋਜਨ ਅਤੇ ਮਲ ਵਿੱਚ ਸੋਡੀਅਮ ਦੇ ਜ਼ਿਆਦਾ ਪੱਧਰਾਂ ਨੂੰ ਹਾਈ ਬਲੱਡ ਸ਼ੂਗਰ, ਫੈਟੀ ਲਿਵਰ ਦੀ ਬਿਮਾਰੀ ਅਤੇ ਭਾਰ ਵਧਣਾ ਸਮੇਤ ਪਾਚਕ ਵਿਕਾਰ ਨਾਲ ਮਹੱਤਵਪੂਰਨ ਤੌਰ ’ਤੇ ਜੋੜਿਆ ਜਾਂਦਾ ਹੈ।

ਅਸਲ ਵਿੱਚ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਭੋਜਨ ਵਿੱਚ ਸੋਡੀਅਮ ਦੇ ਰੋਜ਼ਾਨਾ ਵਾਧੇ ਦੇ ਹਰ ਗ੍ਰਾਮ ਨਾਲ ਮੋਟਾਪੇ ਦਾ ਖਤਰਾ 15% ਵਧ ਜਾਂਦਾ ਹੈ।

ਯੂਐੱਸ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇੱਕ ਮਿਆਰੀ ਭੋਜਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੇ ਦੋ ਹਫ਼ਤਿਆਂ ਤੱਕ ਅਲਟਰਾ-ਪ੍ਰੋਸੈਸਡ ਭੋਜਨ ਪਦਾਰਥਾਂ ਦਾ ਸੇਵਨ ਕੀਤਾ, ਉਨ੍ਹਾਂ ਨੇ ਲਗਭਗ 500 ਜ਼ਿਆਦਾ ਕੈਲੋਰੀ ਦੀ ਖਪਤ ਕੀਤੀ।

ਘੱਟ ਪ੍ਰੋਸੈਸਡ ਭੋਜਨ ਪਦਾਰਥਾਂ ਦਾ ਸੇਵਨ ਕਰਨ ਵਾਲਿਆਂ ਦੇ ਮੁਕਾਬਲੇ ਉਨ੍ਹਾਂ ਦਾ ਵਜ਼ਨ ਲਗਭਗ 1 ਕਿਲੋਗ੍ਰਾਮ ਵੱਧ ਸੀ।

ਇਨ੍ਹਾਂ ਦੋਵੇਂ ਤਰ੍ਹਾਂ ਦੇ ਭੋਜਨ ਪਦਾਰਥਾਂ ਦੇ ਸੇਵਨ ਦਾ ਸਭ ਤੋਂ ਵੱਡਾ ਅੰਤਰ ਅਲਟਰਾ-ਪ੍ਰੋਸੈਸਡ ਭੋਜਨ ਦੇ ਨਾਲ 1.2 ਗ੍ਰਾਮ ਸੋਡੀਅਮ ਦੀ ਵਾਧੂ ਖਪਤ ਸੀ।

ਕੈਲੋਰੀ ਨਾ ਹੋਣ ਦੇ ਬਾਵਜੂਦ ਵਧਿਆ ਹੋਇਆ ਲੂਣ ਭਾਰ ਵਧਣ ਦਾ ਕਾਰਨ ਕਿਉਂ ਬਣ ਸਕਦਾ ਹੈ, ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸੋਡੀਅਮ ਖਾਣ ਦੀ ਲਾਲਸਾ ਨੂੰ ਵਧਾਉਂਦਾ ਹੈ।

ਜਦੋਂ ਸੋਡੀਅਮ ਨੂੰ ਸਾਧਾਰਨ ਸ਼ੂਗਰ ਅਤੇ ਗੈਰ-ਸਿਹਤਮੰਦ ਚਰਬੀ ਨਾਲ ਮਿਲਾਇਆ ਜਾਂਦਾ ਹੈ, ਤਾਂ ਇਨ੍ਹਾਂ ਅਖੌਤੀ ਬਹੁਤ ਜ਼ਿਆਦਾ ਸੁਆਦੀ ਭੋਜਨ ਪਦਾਰਥਾਂ ਨਾਲ ਚਰਬੀ ਵਧ ਸਕਦੀ ਹੈ।

ਅਜਿਹਾ ਇਸ ਲਈ ਕਿਉਂਕਿ ਇਹ ਦਿਮਾਗ਼ ਵਿੱਚ ਰਿਵਾਰਡ ਕੇਂਦਰਾਂ ਨੂੰ ਉਤੇਜਿਤ ਕਰਨ ਅਤੇ ਖਾਣ-ਪੀਣ ਦੀ ਲਤ ਵਰਗੇ ਵਿਹਾਰ ਨੂੰ ਉਤੇਜਿਤ ਕਰਨ ਵਿੱਚ ਖਾਸ ਤੌਰ ’ਤੇ ਚੰਗੇ ਹੁੰਦੇ ਹਨ।

ਲੂਣ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਪਾਸੇ ਕਰਕੇ ਖਾਣ ਦੀ ਲਾਲਸਾ ਨਾਲ ਵੀ ਸਬੰਧਤ ਹੋ ਸਕਦਾ ਹੈ।

ਮਾਈਕਰੋਬਾਇਓਮ ਮੈਟਾਬੋਲਾਈਟਸ ਭਾਰ ਘਟਾਉਣ ਵਾਲੀਆਂ ਦਵਾਈਆਂ ਵੇਗੋਵੀ ਅਤੇ ਓਜ਼ੈਂਪਿਕ ਅੰਤੜੀਆਂ ਦੇ ਹਾਰਮੋਨ ਜੀਐੱਲਪੀ-1 (GLP-1) ਨੂੰ ਕੁਦਰਤੀ ਪ੍ਰਕਿਰਿਆ ਰਾਹੀਂ ਉਤਪੰਨ ਕਰਨ ਲਈ ਉਤੇਜਿਤ ਕਰਦੀਆਂ ਹਨ।

ਜੀਐੱਲਪੀ-1 (GLP-1) ਰਾਹੀਂ ਇੱਕ ਸਿਹਤਮੰਦ ਮਾਈਕ੍ਰੋਬਾਇਓਮ ਭੁੱਖ, ਬਲੱਡ ਸ਼ੂਗਰ ਦੇ ਪੱਧਰਾਂ ਅਤੇ ਚਰਬੀ ਦੇ ਰੂਪ ਵਿੱਚ ਊਰਜਾ ਨੂੰ ਸਾੜਨ ਜਾਂ ਸਟੋਰ ਕਰਨ ਦੇ ਸਰੀਰ ਦੇ ਫੈਸਲੇ ਨੂੰ ਕੰਟਰੋਲ ਕਰ ਸਕਦਾ ਹੈ।

ਬਹੁਤ ਜ਼ਿਆਦਾ ਲੂਣ ਇਸ ਦੇ ਉਤਪੰਨ ਹੋਣ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।

ਪਾਚਕ ਰੋਗਾਂ 'ਤੇ ਲੂਣ ਦੇ ਪ੍ਰਭਾਵ ਲਈ ਅਲੱਗ ਅਲੱਗ ਪੱਧਰ ਦੇ ਸਬੂਤਾਂ ਦੇ ਨਾਲ ਹੋਰ ਵਿਆਖਿਆਵਾਂ ਵਿੱਚ ਸ਼ੂਗਰ ਨੂੰ ਜਜ਼ਬ ਕਰਨ ਵਿੱਚ ਵਾਧਾ, ਅੰਤੜੀਆਂ ਤੋਂ ਪ੍ਰਾਪਤ ਕੋਰਟੀਕੋਸਟੀਰੋਇਡਜ਼ ਵਿੱਚ ਵਾਧਾ ਅਤੇ ਫਰੂਟੋਜ਼ ਨਾਮਕ ਸ਼ੂਗਰ ਸ਼ਾਮਲ ਹੈ ਜਿਸ ਨਾਲ ਸਰੀਰ ਵਿੱਚ ਚਰਬੀ ਇਕੱਠੀ ਹੋ ਸਕਦੀ ਹੈ ਅਤੇ ਤਾਪਮਾਨ ਦੇ ਉਤਪਾਦਨ ਲਈ ਊਰਜਾ ਦੀ ਵਰਤੋਂ ਵਿੱਚ ਕਮੀ ਆ ਸਕਦੀ ਹੈ।

ਸਮੁੰਦਰੀ ਪਾਣੀ ਨੂੰ ਲੂਣ ਰਹਿਤ ਕਰਨ ਵਾਲੇ ਦੇਸ਼

ਜਦੋਂ ਕਿ ਕਈ ਦੇਸ਼ ਰਾਸ਼ਟਰੀ ਪੱਧਰ ’ਤੇ ਲੂਣ ਦੀ ਖਪਤ ਘਟਾਉਣ ਦੀਆਂ ਪਹਿਲਕਦਮੀਆਂ ਨੂੰ ਲਾਗੂ ਕਰ ਰਹੇ ਹਨ, ਤਾਂ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੋਡੀਅਮ ਦੀ ਖਪਤ ਲਗਾਤਾਰ ਵਧ ਰਹੀ ਹੈ।

ਖਾਸ ਤੌਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਖੁਰਾਕੀ ਲੂਣ ਨੂੰ ਘਟਾਉਣਾ ਲਗਾਤਾਰ ਪੱਛੜ ਰਿਹਾ ਹੈ, ਜਦੋਂ ਕਿ ਬਹੁਤ ਸਾਰੇ ਯੂਰਪੀਅਨ ਦੇਸ਼ਾਂ ਨੇ ਪੈਕੇਜਿੰਗ 'ਤੇ ਲੂਣ ਸਮੱਗਰੀ ਦੀ ਬਿਹਤਰ ਲੇਬਲਿੰਗ, ਲੂਣ ਨੂੰ ਸੀਮਤ ਕਰਨ ਲਈ ਭੋਜਨ ਸੁਧਾਰ ਵਰਗੀਆਂ ਪਹਿਲਕਦਮੀਆਂ ਕਰਕੇ ਘੱਟ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਨਾਲ ਘੱਟ ਮੌਤਾਂ ਹੋਣ ਵਰਗੇ ਲਾਭ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਹਨ।

ਇੱਥੋਂ ਤੱਕ ਕਿ ਉਨ੍ਹਾਂ ਨੇ ਲੂਣ ਟੈਕਸ ਲਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਦੇਸ਼ਾਂ ਵਿਚਕਾਰ ਫਾਸਟ ਫੂਡ ਉਤਪਾਦਾਂ ਲਈ ਪੋਸ਼ਣ ਸਬੰਧੀ ਡੇਟਾ ਦੀ ਤੁਲਨਾ ਕਰਨ ਨਾਲ ਕਾਫ਼ੀ ਅੰਤਰਾਂ ਦਾ ਪਤਾ ਲੱਗਦਾ ਹੈ।

ਉਦਾਹਰਨ ਲਈ, ਸੰਯੁਕਤ ਰਾਜ ਅਮਰੀਕਾ ਵਿੱਚ ਮੈਕਡੋਨਲਡ ਦੇ ਚਿਕਨ ਨਗੇਟਸ ਜ਼ਿਆਦਾ ਨਮਕੀਨ ਹਨ ਅਤੇ ਇੱਥੋਂ ਤੱਕ ਕਿ ਅਮਰੀਕੀ ਕੋਕਾ-ਕੋਲਾ ਵਿੱਚ ਵੀ ਨਮਕ ਹੁੰਦਾ ਹੈ, ਇਹ ਇੱਕ ਅਜਿਹੀ ਸਮੱਗਰੀ ਹੈ ਜੋ ਕਿ ਦੂਜੇ ਦੇਸ਼ਾਂ ਵਿੱਚ ਮੌਜੂਦ ਨਹੀਂ ਹੈ।

ਅਮਰੀਕਾ ਵਿੱਚ ਲੂਣ ਉਦਯੋਗ ਇਸ ਸਬੰਧ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਉਨ੍ਹਾਂ ਨੇ 2010 ਦੇ ਦਹਾਕੇ ਵਿੱਚ ਲੂਣ 'ਤੇ ਸਰਕਾਰੀ ਨਿਯਮਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਜ਼ੋਰ ਪਾਇਆ। ਬਿਲਕੁਲ ਉਸੇ ਤਰ੍ਹਾਂ ਜਿਵੇਂ 1980 ਦੇ ਦਹਾਕੇ ਵਿੱਚ ਤੰਬਾਕੂ ਉਦਯੋਗ ਨੇ ਸਿਗਰੇਟ ’ਤੇ ਪਾਬੰਦੀ ਲਾਉਣ ਸਮੇਂ ਪਾਇਆ ਸੀ।

ਨਮਕੀਨ ਭੋਜਨ ਪਦਾਰਥ ਖ਼ੂਬ ਵਿਕਦੇ ਹਨ।

ਲੂਣ ਉਦਯੋਗ ਦੀਆਂ ਕਈ ਸਾਲਾਂ ਤੋਂ ਬੰਦ ਹੋ ਚੁੱਕੀਆਂ ਮੁੱਖ ਆਵਾਜ਼ਾਂ ਵਿੱਚੋਂ ਇੱਕ, ਸਾਲਟ ਇੰਸਟੀਚਿਊਟ ਨੇ ਲੂਣ ਕਾਰਨ ਪੈਦਾ ਹੁੰਦੇ ਖਤਰੇ ਦੇ ਘੱਟ ਮਾਮਲਿਆਂ 'ਤੇ ਜ਼ੋਰ ਦੇ ਕੇ ਭੋਜਨ ਪਦਾਰਥਾਂ ਵਿੱਚ ਲੂਣ ਦੀ ਕਟੌਤੀ ਦੇ ਮਹੱਤਵ ਬਾਰੇ ਜਨਤਕ ਸਿਹਤ ਸੰਦੇਸ਼ਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ, ਜਿਸ ਰਾਹੀਂ ਦਰਸਾਇਆ ਕਿ ਲੂਣ ਨਾ ਖਾਣਾ ਖਤਰਨਾਕ ਹੋ ਸਕਦਾ ਹੈ।

ਪਰ ਸਮੁੱਚੇ ਭੋਜਨ ਵਿੱਚ ਲੂਣ ਨੂੰ ਘਟਾਉਣ ਦੀ ਲੋੜ ਦੇ ਸਬੂਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੰਸਥਾਵਾਂ ਇਸ ’ਤੇ ਪ੍ਰਤੀਕਿਰਿਆ ਦੇ ਰਹੀਆਂ ਹਨ।

2021 ਵਿੱਚ ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਵਪਾਰਕ ਤੌਰ 'ਤੇ ਤਿਆਰ ਕੀਤੇ ਅਤੇ ਪ੍ਰੋਸੈਸ ਕੀਤੇ ਭੋਜਨ ਪਦਾਰਥਾਂ ਵਿੱਚ ਲੂਣ ਦੀ ਸਵੈਇੱਛੁਕ ਤੌਰ ’ਤੇ ਹੌਲੀ-ਹੌਲੀ ਕਮੀ ਕਰਨ ਲਈ ਸਬੰਧਿਤ ਉਦਯੋਗ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਸਾਲਟ ਇੰਸਟੀਚਿਊਟ 2019 ਵਿੱਚ ਭੰਗ ਹੋ ਗਿਆ। ਹੋਰ ਸੰਸਥਾਵਾਂ, ਜਿਵੇਂ ਕਿ ਅਮਰੀਕਨ ਫ੍ਰੋਜ਼ਨ ਫੂਡਜ਼ ਇੰਸਟੀਚਿਊਟ ਅਤੇ ਕਾਰਗਿਲ ਵਰਗੇ ਮੁੱਖ ਸਮੱਗਰੀ ਸਪਲਾਇਰ ਭੋਜਨ ਪਦਾਰਥਾਂ ਵਿੱਚ ਲੂਣ ਨੂੰ ਘਟਾਉਣ ਲਈ ਸਹਿਮਤ ਹਨ।

ਸੋਡੀਅਮ ਅਤੇ ਪੋਟਾਸ਼ੀਅਮ ਦਾ ਸੰਤੁਲਨ ਜ਼ਰੂਰੀ

ਤੁਸੀਂ ਆਪਣੇ ਲੂਣ ਦੇ ਸੇਵਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਨੂੰ ਚੰਗੀ ਤਰ੍ਹਾਂ ਪੋਸ਼ਣ ਕਿਵੇਂ ਦੇ ਸਕਦੇ ਹੋ? ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਪਦਾਰਥਾਂ ਦੀ ਖਪਤ ਨੂੰ ਸੀਮਤ ਕਰਕੇ ਇਸ ਦੀ ਸ਼ੁਰੂਆਤ ਕਰੋ: ਨਮਕੀਨ ਮੀਟ (ਜਿਵੇਂ ਕਿ ਫਾਸਟ ਫੂਡ ਅਤੇ ਪ੍ਰੀਜ਼ਰਵਡ ਮੀਟ), ਨਮਕੀਨ ਭੋਜਨ (ਜਿਵੇਂ ਕਰੈਕਰਜ਼ ਅਤੇ ਚਿਪਸ) ਅਤੇ ਨਮਕੀਨ ਸਨੈਕਸ (ਜਿਵੇਂ ਸੋਢਾ, ਮਸਾਲੇ ਅਤੇ ਬਰੈੱਡ)।

ਅਮਰੀਕਾ ਵਿੱਚ ਮੌਜੂਦਾ ਸਮੇਂ ਭੋਜਨ ਪਦਾਰਥਾਂ ਵਿੱਚ 70% ਤੱਕ ਨਮਕ ਪੈਕਡ ਕੀਤੇ ਅਤੇ ਪ੍ਰੋਸੈਸਡ ਭੋਜਨ ਪਦਾਰਥਾਂ ਤੋਂ ਖਪਤ ਕੀਤਾ ਜਾਂਦਾ ਹੈ।

ਇਸ ਦੀ ਬਜਾਏ, ਘੱਟ ਸੋਡੀਅਮ ਅਤੇ ਘੱਟ ਸ਼ੂਗਰ ਅਤੇ ਜ਼ਿਆਦਾ ਪੋਟਾਸ਼ੀਅਮ ਅਤੇ ਫਾਈਬਰ ਵਾਲੇ ਭੋਜਨਾਂ ਦੀ ਖਪਤ ’ਤੇ ਧਿਆਨ ਕੇਂਦਰਤ ਕਰੋ, ਜਿਵੇਂ ਕਿ ਗੈਰ-ਪ੍ਰੋਸੈਸਡ ਪੌਦਿਆਂ ਤੋਂ ਪ੍ਰਾਪਤ ਭੋਜਨ: ਫਲੀਆਂ, ਗਿਰੀਆਂ, ਬੀਜ, ਸਾਬਤ ਅਨਾਜ, ਫਲ ਅਤੇ ਸਬਜ਼ੀਆਂ। ਜਦੋਂਕਿ ਖਮੀਰ ਕੀਤੇ ਭੋਜਨ ਵਿੱਚ ਆਮ ਤੌਰ 'ਤੇ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਸ਼ਾਰਟ-ਚੇਨ ਫੈਟੀ ਐਸਿਡ, ਫਾਈਬਰ, ਪੌਲੀਫੇਨੋਲ ਅਤੇ ਪੋਟਾਸ਼ੀਅਮ ਦੇ ਜ਼ਿਆਦਾ ਪੱਧਰਾਂ ਕਾਰਨ ਵੀ ਇਹ ਇੱਕ ਸਿਹਤਮੰਦ ਵਿਕਲਪ ਹੋ ਸਕਦੇ ਹਨ।

ਅੰਤ ਵਿੱਚ ਕਹਿ ਸਕਦੇ ਹਾਂ ਕਿ ਭੋਜਨ ਪਦਾਰਥਾਂ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦੇ ਸੰਤੁਲਨ 'ਤੇ ਵਿਚਾਰ ਕਰੋ। ਜਦੋਂ ਕਿ ਸੋਡੀਅਮ ਖੂਨ ਦੀਆਂ ਨਾੜੀਆਂ ਵਿੱਚ ਤਰਲ ਪਦਾਰਥ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ, ਉੱਥੇ ਹੀ ਪੋਟਾਸ਼ੀਅਮ ਸੈੱਲਾਂ ਵਿੱਚ ਤਰਲ ਪਦਾਰਥ ਬਣਾ ਕੇ ਰੱਖਣ ਵਿੱਚ ਮਦਦ ਕਰਦਾ ਹੈ।

ਭੋਜਨ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਦਾ ਸੇਵਨ ਸੰਤੁਲਿਤ ਅਨੁਪਾਤ ਵਿੱਚ ਕਰਨਾ ਸਭ ਤੋਂ ਵਧੀਆ ਹੈ।

ਹਾਲਾਂਕਿ ਇਨ੍ਹਾਂ ਸਾਰੀਆਂ ਸਲਾਹਾਂ ਦਾ ਪਾਲਣ ਲੂਣ ਦੇ ਥੋੜ੍ਹੇ ਸੇਵਨ ਨਾਲ ਕਰਨਾ ਚੰਗਾ ਹੈ, ਫਿਰ ਤੁਹਾਡਾ ਮਾਈਕ੍ਰੋਬਾਇਓਮ ਲੂਣ ਦੀ ਖਪਤ ਪ੍ਰਤੀ ਸਾਵਧਾਨੀ ਵਰਤਣ ਲਈ ਤੁਹਾਡਾ ਸ਼ੁਕਰਗੁਜ਼ਾਰ ਹੋਵੇਗਾ।

*ਕ੍ਰਿਸਟੋਫਰ ਡੈਮਨ ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਨ ਵਿੱਚ ਗੈਸਟ੍ਰੋਐਂਟਰੌਲੋਜੀ ਦੇ ਐਸੋਸੀਏਟ ਪ੍ਰੋਫੈਸਰ ਹਨ। ਇਹ ਲੇਖ ਦਿ ਕਨਵਰਸੇਸ਼ਨ 'ਤੇ ਪ੍ਰਕਾਸ਼ਿਤ ਹੋਇਆ ਹੈ। ਤੁਸੀਂ ਇਸ ਦਾ ਅੰਗਰੇਜ਼ੀ ਵਿੱਚ ਮੂਲ ਸੰਸਕਰਣ ਇੱਥੇ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)