ਨਿਪਾਹ ਵਾਇਰਸ: ਕੀ ਹੈ ਇਹ ਵਾਇਰਸ ਅਤੇ ਕੀ ਹਨ ਇਸ ਦੇ ਲੱਛਣ

ਭਾਰਤ ਦੇ ਦੱਖਣੀ ਸੂਬੇ ਕੇਰਲਾ ਵਿੱਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮੌਤ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਸੀ ਜਦਕਿ ਦੂਜੀ 30 ਅਗਸਤ ਨੂੰ ਹੋਈ ਸੀ, ਮਰਨ ਵਾਲੇ ਦੋਵੇਂ ਕੋਝੀਕੋਡ ਜ਼ਿਲ੍ਹੇ ਨਾਲ ਸਬੰਧਤ ਹਨ।

ਪੀੜਤ ਦੇ ਦੋ ਰਿਸ਼ਤੇਦਾਰਾਂ ਦੇ ਟੈਸਟ ਵੀ ਪੌਜ਼ੀਟਿਵ ਆਏ ਹਨ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਕੇਰਲ ਵਿੱਚ 2018 ਤੋਂ ਬਾਅਦ ਇਹ ਚੌਥਾ ਨਿਪਾਹ ਪ੍ਰਕੋਪ ਹੈ।

ਕੋਝੀਕੋਡ ਨੇ 2018 ਵਿੱਚ ਆਪਣੇ ਪਹਿਲੇ ਅਤੇ ਸਭ ਤੋਂ ਭੈੜੇ, ਨਿਪਾਹ ਫੈਲਣ ਦੀ ਰਿਪੋਰਟ ਕੀਤੀ ਸੀ ਜਦੋਂ 18 ਪੁਸ਼ਟੀ ਕੀਤੇ ਕੇਸਾਂ ਵਿੱਚੋਂ 17 ਦੀ ਮੌਤ ਹੋ ਗਈ ਸੀ।

2019 ਵਿੱਚ, ਏਰਨਾਕੁਲਮ ਜ਼ਿਲ੍ਹੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਅਤੇ ਮਰੀਜ਼ ਠੀਕ ਹੋ ਗਿਆ ਸੀ।

2021 ਵਿੱਚ, ਚਥਾਮੰਗਲਮ ਪਿੰਡ ਵਿੱਚ ਇੱਕ 12 ਸਾਲ ਦੇ ਸੰਕਰਮਿਤ ਲੜਕੇ ਦੀ ਮੌਤ ਹੋ ਗਈ ਸੀ।

ਪਹਿਲਾਂ ਵੀ ਆਏ ਹਨ ਕੇਸ

ਮਾਹਿਰਾਂ ਦਾ ਕਹਿਣਾ ਹੈ ਕਿ ਨਿਵਾਸ ਸਥਾਨਾਂ ਦੇ ਨੁਕਸਾਨ ਕਾਰਨ, ਜਾਨਵਰ ਮਨੁੱਖਾਂ ਦੇ ਨੇੜੇ ਰਹਿ ਰਹੇ ਹਨ ਅਤੇ ਇਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਆਉਂਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਨਿਪਾਹ ਵਾਇਰਸ ਦੀ ਲਾਗ ਇੱਕ "ਜ਼ੂਨੋਟਿਕ ਬਿਮਾਰੀ" (ਜਾਨਵਰਾਂ ਤੋਂ ਮਨੁੱਖ ਨੂੰ ਹੋਣ ਵਾਲੀ ਬਿਮਾਰੀ) ਹੈ ਜੋ ਸੂਰਾਂ ਅਤੇ ਫਰੂਟ ਬੈਟ (ਚਮਗਿੱਦੜ) ਵਰਗੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੁੰਦੀ ਹੈ।

ਇਹ ਦੂਸ਼ਿਤ ਭੋਜਨ ਰਾਹੀਂ ਅਤੇ ਸੰਕਰਮਿਤ ਵਿਅਕਤੀ ਦੇ ਸੰਪਰਕ ਦੁਆਰਾ ਵੀ ਫ਼ੈਲ ਸਕਦੀ ਹੈ।

ਜਿਹੜੇ ਲੋਕ ਵਾਇਰਸ ਦਾ ਸ਼ਿਕਾਰ ਹੁੰਦੇ ਹਨ ਉਨ੍ਹਾਂ ਵਿੱਚ ਕਈ ਵਾਰ ਕੋਈ ਧਿਆਨ ਦੇਣ ਯੋਗ ਲੱਛਣ ਨਹੀਂ ਨਜ਼ਰ ਆਉਂਦੇ ਜਦਕਿ ਕਈਆਂ ਵਿੱਚ ਗੰਭੀਰ ਸਾਹ ਦੀਆਂ ਸਮੱਸਿਆਵਾਂ ਦੇ ਸੰਕੇਤ ਮਿਲਦੇ ਹਨ।

ਗੰਭੀਰ ਮਾਮਲਿਆਂ ਵਿੱਚ, ਇੱਕ ਨਿਪਾਹ ਦੀ ਲਾਗ਼ ਦੇ ਨਤੀਜੇ ਵਜੋਂ ਗਰਭ ਵਿਚਲੇ ਬੱਚੇ ਨੂੰ ਇਨਸੇਫਲਾਈਟਿਸ ਹੋ ਸਕਦਾ ਹੈ, ਇੱਕ ਗੰਭੀਰ ਸਥਿਤੀ ਜੋ ਦਿਮਾਗ਼ 'ਤੇ ਅਸਰ ਕਰਦੀ ਹੈ।

ਵਾਇਰਸ ਦਾ ਸੰਕਰਮਣ ਕਰਨ ਵਾਲਿਆਂ ਵਿੱਚ ਮੌਤ ਦਰ ਬਹੁਤ ਜ਼ਿਆਦਾ ਹੈ ਕਿਉਂਕਿ ਲਾਗ ਦੇ ਇਲਾਜ ਲਈ ਕੋਈ ਦਵਾਈ ਜਾਂ ਟੀਕਾ ਉਪਲਬਧ ਨਹੀਂ ਹੈ। ਇਲਾਜ ਲੱਛਣਾਂ ਦੇ ਪ੍ਰਬੰਧਨ ਅਤੇ ਸਹਾਇਕ ਦੇਖ਼ਭਾਲ ਤੱਕ ਸੀਮਿਤ ਹੈ।

ਭਾਰਤ ਦੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਸੰਘੀ ਸਰਕਾਰ ਨੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਪ੍ਰਕੋਪ ਦੇ ਪ੍ਰਬੰਧਨ ਵਿੱਚ ਸੂਬਾ ਸਰਕਾਰ ਦੀ ਸਹਾਇਤਾ ਕਰਨ ਲਈ ਮਾਹਰਾਂ ਦੀ ਇੱਕ ਟੀਮ ਕੇਰਲ ਭੇਜੀ ਹੈ।

ਸੂਬੇ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਬੁੱਧਵਾਰ ਨੂੰ ਕਿਹਾ ਕਿ ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਮੌਜੂਦਾ ਪ੍ਰਕੋਪ ਵਿੱਚ ਵਾਇਰਸ ਦਾ ਸਟ੍ਰੇਨ ਉਹੀ ਹੈ ਜੋ ਪਹਿਲਾਂ ਬੰਗਲਾਦੇਸ਼ ਵਿੱਚ ਮਿਲਿਆ ਸੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪੱਛਮੀ ਸ਼ਹਿਰ ਪੁਣੇ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀਆਂ ਟੀਮਾਂ ਵਾਇਰਸ ਦੀ ਜਾਂਚ ਕਰਨ ਅਤੇ ਚਮਗਿੱਦੜਾਂ 'ਤੇ ਸਰਵੇਖਣ ਕਰਨ ਲਈ ਕੋਝੀਕੋਡ ਮੈਡੀਕਲ ਕਾਲਜ ਵਿੱਚ ਇੱਕ ਮੋਬਾਈਲ ਲੈਬ ਸਥਾਪਤ ਕਰਨਗੀਆਂ।

ਜੌਰਜ ਨੇ ਕਿਹਾ ਹੈ ਕਿ ਮਰਨ ਵਾਲੇ ਦੋ ਲੋਕਾਂ ਦੇ 168 ਸੰਪਰਕ ਵਾਲੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਵਾਇਰਸ ਲਈ ਟੈਸਟ ਕੀਤੇ ਜਾ ਰਹੇ ਹਨ।

ਨਿਪਾਹ ਵਾਇਰਸ ਹੈ ਕੀ

ਨਿਪਾਹ ਇੱਕ ਇਨਫੈਕਸ਼ਨ ਹੈ ਜੋ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲਦੀ ਹੈ। ਇਹ ਫਰੂਟੇ ਬੈਟਸ ਵਿੱਚ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਪੁਰਾਣੇ ਚਮਗਾਦੜ ਵੀ ਕਿਹਾ ਜਾਂਦਾ ਹੈ।

ਸਭ ਤੋਂ ਪਹਿਲਾਂ 1999 ਵਿੱਚ ਸੂਰ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਏਂਸੀਫਲਾਈਟਿਸ ਅਤੇ ਸਾਹ ਦੀਆਂ ਬੀਮਾਰੀਆਂ ਵੇਲੇ ਪਛਾਣਿਆ ਗਿਆ ਸੀ। ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਸੂਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਇਨਫੈਕਸ਼ਨ ਹੋਇਆ ਸੀ।

ਉਸ ਸਮੇਂ 100 ਮੌਤਾਂ ਹੋਈਆਂ ਸਨ ਅਤੇ 300 ਕੇਸ ਦਰਜ ਹੋਏ ਸਨ। ਇਸ ਨੂੰ ਰੋਕਣ ਲਈ ਦਸ ਲੱਖ ਤੋਂ ਵੱਧ ਸੂਰਾਂ ਨੂੰ ਮਾਰਿਆ ਗਿਆ ਸੀ, ਜਿਸ ਕਾਰਨ ਮਲੇਸ਼ੀਆ ਨੂੰ ਵਪਾਰ ਦਾ ਬਹੁਤ ਨੁਕਸਾਨ ਵੀ ਹੋਇਆ ਸੀ।

ਪਰ ਇਸ ਤੋਂ ਬਾਅਦ, ਜਿੱਥੇ ਵੀ ਨਿਪਾਹ ਪਤਾ ਲੱਗਾ, ਉੱਥੇ ਇਸ ਵਾਇਰਸ ਨੂੰ ਪਹੁੰਚਾਉਣ ਦਾ ਕੋਈ ਮਾਧਿਅਮ ਨਹੀਂ ਸੀ। ਸਾਲ 2004 ਵਿੱਚ, ਬੰਗਲਾਦੇਸ਼ ਵਿੱਚ ਕੁਝ ਲੋਕ ਇਸ ਵਾਇਰਸ ਦਾ ਸ਼ਿਕਾਰ ਹੋਏ ਸਨ।

ਇਨ੍ਹਾਂ ਲੋਕਾਂ ਨੇ ਖਜੂਰ ਦੇ ਦਰੱਖਤ ਤੋਂ ਨਿਕਲਣ ਵਾਲੇ ਤਰਲ ਨੂੰ ਚੱਖ ਲਿਆ ਸੀ ਅਤੇ ਇਸ ਤਰਲ ਤੱਕ ਵਾਇਰਸ ਪਹੁੰਚਾਉਣ ਵਾਲੇ ਚਮਗਿੱਦੜ ਸਨ।

ਬਿਮਾਰੀ ਦੇ ਲੱਛਣ

  • 5 ਤੋਂ 14 ਦਿਨਾਂ ਤੱਕ ਸੰਕਰਮਿਤ ਰਹਿਣ ਤੋਂ ਬਾਅਦ, ਇਹ ਵਾਇਰਸ ਤਿੰਨ ਤੋਂ 14 ਦਿਨਾਂ ਤੱਕ ਤੇਜ਼ ਬੁਖਾਰ ਅਤੇ ਸਿਰ ਦਰਦ ਦਾ ਕਾਰਨ ਬਣ ਸਕਦਾ ਹੈ।
  • ਮਰੀਜ਼ 24-48 ਘੰਟਿਆਂ ਵਿੱਚ ਕੋਮਾ ਵਿੱਚ ਪਹੁੰਚ ਸਕਦਾ ਹੈ।
  • ਇਨਫੈਕਸ਼ਨ ਦੇ ਸ਼ੁਰੂਆਤੀ ਦੌਰ 'ਚ ਸਾਹ ਲੈਣ 'ਚ ਤਕਲੀਫ ਹੁੰਦੀ ਹੈ ਜਦਕਿ ਅੱਧੇ ਮਰੀਜ਼ਾਂ ਨੂੰ ਨਿਊਰੋਲੋਜੀਕਲ ਸਮੱਸਿਆ ਵੀ ਹੁੰਦੀ ਹੈ।
  • ਦਿਮਾਗ ਵਿਚ ਸੋਜ ਆਉਣ ਲੱਗਦੀ ਹੈ।
  • ਤੇਜ਼ ਬੁਖਾਰ ਅਤੇ ਸਿਰ ਦਰਦ ਹੁੰਦਾ ਹੈ
  • ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ।

ਬਚਾਅ

  • ਫ਼ਲ ਨਾ ਖਾਓ।
  • ਇਸ ਵਾਇਰਸ ਤੋਂ ਪੀੜਤ ਵਿਅਕਤੀ ਦੇ ਨੇੜੇ ਨਾ ਜਾਓ।
  • ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਤੋਂ ਦੂਰ ਰਹੋ।
  • ਜੇ ਤੁਹਾਨੂੰ ਤੇਜ਼ ਬੁਖਾਰ ਹੈ, ਤਾਂ ਹਸਪਤਾਲ ਜਾਓ।

ਹੁਣ ਤੱਕ ਕੋਈ ਇਲਾਜ ਨਹੀਂ ?

ਇਸ ਤੋਂ ਇਲਾਵਾ, ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਇਸ ਵਾਇਰਸ ਦੇ ਫੈਲਣ ਦੀ ਵੀ ਪੁਸ਼ਟੀ ਹੋਈ ਹੈ ਅਤੇ ਇਹ ਭਾਰਤ ਦੇ ਹਸਪਤਾਲਾਂ ਵਿੱਚ ਹੋ ਚੁੱਕਿਆ ਹੈ।

ਮਨੁੱਖਾਂ ਵਿੱਚ ਐੱਨਆਈਵੀ (ਨਿਪਾਹ) ਦੀ ਲਾਗ ਸਾਹ ਦੀ ਗੰਭੀਰ ਬਿਮਾਰੀ ਜਾਂ ਇੱਥੋਂ ਤੱਕ ਕਿ ਘਾਤਕ ਇਨਸੇਫਲਾਈਟਿਸ ਦਾ ਕਾਰਨ ਬਣ ਸਕਦੀ ਹੈ।

ਇਸ ਬਿਮਾਰੀ ਦੇ ਇਲਾਜ ਲਈ ਅਜੇ ਤੱਕ ਮਨੁੱਖਾਂ ਜਾਂ ਜਾਨਵਰਾਂ ਲਈ ਕੋਈ ਟੀਕਾ ਨਹੀਂ ਬਣਾਇਆ ਗਿਆ ਹੈ।

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ, ਨਿਪਾਹ ਵਾਇਰਸ ਦੀ ਲਾਗ਼ ਇਨਸੇਫਲਾਈਟਿਸ ਨਾਲ ਜੁੜੀ ਹੋਈ ਹੈ, ਜੋ ਦਿਮਾਗ਼ ਨੂੰ ਨੁਕਸਾਨ ਪਹੁੰਚਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)