ਆਈਪੀਐੱਲ ਫਾਈਨਲ: ਆਰਸੀਬੀ ਪਹਿਲੀ ਵਾਰ ਬਣੀ ਚੈਂਪੀਅਨ, ਪੰਜਾਬ ਕਿੰਗਜ਼ ਨਹੀਂ ਕਰ ਸਕੀ ਕਮਾਲ

ਆਈਪੀਐੱਲ 2025 ਦੇ ਫਾਈਨਲ ਮੈਚ ਵਿੱਚ, ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਹੋਈ ਲੜਾਈ ਵੀ ਦੋ ਅਧੂਰੇ ਸੁਪਨਿਆਂ ਬਾਰੇ ਸੀ।

ਪਰ ਪੰਜਾਬ ਕਿੰਗਜ਼ ਦਾ ਚੈਂਪੀਅਨ ਬਣਨ ਸੁਪਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ। ਇਸ ਦੇ ਨਾਲ ਹੀ, ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਆਈਪੀਐੱਲ ਦਾ ਖਿਤਾਬ ਜਿੱਤਿਆ।

ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਛੇ ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਆਰਸੀਬੀ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 190 ਦੌੜਾਂ ਬਣਾਈਆਂ। ਪਰ ਪੰਜਾਬ ਕਿੰਗਜ਼ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਸਿਰਫ਼ 184 ਦੌੜਾਂ ਹੀ ਬਣਾ ਸਕੀ।

ਆਰਸੀਬੀ ਦੀ ਜਿੱਤ ਦੇ ਹੀਰੋ ਭੁਵਨੇਸ਼ਵਰ ਕੁਮਾਰ ਅਤੇ ਕਰੁਣਾਲ ਪੰਡਯਾ ਸਨ। ਜਿਨ੍ਹਾਂ ਨੇ ਦੋ-ਦੋ ਵਿਕਟਾਂ ਲਈਆਂ।

ਸ਼ਸ਼ਾਂਕ ਸਿੰਘ ਨੇ ਪੰਜਾਬ ਕਿੰਗਜ਼ ਲਈ 61 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ।

ਪੰਜਾਬ ਦੀ ਪਾਰੀ ਢਿੱਲੀ ਪਈ

191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪ੍ਰਿਯਾਂਸ਼ ਆਰਿਆ ਅਤੇ ਪ੍ਰਭਸਿਮਰਨ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਨੂੰ ਚੰਗੀ ਸ਼ੁਰੂਆਤ ਦਿਵਾਈ। ਪਰ ਪ੍ਰਿਯਾਂਸ਼ 19 ਗੇਂਦਾਂ ਵਿੱਚ 24 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਹੇਜ਼ਵੁੱਡ ਨੇ ਉਨ੍ਹਾਂ ਦੀ ਵਿਕਟ ਲਈ।

ਪਹਿਲੇ ਪਾਵਰਪਲੇ ਵਿੱਚ, ਪੰਜਾਬ ਕਿੰਗਜ਼ ਨੇ ਇੱਕ ਵਿਕਟ ਗੁਆਉਣ ਤੋਂ ਬਾਅਦ ਸਿਰਫ 52 ਦੌੜਾਂ ਬਣਾਈਆਂ।

ਪਰ ਪੰਜਾਬ ਕਿੰਗਜ਼ ਨੇ ਆਪਣੀ ਪਾਰੀ ਦੇ 8ਵੇਂ ਓਵਰ ਵਿੱਚ ਦੌੜਾਂ ਦੀ ਰਫ਼ਤਾਰ ਵਧਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਕੋਸ਼ਿਸ਼ ਵਿੱਚ, ਪ੍ਰਭਸਿਮਰਨ ਕਰੂਣਾਲ ਪਾਂਡਿਆ ਦੀ ਗੇਂਦ 'ਤੇ 22 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤ ਗਏ।

ਕਪਤਾਨ ਅਈਅਰ ਨੇ ਵੀ ਆਖ਼ਰੀ ਮੈਚ ਵਿੱਚ ਨਿਰਾਸ਼ ਕੀਤਾ। ਉਨ੍ਹਾਂ ਦੀ ਪਾਰੀ ਇੱਕ ਦੌੜ ਤੋਂ ਅੱਗੇ ਨਹੀਂ ਵਧ ਸਕੀ।

ਵਿਕਟਾਂ ਦੇ ਲਗਾਤਾਰ ਡਿੱਗਣ ਵਿਚਾਲੇ ਇੰਗਲਿਸ 'ਤੇ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਦਬਾਅ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ ਅਤੇ ਇੱਕ ਵੱਡਾ ਸ਼ਾਟ ਮਾਰਨ ਦੇ ਚੱਕਰ ਵਿੱਚ ਉਹ ਲੌਂਗ ਆਨ ʼਤੇ ਲਿਵਿੰਗਸਟੋਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਦੀ ਵਿਕਟ ਕਰੂਣਾਲ ਪਾਂਡਿਆ ਨੇ ਲਈ।

ਇੰਗਲਿਸ ਨੇ 23 ਗੇਂਦਾਂ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ ਚਾਰ ਛੱਕੇ ਸ਼ਾਮਲ ਸਨ।

ਆਰਸੀਬੀ ਦੀ ਪਾਰੀ

ਆਰਸੀਬੀ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਵਿਰਾਟ ਕੋਹਲੀ ਅਤੇ ਫਿਨ ਸਾਲਟ ਉਤਰੇ ਸਨ। ਹਾਲਾਂਕਿ, ਦੂਜੇ ਹੀ ਓਵਰ ਵਿੱਚ ਫਿਨ ਸਾਲਟ 9 ਗੇਂਦਾਂ ਵਿੱਚ 16 ਦੌੜਾਂ ਬਣਾ ਆਊਟ ਹੋ ਗਏ ਸਨ। ਸਾਲਟ ਨੂੰ ਕਾਇਲ ਜੈਮਸਿਨ ਨੇ ਆਊਟ ਕੀਤਾ ਸੀ।

ਇਸ ਤਰ੍ਹਾਂ ਆਰਸੀਬੀ ਦਾ ਪਹਿਲਾਂ ਵਿਕਟ 18 ਦੌੜਾਂ ʼਤੇ ਡਿੱਗਿਆ ਸੀ, ਜਦਕਿ ਉੱਥੇ ਦੂਜਾ ਵਿਕਟ 6.2 ਓਵਰ ʼਤੇ ਡਿੱਗਿਆ ਸੀ। ਮਯੰਕ ਅਗਰਵਾਲ 18 ਗੇਂਦਾਂ ʼਤੇ 24 ਦੌੜਾਂ ਬਣਾ ਕੇ ਯੂਜਵੇਂਦਰ ਚਹਿਲ ਦੀ ਗੇਂਦ ʼਤੇ ਆਊਟ ਹੋ ਗਏ ਸਨ।

ਇਸ ਤੋਂ ਬਾਅਦ ਤੀਜੇ ਵਿਕਟ ਵਜੋਂ ਕਪਤਾਨ ਰਜਤ ਪਾਟੀਦਾਰ ਨੂੰ 16 ਗੇਂਦਾਂ ਵਿੱਚ 26 ਦੌੜਾਂ ʼਤੇ ਜੈਮਸਿਨ ਨੇ ਐੱਲਬੀਡਬਲਿਊ ʼਤੇ ਆਊਟ ਕਰ ਦਿੱਤਾ।

ਉਸ ਤੋਂ ਬਾਅਦ ਵਿਰਾਟ ਕੋਹਲੀ ਦਾ ਵਿਕਟ ਅਜਮਤੁੱਲ੍ਹ ਉਮਰਜਈ ਨੇ 14.5 ਓਵਰ ਖੇਡਦੇ ਹੋਏ ਲੈ ਲਿਆ। ਵਿਰਾਟ ਨੇ 35 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਸਨ।

ਇਸੇ ਤਰ੍ਹਾਂ ਪੰਜਵੇਂ ਵਿਕਟ ਵਜੋਂ ਲਿਵਿੰਗਸਟੋਨ ਅਤੇ ਛੇਵੇਂ ਵਿਕਟ ਵਜੋਂ ਜਿਤੇਂਦਰ ਸ਼ਰਮਾ ਪਵੇਲੀਅਨ ਪਰਤ ਗਏ।

ਇਸ ਤੋਂ ਬਾਅਦ ਰੋਮਾਰੀਆ ਸੈਫਰਡ ਅਤੇ ਕਰੁਣਾਲ ਪਾਂਡਿਆ ਆਊਟ ਹੋ ਗਏ।

ਦਰਅਸਲ, ਇਹ ਦੋਵੇਂ ਟੀਮਾਂ ਨੇ ਹੀ ਪਹਿਲਾਂ ਕਦੇ ਆਈਪੀਐੱਲ ਦਾ ਖ਼ਿਤਾਬ ਆਪਣੇ ਨਾਮ ਨਹੀਂ ਕੀਤਾ ਸੀ।

ਹਾਲਾਂਕਿ, ਦੋਵੇਂ ਟੀਮਾਂ ਪਹਿਲਾਂ ਵੀ ਫਾਈਨਲ ਵਿੱਚ ਪਹੁੰਚਈਆਂ ਸਨ। ਜੇਕਰ ਆਰਸੀਬੀ ਦੀ ਗੱਲ ਕਰੀਏ ਤਾਂ ਉਹ ਤਿੰਨ ਵਾਰ, 2009, 2011 ਅਤੇ 2016 ਵਿੱਚ ਫਾਈਨਲ ਤੱਕ ਪਹੁੰਚੀ ਹੈ ਪਰ ਖਿਤਾਬ ਜਿੱਤਣ ਖੁੰਝ ਗਈ।

ਪੰਜਾਬ ਕਿੰਗਜ਼ ਅਤੇ ਆਰਸੀਬੀ ਕਦੋਂ-ਕਦੋਂ ਪਹੁੰਚੀਆਂ ਫਾਈਨਲ ਵਿੱਚ

ਆਰਸੀਬੀ ਟੀਮ ਪਹਿਲੀ ਵਾਰ ਸਾਲ 2009 ਵਿੱਚ ਫਾਈਨਲ ਵਿੱਚ ਪਹੁੰਚੀ ਸੀ ਪਰ ਉਹ ਡੈਕਨ ਚਾਰਜਰਜ਼ ਤੋਂ 6 ਦੌੜਾਂ ਨਾਲ ਹਾਰ ਗਈ ਸੀ।

ਇਸ ਤੋਂ ਬਾਅਦ ਸਾਲ 2011 ਵਿੱਚ ਚੇੱਨਈ ਸਪਰ ਕਿੰਗਜ਼ ਨੇ ਆਰਸੀਬੀ ਨੂੰ 58 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਸੀ।

ਸਾਲ 2016 ਵਿੱਚ ਆਰਸੀਬੀ ਨੂੰ ਸਨਰਾਈਜਰਜ਼ ਹੈਦਰਾਬਾਦ ਤੋਂ 8 ਦੌੜਾਂ ਨਾਲ ਹਾਰ ਸਾਹਮਣਾ ਕਰਨਾ ਪਿਆ ਸੀ।

ਇਸੇ ਤਰ੍ਹਾਂ ਪੰਜਾਬ ਕਿੰਗਜ਼ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰ ਆਈਪੀਐੱਲ ਦੇ ਫਾਈਨਲ ਤੱਕ ਸਫ਼ਰ ਤੈਅ ਕਰ ਸਕੀ ਹੈ ਉਹ ਵੀ ਸਾਲ 2014 ਵਿੱਚ, ਜਦੋਂ ਕੋਲਕਾਤਾ ਨਾਈਟ ਰਾਈਡਰਜ਼ ਕੋਲੋਂ 3 ਵਿਕਟਾਂ ਨਾਲ ਹਾਰ ਗਈ ਸੀ।

ਸ਼੍ਰੇਅਸ ਅਈਅਰ ਦੀ ਕਪਤਾਨੀ

ਸ਼੍ਰੇਅਸ ਅਈਅਰ ਨੂੰ ਵੱਡੇ ਮੈਚਾਂ ਦਾ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਆਪਣੀ ਪਾਰੀ ਨਾਲ ਇਹ ਸਾਬਤ ਕਰ ਦਿੱਤਾ ਹੈ।

ਉਨ੍ਹਾਂ ਨੇ 41 ਗੇਂਦਾਂ ਵਿੱਚ ਖੇਡੀ ਆਪਣੀ 87 ਦੌੜਾਂ ਦੀ ਪਾਰੀ ਨਾਲ ਪੰਜਾਬ ਕਿੰਗਜ਼ ਦੀਆਂ ਟੁੱਟੀਆਂ ਉਮੀਦਾਂ ਨੂੰ ਜਿੱਤ ਵਿੱਚ ਬਦਲ ਦਿੱਤਾ ਸੀ।

ਇਸ ਪਾਰੀ ਦੌਰਾਨ, ਸ਼੍ਰੇਅਸ ਨੇ ਦਿਖਾਇਆ ਕਿ ਉਹ ਲੋੜ ਪੈਣ 'ਤੇ ਹਮਲਾਵਰ ਅੰਦਾਜ਼ ਵੀ ਅਪਣਾ ਸਕਦੇ ਹਨ, ਉਨ੍ਹਾਂ ਨੇ ਅੱਠ ਛੱਕੇ ਲਗਾ ਕੇ ਇਹ ਸਾਬਤ ਕਰ ਦਿੱਤਾ।

ਸ਼੍ਰੇਅਸ ਵੀ ਵਿਰਾਟ ਵਾਂਗ ਇਸ ਸੀਜ਼ਨ ਵਿੱਚ ਲਗਾਤਾਰ ਦੌੜਾਂ ਬਣਾ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ ਛੇ ਅਰਧ-ਸੈਂਕੜਿਆਂ ਨਾਲ 603 ਦੌੜਾਂ ਬਣਾਈਆਂ ਹਨ।

ਉਨ੍ਹਾਂ ਦੀ ਔਸਤ ਵੀ ਵਿਰਾਟ ਦੇ 54.81 ਦੇ ਆਸ-ਪਾਸ ਹੈ। ਦਰਅਸਲ, ਇਸ ਸੀਜ਼ਨ ਵਿੱਚ ਵਿਰਾਟ ਅਤੇ ਸ਼੍ਰੇਅਸ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ।

ਅਈਅਰ ਆਪਣਾ ਲਗਾਤਾਰ ਦੂਜਾ ਖਿਤਾਬ ਜਿੱਤਣ ਦੀ ਕਗਾਰ 'ਤੇ ਹੈ। ਉਹ ਪਿਛਲੇ ਸਾਲ ਕੇਕੇਆਰ ਦੇ ਕਪਤਾਨ ਵਜੋਂ ਚੈਂਪੀਅਨ ਬਣੇ ਸਨ।

ਉਹ ਇਕਲੌਤੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਤਿੰਨ ਵੱਖ-ਵੱਖ ਟੀਮਾਂ ਨੂੰ ਫਾਈਨਲ ਵਿੱਚ ਪਹੁੰਚਾਇਆ ਹੈ।

ਕਿਹੜੀ-ਕਿਹੜੀ ਟੀਮ ਜਿੱਤ ਚੁੱਕੀ ਹੈ ਆਈਪੀਐੱਲ ਦਾ ਖ਼ਿਤਾਬ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)