ਕੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਰੋਕੀਏ, ਸਿੱਪ ਦਾ ਕੀ ਕਰੀਏ, ਕੀ ਇਹ ਪੈਸਾ ਕੱਢਣ ਦਾ ਸਮਾਂ ਹੈ - ਮਾਹਿਰਾਂ ਦੀ ਰਾਇ

ਕੁਝ ਸਮੇਂ ਪਹਿਲਾਂ ਤੱਕ ਬਜ਼ਾਰ ਵਿੱਚ ਨਿਵੇਸ਼ 'ਤੇ ਹਜ਼ਾਰਾਂ, ਲੱਖਾਂ ਰੁਪਏ ਦੇ ਮੁਨਾਫ਼ੇ ਦੀਆਂ ਗੱਲਾਂ ਕਰਨ ਵਾਲੇ ਕਈ ਮਾਹਰ ਹੁਣ ਬਹੁਤ ਘੱਟ ਦਿਖਾਈ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਕਰੋੜਪਤੀ, ਅਰਬਪਤੀ ਬਣਨ ਦੇ ਤਰੀਕੇ ਦੱਸਣ ਵਾਲੀਆਂ ਰੀਲਾਂ ਵੀ ਘੱਟ ਨਜ਼ਰੀ ਪੈਂਦੀਆਂ ਹਨ।

ਸਤੰਬਰ 2024 ਵਿੱਚ ਸੇਂਸੇਕਸ 86 ਹਜ਼ਾਰ ਦੇ ਨੇੜੇ ਪਹੁੰਚ ਗਿਆ ਸੀ, ਪਰ ਹੁਣ ਇਹ 76 ਹਜ਼ਾਰ ਦੇ ਆਸ-ਪਾਸ ਰਹਿ ਗਿਆ ਹੈ।

ਇਸ ਗਿਰਾਵਟ ਦੇ ਕਾਰਨ ਸਿਸਟਮੈਟਿਕ ਇਨਵੈਸਟਮੈਂਟ ਪਲੈਨ (ਸਿੱਪ) ਰਾਹੀ ਬਾਜ਼ਾਰ ਵਿੱਚ ਪੈਸਾ ਲਗਾਉਣ ਵਾਲੇ ਮਿਊਚੁਅਲ ਫੰਡ ਨਿਵੇਸ਼ਕ ਸ਼ਸ਼ੋਪੰਜ ਵਿੱਚ ਹਨ। ਨਿਵੇਸ਼ਕਾਂ ਨੂੰ ਆਪਣੇ ਪੈਸੇ ਡੁੱਬਣ ਦਾ ਡਰ ਹੈ। ਨਿਵੇਸ਼ਕਾ ਨੂੰ ਸਮਝ ਨਹੀਂ ਆ ਰਿਹਾ ਕਿ ਸਿੱਪ ਨੂੰ ਰੋਕਿਆ ਜਾਵੇ ਜਾਂ ਫਿਰ ਆਪਣਾ ਪੂਰਾ ਪੈਸਾ ਬਾਹਰ ਕੱਢ ਲਿਆ ਜਾਵੇ।

ਕੀ ਇਹ ਬਾਜ਼ਾਰ ਤੋਂ ਬਾਹਰ ਨਿਕਲਣ ਦਾ ਸਮਾਂ ਹੈ?

ਸ਼ੇਅਰ ਬਜ਼ਾਰ ਵਿੱਚ ਗਿਰਾਵਟ ਕਾਰਨ ਨਿਵੇਸ਼ ਦੇ ਮੁੱਲ ਵਿੱਚ ਕਮੀ ਆਈ ਹੈ ਅਤੇ ਕੁਝ ਨਿਵੇਸ਼ਕ ਘਾਟੇ ਵਿੱਚ ਵੀ ਚਲੇ ਗਏ ਹਨ।

ਨਿਵੇਸ਼ਕਾਂ ਵਿੱਚ ਪੈਦਾ ਹੋਈ ਘਬਰਾਹਟ ਨੂੰ ਕਈ ਮਾਹਰ ਹੋਰ ਵਧਾ ਰਹੇ ਹਨ। ਹਾਲ ਹੀ ਵਿੱਚ ਆਈਸੀਆਈਸੀਆਈ ਪ੍ਰੂਡੈਂਸ਼ੀਅਲ ਮਿਊਚੁਅਲ ਫੰਕਸ਼ਨ ਦੇ ਮੁੱਖ ਨਿਵੇਸ਼ਕ ਅਧਿਕਾਰੀ ਸ਼ੰਕਰਨ ਨਰੇਨ ਨੇ ਕਿਹਾ ਕਿ ਸਟਾਕਸ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ।

ਨਰੇਨ ਨੇ ਕਿਹਾ, "ਜਿਹੜੇ ਨਿਵੇਸ਼ਕਾਂ ਨੇ 2023 ਤੋਂ ਸਮਾਲਕੈਪ ਅਤੇ ਮਿਡਕੈਪ ਸਿੱਪ ਸ਼ੁਰੂ ਕੀਤੇ ਹਨ, ਉਨ੍ਹਾਂ ਲਈ ਬਹੁਤ ਬੁਰਾ ਅਨੁਭਵ ਹੋਣ ਵਾਲਾ ਹੈ। ਹੁਣ ਬਾਜ਼ਾਰ ਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ।"

ਨਰੇਨ ਨੇ ਕਿਹਾ ਕਿ ਸਾਲ 2025, 2008-10 ਦੇ ਮੰਦੀ ਵਾਲੇ ਸਾਲਾਂ ਤੋਂ ਜ਼ਿਆਦਾ ਖਤਰਨਾਕ ਹੋ ਸਕਦਾ ਹੈ। 2008 ਵਿੱਚ ਬੈਂਕਿੰਗ ਸ਼ੇਅਰਾਂ ਵਿੱਚ ਨਿਵੇਸ਼ਕਾਂ ਦਾ ਕਾਫੀ ਪੈਸਾ ਡੁੱਬ ਗਿਆ ਸੀ। ਪਿਛਲੇ ਦੋ ਮਹੀਨਿਆਂ ਵਿੱਚ ਹੀ ਸਮੌਲਕੈਪ ਅਤੇ ਮਿਡਕੈਪ ਸੂਚਕਾਂਕ ਲਗਭਗ 18 ਫ਼ੀਸਦੀ ਡਿੱਗ ਗਏ ਹਨ।

ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਘਟਿਆ

ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ ਦੇ ਅਨੁਸਾਰ ਇਕੁਵਿਟੀ ਦੇ ਨਿਵੇਸ਼ ਵਿੱਚ ਪਿਛਲੇ ਮਹੀਨਿਆਂ ਦੀ ਤੁਲਨਾ ਵਿੱਚ 3.6 ਪ੍ਰਤੀਸ਼ਤ ਘੱਟ ਰਿਹਾ ਅਤੇ ਕੁੱਲ 39,687 ਕਰੋੜ ਰੁਪਏ ਦਾ ਨਿਵੇਸ਼ ਹੋਇਆ।

ਇਸ ਦੇ ਮੁਕਾਬਲੇ ਦਸੰਬਰ 2024 ਵਿੱਚ ਇਕੁਵਿਟੀ ਮਿਊਚੁਅਲ ਫੰਡ ਵਿੱਚ 41,155 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।

ਜਨਵਰੀ 'ਚ ਮਿਊਚੁਅਲ ਫੰਡ ਦੇ ਜਰੀਏ ਕੀਤੇ ਗਏ ਕੁੱਲ ਨਿਵੇਸ਼ ਵਿੱਚ 26,400 ਕਰੋੜ ਰੁਪਏ ਦਾ ਨਿਵੇਸ਼ ਸਿੱਪ ਦੇ ਮਾਧਿਅਮ ਰਾਹੀ ਕੀਤਾ ਗਿਆ ਸੀ। ਜਨਵਰੀ 2025 ਵਿੱਚ ਨਿਵੇਸ਼ਕਾਂ ਨੇ ਲਾਰਜ ਕੈਪ ਫੰਡਾਂ ਵਿੱਚ 3063 ਕਰੋੜ ਰੁਪਏ, ਮਿਡ ਕੈਪ ਫੰਡ ਵਿੱਚ 5147 ਕਰੋੜ ਰੁਪਏ ਅਤੇ ਸਮਾਲ ਕੈਂਪ ਫੰਡ ਵਿੱਚ 5720 ਕਰੋੜ ਰੁਪਏ ਦਾ ਨਿਵੇਸ਼ ਕੀਤਾ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ ਦੇ ਅੰਕੜਿਆਂ ਅਨੁਸਾਰ ਜਨਵਰੀ 2025 ਵਿੱਚ ਮਿਊਚੁਅਲ ਫੰਡਾਂ ਦੀ ਗਿਣਤੀ 22.92 ਕਰੋੜ ਤੱਕ ਪਹੁੰਚ ਗਈ ਸੀ।

'ਪੈਸਾ ਨਿਵੇਸ਼ ਕਰਨ ਦਾ ਸਮਾਂ, ਕਢਵਾਉਣ ਦਾ ਨਹੀਂ'

ਹਾਲਾਂਕਿ ਨਰੇਨ ਦੀ ਸਲਾਹ ਦੇ ਉਲਟ ਕਈ ਵਿੱਤੀ ਮਾਹਿਰ ਬਾਜ਼ਾਰ ਵਿੱਚ ਗਿਰਾਵਟ ਨੂੰ ਨਿਵੇਸ਼ ਕਰਨ ਦਾ ਵਧੀਆ ਮੌਕਾ ਦੱਸ ਰਹੇ ਹਨ। ਕਈ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਮਾਂ ਪੈਸੇ ਕੱਢਣ ਦਾ ਨਹੀਂ, ਸਗੋਂ ਨਿਵੇਸ਼ ਕਰਨ ਦਾ ਹੈ।

ਮਾਹਰਾਂ ਮੁਤਾਬਕ ਸ਼ੇਅਰ ਬਜ਼ਾਰ ਵਿੱਚ ਗਿਰਾਵਟ ਦਾ ਪ੍ਰਭਾਵ ਐਸਆਈਪੀ 'ਤੇ ਪੈਂਦਾ ਹੈ, ਪਰ ਅਸਥਿਰਤਾ ਸਮੇਂ ਬਿਹਤਰ ਨਤੀਜਿਆਂ ਲਈ ਹੀ ਐਸਆਈਪੀ ਨੂੰ ਡਿਜ਼ਾਈਨ ਕੀਤਾ ਗਿਆ ਹੈ।

ਵਿੱਤੀ ਸਲਾਹਕਾਰ ਛਵੀ ਮਹੇਸ਼ਵਰੀ ਕਹਿੰਦੇ ਹਨ, "ਇਸ ਸਮੇਂ ਨਿਵੇਸ਼ਕਾਂ ਨੂੰ ਬਾਜ਼ਾਰ ਤੋਂ ਪੈਸਾ ਕੱਢਣ ਦੀ ਲੋੜ ਨਹੀਂ ਹੈ, ਬਲਕਿ ਇਸ ਦਾ ਫਾਇਦਾ ਉਠਾਉਣ ਦੀ ਲੋੜ ਹੈ। ਇਸ ਸਮੇਂ ਨਿਵੇਸ਼ਕਾਂ ਨੂੰ ਸਿੱਪ ਜਾਰੀ ਰੱਖਣਾ ਚਾਹੀਦਾ ਹੈ ਅਤੇ ਨਿਵੇਸ਼ ਨੂੰ ਹੋਰ ਵਧਾਉਣਾ ਚਾਹੀਦਾ ਹੈ।"

ਛਵੀ ਮਹੇਸ਼ਰੀ ਕਹਿੰਦੇ ਹਨ ਕਿ ਮੌਜੂਦਾ ਬਜ਼ਾਰ ਵਿੱਚ ਉਤਰਾਅ-ਚੜ੍ਹਾਅ ਕੁਝ ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ, ਪਰ ਲੰਬੇ ਸਮੇਂ ਲਈ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਬਿਹਤਰ ਨਤੀਜੇ ਦੇਵੇਗਾ।

ਇਸ ਤਰ੍ਹਾਂ ਦੇ ਨਿਵੇਸ਼ ਵਿੱਚ ਜ਼ਿਆਦਾ ਖਤਰਾ ਨਹੀਂ ਹੁੰਦਾ ਹੈ ਪਰ ਕਿਸੇ ਕਿਸਮ ਦੇ ਖ਼ਤਰੇ ਤੋਂ ਬਚਾਅ ਲਈ ਪੋਰਟਫੋਲੀਓ ਨੂੰ ਡਾਈਵਰਸੀਫਾਈਡ ਰੱਖਣ ਦੀ ਲੋੜ ਹੈ।

ਉਹ ਦੱਸਦੇ ਹਨ, "ਸਿੱਪ ਲੰਬੇ ਸਮੇਂ ਵਿੱਚ ਪੈਸਾ ਬਣਾਉਣ ਦਾ ਜ਼ਰੀਆ ਹੈ। ਅਜਿਹੇ ਵਿੱਚ ਨਿਵੇਸ਼ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣਾ ਅਹਿਮ ਹੈ। ਇਸ ਵਿੱਚ ਲਗਾਤਾਰਤਾ ਅਤੇ ਅਨੁਸ਼ਾਸਨ ਦੇ ਨਾਲ ਨਿਵੇਸ਼ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।"

ਛਵੀ ਮਹੇਸ਼ਰੀ ਸਵਾਲ ਪੁੱਛਦਿਆਂ ਕਹਿੰਦੇ ਹਨ, ਅਸੀਂ ਨਿਵੇਸ਼ ਕਰਨ ਲਈ ਸੋਨਾ ਖਰੀਦਦੇ ਹਾਂ, ਜਦੋਂ ਸੋਨੇ ਦੀ ਕੀਮਤ ਘੱਟ ਹੁੰਦੀ ਹੈ, ਅਸੀਂ ਜ਼ਮੀਨ ਅਤੇ ਮਕਾਨ ਵੀ ਖਰੀਦਦੇ ਹਾਂ, ਜਦੋਂ ਸਸਤਾ ਹੋ ਜਾਂਦੇ ਹਨ ਤਾਂ ਫਿਰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ 'ਤੇ ਐਸਆਈਪੀ ਨੂੰ ਕਿਉਂ ਰੋਕਿਆ ਜਾਵੇ?

ਵਿੱਤੀ ਸਲਾਹਕਾਰ ਮਿਥੁਨ ਜਥਲ ਕਹਿੰਦੇ ਹਨ, "ਨਿਵੇਸ਼ਕਾਂ ਨੂੰ ਅਗਲੇ 12 ਮਹੀਨਿਆਂ ਲਈ ਸਿੱਪ ਦਾ ਨਿਵੇਸ਼ ਦੋ ਗੁਣਾ ਕਰ ਦੇਣਾ ਚਾਹੀਦਾ ਹੈ। ਸਿੱਪ ਵਿੱਚ ਪਹਿਲੇ ਪੰਜ ਸਾਲ ਤੱਕ ਯੂਨਿਟਸ ਜਮ੍ਹਾ ਕਰਨ ਤੇ ਧਿਆਨ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਫੰਡ ਦੀ ਕੀਮਤ 'ਤੇ ਧਿਆਨ ਦੇਣਾ ਚਾਹੀਦਾ ਹੈ।"

ਸ਼ੇਅਰ ਬਾਜ਼ਾਰ ਫਿਰ ਵਾਪਸ ਆਵੇਗਾ

ਜੇਕਰ ਤੁਸੀਂ ਮਿਉਚੁਅਲ ਫੰਡਾਂ ਵਿੱਚ ਸਿੱਪ ਚ ਨਿਵੇਸ਼ ਕਰ ਰਹੇ ਹੋ, ਤਾਂ ਤੁਹਾਨੂੰ ਬਾਜ਼ਾਰ ਕੀਮਤ ਦੀ ਬਜਾਏ ਘੱਟੋ-ਘੱਟ ਕੀਮਤ 'ਤੇ ਵੱਧ ਤੋਂ ਵੱਧ ਯੂਨਿਟ (ਐੱਨਏਵੀ) ਖਰੀਦਣ 'ਤੇ ਧਿਆਨ ਦੇਣਾ ਚਾਹੀਦਾ ਹੈ।

ਮਿਥੁਨ ਜਠਾਲ ਕਹਿੰਦੇ ਹਨ, "ਬਾਜ਼ਾਰ ਹਰ ਅੱਠਵੇਂ ਸਾਲ ਗਿਰਾਵਟ ਦੇ ਚੱਕਰ ਵਿੱਚੋਂ ਲੰਘਦਾ ਹੈ। 1992 ਵਿੱਚ ਹਰਸ਼ਦ ਮਹਿਤਾ ਦੌਰਾਨ ਬਾਜ਼ਾਰ ਡਿੱਗਿਆ । 2000 ਵਿੱਚ ਵਾਈਟੀਕੇ ਬੰਬਲ ਕਾਰਨ ਬਾਜ਼ਾਰ ਡਿੱਗਿਆ ਸੀ। 2008 ਵਿੱਚ, ਸਬ-ਪ੍ਰਾਈਮ ਸੰਕਟ ਨੇ ਨਿਵੇਸ਼ ਨੂੰ ਆਪਣੀ ਲਪੇਟ ਵਿੱਚ ਲਿਆ। 2016 ਵਿੱਚ ਨੋਟਬੰਦੀ ਤੋਂ ਬਾਅਦ ਬਾਜ਼ਾਰ ਡਿੱਗ ਗਿਆ ਸੀ। ਇਸ ਤੋਂ ਬਾਅਦ, ਕੋਵਿਡ ਕਾਰਨ ਬਾਜ਼ਾਰ ਵਿੱਚ ਗਿਰਾਵਟ ਆਈ। ਅਜਿਹੀ ਸਥਿਤੀ ਵਿੱਚ, ਇਹ ਨਿਵੇਸ਼ ਦਾ ਚੰਗਾ ਮੌਕਾ ਹੈ।"

ਮਿਥੁਨ ਜਠਾਲ ਕਹਿੰਦੇ ਹਨ, "ਭਾਰਤ ਵਿੱਚ ਲਗਭਗ 18 ਪ੍ਰਤੀਸ਼ਤ ਸਿੱਪ ਪੰਜ ਸਾਲਾਂ ਲਈ ਜਾਰੀ ਰਹਿੰਦੇ ਹਨ। ਸਿਰਫ਼ 3 ਪ੍ਰਤੀਸ਼ਤ ਸਿੱਪ 10 ਸਾਲਾਂ ਲਈ ਜਾਰੀ ਰੱਖੇ ਜਾਂਦੇ ਹਨ।"

ਉਨ੍ਹਾਂ ਦਾ ਸੁਝਾਅ ਹੈ ਕਿ ਜੇਕਰ ਤੁਸੀਂ ਸੱਚਮੁੱਚ ਕਮਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੀਦਾ ਹੈ।

ਜਠਾਲ ਕਹਿੰਦੇ ਹਨ, "ਰੀਅਲ ਅਸਟੇਟ ਵਿੱਚ ਨਿਵੇਸ਼ 40 ਸਾਲਾਂ ਲਈ ਰੱਖਿਆ ਜਾਂਦਾ ਹੈ। ਲੋਕ ਆਮ ਤੌਰ 'ਤੇ ਸੋਨਾ ਨਹੀਂ ਵੇਚਦੇ। ਪੀਪੀਐਫ ਵਿੱਚ ਨਿਵੇਸ਼ ਵੀ 15 ਤੋਂ 20 ਸਾਲਾਂ ਲਈ ਰੱਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਿੱਪ ਨੂੰ ਵੀ ਵਧੇਰੇ ਸਮਾਂ ਦੇਣਾ ਚਾਹੀਦਾ ਹੈ।"

ਉਹ ਕਹਿੰਦੇ ਹਨ ਕਿ ਨਿਵੇਸ਼ ਦੀ ਮਿਆਦ ਜਿੰਨੀ ਲੰਬੀ ਹੋਵੇਗੀ, ਰਿਟਰਨ ਓਨਾ ਹੀ ਵਧੀਆ ਹੋਵੇਗਾ।"

ਮਿਉਚੁਅਲ ਫੰਡ ਕੀ ਹਨ?

ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਐਸਟ ਮੈਨਜਮੈਂਟ ਕੰਪਨੀਆਂ (ਏਐੱਮਸੀ) ਕਿਹਾ ਜਾਂਦਾ ਹੈ।

ਏਐਮਸੀ ਸਾਂਝਾ ਫੰਡ ਬਣਾਉਣ ਲਈ ਕਈ ਨਿਵੇਸ਼ਕਾਂ ਦੇ ਫੰਡਾਂ ਨੂੰ ਜੋੜਦਾ ਹੈ। ਇਸ ਵਿੱਚ ਬਹੁਤ ਸਾਰੇ ਨਿਵੇਸ਼ਕਾਂ ਦੇ ਪੈਸੇ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਵੱਖਰੇ ਤੌਰ 'ਤੇ ਨਿਵੇਸ਼ ਕੀਤਾ ਜਾਂਦਾ ਹੈ। ਇਸ ਫੰਡ ਦਾ ਪ੍ਰਬੰਧਨ ਫੰਡ ਮੈਨੇਜਰ ਦੁਆਰਾ ਕੀਤਾ ਜਾਂਦਾ ਹੈ।

ਉਦਾਹਰਣ ਵਜੋਂ, ਇੱਕ ਨਿਵੇਸ਼ਕ ਕੋਲ 500 ਰੁਪਏ ਹਨ, ਦੂਜੇ ਕੋਲ 5 ਲੱਖ ਰੁਪਏ ਹਨ ਅਤੇ ਤੀਜੇ ਕੋਲ 5 ਕਰੋੜ ਰੁਪਏ ਹਨ ਅਤੇ ਤਿੰਨੋਂ ਇੱਕੋ ਤਰ੍ਹਾਂ ਦਾ ਨਿਵੇਸ਼ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਫੰਡ ਮੈਨੇਜਰ ਇਸ ਸਾਰੇ ਪੈਸੇ ਨੂੰ ਵੱਖ-ਵੱਖ ਥਾਵਾਂ 'ਤੇ ਇਕੱਠੇ ਨਿਵੇਸ਼ ਕਰਦਾ ਹੈ।

ਪਰ, ਇਸ ਤੋਂ ਰਿਟਰਨ ਵਿਅਕਤੀਗਤ ਆਧਾਰ 'ਤੇ ਦਿੱਤਾ ਜਾਂਦਾ ਹੈ। ਇਸ ਵਿੱਚ ਤੁਹਾਨੂੰ ਪੈਸੇ ਦੇ ਬਦਲੇ ਪੈਸੇ ਮਿਲਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)