ਭਾਰਤ-ਚੀਨ ਫੌਜੀ ਝੜਪ : ਭਾਰਤ ਦੇ ਰੱਖਿਆ ਮੰਤਰੀ ਦੇ ਬਿਆਨ ਤੋਂ ਬਾਅਦ ਚੀਨ ਨੇ ਕੀ ਕਿਹਾ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਨਾਚਲ ਪ੍ਰਦੇਸ਼ ਦੇ ਤਵਾਂਗ ਵਿਚ ਚੀਨ ਭਾਰਤੀ ਫੌਜੀਆਂ ਦੀਆਂ ਝੜਪਾਂ ਉੱਤੇ ਸੰਸਦ ਵਿੱਚ ਸਰਕਾਰ ਦਾ ਅਧਿਕਾਰਤ ਪੱਖ਼ ਰੱਖਿਆ ਹੈ।

ਰਾਜਨਾਥ ਸਿੰਘ ਨੇ ਕਿਹਾ, 9 ਦਸੰਬਰ 2022 ਨੂੰ ਚੀਨੀ ਫੌਜੀਆਂ ਨੇ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਉੱਤੇ ਕਬਜ਼ਾ ਕਰਕੇ ਯਥਾਸਥਿਤੀ ਨੂੰ ਬਦਲਣ ਦੀ ਇਕਤਰਫ਼ਾ ਕੋਸ਼ਿਸ਼ ਕੀਤੀ।

ਸਾਡੀ ਫੌਜ ਨੇ ਦ੍ਰਿੜਤਾ ਨਾਲ ਚੀਨ ਦੀ ਇਸ ਕੋਸ਼ਿਸ਼ ਦਾ ਸਾਹਮਣਾ ਕੀਤਾ। ਇਸ ਦੌਰਾਨ ਹੱਥੋਪਾਈ ਹੋ ਗਈ। ਭਾਰਤੀ ਫੌਜ ਨੇ ਬਹਾਦਰੀ ਨਾਲ ਚੀਨੀ ਫੌਜੀਆਂ ਨੂੰ ਸਾਡੇ ਖੇਤਰ 'ਤੇ ਘੇਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਆਪਣੀਆਂ ਚੌਕੀਆਂ 'ਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ।

ਇਸ ਝੜਪ ਵਿੱਚ ਦੋਵਾਂ ਪਾਸਿਆਂ ਦੇ ਕੁਝ ਜਵਾਨ ਜ਼ਖ਼ਮੀ ਹੋ ਗਏ।

ਰੱਖਿਆ ਮੰਤਰੀ ਨੇ ਕਿਹਾ, “ਮੈਂ ਇਸ ਸਦਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕਿਸੇ ਵੀ ਸੈਨਿਕ ਦੀ ਮੌਤ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਗੰਭੀਰ ਜ਼ਖਮੀ ਹੋਇਆ ਹੈ।”

“ਚੀਨੀ ਪੱਖ ਨੇ ਅਜਿਹੀ ਕਾਰਵਾਈ ਤੋਂ ਇਨਕਾਰ ਕੀਤਾ ਅਤੇ ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਇਹ ਮੁੱਦਾ ਚੀਨੀ ਪੱਖ ਨਾਲ ਕੂਟਨੀਤਕ ਪੱਧਰ 'ਤੇ ਵੀ ਉਠਾਇਆ ਗਿਆ ਹੈ।”

ਭਾਰਤੀ ਫੌਜ ਦੇ ਕਮਾਂਡਰਾਂ ਦੀ ਸਮੇਂ ਸਿਰ ਦਖਲਅੰਦਾਜ਼ੀ ਕਾਰਨ ਚੀਨੀ ਫੌਜੀ ਵਾਪਸ ਆਪਣੇ ਖੇਤਰ ਵਿੱਚ ਚਲੇ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਥਾਨਕ ਕਮਾਂਡਰ ਨੇ 11 ਦਸੰਬਰ 2022 ਨੂੰ ਸਥਾਪਿਤ ਵਿਵਸਥਾ ਤਹਿਤ ਆਪਣੇ ਚੀਨੀ ਹਮਰੁਤਬਾ ਨਾਲ ਫਲੈਗ ਮੀਟਿੰਗ ਕੀਤੀ ਅਤੇ ਘਟਨਾ ਬਾਰੇ ਚਰਚਾ ਕੀਤੀ।

ਰਾਜਨਾਥ ਸਿੰਘ ਨੇ ਕਿਹਾ, “ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਫੌਜਾਂ ਸਾਡੀ ਪ੍ਰਭੂਸੱਤਾ ਦੀ ਅਖੰਡਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸ ਵਿਰੁੱਧ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਹਮੇਸ਼ਾ ਤਿਆਰ ਹਨ। ਮੈਨੂੰ ਯਕੀਨ ਹੈ ਕਿ ਇਹ ਸਦਨ ਸਰਬਸੰਮਤੀ ਨਾਲ ਸਾਡੀਆਂ ਫੌਜਾਂ ਦੀ ਬਹਾਦਰੀ ਅਤੇ ਸਾਹਸ ਦਾ ਸਮਰਥਨ ਕਰੇਗਾ।’’ ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਵਿਰੋਧੀ ਧਿਰ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਸਵਾਲ ਪੁੱਛ ਰਹੀ ਹੈ ਕਿ ਇਹ ਘਟਨਾ 9 ਦਸੰਬਰ ਨੂੰ ਵਾਪਰੀ ਸੀ ਤਾਂ ਫਿਰ ਸਰਕਾਰ ਤਿੰਨ ਦਿਨ ਚੁੱਪ ਕਿਉਂ ਰਹੀ।

ਭਾਰਤ ਤੋਂ ਬਾਅਦ ਹੁਣ ਚੀਨ ਨੇ ਝੜਪ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।

ਨਿਊਜ਼ ਏਜੰਸੀ ਏਐਫਪੀ ਮੁਤਾਬਕ ਚੀਨ ਨੇ ਕਿਹਾ ਹੈ ਕਿ ਭਾਰਤ ਨਾਲ ਲੱਗਦੀ ਸਰਹੱਦ 'ਤੇ ਸਥਿਤੀ ਸਥਿਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਭਾਰਤ ਨਾਲ ਫੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।

ਸੰਸਦ ਵਿਚ ਵਿਰੋਧੀ ਧਿਰ ਹਮਲਾਵਰ

ਭਾਰਤੀ ਸੰਸਦ ਵਿਚ ਵਿਰੋਧੀ ਧਿਰਾਂ ਨੇ ਫੌਜੀ ਝੜਪ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਅਤੇ ਕਈ ਦਿਨਾਂ ਤੱਕ ਮਸਲੇ ਨੂੰ ਲੁਕਾਉਣ ਦਾ ਇਲਜ਼ਾਮ ਲਾਇਆ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਉਹ ਸਪੀਕਰ ਤੋਂ ਮਸਲੇ ਉੱਤੇ ਸਦਨ ਵਿਚ ਬਹਿਸ ਕਰਵਾਉਣ ਦੀ ਮੰਗ ਕਰ ਰਹੇ ਸਨ।

ਕੁਝ ਦੇਰ ਬਾਅਦ ਰੱਖਿਆ ਮੰਤਰੀ ਸਦਨ ਵਿਚ ਆਏ ਅਤੇ ਆਪਣਾ ਬਿਆਨ ਦੇ ਚਲੇ ਗਏ। ਜਿਸ ਕਾਰਨ ਵਿਰੋਧੀ ਧਿਰ ਦੇ ਮੈਂਬਰ ਹੋਰ ਨਰਾਜ਼ ਹੋ ਗਏ।

ਸਦਨ ਤੋਂ ਬਾਹਰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਇਲਜ਼ਾਮ ਲਾਇਆ ਕਿ ਰੱਖਿਆ ਮੰਤਰੀ ਸਦਨ ਵਿਚ ਆਪਣਾ ਬਿਆਨ ਦਿੱਤਾ ਅਤੇ ਚਲੇ ਗਏ, ਉਨ੍ਹਾਂ ਕੋਈ ਸਪੱਸ਼ਟੀਕਰਨ ਦਾ ਚਰਚਾ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਚਰਚਾ ਨਾਲ ਹੀ ਸਭ ਕੁਝ ਚੱਲਦਾ ਹੈ, ਪਰ ਸਰਕਾਰ ਚਰਚਾ ਨਹੀਂ ਕਰ ਰਹੀ।

ਕਾਂਗਰਸ ਆਗੂ ਸਸ਼ੀ ਥਰੂਰ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਫੌਜ ਦੀ ਕਾਰਵਾਈ ਦਾ ਸਮਰਥਨ ਕਰਦੀ ਹੈ, ਅਤੇ ਅਜਿਹੇ ਸਮੇਂ ਵਿਚ ਦੇਸ ਨੂੰ ਇਕਜੁਟ ਨਜ਼ਰ ਆਉਣ ਚਾਹੀਦਾ ਹੈ। ਪਰ ਸਿਆਸੀ ਲੀਡਰਸ਼ਿਪ ਦਾ ਰਵੱਈਆ ਠੀਕ ਨਹੀਂ ਹੈ।

ਉਨ੍ਹਾਂ ਕਿਹਾ ਚੀਨ ਨਾਲ ਨਿਪਟਣ ਲਈ ਹੋਰ ਚੌਕਸ ਰਹਿਣ ਦੀ ਲੋੜ ਹੈ।

ਇਸ ਦੌਰਾਨ ਅਸਦਉਦੀਨ ਓਵੈਸੀ ਨੇ ਕਿਹਾ ਕਿ ਸਰਕਾਰ ਨੇ ਕਈ ਦਿਨ ਮਾਮਲੇ ਨੂੰ ਲਕੋਈ ਰੱਖਿਆ।

ਭਾਰਤੀ ਫ਼ੌਜ ਨੇ ਦਿੱਤੀ ਝੜਪ ਦੀ ਜਾਣਕਾਰੀ

ਭਾਰਤੀ ਫੌਜ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ 9 ਦਸੰਬਰ ਝੱੜਪ ਹੋਈ ਸੀੈ।

ਅਸਮ ਦੇ ਤੇਜ਼ਪੁਰ ਸਥਿਤ ਡਿਫੈਂਸ ਪੀਆਰਓ ਨੇ ਬੀਬੀਸੀ ਨੂੰ ਦੱਸਿਆ ਕਿ 9 ਦਸੰਬਰ ਨੂੰ ਪੀਐਲਏ ਦੇ ਫੌਜੀ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਵੜੇ।

ਜਿਸ ਤੋਂ ਬਾਅਦ ਭਾਰਤ ਨੇ ਜਵਾਬੀ ਕਾਰਵਾਈ ਕੀਤੀ।ਇਸ ਝੜਪ ਵਿੱਚ ਦੋਵਾਂ ਪਾਸਿਆਂ ਦੇ ਫੌਜੀਆਂ ਨੂੰ ਕੁਝ ਸੱਟਾਂ ਲੱਗੀਆਂ ਹਨ।

ਭਾਰਤੀ ਫੌਜ ਮੁਤਾਬਕ ਦੋਵਾਂ ਮੁਲਕਾਂ ਦੇ ਫੌਜੀ ਤੁਰੰਤ ਘਟਨਾ ਵਾਲੀ ਥਾਂ ਤੋਂ ਪਿੱਛੇ ਹਟ ਗਏ ਹਨ।

ਦਿ ਹਿੰਦੂ ਅਖ਼ਬਾਰ ਨੇ ਭਾਰਤੀ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਅਰੁਣਾਚਲ ਦੇ ਤਵਾਂਗ ਵਿੱਚ ਹੋਈ ਝੜਪ ਵਿੱਚ ਭਾਰਤੀ ਫੌਜ ਦੇ ਮੁਕਾਬਲੇ ਚੀਨੀ ਫੌਜੀ ਵਧੇਰੇ ਗਿਣਤੀ ਵਿੱਚ ਜ਼ਖਮੀ ਹੋਏ ਹਨ।

15 ਜੂਨ 2020 ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ। ਉਸ ਸਮੇਂ 20 ਭਾਰਤੀ ਜਵਾਨ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ।

ਦਿ ਟ੍ਰਿਬਿਊਨ ਅਖ਼ਬਾਰ ਨੇ ਲਿਖਿਆ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਭਾਰਤੀ ਅਤੇ ਚੀਨੀ ਫੌਜੀ ਆਹਮੋ-ਸਾਹਮਣੇ ਹੁੰਦੇ ਰਹੇ ਹਨ।

ਹਾਲਾਂਕਿ ਭਾਰਤ ਸਰਕਾਰ ਦੀ ਇਸ ਮਾਮਲੇ ਵਿੱਚ ਕੋਈ ਅਧਿਕਾਰਿਤ ਟਿੱਪਣੀ ਨਹੀਂ ਆਈ ਹੈ।ਚੀਨ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ।

ਫੌਜ ਦਾ ਕੀ ਕਹਿਣਾ ਹੈ?

ਭਾਰਤੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਵਿੱਚ ਤਵਾਂਗ ਸੈਕਟਰ ਵਿੱਚ ਐਲਏਸੀ ਦੇ ਨਾਲ-ਨਾਲ ਕੁਝ ਖੇਤਰਾਂ ਵਿੱਚ ਵੱਖੋ-ਵੱਖਰੀਆਂ ਧਾਰਨਾਵਾਂ ਦੇ ਖੇਤਰ ਹਨ।

ਇੱਥੇ ਦੋਵੇਂ ਧਿਰਾਂ ਆਪਣੇ ਦਾਅਵੇ ਦੀਆਂ ਲਾਈਨਾਂ ਤੱਕ ਖੇਤਰ ਵਿੱਚ ਗਸ਼ਤ ਕਰਦੀਆਂ ਹਨ।

ਸਾਲ 2006 ਤੋਂ ਇਹ ਰੁਝਾਨ ਰਿਹਾ ਹੈ।

“9 ਦਸੰਬਰ 2022 ਨੂੰ ਪੀਐਲਏ ਦੀਆਂ ਟੁੱਕੜੀਆਂ ਤਵਾਂਗ ਸੈਕਟਰ ਵਿੱਚ ਐਲਏਸੀ ਦੇ ਸੰਪਰਕ ਵਿੱਚ ਆਈਆਂ। ਜਿਸਦਾ ਆਪਣੇ ਫੌਜੀਆਂ ਵੱਲੋਂ ਦ੍ਰਿੜਤਾ ਨਾਲ ਮੁਕਾਬਲਾ ਕੀਤਾ ਗਿਆ। ਆਹਮੋ-ਸਾਹਮਣੇ ਹੋਣ ਕਾਰਨ ਦੋਵਾਂ ਪਾਸਿਆਂ ਦੇ ਕੁਝ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।”

“ਦੋਵੇਂ ਮੁਲਕਾਂ ਦੇ ਫੌਜੀਆਂ ਨੂੰ ਤੁਰੰਤ ਇੱਕ-ਦੂਜੇ ਤੋਂ ਵੱਖ ਕੀਤਾ ਗਿਆ। ਘਟਨਾ ਦੀ ਪੈਰਵੀ ਲਈ ਕਮਾਂਡਰ ਨੇ ਸ਼ਾਂਤੀ ਅਤੇ ਸ਼ਾਂਤੀ ਬਹਾਲ ਲਈ ਚਰਚਾ ਕਰਨ ਲਈ ਆਪਣੇ ਹਮਰੁਤਬਾ ਨਾਲ ਫਲੈਗ ਮੀਟਿੰਗ ਕੀਤੀ।”

ਭਾਰਤ ਚੀਨ ਤਣਾਅ ਦਾ ਕਾਰਨ ਕੀ ਹੈ

ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਕਾਰਨ 3440 ਕਿਲੋਮੀਟਰ ਲੰਬੀ ਸਰਹੱਦ ਹੈ। ਇਸ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਆਪੋ-ਆਪਣੇ ਦਾਅਵੇ ਹਨ।

ਇਸ ਇਲਾਕੇ ਦੀ ਸਥਿਤੀ ਅਜਿਹੀ ਹੈ ਕਿ ਦਰਿਆਵਾਂ, ਝੀਲਾਂ ਅਤੇ ਬਰਫ ਨਾਲ ਘਿਰੇ ਪਹਾੜਾਂ ਕਾਰਨ ਅਸਲ ਕੰਟਰੋਲ ਰੇਖਾ (ਐੱਲਏਸੀ) ਨੂੰ ਲੈ ਕੇ ਕਈ ਵਾਰ ਝਗੜਾ ਹੁੰਦਾ ਹੈ ਅਤੇ ਕਈ ਵਾਰ ਦੋਵੇਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਹੋ ਜਾਂਦੇ ਹਨ।

ਦੋਵੇਂ ਦੇਸ਼ ਸਰਹੱਦੀ ਇਲਾਕਿਆਂ ਵਿੱਚ ਬੁਨਿਆਦੀ ਢਾਂਚਾ ਵੀ ਵਿਕਸਿਤ ਕਰ ਰਹੇ ਹਨ।

ਭਾਰਤ ਉਚਾਈ ’ਤੇ ਸਥਿਤ ਹਵਾਈ ਅੱਡੇ ਤੱਕ ਸੜਕ ਵੀ ਬਣਾ ਰਿਹਾ ਹੈ, ਜਿਸ ਲਈ ਚੀਨ ਕਈ ਵਾਰ ਇਤਰਾਜ਼ ਕਰ ਚੁੱਕਿਆ ਹੈ।

ਜੂਨ 2020 ਵਿੱਚ, ਗਲਵਾਨ ਵਿੱਚ ਭਾਰਤ ਅਤੇ ਚੀਨ ਦਰਮਿਆਨ ਹੋਏ ਸੰਘਰਸ਼ ਵਿੱਚ ਭਾਰਤ ਦੇ 20 ਸੈਨਿਕ ਮਾਰੇ ਗਏ ਸਨ।

ਕਈ ਮਹੀਨਿਆਂ ਬਾਅਦ, ਚੀਨ ਨੇ ਇਸ ਸੰਘਰਸ਼ ਵਿੱਚ ਆਪਣੇ ਚਾਰ ਸੈਨਿਕਾਂ ਦੀ ਮੌਤ ਨੂੰ ਸਵੀਕਾਰ ਕੀਤਾ ਸੀ।

ਗਲਵਾਨ ਤੋਂ ਬਾਅਦ ਅਤੇ ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਪੱਧਰ ’ਤੇ ਕਈ ਵਾਰ ਗੱਲਬਾਤ ਹੋਈ ਅਤੇ ਹੁਣ ਵੀ ਹੋ ਰਹੀ ਹੈ, ਪਰ ਤਣਾਅ ਬਰਕਰਾਰ ਹੈ।

ਸਭ ਤੋਂ ਤਾਜ਼ਾ ਵਿਵਾਦ 9 ਦਸੰਬਰ, 2022 ਦਾ ਹੀ ਹੈ, ਜਦੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ।

ਭਾਰਤੀ ਫੌਜ ਦਾ ਕਹਿਣਾ ਹੈ ਕਿ ਇਸ ਝੜਪ 'ਚ ਦੋਵਾਂ ਦੇਸ਼ਾਂ ਦੇ ਕੁਝ ਫੌਜੀ ਜ਼ਖਮੀ ਹੋਏ ਹਨ।

ਅਜੇ ਤੱਕ ਚੀਨ ਵੱਲੋਂ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।

ਸਾਲ 2020 ਖਾਸ ਤੌਰ 'ਤੇ ਦੋਵਾਂ ਦੇਸ਼ਾਂ ਦਰਮਿਆਨ ਸੰਘਰਸ਼ ਕਾਫ਼ੀ ਹਿੰਸਕ ਰਿਹਾ। 1975 ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਅਜਿਹਾ ਟਕਰਾਅ ਹੋਇਆ ਸੀ, ਜਿਸ 'ਚ ਕਈ ਫੌਜੀ ਮਾਰੇ ਗਏ ਸਨ।

ਭਾਵੇਂ ਇਸ ਸੰਘਰਸ਼ ਦੌਰਾਨ ਡੰਡਿਆਂ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਦਿਆਂ ਝੜਪ ਹੋਈ, ਪਰ ਬੰਦੂਕਾਂ ਦੀ ਵਰਤੋਂ ਨਹੀਂ ਕੀਤੀ ਗਈ।

1996 'ਚ ਦੋਵਾਂ ਦੇਸ਼ਾਂ ਦਰਮਿਆ ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਸਰਹੱਦ 'ਤੇ ਬੰਦੂਕਾਂ ਜਾਂ ਵਿਸਫੋਟਕ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

ਭਾਰਤ ਨੇ ਆਪਣੇ ਫੌਜੀਆਂ ਦੀ ਮੌਤ ਨੂੰ ਸਵਿਕਾਰ ਕਰ ਲਇਆ ਸੀ। ਪਰ ਚੀਨ ਕਈ ਮਹੀਨਿਆਂ ਤੱਕ ਆਪਣੇ ਸੈਨਿਕਾਂ ਦੀ ਹੱਤਿਆ ਬਾਰੇ ਗੱਲ ਕਰਨ ਤੋਂ ਬਚਦਾ ਰਿਹਾ।

ਹਾਲਾਂਕਿ, ਚੀਨ ਨੇ ਆਪਣੇ ਬਿਆਨ ਵਿੱਚ ਭਾਰਤੀ ਸੈਨਿਕਾਂ ਨੂੰ ਸੰਘਰਸ਼ ਲਈ ਜ਼ਿੰਮੇਵਾਰ ਠਹਿਰਾਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)