ਅਹਿਮਦਾਬਾਦ ਹਵਾਈ ਹਾਦਸੇ ਮਗਰੋਂ ਏਅਰ ਇੰਡੀਆ ਦੀਆਂ 83 ਉਡਾਣਾਂ ਰੱਦ ਕਿਉਂ ਹੋਈਆਂ ਤੇ ਹੁਣ ਕੰਪਨੀ ਕਿਉਂ ਘਟਾ ਰਹੀ ਹੈ ਆਪਣੀਆਂ ਉਡਾਣਾਂ

    • ਲੇਖਕ, ਪ੍ਰੇਰਣਾ
    • ਰੋਲ, ਬੀਬੀਸੀ ਪੱਤਰਕਾਰ

ਏਅਰ ਇੰਡੀਆ ਨੇ ਕਿਹਾ ਹੈ ਕਿ ਉਹ 'ਵ੍ਹਾਈਡ ਬਾਡੀ ਏਅਰਕ੍ਰਾਫਟ' ਰਾਹੀਂ ਚਲਾਈਆਂ ਜਾਣ ਵਾਲੀਆਂ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ 15 ਫੀਸਦ ਤੱਕ ਘਟਾਉਣ ਜਾ ਰਹੀ ਹੈ।

ਵ੍ਹਾਈਡ ਬਾਡੀ ਏਅਰਕ੍ਰਾਫਟ ਉਹ ਜਹਾਜ਼ ਹਨ ਜੋ ਆਕਾਰ ਵਿੱਚ ਵੱਡੇ ਹੁੰਦੇ ਹਨ ਅਤੇ ਮੁੱਖ ਤੌਰ 'ਤੇ ਲੰਬੀ ਦੂਰੀ ਦੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਵਰਤੇ ਜਾਂਦੇ ਹਨ।

ਏਅਰ ਇੰਡੀਆ ਦੇ ਪ੍ਰਮੁੱਖ ਵ੍ਹਾਈਡ ਬਾਡੀ ਏਅਰਕ੍ਰਾਫਟਾਂ ਵਿੱਚ ਬੋਇੰਗ 787 ਡ੍ਰੀਮਲਾਈਨਰ ਵੀ ਸ਼ਾਮਲ ਹੈ।

12 ਜੂਨ ਨੂੰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਇਆ ਏਅਰ ਇੰਡੀਆ ਦਾ ਜਹਾਜ਼ ਬੋਇੰਗ ਦਾ 787 ਡ੍ਰੀਮਲਾਈਨਰ ਹੀ ਸੀ।

ਏਅਰ ਇੰਡੀਆ ਹੁਣ ਇਨ੍ਹਾਂ ਜਹਾਜ਼ਾਂ ਦੀਆਂ ਉਡਾਣਾਂ ਨੂੰ ਘੱਟ ਕਰਨ ਜਾ ਰਹੀ ਹੈ।

ਕੰਪਨੀ ਨੇ ਇਸ ਦੇ ਪਿੱਛੇ ਕਾਰਨ ਆਪਣੇ ਸੰਚਾਲਨ ਨੂੰ ਸਥਿਰ ਰੱਖਣਾ, ਕੰਮਕਾਜ ਨੂੰ ਬਿਹਤਰ ਕਰਨਾ ਅਤੇ ਯਾਤਰੀਆਂ ਦੀਆਂ ਪਰੇਸ਼ਨੀਆਂ ਨੂੰ ਘੱਟ ਕਰਨਾ ਦੱਸਿਆ ਹੈ।

ਦਰਅਸਲ, ਅਹਿਮਦਾਬਾਦ ਹਾਦਸੇ ਤੋਂ ਬਾਅਦ, ਕਈ ਵਾਰ ਅਜਿਹੇ ਮੌਕੇ ਆਏ ਹਨ ਜਦੋਂ ਏਅਰ ਇੰਡੀਆ ਦੀਆਂ ਯਾਤਰੀ ਉਡਾਣਾਂ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਉਨ੍ਹਾਂ ਨੂੰ ਆਖ਼ਰੀ ਸਮੇਂ 'ਤੇ ਰੱਦ ਕਰਨਾ ਪਿਆ ਜਾਂ ਉਨ੍ਹਾਂ ਨੂੰ ਮੋੜਨਾ ਪਿਆ।

ਭਾਰਤੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅੰਕੜੇ ਦਰਸਾਉਂਦੇ ਹਨ ਕਿ 12 ਤੋਂ 17 ਜੂਨ ਦੇ ਵਿਚਕਾਰ, ਏਅਰ ਇੰਡੀਆ ਲਿਮਟਿਡ ਦੀਆਂ ਕੁੱਲ 83 ਉਡਾਣਾਂ ਰੱਦ ਕੀਤੀਆਂ ਗਈਆਂ।

ਜਿਨ੍ਹਾਂ ਵਿੱਚੋਂ 66 'ਬੋਇੰਗ 787' ਜਹਾਜ਼ ਸਨ।

ਅਜਿਹੇ ਵਿੱਚ ਆਮ ਲੋਕਾਂ ਵਿੱਚ ਇਹ ਚਿੰਤਾ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕੀ ਏਅਰ ਇੰਡੀਆ ਦੇ ਜਹਾਜ਼ਾਂ ਵਿੱਚ ਸੱਚਮੁੱਚ ਕੋਈ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ?

ਇਸ ਦੇ ਨਾਲ ਹੀ, ਕੁਝ ਲੋਕ ਹਨ ਜੋ ਇਸਨੂੰ ਏਅਰ ਇੰਡੀਆ ਦੀਆਂ ਸੰਚਾਲਨ ਚੁਣੌਤੀਆਂ ਨਾਲ ਜੋੜ ਕੇ ਦੇਖ ਰਹੇ ਹਨ।

ਅਜਿਹੀ ਸਥਿਤੀ ਵਿੱਚ ਹਕੀਕਤ ਕੀ ਹੈ ਇਹ ਜਾਣਨ ਲਈ, ਬੀਬੀਸੀ ਨੇ ਏਅਰ ਇੰਡੀਆ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਅਤੇ ਹਵਾਬਾਜ਼ੀ ਮਾਮਲਿਆਂ ਦੇ ਜਾਣਕਾਰ ਜਤਿੰਦਰ ਭਾਰਗਵ ਨਾਲ ਗੱਲ ਕੀਤੀ।

ਇੰਨੇ ਸਾਰੇ ਜਹਾਜ਼ ਕਿਉਂ ਰੱਦ ਹੋਏ

ਭਾਰਗਵ ਕਹਿੰਦੇ ਹਨ ਕਿ ਪਿਛਲੇ ਇੱਕ ਹਫ਼ਤੇ ਵਿੱਚ ਰੱਦ ਕੀਤੀਆਂ ਗਈਆਂ ਸਾਰੀਆਂ ਏਅਰ ਇੰਡੀਆ ਦੀਆਂ ਉਡਾਣਾਂ ਵਿੱਚੋਂ, ਸਿਰਫ ਦੋ ਜਹਾਜ਼ ਅਜਿਹੇ ਸਨ ਜਿਨ੍ਹਾਂ ਦੀ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ।

ਉਹ ਇੱਥੇ ਜਿਹੜੀਆਂ ਦੋ ਉਡਾਣਾਂ ਦਾ ਜ਼ਿਕਰ ਕਰਦੇ ਹਨ, ਉਨ੍ਹਾਂ ਵਿੱਚੋਂ ਇੱਕ 17 ਜੂਨ ਨੂੰ ਸੈਨ ਫਰਾਂਸਿਸਕੋ ਤੋਂ ਮੁੰਬਈ ਲਈ ਰਵਾਨਾ ਹੋਈ ਸੀ, ਪਰ ਜਹਾਜ਼ ਦੇ ਇੱਕ ਇੰਜਣ ਵਿੱਚ ਤਕਨੀਕੀ ਖ਼ਰਾਬੀ ਆਉਣ ਮਗਰੋਂ ਇਸ ਨੂੰ ਕੋਲਕਾਤਾ ਵਿੱਚ ਹੀ ਉਤਰਨਾ ਪਿਆ।

ਉਸੇ ਦਿਨ, ਹਾਂਗਕਾਂਗ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੰਬਰ AI315 ਨੂੰ ਵੀ ਤਕਨੀਕੀ ਖ਼ਰਾਬੀ ਕਾਰਨ ਤੁਰੰਤ ਵਾਪਸ ਜਾਣਾ ਪਿਆ।

17 ਜੂਨ ਨੂੰ ਏਅਰ ਇੰਡੀਆ ਦੀਆਂ ਘੱਟੋ-ਘੱਟ 13 ਹੋਰ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਦੀ ਗੱਲ ਸਾਹਮਣੇ ਆਈ ਸੀ।

ਪਰ ਇਸ ਪਿੱਛੇ ਕਾਰਨ ਕੋਈ ਤਕਨੀਕੀ ਨੁਕਸ ਨਹੀਂ ਸੀ।

ਭਾਰਗਵ ਦੱਸਦੇ ਹਨ ਕਿ ਜਦੋਂ ਅਹਿਮਦਾਬਾਦ ਵਿੱਚ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਤਾਂ ਡੀਜੀਸੀਏ ਨੇ ਏਅਰ ਇੰਡੀਆ ਨੂੰ ਕੰਪਨੀ ਦੇ ਸਾਰੇ ਬੋਇੰਗ 787 ਜਹਾਜ਼ਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।

ਉਨ੍ਹਾਂ ਦੀ ਜਾਂਚ ਕਰਨ ਵਿੱਚ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿੱਚ, ਏਅਰ ਇੰਡੀਆ ਕੋਲ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਜਾਂ ਉਨ੍ਹਾਂ ਦੇ ਸੰਚਾਲਨ ਨੂੰ ਸੀਮਤ ਕਰਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ।

ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਵੀ ਇਹ ਜਾਣਕਾਰੀ ਦਿੱਤੀ ਹੈ।

ਏਅਰ ਇੰਡੀਆ ਨੇ ਕੀ ਕਿਹਾ

ਕੰਪਨੀ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਲਿਖਿਆ ਹੈ ਕਿ ਉਸ ਦੇ 33 ਬੋਇੰਗ 787-8/9 ਜਹਾਜ਼ਾਂ ਵਿੱਚੋਂ, 26 ਜਹਾਜ਼ਾਂ ਦੀ ਜਾਂਚ ਪੂਰੀ ਹੋ ਗਈ ਹੈ। ਬਾਕੀ ਜਹਾਜ਼ਾਂ ਦੀ ਜਾਂਚ ਵੀ ਆਉਣ ਵਾਲੇ ਦਿਨਾਂ ਵਿੱਚ ਪੂਰੀ ਹੋ ਜਾਵੇਗੀ।

ਫਿਰ ਡੀਜੀਸੀਏ ਕੰਪਨੀ ਦੇ ਬੋਇੰਗ 777 ਜਹਾਜ਼ਾਂ ਦੀ ਵੀ ਸੁਰੱਖਿਆ ਜਾਂਚ ਕਰੇਗਾ।

ਕੰਪਨੀ ਨੇ ਜਹਾਜ਼ਾਂ ਦੇ ਰੂਟ ਡਾਇਵਰਜ਼ਨ ਅਤੇ ਰੱਦ ਕਰਨ ਦੇ ਪਿੱਛੇ ਮੱਧ ਪੂਰਬ ਵਿੱਚ ਤਣਾਅਪੂਰਨ ਸਥਿਤੀ ਦਾ ਇੱਕ ਕਾਰਨ ਵੀ ਦੱਸਿਆ ਹੈ।

ਏਅਰ ਇੰਡੀਆ ਨੇ ਕਿਹਾ ਹੈ ਕਿ ਯੂਰਪ ਅਤੇ ਪੂਰਬੀ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਰਾਤ ਵੇਲੇ ਉਡਾਣਾਂ 'ਤੇ ਪਾਬੰਦੀ ਲੱਗੀ ਹੋਈ ਹੈ।

ਇਸ ਤੋਂ ਇਲਾਵਾ, ਸਾਡੇ ਪਾਇਲਟਾਂ ਅਤੇ ਇੰਜੀਨੀਅਰਿੰਗ ਸਟਾਫ ਵੱਲੋਂ ਵਰਤੀ ਗਈ ਵਾਧੂ ਸਾਵਧਾਨੀ ਕਾਰਨ, ਪਿਛਲੇ ਛੇ ਦਿਨਾਂ ਵਿੱਚ ਸਾਡੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਵਿੱਚ ਵਿਘਨ ਪਿਆ ਅਤੇ ਕੁੱਲ 83 ਉਡਾਣਾਂ ਨੂੰ ਰੱਦ ਕਰਨਾ ਪਿਆ।

ਇਹ ਵੀ ਧਿਆਨ ਦੇਣ ਯੋਗ ਹੈ ਕਿ ਡੀਜੀਸੀਏ ਨੇ ਏਅਰ ਇੰਡੀਆ ਦੇ ਹੁਣ ਤੱਕ ਜਿੰਨੇ ਵੀ ਜਹਾਜ਼ਾਂ ਦੀ ਸੁਰੱਖਿਆ ਜਾਂਚੀ ਗਈ ਹੈ, ਉਹ ਸੁਰੱਖਿਅਤ ਨਿਯਮਾਂ ਅਨੁਸਾਰ ਹੀ ਮਿਲੇ ਹਨ।

ਡੀਜੀਸੀਏ ਦੀ ਹੁਣ ਤੱਕ ਦੀ ਜਾਂਚ

ਇਸ ਦੇ ਬਾਵਜੂਦ, ਡੀਜੀਸੀਏ ਨੇ ਏਅਰਲਾਈਨ ਨੂੰ ਕੁਝ ਨਿਰਦੇਸ਼ ਦਿੱਤੇ ਹਨ।

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜੋ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ, ਉਸ ਅਨੁਸਾਰ, ਕੰਪਨੀ ਨੂੰ ਆਪਣੇ ਇੰਜੀਨੀਅਰਿੰਗ, ਸੰਚਾਲਨ ਅਤੇ ਗਰਾਉਂਡ ਹੈਂਡਲਿੰਗ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਕਿਹਾ ਹੈ।

ਇਸ ਦੇ ਨਾਲ, ਇਸ ਨੇ ਜ਼ਰੂਰੀ ਸਪੇਅਰ ਪਾਰਟਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਬਾਰੇ ਵੀ ਗੱਲ ਕੀਤੀ ਹੈ ਤਾਂ ਜੋ ਯਾਤਰੀਆਂ ਨੂੰ ਯਾਤਰਾ ਦੌਰਾਨ ਕਿਸੇ ਵੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ।

ਏਅਰ ਇੰਡੀਆ ਨੂੰ ਸੁਰੱਖਿਆ ਨਾਲ ਸਬੰਧਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।

ਇਸ ਸਾਲ ਮਾਰਚ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨੇ ਮੰਨਿਆ ਸੀ ਕਿ ਏਅਰ ਇੰਡੀਆ ਜਹਾਜ਼ਾਂ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਇਹ ਘੱਟੋ-ਘੱਟ ਅਗਲੇ ਚਾਰ ਸਾਲਾਂ ਬਾਅਦ ਹੀ ਹੱਲ ਹੋ ਸਕੇਗਾ।

ਨਵੇਂ ਜਹਾਜ਼ਾਂ ਦੇ ਆਉਣ ਵਿੱਚ ਪੰਜ ਸਾਲ ਲੱਗ ਸਕਦੇ ਹਨ।

2024 ਵਿੱਚ ਇੱਕ ਇੰਟਰਵਿਊ ਵਿੱਚ ਉਹ ਕਹਿੰਦੇ ਹਨ, "ਕੰਪਨੀ ਨੂੰ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਪੁਰਾਣੇ ਜਹਾਜ਼ਾਂ ਦੀਆਂ ਸ਼ਿਕਾਇਤਾਂ, ਪੁਰਜ਼ਿਆਂ ਦੀ ਘਾਟ ਅਤੇ ਉਡਾਣਾਂ ਵਿੱਚ ਦੇਰੀ ਦੀਆਂ ਸ਼ਿਕਾਇਤਾਂ।"

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਚਾਰ ਮਹੀਨੇ ਪਹਿਲਾਂ ਏਅਰ ਇੰਡੀਆ ਦੀਆਂ ਸਹੂਲਤਾਂ ਬਾਰੇ ਵੀ ਸਵਾਲ ਚੁੱਕੇ ਸਨ।

ਦਰਅਸਲ, ਭੋਪਾਲ ਤੋਂ ਦਿੱਲੀ ਆ ਰਹੇ ਸ਼ਿਵਰਾਜ ਸਿੰਘ ਨੂੰ ਟੁੱਟੀ ਹੋਈ ਸੀਟ 'ਤੇ ਬੈਠ ਕੇ ਯਾਤਰਾ ਕਰਨੀ ਪਈ। ਜਿਸ ਕਾਰਨ ਉਹ ਬਹੁਤ ਨਾਰਾਜ਼ ਹੋਏ ਸਨ ਅਤੇ ਏਅਰ ਇੰਡੀਆ ਦੀਆਂ ਸਹੂਲਤਾਂ 'ਤੇ ਗੰਭੀਰ ਸਵਾਲ ਚੁੱਕੇ।

ਸਮੇਂ-ਸਮੇਂ 'ਤੇ ਏਅਰਲਾਈਨਾਂ ਵਿੱਚ ਅਸੁਵਿਧਾਵਾਂ ਦੀਆਂ ਅਜਿਹੇ ਵਾਕਿਆ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਨਵੇਂ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਹਨ

ਪਰ ਭਾਰਗਵ ਦੇ ਅਨੁਸਾਰ, ਇਨ੍ਹਾਂ ਬੇਨਿਯਮੀਆਂ ਨੂੰ ਸੁਰੱਖਿਆ ਖ਼ਤਰੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਨਾ ਹੀ ਇਹ ਸੋਚਣਾ ਸਹੀ ਹੈ ਕਿ ਨਵੇਂ ਅਤੇ ਚੰਗੀ ਤਰ੍ਹਾਂ ਲੈਸ ਜਹਾਜ਼ ਹਾਦਸਿਆਂ ਦਾ ਸ਼ਿਕਾਰ ਨਹੀਂ ਹੁੰਦੇ।

ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਅਸੀਂ ਨਵੇਂ ਜਹਾਜ਼ਾਂ ਨੂੰ ਕਰੈਸ਼ ਹੁੰਦੇ ਦੇਖਿਆ ਹੈ।

ਉਦਾਹਰਣ ਵਜੋਂ, 2018 ਵਿੱਚ ਇੰਡੋਨੇਸ਼ੀਆ ਵਿੱਚ ਹਾਦਸਾਗ੍ਰਸਤ ਹੋਈ ਲਾਇਨ ਏਅਰ ਫਲਾਈਟ 610 ਸਿਰਫ਼ ਦੋ ਮਹੀਨੇ ਪਹਿਲਾਂ ਹੀ ਡਿਲੀਵਰ ਹੋਇਆ ਸੀ।

ਇਥੋਪੀਆ ਵਿੱਚ 2019 ਵਿੱਚ ਜਿਹੜੀ ਇਥੋਪੀਅਨ ਏਅਰਲਾਈਨਜ਼ ਦੀ ਫਲਾਈਟ 302 ਕਰੈਸ਼ ਹੋ ਗਈ, ਜੋ ਸਿਰਫ ਚਾਰ ਮਹੀਨੇ ਪਹਿਲਾਂ ਹੀ ਆਈ ਸੀ।

ਉਹ ਕਹਿੰਦਾ ਹੈ, "ਤੁਸੀਂ ਹੈਰਾਨ ਹੋਵੋਗੇ ਪਰ ਜਦੋਂ ਤੱਕ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਸਾਰੀਆਂ ਮਹੱਤਵਪੂਰਨ ਸ਼ਖਸੀਅਤਾਂ ਲਈ ਏਅਰ ਇੰਡੀਆ ਵਨ (ਬੋਇੰਗ 777) ਜਹਾਜ਼ ਤਿਆਰ ਨਹੀਂ ਹੋਏ ਸਨ, ਉਦੋਂ ਤੱਕ ਏਅਰ ਇੰਡੀਆ ਪ੍ਰਧਾਨ ਮੰਤਰੀ ਦੀਆਂ ਅੰਤਰਰਾਸ਼ਟਰੀ ਯਾਤਰਾਵਾਂ ਲਈ ਜੋ ਜਹਾਜ਼ ਪ੍ਰਦਾਨ ਕਰਵਾਉਂਦੀ ਸੀ, ਉਹ ਵੀਹ ਸਾਲ ਪੁਰਾਣਾ ਸੀ।"

"ਇਸ ਲਈ, ਏਵੀਏਸ਼ਨ ਦੀ ਦੁਨੀਆ ਵਿੱਚ, ਕਿਸੇ ਜਹਾਜ਼ ਦਾ ਸੁਰੱਖਿਆ ਟਰੈਕ ਰਿਕਾਰਡ ਉਸ ਦੀ ਉਮਰ ਨਾਲ ਨਹੀਂ ਸਗੋਂ ਉਸ ਦੀ ਹਵਾਈ ਯੋਗਤਾ ਨਾਲ ਮਾਪਿਆ ਜਾਂਦਾ ਹੈ।"

ਕੀ ਏਅਰ ਇੰਡੀਆ ਕਿਸੇ ਦਬਾਅ ਹੇਠ ਹੈ?

ਇਸ ਸਵਾਲ ਦੇ ਜਵਾਬ ਵਿੱਚ ਭਾਰਗਵ ਕਹਿੰਦੇ ਹਨ ਕਿ ਏਅਰ ਇੰਡੀਆ ਹਵਾਬਾਜ਼ੀ ਉਦਯੋਗ ਵਿੱਚ ਇਕਲੌਤੀ ਏਅਰਲਾਈਨ ਨਹੀਂ ਹੈ ਜਿਸ ਦੇ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ।

ਇਸ ਤੋਂ ਪਹਿਲਾਂ ਵੀ ਜਹਾਜ਼ ਹਾਦਸੇ ਹੋਏ ਹਨ। ਫਰਕ ਸਿਰਫ਼ ਇਹ ਹੈ ਕਿ ਇਹ ਦਿਨ-ਦਿਹਾੜੇ ਹੋਇਆ ਸੀ ਅਤੇ ਮੌਕੇ ਤੋਂ ਆਈਆਂ ਤਸਵੀਰਾਂ ਦਿਲ ਕੰਬਾਊ ਦੇਣ ਵਾਲੀਆਂ ਸਨ।

ਉਹ ਦ੍ਰਿਸ਼, ਉਹ ਮੰਜ਼ਰ ਮਾਨਸਿਕ ਦਬਾਅ ਤਾਂ ਪੈਦਾ ਕਰਦੇ ਹੀ ਹਨ। ਪਰ ਇਸ ਤੋਂ ਇਲਾਵਾ, ਏਅਰ ਇੰਡੀਆ ਨਾਲ ਜੋ ਕੁਝ ਵੀ ਹੋ ਰਿਹਾ ਹੈ, ਜਿਵੇਂ ਕਿ ਜਾਂਚ ਜਾਂ ਪੁੱਛਗਿੱਛ, ਬਹੁਤ ਸੁਭਾਵਿਕ ਹੈ ਅਤੇ ਇਹ ਹੌਲੀ-ਹੌਲੀ ਆਮ ਹੋ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)