ਸੈਕਸ ਸਕੈਂਡਲ, ਜਿਸ ਵਿੱਚੋਂ ਨਿਕਲੀ ਸਿਆਸਤ ਨੇ ਇੰਦਰਾ ਗਾਂਧੀ ਦੀ ਸੱਤਾ ’ਚ ਵਾਪਸੀ ਤੈਅ ਕੀਤੀ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

1977 ਦੀਆਂ ਚੋਣਾਂ ’ਚ ਹਾਰ ਮਿਲਣ ਤੋਂ ਮਹਿਜ ਚਾਰ ਮਹੀਨਿਆਂ ਬਾਅਦ ਹੀ ਇੰਦਰਾ ਗਾਂਧੀ ਹਾਰ ਦੇ ਸਦਮੇ ’ਚੋਂ ਬਾਹਰ ਆ ਗਏ ਸਨ। ਜਨਤਾ ਸਰਕਾਰ ਨੂੰ ਬਹੁਤ ਸਾਰੇ ਮੌਕੇ ਮਿਲਣ ਦੇ ਬਾਵਜੂਦ ਵੀ ਉਨ੍ਹਾਂ ਨੇ ਇੱਕ ਵੀ ਮੌਕੇ ਨੂੰ ਆਪਣੇ ਹੱਕ ’ਚ ਤਬਦੀਲ ਨਾ ਕੀਤਾ।

ਮੋਰਾਰਜੀ ਦੇਸਾਈ, ਜਗਜੀਵਨ ਰਾਮ ਅਤੇ ਚਰਨ ਸਿੰਘ ਤਿੰਨੋਂ ਹੀ ਇਸ ਸਰਕਾਰ ਨੂੰ ਵੱਖ-ਵੱਖ ਦਿਸ਼ਾਵਾਂ ’ਚ ਲੈ ਜਾਣ ’ਚ ਜੁਟ ਗਏ ਸਨ ਅਤੇ ਉਨ੍ਹਾਂ ਨੇ ਥਾਲੀ ’ਚ ਪਰੋਸ ਕੇ ਇੰਦਰਾ ਗਾਂਧੀ ਨੂੰ ਮੁੜ ਸੱਤਾ ’ਚ ਵਾਪਸੀ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਇੰਦਰਾ ਗਾਂਧੀ ਨੂੰ ਸਿਆਸੀ ਵਾਪਸੀ ਦਾ ਪਹਿਲਾ ਮੌਕਾ ਉਸ ਸਮੇਂ ਮਿਲਿਆ ਜਦੋਂ ਮਈ 1977 ’ਚ ਬਿਹਾਰ ਦੇ ਬੇਲਛੀ ਪਿੰਡ ’ਚ ਉੱਚ ਜਾਤੀ ਦੇ ਜ਼ਿਮੀਂਦਾਰਾਂ ਨੇ 10 ਤੋਂ ਵੱਧ ਦਲਿਤ ਲੋਕਾਂ ਦਾ ਕਤਲ ਕਰ ਦਿੱਤਾ ਸੀ।

ਜਿਸ ਸਮੇਂ ਇਹ ਘਟਨਾ ਵਾਪਰੀ, ਉਦੋਂ ਬਹੁਤ ਹੀ ਘੱਟ ਲੋਕਾਂ ਦਾ ਧਿਆਨ ਇਸ ਵੱਲ ਗਿਆ ਪਰ ਜੁਲਾਈ ਮਹੀਨੇ ਇੰਦਰਾ ਗਾਂਧੀ ਨੇ ਉੱਥੋਂ ਦੇ ਦਲਿਤਾਂ ਪ੍ਰਤੀ ਹਮਦਰਦੀ ਜਤਾਉਣ ਲਈ ਉੱਥੇ ਜਾਣ ਦਾ ਫ਼ੈਸਲਾ ਕੀਤਾ।

ਹਾਲ ਹੀ ’ਚ ਪ੍ਰਕਾਸ਼ਿਤ ਕਿਤਾਬ ‘ਹਾਓ ਪ੍ਰਾਈਮ ਮਿਨਿਸਟਰਸ ਡਿਸਾਇਡ’ ਦੀ ਲੇਖਿਕਾ ਨੀਰਜਾ ਚੌਧਰੀ ਦੱਸਦੇ ਹਨ, “ ਉਸ ਸਮੇਂ ਪੂਰੇ ਬਿਹਾਰ ’ਚ ਭਾਰੀ ਮੀਂਹ ਪੈ ਰਿਹਾ ਸੀ। ਬੇਲਛੀ ਪਿੰਡ ਦਾ ਪੂਰਾ ਰਾਹ ਚਿੱਕੜ ਨਾਲ ਭਰਿਆ ਪਿਆ ਸੀ ਅਤੇ ਚਾਰੇ ਪਾਸੇ ਹੜ੍ਹਾਂ ਦਾ ਪਾਣੀ ਫੈਲਿਆ ਹੋਇਆ ਸੀ।”

“ਅੱਧ ਰਸਤੇ ਹੀ ਇੰਦਰਾ ਗਾਂਧੀ ਨੂੰ ਆਪਣੀ ਗੱਡੀ ਛੱਡਣੀ ਪਈ ਸੀ, ਪਰ ਉਨ੍ਹਾਂ ਨੇ ਆਪਣਾ ਦੌਰਾ ਰੋਕਿਆ ਨਹੀਂ। ਉਹ ਹਾਥੀ ’ਤੇ ਸਵਾਰ ਹੋ ਕੇ ਹੜ੍ਹ ਪ੍ਰਭਾਵਿਤ ਪਿੰਡ ਬੇਲਛੀ ਤੱਕ ਪਹੁੰਚੀ। ਅਖ਼ਬਾਰਾਂ ’ਚ ਹਾਥੀ ’ਤੇ ਸਵਾਰ ਇੰਦਰਾ ਗਾਂਧੀ ਦੀ ਤਸਵੀਰ ਨਾਲ ਇਹ ਸੁਨੇਹਾ ਗਿਆ ਕਿ ਉਹ ਅਜੇ ਵੀ ਮੁਕਾਬਲੇ ’ਚ ਡਟੇ ਹੋਏ ਹਨ।”

ਹਾਥੀ ਦੀ ਪਿੱਠ ’ਤੇ ਸਾਢੇ ਤਿੰਨ ਘੰਟੇ ਦਾ ਕੀਤਾ ਸਫ਼ਰ

ਕਾਂਗਰਸੀ ਆਗੂ ਕੇਦਾਰ ਪਾਂਡੇ ਨੇ ਕਿਹਾ ਕਿ ਬੇਲਛੀ ਪਿੰਡ ਤੱਕ ਕੋਈ ਕਾਰ ਨਹੀਂ ਪਹੁੰਚ ਸਕਦੀ ਹੈ। ਇਸ ਦੇ ਜਵਾਬ ’ਚ ਇੰਦਰਾ ਗਾਂਧੀ ਨੇ ਕਿਹਾ ਕਿ ਅਸੀਂ ਪੈਦਲ ਹੀ ਜਾਵਾਂਗੇ, ਭਾਵੇਂ ਸਾਨੂੰ ਪੂਰੀ ਰਾਤ ਹੀ ਚੱਲਣਾ ਕਿਉਂ ਨਾ ਪਵੇ।

ਜਿਵੇਂ ਕਿ ਅੰਦਾਜ਼ਾ ਸੀ, ਉਂਝ ਹੀ ਹੋਇਆ। ਇੰਦਰਾ ਗਾਂਧੀ ਦੀ ਜੀਪ ਚਿੱਕੜ ’ਚ ਫਸ ਗਈ । ਜੀਪ ਨੂੰ ਚਿੱਕੜ ’ਚੋਂ ਬਾਹਰ ਕੱਢਣ ਲਈ ਇੱਕ ਟਰੈਕਟਰ ਲਿਆਂਦਾ ਗਿਆ ਪਰ ਉਹ ਵੀ ਚਿੱਕੜ ’ਚ ਫਸ ਗਿਆ।

ਇੰਦਰਾ ਗਾਂਧੀ ਨੇ ਆਪਣੀ ਸਾੜੀ ਗੋਡਿਆਂ ਤੱਕ ਚੁੱਕੀ ਅਤੇ ਸੜਕਾਂ ’ਤੇ ਭਰੇ ਪਾਣੀ ਵਿਚਾਲੇ ਹੀ ਤੁਰਨਾ ਸ਼ੁਰੂ ਕਰ ਦਿੱਤਾ। ਫਿਰ ਉਸ ਇਲਾਕੇ ਦੇ ਇੱਕ ਵਿਅਕਤੀ ਨੇ ਉੱਥੇ ਇੱਕ ਹਾਥੀ ਭੇਜ ਦਿੱਤਾ।

ਇੰਦਰਾ ਗਾਂਧੀ ਉਸ ਹਾਥੀ ’ਤੇ ਸਵਾਰ ਹੋ ਗਏ। ਉਨ੍ਹਾਂ ਦੇ ਪਿੱਛੇ-ਪਿੱਛੇ ਪ੍ਰਤਿਭਾ ਸਿੰਘ ਵੀ ਡਰਦੇ ਹੋਏ ਚੜ੍ਹ ਗਈ। ਉਨ੍ਹਾਂ ਨੇ ਇੰਦਰਾ ਦੀ ਪਿੱਠ ਨੂੰ ਕੱਸ ਕੇ ਫੜ ਲਿਆ।

ਇੰਦਰਾ ਗਾਂਧੀ ਨੇ ਉੱਥੋਂ ਬੇਲਛੀ ਤੱਕ ਦਾ ਸਾਢੇ ਤਿੰਨ ਘੰਟਿਆਂ ਦਾ ਸਫ਼ਰ ਹਾਥੀ ਦੀ ਪਿੱਠ ’ਤੇ ਹੀ ਬੈਠ ਕੇ ਤੈਅ ਕੀਤਾ। ਅੱਧੀ ਰਾਤ ਨੂੰ ਉਥੋਂ ਪਰਤਦੇ ਹੋਏ ਇੰਦਰਾ ਗਾਂਧੀ ਨੇ ਸੜਕ ਕੰਢੇ ਇੱਕ ਸਕੂਲ ’ਚ ਭਾਸ਼ਣ ਵੀ ਦਿੱਤਾ।

ਬੇਲਛੀ ਦੇ ਦਲਿਤ ਵਰਗ ਨੇ ਇੰਦਰਾਂ ਗਾਂਧੀ ਨੂੰ ਹੱਥੋਂ ਹੱਥ ਲਿਆ। ਇੰਦਰਾ ਗਾਂਧੀ ਨੇ ਉੱਥੇ ਬੈਠ ਕੇ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ, “ ਮੈਂ ਹਾਂ ਨਾ।”

ਇੰਦਰਾ ਗਾਂਧੀ ਦੀ ਬੇਲਛੀ ਪਿੰਡ ਦੀ ਯਾਤਰਾ ਦਾ ਜ਼ਿਕਰ ਮਸ਼ਹੂਰ ਪੱਤਰਕਾਰ ਜਨਾਰਦਨ ਠਾਕੁਰ ਨੇ ਵੀ ਆਪਣੀ ਕਿਤਾਬ ‘ਇੰਦਰਾ ਗਾਂਧੀ ਐਂਡ ਦਿ ਪਾਵਰ’ ’ਚ ਕੀਤਾ ਹੈ।

ਠਾਕੁਰ ਆਪਣੀ ਕਿਤਾਬ ’ਚ ਲਿਖਦੇ ਹਨ, “ਇੰਦਰਾ ਗਾਂਧੀ ਦੇ ਨਾਲ ਕੇਦਾਰ ਪਾਂਡੇ, ਪ੍ਰਤਿਭਾ ਸਿੰਘ, ਸਰੋਜ ਖਾਪਰਡੇ ਅਤੇ ਜਗਨਨਾਥ ਮਿਸ਼ਰਾ ਵੀ ਗਏ ਸਨ।

  • ਨੀਰਜਾ ਚੌਧਰੀ ਦੱਸਦੇ ਹਨ ਮੁਤਾਬਕ, ਸੁਰੇਸ਼ ਰਾਮ ਪੋਲਾਰਾਈਡ ਕੈਮਰੇ ਨਾਲ ਨੰਗੀਆਂ ਤਸਵੀਰਾਂ ਖਿੱਚਦੇ ਹੁੰਦੇ ਸਨ।
  • ਇਹ ਤਸਵੀਰਾਂ ਉਨ੍ਹਾਂ ਨੂੰ ਸੁਰੇਸ਼ ਰਾਮ ਦੀ ਉਸ ਕਾਰ ’ਚੋਂ ਮਿਲੀਆਂ ਜਿਸ ਨੂੰ ਕਿ ਉਹ ਚਲਾ ਰਹੇ ਸਨ।
  • ਤਸਵੀਰਾਂ ਮਿਲਦੇ ਹੀ ਉਨ੍ਹਾਂ ਨੇ ਸਾਰੀਆਂ ਤਸਵੀਰਾਂ ਆਪਣੇ ਆਗੂ ਰਾਜਨਾਰਾਇਣ ਕੋਲ ਪਹੁੰਚਾ ਦਿੱਤੀਆਂ।
  • ਅਗਲੇ ਹੀ ਦਿਨ ਰਾਜਨਾਰਾਇਣ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਘਟਨਾ ਦਾ ਵੇਰਵਾ ਦਿੱਤਾ।
  • ਰਾਜਨਾਰਾਇਣ ਕੋਲ ਸੁਰੇਸ਼ ਰਾਮ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀਆਂ ਲਗਭਗ 40-50 ਤਸਵੀਰਾਂ ਸਨ।
  • ਮੇਨਕਾ ਗਾਂਧੀ ਨੇ ਤਸਵੀਰਾਂ ਆਪਣੀ ਮੈਗਜ਼ੀਨ ’ਚ ਕੀਤੀਆਂ ਪ੍ਰਕਾਸ਼ਿਤ

ਪਟਨਾ ’ਚ ਜੇਪੀ ਨਾ ਮੁਲਾਕਾਤ

ਅਗਲੇ ਦਿਨ ਇੰਦਰਾ ਗਾਂਧੀ, ਜੇਪੀ ਨੂੰ ਮਿਲਣ ਲਈ ਪਟਨਾ ਦੇ ਕਦਮਕੁਆਨ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਗਏ। ਉਸ ਸਮੇਂ ਇੰਦਰਾ ਗਾਂਧੀ ਨੇ ਚਿੱਟੇ ਰੰਗ ਦੀ ਕਿਨਾਰੇਦਾਰ ਸਾੜੀ ਪਾਈ ਹੋਈ ਸੀ।

ਸਰਵੋਦਿਆ ਆਗੂ ਨਿਰਮਲਾ ਦੇਸ਼ਪਾਂਡੇ ਵੀ ਉਨ੍ਹਾਂ ਦੇ ਨਾਲ ਹੀ ਸਨ। ਜੇਪੀ ਉਨ੍ਹਾਂ ਨੂੰ ਆਪਣੇ ਛੋਟੇ ਜਿਹੇ ਕਮਰੇ ’ਚ ਲੈ ਗਏ, ਜਿੱਥੇ ਇੱਕ ਮੰਜਾ ਅਤੇ ਦੋ ਕੁਰਸੀਆਂ ਪਈਆਂ ਹੋਈਆਂ ਸਨ।

ਇਸ ਮੁਲਾਕਾਤ ਦੌਰਾਨ ਇੰਦਰਾ ਗਾਂਧੀ ਨੇ ਜੇਪੀ ਨਾਲ ਨਾ ਹੀ ਰਾਜਨੀਤੀ ਸਬੰਧੀ ਕੋਈ ਗੱਲਬਾਤ ਕੀਤੀ ਅਤੇ ਨਾ ਹੀ ਉਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਜਿੰਨ੍ਹਾਂ ਦਾ ਸਾਹਮਣਾ ਉਹ ਉਸ ਸਮੇਂ ਕਰ ਰਹੇ ਸਨ।

ਇੰਦਰਾ ਗਾਂਧੀ ਅਤੇ ਜੇਪੀ ਦੀ ਮੁਲਾਕਾਤ ਤੋਂ ਪਹਿਲਾਂ ਸੰਜੇ ਗਾਂਧੀ ਦੀ ਪਤਨੀ ਮੇਨਕਾ ਵੀ ਜੇਪੀ ਨਾਲ ਮੁਲਾਕਾਤ ਕਰ ਚੁੱਕੇ ਸਨ। ਉਨ੍ਹਾਂ ਨੇ ਜੇਪੀ ਅੱਗੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਡਾਕ ਵੀ ਖੋਲ੍ਹ ਕੇ ਪੜ੍ਹੀ ਜਾ ਰਹੀ ਹੈ।

ਜੇਪੀ ਇਹ ਸਭ ਸੁਣ ਕੇ ਬਹੁਤ ਨਾਰਾਜ਼ ਹੋਏ ਸਨ। ਮੇਨਕਾ ਦੇ ਜਾਣ ਤੋਂ ਬਾਅਦ ਜੇਪੀ ਦੇ ਇੱਕ ਸਹਿਯੋਗੀ ਆਪਣੇ ਆਪ ਨੂੰ ਇਹ ਕਹਿਣ ਤੋਂ ਨਾ ਰੋਕ ਸਕੇ ਕਿ ਇੰਦਰਾ ਨੇ ਵੀ ਤਾਂ ਆਪਣੇ ਵਿਰੋਧੀਆਂ ਨਾਲ ਇਹ ਸਭ ਕੁਝ ਕੀਤਾ ਸੀ।

ਇਸ ’ਤੇ ਜੇਪੀ ਦਾ ਜਵਾਬ ਸੀ, “ ਪਰ ਹੁਣ ਦੇਸ਼ ’ਚ ਲੋਕਤੰਤਰ ਬਹਾਲ ਹੋ ਗਿਆ ਹੈ।”

ਇੰਦਰਾ ਅਤੇ ਜੇਪੀ ਵਿਚਾਲੇ 50 ਮਿੰਟਾਂ ਤੱਕ ਬੈਠਕ ਚੱਲੀ। ਨੀਰਜਾ ਚੌਧਰੀ ਦੱਸਦੇ ਹਨ, “ਜੇਪੀ ਇੰਦਰਾ ਗਾਂਧੀ ਨੂੰ ਛੱਡਣ ਲਈ ਪੌੜੀਆਂ ਤੱਕ ਆਏ ਸਨ।”

ਜਦੋਂ ਬਾਹਰ ਖੜ੍ਹੇ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕੀ ਗੱਲਬਾਤ ਕੀਤੀ ਤਾਂ ਇੰਦਰਾ ਗਾਂਧੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਇਹ ਇੱਕ ਨਿੱਜੀ ਮੁਲਾਕਾਤ ਸੀ।

ਜਦੋਂ ਪੱਤਰਕਾਰ ਜੇਪੀ ਕੋਲ ਉਨ੍ਹਾਂ ਦੀ ਟਿੱਪਣੀ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ, “ਮੈਂ ਇੰਦਰਾ ਨੂੰ ਕਿਹਾ ਹੈ ਕਿ ਜਿੰਨਾ ਤੁਹਾਡਾ ਅਤੀਤ ਉੱਜਵਲ ਰਿਹਾ ਹੈ, ਉਸੇ ਤਰ੍ਹਾਂ ਤੁਹਾਡਾ ਭਵਿੱਖ ਵੀ ਉੱਜਵਲ ਹੋਵੇ।”

ਜਿਵੇਂ ਹੀ ਇਹ ਖ਼ਬਰ ਬਾਹਰ ਆਈ ਤਾਂ ਜਨਤਾ ਪਾਰਟੀ ਦੇ ਕਈ ਆਗੂ ਬੇਚੈਨ ਹੋ ਗਏ। ਕੁਲਦੀਪ ਨਈਅਰ ਨੇ ਤਾਂ ਨਾਰਾਜ਼ ਹੋ ਕੇ ਜੇਪੀ ਦੇ ਸਹਿਯੋਗੀ ਕੁਮਾਰ ਪ੍ਰਸ਼ਾਂਤ ਨੂੰ ਪੁੱਛਿਆ, “ਜੇਪੀ ਨੇ ਇੰਦਰਾ ਦੇ ਬਾਰੇ ’ਚ ਅਜਿਹਾ ਕਿਉਂ ਕਿਹਾ? ਉਨ੍ਹਾਂ ਦਾ ਅਤੀਤ ਤਾਂ ਇੱਕ ਕਾਲਾ ਅਧਿਆਏ ਸੀ, ਉੱਜਵਲ ਤਾਂ ਬਿਲਕੁਲ ਵੀ ਨਹੀਂ ਸੀ।”

ਜਦੋਂ ਕੁਮਾਰ ਪ੍ਰਸ਼ਾਂਤ ਨੇ ਇਹ ਸੁਨੇਹਾ ਜੇਪੀ ਤੱਕ ਪਹੁੰਚਾਇਆ ਤਾਂ ਉਨ੍ਹਾਂ ਨੇ ਪੁੱਛਿਆ, “ਘਰ ਆਏ ਨੂੰ ਦੁਆ ਹੀ ਦਿੱਤੀ ਜਾਂਦੀ ਹੈ, ਜਾਂ ਫਿਰ ਬਦਦੁਆ ਦੇਣੀ ਚਾਹੀਦੀ ਹੈ?”

ਨੀਰਜਾ ਚੌਧਰੀ ਕਹਿੰਦੇ ਹਨ, “ਜੇਪੀ ਦੀ ਇਸ ਟਿੱਪਣੀ ਨੂੰ ਇਸ ਸੰਦਰਭ ’ਚ ਵੀ ਵੇਖਿਆ ਜਾਣਾ ਚਾਹੀਦਾ ਹੈ ਕਿ ਉਦੋਂ ਤੱਕ ਜੇਪੀ ਦਾ ਜਨਤਾ ਪਾਰਟੀ ਦੇ ਆਗੂਆਂ ਤੋਂ ਮੋਹ ਭੰਗ ਹੋ ਚੁੱਕਿਆ ਸੀ ਅਤੇ ਉਹ ਇੰਦਰਾ ਗਾਂਧੀ ਨਾਲੋਂ ਵਧੇਰੇ ਉਨ੍ਹਾਂ ਤੋਂ ਨਾਰਾਜ਼ ਸਨ।”

ਰਾਜਨਾਰਾਇਣ ਅਤੇ ਸੰਜੇ ਗਾਂਧੀ ਦੀਆਂ ਮੁਲਾਕਾਤਾਂ

ਇੰਦਰਾ ਗਾਂਧੀ ਨੂੰ ਵਾਪਸੀ ਕਰਨ ਦਾ ਤੀਜਾ ਮੌਕਾ ਉਸ ਸਮੇਂ ਮਿਲਿਆ ਜਦੋਂ ਚੋਣਾਂ ’ਚ ਉਨ੍ਹਾਂ ਨੂੰ ਮਾਤ ਦੇਣ ਵਾਲੇ ਰਾਜਨਾਰਾਇਣ ਨੂੰ ਮਹਿਸੂਸ ਹੋਇਆ ਕਿ ਜਨਤਾ ਪਾਰਟੀ ਦੀ ਸਰਕਾਰ ’ਚ ਉਨ੍ਹਾਂ ਨੂੰ ਉਹ ਰੁਤਬਾ ਨਹੀਂ ਮਿਲਿਆ ਹੈ, ਜਿਸ ਦੇ ਉਹ ਹੱਕਦਾਰ ਸਨ।

ਉਨ੍ਹਾਂ ਨੇ ਮੋਰਾਰਜੀ ਦੇਸਾਈ ਵੱਲੋਂ ਉਨ੍ਹਾਂ ਨੂੰ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਕਦੇ ਵੀ ਮੋਰਾਰਜੀ ਦੇਸਾਈ ਨੂੰ ਮੁਆਫ਼ ਨਹੀਂ ਕੀਤਾ।

ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਇੰਦਰਾ ਗਾਂਧੀ ਖੁਦ ਤਾਂ ਉਨ੍ਹਾਂ ਨੂੰ ਨਹੀਂ ਮਿਲੀ ਪਰ ਉਨ੍ਹਾਂ ਨੇ ਆਪਣੇ ਪੁੱਤਰ ਸੰਜੇ ਗਾਂਧੀ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਭੇਜਿਆ।

ਮੋਹਨ ਮੇਕੇਂਸ ਦੇ ਮਾਲਕ ਕਪਿਲ ਮੋਹਨ ਦੇ ਪੂਸਾ ਰੋਡ ਸਥਿਤ ਘਰ ’ਚ ਉਨ੍ਹਾਂ ਦੋਵਾਂ ਦਰਮਿਆਨ ਮੁਲਾਕਾਤਾਂ ਹੋਣ ਲੱਗੀਆਂ।

ਕਮਲਨਾਥ ਜਾਂ ਅਕਬਰ ਅਹਿਮਦ ਡੰਪੀ, ਸੰਜੇ ਗਾਂਧੀ ਨੂੰ ਆਪਣੀ ਕਾਰ ’ਚ ਬਿਠਾ ਕੇ ਰਾਜਨਾਰਾਇਣ ਨੂੰ ਮਿਲਾਉਣ ਲਈ ਲੈ ਕੇ ਜਾਂਦੇ ਸਨ।

ਇਨ੍ਹਾਂ ਬੈਠਕਾਂ ’ਚ ਮੋਰਾਰਜੀ ਦੇਸਾਈ ਦੀ ਸਰਕਾਰ ਨੂੰ ਭੰਗ ਕਰਨ ਅਤੇ ਚੌਧਰੀ ਚਰਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਰਣਨੀਤੀ ’ਤੇ ਚਰਚਾ ਹੁੰਦੀ ਸੀ।

ਦੋਵੇਂ ਇਸ ਗੱਲ ਤੋਂ ਜਾਣੂ ਸਨ ਕਿ ਚਰਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਉਨ੍ਹਾਂ ਨੂੰ ਪਹਿਲਾਂ ਜਨਤਾ ਪਾਰਟੀ ਨੂੰ ਤੋੜਨਾ ਪਵੇਗਾ।

ਨੀਰਜਾ ਚੌਧਰੀ ਲਿਖਦੇ ਹਨ, “ਇੱਕ ਦਿਨ ਰਾਜਨਾਰਾਇਣ ਨੂੰ ਖੁਸ਼ ਕਰਨ ਲਈ ਸੰਜੇ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਵੀ ਪ੍ਰਧਾਨ ਮੰਤਰੀ ਬਣ ਸਕਦੇ ਹੋ। ਰਾਜਨਾਰਾਇਣ ਨੇ ਸਿਰ ਤਾਂ ਹਿਲਾਇਆ ਪਰ ਉਹ ਸੰਜੇ ਗਾਂਧੀ ਦੀ ਚਾਲ ’ਚ ਨਹੀਂ ਫਸੇ। ਉਨ੍ਹਾਂ ਨੇ ਕਿਹਾ, ਇਹ ਸਹੀ ਹੈ, ਪਰ ਫਿਲਹਾਲ ਚੌਧਰੀ ਸਾਹਬ ਨੂੰ ਹੀ ਪ੍ਰਧਾਨ ਮੰਤਰੀ ਬਣ ਜਾਣ ਦਿਓ।”

ਜਗਜੀਵਨ ਰਾਮ ਦੇ ਪੁੱਤਰ ਦਾ ਸੈਕਸ ਸਕੈਂਡਲ

1978 ਦੇ ਅੰਤ ਤੱਕ ਕਿਸਮਤ ਨੇ ਇੱਕ ਵਾਰ ਫਿਰ ਇੰਦਰਾ ਗਾਂਧੀ ਦਾ ਸਾਥ ਦਿੱਤਾ। 21 ਅਗਸਤ, 1978 ਨੂੰ ਗਾਜ਼ੀਆਬਾਦ ਦੇ ਮੋਹਨ ਨਗਰ ’ਚ ਮੋਹਨ ਮੇਕੇਂਸ ਦੇ ਕਾਰਖਾਨੇ ਦੇ ਬਾਹਰ ਇੱਕ ਕਾਰ ਹਾਦਸਾ ਵਾਪਰਿਆ।

ਉਹ ਇੱਕ ਮਰਸਡੀਜ਼ ਕਾਰ ਸੀ, ਜਿਸ ਨੇ ਕਿ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਸੀ ਅਤੇ ਉਸ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।

ਕਾਰ ਦੇ ਅੰਦਰ ਬੈਠੇ ਵਿਅਕਤੀ ਨੇ ਇਸ ਡਰ ਨਾਲ ਕਿ ਕਿਤੇ ਲੋਕ ਉਸ ਦੀ ਕੁੱਟਮਾਰ ਨਾ ਕਰਨ ਲੱਗ ਜਾਣ, ਉਸ ਨੇ ਆਪਣੀ ਕਾਰ ਮੋਹਨ ਮੇਕੇਂਸ ਦੇ ਗੇਟ ਅੰਦਰ ਵਾੜ ਦਿੱਤੀ। ਗੇਟ ’ਤੇ ਮੌਜੂਦ ਸੁਰੱਖਿਆ ਮੁਲਾਜ਼ਮ ਨੇ ਅੰਦਰ ਫੋਨ ਕਰਕੇ ਕਾਰ ਹਾਦਸੇ ਦੀ ਜਾਣਕਾਰੀ ਦਿੱਤੀ।

ਕਪਿਲ ਮੋਹਨ ਦੇ ਭਤੀਜੇ ਅਨਿਲ ਬਾਲੀ ਬਾਹਰ ਆਏ ਅਤੇ ਉਨ੍ਹਾਂ ਨੇ ਕਾਰ ’ਚ ਬੈਠੇ ਵਿਅਕਤੀ ਨੂੰ ਪਛਾਣ ਲਿਆ।

ਉਹ ਰੱਖਿਆ ਮੰਤਰੀ ਜਗਜੀਵਨ ਰਾਮ ਦੇ ਬੇਟੇ ਸੁਰੇਸ਼ ਰਾਮ ਸਨ। ਉਨ੍ਹਾਂ ਨੇ ਅਨਿਲ ਬਾਲੀ ਨੂੰ ਦੱਸਿਆ ਕਿ ਉਨ੍ਹਾਂ ਦੀ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਸੀ।

ਕਾਰ ਦਾ ਪਿੱਛਾ ਕਰ ਰਹੇ ਸਨ ਰਾਜਨਾਰਾਇਣ ਦੇ ਦੋ ਚੇਲੇ ਅਤੇ ਜਨਤਾ ਪਾਰਟੀ ਦੇ ਵਰਕਰ ਕੇਸੀ ਤਿਆਗੀ ਅਤੇ ਓਮਪਾਲ ਸਿੰਘ।

ਅਨਿਲ ਬਾਲੀ ਨੇ ਆਪਣੀ ਕੰਪਨੀ ਦੀ ਕਾਰ ਰਾਹੀਂ ਉਨ੍ਹਾਂ ਨੂੰ ਘਰ ਭੇਜ ਦਿੱਤਾ।

ਅਗਲੇ ਦਿਨ ਸੁਰੇਸ਼ ਰਾਮ ਨੇ ਕਸ਼ਮੀਰੀ ਗੇਟ ਪੁਲਿਸ ਥਾਣੇ ’ਚ ਐੱਫਆਈਆਰ ਦਰਜ ਕਰਵਾਈ ਅਤੇ ਬਾਲੀ ਨੂੰ ਦੱਸੀ ਕਹਾਣੀ ਤੋਂ ਬਿਲਕੁਲ ਉਲਟ ਕੁਝ ਹੋਰ ਕਹਾਣੀ ਬਿਆਨ ਕੀਤੀ।

ਉਨ੍ਹਾਂ ਨੇ ਕਿਹਾ ਕਿ 20 ਅਗਸਤ ਨੂੰ ਲਗਭਗ ਇੱਕ ਦਰਜਨ ਦੇ ਕਰੀਬ ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ।

ਉਹ ਉਨ੍ਹਾਂ ਨੂੰ ਜ਼ਬਰਦਸਤੀ ਮੋਦੀਨਗਰ ਲੈ ਗਏ ਸਨ, ਜਿੱਥੇ ਉਨ੍ਹਾਂ ਤੋਂ ਜ਼ਬਰਦਸਤੀ ਕੁਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਏ ਗਏ। ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਹ ਬੇਹੋਸ਼ ਹੋ ਗਏ।

ਜਦੋਂ ਉਹ ਹੋਸ਼ ’ਚ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਕਾਰ ’ਚ ਬੈਠੀ ਔਰਤ ਨਾਲ ਇਤਰਾਜ਼ਯੋਗ ਤਸੀਵਰਾਂ ਖਿੱਚ ਲਈਆਂ ਹਨ।

ਤਸਵੀਰਾਂ ਰਾਜਨਾਰਾਇਣ ਦੇ ਹੱਥ ਲੱਗੀਆਂ

ਨੀਰਜਾ ਚੌਧਰੀ ਦੱਸਦੇ ਹਨ, “ਓਮਪਾਲ ਸਿੰਘ ਅਤੇ ਕੇਸੀ ਤਿਆਗੀ ਕਈ ਦਿਨਾਂ ਤੋਂ ਸੁਰੇਸ਼ ਰਾਮ ਦਾ ਪਿੱਛਾ ਕਰ ਰਹੇ ਸਨ, ਕਿਉਂਕਿ ਉਹ ਕਈ ਗਤੀਵਿਧੀਆਂ ’ਚ ਸ਼ਾਮਲ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸੁਰੇਸ਼ ਰਾਮ ਦੀ ਦਿੱਲੀ ਕਾਲਜ ’ਚ ਇੱਕ ਵਿਦਿਆਰਥਣ ਗਰਲਫ੍ਰੈਂਡ ਹੁੰਦੀ ਸੀ।”

“ਉਹ ਪੋਲਾਰਾਈਡ ਕੈਮਰੇ ਨਾਲ ਉਸ ਦੀਆਂ ਨੰਗੀਆਂ ਤਸਵੀਰਾਂ ਖਿੱਚਦੇ ਹੁੰਦੇ ਸਨ। ਇਨ੍ਹਾਂ ਦੋਵਾਂ ਦੀ ਪੂਰੀ ਕੋਸ਼ਿਸ਼ ਸੀ ਕਿ ਸੁਰੇਸ਼ ਰਾਮ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀਆਂ ਤਸਵੀਰਾਂ ਉਨ੍ਹਾਂ ਦੇ ਹੱਥ ਲੱਗ ਜਾਣ।”

ਇਹ ਤਸਵੀਰਾਂ ਉਨ੍ਹਾਂ ਨੂੰ ਸੁਰੇਸ਼ ਰਾਮ ਦੀ ਉਸ ਕਾਰ ’ਚੋਂ ਮਿਲੀਆਂ ਜਿਸ ਨੂੰ ਕਿ ਉਹ ਚਲਾ ਰਹੇ ਸਨ।

ਤਸਵੀਰਾਂ ਮਿਲਦੇ ਹੀ ਉਨ੍ਹਾਂ ਨੇ ਸਾਰੀਆਂ ਤਸਵੀਰਾਂ ਆਪਣੇ ਆਗੂ ਰਾਜਨਾਰਾਇਣ ਕੋਲ ਪਹੁੰਚਾ ਦਿੱਤੀਆਂ।

ਉਸੇ ਰਾਤ ਜਗਜੀਵਨ ਰਾਮ, ਰਾਜਨਾਰਾਇਣ ਨੂੰ ਮਿਲਣ ਲਈ ਕਪਿਲ ਮੋਹਨ ਦੇ ਘਰ ਆਏ ਸਨ। ਦੋਵਾਂ ਵਿਚਾਲੇ ਲਗਭਗ 20 ਮਿੰਟ ਤੱਕ ਗੱਲਬਾਤ ਹੁੰਦੀ ਰਹੀ।

ਗੱਲਬਾਤ ਦਾ ਕੋਈ ਸਾਰਥਕ ਅੰਜਾਮ ਨਾ ਨਿਕਲਿਆ ਅਤੇ ਜਗਜੀਵਨ ਰਾਮ ਰਾਤ ਦੇ 11:45 ਵਜੇ ਆਪਣੇ ਘਰ ਵਾਪਸ ਪਰਤ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਰਾਜਨਾਰਾਇਣ ਨੇ ਕਪਿਲ ਮੋਹਨ ਨੂੰ ਕਿਹਾ, “ਹੁਣ ਇਹ ਕਾਬੂ ਆਏ ਹਨ।”

ਅਗਲੇ ਹੀ ਦਿਨ ਰਾਜਨਾਰਾਇਣ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਘਟਨਾ ਦਾ ਵੇਰਵਾ ਦਿੱਤਾ।

ਪੱਤਰਕਾਰ ਫ਼ਰਜ਼ੰਦ ਅਹਿਮਦ ਅਤੇ ਅਰੁਲ ਲੁਈਸ ਨੇ ਇੰਡੀਆ ਟੂਡੇ ਦੇ 15 ਸਤੰਬਰ, 1978 ਦੇ ਅੰਕ ’ਚ ਲਿਖਿਆ , “ਰਾਜਨਾਰਾਇਣ ਤੋਂ ਪੁੱਛਿਆ ਗਿਆ ਕਿ ਓਮਪਾਲ ਸਿੰਘ ਨੂੰ ਉਹ ਤਸਵੀਰਾਂ ਕਿਵੇਂ ਮਿਲੀਆਂ?”

“ਰਾਜਨਾਰਾਇਣ ਨੇ ਦੱਸਿਆ ਕਿ ਓਮਪਾਲ ਸਿੰਘ ਨੇ ਸੁਰੇਸ਼ ਰਾਮ ਤੋਂ ਸਿਗਰਟ ਮੰਗੀ। ਜਦੋਂ ਉਨ੍ਹਾਂ ਨੇ ਸਿਗਰਟ ਦੇਣ ਲਈ ਆਪਣੀ ਕਾਰ ਦਾ ਗਲਬ ਬੋਕਸ ਖੋਲ੍ਹਿਆ ਤਾਂ ਸਿਗਰਟ ਦੇ ਪੈਕੇਟ ਦੇ ਨਾਲ ਉਹ ਤਸਵੀਰਾਂ ਵੀ ਹੇਠਾਂ ਡਿੱਗ ਗਈਆਂ।”

“ ਓਮਪਾਲ ਸਿੰਘ ਨੇ ਉਹ ਤਸਵੀਰਾਂ ਚੁੱਕ ਲਈਆਂ ਅਤੇ ਸੁਰੇਸ਼ ਰਾਮ ਨੂੰ ਵਾਪਸ ਨਹੀਂ ਕੀਤੀਆਂ। ਹਾਲਾਂਕਿ ਤਸਵੀਰਾਂ ਵਾਪਸ ਕਰਨ ਲਈ ਸੁਰੇਸ਼ ਰਾਮ ਨੇ ਉਨ੍ਹਾਂ ਨੂੰ ਪੈਸਿਆਂ ਦੀ ਪੇਸ਼ਕਸ਼ ਵੀ ਕੀਤੀ।”

ਤਸਵੀਰਾਂ ਸੰਜੇ ਗਾਂਧੀ ਕੋਲ ਪਹੁੰਚੀਆਂ

ਰਾਜਨਾਰਾਇਣ ਕੋਲ ਸੁਰੇਸ਼ ਰਾਮ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀਆਂ ਲਗਭਗ 40-50 ਤਸਵੀਰਾਂ ਸਨ। ਉਨ੍ਹਾਂ ਨੇ ਤਕਰੀਬਨ 15 ਤਸਵੀਰਾਂ ਕਪਿਲ ਮੋਹਨ ਨੂੰ ਦੇ ਦਿੱਤੀਆਂ ਸਨ ਅਤੇ ਬਾਕੀ ਆਪਣੇ ਕੋਲ ਹੀ ਰੱਖ ਲਈਆਂ ਸਨ।

ਨੀਰਜਾ ਚੌਧਰੀ ਅੱਗੇ ਦੱਸਦੇ ਹਨ, “ ਜਿਵੇਂ ਹੀ ਰਾਜਨਾਰਾਇਣ ਆਪਣੇ ਘਰ ਗਏ, ਕਪਿਲ ਮੋਹਨ ਨੇ ਤੁਰੰਤ ਆਪਣੇ ਭਤੀਜੇ ਅਨਿਲ ਬਾਲੀ ਨੂੰ ਕਿਹਾ ਕਿ ਇਹ ਤਸਵੀਰਾਂ ਜਲਦੀ ਤੋਂ ਜਲਦੀ ਸੰਜੇ ਗਾਂਧੀ ਕੋਲ ਲੈ ਜਾਓ।"

"ਬਾਲੀ 12 ਵਲਿੰਗਟਨ ਕ੍ਰੇਸ਼ੈਂਟ ਰੋਡ ਰਾਤ ਦੇ 11 ਵਜੇ ਪਹੁੰਚੇ ਅਤੇ ਸੰਜੇ ਗਾਂਧੀ ਉਸ ਸਮੇਂ ਸੌਣ ਲਈ ਜਾ ਚੁੱਕੇ ਸਨ। ਉਨ੍ਹਾਂ ਨੂੰ ਜਗਾਇਆ ਗਿਆ।”

ਸੰਜੇ ਗਾਂਧੀ ਨੇ ਕਿਹਾ, “ ਇਹ ਕੋਈ ਆਉਣ ਦਾ ਸਮਾਂ ਹੈ। ਬਾਲੀ ਨੇ ਸੁਰੇਸ਼ ਰਾਮ ਦੀਆਂ ਤਸਵੀਰਾਂ ਉਨ੍ਹਾਂ ਦੇ ਹਵਾਲੇ ਕੀਤੀਆਂ। ਸੰਜੇ ਗਾਂਧੀ ਬਿਨਾਂ ਕੁਝ ਬੋਲੇ ਹੀ ਘਰ ਦੇ ਅੰਦਰ ਗਏ ਅਤੇ ਇੰਦਰਾਂ ਗਾਧੀ ਨੂੰ ਜਗਾਇਆ।”

ਅਗਲੇ ਦਿਨ ਯਾਨਿ ਕਿ 22 ਅਗਸਤ ਨੂੰ ਸਵੇਰੇ 9 ਵਜੇ ਜਨਤਾ ਪਾਰਟੀ ਦੇ ਸੰਸਦ ਮੈਂਬਰ ਕ੍ਰਿਸ਼ਨਕਾਂਤ ਦੇ ਟੈਲੀਗ੍ਰਾਫ ਲੇਨ ਸਥਿਤ ਘਰ ਦਾ ਫੋਨ ਵੱਜਿਆ। ਦੂਜੇ ਪਾਸੇ ਜਗਜੀਵਨ ਰਾਮ ਸਨ।

ਫੋਨ ਰੱਖਦਿਆਂ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ, “ ਇੱਕ ਹੋਰ ਬੇਟੇ ਨੇ ਆਪਣੇ ਪਿਉ ਨੂੰ ਡੋਬ ਦਿੱਤਾ ਹੈ।”

ਮੇਨਕਾ ਗਾਂਧੀ ਨੇ ਤਸਵੀਰਾਂ ਆਪਣੀ ਮੈਗਜ਼ੀਨ ’ਚ ਕੀਤੀਆਂ ਪ੍ਰਕਾਸ਼ਿਤ

10 ਮਿੰਟ ਬਾਅਦ ਰੱਖਿਆ ਮੰਤਰੀ ਦੀ ਸਰਕਾਰੀ ਕਾਰ ਕ੍ਰਿਸ਼ਨ ਕਾਂਤ ਦੇ ਘਰ ਦੇ ਬਾਹਰ ਆ ਕੇ ਰੁਕੀ।

ਉਹ ਉਸ ਕਾਰ ’ਚ ਬੈਠ ਕੇ ਕ੍ਰਿਸ਼ਨ ਮੇਨਨ ਮਾਰਗ ਸਥਿਤ ਜਗਜੀਵਨ ਰਾਮ ਦੇ ਘਰ ਗਏ। ਜਗਜੀਵਨ ਰਾਮ ਨੇ ਕਮਰੇ ’ਚ ਮੌਜੂਦ ਸਾਰੇ ਹੀ ਲੋਕਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ।

ਨੀਰਜਾ ਚੌਧਰੀ ਲਿਖਦੇ ਹਨ, "ਜਦੋਂ ਉਹ ਕਮਰੇ ’ਚ ਇੱਕਲੇ ਰਹਿ ਗਏ ਤਾਂ ਜਗਜੀਵਨ ਰਾਮ ਆਪਣੀ ਥਾਂ ਤੋਂ ਉੱਠੇ ਅਤੇ ਉਨ੍ਹਾਂ ਨੇ ਆਪਣੀ ਟੋਪੀ ਕ੍ਰਿਸ਼ਨ ਕਾਂਤ ਦੇ ਪੈਰਾਂ ’ਚ ਰੱਖਦੇ ਹੋਏ ਕਿਹਾ, ਹੁਣ ਮੇਰੀ ਇੱਜ਼ਤ ਤੁਹਾਡੇ ਹੱਥ ’ਚ ਹੈ।”

ਕ੍ਰਿਸ਼ਨ ਕਾਂਤ ਨੇ ਮੀਡੀਆ ’ਚ ਆਪਣੇ ਸੰਪਰਕਾਂ ਦੇ ਜ਼ਰੀਏ ਜਗਜੀਵਨ ਰਾਮ ਦੀ ਮਦਦ ਕਰਨ ਦਾ ਯਤਨ ਕੀਤਾ।

ਇੰਡੀਅਨ ਐਕਸਪ੍ਰੈਸ ਦੇ ਪਹਿਲੇ ਪੰਨੇ ’ਤੇ ਸਈਅਦ ਨਕਵੀ ਦਾ ਇੱਕ ਲੇਖ ਪ੍ਰਕਾਸ਼ਿਤ ਹੋਇਆ, ਜਿਸ ’ਚ ਸੁਰੇਸ਼ ਰਾਮ ਦੇ ਪ੍ਰਤੀ ਹਮਦਰਦੀ ਵਿਖਾਈ ਗਈ ਸੀ।

ਭਾਰਤ ਦੀ ਹਰ ਅਖ਼ਬਾਰ ਨੇ ਇਸ ਖ਼ਬਰ ’ਤੇ ਚੁੱਪ ਧਾਰਨ ਕਰ ਲਈ, ਪਰ ਸੰਜੇ ਗਾਂਧੀ ਦੀ ਪਤਨੀ ਮੇਨਕਾ ਗਾਂਧੀ ਨੇ ਆਪਣੇ ਮੈਗਜ਼ੀਨ ‘ਸੂਰਿਆ’ ’ਚ 46 ਸਾਲਾ ਸੁਰੇਸ਼ ਰਾਮ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ।

ਉਸ ਰਿਪੋਰਟ ਦਾ ਸਿਰਲੇਖ ਸੀ ‘ਰਿਅਲ ਸਟੋਰੀ’। ਸੂਰਿਆ ਦਾ ਉਹ ਅੰਕ ਬਲੈਕ ’ਚ ਵਿਕਿਆ ਸੀ ਅਤੇ ਜਗਜੀਵਨ ਰਾਮ ਦੀ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ।

ਖੁਸ਼ਵੰਤ ਸਿੰਘ ਕੋਲ ਵੀ ਪਹੁੰਚੀਆਂ ਉਹ ਤਸਵੀਰਾਂ

ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਵੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਆਪਣੀ ਸਵੈ-ਜੀਵਨੀ ‘ਟਰੂਥ, ਲਵ ਐਂਡ ਲਿਟਲ ਮੈਲਿਸ’ ’ਚ ਲਿਖਿਆ ਹੈ ਕਿ ਇੱਕ ਦੁਪਹਿਰ ਦੇ ਸਮੇਂ ਮੇਰੀ ਮੇਜ਼ ’ਤੇ ਇੱਕ ਪੈਕੇਟ ਆਇਆ, ਜਿਸ ’ਚ ਜਗਜੀਵਨ ਰਾਮ ਦੇ ਪੁੱਤਰ ਸੁਰੇਸ਼ ਰਾਮ ਅਤੇ ਕਾਲਜ ’ਚ ਪੜ੍ਹਨ ਵਾਲੀ ਇੱਕ ਕੁੜੀ ਦੀਆਂ ਇਤਰਾਜ਼ਯੋਗ ਫੋਟੋਆਂ ਸਨ।

ਖੁਸ਼ਵੰਤ ਸਿੰਘ ਲਿਖਦੇ ਹਨ, “ਉਸੇ ਸ਼ਾਮ ਇੱਕ ਵਿਅਕਤੀ ਮੇਰੇ ਕੋਲ ਆਇਆ ਜੋ ਕਿ ਜਗਜੀਵਨ ਰਾਮ ਦਾ ਦੂਤ ਹੋਣ ਦਾ ਦਾਅਵਾ ਕਰ ਰਿਹਾ ਸੀ।”

“ਉਸ ਨੇ ਕਿਹਾ ਕਿ ਜੇਕਰ ਉਹ ਤਸਵੀਰਾਂ ਨੈਸ਼ਨਲ ਹੈਰਾਲਡ ਅਤੇ ਸੂਰਿਆ ’ਚ ਪ੍ਰਕਾਸ਼ਿਤ ਨਾ ਕੀਤੀਆਂ ਜਾਣ ਤਾਂ ਬਾਬੂਜੀ ਮੋਰਾਰਜੀ ਦੇਸਾਈ ਦਾ ਸਾਥ ਛੱਡ ਕੇ ਇੰਦਰਾ ਗਾਂਧੀ ਦੇ ਪਾਲੇ ’ਚ ਆ ਜਾਣਗੇ। ਮੈਂ ਉਨ੍ਹਾਂ ਫੋਟੋਆਂ ਨੂੰ ਲੈ ਕੇ ਇੰਦਰਾਂ ਗਾਂਧੀ ਕੋਲ ਗਿਆ।”

ਖੁਸ਼ਵੰਤ ਸਿੰਘ ਲਿਖਦੇ ਹਨ, “ਜਦੋਂ ਮੈਂ ਜਗਜੀਵਨ ਰਾਮ ਵੱਲੋਂ ਆਈ ਪੇਸ਼ਕਸ਼ ਦਾ ਜ਼ਿਕਰ ਕੀਤਾ ਤਾਂ ਇੰਦਰਾਂ ਗਾਂਧੀ ਨੇ ਕਿਹਾ, ਮੈਨੂੰ ਉਸ ਵਿਅਕਤੀ ’ਤੇ ਰੱਤੀ ਭਰ ਵੀ ਭਰੋਸਾ ਨਹੀਂ ਹੈ।”

“ਜਗਜੀਵਨ ਰਾਮ ਨੇ ਕਿਸੇ ਹੋਰ ਵਿਅਕਤੀ ਨਾਲੋਂ ਵਧੇਰੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੂੰ ਕਹਿ ਦਿਓ ਕਿ ਪਹਿਲਾਂ ਉਹ ਆਪਣਾ ਪਾਲਾ ਬਦਲਣ ਫਿਰ ਹੀ ਮੈਂ ਮੇਨਕਾ ਨੂੰ ਉਨ੍ਹਾਂ ਤਸਵੀਰਾਂ ਨੂੰ ਨਾ ਛਾਪਣ ਲਈ ਕਹਾਂਗੀ।”

ਸੂਰਿਆ ਅਤੇ ਨੈਸ਼ਨਲ ਹੈਰਾਲਡ ਦੋਵਾਂ ਨੇ ਕੁਝ ਖ਼ਾਸ ਥਾਵਾਂ ’ਤੇ ਕਾਲੀਆਂ ਪੱਟੀਆਂ ਖਿੱਚਦੇ ਹੋਏ ਉਹ ਸਾਰੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ।

ਇੰਦਰਾਂ ਗਾਂਧੀ ਅਤੇ ਚਰਨ ਸਿੰਘ ਦੋਵਾਂ ਨੂੰ ਹੀ ਪਤਾ ਸੀ ਕਿ ਮੋਰਾਰਜੀ ਦੇਸਾਈ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਗਜੀਵਨ ਰਾਮ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਸਭ ਤੋਂ ਵੱਡੇ ਦਾਅਵੇਦਾਰ ਹੋ ਸਕਦੇ ਹਨ।

ਪਰ ਇਸ ਸਕੈਂਡਲ ਦੇ ਸਾਹਮਣੇ ਆਉਂਦੇ ਹੀ ਉਹ ਹਾਸ਼ੀਏ ’ਤੇ ਚਲੇ ਗਏ ਅਤੇ ਫਿਰ ਮੁੜ ਕਦੇ ਵੀ ਉਭਰ ਨਾ ਸਕੇ।

ਇੰਦਰਾਂ ਗਾਂਧੀ ਚਰਨ ਸਿੰਘ ਨੂੰ ਮਿਲਣ ਲਈ ਗਏ ਉਨ੍ਹਾਂ ਦੇ ਘਰ

ਇੰਦਰਾਂ ਗਾਂਧੀ ਵੱਲੋਂ ਸਦਨ ਦੀ ਨਾਫਰਮਾਨੀ ਕਰਨ ਦੇ ਇਲਜ਼ਾਮਾਂ ਹੇਠ ਲੋਕ ਸਭਾ ਦੀ ਮੈਂਬਰਸ਼ਿਪ ਖੁਸ ਗਈ ਅਤੇ ਸਦਨ ਦੇ ਸੈਸ਼ਨ ਤੱਕ ਉਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ।

ਤਿਹਾੜ ਜੇਲ੍ਹ ਤੋਂ ਹੀ ਉਨ੍ਹਾਂ ਨੇ 23 ਦਸੰਬਰ ਨੂੰ ਚਰਨ ਸਿੰਘ ਦੇ ਜਨਮ ਦਿਨ ਵਾਲੇ ਦਿਨ ਉਨ੍ਹਾਂ ਲਈ ਫੁੱਲਾਂ ਦਾ ਗੁਲਦਸਤਾ ਭਿਜਵਾਇਆ। 27 ਦਸੰਬਰ ਨੂੰ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਰਿਹਾਈ ਮੌਕੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਤੇ ਸਿਪਾਹੀਆਂ ਨੇ ਸਨਮਾਨਪੂਰਵਕ ਉਨ੍ਹਾਂ ਨੂੰ ਸੈਲਿਊਟ ਕੀਤਾ।

ਉਸੇ ਦਿਨ ਚਰਨ ਸਿੰਘ ਦੇ ਬੇਟੇ ਅਜੀਤ ਸਿੰਘ ਦੇ ਘਰ ਅਮਰੀਕਾ ਵਿਖੇ ਪੁੱਤਰ ਦਾ ਜਨਮ ਹੋਇਆ ਸੀ।

ਚਰਨ ਸਿੰਘ ਨੇ ਸਤਿਆਪਾਲ ਮਲਿਕ ਦੇ ਜ਼ਰੀਏ ਇੰਦਰਾ ਗਾਂਧੀ ਨੂੰ ਸੁਨੇਹਾ ਭਿਜਵਾਇਆ, “ਜੇਕਰ ਸ੍ਰੀਮਤੀ ਗਾਂਧੀ ਜੀ ਸਾਡੇ ਘਰ ਚਾਹ ਪੀ ਲੈਣਗੇ ਤਾਂ ਮੋਰਾਰਜੀ ਠੀਕ ਹੋ ਜਾਣਗੇ।”

ਜਦੋਂ ਇੰਦਰਾਂ ਗਾਂਧੀ ਚਰਨ ਸਿੰਘ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਗੇਟ ’ਤੇ ਜਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਇਸ ਮੁਲਾਕਾਤ ਜ਼ਰੀਏ ਚਰਨ ਸਿੰਘ ਮੋਰਾਰਜੀ ਦੇਸਾਈ ਨੂੰ ਸੁਨੇਹਾ ਭੇਜਣਾ ਚਾਹ ਰਹੇ ਸਨ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਇੰਦਰਾ ਗਾਂਧੀ ਨਾਲ ਦੋਸਤੀ ਕਰ ਸਕਦੇ ਹਨ।

ਦੂਜੇ ਪਾਸੇ ਇੰਦਰਾਂ ਗਾਂਧੀ ਵੀ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਵੀ ਜਨਤਾ ਪਾਰਟੀ ਦੇ ਅਸੰਤੁਸ਼ਟ ਆਗੂ ਨੂੰ ਮਿਲ ਕੇ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ।

ਇੰਦਰਾ ਨੇ ਸਮਰਥਨ ਲਿਆ ਵਾਪਸ

ਇਸ ਸਭ ਦੇ ਸਿੱਟੇ ਵੱਜੋਂ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਚਰਨ ਸਿੰਘ ਬਤੌਰ ਪ੍ਰਧਾਨ ਮੰਤਰੀ ਸੇਵਾਵਾਂ ਨਿਭਾਉਣ ਲਈ ਚੁਣੇ ਗਏ।

ਸਹੁੰ ਚੁੱਕਣ ਤੋਂ ਬਾਅਦ ਚਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਨ੍ਹਾਂ ਦੀ ਰਿਹਾਇਸ਼ ’ਤੇ ਆ ਕੇ ਉਨ੍ਹਾਂ ਦਾ ਧੰਨਵਾਦ ਕਰਨਗੇ।

ਨੀਰਜਾ ਚੌਧਰੀ ਦੱਸਦੇ ਹਨ, “ਚਰਨ ਸਿੰਘ, ਬੀਜੂ ਪਟਨਾਇਕ ਨੂੰ ਵੇਖਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਜਾ ਰਹੇ ਸਨ। ਉਥੋਂ ਪਰਤਦੇ ਸਮੇਂ ਉਨ੍ਹਾਂ ਨੇ ਇੰਦਰਾ ਗਾਂਧੀ ਦੀ ਰਿਹਾਇਸ਼ ’ਤੇ ਰੁਕਣਾ ਸੀ।"

"ਪਰ ਇਸ ਦਰਮਿਆਨ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਤੁਸੀਂ ਉਨ੍ਹਾਂ ਦੇ ਘਰ ਕਿਉਂ ਜਾ ਰਹੇ ਹੋ? ਹੁਣ ਤੁਸੀਂ ਪ੍ਰਧਾਨ ਮੰਤਰੀ ਹੋ, ਉਨ੍ਹਾਂ ਨੂੰ ਤੁਹਾਨੂੰ ਮਿਲਣ ਲਈ ਆਉਣਾ ਚਾਹੀਦਾ ਹੈ। ਫਿਰ ਚਰਨ ਸਿੰਘ ਨੇ ਇੰਦਰਾ ਗਾਂਧੀ ਦੇ ਘਰ ਨਾ ਜਾਣ ਦਾ ਫੈਸਲਾ ਕੀਤਾ।”

ਜਿਸ ਤਰ੍ਹਾਂ ਨਾਲ ਇਹ ਸਭ ਹੋਇਆ ਉਹ ਕਿਸੇ ਫਿਲਮੀ ਸੀਨ ਨਾਲੋਂ ਘੱਟ ਨਹੀਂ ਸੀ।

ਨੀਰਜਾ ਅੱਗੇ ਦੱਸਦੇ ਹਨ, “ਇੰਦਰਾ ਗਾਂਧੀ ਆਪਣੇ ਘਰ ਦੇ ਵਿਹੜੇ ’ਚ ਹੱਥ ’ਚ ਗੁਲਦਸਤਾ ਫੜੇ ਚਰਨ ਸਿੰਘ ਦਾ ਇੰਤਜ਼ਾਰ ਕਰ ਰਹੇ ਸਨ। ਉਸ ਸਮੇਂ ਸਤਿਆਪਾਲ ਮਲਿਕ ਵੀ ਇੰਦਰਾ ਗਾਂਧੀ ਦੇ ਘਰ ਮੌਜੂਦ ਸਨ। ਉੱਥੇ ਲਗਭਗ 25 ਕਾਂਗਰਸੀ ਆਗੂ ਚਰਨ ਸਿੰਘ ਦਾ ਇੰਤਜ਼ਾਰ ਕਰ ਰਹੇ ਸਨ।”

“ਇੰਦਰਾਂ ਦੀਆਂ ਅੱਖਾਂ ਦੇ ਸਾਹਮਣੇ ਚਰਨ ਸਿੰਘ ਦੀਆਂ ਕਾਰਾਂ ਦਾ ਕਾਫਲਾ ਉਨ੍ਹਾਂ ਦੇ ਘਰ ਅੱਗੇ ਰੁਕਣ ਦੀ ਬਜਾਏ ਸਿੱਧਾ ਚਲਾ ਗਿਆ। ਇੰਦਰਾ ਗਾਂਧੀ ਦਾ ਚਿਹਰਾ ਗੁੱਸੇ ’ਚ ਲਾਲ-ਪੀਲਾ ਹੋ ਗਿਆ।”

ਮੌਕੇ ’ਤੇ ਮੌਜੂਦ ਲੋਕਾਂ ਨੇ ਵੇਖਿਆ ਕਿ ਉਨ੍ਹਾਂ ਨੇ ਗੁਲਦਸਤੇ ਨੂੰ ਜ਼ਮੀਨ ’ਤੇ ਸੁੱਟਿਆ ਅਤੇ ਗੁੱਸੇ ’ਚ ਘਰ ਦੇ ਅੰਦਰ ਚਲੇ ਗਏ।

ਸਤਿਆਪਾਲ ਮਲਿਕ ਨੇ ਕਿਹਾ, “ਮੈਨੂੰ ਉਸੇ ਸਮੇਂ ਮਹਿਸੂਸ ਹੋ ਗਿਆ ਸੀ ਕਿ ਚਰਨ ਸਿੰਘ ਦੀ ਸਰਕਾਰ ਹੁਣ ਕੁਝ ਹੀ ਦਿਨਾਂ ਦੀ ਮਹਿਮਾਨ ਹੈ।”

ਬਾਅਦ ’ਚ ਚਰਨ ਸਿੰਘ ਨੇ ਆਪਣੀ ਗ਼ਲਤੀ ਸੁਧਾਰਨ ਦਾ ਯਤਨ ਕੀਤਾ ਪਰ ਇੰਦਰਾ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ, “ਹੁਣ ਨਹੀਂ।”

ਚਰਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ 22 ਦਿਨਾਂ ਬਾਅਦ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)