You’re viewing a text-only version of this website that uses less data. View the main version of the website including all images and videos.
ਆਈਪੀਐੱਲ: ਪੰਜਾਬ ਕਿੰਗਜ਼ ਨੇ ਫਾਇਨਲ ਵਿੱਚ ਪਹੁੰਚਣ ਲਈ ਕਿਵੇਂ ਪਲਟੀ ਬਾਜ਼ੀ, ਸ਼੍ਰੇਅਸ ਅਈਅਰ ਦੀ ਰਣਨੀਤੀ ਦਾ ਕੀ ਹੈ ਮੂਲ ਮੰਤਰ
- ਲੇਖਕ, ਅਭਿਜੀਤ ਸ਼੍ਰੀਵਾਸਤਵ
- ਰੋਲ, ਬੀਬੀਸੀ ਹਿੰਦੀ ਲਈ
"ਅਸੀਂ ਲੜਾਈ ਹਾਰੇ ਹਾਂ, ਜੰਗ ਅਜੇ ਖਤਮ ਨਹੀਂ ਹੋਈ ਹੈ।"
ਇਹ ਬਿਆਨ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਬੁੱਧਵਾਰ ਨੂੰ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਨੂੰ ਹਾਰਨ ਤੋਂ ਬਾਅਦ ਦਿੱਤਾ ਸੀ।
ਉਸ ਮੈਚ ਵਿੱਚ ਪੰਜਾਬ ਕਿੰਗਜ਼ ਨੇ ਉਹੀ ਹਮਲਾਵਰ ਤਰੀਕਾ ਅਪਣਾਇਆ ਜੋ ਉਨ੍ਹਾਂ ਨੇ ਲੀਗ ਮੈਚਾਂ ਵਿੱਚ ਅਪਣਾ ਕੇ ਪੁਆਇੰਟ ਟੇਬਲ ਵਿੱਚ ਸਿਖ਼ਰ ਸਥਾਨ ਪ੍ਰਾਪਤ ਕੀਤਾ ਸੀ।
ਉਸ ਦਿਨ, ਪੰਜਾਬ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਸੀ ਅਤੇ ਉਹ ਮੈਚ ਪੂਰੀ ਤਰ੍ਹਾਂ ਇੱਕ ਪਾਸੜ ਸੀ, ਫਿਰ ਸ਼੍ਰੇਅਸ ਦਾ ਬਿਆਨ ਵੀ ਇੱਕ ਅਤਿਕਥਨੀ ਲੱਗ ਰਹੀ ਸੀ।
ਪਰ ਸ਼੍ਰੇਅਸ ਦੇ ਸ਼ਬਦਾਂ ਵਿੱਚ ਦਮ ਸੀ ਅਤੇ ਐਤਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ਼ ਖੇਡੇ ਦੂਜੇ ਕੁਆਲੀਫਾਇਰ 'ਚ ਉਨ੍ਹਾਂ ਨੇ ਆਪਣੇ ਬੱਲੇ ਨਾਲ ਕਰਾਰ ਜਵਾਬ ਦਿੱਤਾ।
ਜਦੋਂ ਪੰਜਾਬ ਦੀ ਟੀਮ ਨੂੰ ਆਪਣੇ ਕਪਤਾਨ ਦੇ ਬੱਲੇ ਤੋਂ ਸਭ ਤੋਂ ਵੱਧ ਲੋੜ ਸੀ, ਉਦੋਂ ਸ਼੍ਰੇਅਸ ਦਾ ਬੱਲਾ ਚੱਲਿਆ ਅਤੇ ਅਜਿਹਾ ਚੱਲਿਆ ਕਿ ਕਮਾਲ ਕਰ ਦਿੱਤਾ।
ਦਮਦਾਰ ਛੱਕੇ ਮਾਰੇ, ਬੁਮਰਾਹ ਨੂੰ ਸੰਭਲਣ ਨਹੀਂ ਦਿੱਤਾ ਪਰ ਉਨ੍ਹਾਂ ਦੇ ਯਾਰਕਰ ਨੂੰ ਚੰਗੀ ਤਰ੍ਹਾਂ ਸੰਭਾਲਿਆ ਅਤੇ 11 ਸਾਲਾਂ ਬਾਅਦ ਪੰਜਾਬ ਨੂੰ ਫਾਈਨਲ ਦੀ ਟਿਕਟ ਦਿਵਾਈ।
ਸ਼੍ਰੇਅਸ ਨੇ 212.80 ਦੇ ਸਟ੍ਰਾਈਕ ਰੇਟ ਨਾਲ 41 ਗੇਂਦਾਂ 'ਤੇ ਅਜੇਤੂ 87 ਦੌੜਾਂ ਬਣਾਈਆਂ, ਜਿਸ ਕਾਰਨ ਪੰਜਾਬ ਨੇ 6 ਗੇਂਦਾਂ ਬਾਕੀ ਰਹਿੰਦਿਆਂ ਹੀ 204 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਬੁੱਧਵਾਰ ਨੂੰ, ਸ਼੍ਰੇਅਸ ਦੇ ਸ਼ਾਟ ਸਿਲੈਕਸ਼ਨ ਦੀ ਭਾਰੀ ਆਲੋਚਨਾ ਹੋਈ ਸੀ ਪਰ ਐਤਵਾਰ ਨੂੰ ਉਨ੍ਹਾਂ ਨੇ ਬਹੁਤ ਹੀ ਸਟਾਈਲਿਸ਼ ਢੰਗ ਨਾਲ ਬੱਲੇਬਾਜ਼ੀ ਕੀਤੀ, ਅੱਠ ਵੱਡੇ ਛੱਕੇ ਅਤੇ ਪੰਜ ਚੌਕੇ ਮਾਰੇ।
ਮੈਚ ਦਾ ਟਰਨਿੰਗ ਪੁਆਇੰਟ
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁੰਬਈ ਦੇ ਬੱਲੇਬਾਜ਼ਾਂ ਨੇ ਆਪਣਾ ਕੰਮ ਵਧੀਆ ਢੰਗ ਨਾਲ ਕੀਤਾ। ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ 44-44 ਦੌੜਾਂ ਦੀ ਪਾਰੀ ਦੀ ਬਦੌਲਤ ਮੁੰਬਈ ਨੇ 203 ਦੌੜਾਂ ਬਣਾਏ ਕੇ ਪੰਜਾਬ ਅੱਗੇ 204 ਦੌੜਾਂ ਦਾ ਟੀਚਾ ਰੱਖਿਆ।
ਜਦੋਂ ਮੁੰਬਈ ਦੀ ਗੇਂਦਬਾਜ਼ੀ ਦੀ ਵਾਰੀ ਆਈ ਤਾਂ ਟ੍ਰੇਂਟ ਬੋਲਟ ਨੇ ਪ੍ਰਭਸਿਮਰਨ ਸਿੰਘ ਨੂੰ ਜਲਦੀ ਆਊਟ ਕਰਕੇ ਮੁੰਬਈ ਲਈ ਉਮੀਦਾਂ ਜਗਾਈਆਂ। ਪਰ ਜੋਸ਼ ਇੰਗਲਿਸ ਨੇ ਪਿੱਚ 'ਤੇ ਆਉਂਦੇ ਹੀ ਬੋਲਟ ਦੀਆਂ ਗੇਂਦਾ 'ਤੇ ਦੋ ਸ਼ਕਤੀਸ਼ਾਲੀ ਚੌਕੇ ਜੜੇ।
ਫਿਰ ਇੰਗਲਿਸ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਹ ਮੈਚ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਜਦੋਂ ਪੰਜਾਬ ਨੇ ਚਾਰ ਓਵਰਾਂ ਵਿੱਚ 35 ਦੌੜਾਂ ਬਣਾਈਆਂ, ਤਾਂ ਹਾਰਦਿਕ ਨੇ ਗੇਂਦ ਆਪਣੇ ਚੈਂਪੀਅਨ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੌਂਪ ਦਿੱਤੀ।
ਇਹ ਬੁਮਰਾਹ ਹੀ ਸਨ ਜਿਨ੍ਹਾਂ ਨੇ ਐਲੀਮੀਨੇਟਰ ਮੈਚ ਵਿੱਚ ਆਪਣੀ ਗੋਲਡਨ ਗੇਂਦ ਨਾਲ ਗੁਜਰਾਤ ਨੂੰ ਹਰਾਇਆ ਸੀ।
ਬੀਤੀ ਰਾਤ ਵੀ ਇਹ ਬੁਮਰਾਹ ਹੀ ਸਨ ਜਿਨ੍ਹਾਂ ਦੀਆਂ ਪਹਿਲੀਆਂ ਛੇ ਗੇਂਦਾਂ 'ਤੇ ਜੋਸ਼ ਇੰਗਲਿਸ ਨੇ ਪੰਜਾਬ ਦੀ ਜਿੱਤ ਲਈ ਹਮਲਾਵਰ ਸ਼ੁਰੂਆਤ ਕਰ ਦਿੱਤੀ ਸੀ।
ਇੰਗਲਿਸ ਨੇ ਬੁਮਰਾਹ ਦੀ ਪਹਿਲੀ ਗੇਂਦ 'ਤੇ ਚੌਕਾ ਲਗਾਇਆ। ਇੱਕ ਗੇਂਦ ਬਾਅਦ ਲੌਂਗ ਆਨ 'ਤੇ ਇੱਕ ਸ਼ਾਨਦਾਰ ਛੱਕਾ। ਪੰਜਵੀਂ ਗੇਂਦ 'ਤੇ ਇੱਕ ਹੋਰ ਚੌਕਾ। ਫਿਰ ਛੇਵੀਂ ਗੇਂਦ 'ਤੇ ਇੱਕ ਹੋਰ ਵੱਡਾ ਛੱਕਾ।
ਬੁਮਰਾਹ ਦੇ ਚਿਹਰੇ 'ਤੇ ਇੱਕ ਛੋਟੀ ਜਿਹੀ ਮੁਸਕਰਾਹਟ ਦਿਖਾਈ ਦਿੱਤੀ, ਜਿਵੇਂ ਉਹ ਸਮਝ ਗਏ ਹੋਣ ਕਿ ਅੱਜ ਉਨ੍ਹਾਂ ਦਾ ਦਿਨ ਨਹੀਂ ਹੈ।
ਬੁਮਰਾਹ ਜਿਨ੍ਹਾਂ ਨੇ ਐਲੀਮੀਨੇਟਰ ਵਿੱਚ 6.8 ਦੀ ਇਕਾਨਮੀ ਨਾਲ ਗੇਂਦਬਾਜ਼ੀ ਕੀਤੀ ਸੀ, ਨੇ ਇਸ ਪਹਿਲੇ ਓਵਰ ਵਿੱਚ ਹੀ 20 ਦੌੜਾਂ ਦੇ ਦਿੱਤੀਆਂ।
ਹਾਲਾਂਕਿ, ਇੰਗਲਿਸ 38 ਦੌੜਾਂ ਬਣਾਉਣ ਤੋਂ ਬਾਅਦ ਅੱਠਵੇਂ ਓਵਰ ਵਿੱਚ ਆਊਟ ਹੋ ਗਏ ਪਰ ਉੱਥੋਂ ਸ਼੍ਰੇਅਸ ਅਈਅਰ ਅਤੇ ਨੇਹਾਲ ਵਢੇਰਾ ਨੇ ਪਾਰੀ ਦੀ ਕਮਾਨ ਸੰਭਾਲੀ।
ਸ਼ੁਰੂ ਵਿੱਚ, ਸ਼੍ਰੇਅਸ ਨੇ ਪਿੱਚ 'ਤੇ ਕੁਝ ਸਮਾਂ ਲਿਆ, ਜਦਕਿ ਵਢੇਰਾ ਦੂਜੇ ਸਿਰੇ ਤੋਂ ਹਮਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਫਿਰ ਰੀਸ ਟੋਪਲੇ ਦੇ ਇੱਕ ਓਵਰ ਵਿੱਚ ਸ਼੍ਰੇਅਸ ਨੇ ਲਗਾਤਾਰ ਤਿੰਨ ਛੱਕੇ ਮਾਰੇ ਅਤੇ ਪੂਰੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਪੰਜਾਬ ਨੂੰ ਫਾਈਨਲ ਵਿੱਚ ਪਹੁੰਚਾਉਣ ਤੋਂ ਬਾਅਦ ਹੀ ਚੈਨ ਦੀ ਸਾਹ ਲਈ।
ਸ਼੍ਰੇਅਸ ਨੇ ਬਣਾਏ ਕਈ ਰਿਕਾਰਡ
ਸ਼੍ਰੇਅਸ ਦੀ ਇਹ ਪਾਰੀ ਆਈਪੀਐਲ ਪਲੇਆਫ ਵਿੱਚ ਕਿਸੇ ਵੀ ਭਾਰਤੀ ਕਪਤਾਨ ਦੀ ਸਭ ਤੋਂ ਵੱਡੀ ਪਾਰੀ ਸੀ।
ਸ਼੍ਰੇਅਸ ਦੀ ਪਾਰੀ ਨੇ ਇੱਕ ਅਜਿਹੇ ਰਿਕਾਰਡ ਨੂੰ ਦੁਬਾਰਾ ਲਿਖਣ ਲਈ ਮਜਬੂਰ ਕਰ ਦਿੱਤਾ ਜੋ ਪਿਛਲੇ 18 ਸਾਲਾਂ ਤੋਂ ਚੱਲਦਾ ਆ ਰਿਹਾ ਸੀ।
ਦਰਅਸਲ, ਇਸ ਮੈਚ ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਦਾ ਰਿਕਾਰਡ ਸੀ ਕਿ ਜਦੋਂ ਵੀ ਉਹ ਪਹਿਲਾਂ ਖੇਡਦੇ ਹੋਏ 200 ਤੋਂ ਜ਼ਿਆਦਾ ਸਕੋਰ ਬਣਾਉਂਦੇ ਹਨ ਤਾਂ ਉਹ ਹਾਰਦੇ ਨਹੀਂ।
ਪੂਰੀ ਤਾਕਤ ਨਾਲ ਫਾਈਨਲ ਵਿੱਚ ਪਹੁੰਚਣ ਵਾਲੀ ਸ਼੍ਰੇਅਸ ਦੀ ਟੀਮ ਨੇ ਦਿਖਾ ਦਿੱਤਾ ਹੈ ਕਿ ਰਾਇਲ ਚੈਲੇਂਜਰਜ਼ ਬੰਗਲੌਰ ਲਈ 3 ਜੂਨ ਦਾ ਮੁਕਾਬਲਾ ਇੰਨਾ ਸੌਖਾ ਨਹੀਂ ਹੋਵੇਗਾ।
ਖੈਰ, ਫਾਈਨਲ ਵਿੱਚ ਕੁਝ ਵੀ ਹੋਵੇ, ਇਸ ਵਾਰ ਆਈਪੀਐਲ ਨੂੰ ਇੱਕ ਨਵਾਂ ਚੈਂਪੀਅਨ ਮਿਲਣਾ ਯਕੀਨੀ ਹੈ।
ਪੰਜਾਬ ਕਿੰਗਜ਼ ਨੇ ਆਪਣੇ 18 ਸਾਲਾਂ ਦੇ ਆਈਪੀਐਲ ਇਤਿਹਾਸ ਵਿੱਚ ਸਿਰਫ ਦੂਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਟੀਮ 2014 ਵਿੱਚ ਫਾਈਨਲ 'ਚ ਪਹੁੰਚੀ ਸੀ ਪਰ ਟ੍ਰਾਫ਼ੀ ਤੋਂ ਖੁੰਝ ਗਈ ਸੀ।
ਸ਼੍ਰੇਅਸ ਨੇ ਕਪਤਾਨ ਵਜੋਂ ਤਿੰਨ ਵੱਖ-ਵੱਖ ਟੀਮਾਂ ਨੂੰ ਫਾਈਨਲ ਵਿੱਚ ਲਿਜਾਣ ਦਾ ਰਿਕਾਰਡ ਵੀ ਬਣਾਇਆ ਹੈ।
ਉਨ੍ਹਾਂ ਨੇ 2020 ਵਿੱਚ ਦਿੱਲੀ ਕੈਪੀਟਲਜ਼ ਨੂੰ ਫਾਈਨਲ ਵਿੱਚ ਪਹੁੰਚਾਇਆ ਸੀ। ਪਿਛਲੇ ਸਾਲ (2024 ਵਿੱਚ) ਕੋਲਕਾਤਾ ਨਾਈਟ ਰਾਈਡਰਜ਼ ਸ਼੍ਰੇਅਸ ਦੀ ਕਪਤਾਨੀ ਵਿੱਚ ਚੈਂਪੀਅਨ ਬਣਿਆ ਸੀ।
ਵੱਡੇ ਮੌਕਿਆਂ 'ਤੇ ਸ਼ਾਂਤ ਰਹਿਣਾ ਸ਼੍ਰੇਅਸ ਦਾ ਮੂਲ ਮੰਤਰ
ਸ਼੍ਰੇਅਸ ਨੂੰ ਉਨ੍ਹਾਂ ਦੀ ਦਮਦਾਰ ਕਪਤਾਨੀ ਪਾਰੀ ਲਈ 'ਪਲੇਅਰ ਆਫ ਦਿ ਮੈਚ' ਵੀ ਚੁਣਿਆ ਗਿਆ।
ਮੈਚ ਤੋਂ ਬਾਅਦ ਉਨ੍ਹਾਂ ਕਿਹਾ, "ਸੱਚ ਕਹਾਂ ਤਾਂ, ਮੈਨੂੰ ਅਜਿਹੇ ਵੱਡੇ ਮੌਕਿਆਂ ਨਾਲ ਪਿਆਰ ਹੈ। ਮੈਂ ਹਮੇਸ਼ਾ ਆਪਣੇ ਆਪ ਨੂੰ ਅਤੇ ਆਪਣੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਜਿੰਨਾ ਵੱਡਾ ਮੌਕਾ, ਓਨਾ ਹੀ ਸ਼ਾਂਤ ਰਹੋ, ਤਦ ਹੀ ਵੱਡੇ ਨਤੀਜੇ ਮਿਲਦੇ ਹਨ। ਅੱਜ ਇਸਦਾ ਇੱਕ ਸਹੀ ਉਦਾਹਰਣ ਸੀ, ਜਿੱਥੇ ਮੈਂ ਪਸੀਨਾ ਵਹਾਉਣ ਨਾਲੋਂ ਆਪਣੇ ਸਾਹਾਂ 'ਤੇ ਜ਼ਿਆਦਾ ਧਿਆਨ ਦੇ ਰਿਹਾ ਸੀ।"
ਪੂਰੇ ਸੀਜ਼ਨ ਦੌਰਾਨ, ਪੰਜਾਬ ਦੇ ਪਲੇਇੰਗ ਇਲੈਵਨ ਵਿੱਚ ਅਨਕੈਪਡ ਖਿਡਾਰੀਆਂ 'ਤੇ ਚਰਚਾ ਹੁੰਦੀ ਰਹੀ ਹੈ।
ਜਦੋਂ ਸ਼੍ਰੇਅਸ ਨੂੰ ਇੱਕ ਵਾਰ ਫਿਰ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਭਾਵੇਂ ਕੁਝ ਖਿਡਾਰੀਆਂ ਨੂੰ ਵੱਡੇ ਮੌਕਿਆਂ 'ਤੇ ਖੇਡਣ ਦਾ ਤਜਰਬਾ ਨਹੀਂ ਹੈ, ਪਰ ਉਹ ਨਿਡਰ ਹਨ। ਭਾਵੇਂ ਉਨ੍ਹਾਂ ਕੋਲ ਕੋਈ ਖਾਸ ਤਜਰਬਾ ਨਹੀਂ ਹੈ, ਅਸੀਂ ਉਨ੍ਹਾਂ ਨੂੰ ਆਪਣੀਆਂ ਚਰਚਾਵਾਂ ਵਿੱਚ ਸ਼ਾਮਲ ਕਰਦੇ ਹਾਂ। ਅਸੀਂ ਕਿਸੇ ਖਾਸ ਸਥਿਤੀ ਨੂੰ ਸੰਭਾਲਣ ਬਾਰੇ ਉਨ੍ਹਾਂ ਦੇ ਵਿਚਾਰ ਸੁਣਦੇ ਹਾਂ।"
ਸ਼੍ਰੇਅਸ ਨੇ ਇਹ ਵੀ ਕਿਹਾ ਕਿ ਉਹ ਇਸ ਸਮੇਂ ਫਾਈਨਲ ਬਾਰੇ ਨਹੀਂ ਸੋਚਣਾ ਚਾਹੁੰਦੇ।
ਉਨ੍ਹਾਂ ਕਿਹਾ, "ਆਰਸੀਬੀ ਖ਼ਿਲਾਫ਼ ਹਾਰ ਤੋਂ ਬਾਅਦ, ਅਸੀਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਕਿ ਗਲਤੀਆਂ ਕਿੱਥੇ ਹੋਈਆਂ। ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਇਸ ਸੀਜ਼ਨ ਵਿੱਚ ਕਿਸ ਤਰ੍ਹਾਂ ਦੀ ਕ੍ਰਿਕਟ ਖੇਡੀ ਹੈ। ਟੀਮ ਵਿੱਚ ਬਹੁਤ ਸਕਾਰਾਤਮਕ ਮਾਹੌਲ ਹੈ। ਅਸੀਂ ਇਸ ਸਮੇਂ ਫਾਈਨਲ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੁੰਦੇ।"
ਹਾਰਦਿਕ ਨੇ ਵੀ ਪ੍ਰਸ਼ੰਸਾ ਕੀਤੀ
ਹਾਰ ਨਾਲ ਨਿਰਾਸ਼ ਹਾਰਦਿਕ ਜਦੋਂ ਕੁਝ ਸਮੇਂ ਲਈ ਆਪਣਾ ਸਿਰ ਝੁਕਾ ਕੇ ਮੈਦਾਨ 'ਤੇ ਬੈਠੇ ਸਨ ਤਾਂ ਟੀਮ ਇੰਡੀਆ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਆਏ ਅਤੇ ਉਨ੍ਹਾਂ ਨੂੰ ਸੰਭਾਲਿਆ।
ਬਾਅਦ ਵਿੱਚ ਹਾਰਦਿਕ ਪੰਡਯਾ ਨੇ ਵੀ ਸ਼੍ਰੇਅਸ ਦੀ ਪ੍ਰਸ਼ੰਸਾ ਕੀਤੀ।
ਹਾਰਦਿਕ ਨੇ ਕਿਹਾ, ਜਿਸ ਤਰ੍ਹਾਂ ਸ਼੍ਰੇਅਸ ਨੇ ਬੱਲੇਬਾਜ਼ੀ ਕੀਤੀ, ਉਨ੍ਹਾਂ ਨੇ ਜੋਖਮ ਲਿਆ ਅਤੇ ਕੁਝ ਸ਼ਾਨਦਾਰ ਸ਼ਾਟ ਖੇਡੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ