ਆਈਪੀਐੱਲ 2025: ਪੰਜਾਬ ਕਿੰਗਜ਼ ਦੀ ਬੈਂਗਲੁਰੂ ਖਿਲਾਫ਼ ਕਿਉਂ ਕਰਾਰੀ ਹਾਰ ਹੋਈ, ਬੱਲੇਬਾਜ਼ੀ ਕਿਉਂ ਢਹਿ-ਢੇਰੀ ਹੋਈ – 5 ਨੁਕਤਿਆਂ ਵਿੱਚ ਸਮਝੋ

    • ਲੇਖਕ, ਹਰਪਿੰਦਰ ਸਿੰਘ ਟੋਹੜਾ
    • ਰੋਲ, ਬੀਬੀਸੀ ਪੱਤਰਕਾਰ

ਆਈਪੀਐੱਲ ਦੇ ਪਹਿਲੇ ਕੁਆਲੀਫਾਇਰ ਵਿੱਚ ਪੰਜਾਬ ਕਿੰਗਜ਼ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਟੇਡੀਅਮ ਵਿਖੇ ਖੇਡੇ ਗਏ ਮੁਕਾਬਲੇ ਵਿੱਚ ਆਰਸੀਬੀ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ।

ਇਸ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੀ ਟੀਮ ਜਿਵੇਂ ਮਜ਼ਬੂਤ ਲਗ ਰਹੀ ਸੀ, ਵੀਰਵਾਰ ਨੂੰ ਆਰਸੀਬੀ ਦੇ ਖਿਲਾਫ਼ ਪੰਜਾਬ ਦੀ ਬੱਲੇਬਾਜ਼ੀ ਢਹਿਢੇਰੀ ਹੋ ਗਈ।

ਇਸ ਜਿੱਤ ਨਾਲ ਆਰਸੀਬੀ ਆਈਪੀਐੱਲ ਦੇ 18ਵੇਂ ਸੀਜ਼ਨ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਟੀਮ ਬਣ ਗਈ ਹੈ। ਆਈਪੀਐੱਲ ਪਲੇਆਫ ਇਤਿਹਾਸ ਵਿੱਚ ਬਾਕੀ ਬਚੀਆਂ ਗੇਂਦਾਂ ਦੇ ਹਿਸਾਬ ਨਾਲ ਆਰਸੀਬੀ ਨੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਆਰਸੀਬੀ ਨੇ 60 ਗੇਂਦਾਂ ਰਹਿੰਦਿਆਂ ਹੀ ਟੀਚੇ ਨੂੰ ਹਾਸਲ ਕਰ ਲਿਆ ਸੀ।

ਇਸ ਤੋਂ ਪਹਿਲਾਂ ਬੀਤੇ ਵਰ੍ਹੇ ਕੋਲਕਾਤਾ ਨੇ ਚੇਨੱਈ ਵਿਰੁੱਧ 57 ਗੇਂਦਾਂ ਪਹਿਲਾਂ ਰਹਿੰਦਿਆਂ ਮੈਚ ਜਿੱਤਿਆ ਸੀ।

ਆਰਸੀਬੀ ਚੌਥੀ ਵਾਰ ਆਈਪੀਐੱਲ ਦੇ ਫਾਈਨਲ ਵਿੱਚ ਪਹੁੰਚਣ 'ਚ ਕਾਮਯਾਬ ਰਹੀ ਹੈ। ਇਸ ਤੋਂ ਪਹਿਲਾਂ 9 ਸਾਲ ਪਹਿਲਾਂ ਯਾਨੀ 2016 ਵਿੱਚ ਆਰਸੀਬੀ ਨੇ ਫਾਈਨਲ ਦਾ ਟਿਕਟ ਹਾਸਿਲ ਕੀਤਾ ਸੀ।

ਦੂਜੇ ਪਾਸੇ ਪੰਜਾਬ ਕਿੰਗਜ਼ ਮੈਚ ਵਿੱਚ ਪੂਰੇ ਤਰੀਕੇ ਨਾਲ ਪਿਛੜਦੀ ਹੋਈ ਨਜ਼ਰ ਆਈ। ਇਸ ਰਿਪੋਰਟ ਵਿੱਚ ਅਸੀਂ ਪੰਜਾਬ ਕਿੰਗਜ਼ ਦੀ ਹਾਰ ਦੇ ਕਾਰਨਾਂ ਬਾਰੇ ਗੱਲ ਕਰਾਂਗੇ।

ਪੰਜਾਬ ਕਿੰਗਜ਼ ਦੀ ਮਾੜੀ ਸ਼ੁਰੂਆਤ

ਪਹਿਲੇ ਕੁਆਲੀਫਾਇਰ ਵਿੱਚ ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਦਾ ਇਹ ਫੈਸਲਾ ਬਿਲਕੁਲ ਸਹੀ ਸਾਬਿਤ ਹੋਇਆ। ਹਾਲਾਂਕਿ ਟਾਸ ਹਾਰਨ ਤੋਂ ਬਾਅਦ ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਵੀ ਪਹਿਲਾਂ ਗੇਂਦਬਾਜ਼ੀ ਕਰਨ ਦੀ ਇੱਛਾ ਜਤਾਈ ਸੀ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬਿਲਕੁਲ ਹੀ ਖਰਾਬ ਰਹੀ। ਮੈਚ ਦੇ ਦੂਜੇ ਹੀ ਓਵਰ ਵਿੱਚ 9 ਦੌੜਾਂ ਦੇ ਸਕੋਰ 'ਤੇ ਹੀ ਪ੍ਰਿਆਂਸ਼ ਆਰਿਆ ਦਾ ਵਿਕਟ ਡਿੱਗ ਗਿਆ, ਜਿਨ੍ਹਾਂ ਨੂੰ ਯਸ਼ ਦਿਆਲ ਨੇ ਆਊਟ ਕੀਤਾ। ਇਸ ਤੋਂ ਅਗਲੇ ਹੀ ਓਵਰ ਵਿੱਚ ਪ੍ਰਭਸਿਮਰਨ ਨੂੰ ਭੁਵਨੇਸ਼ਵਰ ਕੁਮਾਰ ਨੇ ਆਊਟ ਕਰਕੇ ਪੰਜਾਬ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ।

ਇਸ ਤੋਂ ਬਾਅਦ ਜੋਸ਼ ਹੇਜਲਵੁੱਡ ਨੇ ਪੰਜਾਬ ਦਾ ਲੱਕ ਤੋੜ ਦਿੱਤਾ। ਉਨ੍ਹਾਂ ਨੇ ਜੋਸ ਇੰਗਲਿਸ ਤੇ ਕਪਤਾਨ ਸ਼੍ਰੇਅਸ ਅਈਅਰ ਦਾ ਵਿਕਟ ਲੈ ਕੇ ਪੰਜਾਬ ਨੂੰ ਬਿਲਕੁਲ ਬੈਕਫੁੱਟ ਤੇ ਧੱਕ ਦਿੱਤਾ ਜਿੱਥੋਂ ਟੀਮ ਉਭਰ ਹੀ ਨਹੀਂ ਸਕੀ।

ਨੇਹਾਲ ਵਡੇਰਾ ਨੇ ਇਕ ਦੋ ਸ਼ਾਟ ਚੰਗੇ ਖੇਡੇ ਪਰ ਯਸ਼ ਦਿਆਲ ਨੇ ਉਨ੍ਹਾਂ ਨੂੰ ਬੋਲਡ ਕਰਕੇ ਪੰਜਾਬ ਦੀ ਅੱਧੀ ਟੀਮ ਵਾਪਸ ਪਵੇਲੀਅਨ ਭੇਜ ਦਿੱਤੀ। ਮਹੱਤਵਪੂਰਨ ਮੁਕਾਬਲੇ ਵਿੱਚ ਪੰਜਾਬ ਦੀ ਅੱਧੀ ਟੀਮ ਸਿਰਫ 50 ਦੌੜਾਂ 'ਤੇ ਹੀ ਵਾਪਸ ਜਾ ਚੁੱਕੀ ਸੀ।

ਰਹਿੰਦੀ ਕਸਰ ਪੰਜਾਬ ਦੇ ਮਿਡਲ ਆਰਡਰ ਨੂੰ ਸੁਏਸ਼ ਸ਼ਰਮਾ ਨੇ ਢਾਹ ਲਾ ਕੇ ਪੂਰੀ ਕਰ ਦਿੱਤੀ। ਸ਼ੁਏਸ਼ ਸ਼ਰਮਾ ਨੇ ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਸ ਅਤੇ ਮੁਸ਼ੀਰ ਖਾਨ ਨੂੰ ਆਊਟ ਕੀਤਾ।

ਜਿਹੜੀ ਟੀਮ ਦੇ ਬੱਲੇਬਾਜ਼ਾਂ ਨੇ 26 ਮਈ ਨੂੰ ਮੁੰਬਈ ਦੇ ਗੇਂਦਬਾਜ਼ਾਂ ਖ਼ਿਲਾਫ਼ 185 ਦੌੜਾਂ ਦੇ ਟੀਚਾ ਦਾ ਪਿੱਛਾ ਕੇਵਲ ਤਿੰਨ ਵਿਕਟ ਗਵਾ ਕੇ ਕੀਤਾ ਸੀ, ਉਹੀ ਪੰਜਾਬ ਕਿੰਗਜ਼ ਦੀ ਟੀਮ ਮੁੱਲਾਂਪੁਰ ਦੇ ਸਟੇਡੀਅਮ ਵਿੱਚ ਕਮਜ਼ੋਰ ਦਿਖਾਈ ਦਿੱਤੀ ਅਤੇ ਮਹਿਜ਼ 101 ਦੌੜਾਂ ਦੀ ਬਣਾ ਸਕੀ।

ਛੋਟੇ ਟੀਚੇ ਨੂੰ ਪੰਜਾਬ ਦੇ ਗੇਂਦਬਾਜ਼ ਵੀ ਬਚਾਉਣ ਵਿੱਚ ਅਸਫ਼ਲ ਦਿਖਾਈ ਦਿੱਤੇ। ਆਰਸੀਬੀ ਨੇ ਮਹਿਜ਼ 10 ਓਵਰਾਂ ਵਿੱਚ ਦੋ ਵਿਕਟਾਂ ਗਵਾ ਕੇ ਮੈਚ ਜਿੱਤ ਲਿਆ। ਆਰਸੀਬੀ ਵੱਲੋਂ ਫਿਲ ਸਾਲਟ ਨੇ 27 ਗੇਂਦਾਂ ਤੇ 56 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਨੇ 12, ਮਿਅੰਕ ਅਗਰਵਾਲ ਨੇ 19 ਅਤੇ ਕਪਤਾਨ ਪਾਟੀਦਾਰ ਨੇ 15 ਦੌੜਾਂ ਬਣਾਈਆਂ।

ਪੰਜਾਬ ਦੀ ਬੱਲੇਬਾਜ਼ੀ ਕਿਉਂ ਫੇਲ੍ਹ ਹੋਈ

ਕੁਆਲੀਫਾਇਰ 1 ਵਿੱਚ ਪੰਜਾਬ ਦੀ ਟੀਮ ਦੇ ਹਾਰਨ ਦੇ ਕੀ ਕਾਰਨ ਰਹੇ, ਇਸ ਬਾਬਤ ਭਾਰਤ ਦੇ ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਨਾਲ ਬੀਬੀਸੀ ਪੰਜਾਬੀ ਨੇ ਖ਼ਾਸ ਗੱਲਬਾਤ ਕੀਤੀ।

ਸਰਨਦੀਪ ਸਿੰਘ ਨੇ ਕਿਹਾ, ''ਪੰਜਾਬ ਦੀ ਟੀਮ ਦੇ ਹਾਰਨ ਦਾ ਸਭ ਤੋਂ ਵੱਡਾ ਕਾਰਨ ਬੱਲੇਬਾਜ਼ਾਂ ਵੱਲੋਂ ਕੀਤੀ ਗਈ ਖਰਾਬ ਸ਼ਾਰਟ ਸਿਲੈਕਸ਼ਨ ਹੀ ਰਹੀ।''

ਉਨ੍ਹਾਂ ਕਿਹਾ, ''ਪੰਜਾਬ ਦੇ ਤਕਰੀਬਨ ਸਾਰੇ ਬੱਲੇਬਾਜ਼ਾਂ ਨੇ ਗੈਰ ਜ਼ਿੰਮੇਦਾਰੀ ਦਿਖਾਈ। ਤਕਰੀਬਨ ਸਾਰੇ ਬੱਲੇਬਾਜ਼ ਖਰਾਬ ਸ਼ਾਰਟ ਖੇਡ ਕੇ ਆਊਟ ਹੋਏ ਜਿਸ ਕਾਰਨ ਟੀਮ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਨਾਕਾਮ ਰਹੀ।''

ਸਰਨਦੀਪ ਕਹਿੰਦੇ ਹਨ, ''ਪੰਜਾਬ ਦੇ ਬੱਲੇਬਾਜ਼ ਜੋਸ਼ ਹੇਜ਼ਲਵੁੱਡ ਜੋ ਕਿ ਦੁਨੀਆਂ ਦੇ ਟੌਪ ਗੇਂਦਬਾਜ਼ਾਂ ਵਿੱਚੋਂ ਇੱਕ ਹਨ, ਉਨ੍ਹਾਂ ਖ਼ਿਲਾਫ਼ ਵੀ ਦੇਖ ਕੇ ਨਹੀਂ ਖੇਡੇ। ਪ੍ਰਭਸਿਮਰਨ ਸਿੰਘ, ਨੇਹਾਲ ਵਡੇਰਾ, ਕਪਤਾਨ ਸ਼੍ਰੇਅਸ ਅਈਅਰ, ਸਟੋਇਨਸ ਅਤੇ ਸ਼ਸ਼ਾਂਕ ਸਿੰਘ ਨੇ ਬਿਲਕੁਲ ਗੈਰ ਜ਼ਿੰਮੇਦਾਰਾਨਾ ਸ਼ਾਰਟ ਖੇਡੇ।''

‘ਮਿਡਿਲ ਆਡਰ ਨੇ ਮੋਰਚਾ ਨਹੀਂ ਸਾਂਭਿਆ’

ਸ਼ਸ਼ਾਂਕ ਸਿੰਘ ਬਾਰੇ ਸਰਨਦੀਪ ਸਿੰਘ ਕਹਿੰਦੇ ਹਨ ਕਿ ''ਉਹ ਹਮੇਸ਼ਾ ਟਿਕ ਕੇ ਬੱਲੇਬਾਜ਼ੀ ਕਰਦੇ ਹਨ। ਪਰ ਜਦੋਂ ਵਿਕਟਾਂ ਡਿੱਗ ਰਹੀਆਂ ਸੀ ਤਾਂ ਉਨ੍ਹਾਂ ਨੂੰ ਵੀ ਥੋੜ੍ਹਾ ਸਮਾਂ ਟਿਕਣਾ ਚਾਹੀਦਾ ਸੀ। ਜੇਕਰ ਉਪਰਲੇ ਬੱਲੇਬਾਜ਼ਾਂ ਨੇ ਟਿਕ ਕੇ ਬੱਲੇਬਾਜ਼ੀ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਥੋੜ੍ਹਾ ਸਬਰ ਦਿਖਾਉਣਾ ਚਾਹੀਦਾ ਸੀ।''

ਸਰਨਦੀਪ ਸਿੰਘ ਕਹਿੰਦੇ ਹਨ ਕਿ ''ਜੇਕਰ ਮਿਡਲ ਆਰਡਰ ਦੇ ਬੱਲੇਬਾਜ਼ ਥੋੜ੍ਹਾ ਟਿਕ ਕੇ ਖੇਡਦੇ ਤਾਂ ਟੀਮ ਦਾ ਸਕੋਰ ਅਰਾਮ ਨਾਲ 160-170 ਬਣ ਜਾਣਾ ਸੀ।''

ਗੇਂਜਬਾਜ਼ੀ ਨੇ ਵੀ ਨਿਰਾਸ਼ ਕੀਤਾ

ਸਰਨਦੀਪ ਕਹਿੰਦੇ ਹਨ ''ਜਿਸ ਤਰ੍ਹਾਂ ਪੰਜਾਬ ਦੀ ਟੀਮ ਨੇ ਕ੍ਰਿਕਟ ਖੇਡੀ, ਇਸ ਨੂੰ ਅਨੁਸ਼ਾਸਨਹੀਣਤਾ ਕਿਹਾ ਜਾਵੇਗਾ।''

ਪੰਜਾਬ ਦੀ ਗੇਂਦਬਾਜ਼ੀ ਬਾਰੇ ਸਰਨਦੀਪ ਸਿੰਘ ਕਹਿੰਦੇ ਹਨ ਕਿ ਉਸ ਵਿੱਚ ਵੀ ਟੀਮ ਨੇ ਨਿਰਾਸ਼ ਕੀਤਾ। ਉਨ੍ਹਾਂ ਕਿਹਾ ਕਿ ''ਗੇਂਦਬਾਜ਼ੀ ਵਿੱਚ ਵੀ ਪੰਜਾਬ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਜੇਕਰ ਬੱਲੇਬਾਜ਼ ਫੇਲ੍ਹ ਰਹੇ ਤਾਂ ਘੱਟੋ-ਘੱਟ ਗੇਂਦਬਾਜ਼ਾਂ ਨੂੰ ਤਾਂ ਅਜਿਹਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਜਿਸ ਨਾਲ ਲੱਗੇ ਕਿ ਟੀਮ ਲੜ ਰਹੀ ਹੈ।''

ਅਰਸ਼ਦੀਪ ਬਾਰੇ ਸਰਨਦੀਪ ਕਹਿੰਦੇ ਹਨ ਕਿ ''ਉਨ੍ਹਾਂ ਨੇ ਵੀ ਸਟਾਰਟ ਚੰਗਾ ਨਹੀਂ ਦਿੱਤਾ। ਜੇਕਰ ਕਿਸੇ ਟੀਮ ਨੇ ਛੋਟੇ ਟੀਚੇ ਨੂੰ ਡਿਫੈਂਡ ਕਰਨਾ ਹੋਵੇ ਤਾਂ ਉਸਦੇ ਸਭ ਤੋਂ ਮੁੱਖ ਗੇਂਦਬਾਜ਼ ਨੂੰ ਸ਼ੁਰੂਆਤ ਵਿੱਚ ਵਿਕਟ ਕੱਢ ਕੇ ਦੇਣੇ ਹੁੰਦੇ ਹਨ ਪਰ ਅਰਸ਼ਦੀਪ ਅਜਿਹਾ ਕਰਨ ਵਿੱਚ ਪਿਛਲੇ ਕੁੱਝ ਮੈਚਾਂ ਵਿੱਚ ਨਾਕਾਮ ਨਜ਼ਰ ਆ ਰਹੇ ਹਨ।”

‘ਓਵਰ ਕਾਨਫੀਡੈਂਸ ਵੀ ਵਜ੍ਹਾ ਰਹੀ’

ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਪੰਜਾਬ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਇਸ ਬਾਰੇ ਸਾਬਕਾ ਕ੍ਰਿਕਟਰ ਸਰਨਦੀਪ ਸਿੰਘ ਕਹਿੰਦੇ ਹਨ ਕਿ ''ਹਾਂ ਪਹਿਲੇ ਕੁੱਝ ਓਵਰਾਂ ਵਿੱਚ ਗੇਂਦ ਜ਼ਰੂਰ ਹਿੱਲ ਰਹੀ ਸੀ। ਪਰ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ (ਬੱਲੇਬਾਜ਼) ਗੈਰ ਜ਼ਿੰਮਵਾਰੀ ਨਾਲ ਸ਼ਾਟ ਖੇਡੋ। ਸਿਰਫ਼ ਪ੍ਰਿਆਂਸ਼ ਆਰਿਆ ਹੀ ਸਵਿੰਗ ਗੇਂਦ ਕਾਰਨ ਆਊਟ ਹੋਏ, ਪਰ ਬਾਕੀ ਬੱਲੇਬਾਜ਼ ਸਭ ਆਪਣੀ ਗਲਤੀ ਕਾਰਨ ਆਊਟ ਹੋਏ।''

ਸਰਨਦੀਪ ਸਿੰਘ ਇਹ ਵੀ ਕਹਿੰਦੇ ਹਨ ਕਿ ''ਪੰਜਾਬ ਦੀ ਟੀਮ ਵਿੱਚ ਓਵਰ ਕਾਨਫੀਡੈਂਸ ਵੀ ਨਜ਼ਰ ਆਇਆ ਹੈ। ਮੁੰਬਈ ਦੇ ਮੁਕਾਬਲੇ ਇੱਥੇ ਹੋਇਆ ਉਲਟ। ਕਿਉਂਕਿ ਆਰਸੀਬੀ ਬਿਹਤਰ ਤਿਆਰੀ ਨਾਲ ਮੈਦਾਨ ਤੇ ਉਤਰੀ ਸੀ। ਲਖਨਊ ਦੇ ਖ਼ਿਲਾਫ਼ 228 ਦੌੜਾਂ ਦਾ ਟਾਰਗੇਟ ਚੇਜ਼ ਕਰਕੇ ਆਈ ਸੀ। ਬੈਂਗਲੁਰੂ ਦਾ ਕੌਨਫੀਡੈਂਸ ਲੈਵਲ ਵੀ ਮੈਦਾਨ 'ਤੇ ਵੱਖਰਾ ਦਿਖਾਈ ਦਿੱਤਾ।''

ਆਉਣ ਵਾਲੇ ਮੁਕਾਬਲੇ ਵਿੱਚ ਟੀਮ ਕਿਵੇਂ ਖੇਡੇ?

ਇਸ ਬਾਰੇ ਸਰਨਦੀਪ ਸਿੰਘ ਕਹਿੰਦੇ ਹਨ ''ਹੁਣ ਪੰਜਾਬ ਕੋਲ ਇੱਕ ਮੌਕਾ ਹੋਰ ਹੈ। ਪੰਜਾਬ ਦੀ ਟੀਮ ਨੂੰ ਆਪਣੀ ਗਲਤੀ ਮੰਨਣੀ ਪਵੇਗੀ ਤੇ ਆਤਮ ਚਿੰਤਨ ਕਰਨਾ ਪਵੇਗਾ। ਕਿਉਂਕਿ ਜੇਕਰ ਹੁਣ ਕੁਆਲੀਫਾਇਰ 2 ਵੀ ਹਾਰ ਗਏ ਤਾਂ ਫੇਰ ਹੱਥ ਕੁੱਝ ਨਹੀਂ ਆਉਣਾ।''

ਸਰਨਦੀਪ ਸਿੰਘ ਕਹਿੰਦੇ ਹਨ ਕਿ ਪੰਜਾਬ ਦੀ ਟੀਮ ਨੂੰ ਆਪਣੀ ਹਰ ਉਹ ਗਲਤੀ ਸੁਧਾਰਨੀ ਪਵੇਗੀ ਜੋ ਉਸ ਨੇ ਇਸ ਮੈਚ ਵਿੱਚ ਕੀਤੀ ਹੈ।

ਪੰਜਾਬ ਦੇ ਮੈਚ ਹੁਣ ਮੁੰਬਈ ਤੇ ਗੁਜਰਾਤ 'ਚੋਂ ਜਿੱਤਣ ਵਾਲੀ ਟੀਮ ਨਾਲ 1 ਜੂਨ ਨੂੰ ਅਹਿਮਦਾਬਾਦ ਵਿਖੇ ਹੋਵੇਗਾ।

ਸਰਨਦੀਪ ਸਿੰਘ ਕਹਿੰਦੇ ਹਨ ''ਜੇਕਰ ਉਸ ਮੁਕਾਬਲੇ ਵਿੱਚ ਪਹਿਲਾਂ ਬੱਲੇਬਾਜ਼ੀ ਆਉਂਦੀ ਹੈ ਤਾਂ ਟੀਮ ਨੂੰ 200 ਦਾ ਸਕੋਰ ਬਣਾਉਣਾ ਪਵੇਗਾ ਜੇਕਰ ਜਿੱਤਣਾ ਹੈ ਜਾਂ ਘੱਟੋ ਘੱਟ 180।''

ਲੀਗ ਗੇੜ ਵਿੱਚ ਪੰਜਾਬ ਦਾ ਪ੍ਰਦਰਸ਼ਨ

ਪੰਜਾਬ ਦੀ ਟੀਮ ਨੇ ਲੀਗ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪੰਜਾਬ 19 ਅੰਕਾਂ ਨਾਲ ਟੇਬਲ ਟਾਪਰ ਵੀ ਰਿਹਾ। ਪੰਜਾਬ ਨੇ ਲੀਗ ਦੇ 14 ਮੈਚਾਂ 'ਚੋਂ 9 ਮੁਕਾਬਲੇ ਜਿੱਤੇ ਅਤੇ 4 ਵਿੱਚ ਹਾਰ ਮਿਲੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)