ਅਮਰੀਕਾ ਦਾ ਉਹ ਜਹਾਜ਼ ਹਾਦਸਾ ਜਦੋਂ ਦੋਵੇਂ ਇੰਜਣ ਫੇਲ੍ਹ ਹੋਣ ਤੋਂ ਬਾਅਦ ਪਾਇਲਟ ਨੇ ਨਦੀ ਵਿੱਚ ਉਤਾਰਿਆ ਸੀ ਯਾਤਰੀ ਜਹਾਜ਼

    • ਲੇਖਕ, ਸਿੱਧਨਾਥ ਗਾਨੂ
    • ਰੋਲ, ਬੀਬੀਸੀ ਪੱਤਰਕਾਰ

15 ਜਨਵਰੀ 2009 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਉਡਾਣ ਭਰਨ ਵਾਲੇ ਇੱਕ ਜਹਾਜ਼ ਵਿੱਚ ਕੁੱਲ 155 ਲੋਕ ਸਵਾਰ ਸਨ। ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਜਹਾਜ਼ ਨਾਲ ਪੰਛੀਆਂ ਦਾ ਇੱਕ ਝੁੰਡ ਟਕਰਾ ਗਿਆ ਸੀ।

ਇਸ ਟੱਕਰ ਤੋਂ ਬਾਅਦ ਤੁਰੰਤ ਹੀ ਪਾਇਲਟ ਨੂੰ ਮਹਿਸੂਸ ਹੋ ਗਿਆ ਕਿ ਹੁਣ ਹਵਾਈ ਅੱਡੇ ਉੱਤੇ ਵਾਪਸ ਜਾਣਾ ਸੰਭਵ ਨਹੀਂ ਹੈ, ਇਸ ਕਰਕੇ ਉਨ੍ਹਾਂ ਨੇ ਜਹਾਜ਼ ਨੂੰ ਨਦੀ ਵਿੱਚ ਉਤਾਰ ਦਿੱਤਾ।

ਇਹ ਯੂਐੱਸ ਏਅਰਵੇਜ਼ ਦੀ ਫਲਾਈਟ ਨੰਬਰ 1549 ਸੀ।

ਇਸ ਘਟਨਾ ਨੂੰ 'ਮਿਰੈਕਲ ਆਨ ਦ ਹਡਸਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਜਹਾਜ਼ ਨੂੰ ਨਿਊਯਾਰਕ ਦੀ ਹਡਸਨ ਨਦੀ ਵਿੱਚ ਉਤਾਰਿਆ ਗਿਆ ਸੀ।

ਜਹਾਜ਼ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਬਚ ਗਏ ਸਨ।

ਇਹ ਬੇਮਿਸਾਲ 'ਵਾਟਰ ਲੈਂਡਿੰਗ' ਕਰਨ ਵਾਲੇ ਪਾਇਲਟ ਸਨ, ਚੈਸਲੀ ਸੁਲੇਨਬਰਗਰ ਉਰਫ਼ ਸਲੀ।

ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ ਸਨ

ਇਸ ਘਟਨਾ ਉੱਤੇ ਸਾਲ 2016 ਵਿੱਚ ਇੱਕ ਫਿਲਮ 'ਸਲੀ' ਵੀ ਬਣੀ ਸੀ, ਜਿਸ ਵਿੱਚ ਟੌਮ ਹੈਂਕਸ ਨੇ ਪਾਇਲਟ ਦੀ ਭੂਮਿਕਾ ਨਿਭਾਈ ਸੀ।

15 ਜਨਵਰੀ 2009 ਨੂੰ ਹੋਈ ਇਸ ਘਟਨਾ ਵਿੱਚ ਜਹਾਜ਼ ਨੇ ਨਿਊਯਾਰਕ ਦੇ ਲਾਗਾਰਡੀਆ ਹਵਾਈ ਅੱਡੇ ਤੋਂ ਨਾਰਥ ਕੈਰੋਲੀਨਾ ਲਈ ਉਡਾਣ ਭਰੀ ਸੀ। ਪਰ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਦੇ ਅੰਦਰ ਜਹਾਜ਼ ਨੂੰ ਹਡਸਨ ਨਦੀ ਵਿੱਚ ਲੈਂਡ ਕਰਵਾਇਆ ਗਿਆ।

ਇਸ ਜਹਾਜ਼ ਦੇ ਉਡਾਣ ਭਰਨ ਦੇ ਦੋ ਮਿੰਟਾਂ ਬਾਅਦ ਹੀ ਪੰਛੀਆਂ ਦਾ ਇੱਕ ਝੁੰਡ ਇਸ ਨਾਲ ਟਕਰਾ ਗਿਆ ਅਤੇ ਜਹਾਜ਼ ਦੇ ਦੋਵੇਂ ਇੰਜਣ ਫੇਲ੍ਹ ਹੋ ਗਏ।

ਇਸ ਤੋਂ ਬਾਅਦ ਜਹਾਜ਼ ਦੇ ਤਜਰਬੇਕਾਰ ਪਾਇਲਟ ਸੁਲੇਨਬਰਗਰ ਨੇ ਲਾਗਾਰਡੀਆ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਉਹ ਹਡਸਨ ਨਦੀ ਵਿੱਚ ਜਹਾਜ਼ ਲੈਂਡ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਬਹੁਤ ਹੀ ਵਿਲੱਖਣ ਅਤੇ ਖ਼ਤਰਨਾਕ ਕੰਮ ਸੀ।

ਪੰਛੀਆਂ ਨਾਲ ਟਕਰਾਉਣ ਤੋਂ ਲਗਭਗ ਸਾਢੇ ਤਿੰਨ ਮਿੰਟਾਂ ਬਾਅਦ ਇਹ ਜਹਾਜ਼ ਨਦੀ ਵਿੱਚ ਉਤਾਰਿਆ ਗਿਆ। ਇਸ ਦੌਰਾਨ ਜਹਾਜ਼ ਦਾ ਪਿੱਛਲਾ ਹਿੱਸਾ ਪਹਿਲਾਂ ਪਾਣੀ ਨਾਲ ਟਕਰਾਇਆ, ਜਿਸ ਕਾਰਨ ਪਾਣੀ ਜਹਾਜ਼ ਦੇ ਅੰਦਰ ਚਲਾ ਗਿਆ।

ਪਰ ਇਸ ਨਾਲ ਜਹਾਜ਼ ਦੇ ਟੁੱਕੜੇ ਨਹੀਂ ਹੋਏ।

ਜਹਾਜ਼ ਵਿੱਚ ਬੈਠੇ ਯਾਤਰੀ ਐਮਰਜੈਂਸੀ ਬਾਰੀਆਂ ਅਤੇ ਪਰਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਨਿਕਲ ਗਏ। ਇਸ ਦੌਰਾਨ ਦੁਨੀਆਂ ਨੇ ਪਾਣੀ 'ਤੇ ਤੈਰਦੇ ਜਹਾਜ਼ ਅਤੇ ਦੋਵੇਂ ਪਾਸੇ ਪਰਾਂ ਉੱਤੇ ਖੜੇ ਯਾਤਰੀਆਂ ਦੀ ਅਨੋਖੀ ਤਸਵੀਰ ਵੇਖੀ।

ਕੜਾਕੇ ਦੀ ਠੰਢ ਵਿੱਚ ਰਾਹਤ ਮੁਹਿੰਮ

ਜਦੋਂ ਇਹ ਜਹਾਜ਼ ਹਡਸਨ ਨਦੀ ਵਿੱਚ ਉਤਰਿਆ ਤਾਂ ਪਾਣੀ ਦੀ ਧਾਰ ਬਹੁਤ ਤੇਜ਼ ਸੀ।

ਨਿਊਯਾਰਕ ਵਿੱਚ ਜਨਵਰੀ ਦਾ ਮਹੀਨਾ ਬਹੁਤ ਠੰਢਾ ਹੁੰਦਾ ਹੈ। ਉਸ ਦਿਨ ਵੀ ਤਾਪਮਾਨ ਲਗਭਗ ਮਾਇਨਸ (-7) ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਸੀ।

ਪਰ ਜਹਾਜ਼ ਦੇ ਨਦੀ ਵਿੱਚ ਉਤਰਨ ਦੇ ਕੁਝ ਹੀ ਮਿੰਟਾਂ ਦੇ ਅੰਦਰ ਨੇੜੇ ਦੀਆਂ ਬੇੜੀਆਂ ਅਤੇ ਹੋਰ ਜਹਾਜ਼ਾਂ ਨੂੰ ਨਦੀ ਦੀ ਦਿਸ਼ਾ ਵੱਲ ਮੋੜ ਦਿੱਤਾ ਗਿਆ। ਤੁਰੰਤ ਹੋਈ ਇਹ ਕਾਰਵਾਈ ਬਹੁਤ ਹੀ ਮਦਦਗਾਰ ਸਾਬਤ ਹੋਈ।

ਖਦਸ਼ਿਆਂ ਨਾਲ ਭਰੀ ਲੈਂਡਿੰਗ ਤੋਂ ਬਾਅਦ ਵੀ ਸਿਰਫ ਇੱਕ ਯਾਤਰੀ ਅਤੇ ਪੰਜ ਕਰੂ ਮੈਂਬਰਸ ਜ਼ਖ਼ਮੀ ਹੋਏ ਸਨ। ਲੈਂਡਿੰਗ ਤੋਂ ਬਾਅਦ ਕੁੱਲ 78 ਲੋਕਾਂ ਨੂੰ ਮਾਮੂਲੀ ਇਲਾਜ ਦੀ ਲੋੜ ਪਈ ਸੀ।

ਘਟਨਾ ਨੂੰ ਕਵਰ ਕਰ ਰਹੇ ਬੀਬੀਸੀ ਦੇ ਪੱਤਰਕਾਰ ਨੇ ਉਸ ਵੇਲੇ ਕਿਹਾ ਸੀ ਕਿ ਯਾਤਰੀਆਂ ਦੀ ਕਿਸਮਤ, ਪਾਇਲਟ ਦੀ ਹੁਸ਼ਿਆਰੀ ਅਤੇ ਤੁਰੰਤ ਸ਼ੁਰੂ ਹੋਏ ਬਚਾਅ ਯਤਨਾਂ ਕਰਕੇ ਸਾਰੇ ਲੋਕ ਸੁਰੱਖਿਅਤ ਬਚ ਗਏ।

ਨਿਊਯਾਰਕ ਦੇ ਸਾਬਕਾ ਮੇਅਰ ਮਾਈਕ ਬਲੂਮਬਰਗ ਨੇ ਕਿਹਾ, "ਪਾਇਲਟ ਨੇ ਜਹਾਜ਼ ਨੂੰ ਨਦੀ ਵਿੱਚ ਉਤਾਰ ਕੇ ਬਹੁਤ ਵਧੀਆ ਕੰਮ ਕੀਤਾ।"

ਸਾਰੇ ਲੋਕਾਂ ਦੇ ਉਤਰਣ ਤੋਂ ਬਾਅਦ ਪੂਰੇ ਜਹਾਜ਼ ਦੀ ਦੋ ਵਾਰੀ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਹਾਜ਼ ਦੇ ਅੰਦਰ ਕੋਈ ਫਸਿਆ ਨਾ ਰਹੇ।

ਜੋਖ਼ਮ ਭਰੀ ਲੈਂਡਿੰਗ ਤੋਂ ਬਾਅਦ ਕੈਪਟਨ ਸੁਲੇਨਬਰਗਰ ਦੀ ਬਹੁਤ ਪ੍ਰਸ਼ੰਸਾ ਹੋਈ, ਪਰ ਕੁਝ ਸਵਾਲ ਵੀ ਉੱਠੇ।

ਇਤਿਹਾਸਕ ਲੈਂਡਿੰਗ ਕਰਨ ਵਾਲੇ ਪਾਇਲਟ ਕੈਪਟਨ ਸਲੀ

ਇਸ ਮਾਮਲੇ ਦੀ ਜਾਂਚ ਅਮਰੀਕੀ ਇਕਾਈ, ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕੀਤੀ ਸੀ। ਪਰ ਇਸ ਜਾਂਚ ਵਿੱਚ ਇਹ ਨਤੀਜਾ ਵੀ ਨਿਕਲਿਆ ਕਿ ਜਹਾਜ਼ ਨੂੰ ਨਦੀ ਵਿੱਚ ਉਤਾਰਣ ਦਾ ਫ਼ੈਸਲਾ ਬਿਲਕੁਲ ਠੀਕ ਸੀ।

ਕੁਝ ਹੀ ਦਿਨਾਂ ਦੇ ਅੰਦਰ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਨੂੰ ਨਦੀ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਅਮਰੀਕਾ ਦੇ ਕੈਰੋਲੀਨਾਸ ਏਵੀਏਸ਼ਨ ਮਿਊਜ਼ੀਅਮ ਵਿੱਚ ਰੱਖ ਦਿੱਤਾ ਗਿਆ।

ਕੈਪਟਨ ਸੁਲੇਨਬਰਗਰ ਨੇ 16 ਸਾਲ ਦੀ ਉਮਰ ਵਿੱਚ ਜਹਾਜ਼ ਉਡਾਉਣ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ।

ਉਨ੍ਹਾਂ ਨੇ ਸਾਲ 1973 ਵਿੱਚ ਯੂਐੱਸ ਹਵਾਈ ਫੌਜ ਅਕਾਦਮੀ ਤੋਂ ਡਿਗਰੀ ਹਾਸਿਲ ਕੀਤੀ। ਇਸ ਤੋਂ ਬਾਅਦ ਉਹ ਇੱਕ ਲੜਾਕੂ ਜਹਾਜ਼ ਦੇ ਪਾਇਲਟ ਵਜੋਂ ਅਮਰੀਕੀ ਹਵਾਈ ਫੌਜ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਨੇ ਸਾਲ 1980 ਵਿੱਚ ਇੱਕ ਪਾਇਲਟ ਵਜੋਂ ਏਵੀਏਸ਼ਨ ਨਾਲ ਜੁੜੇ ਪ੍ਰਾਈਵੇਟ ਸੈਕਟਰ ਵਿੱਚ ਦਾਖ਼ਲਾ ਲਿਆ ਸੀ। ਹਡਸਨ ਨਦੀ ਵਿੱਚ ਉਨ੍ਹਾਂ ਦੀ ਲੈਂਡਿੰਗ ਨੂੰ ਦੁਨੀਆਂ ਭਰ ਵਿੱਚ ਇੱਕ ਮਸ਼ਹੂਰ ਐਮਰਜੈਂਸੀ ਲੈਂਡਿੰਗ ਵਜੋਂ ਜਾਣਿਆ ਜਾਂਦਾ ਹੈ।

ਹਡਸਨ ਨਦੀ ਵਿੱਚ ਐਮਰਜੈਂਸੀ ਲੈਂਡਿੰਗ ਤੋਂ ਪਹਿਲਾਂ ਕੈਪਟਨ ਸਲੀ ਕੋਲ 20 ਹਜ਼ਾਰ ਘੰਟਿਆਂ ਦੀ ਉਡਾਣ ਦਾ ਤਜਰਬਾ ਸੀ। ਉਹ ਲਗਭਗ 40 ਸਾਲਾਂ ਤੋਂ ਪਾਇਲਟ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)