'ਨਾ ਠੀਕ ਖਾਣਾ ਮਿਲਦਾ ਹੈ ਨਾ ਦਵਾਈ', ਪਨਾਮਾ ਦੇ ਹੋਟਲ ਵਿੱਚ ਅਜੇ ਵੀ ਕੈਦੀਆਂ ਵਾਂਗ ਰੱਖੇ ਗਏ ਹਨ ਅਮਰੀਕਾ ਤੋਂ ਕੱਢੇ ਹੋਏ ਪਰਵਾਸੀ

    • ਲੇਖਕ, ਸੈਂਟੀਆਗੋ ਵੈਨੇਗਾਸ ਅਤੇ ਸ਼ੀਡਾ ਹੂਸ਼ਮੰਡੀ
    • ਰੋਲ, ਬੀਬੀਸੀ ਨਿਊਜ਼

ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਰਜਨਾਂ ਏਸ਼ੀਆਈ ਅਤੇ ਅਫ਼ਰੀਕੀ ਪਰਵਾਸੀ ਪਨਾਮਾ ਸਿਟੀ ਦੇ ਲਗਜ਼ਰੀ ਹੋਟਲ ਵਿੱਚ ਬੰਦ ਹਨ। ਉਹ ਕਮਰਿਆਂ ਦੀਆਂ ਖਿੜਕੀਆਂ ਰਾਹੀਂ ਮਦਦ ਦੀ ਬੇਨਤੀ ਕਰਦੇ ਨਜ਼ਰ ਆਉਂਦੇ ਹਨ।

ਉਨ੍ਹਾਂ ਨੂੰ ਅਮਰੀਕਾ ਤੋਂ ਮੱਧ ਅਮਰੀਕਾ ਦੇ ਸਭ ਤੋਂ ਦੱਖਣੀ ਦੇਸ਼ ਪਨਾਮਾ ਦੀ ਰਾਜਧਾਨੀ ਭੇਜ ਦਿੱਤਾ ਗਿਆ ਸੀ, ਜਿੱਥੇ ਹੁਣ ਉਹ ਆਪਣੇ ਆਪ ਨੂੰ ਫ਼ਸਿਆ ਹੋਇਆ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕੋਲ ਉਥੋਂ ਨਿਕਲਣ ਦਾ ਕੋਈ ਸਪੱਸ਼ਟ ਰਾਹ ਨਹੀਂ ਹੈ।

ਧਾਰਮਿਕ ਅੰਦੋਲਨ, ਫੇ ਵਾਈ ਅਲੇਗ੍ਰੀਆ ਦੇ ਅਨੁਸਾਰ, ਇਹ ਪਰਵਾਸੀ ਈਰਾਨ, ਅਫਗਾਨਿਸਤਾਨ, ਨੇਪਾਲ, ਪਾਕਿਸਤਾਨ, ਸੋਮਾਲੀਆ, ਏਰੀਟ੍ਰੀਆ, ਕੈਮਰੂਨ, ਇਥੋਪੀਆ, ਚੀਨ ਅਤੇ ਰੂਸ ਵਰਗੇ ਦੇਸ਼ਾਂ ਤੋਂ ਹਨ।

ਸੰਗਠਨ ਇਸ ਸਮੇਂ ਦੇਸ਼ ਦੀ ਰਾਜਧਾਨੀ ਵਿੱਚ 51 ਪਰਵਾਸੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ।

ਪਨਾਮਾ ਸਰਕਾਰ ਦੇ ਸਭ ਤੋਂ ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 299 ਗੈਰ-ਦਸਤਾਵੇਜ਼ੀ ਪਰਵਾਸੀਆਂ ਵਿੱਚੋਂ 192 ਸਵੈ-ਇੱਛਾ ਨਾਲ ਆਪਣੇ ਮੂਲ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਹੋਏ ਹਨ।

ਜੋ ਲੋਕ ਰੁਕੇ ਸਨ ਉਨ੍ਹਾਂ ਨੂੰ 30 ਦਿਨਾਂ ਲਈ ਇੱਕ ਅਸਥਾਈ ਮਾਨਵਤਾਵਾਦੀ ਪਰਮਿਟ ਦਿੱਤਾ ਗਿਆ ਸੀ, ਜਿਸ ਨੂੰ 60 ਦਿਨਾਂ ਲਈ ਹੋਰ ਵਧਾਇਆ ਜਾ ਸਕਦਾ ਹੈ।

ਇਸ ਮਿਆਦ ਤੋਂ ਬਾਅਦ, ਉਨ੍ਹਾਂ ਨੂੰ ਪਨਾਮਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।

ਬੀਬੀਸੀ ਨੇ ਤਿੰਨ ਡਿਪੋਰਟੀਆਂ ਨਾਲ ਗੱਲ ਕੀਤੀ, ਜਿਨ੍ਹਾਂ 'ਚੋਂ ਦੋ ਈਰਾਨ ਤੋਂ ਅਤੇ ਇੱਕ ਅਫਗਾਨਿਸਤਾਨ ਤੋਂ ਹੈ।

ਤਿੰਨੋਂ ਇਸ ਗੱਲ ਨਾਲ ਸਹਿਮਤ ਹਨ ਕਿ ਆਪਣੇ ਦੇਸ਼ ਵਾਪਸ ਜਾਣਾ ਉਨ੍ਹਾਂ ਲਈ ਠੀਕ ਵਿਕਲਪ ਨਹੀਂ ਹੈ।

ਆਰਟੇਮਿਸ ਘਸੇਮਜ਼ਾਦੇਹ ਨੇ ਬੀਬੀਸੀ ਨੂੰ ਦੱਸਿਆ, "2022 ਵਿੱਚ, ਮੈਂ ਆਪਣਾ ਧਰਮ ਬਦਲ ਕੇ ਈਸਾਈ ਬਣਨ ਦਾ ਫੈਸਲਾ ਕੀਤਾ ਸੀ। ਈਰਾਨ ਵਿੱਚ ਅਜਿਹਾ ਕਰਨ 'ਤੇ ਮੌਤ ਦੀ ਸਜ਼ਾ ਹੈ।"

ਪਨਾਮਾ ਸਰਕਾਰ ਨੇ ਕਿਹਾ ਹੈ ਕਿ ਜੋ ਪਰਵਾਸੀ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ, ਉਨ੍ਹਾਂ ਨੂੰ ਇੱਕ ਤੀਜਾ ਦੇਸ਼ ਲੱਭਣਾ ਪਵੇਗਾ ਜੋ ਉਨ੍ਹਾਂ ਨੂੰ ਸਵੀਕਾਰਨ ਲਈ ਤਿਆਰ ਹੋਵੇ।

ਹਾਲਾਂਕਿ, ਜਿਨ੍ਹਾਂ ਲੋਕਾਂ ਨੇ ਬੀਬੀਸੀ ਨਾਲ ਗੱਲ ਕੀਤੀ, ਉਨ੍ਹਾਂ ਨੂੰ ਹੁਣ ਤੱਕ ਕੀਤੇ ਵੀ ਜਾਣ ਦੀ ਜਗ੍ਹਾ ਨਹੀਂ ਮਿਲੀ।

ਉਹ ਪਨਾਮਾ ਕਿਵੇਂ ਪਹੁੰਚੇ?

ਆਰਟੇਮਿਸ ਈਰਾਨ ਤੋਂ ਉਦੋਂ ਭੱਜੇ ਸਨ ਜਦੋਂ ਈਰਾਨੀ ਸਰਕਾਰ ਨੇ ਇੱਕ ਭੂਮੀਗਤ ਈਸਾਈ ਚਰਚ ਬਾਰੇ ਪਤਾ ਲੱਗਣ ਤੇ ਉਨ੍ਹਾਂ ਦੇ ਦੋ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਹਿਜਾਬ ਸਹੀ ਢੰਗ ਨਾਲ ਨਾ ਪਹਿਨਣ ਕਾਰਨ ਈਰਾਨੀ ਮਹਿਲਾ ਮਹਸਾ ਅਮੀਨੀ ਨਾਲ ਕੁੱਟਮਾਰ ਹੋਈ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ।

ਆਰਟੇਮਿਸ ਦੱਸਦੇ ਹਨ ਕਿ ਅਮੀਨੀ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ "ਇਰਾਨ ਵਿੱਚ ਹਿਜਾਬ ਕਰਕੇ ਬਹੁਤ ਮੁਸ਼ਕਲ" ਦਾ ਸਾਹਮਣਾ ਕਰਨਾ ਪਿਆ ਸੀ।

ਅਮਰੀਕਾ ਪਹੁੰਚਣ ਲਈ, ਆਰਟੇਮਿਸ ਪਹਿਲਾਂ ਸੰਯੁਕਤ ਅਰਬ ਅਮੀਰਾਤ, ਫਿਰ ਦੱਖਣੀ ਕੋਰੀਆ ਅਤੇ ਅੰਤ ਵਿੱਚ ਮੈਕਸੀਕੋ ਗਈ।

ਉਨ੍ਹਾਂ ਨੇ ਸ਼ਰਨ ਦੀ ਬੇਨਤੀ ਕਰਨ ਦੇ ਇਰਾਦੇ ਨਾਲ ਆਪਣੇ ਵੱਡੇ ਭਰਾ ਨਾਲ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕੀਤੀ।

ਪਰ ਸੈਨ ਡਿਏਗੋ, ਕੈਲੀਫੋਰਨੀਆ ਵਿੱਚ ਉਨ੍ਹਾਂ ਨੂੰ ਸਰਹੱਦੀ ਗਸ਼ਤ ਦੁਆਰਾ ਹਿਰਾਸਤ ਵਿੱਚ ਲਿਆ ਗਿਆ।

ਕੁਝ ਦਿਨਾਂ ਬਾਅਦ, ਉਨ੍ਹਾਂ ਨੂੰ ਅਤੇ ਦਰਜਨਾਂ ਹੋਰ ਪਰਵਾਸੀਆਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਟੈਕਸਾਸ ਲਿਜਾਇਆ ਜਾ ਰਿਹਾ ਹੈ, ਪਰ ਉਹ ਅਸਲ ਵਿੱਚ ਉਨ੍ਹਾਂ ਦਾ ਸਫ਼ਰ ਪਨਾਮਾ ਸਿਟੀ ਵਿੱਚ ਹੀ ਖਤਮ ਹੋ ਗਿਆ।

ਟਰੰਪ ਪ੍ਰਸ਼ਾਸਨ ਨਾਲ ਹੋਏ ਇੱਕ ਸਮਝੌਤੇ ਤਹਿਤ ਪਨਾਮਾ ਨੇ ਆਰਟੇਮਿਸ ਵਰਗੇ 299 ਹੋਰ ਪਰਵਾਸੀਆਂ ਨੂੰ ਸ਼ਰਨ ਦਿੱਤੀ ਹੈ।

ਬੀਬੀਸੀ ਨੇ ਸਮਝੌਤੇ ਦੇ ਵੇਰਵਿਆਂ ਲਈ ਪਨਾਮਾ ਅਤੇ ਅਮਰੀਕੀ ਸਰਕਾਰਾਂ ਦੋਵਾਂ ਨਾਲ ਸੰਪਰਕ ਕੀਤਾ, ਪਰ ਉਧਰੋਂ ਕੋਈ ਜਵਾਬ ਨਹੀਂ ਮਿਲਿਆ।

ਪਰਵਾਸੀਆਂ ਨੂੰ ਸ਼ੁਰੂ ਵਿੱਚ ਇੱਕ ਹਫ਼ਤੇ ਲਈ ਆਲੀਸ਼ਾਨ ਡੇਕਾਪੋਲਿਸ ਹੋਟਲ ਵਿੱਚ ਰੱਖਿਆ ਗਿਆ ਸੀ।

ਉਸ ਸਮੇਂ, ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ, ਸਗੋਂ "ਉਨ੍ਹਾਂ ਦੀ ਸੁਰੱਖਿਆ ਲਈ ਉਹ ਸਾਡੀ ਅਸਥਾਈ ਸ਼ਰਨ ਵਿੱਚ" ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਦੀ ਨਿਗਰਾਨੀ ਹੇਠ ਹਨ।

ਪਰ ਬੀਬੀਸੀ ਨਾਲ ਗੱਲ ਕਰਦੇ ਹੋਏ ਇੱਕ ਅਫਗਾਨ ਪਰਵਾਸੀ ਹੋਹ ਨੇ ਕਿਹਾ, "ਉਸ ਹੋਟਲ ਵਿੱਚ ਅਸੀਂ ਕੈਦੀਆਂ ਵਾਂਗ ਹੀ ਰਹਿੰਦੇ ਹਾਂ"

"ਕਮਰੇ ਦੇ ਦਰਵਾਜ਼ੇ 'ਤੇ, ਸੁਰੱਖਿਆ ਗਾਰਡ, ਪੁਲਿਸ ਅਤੇ ਇਮੀਗ੍ਰੇਸ਼ਨ ਏਜੰਟ ਹੁੰਦੇ ਹਨ।"

ਫੋਟੋਆਂ ਵਿੱਚ ਵੀ ਕਈ ਪਰਵਾਸੀਆਂ ਨੂੰ ਹੋਟਲ ਦੀਆਂ ਖਿੜਕੀਆਂ ਰਾਹੀਂ ਮਦਦ ਦੀ ਬੇਨਤੀ ਕਰਦੇ ਦਿਖਾਇਆ ਗਿਆ ਹੈ।

ਕਥਿਤ ਤੌਰ 'ਤੇ ਉਨ੍ਹਾਂ ਨੂੰ ਬਾਹਰੀ ਦੁਨੀਆ ਨਾਲ ਸੰਚਾਰ ਕਰਨ ਤੋਂ ਰੋਕਿਆ ਗਿਆ ਸੀ ਅਤੇ ਵਕੀਲਾਂ ਤੱਕ ਪਹੁੰਚ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਹਿਊਮਨ ਰਾਈਟਸ ਵਾਚ (ਐੱਚਆਰਡਬਲਯੂ) ਅਮਰੀਕਾ ਦੇ ਡਾਇਰੈਕਟਰ ਜੁਆਨੀਟਾ ਗੋਏਬਰਟਸ ਦਾ ਕਹਿਣ ਹੈ ਕਿ "ਇਹ ਲੋਕ ਇੱਕ ਮਨਮਾਨੀ ਪ੍ਰਕਿਰਿਆ ਦੇ ਸ਼ਿਕਾਰ ਹੋਏ ਹਨ ਜਿਸ ਦੇ ਸਿੱਟੇ ਵਜੋਂ ਇਹ ਪਨਾਮਾ 'ਚ ਆ ਪਹੁੰਦੇ ਹਨ। ਸਥਿਤੀ ਇਹ ਹੈ ਕਿ ਇਨ੍ਹਾਂ ਕੋਲ ਸ਼ਰਣ ਦੀ ਬੇਨਤੀ ਕਰਨ ਦੀ ਸੰਭਾਵਨਾ ਨਹੀਂ ਹੈ, ਨਾ ਹੀ ਵਕੀਲਾਂ ਤੱਕ ਪਹੁੰਚ ਹੈ, ਅਤੇ ਇਹ ਸਭ ਦੇ ਵਿਚਾਲੇ ਇਹ ਲੋਕ ਹਫ਼ਤਿਆਂ ਲਈ ਪੂਰੀ ਤਰ੍ਹਾਂ ਬਾਹਰੀ ਸੰਪਰਕ ਤੋਂ ਵਾਂਝੇ ਰੱਖੇ ਗਏ।"

ਇੱਕ ਹਫ਼ਤੇ ਬਾਅਦ, ਪਨਾਮਾ ਸਰਕਾਰ ਨੇ ਐਲਾਨ ਕੀਤਾ ਕਿ 171 ਡਿਪੋਰਟੀ ਸਵੈ-ਇੱਛਾ ਨਾਲ ਆਪਣੇ-ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਹੋ ਗਏ ਹਨ ਅਤੇ ਅਮਰੀਕਾ ਉਨ੍ਹਾਂ ਦੇ ਆਵਾਜਾਈ ਦੇ ਖਰਚੇ ਨੂੰ ਪੂਰਾ ਕਰੇਗਾ।

ਜੋ ਲੋਕ ਵਾਪਸ ਜਾਣ ਲਈ ਸਹਿਮਤ ਨਹੀਂ ਹੋਏ ਉਨ੍ਹਾਂ ਨੂੰ ਡਾਰੀਅਨ ਪ੍ਰਾਂਤ ਦੇ ਸੈਨ ਵਿਨਸੈਂਟ ਕੈਂਪ ਵਿੱਚ ਲਿਜਾਇਆ ਜਾਵੇਗਾ, ਜੋ ਅਸਥਾਈ ਤੌਰ 'ਤੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਪਰਵਾਸੀਆਂ ਨੂੰ ਰਿਹਾਇਸ਼ ਦੇ ਰਿਹਾ ਹੈ।

ਇਹ ਕੈਂਪ ਪਨਾਮਾ ਦੀ ਰਾਜਧਾਨੀ ਤੋਂ ਚਾਰ ਘੰਟੇ ਦੀ ਦੂਰੀ 'ਤੇ, ਜੰਗਲ ਦੇ ਸੰਘਣੇ ਹਿੱਸੇ ਦੇ ਕਿਨਾਰੇ 'ਤੇ ਸਥਿਤ ਹੈ।

ਜਦੋਂ ਹੋਹ ਸੁਰੱਖਿਆ ਗਾਰਡਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡੇਕਾਪੋਲਿਸ ਹੋਟਲ ਦੇ ਸਾਹਮਣੇ ਇੱਕ ਬੱਸ ਵਿੱਚ ਚੜ੍ਹਿਆ ਉਦੋਂ ਉਸ ਨੂੰ ਇਸ ਫੈਸਲੇ ਦਾ ਪਤਾ ਨਹੀਂ ਸੀ।

ਹੋਹ ਨੇ ਦੱਸਿਆ "ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਸਾਡਾ ਹੋਟਲ ਬਦਲਣ ਜਾ ਰਹੇ ਹਨ। ਇਹ ਕਹਿ ਕੇ ਉਨ੍ਹਾਂ ਨੇ ਸਾਨੂੰ ਬੱਸ ਵਿੱਚ ਬਿਠਾ ਦਿੱਤਾ ਅਤੇ ਅੱਠ ਘੰਟਿਆਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਡੇਰੀਅਨ ਜੰਗਲ ਵਿੱਚ ਹਾਂ।"

ਬੱਦਤਰ ਹਾਲਾਤ ’ਚ ਰਹਿਣ ਨੂੰ ਮਜਬੂਰ

ਬੀਬੀਸੀ ਦੁਆਰਾ ਇੰਟਰਵਿਊ ਕੀਤੇ ਗਏ ਤਿੰਨੋਂ ਲੋਕ ਇਸ ਗੱਲ ਨਾਲ ਸਹਿਮਤ ਸਨ ਕਿ ਡਾਰੀਅਨ ਆਸਰਾ ਘਰ ਦੇ ਹਾਲਾਤ ਭਿਆਨਕ ਸਨ, ਭੋਜਨ ਵੀ ਨਾਕਾਫ਼ੀ ਸੀ।"

ਈਰਾਨ ਦੇ ਅਰਸਲਾਨ ਨੇ ਦੱਸਿਆ, "ਮੈਨੂੰ ਸ਼ੂਗਰ ਹੈ, ਅਤੇ ਉਨ੍ਹਾਂ ਨੇ ਮੈਨੂੰ ਮੇਰੀ ਦਵਾਈ ਨਹੀਂ ਦਿੱਤੀ। ਮੇਰੀ ਬਲੱਡ ਸ਼ੂਗਰ ਬਹੁਤ ਜ਼ਿਆਦਾ ਸੀ ਅਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਉਹ ਮੇਰੇ ਨਾਲ ਇੱਕ ਅਪਰਾਧੀ, ਕਾਤਲ ਵਰਗਾ ਸਲੂਕ ਕਰਦੇ ਹਨ।"

ਅਰਸਲਾਨ ਨੇ ਅੱਗੇ ਦੱਸਿਆ "ਉਨ੍ਹਾਂ ਨੇ ਸਾਨੂੰ ਜੋ ਖਾਣਾ ਦਿੱਤਾ ਉਹ ਭੋਜਨ ਵਰਗਾ ਨਹੀਂ ਲੱਗ ਰਿਹਾ ਸੀ। ਕੈਂਪ ਗੰਦੇ ਸਨ, ਅਤੇ ਹਰ ਜਗ੍ਹਾ ਉੱਲੀ ਅਤੇ ਕੀਟਾਣੂ ਸਨ। ਕੁੱਲ ਮਿਲਾ ਕੇ, ਉਨ੍ਹਾਂ ਨੇ ਸਾਡੇ ਨਾਲ ਮਨੁੱਖੀ ਵਿਵਹਾਰ ਨਹੀਂ ਕੀਤਾ।"

ਹੋਹ ਨੇ ਕਿਹਾ ਕਿ ਇੱਕ ਗਾਰਡ ਲਗਾਤਾਰ ਉਨ੍ਹਾਂ ਦਾ ਪਿੱਛਾ ਕਰਦਾ ਸੀ, ਇੱਥੋਂ ਤੱਕ ਕਿ ਬਾਥਰੂਮ ਤੱਕ ਵੀ।

ਪਨਾਮਾ ਸਰਕਾਰ ਦੇ ਅਨੁਸਾਰ, ਅੰਤਰਰਾਸ਼ਟਰੀ ਪਰਵਾਸ ਸੰਗਠਨ (ਆਈਓਐੱਮ) ਅਤੇ ਯੂਐੱਨਐੱਚਸੀਆਰ, ਦੋਵੇਂ ਸੰਯੁਕਤ ਰਾਸ਼ਟਰ ਏਜੰਸੀਆਂ, ਕੇਂਦਰ ਵਿੱਚ ਪਰਵਾਸੀਆਂ ਦੀ ਦੇਖਭਾਲ ਕਰਨ ਦੇ ਇੰਚਾਰਜ ਹਨ।

ਹਾਲਾਂਕਿ, ਇੱਕ ਆਈਓਐੱਮਬੁਲਾਰੇ ਨੇ 20 ਫਰਵਰੀ ਨੂੰ ਬੀਬੀਸੀ ਨੂੰ ਦੱਸਿਆ ਕਿ ਸੰਗਠਨ ਦੀ ਉੱਥੇ ਕੋਈ ਮੌਜੂਦਗੀ ਨਹੀਂ ਹੈ।

ਆਰਟੇਮਿਸ ਨੇ ਬੀਬੀਸੀ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਕੁਝ ਦਿਨਾਂ ਬਾਅਦ ਤੱਕ ਵੀ ਸੈਨ ਵਿਸੇਂਟ ਨਹੀਂ ਪਹੁੰਚੀਆਂ।

ਐਚਆਰਡਬਲਯੂ ਦੇ ਅਮਰੀਕਾ ਦੇ ਨਿਰਦੇਸ਼ਕ ਨੇ ਕਿਹਾ ਕਿ ਪਰਵਾਸੀਆਂ ਨੂੰ "ਨਾਕਾਫ਼ੀ ਹਾਲਤਾਂ ਵਿੱਚ, ਉਨ੍ਹਾਂ ਦੀ ਮੰਜ਼ਿਲ ਨੂੰ ਜਾਣੇ ਬਿਨਾਂ ਜਾਂ ਉਨ੍ਹਾਂ ਨੂੰ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖ ਹਿਰਾਸਤ ਵਿੱਚ ਲਿਆ ਗਿਆ ਸੀ।"

ਭਟਕਣਾ ਕਿਉਂ ਪੈ ਰਿਹਾ ਹੈ ?

ਪਰਵਾਸੀ ਦੋ ਹਫ਼ਤਿਆਂ ਤੋਂ ਆਸਰਾ ਸਥਾਨ ਵਿੱਚ ਸਨ ਜਦੋਂ ਪਨਾਮਾ ਦੀ ਸਰਕਾਰ ਨੇ ਉਨ੍ਹਾਂ ਨੂੰ 30 ਦਿਨਾਂ ਲਈ ਦੇਸ਼ ਵਿੱਚ ਰਹਿਣ ਲਈ ਪਰਮਿਟ ਦੇ ਨਾਲ ਰਿਹਾਅ ਕਰਨ ਦੀ ਯੋਜਨਾ ਦਾ ਐਲਾਨ ਕੀਤਾ।

ਪਨਾਮਾ ਇਮੀਗ੍ਰੇਸ਼ਨ ਬੱਸਾਂ ਨੇ ਉਨ੍ਹਾਂ ਨੂੰ ਉਸ ਹਫਤੇ ਦੇ ਅੰਤ ਵਿੱਚ ਪਨਾਮਾ ਸਿਟੀ ਦੇ ਅਲਬਰੂਕ ਬੱਸ ਟਰਮੀਨਲ 'ਤੇ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, ਆਰਟੇਮਿਸ ਨੇ ਬੀਬੀਸੀ ਨੂੰ ਦੱਸਿਆ ਕਿ ਦੇਸ਼ ਨਿਕਾਲਾ ਪ੍ਰਾਪਤ ਕਰਨ ਵਾਲੇ ਰਿਹਾਅ ਹੋਣ 'ਤੇ ਖੁਸ਼ ਸਨ, ਪਰ ਚਿੰਤਤ ਸਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨਾਲ ਕੀ ਹੋਵੇਗਾ।

ਹੋਹ ਨੇ ਕਿਹਾ "ਅਸੀਂ ਆਪਣੇ ਦੇਸ਼ਾਂ ਵਿੱਚ ਵਾਪਸ ਨਹੀਂ ਜਾ ਸਕਦੇ, ਸਾਨੂੰ ਕੋਈ ਹੋਰ ਦੇਸ਼ ਨਹੀਂ ਮਿਲ ਰਿਹਾ, ਸਾਨੂੰ ਨਹੀਂ ਪਤਾ ਕਿ ਕੀ ਹੋਵੇਗਾ।"

ਉਨ੍ਹਾਂ ਦੀ ਸਥਿਤੀ ਇਸ ਕਰਕੇ ਹੋਰ ਵੀ ਮੁਸ਼ਕਲ ਹੋ ਗਈ ਹੈ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਕੋਈ ਸੰਪਰਕ ਨਹੀਂ ਹੈ, ਅਤੇ ਉਹ ਸਪੈਨਿਸ਼ ਨਹੀਂ ਬੋਲ ਸਕਦੇ।

ਜਦੋਂ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕੀਤੀ, ਤਾਂ ਪਰਵਾਸੀ ਪਨਾਮਾ ਸਿਟੀ ਦੇ ਇੱਕ ਹੋਟਲ ਵਿੱਚ ਸਨ।

ਹੋਹ ਨੇ ਕਿਹਾ "ਮੈਨੂੰ ਨਹੀਂ ਪਤਾ ਕਿ ਸਾਡੇ ਲਈ ਕਿਸਨੇ ਭੁਗਤਾਨ ਕੀਤਾ। ਉਨ੍ਹਾਂ ਨੇ ਸਾਨੂੰ ਸਿਰਫ਼ ਇਹ ਦੱਸਿਆ ਕਿ ਅਸੀਂ ਅੱਜ ਰਾਤ ਇਸ ਹੋਟਲ ਵਿੱਚ ਰੁਕਾਂਗੇ। ਕੱਲ੍ਹ, ਸਾਨੂੰ ਨਹੀਂ ਪਤਾ ਕਿ ਅਸੀਂ ਕਿੱਥੇ ਜਾਵਾਂਗੇ।"

ਗੋਏਬਰਟਸ ਨੇ ਬੀਬੀਸੀ ਨੂੰ ਦੱਸਿਆ "ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਪਨਾਮਾ ਸਿਟੀ ਦੇ ਇੱਕ ਬੱਸ ਸਟੇਸ਼ਨ 'ਤੇ ਛੱਡ ਦਿੱਤਾ ਗਿਆ ਸੀ, ਬਹੁਤਿਆਂ ਕੋਲ ਰਹਿਣ ਲਈ ਜਗ੍ਹਾ ਨਹੀਂ ਸੀ।"

ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਸ਼ੁਰੂ ਵਿੱਚ ਅਮਰੀਕਾ ਨਾਲ ਸਹਿਮਤ ਹੋਏ ਸਨ ਕਿ ਪਨਾਮਾ ਦੇਸ਼ ਛੱਡਣ ਵਾਲਿਆਂ ਲਈ ਇੱਕ "ਪੁਲ" ਦੇਸ਼ ਬਣੇਗਾ, ਮੇਜ਼ਬਾਨ ਦੇਸ਼ ਨਹੀਂ।

ਹੁਣ, ਯੋਜਨਾਵਾਂ ਬਦਲ ਗਈਆਂ ਹਨ, ਅਤੇ ਇਹ ਪਨਾਮਾ ਦੇ ਅਧਿਕਾਰੀ ਹਨ ਜੋ ਅੱਗੇ ਕੀ ਹੁੰਦਾ ਹੈ ਇਸਦਾ ਨਿਯੰਤਰਣ ਰੱਖਦੇ ਹਨ।

ਗੋਏਬਰਟਸ ਦਾ ਕਹਿਣਾ ਹੈ ਕਿ ਪਨਾਮਾ ਦੀ ਸਰਕਾਰ ਹੁਣ ਉੱਥੇ ਭੇਜੇ ਗਏ ਤੀਜੇ ਦੇਸ਼ ਦੇ ਨਾਗਰਿਕਾਂ ਲਈ ਜ਼ਿੰਮੇਵਾਰ ਹਨ, "ਭਾਵੇਂ ਉਨ੍ਹਾਂ ਦਾ ਸੰਯੁਕਤ ਰਾਜ ਤੋਂ ਕੱਢਣਾ ਗੈਰ-ਕਾਨੂੰਨੀ ਕਿਉਂ ਨਾ ਹੋਵੇ"।

ਬੀਬੀਸੀ ਮੁੰਡੋ ਨੇ ਪਨਾਮਾ ਦੇ ਸੁਰੱਖਿਆ ਮੰਤਰਾਲੇ ਅਤੇ ਰਾਸ਼ਟਰੀ ਪਰਵਾਸ ਸੇਵਾ ਨਾਲ ਸੰਪਰਕ ਕੀਤਾ ਤਾਂ ਜੋ ਇਹ ਪੁੱਛਿਆ ਜਾ ਸਕੇ ਕਿ ਪਰਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੀ ਉਪਾਅ ਕੀਤੇ ਗਏ ਹਨ, ਪਰ ਕੋਈ ਜਵਾਬ ਨਹੀਂ ਮਿਲਿਆ।

ਜਿਮ ਵਿੱਚ ਸੌਂਦੇ ਹਨ ਪਰਵਾਸੀ

ਜਦੋਂ ਤੋਂ ਉਹ ਪਨਾਮਾ ਸਿਟੀ ਵਾਪਸ ਆਏ ਹਨ, ਡਿਪੋਰਟ ਕੀਤੇ ਗਏ ਲੋਕਾਂ ਨੂੰ ਕੈਥੋਲਿਕ ਚਰਚ ਤੋਂ ਸਹਾਇਤਾ ਮਿਲ ਰਹੀ ਹੈ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਕੈਥੋਲਿਕ ਸੰਗਠਨ ਫੇ ਵਾਈ ਅਲੇਗ੍ਰੀਆ ਦੁਆਰਾ ਚਲਾਏ ਜਾ ਰਹੇ ਜਿਮ ਵਿੱਚ ਰਹਿ ਰਹੇ ਹਨ, ਬਾਕੀ ਇੱਕ ਕੇਅਰ ਹੋਮ ਵਿੱਚ ਹਨ।

ਏਲੀਅਸ ਕੋਰਨੇਜੋ ਫੇ ਵਾਈ ਅਲੇਗ੍ਰੀਆ ਵਿਖੇ ਪਰਵਾਸੀ ਸਹਾਇਤਾ ਕੋਆਰਡੀਨੇਟਰ ਹਨ। ਉਹ ਕਹਿੰਦੇ ਹਨ ਕਿ 51 ਲੋਕ, 16 ਪੁਰਸ਼ ਅਤੇ 35 ਔਰਤਾਂ, ਅਜੇ ਵੀ ਉਨ੍ਹਾਂ ਨਾਲ ਰਹਿ ਰਹੇ ਹਨ। ਕੁਝ ਲੋਕ ਉਨ੍ਹਾਂ ਤੋਂ ਵੱਖ ਆਪਣੇ ਆਪ ਰਹਿਣ ਲਈ ਚਲੇ ਗਏ ਹਨ।

ਕੁਝ ਨੇ ਪਨਾਮਾ ਵਿੱਚ ਸ਼ਰਨ ਲੈਣ ਦਾ ਫੈਸਲਾ ਕੀਤਾ ਹੈ, ਬਾਕੀ ਅਜੇ ਵੀ ਫੈਸਲਾ ਕਰ ਰਹੇ ਹਨ ਕਿ ਅੱਗੇ ਕੀ ਕਰਨਾ ਹੈ।

ਕੋਰਨੇਜੋ ਕਹਿੰਦਾ ਹੈ ਕਿ ਇੱਕ ਅਫਰੀਕੀ ਪਰਿਵਾਰ ਜਿਸਨੇ ਰਿਹਾਇਸ਼ ਛੱਡ ਦਿੱਤੀ ਹੈ ਨੇ, ਉਨ੍ਹਾਂ ਨੂੰ ਦੱਸਿਆ ਕਿ ਉਹ ਅਮਰੀਕਾ ਵਾਪਸ ਜਾਣ ਦੀ ਕੋਸ਼ਿਸ਼ ਕਰਨਗੇ।

ਇਹ ਸਪੱਸ਼ਟ ਨਹੀਂ ਹੈ ਕਿ ਪਰਵਾਸੀਆਂ ਦਾ ਕੀ ਹੋਵੇਗਾ ਜਦੋਂ ਉਨ੍ਹਾਂ ਨੂੰ ਹੋਰ ਰਹਿਣਾ ਪਵੇਗਾ, ਜਾਂ ਉਨ੍ਹਾਂ ਨੂੰ ਆਪਣਾ ਪਰਮਿਟ ਵਧਾਉਣ ਲਈ ਕੀ ਕਰਨ ਦੀ ਲੋੜ ਹੈ।

ਇਹ ਵੀ ਪਤਾ ਨਹੀਂ ਹੈ ਕਿ ਅਮਰੀਕਾ ਤੋਂ ਕੱਢੇ ਗਏ ਨਵੇਂ ਪਰਵਾਸੀ ਦੇਸ਼ ਵਿੱਚ ਆਉਣਗੇ ਜਾਂ ਨਹੀਂ।

ਫਰਵਰੀ ਵਿੱਚ ਦੋ ਸੌ ਪਰਵਾਸੀਆਂ ਨੂੰ ਅਮਰੀਕਾ ਤੋਂ ਪਨਾਮਾ ਦੀ ਸਰਹੱਦ ਨਾਲ ਲੱਗਦੇ ਕੋਸਟਾ ਰੀਕਾ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਆਪ ਨੂੰ ਇਸੇ ਤਰ੍ਹਾਂ ਦੀ ਦੁਚਿੱਤੀ ਵਿੱਚ ਪਾਉਂਦੇ ਹਨ।

ਪਨਾਮਾ ਵਿੱਚ ਡੇਢ ਮਹੀਨਾ ਰਹਿਣ ਤੋਂ ਬਾਅਦ, ਆਰਟੇਮਿਸ, ਅਰਸਲਾਨ ਅਤੇ ਹੋਹ ਇੱਕ ਚੀਜ਼ ਮੰਗਦੇ ਹਨ: "ਆਜ਼ਾਦੀ ਅਤੇ ਰਹਿਣ ਲਈ ਇੱਕ ਆਮ ਜਗ੍ਹਾ। ਸਾਡੇ ਲਈ ਇਹ ਕਾਫ਼ੀ ਹੈ।"

(ਪਛਾਣ ਗੁਪਤ ਰੱਖਣ ਦੀ ਬੇਨਤੀ 'ਤੇ ਪਰਵਾਸੀਆਂ ਦੇ ਨਾਮ ਬਦਲੇ ਗਏ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)