ਪਹਿਲਗਾਮ ਹਮਲਾ: ਜ਼ਖ਼ਮੀਆਂ ਨਾਲ ਮੁਲਾਕਾਤ ਮਗਰੋਂ ਬੋਲੇ ਰਾਹੁਲ ਗਾਂਧੀ, 'ਸਾਨੂੰ ਇੱਕਜੁੱਟ ਹੋ ਕੇ ਅੱਤਵਾਦ ਨੂੰ ਹਰਾਉਣਾ ਚਾਹੀਦਾ ਹੈ'

ਰਾਹੁਲ ਗਾਂਧੀ

ਤਸਵੀਰ ਸਰੋਤ, @INCInd

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨੇ ਪਹਿਲਗਾਮ ਹਮਲੇ ਦੇ ਪੀੜਤ ਨਾਲ ਮੁਲਾਕਾਤ ਕੀਤੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਸ਼੍ਰੀਨਗਰ ਪਹੁੰਚੇ ਅਤੇ ਉਨ੍ਹਾਂ ਨੇ ਪਹਿਲਗਾਮ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ।

ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਬਾਰੇ ਚਰਚਾ ਕੀਤੀ।

ਮੰਗਲਵਾਰ ਨੂੰ ਪਹਿਲਗਾਮ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ ਵਿੱਚ 26 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ।

ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇਹ ਇੱਕ ਭਿਆਨਕ ਤਰਾਸਦੀ ਹੈ। ਮੈਂ ਇੱਥੇ ਸਥਿਤੀ ਜਾਨਣ ਅਤੇ ਮਦਦ ਕਰਨ ਲਈ ਆਇਆ ਹਾਂ।"

"ਜੰਮੂ-ਕਸ਼ਮੀਰ ਦੇ ਸਾਰੇ ਲੋਕਾਂ ਨੇ ਇਸ ਭਿਆਨਕ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਉਹ ਇਸ ਸਮੇਂ ਦੇਸ਼ ਦੇ ਨਾਲ ਹਨ।"

"ਮੈਂ ਜ਼ਖਮੀਆਂ ਵਿੱਚੋਂ ਇੱਕ ਨੂੰ ਮਿਲਿਆ ਹਾਂ। ਮੇਰਾ ਪਿਆਰ ਅਤੇ ਸਨੇਹ ਉਨ੍ਹਾਂ ਸਾਰਿਆਂ ਨਾਲ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।"

ਰਾਹੁਲ ਗਾਂਧੀ ਅਤੇ ਉਮਰ ਅਬਦੁੱਲਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉਮਰ ਅਬਦੁੱਲਾ ਨਾਲ ਮੁਲਾਕਾਤ ਸਮੇਂ ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ, "ਕੱਲ੍ਹ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਸੀ ਅਤੇ ਪੂਰੀ ਵਿਰੋਧੀ ਧਿਰ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।"

"ਇਸ ਦੇ ਨਾਲ ਹੀ, ਅਸੀਂ ਸਰਕਾਰ ਵੱਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਦਾ ਪੂਰਾ ਸਮਰਥਨ ਕਰਦੇ ਹਾਂ। ਜੋ ਕੁਝ ਵੀ ਹੋਇਆ ਹੈ ਉਸ ਪਿੱਛੇ ਵਿਚਾਰ ਸਮਾਜ ਨੂੰ ਵੰਡਣਾ ਹੈ, ਭਰਾ ਨੂੰ ਭਰਾ ਨਾਲ ਲੜਨ ਦੀ ਸਾਜ਼ਿਸ਼ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਹਰ ਭਾਰਤੀ ਇੱਕਜੁੱਟ ਹੋਵੇ ਅਤੇ ਅੱਤਵਾਦੀਆਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰੇ।"

ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸਾਡੇ ਭਰਾਵਾਂ ਅਤੇ ਭੈਣਾਂ 'ਤੇ ਹਮਲਾ ਕਰ ਰਹੇ ਹਨ।

"ਸਾਨੂੰ ਇਸ ਸਮੇਂ ਇੱਕਜੁੱਟ ਹੋਣਾ ਪਵੇਗਾ ਅਤੇ ਅੱਤਵਾਦ ਨੂੰ ਹਰਾਉਣਾ ਪਵੇਗਾ। ਸਾਨੂੰ ਇਸ ਘਿਨਾਉਣੇ ਕੰਮ ਨਾਲ ਲੜਨ ਲਈ ਇੱਕਜੁੱਟ ਅਤੇ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਅੱਤਵਾਦ ਨੂੰ ਹਮੇਸ਼ਾ ਲਈ ਹਰਾਉਣਾ ਚਾਹੀਦਾ ਹੈ।"

ਰਾਹੁਲ ਗਾਂਧੀ ਨੇ ਕਿਹਾ, "ਮੈਂ ਮੁੱਖ ਮੰਤਰੀ ਅਤੇ ਉਪ ਰਾਜਪਾਲ ਨੂੰ ਵੀ ਮਿਲਿਆ। ਉਨ੍ਹਾਂ ਨੇ ਮੈਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਦੋਵਾਂ ਨੂੰ ਭਰੋਸਾ ਦਿੱਤਾ ਹੈ ਕਿ ਮੈਂ ਅਤੇ ਸਾਡੀ ਪਾਰਟੀ ਉਨ੍ਹਾਂ ਦਾ ਪੂਰਾ ਸਮਰਥਨ ਕਰਾਂਗੇ।"

ਪਾਕਿਸਤਾਨ ਹਰ ਸਥਿਤੀ ਲਈ ਤਿਆਰ ਹੈ- ਰੱਖਿਆ ਮੰਤਰੀ

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਹਰ ਸਥਿਤੀ ਲਈ ਤਿਆਰ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਹਰ ਸਥਿਤੀ ਲਈ ਤਿਆਰ ਹਨ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ, ਮ੍ਰਿਤਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ।

ਇਸ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਉੱਤੇ ਕਈ ਪਾਬੰਦੀਆਂ ਲਗਾਈਆਂ ਅਤੇ ਪਾਕਿਸਤਾਨ ਨੇ ਵੀ ਜਵਾਬ ਵਜੋਂ ਭਾਰਤ ਉੱਤੇ ਬੰਦਿਸ਼ਾਂ ਲਗਾ ਦਿੱਤੀਆਂ।

ਦੋਵਾਂ ਮੁਲਕਾਂ ਦਰਮਿਆਨ ਇਸ ਤਣਾਅ ਉੱਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨਾਲ ਬੀਬੀਸੀ ਨੇ ਗੱਲਬਾਤ ਕੀਤੀ।

ਖ਼ਵਾਜਾ ਆਸਿਫ਼ ਨੇ ਕਿਹਾ ਕਿ "ਲੰਘੇ 24 ਘੰਟਿਆਂ ਦੇ ਅੰਦਰ ਭਾਰਤ ਨੇ ਜੋ ਕੀਤਾ ਅਸੀਂ ਉਸ ਉੱਤੇ ਜਵਾਬ ਦਿੱਤਾ ਹੈ। ਅਸੀਂ ਇਓਂ ਹੀ ਇਹ ਝੱਲ ਨਹੀਂ ਸਕਦੇ। ਸਾਨੂੰ ਉਸੇ ਅੰਦਾਜ਼ ਅਤੇ ਭਾਸ਼ਾ ਵਿੱਚ ਜਵਾਬ ਦੇਣਾ ਪੈਣਾ।"

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਹਾਡੇ ਨਜ਼ਰੀਏ ਤੋਂ ਇਹ ਹਾਲੇ ਮੂਲ ਰੂਪ ਵਿੱਚ ਕੂਟਨੀਤਕ ਤੌਰ 'ਤੇ ਇੱਕ-ਦੂਜੇ ਨਾਲ ਵਾਰ-ਪਲਟਵਾਰ ਹੈ। ਇਸ ਟੱਕਰ ਵਿੱਚ ਅਜੇ ਤੱਕ ਕੋਈ ਵਾਧਾ ਨਹੀਂ ਹੋਇਆ ਹੈ?

ਤਾਂ ਉਨ੍ਹਾਂ ਨੇ ਕਿਹਾ ਕਿ, "ਉਮੀਦ ਕਰਦਾ ਹਾਂ ਕਿ ਨਾ ਹੋਵੇ,ਪਰ ਮਸਲਾ ਵਿਗੜ ਸਕਦਾ ਹੈ। ਸਥਿਤੀ ਵਿੱਚ ਵਿਗਾੜ ਦੀ ਸੰਭਾਵਨਾ ਵੀ ਹੈ। ਉਮੀਦ ਹੈ ਕਿ ਅਜਿਹਾ ਨਾ ਹੋਵੇ, ਪ੍ਰਾਰਥਨਾ ਹੈ ਕਿ ਇਹ ਉਸ ਪੱਧਰ ਤੱਕ ਨਾ ਵਧੇ ਜੋ ਉਪ-ਮਹਾਂਦੀਪ ਦੀ ਸ਼ਾਂਤੀ ਲਈ ਖ਼ਤਰਨਾਕ ਹੋਵੇ।"

ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਜੇਕਰ ਸਥਿਤੀ ਵਿਗੜਣ ਦੀ ਸੰਭਾਵਨਾ ਹੈ, ਤਾਂ ਪਾਕਿਸਤਾਨੀ ਫੌਜ ਅਜਿਹੀ ਕਿਸੇ ਵੀ ਸੰਭਾਵਨਾ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਕੀ ਕਰ ਰਹੀ ਹੈ?

"ਅਸੀਂ ਪਹਿਲਾਂ ਹੀ ਤਿਆਰ ਹਾਂ। ਸਾਨੂੰ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਨਹੀਂ ਹੈ। ਉਪ-ਮਹਾਂਦੀਪ ਵਿੱਚ ਤਿਆਰੀ ਇੱਕ ਬਹੁਤ ਹੀ ਬੁਨਿਆਦੀ ਚੀਜ਼ ਹੈ, ਜੋ ਪਾਕਿਸਤਾਨ ਨੂੰ ਕਰਨੀ ਪੈਂਦੀ ਹੈ,ਜਾਂ ਸ਼ਾਇਦ ਭਾਰਤ ਨੂੰ ਵੀ,ਉਨ੍ਹਾਂ ਦੇ ਪਾਸੇ ਦੀ ਤਿਆਰੀ ਹਾਲਾਂਕਿ ਅਸਪਸ਼ਟ ਹੈ।"

ਭਾਰਤ-ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨੀ ਦੇ ਹਿੰਦੂ ਨਾਗਰਿਕਾਂ ਨੂੰ ਪਹਿਲਾਂ ਤੋਂ ਦਿੱਤੇ ਲੰਬੇ ਸਮੇਂ ਦੇ ਵੀਜ਼ੇ (ਐਲਟੀਵੀ) ਬਾਰੇ ਸਪਸ਼ਟੀਕਰਨ ਦਿੱਤਾ

ਪਹਿਲਗਾਮ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਿੰਦੂਆਂ ਦੇ ਲੰਬੇ ਸਮੇਂ ਦੇ ਵੀਜ਼ਾ (ਐਲਟੀਵੀ) ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕੀਤਾ ਹੈ।

ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, "ਜਿਹੜੇ ਵੀਜ਼ੇ ਰੱਦ ਕਰਨ ਦੀ ਗੱਲ ਕਹੀ ਗਈ ਹੈ, ਉਹ ਪਾਕਿਸਤਾਨ ਦੇ ਹਿੰਦੂ ਨਾਗਰਿਕਾਂ ਨੂੰ ਪਹਿਲਾਂ ਤੋਂ ਹੀ ਦਿੱਤੇ ਗਏ ਐਲਟੀਵੀ 'ਤੇ ਲਾਗੂ ਨਹੀਂ ਹੁੰਦਾ ਹੈ। ਇਹ ਵੀਜ਼ੇ ਅਜੇ ਵੀ ਯੋਗ ਹਨ।"

ਇਸ ਤੋਂ ਪਹਿਲਾਂ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ 'ਹੁਣ ਪਾਕਿਸਤਾਨੀ ਨਾਗਰਿਕ ਸਾਰਕ ਵੀਜ਼ਾ ਛੋਟ ਸਕੀਮ (ਐਸਵੀਈਐਸ) ਦੇ ਤਹਿਤ ਜਾਰੀ ਕੀਤੇ ਗਏ ਵੀਜ਼ਿਆਂ ਦੇ ਆਧਾਰ 'ਤੇ ਭਾਰਤ ਦੀ ਯਾਤਰਾ ਨਹੀਂ ਕਰ ਸਕਣਗੇ।'

ਉਨ੍ਹਾਂ ਕਿਹਾ ਸੀ, "ਐਸਵੀਈਐਸ ਤਹਿਤ ਪਾਕਿਸਤਾਨੀ ਨਾਗਰਿਕਾਂ ਨੂੰ ਪਹਿਲਾਂ ਜਾਰੀ ਕੀਤੇ ਗਏ ਵੀਜ਼ੇ ਰੱਦ ਮੰਨੇ ਜਾਣਗੇ। ਸਾਰੇ ਪਾਕਿਸਤਾਨੀ ਨਾਗਰਿਕ ਜੋ ਐਸਵੀਈਐਸ ਤਹਿਤ ਭਾਰਤ ਵਿੱਚ ਹਨ, ਉਨ੍ਹਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣਾ ਪਵੇਗਾ।"

ਲਾਈਨ

ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨੂੰ ਪਾਕਿਸਤਾਨੀ ਨਾਗਰਿਕਾਂ ਦੀ ਸ਼ਨਾਖਤ ਕਰਨ ਨੂੰ ਕਿਹਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪੋ-ਆਪਣੇ ਸੂਬਿਆਂ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਸ਼ਨਾਖਤ ਕਰਨ ਲਈ ਕਿਹਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਜੇ ਕੋਈ ਵੀ ਪਾਕਿਸਤਾਨੀ ਉਨ੍ਹਾਂ ਦੇ ਸੂਬੇ ਵਿੱਚ ਹੈ ਤਾਂ ਉਸ ਦੀ ਪਾਕਿਸਤਾਨ ਲਈ ਫ਼ੌਰੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ।

ਕੇਂਦਰ ਸਰਕਾਰ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕ ਜੋ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਉੱਤੇ ਭਾਰਤ ਆਏ ਸਨ ਨੂੰ ਤੁਰੰਤ ਵਾਪਸ ਜਾਣ ਲਈ ਕਿਹਾ ਸੀ।

ਹੁਣ ਤੱਕ ਦਾ ਘਟਨਾਕ੍ਰਮ

  • 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ।
  • ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਦੀ ਕਰੜੀ ਨਿੰਦਾ ਕੀਤੀ ਅਤੇ ਕਿਹਾ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
  • ਭਾਰਤ ਸਰਕਾਰ ਨੇ ਸੁਰੱਖਿਆ ਲਈ ਕੈਬਨਿਟ ਕਮੇਟੀ ਦੀ ਮੀਟਿੰਗ ਬਾਅਦ ਪਾਕਿਸਤਾਨ ਖਿਲਾਫ਼ ਪਾਬੰਦੀਆਂ ਦਾ ਐਲਾਨ ਕੀਤਾ।
  • ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੋਕਣ, ਅਟਾਰੀ ਪੋਸਟ ਬੰਦ ਕਰਨ, ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ।
  • ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ, ਪਾਕਿਸਤਾਨੀ ਹਿੰਦੂਆਂ ਨੂੰ ਜਾਰੀ ਲੰਬੇ ਸਮੇਂ ਦੇ ਵੀਜ਼ਾ 'ਤੇ ਇਹ ਬਦਲਾਅ ਲਾਗੂ ਨਹੀਂ ਹੋਵੇਗਾ।
  • ਪਾਕਿਸਤਾਨ ਨੂੰ ਭਾਰਤ 'ਚ ਕੰਮ ਕਰ ਰਹੇ ਆਪਣੇ ਕੁਝ ਕੂਟਨੀਤਕਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ।
  • ਵੀਰਵਾਰ ਨੂੰ ਸਰਬ-ਪਾਰਟੀ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਨੇ ਪਾਕਿਸਤਾਨ ਬਾਰੇ ਲਏ ਗਏ ਫ਼ੈਸਲੇ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ।
  • ਵਿਰੋਧੀ ਪਾਰਟੀਆਂ ਨੇ ਭਵਿੱਖ ਵਿੱਚ ਅੱਤਵਾਦ ਵਿਰੁੱਧ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਿਸੇ ਵੀ ਕਦਮ ਦਾ ਸਮਰਥਨ ਦੇਣ ਲਈ ਕਿਹਾ।
  • ਪਾਕਿਸਤਾਨ ਵਿੱਚ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ 'ਚ ਕਈ ਫ਼ੈਸਲੇ ਲਏ ਗਏ।
  • ਇਨ੍ਹਾਂ ਵਿੱਚ - ਭਾਰਤ ਨਾਲ ਦੁਵੱਲੇ ਸਮਝੌਤਿਆਂ ਨੂੰ ਰੱਦ ਕਰਨਾ, ਹਵਾਈ ਖੇਤਰ ਅਤੇ ਸਰਹੱਦਾਂ ਨੂੰ ਬੰਦ ਕਰਨਾ ਅਤੇ ਵਪਾਰ ਨੂੰ ਬੰਦ ਕਰਨਾ ਸ਼ਾਮਲ ਹੈ।
  • ਪਾਕਿਸਤਾਨ ਨੇ ਵੀ ਰੱਖਿਆ ਸਲਾਹਕਾਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਦੇਸ਼ ਛੱਡਣ ਲਈ ਕਿਹਾ ਹੈ ਅਤੇ ਆਪਣੇ ਕੂਟਨੀਤਕ ਸਟਾਫ਼ ਨੂੰ ਸੀਮਤ ਕਰ ਦਿੱਤਾ ਹੈ।
  • ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ, "ਜੇਕਰ ਭਾਰਤ ਪਾਕਿਸਤਾਨ 'ਤੇ ਕੋਈ ਕਾਰਵਾਈ ਕਰਦਾ ਹੈ ਤਾਂ ਨਤੀਜੇ ਭੁਗਤਣੇ ਪੈਣਗੇ।'
ਲਾਈਨ

ਤਨਮਨਜੀਤ ਸਿੰਘ ਢੇਸੀ ਨੇ ਕੀਤੀ ਹਮਲੇ ਦੀ ਨਿੰਦਾ

ਤਨਮਨਜੀਤ ਸਿੰਘ ਢੇਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਨਮਨਜੀਤ ਸਿੰਘ ਢੇਸੀ

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਯੂਕੇ ਦੀ ਸੰਸਦ ਵਿੱਚ ਕਿਹਾ, ''ਜੰਮੂ-ਕਸ਼ਮੀਰ ਵਿੱਚ ਮਾਸੂਮ ਸੈਲਾਨੀਆਂ 'ਤੇ ਹੋਏ ਬੇਰਹਿਮ ਕਾਇਰਤਾਪੂਰਨ ਅੱਤਵਾਦੀ ਹਮਲੇ ਨਾਲ ਬਹੁਤ ਦੁੱਖ ਹੋਇਆ। ਸਾਰੇ ਪ੍ਰਭਾਵਿਤ ਲੋਕਾਂ, ਖਾਸਕਰ ਪੀੜਤ ਪਰਿਵਾਰਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ ਹਨ।''

ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ।

ਸੰਯੁਕਤ ਰਾਸ਼ਟਰ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਹੈ

ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਨੇ ਕੀ ਅਪੀਲ ਕੀਤੀ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਵੱਧਣ ਕਰਕੇ ਸੰਯੁਕਤ ਰਾਸ਼ਟਰ ਨੇ ਦੋਵਾਂ ਦੇਸ਼ਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਸਕੱਤਰ-ਜਨਰਲ ਦਾ ਪਿਛਲੇ 24 ਘੰਟਿਆਂ ਵਿੱਚ ਕਿਸੇ ਵੀ ਸਰਕਾਰ ਨਾਲ "ਸਿੱਧਾ ਸੰਪਰਕ ਨਹੀਂ ਹੋਇਆ"। ਪਰ ਉਹ 'ਚਿੰਤਾ ਨਾਲ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।'

ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਸੀ।

ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ 'ਵੱਧ ਤੋਂ ਵੱਧ ਸੰਜਮ ਵਰਤਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸਥਿਤੀ ਹੋਰ ਨਾ ਵਿਗੜੇ।'

"ਸਾਡਾ ਮੰਨਣਾ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਕੋਈ ਵੀ ਮੁੱਦਾ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)