ਜੀਵਨ ਸਾਥੀ ਲੱਭਣਾ ਹੁਣ ਵਧੇਰੇ ਔਖਾ ਕਿਉਂ ਹੋ ਗਿਆ ਹੈ? ਜੋੜੀਆਂ ਕਿਉਂ ਨਹੀਂ ਬਣ ਪਾ ਰਹੀਆਂ

ਪੂਰੀ ਦੁਨੀਆ ਵਿੱਚ ਲੋਕ ਆਪਣਾ ਜੀਵਨ ਸਾਥੀ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਈਰਾਨ, ਮੈਕਸੀਕੋ, ਪੇਰੂ, ਦੱਖਣੀ ਅਫ਼ਰੀਕਾ ਅਤੇ ਦੱਖਣੀ ਕੋਰੀਆ ਵਰਗੇ ਵੱਖ-ਵੱਖ ਦੇਸ਼ਾਂ ਵਿੱਚ ਜੋੜਿਆਂ ਦੀ ਗਿਣਤੀ ਘੱਟ ਰਹੀ ਹੈ।

ਚੀਨ ਵਿੱਚ ਵਿਆਹਾਂ ਦੀ ਗਿਣਤੀ 2014 ਵਿੱਚ 1.3 ਕਰੋੜ ਤੋਂ ਘੱਟ ਕੇ 2024 ਵਿੱਚ 60 ਲੱਖ ਰਹਿ ਗਈ ਹੈ।

ਫਿਨਲੈਂਡ ਤੋਂ ਪ੍ਰਾਪਤ ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਇਕੱਠੇ ਰਹਿਣ ਵਾਲੇ ਜੋੜਿਆਂ ਦੀ ਪਰਿਵਾਰ ਨੂੰ ਅੱਗੇ ਵਧਾਉਣ ਦੀ ਬਜਾਇ ਅਲੱਗ ਹੋਣ ਦੀ ਸੰਭਾਵਨਾ ਜ਼ਿਆਦਾ ਹੈ।

ਤਾਂ ਫਿਰ ਇੰਨੇ ਸਾਰੇ ਦੇਸ਼ਾਂ ਵਿੱਚ ਲੋਕ ਇੱਕ ਸਥਾਈ ਰਿਸ਼ਤਾ ਬਣਾਉਣ ਲਈ ਸੰਘਰਸ਼ ਕਿਉਂ ਕਰ ਰਹੇ ਹਨ?

ਆਰਥਿਕ ਪੱਖਾਂ ਦਾ ਅਸਰ

ਬ੍ਰਾਜ਼ੀਲ ਦੇ ਸੈਂਟਾ ਕੈਟਰੀਨਾ ਵਿੱਚ ਰਹਿਣ ਵਾਲੇ 36 ਸਾਲਾਂ ਫੇਲਿਪ ਦਾ ਕਹਿਣਾ ਹੈ ਕਿ ਉਸ ਨੇ ਜੀਵਨ ਸਾਥੀ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਫਿਰ ਵੀ ਉਸ ਨੂੰ ਸਾਥੀ ਨਹੀਂ ਮਿਲ ਰਿਹਾ।

ਸਕੂਲ ਵਿੱਚ ਉਹ ਉਨ੍ਹਾਂ ਕੁੜੀਆਂ ਨੂੰ ਪ੍ਰੇਮ ਪੱਤਰ ਲਿਖਦਾ ਹੁੰਦਾ ਸੀ ਜਿਨ੍ਹਾਂ 'ਤੇ ਉਸ ਦਾ ਦਿਲ ਆ ਜਾਂਦਾ ਸੀ, ਪਰ ਉਨ੍ਹਾਂ ਦਾ ਜਵਾਬ ਕਦੇ ਵੀ ਉਤਸ਼ਾਹਜਨਕ ਨਹੀਂ ਹੁੰਦਾ ਸੀ।

ਜਦੋਂ ਉਹ ਯੂਨੀਵਰਸਿਟੀ ਵਿੱਚ ਸੀ ਤਾਂ ਉਸ ਨੇ ਕੁੜੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਨਾਲ ਜੁੜੇ ਕੰਮਾਂ ਵਿੱਚ ਮਦਦ ਕਰਨ ਦੀ ਪੇਸ਼ਕਸ਼ ਇਸ ਉਮੀਦ ਵਿੱਚ ਕੀਤੀ ਸੀ ਕਿ ਉਹ ਉਸ ਨਾਲ ਜ਼ਿਆਦਾ ਸਮਾਂ ਬਿਤਾਉਣਗੀਆਂ।

ਫਿਰ 30 ਸਾਲਾਂ ਦੀ ਉਮਰ ਵਿੱਚ ਉਹ ਲੜਕੀਆਂ ਨਾਲ ਜੁੜਨ ਦਾ ਤਰੀਕਾ ਜਾਣਨ ਲਈ ਥੈਰੇਪੀ ਲੈਣ ਗਿਆ ਸੀ।

ਪਰ ਉਸ ਦੀ ਹੁਣ ਤੱਕ ਕਿਤੇ ਗੱਲ ਨਹੀਂ ਬਣੀ।

ਉਹ ਕਹਿੰਦੇ ਹਨ, ''ਮੈਂ ਇੱਕ ਅਜਿਹਾ ਆਦਮੀ ਹਾਂ ਜੋ ਇਹ ਨਹੀਂ ਜਾਣਦਾ ਕਿ ਆਪਣੀ 'ਲਵ ਲਾਈਫ' ਨਾਲ ਕਿਵੇਂ ਪੇਸ਼ ਆਉਣਾ ਹੈ।''

ਫੇਲਿਪ ਕਾਪੀਰਾਈਟਰ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਉਮਰ ਦਾ 20ਵਾਂ ਦਹਾਕਾ ਜ਼ਿਆਦਾਤਰ ਬਿਨਾਂ ਕਿਸੇ ਸਥਿਰ ਨੌਕਰੀ ਦੇ ਬਿਤਾਇਆ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਲੜਕੀਆਂ ਨੂੰ ਪ੍ਰਭਾਵਿਤ ਕਰਨ ਦੀਆਂ ਉਨ੍ਹਾਂ ਦੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ।

ਉਹ ਕਹਿੰਦੇ ਹਨ,''ਪਰ ਇਹ ਕੁਝ ਅਜਿਹਾ ਨਹੀਂ ਹੈ ਜੋ ਮੇਰੇ ਨਾਲ ਹੀ ਹੋ ਰਿਹਾ ਹੈ। ਹੋਰ ਬਹੁਤ ਸਾਰੇ ਮੁੰਡੇ ਗੁਆਚਿਆ ਜਿਹਾ ਮਹਿਸੂਸ ਕਰ ਰਹੇ ਹਨ ਅਤੇ ਕੋਈ ਰਿਸ਼ਤਾ ਬਣਾਉਣ ਦੇ ਖਿਆਲ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦਾ ਵਿਕਲਪ ਚੁਣ ਰਹੇ ਹਨ।"

ਆਨਲਾਈਨ ਦੁਨੀਆ ਦਾ ਅਸਰ

ਅਮਰੀਕਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਕਿ 18 ਤੋਂ 24 ਸਾਲ ਦੀ ਉਮਰ ਦੇ ਲੋਕ, ਖ਼ਾਸ ਕਰਕੇ ਮੁੰਡੇ, ਕਿਸੇ ਵੀ ਹੋਰ ਉਮਰ ਸਮੂਹ ਦੇ ਮੁਕਾਬਲੇ ਜ਼ਿਆਦਾ ਸਮਾਂ ਇਕੱਲੇ ਬਿਤਾਉਂਦੇ ਹਨ।

ਇਹ ਤੱਥ ਹੁਣ ਤੋਂ ਦੋ ਦਹਾਕੇ ਪਹਿਲਾਂ ਦੇ ਰੲੱਈਏ ਦੇ ਮੁਕਾਬਲੇ ਬਿਲਕੁਲ ਉਲਟ ਹੈ, ਜਦੋਂ ਇਹ ਉਮਰ ਸਮੂਹ ਘੱਟੋ-ਘੱਟ 30 ਜਾਂ 40 ਦੇ ਦਹਾਕੇ ਦੇ ਲੋਕਾਂ ਜਿੰਨਾ ਹੀ ਸਮਾਜਿਕ ਹੁੰਦਾ ਸੀ ਅਤੇ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨਾਲੋਂ ਕਿਤੇ ਜ਼ਿਆਦਾ।

ਹੁਣ, ਦੂਜਿਆਂ ਨਾਲ ਸਮਾਂ ਬਿਤਾਉਣ ਦੀ ਬਜਾਇ, ਨੌਜਵਾਨ ਆਪਣਾ ਸਮਾਂ ਸੋਸ਼ਲ ਮੀਡੀਆ, ਗੇਮਿੰਗ ਅਤੇ ਟੀਵੀ ਦੇਖਣ ਵਿੱਚ ਬਿਤਾਉਂਦੇ ਹਨ।

ਬ੍ਰਾਜ਼ੀਲ, ਜਿੱਥੋਂ ਦੇ ਫੇਲਿਪ ਹਨ, ਇਹ ਦੇਸ਼ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ੁਮਾਰ ਹੈ ਜਿੱਥੇ ਸੋਸ਼ਲ ਮੀਡੀਆ 'ਤੇ ਸਮਾਂ ਬਿਤਾਉਣ ਦੀ ਦਰ ਬਹੁਤ ਉੱਚੀ ਹੈ।

ਨੌਜਵਾਨ ਆਨਲਾਈਨ ਜ਼ਿਆਦਾ ਸਮਾਂ ਬਿਤਾ ਰਹੇ ਹਨ, ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਉਹ ਉੱਥੇ ਵੀ ਡੇਟਿੰਗ ਕਰ ਰਹੇ ਹੋਣਗੇ। ਹਾਲਾਂਕਿ, ਡੇਟਿੰਗ ਐਪਸ ਦੀ ਵਰਤੋਂ ਘੱਟ ਰਹੀ ਹੈ।

ਡੇਟਿੰਗ ਐਪਸ ਦੀ ਵਰਤੋਂ ਘਟੀ

ਮਾਰਕੀਟ ਇੰਟੈਲੀਜੈਂਸ ਫ਼ਰਮ ਸੈਂਸਰ ਟਾਵਰ ਦੇ ਮੁਤਾਬਕ ਦੁਨੀਆਂ ਦੀਆਂ ਛੇ ਸਭ ਤੋਂ ਵੱਡੀਆਂ ਡੇਟਿੰਗ ਐਪਸ ਦੇ 2024 ਦੇ ਡਾਊਨਲੋਡ ਵਿੱਚ 18 ਫ਼ੀਸਦ ਦੀ ਗਿਰਾਵਟ ਦੇਖੀ ਗਈ ਜੋ ਕਿ ਉਨ੍ਹਾਂ ਦੇ ਇਤਿਹਾਸ ਵਿੱਚ ਪਹਿਲੀ ਗਿਰਾਵਟ ਹੈ।

ਐਰੀਜ਼ੋਨਾ ਸਟੇਟ ਯੂਨੀਵਰਸਿਟੀ ਵਿੱਚ ਰਿਲੇਸ਼ਨਸ਼ਿਪ ਐਂਡ ਟੈਕਨਾਲੋਜੀ ਲੈਬ ਦੀ ਡਾਇਰੈਕਟਰ ਲੀਜ਼ਲ ਸ਼ੈਰਾਬੀ ਦਾ ਕਹਿਣਾ ਹੈ ਕਿ ਉਪਭੋਗਤਾ ਡੇਟਿੰਗ ਐਪਸ ਤੋਂ ਨਿਰਾਸ਼, ਥੱਕੇ ਹੋਏ ਅਤੇ ਪਰੇਸ਼ਾਨ ਹਨ। ਅਜਿਹਾ ਉਨ੍ਹਾਂ ਦੇ ਰਿਸ਼ਤਿਆਂ ਦੀ ਗੁਣਵੱਤਾ ਕਾਰਨ ਨਹੀਂ, ਬਲਕਿ ਉਨ੍ਹਾਂ ਦੇ ਰਿਸ਼ਤਿਆਂ ਦੀ ਗਿਣਤੀ ਕਾਰਨ ਹੈ।

ਉਨ੍ਹਾਂ ਨੇ ਦੇਖਿਆ ਕਿ ਇੱਕ ਸਮੱਸਿਆ ਇਹ ਹੈ ਕਿ ਲੋਕਾਂ ਨੂੰ ਮਿਲਾਇਆ ਕਿਵੇਂ ਜਾਂਦਾ ਹੈ, ਇਸ ਵਿੱਚ ਨਵੇਂਪਣ ਦੀ ਘਾਟ ਹੈ। ਜ਼ਿਆਦਾਤਰ ਐਪਸ ਵਿੱਚ ਕੁੜੀਆਂ ਦੀ ਤੁਲਨਾ ਵਿੱਚ ਮੁੰਡਿਆਂ ਦੀ ਸਬਸਕਰੀਪਸ਼ਨ ਜ਼ਿਆਦਾ ਹੈ।

ਡਾਕਟਰ ਸ਼ੈਰਾਬੀ ਕਹਿੰਦੇ ਹਨ, 'ਕੁੜੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਇਹ ਖਾਸ ਤੌਰ 'ਤੇ ਨਿਰਾਸ਼ਜਨਕ ਹੋ ਸਕਦਾ ਹੈ। ਜਦਕਿ ਕੁੜੀਆਂ ਉਨ੍ਹਾਂ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਨਿਰਾਸ਼ ਮਹਿਸੂਸ ਕਰਦੀਆਂ ਹਨ।"

ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਐਪਸ ਨੇ ਡੇਟਿੰਗ ਵਿੱਚ ਜਵਾਬਦੇਹੀ ਦੀ ਘਾਟ ਲਿਆ ਦਿੱਤੀ ਹੈ, ਜਿਸ ਨਾਲ ਅਸੱਭਿਅਕ ਜਾਂ ਲਾਪ੍ਰਵਾਹੀ ਭਰਿਆ ਵਿਵਹਾਰ ਹੋ ਸਕਦਾ ਹੈ।

ਉਹ ਕਹਿੰਦੇ ਹਨ, ''ਵਾਰ-ਵਾਰ ਸਵਾਈਪ ਕਰਨ 'ਤੇ ਅਜਿਹਾ ਲੱਗ ਸਕਦਾ ਹੈ ਕਿ ਤੁਸੀਂ ਇਨਸਾਨਾਂ ਨਾਲ ਨਹੀਂ, ਬਲਕਿ ਉਤਪਾਦਾਂ ਨਾਲ ਨਜਿੱਠ ਰਹੇ ਹੋ।''

ਕੁੜੀਆਂ ਦਾ ਨਜ਼ਰੀਆ

ਨਾਈਜੀਰੀਆ ਦੇ ਅਬੂਜਾ ਦੀ ਹਸਾਨਾ ਕਦੇ ਵੀ ਡੇਟਿੰਗ ਐਪਸ ਦੇ ਜਾਲ ਵਿੱਚ ਨਹੀਂ ਫਸੀ।

ਉਹ ਕਹਿੰਦੇ ਹਨ, ''ਮੈਨੂੰ ਅਜਿਹਾ ਲੱਗਿਆ ਜਿਵੇਂ ਮੈਂ ਆਪਣੇ ਆਪ ਨੂੰ ਨਿਲਾਮ ਕਰ ਰਹੀ ਹਾਂ।''

ਪਰ ਉਨ੍ਹਾਂ ਨੂੰ ਆਫ਼ਲਾਈਨ ਡੇਟਿੰਗ ਕਰਨਾ ਵੀ ਮੁਸ਼ਕਲ ਲੱਗਦਾ ਹੈ ਕਿਉਂਕਿ ਉਸ ਵਰਗੀਆਂ ਕਦਰਾਂ- ਕੀਮਤਾਂ ਨੂੰ ਸਾਂਝਾ ਕਰਨ ਵਾਲੇ ਮੁੰਡਿਆਂ ਦੀ ਗਿਣਤੀ ਬਹੁਤ ਘੱਟ ਹੈ।

ਉਨ੍ਹਾਂ ਦਾ ਕਹਿਣਾ ਹੈ, ''ਮੈਂ ਨਾਰੀਵਾਦੀ ਹਾਂ ਅਤੇ ਇਹ ਮੇਰੇ ਸੂਝਵਾਨ ਹੋਣ ਕਰਕੇ ਹੈ, ਕੁਝ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਪ੍ਰਤੀ ਮੈਂ ਹੁਣ ਹੋਰ ਅੱਖਾਂ ਬੰਦ ਨਹੀਂ ਕਰ ਸਕਦੀ।''

ਉਹ 26 ਸਾਲਾਂ ਦੀ ਹੈ ਅਤੇ ਪੇਸ਼ੇ ਤੋਂ ਵਕੀਲ ਹੈ, ਪਰ ਉਹ ਇੱਕ ਸਫਲ ਲਾਂਡਰੀ ਦਾ ਕਾਰੋਬਾਰ ਚਲਾਉਂਦੀ ਹੈ ਅਤੇ ਨਾਲ ਹੀ ਇੱਕ ਗੈਰ-ਸਰਕਾਰੀ ਸੰਸਥਾ (ਐੱਨਜੀਓ) ਵੀ ਚਲਾਉਂਦੀ ਹੈ ਜੋ ਘਰੇਲੂ ਹਿੰਸਾ ਦੇ ਪੀੜਤਾਂ ਦੀ ਸਹਾਇਤਾ ਕਰਦੀ ਹੈ।

ਉਸ ਦਾ ਮੰਨਣਾ ਹੈ ਕਿ ਇੰਟਰਨੈੱਟ ਦੀ ਵਿਆਪਕ ਪਹੁੰਚ ਨੇ ਨਾਈਜੀਰੀਆ ਵਿੱਚ ਔਰਤਾਂ ਨੂੰ ਘਰੇਲੂ ਹਿੰਸਾ ਰਿਪੋਰਟ ਕਰਨ ਦੀ ਆਜ਼ਾਦੀ ਦਿੱਤੀ ਹੈ, ਜੋ ਉਹ ਪਹਿਲਾਂ ਕਦੇ ਨਹੀਂ ਕਰ ਸਕਦੀਆਂ ਸਨ। ਇਸ ਦਾ ਅਰਥ ਹੈ ਕਿ ਉਨ੍ਹਾਂ ਦੀ ਪੀੜ੍ਹੀ ਮਾੜੇ ਰਿਸ਼ਤੇ ਦੇ ਖ਼ਤਰਿਆਂ ਬਾਰੇ ਵਧੇਰੇ ਜਾਗਰੂਕ ਹੈ।

ਅਮਰੀਕਾ, ਚੀਨ, ਦੱਖਣੀ ਕੋਰੀਆ ਅਤੇ ਯੂਰਪ ਦੇ ਕੁਝ ਭਾਗਾਂ ਤੋਂ ਪ੍ਰਾਪਤ ਸਰਵੇਖਣ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਔਰਤਾਂ ਜੋ ਖਾਸ ਤੌਰ 'ਤੇ ਮਹਿਲਾ ਅਧਿਕਾਰਾਂ ਦੇ ਮਾਮਲੇ ਵਿੱਚ ਜ਼ਿਆਦਾ ਪ੍ਰਗਤੀਸ਼ੀਲ ਹੁੰਦੀਆਂ ਜਾ ਰਹੀਆਂ ਹਨ ਅਤੇ ਨੌਜਵਾਨ ਮਰਦ ਜੋ ਘੱਟ ਪ੍ਰਗਤੀਸ਼ੀਲ ਹਨ, ਉਨ੍ਹਾਂ ਵਿਚਕਾਰ ਪਾੜਾ ਵਧਦਾ ਜਾ ਰਿਹਾ ਹੈ।

ਸਮਾਜ ਸ਼ਾਸਤਰੀ ਡਾਕਟਰ ਐਲਿਸ ਇਵਾਂਸ ਇਸ ਨੂੰ ਬਹੁਤ ਵੱਡੀ ਲਿੰਗ ਭਿੰਨਤਾ ਕਹਿੰਦੇ ਹਨ ਅਤੇ ਇਸ ਵਿਸ਼ੇ 'ਤੇ ਇੱਕ ਕਿਤਾਬ ਲਿਖ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਆਨਲਾਈਨ ਸੁਵਿਧਾ ਦੀ ਵਰਤੋਂ ਕਰਦੇ ਹਾਂ, ਉਹ ਅਜਿਹਾ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ।

ਉਹ ਕਹਿੰਦੇ ਹਨ, ''ਔਰਤਾਂ ਅਜਿਹੇ ਪ੍ਰੋਗਰਾਮ ਦੇਖ ਸਕਦੀਆਂ ਹਨ ਜੋ ਉਨ੍ਹਾਂ ਦੀਆਂ ਵਧਦੀਆਂ ਨਾਰੀਵਾਦੀ ਰੁਚੀਆਂ ਨੂੰ ਪੂਰਾ ਕਰਦੇ ਹਨ, ਜਦੋਂਕਿ ਪੁਰਸ਼ ਸ਼ਾਇਦ ਉਸੇ ਦਰ ਨਾਲ ਪ੍ਰਗਤੀ ਨਹੀਂ ਕਰ ਰਹੇ ਹਨ।''

ਹਸਾਨਾ ਨੇ ਅਕਸਰ ਦੇਖਿਆ ਹੈ ਕਿ ਉਸ ਦੀ ਜਿਸ ਪੁਰਸ਼ ਵਿੱਚ ਉਸ ਦੀ ਦਿਲਚਸਪੀ ਹੈ, ਉਹ ਔਰਤਾਂ ਵਿਰੋਧੀ ਵਿਚਾਰਾਂ ਵਾਲੇ ਸੋਸ਼ਲ ਮੀਡੀਆ ਅਕਾਊਂਟ ਨੂੰ ਫਾਲੋ ਕਰਦਾ ਹੈ ਜਾਂ ਔਰਤ-ਵਿਰੋਧੀ ਟਿੱਪਣੀਆਂ ਨਾਲ ਸਹਿਮਤੀ ਪ੍ਰਗਟਾਉਂਦਾ ਹੈ।

ਉਹ ਕਹਿੰਦੇ ਹਨ, ''ਇਹ ਥੋੜ੍ਹਾ ਡਰਾਉਣਾ ਹੈ।''

ਈਰਾਨ ਵਿੱਚ 40 ਸਾਲਾ ਨਜ਼ੀ ਨੂੰ ਵੀ ਇਹੀ ਸਮੱਸਿਆ ਹੈ। ਉਹ ਪਿਛਲੇ 10 ਸਾਲਾਂ ਤੋਂ ਇਕੱਲੀ ਹੈ ਅਤੇ ਪਿਆਰ ਦੀ ਤਲਾਸ਼ ਵਿੱਚ ਹੈ।

ਉਹ ਕਹਿੰਦੀ ਹੈ, ''ਮੈਂ ਥੋੜ੍ਹੀ ਨਾਰੀਵਾਦੀ ਹਾਂ। ਮੈਂ ਕੰਮ ਕਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਸਾਥੀ ਜਿੰਨਾ ਪੈਸਾ ਕਮਾਉਣਾ ਚਾਹੁੰਦੀ ਹਾਂ। ਪਰ ਫਿਰ ਉਹ ਸੋਚਦੇ ਹਨ 'ਅੱਛਾ, ਉਹ ਮੇਰੇ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ।''

ਪਰ ਬਹੁਤ ਸਾਰੀਆਂ ਲੜਕੀਆਂ ਦੀਆਂ ਆਪਣੇ ਸਾਥੀ ਤੋਂ ਉਮੀਦਾਂ ਅਜੇ ਵੀ ਰਵਾਇਤੀ ਰੂੜੀਵਾਦੀ ਭੂਮਿਕਾਵਾਂ 'ਤੇ ਆਧਾਰਿਤ ਹਨ।

ਨਜ਼ੀ ਅਤੇ ਹਸਾਨਾ ਅਜਿਹੇ ਕਿਸੇ ਵਿਅਕਤੀ ਨੂੰ ਜੀਵਨ ਸਾਥੀ ਬਣਾਉਣ ਤੋਂ ਝਿਜਕਦੀਆਂ ਹਨ ਜੋ ਆਰਥਿਕ ਤੌਰ 'ਤੇ ਓਨਾ ਸੁਰੱਖਿਅਤ ਨਹੀਂ ਹੈ, ਜਿਨ੍ਹਾਂ ਉਹ ਖੁਦ ਹਨ।

ਇਹ ਦੋਵੇਂ ਲੜਕੀਆਂ ਪੋਸਟ ਗ੍ਰੈਜੂਏਟ ਹਨ ਅਤੇ ਇਨ੍ਹਾਂ ਦੇ ਕਰੀਅਰ ਚੰਗੇ ਹਨ। ਅਜਿਹੇ ਉਪਲੱਬਧ ਮੁੰਡਿਆਂ ਦੀ ਗਿਣਤੀ ਘਟ ਰਹੀ ਹੈ ਜਿਨ੍ਹਾਂ ਨੂੰ ਉਹ ਆਪਣੇ ਬਰਾਬਰ ਸਮਝ ਸਕਦੀਆਂ ਹਨ।

ਜ਼ਿਆਦਾਤਰ ਦੇਸ਼ਾਂ ਵਿੱਚ ਹੁਣ ਗ੍ਰੈਜੂਏਟ ਲੜਕੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਵੱਧ ਹੈ ਅਤੇ ਲੜਕੀਆਂ ਸਕੂਲਾਂ ਵਿੱਚ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ।

ਸਮਾਜਿਕ ਵਰਤਾਰੇ ਲਈ ਚਿੰਤਾ ਦਾ ਵਿਸ਼ਾ

ਡਾਕਟਰ ਇਵਾਂਸ ਦਾ ਕਹਿਣਾ ਹੈ ਕਿ ਇਕੱਲੇ ਰਹਿਣ ਨੂੰ ਕਲੰਕ ਮੰਨਣ ਦੇ ਵਰਤਾਰੇ ਦੇ ਘਟਣ ਕਾਰਨ ਡੇਟਿੰਗ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣਾ ਸੌਕਾ ਹੁੰਦਾ ਜਾ ਰਿਹਾ ਹੈ।

ਉਹ ਕਹਿੰਦੇ ਹਨ, ''ਉੱਚ ਗੁਣਵੱਤਾ ਵਾਲੇ ਨਿੱਜੀ ਮਨੋਰੰਜਨ ਦੇ ਵਧਣ ਦਾ ਮਤਲਬ ਹੈ ਕਿ ਜੇਕਰ ਡੇਟ ਬੋਰਿੰਗ ਹੈ, ਤਾਂ ਤੁਸੀਂ ਘਰ ਹੀ ਰਹਿ ਸਕਦੇ ਹੋ ਅਤੇ ਟੈਲੀਵਿਜ਼ਨ ਸੀਰੀਜ਼ 'ਬ੍ਰਿਜਟਰਨ' ਦੇਖ ਸਕਦੇ ਹੋ ਜਾਂ ਵੀਡੀਓ ਗੇਮ ਖੇਡ ਸਕਦੇ ਹੋ।''

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਚੰਗੀ ਗੱਲ ਹੈ ਕਿ ਲੋਕਾਂ 'ਤੇ ਖਰਾਬ ਜੋੜੀ ਬਣਾਉਣ ਦਾ ਦਬਾਅ ਘੱਟ ਹੋਵੇ।

ਪਰ ਉਹ ਨੌਜਵਾਨਾਂ ਵਿੱਚ ਸੰਪਰਕ ਦੀ ਘਾਟ ਨੂੰ ਲੈ ਕੇ ਚਿੰਤਤ ਹੈ।

ਉਹ ਕਹਿੰਦੇ ਹਨ, ''ਜੇਕਰ ਲੜਕੇ ਅਤੇ ਲੜਕੀਆਂ ਇਕੱਠੇ ਸਮਾਂ ਬਿਤਾ ਕੇ ਆਪਣੇ ਗੂੜ੍ਹੇ ਵਿਚਾਰ ਸਾਂਝੇ ਨਹੀਂ ਕਰਦੇ, ਦੁਨੀਆਂ ਬਾਰੇ ਆਪਣੇ ਵੱਖੋ-ਵੱਖਰੇ ਦ੍ਰਿਸ਼ਟੀਕੋਣ ਸਾਂਝੇ ਨਹੀਂ ਕਰਦੇ, ਤਾਂ ਆਪਸੀ ਸਮਝ ਵਿਕਸਤ ਕਰਨਾ ਔਖਾ ਹੋ ਜਾਂਦਾ ਹੈ।''

ਡੇਟਿੰਗ ਐਪਸ ਦਾ ਅਧਿਐਨ ਕਰਨ ਵਾਲੀ ਡਾ. ਸ਼ੈਰਾਬੀ ਇਸ ਗੱਲ ਨਾਲ ਸਹਿਮਤ ਹੈ ਕਿ ਤਕਨਾਲੋਜੀ ਨੇ ਅਸਲ ਦੁਨੀਆਂ ਵਿੱਚ ਅਜਿਹੇ ਰੂਹ ਦੇ ਰਿਸ਼ਤਿਆਂ ਦੀਆਂ ਕੁਝ ਸੰਭਾਵਨਾ ਨੂੰ ਖਤਮ ਕਰ ਦਿੱਤਾ ਹੈ।

ਉਹ ਕਹਿੰਦੀ ਹੈ, ''ਕੁਝ ਨੌਜਵਾਨ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਾਰ ਵਿੱਚ ਕੋਈ ਪਿਆਰਾ ਲੜਕਾ/ਲੜਕੀ ਦਿਖ ਸਕਦੇ ਹਨ, ਪਰ ਉਸ ਨਾਲ ਉਹ ਗੱਲ ਨਹੀਂ ਕਰਦੇ, ਬਲਕਿ ਡੇਟਿੰਗ ਐਪ 'ਤੇ ਜਾ ਕੇ ਦੇਖਦੇ ਹਨ ਕਿ ਕੀ ਉਹ ਉੱਥੇ ਹੈ।''

''ਮੈਨੂੰ ਲੱਗਦਾ ਹੈ ਕਿ ਆਮ ਤੌਰ 'ਤੇ ਅਸੀਂ ਆਪਸੀ ਸੰਪਰਕ ਕਰਨ ਤੋਂ ਇਸ ਤਰ੍ਹਾਂ ਨਾਲ ਬਚਦੇ ਹਾਂ ਜਿਸ ਤਰ੍ਹਾਂ ਪਹਿਲਾਂ ਨਹੀਂ ਕਰਦੇ ਸੀ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)