You’re viewing a text-only version of this website that uses less data. View the main version of the website including all images and videos.
ਸੋਨੇ ਨੂੰ ਜੰਗਾਲ ਕਿਉਂ ਨਹੀਂ ਲੱਗਦਾ ਹੈ? ਕੀ ਜ਼ਿਆਦਾ ਸਮਾਂ ਸੋਨੇ ਨੂੰ ਨਾ ਵਰਤਣ ਜਾਂ ਤਿਜੋਰੀ 'ਚ ਰੱਖਣ ਕਰਕੇ ਇਹ ਖ਼ਰਾਬ ਹੋ ਜਾਂਦਾ ਹੈ
- ਲੇਖਕ, ਇਤਿਕਾਲਾ ਭਵਾਨੀ
- ਰੋਲ, ਬੀਬੀਸੀ ਪੱਤਰਕਾਰ
ਗੈਰ-ਕਾਨੂੰਨੀ ਮਾਈਨਿੰਗ ਦੇ ਮੁਲਜ਼ਮ ਜਨਾਰਦਨ ਰੈੱਡੀ ਨੇ ਤੇਲੰਗਾਨਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਸੀਬੀਆਈ ਵੱਲੋਂ ਉਸਦੇ ਘਰ ਤੋਂ ਜੋ ਗਹਿਣੇ ਜ਼ਬਤ ਕੀਤੇ ਗਏ ਹਨ ਉਹ ਉਸ ਨੂੰ ਵਾਪਸ ਕੀਤੇ ਜਾਣ।
ਪਟੀਸ਼ਨ ਵਿੱਚ ਇਹ ਅਪੀਲ ਕੀਤੀ ਗਈ ਸੀ ਕਿ ਜੇ ਇਨ੍ਹਾਂ ਗਹਿਣਿਆਂ ਦੀ ਵਰਤੋਂ ਨਾ ਕੀਤੀ ਗਈ ਤਾਂ ਇਨ੍ਹਾਂ ਨੂੰ ਜੰਗਾਲ ਲੱਗ ਜਾਵੇਗਾ ਅਤੇ ਇਨ੍ਹਾਂ ਦੀ ਕੀਮਤ ਵੀ ਘੱਟ ਜਾਵੇਗੀ।
ਜਨਾਰਦਨ ਰੈੱਡੀ ਨੂੰ 2011 ਵਿੱਚ ਇੱਕ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2015 ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਓਬੁਲਾਪੁਰਮ ਮਾਈਨਿੰਗ ਕੰਪਨੀ ਦੇ ਮਾਲਕ ਜਨਾਰਦਨ ਰੈੱਡੀ ਤੋਂ ਸੀਬੀਆਈ ਨੇ 53 ਕਿਲੋਗ੍ਰਾਮ ਦੇ ਕਰੀਬ 105 ਸੋਨੇ ਦੇ ਗਹਿਣੇ ਜ਼ਬਤ ਕੀਤੇ।
ਹਾਲਾਂਕਿ ਅਦਾਲਤ ਨੇ ਰੈੱਡੀ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਪਰ ਇੱਥੇ ਇਹ ਸਵਾਲ ਜ਼ਰੂਰ ਮਨ 'ਚ ਆਉਂਦਾ ਹੈ ਕਿ ਜੰਗਾਲ ਹੈ ਕੀ? ਕੀ ਸੋਨੇ ਨੂੰ ਜੰਗਾਲ ਲੱਗ ਸਕਦਾ ਹੈ? ਜੇ ਤੁਸੀਂ ਜ਼ਿਆਦਾ ਸਮਾਂ ਸੋਨੇ ਦੇ ਗਹਿਣਿਆਂ ਨੂੰ ਨਹੀਂ ਵਰਤਦੇ ਅਤੇ ਉਹਨਾਂ ਨੂੰ ਤਿਜੋਰੀ 'ਚ ਸੰਭਾਲ ਕੇ ਰੱਖਦੇ ਹੋ ਤਾਂ ਕੀ ਹੁੰਦਾ ਹੈ?
ਜੰਗਾਲ ਕੀ ਹੁੰਦਾ ਹੈ?
ਧਾਤੂ ਵਿਗਿਆਨ ਦੇ ਸ਼ਬਦਾਂ ਵਿੱਚ, ਆਇਰਨ ਆਕਸਾਈਡ ਨੂੰ ਜੰਗਾਲ ਕਹਿੰਦੇ ਹਨ, ਜੋ ਲੋਹੇ ਜਾਂ ਧਾਤੂ ਦੇ ਵੱਖ-ਵੱਖ ਰੂਪਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਯੂਮੰਡਲ ਦੇ ਸੰਪਰਕ ਵਿੱਚ ਆਉਣ ਮਗਰੋਂ ਲੋਹਾ ਹਵਾ ਵਿੱਚ ਨਮੀ ਅਤੇ ਆਕਸੀਜਨ ਨਾਲ ਰਸਾਇਣਕ ਤੌਰ 'ਤੇ ਪ੍ਰਤੀਕਿਰਿਆ ਕਰਦਾ ਹੈ।
ਲੋਹਾ ਜਾਂ ਇਸਦੀਆਂ ਵਸਤੂਆਂ 'ਤੇ ਲਾਲ ਪਰਤ ਬਣਨ ਦੀ ਪ੍ਰਕਿਰਿਆ ਨੂੰ 'ਜੰਗਾਲ' ਕਿਹਾ ਜਾਂਦਾ ਹੈ।
ਕੈਮਿਸਟਰੀ ਦੇ ਲੈਕਚਰਾਰ ਵੈਂਕਟੇਸ਼ ਮੁਤਾਬਕ ਜੇ ਇਸ ਤਰ੍ਹਾਂ ਦੀ ਲਾਲ ਪਰਤ ਬਣਨ ਤੋਂ ਬਾਅਦ ਵੀ ਲੋੜੀਂਦੀ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ ਤਾਂ ਧਾਤ ਆਪਣਾ ਕੁਦਰਤੀ ਰੂਪ ਗੁਆ ਦਿੰਦੀ ਹੈ ਅਤੇ ਕਮਜ਼ੋਰ ਹੋ ਜਾਂਦੀ ਹੈ।
ਲੋਹਾ ਜਾਂ ਇਸ ਦੇ ਹੋਰ ਮਿਸ਼ਰਤ ਰੂਪਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਨਟਸ, ਬੋਲਟ, ਚੇਨ ਅਤੇ ਹੋਰ ਆਟੋਮੋਬਾਈਲ ਪਾਰਟਸ।
ਜੰਗਾਲ ਲੱਗਣ ਦੀ ਪ੍ਰਕਿਰਿਆ ਨੂੰ ਪੇਂਟ, ਗਰੀਸ ਜਾਂ ਤੇਲ ਲਗਾ ਕੇ ਹੌਲੀ ਕੀਤਾ ਜਾ ਸਕਦਾ ਹੈ।
ਕੀ ਸੋਨਾ, ਚਾਂਦੀ, ਤਾਂਬਾ ਅਤੇ ਪਿੱਤਲ ਨੂੰ ਜੰਗਾਲ ਲੱਗਦਾ ਹੈ?
ਸੋਨੇ ਨੂੰ 'ਅਮੀਰਾਂ ਦੀ ਧਾਤ' ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਘੱਟ ਤਾਪਮਾਨ 'ਤੇ ਪਿਘਲਾ ਕੇ ਗਹਿਣੇ ਬਣਾਏ ਜਾ ਸਕਦੇ ਹਨ।
ਸੋਨਾ ਆਮ ਤਰ੍ਹਾਂ ਦੇ ਐਸਿਡਾਂ ਨਾਲ ਪ੍ਰਤੀਕਿਰਿਆ ਨਹੀਂ ਕਰਦਾ ਹੈ। ਇਹ ਸਿਰਫ਼ ਨਾਈਟ੍ਰਿਕ ਐਸਿਡ ਅਤੇ ਹਾਈਡ੍ਰੋਕਲੋਰਿਕ ਐਸਿਡ ਦੇ ਮਿਸ਼ਰਣ ਨਾਲ ਪ੍ਰਤੀਕਿਰਿਆ ਕਰਦਾ ਹੈ।
ਚਾਂਦੀ ਹਵਾ ਨਾਲ ਪ੍ਰਤੀਕਿਰਿਆ ਕਰਦਾ ਹੈ। ਇਹ ਹਵਾ ਵਿੱਚ ਮੌਜੂਦ ਸਲਫਰ ਦੀ ਬਹੁਤ ਘੱਟ ਮਾਤਰਾ ਨਾਲ ਪ੍ਰਤੀਕਿਰਿਆ ਕਰਦਾ ਹੈ।
ਜ਼ਿੰਕ ਅਤੇ ਤਾਂਬੇ ਨੂੰ ਮਿਲਾ ਕੇ ਪਿੱਤਲ ਬਣਾਇਆ ਜਾਂਦਾ ਹੈ। ਇਹ ਮਹਿੰਗੇ ਗਹਿਣੇ ਬਣਾਉਣ ਲਈ ਵਰਤੀ ਜਾਂਦੀ ਧਾਤ ਵਾਂਗ ਲੱਗਦਾ ਹੈ। ਇਸੇ ਲਈ ਮੂਰਤੀਕਾਰ ਸ਼ਾਨਦਾਰ ਮੂਰਤੀਆਂ ਅਤੇ ਬੁੱਤ ਬਣਾਉਣ ਲਈ ਪਿੱਤਲ ਦੀ ਵਰਤੋਂ ਕਰਦੇ ਹਨ।
ਜੇਕਰ ਇਸ ਧਾਤ ਵਿੱਚ ਤਾਂਬੇ ਦੀ ਮਾਤਰਾ ਵੱਧ ਹੁੰਦੀ ਹੈ, ਤਾਂ ਇਹ ਗੂੜ੍ਹਾ ਰੰਗ ਧਾਰ ਲੈਂਦਾ ਹੈ। ਜੇਕਰ ਜ਼ਿੰਕ ਦੀ ਮਾਤਰਾ ਵਧਾਈ ਜਾਂਦੀ ਹੈ ਤਾਂ ਇਸ ਮਿਸ਼ਰਤ ਧਾਤ ਦੀ ਤਾਕਤ ਵਧ ਜਾਂਦੀ ਹੈ। ਪਿੱਤਲ ਲਗਭਗ ਹਰੇਕ ਕਿਸਮ ਦੇ ਐਸਿਡ ਨਾਲ ਪ੍ਰਤੀਕਿਰਿਆ ਕਰਦਾ ਹੈ।
ਕਈ ਘਰਾਂ ਵਿੱਚ ਤਾਂਬੇ ਦੇ ਭਾਂਡੇ ਅਜੇ ਵੀ ਖਾਣ-ਪੀਣ ਲਈ ਵਰਤੇ ਜਾਂਦੇ ਹਨ। ਤਾਂਬੇ ਨੂੰ ਆਸਾਨੀ ਨਾਲ ਜੰਗਾਲ ਨਹੀਂ ਲੱਗਦਾ, ਪਰ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਮਗਰੋਂ, ਇਸ 'ਤੇ ਹਰੇ ਧੱਬੇ ਦਿਖਾਈ ਦੇਣ ਲੱਗਦੇ ਹਨ। ਪਿੱਤਲ ਵੀ ਹਲਕੇ ਐਸਿਡਾਂ ਨਾਲ ਪ੍ਰਤੀਕਿਰਿਆ ਨਹੀਂ ਕਰਦਾ।
ਸੋਨਾ, ਚਾਂਦੀ ਅਤੇ ਪਿੱਤਲ ਨੂੰ ਜੰਗਾਲ ਕਿਉਂ ਨਹੀਂ ਲੱਗਦਾ?
ਸੋਨੇ ਦੀ ਸ਼ੁੱਧਤਾ ਨੂੰ ਕੈਰੇਟ ਵਿੱਚ ਮਾਪਿਆ ਜਾਂਦਾ ਹੈ। ਭਾਰਤ ਵਿੱਚ ਸੋਨਾ ਵੱਖ-ਵੱਖ ਕੈਰੇਟਾਂ ਵਿੱਚ ਉਪਲਬਧ ਹੈ, ਜਿਵੇਂ ਕਿ: 14, 18, 20, 22, 23, ਅਤੇ 24 ਕੈਰੇਟ। ਇਹਨਾਂ ਵਿੱਚੋਂ 22, 18, ਅਤੇ 14 ਕੈਰੇਟ ਦਾ ਸੋਨਾ ਗਹਿਣੇ ਬਣਾਉਣ ਲਈ ਵਰਤਿਆ ਜਾਂਦਾ ਹੈ। ਕੈਰੇਟ ਨੰਬਰ ਜਿੰਨਾ ਜ਼ਿਆਦਾ ਹੋਵੇਗਾ, ਇਸ ਦੀ ਸ਼ੁੱਧਤਾ ਓਨੀ ਹੀ ਵੱਧ ਹੋਵੇਗੀ ਅਤੇ ਕੀਮਤ ਵੀ ਓਨੀ ਹੀ ਉੱਚੀ ਹੋਵੇਗੀ।
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੇ ਇੱਕ ਅਧਿਕਾਰੀ ਵਣਜਾ ਨੇ ਬੀਬੀਸੀ ਨੂੰ ਦੱਸਿਆ ਕਿ, "ਸੋਨੇ ਨੂੰ ਕਦੇ ਜੰਗਾਲ ਨਹੀਂ ਲੱਗਦਾ।"
ਵਣਜਾ ਅਨੁਸਾਰ, ਭਾਵੇਂ ਸੋਨਾ 14 ਕੈਰੇਟ ਸ਼ੁੱਧ ਹੀ ਕਿਉਂ ਨਾ ਹੋਵੇ, ਇਸ ਨੂੰ ਕਦੇ ਜੰਗਾਲ ਨਹੀਂ ਲੱਗਦਾ।
ਉਨ੍ਹਾਂ ਨੇ ਅੱਗੇ ਕਿਹਾ ਕਿ, "ਸੋਨੇ ਦੇ ਗਹਿਣਿਆਂ ਨੂੰ ਜੰਗਾਲ ਨਹੀਂ ਲੱਗਦਾ ਭਾਵੇਂ ਉਨ੍ਹਾਂ ਨੂੰ ਪਹਿਨਿਆ ਜਾਵੇ ਜਾਂ ਸਾਂਭ ਕੇ ਰੱਖਿਆ ਜਾਵੇ। ਜੇ ਸੋਨੇ ਦੇ ਗਹਿਣੇ ਲੰਬੇ ਸਮੇਂ ਤੱਕ ਪਹਿਨੇ ਜਾਂਦੇ ਹਨ ਤਾਂ ਉਨ੍ਹਾਂ 'ਤੇ ਪੀਲਾ-ਹਰਾ ਰੰਗ ਨਜ਼ਰ ਆਉਣ ਲੱਗ ਜਾਵੇਗਾ, ਪਰ ਇਹ ਖ਼ਰਾਬ ਨਹੀਂ ਹੋਣਗੇ।"
ਸੋਨੇ ਨੂੰ ਨਰਮ ਅਤੇ ਗਹਿਣਿਆਂ ਨੂੰ ਹੰਢਣਸਾਰ ਬਣਾਉਣ ਲਈ, ਸੋਨੇ ਵਿੱਚ ਤਾਂਬੇ ਵਰਗੀਆਂ ਧਾਤਾਂ ਨੂੰ ਮਿਲਾਇਆ ਜਾਂਦਾ ਹੈ, ਜੋ ਗਹਿਣਿਆਂ 'ਤੇ ਇੱਕ ਪਰਤ ਬਣਾ ਦਿੰਦਾ ਹੈ।
ਸੋਨੇ ਦੇ ਪਰਮਾਣੂ ਬਹੁਤ ਹੀ ਸਥਿਰ ਹੁੰਦੇ ਹਨ। ਇਸ ਕਰਕੇ ਹੀ ਹਵਾ, ਪਾਣੀ ਜਾਂ ਵੱਧ ਤਾਪਮਾਨ ਦੇ ਸੰਪਰਕ 'ਚ ਆਉਣ ਮਗਰੋਂ ਵੀ ਉਨ੍ਹਾਂ ਦੇ ਰਸਾਇਣਕ ਗੁਣ ਨਹੀਂ ਬਦਲਦੇ।
ਪ੍ਰੋ. ਵੈਂਕਟੇਸ਼ ਦੇ ਮੁਤਾਬਕ ਇਸੇ ਕਰਕੇ ਹੀ ਸੋਨੇ ਦੀ ਵਰਤੋਂ ਇਲੈਕਟ੍ਰਾਨਿਕ ਯੰਤਰਾਂ, ਖਾਸ ਕਰਕੇ ਸਰਕਟ ਬੋਰਡਾਂ ਵਿੱਚ ਕੀਤੀ ਜਾਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ