ਓਲੰਪਿਕ ਦੇ ਆਗਾਜ਼ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਪੈਰਿਸ 'ਚ ਰੇਲਵੇ ਨੈੱਟਵਰਕ ਦੀ ਕੀਤੀ ਭੰਨਤੋੜ, ਹਫੜਾ-ਦਫੜੀ 'ਚ 8 ਲੱਖ ਲੋਕ ਪ੍ਰਭਾਵਿਤ ਹੋਏ

ਰੇਲਵੇ ਲਾਈਨਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪੈਰਿਸ ਵਿੱਚ ਓਲੰਪਿਕਸ ਦਾ ਉਦਘਾਟਨ ਹੋਣ ਤੋਂ ਪਹਿਲਾਂ ਰੇਲਵੇ ਲਾਈਨ ਪ੍ਰਭਾਵਿਤ

ਪੈਰਿਸ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਹੀ ਕਈ ਥਾਵਾਂ 'ਤੇ ਅੱਗ ਲੱਗਣ ਕਾਰਨ ਫਰਾਂਸ 'ਚ ਹਾਈ ਸਪੀਡ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਕਿਹਾ ਕਿ ਇਹ ਹਮਲੇ ਰੇਲਵੇ ਲਾਈਨਾਂ ਨੂੰ ਨਸ਼ਟ ਕਰਨ ਦੇ ਮਕਸਦ ਨਾਲ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਹਨ।

ਫਰਾਂਸ ਦੀ ਸਰਕਾਰੀ ਰੇਲਵੇ ਕੰਪਨੀ ਐੱਨਐੱਨਸੀਐੱਫ਼ ਨੇ ਪਹਿਲਾਂ ਕਿਹਾ ਸੀ ਕਿ ਇਸ ਹਮਲੇ ਨਾਲ 2.5 ਲੱਖ ਯਾਤਰੀ ਪ੍ਰਭਾਵਿਤ ਹੋਏ ਹਨ।

ਹੁਣ ਅਧਿਕਾਰੀ ਕਹਿ ਰਹੇ ਹਨ ਕਿ ਰੇਲਵੇ ਨੈੱਟਵਰਕ ਵਿੱਚ ਵਿਘਨ ਪੈਣ ਕਾਰਨ ਕੁੱਲ ਅੱਠ ਲੱਖ ਲੋਕਾਂ ਉੱਤੇ ਅਸਰ ਪਿਆ ਹੈ।

ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਰੇਲਵੇ ਨੈੱਟਵਰਕ ਦੀਆਂ ਤਾਰਾਂ ਕੱਟ ਦਿੱਤੀਆਂ ਹਨ ਜਿਸ ਕਾਰਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਹੁਣ ਕੱਟੀਆਂ ਤਾਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।

ਪੈਰਿਸ ਓਲੰਪਿਕ ਖੇਡਾਂ ਅੱਜ ਯਾਨੀ 26 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ 11 ਅਗਸਤ ਤੱਕ ਜਾਰੀ ਰਹਿਣਗੀਆਂ।

ਐੱਸਐੱਨਸੀਐੱਫ਼ ਨੇ ਕਿਹਾ ਕਿ ਇਸਦੇ ਹਾਈ-ਸਪੀਡ ਨੈਟਵਰਕ ਨੂੰ ‘ਨੁਕਸਾਨ ਪਹੁੰਚਾਉਣ’ ਲਈ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਕਾਰਨ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਐੱਸਐੱਨਸੀਐੱਫ਼ ਨੇ ਦੱਸਿਆ ਕਿ ਪੈਰਿਸ ਦੇ ਪੱਛਮ, ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ ਕਈ ਇੰਟਰਸਿਟੀ ਹਾਈ ਸਪੀਡ ਰੇਲ ਨੈੱਟਵਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਬੀਤੀ ਰਾਤ ਵੀ ਐੱਸਐੱਨਸੀਐੱਫ਼ ਨੇ ਐਟਲਾਂਟਿਕ, ਉੱਤਰੀ ਅਤੇ ਪੂਰਬੀ ਹਾਈ ਸਪੀਡ ਰੇਲਵੇ ਲਾਈਨਾਂ 'ਤੇ ਭੰਨ੍ਹ-ਤੋੜ ਕਰਨ ਦਾ ਦਾਅਵਾ ਕੀਤਾ ਸੀ।

ਫਰਾਂਸ ਦੇ ਟਰਾਂਸਪੋਰਟ ਮੰਤਰੀ ਪਾਰਟਰਿਜ਼ ਵਰਗ੍ਰਿਟ ਨੇ ਇਸ ਅਪਰਾਧਿਕ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਯੋਜਨਾਬੱਧ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਨੇ ਬੀਤੀ ਰਾਤ ਕਈ ਟੀਜੀਵੀ (ਇੰਟਰਸਿਟੀ ਰੇਲ ਲਾਈਨਾਂ) ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਸ ਕਾਰਨ ਵੀਕੈਂਡ ਯਾਨੀ ਐਤਵਾਰ ਤੱਕ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।"

ਵਰਗ੍ਰਿਟ ਨੇ ਕਿਹਾ, "ਮੈਂ ਇਨ੍ਹਾਂ ਅਪਰਾਧਿਕ ਕੰਮਾਂ ਦੀ ਸਖ਼ਤ ਨਿੰਦਾ ਕਰਦਾ ਹਾਂ।"

ਇਹ ਬਹੁਤ ਸਾਰੇ ਫਰਾਂਸੀਸੀ ਲੋਕਾਂ ਦੀਆਂ ਯਾਤਰਾ ਯੋਜਨਾਵਾਂ ਨੂੰ ਪ੍ਰਭਾਵਤ ਕਰੇਗਾ।

ਉਨ੍ਹਾਂ ਕਿਹਾ ਕਿ, "ਐੱਸਐੱਨਸੀਐੱਫ਼ ਕਰਮਚਾਰੀ ਜਿੰਨੀ ਜਲਦੀ ਹੋ ਸਕੇ ਸੇਵਾ ਨੂੰ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।"

ਰੇਲਵੇ ਲਾਈਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਲਵੇ ਸੇਵਾਵਾਂ ਵਿੱਚ ਵਿਘਨ ਪੈਣ ਨਾਲ ਕਰੀਬ 8 ਲੱਖ ਯਾਤਰੀ ਪ੍ਰਭਵਿਤ ਹੋ ਹਨ

ਰੇਲਵੇ ਲਾਈਨ ਕਿਵੇਂ ਰੁਕੀ?

ਪੈਰਿਸ ਦੇ ਕੇਂਦਰੀ ਹਿੱਸੇ ਵਿੱਚ ਇੱਕ ਨਾਕਾਬੰਦੀ ਲਗਾਈ ਗਈ ਸੀ, ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ ਅਤੇ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਸੁਰੱਖਿਆ ਲਈ ਹਜ਼ਾਰਾਂ ਪੁਲਿਸ ਮੁਲਾਜ਼ਮ ਅਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

ਹੁਲੜਬਾਜ਼ਾਂ ਨੇ ਰਾਜਧਾਨੀ ਪੈਰਿਸ ਤੋਂ ਦੂਰ ਕਰੀਬ ਪੰਜ ਥਾਵਾਂ 'ਤੇ ਫਰਾਂਸ ਦੇ ਰੇਲ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ।

ਫਰਾਂਸ ਦੀ ਰੇਲ ਕੰਪਨੀ ਐੱਸਐੱਨਸੀਐੱਫ਼ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ 1.00 ਤੋਂ 5.30 ਦਰਮਿਆਨ ਇਨ੍ਹਾਂ ਬਦਮਾਸ਼ਾਂ ਨੇ ਘੱਟੋ-ਘੱਟ ਪੰਜ ਸਿਗਨਲ ਬਕਸਿਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਬਿਜਲੀ ਦੀਆਂ ਤਾਰਾਂ ਨਾਲ ਛੇੜਛਾੜ ਕੀਤੀ ਗਈ ਹੈ।

ਫਰਾਂਸ ਦੇ ਖੇਡ ਮੰਤਰੀ ਨੇ ਪੈਰਿਸ ਓਲੰਪਿਕ ਤੋਂ ਪਹਿਲਾਂ ਰੇਲ ਮਾਰਗਾਂ ਨੂੰ ਨਿਸ਼ਾਨਾ ਬਣਾਉਣ ਨੂੰ ਐਥਲੀਟਾਂ ਅਤੇ ਖੇਡਾਂ 'ਤੇ ਹਮਲਾ ਕਰਾਰ ਦਿੱਤਾ ਹੈ।

ਐੱਸਐੱਨਸੀਐੱਫ਼ ਨੇ ਦੱਸਿਆ ਹੈ ਕਿ ਪੈਰਿਸ ਨੂੰ ਉੱਤਰ, ਪੂਰਬ ਅਤੇ ਦੱਖਣ-ਪੱਛਮ ਨਾਲ ਜੋੜਨ ਵਾਲੇ ਰੇਲਵੇ ਮਾਰਗਾਂ 'ਤੇ ਸਿਗਨਲ ਬਕਸਿਆਂ ਨੂੰ ਅੱਗ ਲਗਾ ਦਿੱਤੀ ਗਈ ਸੀ।

ਐੱਸਐੱਨਸੀਐੱਫ਼ ਨੇ ਕਿਹਾ ਹੈ ਕਿ ਉਹ ਇੱਕ-ਇੱਕ ਕਰਕੇ ਖ਼ਰਾਬ ਹੋਈਆਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰ ਸਕਣਗੇ।

ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਏਲ ਅਟਲ ਨੇ ਕਿਹਾ ਹੈ ਕਿ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਯਾਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਤਰੀਆਂ ਨੂੰ ਟਰੇਨਾਂ ਦੇ ਦੇਰੀ ਨਾਲ ਚੱਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ

ਯਾਤਰੀਆਂ ਉੱਤੇ ਪਿਆ ਅਸਰ

ਐੱਸਐੱਨਸੀਐੱਫ ਦੀ ਇੱਕ ਸਹਾਇਕ ਕੰਪਨੀ ਦੇ ਮੁਖੀ ਕ੍ਰਿਸਟੋਫ ਫ਼ਨੀਚੇਟ ਨੇ ਕਿਹਾ ਹੈ ਕਿ ਹਮਲੇ ਕਰਕੇ ਆਈ ਰੁਕਾਵਟ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਹੈ।

ਉਨ੍ਹਾਂ ਨੇ ਦੱਸਿਆ ਕਿ ਰੇਲ ਨੈੱਟਵਰਕ ਪ੍ਰਭਾਵਿਤ ਹੋਣ ਕਰਕੇ ਇੱਕ ਦਿਨ ਵਿੱਚ ਹੀ ਢਾਈ ਲੱਖ ਲੋਕਾਂ 'ਤੇ ਅਸਰ ਪਿਆ ਹੈ ਅਤੇ ਇਸ ਹਫ਼ਤੇ ਦੇ ਅੰਤ ਤੱਕ ਇਹ ਅੰਕੜਾ ਅੱਠ ਲੱਖ ਤੱਕ ਪਹੁੰਚ ਜਾਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ, ਪ੍ਰਭਾਵਿਤ ਹੋਏ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਅੱਗੇ ਦੀ ਜਾਣਕਾਰੀ ਐੱਸਐੱਮਐੱਸ ਅਤੇ ਈਮੇਲ ਰਾਹੀਂ ਦਿੱਤੀ ਜਾਵੇਗੀ।

ਇਸ ਵਿਚਾਲੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਨੇ ਵੀ ਰੇਲ ਨੈੱਟਵਰਕ 'ਤੇ ਹੋਏ ਹਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਥੌਮਸ ਬਾਕ ਨੇ ਮੀਡੀਆ ਨੂੰ ਕਿਹਾ, "ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਸਾਨੂੰ ਫਰਾਂਸ ਦੇ ਪ੍ਰਸ਼ਾਸਨ 'ਤੇ ਪੂਰਾ ਭਰੋਸਾ ਹੈ।"

ਰੇਲਵੇ ਲਾਈਨਾਂ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੇਲਵੇ ਲਾਈਨਾਂ ਦੇ ਨੁਕਸਾਨ ਨੂੰ ਠੀਕ ਕਰਨ ਲਈ ਐੱਸਐੱਨਸੀਐੱਫ਼ ਦੀਆਂ ਟੀਮਾਂ ਜੁਟ ਗਈਆਂ ਹਨ

ਓਲੰਪਿਕ ਨਾਲ ਸਬੰਧ

ਪੈਰਿਸ ਤੋਂ ਰਿਪੋਰਟਿੰਗ ਕਰ ਰਹੇ ਬੀਬੀਸੀ ਪੱਤਰਕਾਰ ਹਯੂਗ ਸਕੋਫ਼ੀਲਡ ਦੇ ਮੁਤਾਬਕ ਇਹ ਮੰਨਣਾ ਮੁਸ਼ਕਿਲ ਹੈ ਕਿ ਇਨ੍ਹਾਂ ਹਮਲਿਆਂ ਦਾ ਓਲੰਪਿਕ ਨਾਲ ਕੋਈ ਸਬੰਧ ਨਹੀਂ ਹੈ।

ਉਹ ਕਹਿੰਦੇ ਹਨ ਕਿ ਹੁਣ ਤੱਕ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਕਿਸੇ ਵੀ ਧੜੇ ਨੇ ਨਹੀਂ ਲਈ ਹੈ। ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਨ੍ਹਾਂ ਨੂੰ ਓਲੰਪਿਕ ਖੇਡਾਂ ਤੋਂ ਵੱਖ ਕਰਕੇ ਵੇਖਿਆ ਜਾਵੇ।

ਐੱਸਐੱਨਸੀਐੱਫ ਦੇ ਮੁਤਾਬਕ 'ਰੇਲ ਨੈੱਟਵਰਕ 'ਚ ਵਿਘਨ ਪਾਉਣ ਦੇ ਇਰਾਦੇ ਨਾਲ ਰਾਤ ਭਰ ਕਈ ਥਾਵਾਂ 'ਤੇ ਹਮਲੇ ਕੀਤੇ ਗਏ ਹਨ।'

ਅੱਗ ਲਗਾਉਣ ਦੀ ਸ਼ੁਰੂਆਤ ਪੱਛਮ, ਉੱਤਰ ਅਤੇ ਪੂਰਬੀ ਪੈਰਿਸ ਵਿੱਚ ਚੱਲਣ ਵਾਲੀ ਟੀਜੀਵੀ ਰੇਲ ਲਾਈਨ 'ਤੇ ਤਿੰਨ ਥਾਵਾਂ ਤੋਂ ਹੋਈ।

ਹਾਲਾਂਕਿ, ਦੱਖਣ ਵਿੱਚ ਲਿਓਨ ਵੱਲੋਂ ਜਾਂ ਵਾਲੇ ਰੇਲਮਾਰਗ 'ਤੇ ਚੌਥੇ ਹਮਲੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ।

ਹਮਲਿਆਂ ਦੇ ਕਾਰਨ ਟੀਜੀਵੀ ਟ੍ਰੇਨਾਂ ਨੂੰ ਦੂਜਿਆਂ ਲਾਈਨਾਂ 'ਤੇ ਡਾਈਵਰਟ ਕਰ ਦਿੱਤਾ ਗਿਆ। ਇਸ ਨਾਲ ਕਈ ਟ੍ਰੇਨਾਂ ਦੋ ਘੰਟੇ ਦੇਰ ਨਾਲ ਚੱਲੀਆਂ ਅਤੇ ਕਈ ਰੱਦ ਵੀ ਕਰਨੀਆਂ ਪਈਆਂ।

ਇਨ੍ਹਾਂ ਦੀ ਮੁਰੰਮਤ ਦਾ ਕੰਮ ਇਸ ਹਫ਼ਤੇ ਦੇ ਅੰਤ ਤੋਂ ਪਹਿਲਾਂ ਪੂਰਾ ਨਹੀਂ ਕੀਤਾ ਜਾ ਸਕਦਾ ਹੈ।

ਰੇਲ ਕੰਪਨੀ ਐੱਸਐੱਨਸੀਐੱਫ਼ ਦੇ ਮੁਖੀ ਪਿਏਰੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੇਲ ਕੰਪਨੀ ਐੱਸਐੱਨਸੀਐੱਫ਼ ਦੇ ਮੁਖੀ ਪਿਏਰੇ

ਰੇਲ ਕੰਪਨੀ ਨੇ ਯਾਤਰੀਆਂ ਨੂੰ ਕੀਤੀ ਅਪੀਲ

ਪੈਰਿਸ ਦੇ ਰੇਲਵੇ ਸਟੇਸ਼ਨਾਂ ਲਈ ਅੱਜ ਦਾ ਦਿਨ ਇਸ ਲਈ ਭਾਰੀ ਸਾਬਿਤ ਹੋ ਰਿਹਾ ਹੈ ਕਿਉਂਕਿ ਇੱਕ ਪਾਸੇ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਲੋਕ ਸ਼ਾਮਲ ਹੋਣ ਲਈ ਉਥੇ ਪਹੁੰਚ ਰਹੇ ਹਨ ਅਤੇ ਦੂਜੇ ਪਾਸੇ ਬਹੁਤ ਸਾਰੇ ਪੈਰਿਸ ਦੇ ਲੋਕ ਗਰਮੀਆਂ ਦੀ ਛੁੱਟੀਆਂ 'ਤੇ ਬਾਹਰ ਜਾ ਰਹੇ ਹਨ।

ਫਰਾਂਸ ਵਿੱਚ ਅੱਜ ਕਰੀਬ 10 ਹਜ਼ਾਰ ਐਥਲੀਟ ਸੀਨ ਨਦੀ ਦੇ ਕੋਲ ਓਲੰਪਿਕ ਦੇ ਉਦਘਾਟਨੀ ਸਮਾਰੋਹ ਦਾ ਹਿੱਸਾ ਬਣਨਗੇ। ਇਨ੍ਹਾਂ ਤੋਂ ਇਲਾਵਾ ਕਰੀਬ 30 ਹਜ਼ਾਰ ਦਰਸ਼ਕਾਂ ਦੇ ਵੀ ਆਉਣ ਦਾ ਅੰਦਾਜ਼ਾ ਹੈ। ਇਨ੍ਹਾਂ ਵਿੱਚ ਵੀਆਈਪੀ ਅਤੇ ਹੋਰ ਵੱਡਿਆਂ ਹਸਤੀਆਂ ਵੀ ਸ਼ਾਮਲ ਹਨ।

4 ਘੰਟੇ ਦਾ ਓਲੰਪਿਕ ਸਮਾਗਮ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਸ਼ੁਰੂ ਹੋਵੇਗਾ। ਕਰੀਬ 45 ਹਜ਼ਾਰ ਸੁਰੱਖਿਆ ਕਾਮੇ ਇਸ ਸਮਾਗਮ ਦੀ ਨਿਗਰਾਨੀ ਕਰਨਗੇ। ਇਨ੍ਹਾਂ ਤੋਂ ਇਲਾਵਾ ਹੋਰ 10 ਹਜ਼ਾਰ ਸੈਨਿਕ ਅਤੇ 22 ਹਜ਼ਾਰ ਪ੍ਰਾਈਵੇਟ ਸੁਰੱਖਿਆ ਗਾਰਡ ਵੀ ਅਮਗਮ ਵਿੱਚ ਤਾਇਨਾਤ ਕੀਤੇ ਗਏ ਹਨ।

ਫਰਾਂਸ ਦੀ ਸਰਕਾਰੀ ਕੰਪਨੀ ਐੱਸਐੱਨਸੀਐੱਫ ਨੇ ਇਸ ਹਫ਼ੜਾ-ਦਫ਼ੜੀ ਦੇ ਮਾਹੌਲ ਵਿੱਚ ਯਾਤਰੀਆਂ ਨੂੰ ਕਿਹਾ ਹੈ ਕਿ ਜੇਕਰ ਸੰਭਵ ਹੈ ਤਾਂ ਉਹ ਆਪਣੀ ਯਾਤਰਾ ਨੂੰ ਟਾਲ ਦੇਣ।

ਕੰਪਨੀ ਨੇ ਕਿਹਾ ਕਿ ਇਸ ਰੁਕਾਵਟ ਤੋਂ ਪ੍ਰਭਾਵਿਤ ਹੋਣ ਵਾਲੇ ਯਾਤਰੀਆਂ ਦੀ ਟਿਕਟ ਦੇ ਪੈਸੇ ਮੋੜ ਦਿੱਤੇ ਜਾਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)