ਵਿਕਾਸ ਯਾਦਵ ਤੋਂ ਪਹਿਲਾਂ ਕਿਸ-ਕਿਸ ’ਤੇ ਵਿਦੇਸ਼ਾਂ ’ਚ ਭਾਰਤੀ ਏਜੰਟ ਹੋਣ ਦੇ ਇਲਜ਼ਾਮ ਲੱਗੇ, ਫੜੇ ਗਏ ਲੋਕਾਂ ਨਾਲ ਕੀ ਹੋਇਆ

ਗੁਰਪਤਵੰਤ ਸਿੰਘ ਪੰਨੂ
ਤਸਵੀਰ ਕੈਪਸ਼ਨ, ਅਮਰੀਕਾ ਨੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਹੈ।
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਸਹਿਯੋਗੀ

ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਭਾਰਤੀ ਨਾਗਰਿਕ ਵਿਕਾਸ ਯਾਦਵ ਖ਼ਿਲਾਫ਼ ਪੈਸੇ ਦੇ ਕੇ ਕਤਲ ਕਰਵਾਉਣ ਦੀ ਸਾਜਿਸ਼ ਰਚਨ ਦਾ ਮਾਮਾਲ ਦਰਜ ਕੀਤਾ ਹੈ।

ਇਸ ਤੋਂ ਕਰੀਬ 6 ਮਹੀਨੇ ਪਹਿਲਾਂ 29 ਅਪ੍ਰੈਲ ਨੂੰ ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ, “ਜਿਸ ਵੇਲੇ ਰਾਸ਼ਟਰਪਤੀ ਬਾਇਡਨ ਵਾਈਟ੍ਹ ਹਾਊਸ ਦੇ ਲਾਨ ਵਿੱਚ ਮੋਦੀ ਦਾ ਸਵਾਗਤ ਕਰ ਰਹੇ ਸਨ, ਭਾਰਤੀ ਜਾਸੂਸੀ ਏਜੰਸੀ ਰਾਅ ਦਾ ਇੱਕ ਅਧਿਕਾਰੀ ਭਾੜੇ ਦੀ ਇੱਕ ਹਿੱਟ ਟੀਮ ਨੂੰ ਅਮਰੀਕਾ ਵਿੱਚ ਮੋਦੀ ਦੇ ਇੱਕ ਵੱਡੇ ਅਲੋਚਕ ਗੁਰਪਤਵੰਤ ਸਿੰਘ ਪੰਨੂ ਨੂੰ ਖ਼ਤਮ ਕਰਨ ਦੇ ਹੁਕਮ ਦੇ ਰਿਹਾ ਸੀ।”

ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਲਿਖੀ ਗਈ ਇਸ ਰਿਪੋਰਟ ਮੁਤਾਬਿਕ ਭਾਰਤੀ ਏਜੰਟ ਵਿਕਰਮ ਉਰਫ਼ ਵਿਕਾਸ ਯਾਦਵ ਨੇ ਹਿਟ ਟੀਮ ਨੂੰ ਪੰਨੂ ਦਾ ਨਿਊਯਾਰਕ ਦਾ ਪਤਾ ਫ਼ੋਨ ਉੱਤੇ ਫ਼ਾਰਵਰਡ ਕੀਤਾ ਸੀ।

ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਕਿਹਾ ਗਿਆ,“ਪੰਨੂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਸ਼ੇਨ ਨੂੰ ਉਸ ਸਮੇਂ ਦੇ ਰਾਅ ਦੇ ਪ੍ਰਮੁੱਖ ਸਾਮੰਤ ਗੋਏਨ ਨੇ ਮੰਨਜ਼ੂਰੀ ਦਿੱਤੀ ਸੀ।”

ਲੇਖ ਮੁਤਾਬਕ ਯਾਦਵ ਸੀਆਰਪੀਐੱਫ਼ ਦੇ ਦਫ਼ਤਰ ਸਨ ਇਸ ਲਈ ਉਨ੍ਹਾਂ ਕੋਲ ਉਹ ਟਰੇਨਿਗ ਅਤੇ ਹੁਨਰ ਸੀ ਜੋ ਅਮਰੀਕੀ ਕਾਉਂਟਰ ਇੰਟੈਲੀਜੈਂਸ ਨੈੱਟਵਰਕ ਨੂੰ ਚਕਮਾ ਦੇਣ ਦੀ ਸਮਰੱਥਾ ਰੱਖਦਾ ਹੋਵੇ।

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪੰਨੂ ਦੇ ਕਤਲ ਲਈ ਰਾਅ ਨੇ ਜਿਸ ਵਿਚੋਲੇ ਨਿਖਿਲ ਗੁਪਤਾ ਦੀ ਵਰਤੋਂ ਕੀਤੀ ਉਸ ਨੇ ਅਣਜਾਣੇ ਵਿੱਚ ਕਤਲ ਦੀ ਸੁਪਾਰੀ ਇੱਕ ਅਜਿਹੇ ਸ਼ਖ਼ਸ ਨੂੰ ਦੇ ਦਿੱਤੀ ਜੋ ਅਮਰੀਕੀ ਸਰਕਾਰ ਲਈ ਇੱਕ ਮੁਖ਼ਬਰ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਰਿਪੋਰਟ ਨੂੰ ‘ਬੇਬੁਨਿਆਦ ਅਤੇ ਤੱਥਹੀਣ’ ਦੱਸਿਆ ਹੈ।

ਰਾਅ ਦੇ ਇੱਕ ਸਾਬਕਾ ਵਿਸ਼ੇਸ਼ ਸਕੱਤਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ, "ਇਸ ਤਰ੍ਹਾਂ ਦੇ ਆਪਰੇਸ਼ਨ ਨੂੰ ਪੂਰਾ ਕਰਨ ਵਿੱਚ ਕਈ-ਕਈ ਮਹੀਨੇ ਲੱਗ ਜਾਂਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਤਾਂ ਸਾਲ ਲੱਗ ਜਾਂਦੇ ਹਨ।”

“ਪਰ ਰਾਅ ਦੇ ਉੱਚ-ਅਧਿਕਾਰੀ ਅਤੇ ਕੌਮੀ ਸੁਰੱਖਿਆ ਨਾਲ ਜੁੜੇ ਹੋਏ ਚੋਟੀ ਦੇ ਲੋਕ ਇਸ ਦਾ ਫ਼ੌਰੀ ਨਿਪਟਾਰਾ ਚਾਹੁੰਦੇ ਸਨ।”

"ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਸ ਕੰਮ ਲਈ ਏਜੰਸੀ 'ਤੇ ਸਿਆਸੀ ਦਬਾਅ ਪੈ ਰਿਹਾ ਹੋਵੇ।"

ਨਿਖਿਲ ਦਾ ਪਿਛੋਕੜ ਜਾਣਨ ਵਾਲਿਆਂ ਦਾ ਕੀ ਕਹਿਣਾ ਹੈ, “ਨਿਖਿਲ ਗੁਪਤਾ ਨੇ ਪਹਿਲਾਂ ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਰਾਅ ਦੀਆਂ ਕਾਰਵਾਈਆਂ ਵਿੱਚ ਸਹਿਯੋਗ ਕੀਤਾ ਸੀ। ਪਰ ਇਹ ਪਹਿਲੀ ਵਾਰ ਸੀ ਕਿ ਪੱਛਮ ਵਿੱਚ ਕਿਸੇ ਆਪ੍ਰੇਸ਼ਨ ਵਿੱਚ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਸੀ।”

ਕੁਲਭੂਸ਼ਣ ਜਾਧਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ-ਇਰਾਨ ਸਰਹੱਦ 'ਤੇ ਭਾਰਤ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ 'ਚ ਫੜਿਆ ਗਿਆ ਸੀ।

ਕੁਲਭੂਸ਼ਣ ਜਾਧਵ ਦਾ ਮਾਮਲਾ

ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵਿਅਕਤੀ ਨੂੰ ਵਿਦੇਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੋਵੇ ਜਾਂ ਵਾਪਸ ਭੇਜਿਆ ਗਿਆ ਹੋਵੇ। ਇਸ ਤੋਂ ਪਹਿਲਾ ਵੀ ਅਜਿਹੀਆਂ ਕੁਝ ਘਟਨਾਵਾਂ ਹੋ ਚੁੱਕੀਆਂ ਹਨ।

ਸੱਤ ਸਾਲ ਪਹਿਲਾਂ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਕੁਲਭੂਸ਼ਣ ਜਾਦਵ ਨੂੰ ਪਾਕਿਸਤਾਨ-ਈਰਾਨ ਸਰਹੱਦ ’ਤੇ ਭਾਰਤ ਲਈ ਜਾਸੂਸੀ ਕਰਨ ਦੇ ਇਲਜ਼ਾਮਾ ਹੇਠ ਫ਼ੜਿਆ ਗਿਆ ਸੀ।

ਪਹਿਲਾਂ ਭਾਰਤੀ ਜਲ ਸੈਨਾ ਵਿੱਚ ਅਧਿਕਾਰੀ ਰਹਿ ਚੁੱਕੇ ਜਾਦਵ ਹੁਣ ਵੀ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਹਨ ਅਤੇ ਹਾਲੇ ਤੱਕ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।

ਰਾਅ ਦੇ ਅਧਿਕਾਰੀ ਵਲੋਂ ਦਿੱਤੀ ਜਾਣਕਾਰੀ

ਅਮਰੀਕਾ ਅਤੇ ਕੈਨੇਡਾ ਹੀ ਨਹੀਂ, ਆਸਟ੍ਰੇਲੀਆ, ਜਰਮਨੀ ਅਤੇ ਬਰਤਾਨੀਆਂ ਵਿੱਚ ਰਾਅ ਦੇ ਕਥਿਤ ਏਜੰਟਾਂ ਅਤੇ ਘਰੇਲੂ ਸੁਰੱਖਿਆ ਏਜੰਸੀਆਂ ਦਰਮਿਆਨ ਕਈ ਵਾਰ ਖਿੱਚੋਤਾਣ ਹੋ ਚੁੱਕੀ ਹੈ।

ਇਨ੍ਹਾਂ ਦੇਸ਼ਾਂ ਵਿੱਚ ਰਾਅ ਦੇ ਜਸੂਸ ਕਹੇ ਜਾਣ ਵਾਲੇ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ ਅਤੇ ਉਨ੍ਹਾਂ ਨੂੰ ਦੇਸ਼-ਨਿਕਾਲਾ ਵੀ ਦਿੱਤਾ ਗਿਆ ਹੈ।

ਭਾਰਤ ਵਿੱਚ ਵਾਸ਼ਿੰਗਟਨ ਪੋਸਟ ਦੇ ਬਿਊਰੋ ਚੀਫ਼ ਗੈਰੀ ਸ਼ੀ ਨੇ ‘ਦਿ ਵਾਇਰ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ,“ਪਿਛਲੇ ਕਈ ਦਹਾਕਿਆਂ ਵਿੱਚ ਭਾਰਤੀ ਪ੍ਰਸ਼ਾਸਨ ਦੀ ਨਿਗ੍ਹਾ ਵਿੱਚ ਖ਼ਾਸਿਲਤਾਨੀ ਲਹਿਰ ਭਾਰਤੀ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਖ਼ੁਫ਼ੀਆ ਤੰਤਰ ਨੇ ਅਕਸਰ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਜ਼ਰਸਾਨੀ ਕੀਤੀ ਹੈ।”

“ਭਾਰਤੀ ਅਧਿਕਾਰੀਆਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਈ ਵਾਰ ਨਾਪਸੰਦ ਵੀ ਕੀਤਾ ਹੈ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ ਰਾਅ ਨੇ ਜਰਮਨੀ 'ਚ ਰਹਿੰਦੇ ਸਿੱਖ ਲੋਕਾਂ ਨੂੰ ਆਪਣਾ ਏਜੰਟ ਨਿਯੁਕਤ ਕੀਤਾ ਸੀ (ਸੰਕੇਤਕ ਤਸਵੀਰ)

ਜਰਮਨੀ ਵਿੱਚ ‘ਰਾਅ ਦੇ ਏਜੰਟਾਂ’ ਨੂੰ ਜੇਲ੍ਹ

ਰਾਅ ਦੇ ਸਾਬਕਾ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, “2019 ਵਿੱਚ, ਰਾਅ ਨੇ ਜਰਮਨੀ ਵਿੱਚ ਰਹਿੰਦੇ ਕੁਝ ਸਿੱਖ ਲੋਕਾਂ ਨੂੰ ਆਪਣਾ ਏਜੰਟ ਨਿਯੁਕਤ ਕੀਤਾ ਸੀ। ਉਨ੍ਹਾਂ ਨੂੰ ਜਰਮਨ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਕੱਦਮਾ ਚਲਾਇਆ ਗਿਆ ਸੀ।”

“ਇੱਕ ਭਾਰਤੀ ਜੋੜੇ, ਮਨਮੋਹਨ ਅਤੇ ਕੰਵਲਜੀਤ ਨੂੰ ਖ਼ਾਲਿਸਤਾਨੀ ਅਤੇ ਕਸ਼ਮੀਰੀ ਕਾਰਕੁੰਨਾਂ ਦੀ ਜਾਸੂਸੀ ਕਰਨ ਅਤੇ ਰਾਅ ਨੂੰ ਜਾਣਕਾਰੀ ਦੇਣ ਦੇ ਇਲਜ਼ਮਾਂ ਤਹਿਤ ਜੇਲ੍ਹ ਕੀਤੀ ਗਈ ਸੀ ਅਤੇ ਜੁਰਮਾਨਾ ਲਾਇਆ ਗਿਆ।"

ਜਰਮਨ ਬ੍ਰਾਡਕਾਸਟਿੰਗ ਸਰਵਿਸ ਡੋਏੱਚਵੇਲੇ ਨੇ ਆਪਣੀ ਰਿਪੋਰਟ 'ਚ ਲਿਖਿਆ ਸੀ, ''ਮਨਮੋਹਨ ਨੇ ਜਨਵਰੀ 2015 ਤੋਂ ਰਾਅ ਲਈ ਜਾਸੂਸੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੀ ਪਤਨੀ ਕੰਵਲਜੀਤ ਨੇ ਜੁਲਾਈ 2017 ਤੋਂ ਉਨ੍ਹਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਸੇਵਾਵਾਂ ਦੇ ਬਦਲੇ, ਰਾਅ ਨੇ ਜੋੜੇ ਨੂੰ 7,200 ਯੂਰੋ ਦਿੱਤੇ ਸਨ।”

“ਮੁਕੱਦਮੇ ਦੌਰਾਨ, ਦੋਵਾਂ ਨੇ ਮੰਨਿਆ ਸੀ ਕਿ ਉਹ ਰਾਅ ਦੇ ਆਪਣੇ ਹੈਂਡਲਿੰਗ ਅਫਸਰਾਂ ਨੂੰ ਕਈ ਵਾਰ ਮਿਲੇ ਹਨ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020-21 ਵਿੱਚ ਆਸਟ੍ਰੇਲੀਆ 'ਚ ਵੀ ਕਾਊਂਟਰ ਇੰਟੈਲੀਜੈਂਸ ਏਜੰਸੀ ਨੇ ਦੋ ਕਥਿਤ 'ਰਾਅ ਏਜੰਟ' ਫੜੇ ਗਏ ਸਨ। (ਸੰਕੇਤਕ ਤਸਵੀਰ)

ਦੋ 'ਰਾਅ ਏਜੰਟ' ਆਸਟ੍ਰੇਲੀਆ 'ਚੋਂ ਕੱਢੇ ਗਏ

2020-21 ਵਿੱਚ, ਦੋ ਕਥਿਤ 'ਰਾਅ ਏਜੰਟਾਂ' ਨੂੰ ਆਸਟਰੇਲੀਆ ਵਿੱਚ ਉੱਥੋਂ ਦੀ ਕਾਊਂਟਰ ਇੰਟੈਲੀਜੈਂਸ ਏਜੰਸੀ ਨੇ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਫ਼ੌਰਨ ਦੇਸ਼ ਛੱਡਣ ਲਈ ਕਿਹਾ ਗਿਆ ਸੀ।

ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਦਾ ਖ਼ਾਲਿਸਤਾਨ ਲਹਿਰ ਨਾਲ ਕੋਈ ਸਬੰਧ ਨਹੀਂ ਸੀ।

ਉਨੀਂ ਦਿਨੀਂ ਦੋ ਪ੍ਰਮੁੱਖ ਆਸਟ੍ਰੇਲੀਆ ਪ੍ਰਕਾਸ਼ਕਾਂ, ਸਿਡਨੀ ਮਾਰਨਿੰਗ ਹੇਰਾਲਡ ਅਤੇ ਏਬੀਸੀ ਨਿਊਜ਼ ਵਿੱਚ ਲੰਬੇ ਲੇਖ ਪ੍ਰਕਾਸ਼ਿਤ ਕੀਤੇ ਗਏ ਸਨ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ. “ਇੱਕ ਵੱਡੇ ਜਾਸੂਸੀ ਨੈਟਵਰਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਜਾਸੂਸਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ।”

ਜਿਸ ਸਮੇਂ ਆਸਟ੍ਰੇਲੀਆ ਦੇ ਖੁਫ਼ੀਆ ਵਿਭਾਗ ਦੇ ਮੁਖੀ ਮਾਈਕ ਬਰਜੇਸ ਨੇ ਖ਼ੁ਼ਫ਼ੀਆ ਨੈੱਟਵਰਕ ਨੂੰ ਤੋੜਨ ਦਾ ਬਿਆਨ ਦਿੱਤਾ ਸੀ, ਉਸ ਸਮੇਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਸੰਭਾਵਿਤ ਤੌਰ ਉੱਤੇ ਉਹ ਰੂਸ ਜਾਂ ਚੀਨ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਗੱਲ ਕਰ ਰਹੇ ਹਨ।

ਅਪ੍ਰੈਲ 2024 ਵਿੱਚ ਪ੍ਰਕਾਸ਼ਿਤ ਏਬੀਸੀ ਨਿਊਜ਼ ਦੀ ਇੱਕ ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ 'ਭਾਰਤ ਦੀ ਮੋਦੀ ਸਰਕਾਰ ਨੇ ਆਸਟ੍ਰੇਲੀਆ ਵਿੱਚ ਜਾਸੂਸਾਂ ਦਾ ਜਾਲ ਵਿਛਾਇਆ ਹੋਇਆ ਹੈ।''

ਇਨ੍ਹਾਂ ਲੋਕਾਂ 'ਤੇ ਆਸਟ੍ਰੇਲੀਆ 'ਚ ਰਹਿਣ ਵਾਲੇ ਭਾਰਤੀ ਲੋਕਾਂ 'ਤੇ ਨਜ਼ਰ ਰੱਖਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤੀ ਅਧਿਕਾਰੀਆਂ 'ਤੇ ਖਾਲਿਸਤਾਨੀ ਆਗੂਆਂ ਦਾ ਪਿੱਛਾ ਕਰਨ ਦਾ ਇਲਜਾਮ ਸੀ

ਬਰਤਾਨੀਆ 'ਚ ਖਾਲਿਸਤਾਨੀ ਕਾਰਕੁਨ ਦਾ ਪਿੱਛਾ ਕਰਨ ਦਾ ਇਲਜ਼ਾਮ

ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ, “2014-15 ਵਿੱਚ ਵੀ ਜਦੋਂ ਸਾਮੰਤ ਗੋਇਲ ਲੰਡਨ ਵਿੱਚ ਰਾਅ ਦੇ ਸਟੇਸ਼ਨ ਚੀਫ਼ ਸਨ। ਬ੍ਰਿਟੇਨ ਦੀ ਘਰੇਲੂ ਖੁਫ਼ੀਆ ਏਜੰਸੀ ਐੱਮਆਈ-5 ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਲੰਡਨ ਵਿੱਚ ਆਪਣੀ ਸਟੇਸ਼ਨ ਮੁਖੀ ਦੀ ਭੂਮਿਕਾ ਦੀਆਂ ਸੀਮਾਵਾਂ ਨੂੰ ਪਾਰ ਕਰ ਰਹੇ ਹਨ।

ਉਸ ਸਮੇਂ ਬਰਤਾਨਵੀਂ ਅਧਿਕਾਰੀ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣ ਬਾਰੇ ਵੀ ਸੋਚ ਰਹੇ ਸਨ।

"ਭਾਰਤੀ ਏਜੰਟਾਂ 'ਤੇ ਖਾਲਿਸਤਾਨੀ ਆਗੂ ਅਵਤਾਰ ਸਿੰਘ ਖੰਡਾ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਸਨ।"

ਅਖਬਾਰ ਮੁਤਾਬਕ ਚੇਤਾਵਨੀ ਮਿਲਣ ਤੋਂ ਬਾਅਦ ਗੋਇਲ ਨੇ ਗੁੱਸੇ 'ਚ ਆ ਕੇ ਕਿਹਾ ਸੀ ਕਿ, “ਇਹ ਲੋਕ ਭਾਰਤੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਸਾਡੇ ਅਧਿਕਾਰ ਖੇਤਰ ਵਿੱਚ ਹੈ।”

ਗੋਇਲ ਲੰਡਨ ਤੋਂ ਦਿੱਲੀ ਪਰਤ ਆਏ ਸਨ ਅਤੇ ਰਾਅ ਵਿੱਚ ਉੱਚ ਅਹੁਦਿਆਂ 'ਤੇ ਕੰਮ ਕਰਦੇ ਹੋਏ, ਉਹ 2019 ਵਿੱਚ ਇਸ ਦੇ ਮੁਖੀ ਦੇ ਅਹੁਦੇ 'ਤੇ ਪਹੁੰਚੇ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਖਾਲਿਸਤਾਨ ਲਹਿਰ ਨਾਲ ਜੁੜੇ ਲੋਕਾਂ ਦੇ ਕਤਲ ਵਿੱਚ ਰਾਅ ਦਾ ਹੱਥ ਸੀ।

ਪਾਕਿਸਤਾਨ ਵਿੱਚ ਖਾਲਿਸਤਾਨੀ

4 ਅਪ੍ਰੈਲ 2024 ਨੂੰ ਬਰਤਾਨਵੀਂ ਅਖਬਾਰ ਗਾਰਡੀਅਨ ਵਿੱਚ ਇੱਕ ਰਿਪੋਰਟ ਛਪੀ ਜਿਸ ਵਿੱਚ ਪਾਕਿਸਤਾਨੀ ਸੀ ਅਤੇ ਭਾਰਤੀ ਖੁਫ਼ੀਆ ਅਧਿਕਾਰੀਆਂ ਨਾਲ ਇੰਟਰਵਿਊ ਦੇ ਆਧਾਰ 'ਤੇ ਇਹ ਕਿਹਾ ਗਿਆ ਸੀ, "ਪਾਕਿਸਤਾਨ ਵਿੱਚ ਖਾਲਿਸਤਾਨ ਲਹਿਰ ਨਾਲ ਜੁੜੇ ਲੋਕਾਂ ਦਾ ਨਿਸ਼ਾਨਾ ਬਣਾ ਕੇ ਕਤਲ ਕਰਨ ਦੇ ਮਾਮਲਿਆਂ ਵਿੱਚ ਰਾਅ ਦਾ ਹੱਥ ਸੀ।"

ਇਸ ਗੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਚੋਣ ਪ੍ਰਚਾਰ ਭਾਸ਼ਣ ਤੋਂ ਵੀ ਮਜ਼ਬੂਤੀ ਮਿਲੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, “ਸਾਡਾ ਦੁਸ਼ਮਣ ਵੀ ਜਾਣਦਾ ਹੈ ਕਿ ਅਸੀਂ ਘਰਾਂ ਵਿੱਚ ਵੜ ਕੇ ਮਾਰਦੇ ਹਾਂ।”

ਹਾਲਾਂਕਿ, ਭਾਰਤ ਸਰਕਾਰ ਨੇ ਵਾਰ-ਵਾਰ ਕਿਹਾ ਹੈ ਕਿ 'ਗ਼ੈਰ-ਨਿਆਇਕ ਕਤਲ' ਉਨ੍ਹਾਂ ਦੀ ਨੀਤੀ ਨਹੀਂ ਰਹੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵਾਸ਼ਿੰਗਟਨ ਪੋਸਟ ਵਿੱਚ ਪ੍ਰਕਾਸ਼ਿਤ ਰਿਪੋਰਟ ਨੂੰ ‘ਬੇਬੁਨਿਆਦ ਅਤੇ ਤੱਥਹੀਣ’ ਦੱਸਿਆ ਹੈ।

ਭਾਰਤੀ ਅਧਿਕਾਰੀਆਂ ਨੇ ਵੀ ਇਸ ਗੱਲ ਉੱਤੇ ਸਵਾਲ ਚੁੱਕੇ ਹਨ ਕਿ ਅਮਰੀਕਾ, ਕੈਨੇਡਾ, ਬਰਤਾਨੀਆ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਪੰਨੂ ਅਤੇ ਨਿੱਝਰ ਵਰਗੇ ਖ਼ਾਲਿਸਤਾਨੀ ਕਾਰਕੁਨਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ?

ਜਿਨ੍ਹਾਂ 'ਤੇ ਭਾਰਤੀ ਮਿਸ਼ਨ 'ਤੇ ਹਮਲਾ ਕਰਨ ਲਈ ਲੋਕਾਂ ਨੂੰ ਉਕਸਾਉਣ ਦਾ ਇਲਜ਼ਾਮ ਸੀ।

1980 ਵਿੱਚ ਵੀ ਕੈਨੇਡੀਅਨ ਸਰਕਾਰ ਨੇ ਭਾਰਤ ਦੀ ਸ਼ਿਕਾਇਤ ਦੇ ਬਾਵਜੂਦ ਖ਼ਾਲਿਸਤਾਨੀ ਕਾਰਕੁਨ ਤਲਵਿੰਦਰ ਸਿੰਘ ਪਰਮਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।

ਕੱਟੜਪੰਥੀ ਸੰਗਠਨ ਬੱਬਰ ਖਾਲਸਾ ਦੇ ਪਹਿਲੇ ਪ੍ਰਧਾਨ ਪਰਮਾਰ ਨੂੰ 1985 ਵਿੱਚ ਏਅਰ ਇੰਡੀਆ ਦੀ ਫਲਾਈਟ ਕਨਿਸ਼ਕ ਵਿੱਚ ਹੋਏ ਧਮਾਕੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਸੀ ਜਿਸ ਵਿੱਚ 329 ਲੋਕਾਂ ਦੀ ਜਾਨ ਗਈ ਸੀ।

ਪਰਮਾਰ ਦੀ 1992 ਵਿੱਚ ਭਾਰਤ ਵਿੱਚ ਪੰਜਾਬ ਪੁਲਿਸ ਨਾਲ ਇੱਕ ਮੁਕਾਬਲੇ ਵਿੱਚ ਮੌਤ ਹੋ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)