You’re viewing a text-only version of this website that uses less data. View the main version of the website including all images and videos.
ਪੰਜਾਬ ਯੂਨੀਵਰਸਿਟੀ ਵਿੱਚ ਬੈਰੀਕੇਡ ਟੁੱਟੇ, ਵੀਸੀ ਦਫ਼ਤਰ ਮੂਹਰੇ ਸਟੇਜ ਲੱਗੀ, ਇਸ ਮੁਜ਼ਾਹਰੇ ਦਾ ਕੀ ਅਸਰ ਹੋਣਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਅਸਰ ਸਵੇਰ ਤੋਂ ਹੀ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਦੇ ਹੱਕ ਵਿੱਚ ਨਿਤਰਨ ਲਈ ਅੱਜ ਪੰਜਾਬ ਦੀਆਂ ਕਈ ਜਥੇਬੰਦੀਆਂ ਵੀ ਯੂਨੀਵਰਸਿਟੀ ਪਹੁੰਚੀਆਂ।
ਮੁਜ਼ਾਹਰਾਕਾਰੀਆਂ ਵੱਲੋਂ ਹੁਣ ਵਾਈਸ ਚਾਂਸਲਰ ਦੇ ਦਫ਼ਤਰ ਦੇ ਸਾਹਮਣੇ ਸਟੇਜ ਲਗਾ ਕੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਮਾਹੌਲ ਤਣਾਅ ਵਾਲਾ ਹੁੰਦਾ ਦੇਖ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਯੂਨੀਵਰਸਿਟੀ ਦੇ ਤਿੰਨੋ ਗੇਟ ਪੁਲਿਸ ਨੇ ਆਪਣੇ ਪਹਿਰੇ ਹੇਠ ਬੰਦ ਕੀਤੇ ਹੋਏ ਸੀ। ਪਰ ਜਿਵੇਂ ਹੀ ਵਿਦਿਆਰਥੀ ਅਤੇ ਹੋਰ ਜਥੇਬੰਦੀਆਂ ਦੇ ਹੋਏ ਲੋਕ ਗੇਟਾਂ ਵੱਲ ਵਧੇ ਤਾਂ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।
ਕਾਫ਼ੀ ਜਦੋਂ ਜਹਿਦ ਤੋਂ ਬਾਅਦ ਵਿਦਿਆਰਥੀਆਂ ਨੇ ਪੀਜੀਆਈ ਦੇ ਸਾਹਮਣੇ ਯੂਨੀਵਰਸਿਟੀ ਦੇ ਗੇਂਟ ਨੰਬਰ 1 ਵਿਚੋਂ ਨਿਕਲਣ ਲਈ ਆਪਣਾ ਰਾਹ ਬਣਾ ਲਿਆ। ਇੱਥੋਂ ਪੁਲਿਸ ਦੀਆਂ ਸਾਰੀਆਂ ਰੋਕਾਂ ਤੋੜਦੇ ਹੋਏ ਪ੍ਰਦਰਸ਼ਨਕਾਰੀ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਗਏ।
ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਬਾਕੀ ਗੇਟ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ।
ਬੀਤੀ ਰਾਤ ਵੀ ਯੂਨੀਵਰਸਿਟੀ ਵਿੱਚ ਹੰਗਾਮਾ ਹੋਇਆ ਸੀ। 10 ਨਵੰਬਰ ਨੂੰ ਜੋ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਦੇਖਦਿਆਂ ਪੁਲਿਸ ਰਾਤ ਹੀ ਵੱਡੀ ਗਿਣਤੀ ਵਿੱਚ ਤੈਨਾਤ ਕਰ ਦਿੱਤੀ ਗਈ ਸੀ। ਜਿਸ ਕਰਕੇ ਵਿਦਿਆਰਥੀਆਂ ਨੇ ਐਲਾਨ ਕੀਤਾ ਸੀ ਕਿ ਸਵੇਰੇ ਪੁਲਿਸ ਜਿੱਥੇ ਵੀ ਰੋਕੇਗੀ ਅਸੀਂ ਉੱਥੇ ਹੀ ਧਰਨੇ 'ਤੇ ਬੈਠ ਜਾਵਾਂਗੇ।
ਯੂਨੀਵਰਸਿਟੀ ਅੰਦਰ ਵਾਈਸ ਚਾਂਸਲਰ ਦਫ਼ਤਰ ਦੇ ਨੇੜੇ ਲਗਾਈ ਗਈ ਸਟੇਜ ਤੋਂ ਅੱਜ ਵੀ ਸਿਆਸੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਇੱਥੋਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅੱਗੇ ਇਹੀ ਮੰਗ ਰੱਖੀ ਕਿ ਯੂਨੀਵਰਸਿਟੀ 'ਤੇ ਪੰਜਾਬ ਦਾ ਹੱਕ ਹੈ।
ਕੀ ਹੈ ਮਸਲਾ
ਦਰਅਸਲ ਇਹ ਵਿਵਾਦ ਕੇਂਦਰ ਸਰਕਾਰ ਵੱਲੋਂ 28 ਅਕਤੂਬਰ ਨੂੰ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਵਿੱਚ ਵੱਡੇ ਬਦਲਾਅ ਕੀਤੇ ਜਾਣ ਦੇ ਫ਼ੈਸਲੇ ਨਾਲ ਸ਼ੁਰੂ ਹੋਇਆ ਸੀ। ਕੇਂਦਰ ਦੇ ਇਸ ਫ਼ੈਸਲੇ ਦਾ ਵਿਰੋਧ ਯੂਨੀਵਰਸਿਟੀ ਤੋਂ ਬਾਹਰ ਪੰਜਾਬ ਤੱਕ ਗਿਆ।
ਇਸ 'ਤੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਨੇ ਭਾਜਪਾ ਸਰਕਾਰ ਨੂੰ ਘੇਰਿਆ ਅਤੇ ਪੰਜਾਬ ਦੇ ਹੱਕਾਂ 'ਤੇ ਡਾਕਾ ਕਰਾਰ ਦਿੱਤਾ।
ਵਿਰੋਧ ਭੱਖਦਾ ਦੇਖ ਕੇਂਦਰ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪੈ ਗਿਆ ਸੀ। ਇਸ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਯੂਨੀਵਰਸਿਟੀ ਬੰਦ ਦਾ ਐਲਾਨ ਕਰ ਚੁੱਕੀਆਂ ਸਨ।
ਐਤਵਾਰ 9 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਸੈਨੇਟ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਤਹਿਤ ਅੱਜ ਪੀਯੂ 'ਚ ਸਵੇਰ ਤੋਂ ਹੀ ਮਾਹੌਲ ਤਣਾਅਪੂਰਣ ਬਣਿਆ ਰਿਹਾ। ਵਿਦਿਆਰਥੀ ਕੇਂਦਰ ਸਰਕਾਰ ਅੱਗੇ ਮੰਗ ਕਰ ਰਹੇ ਹਨ ਕਿ ਸੈਨੇਟ ਚੋਣਾਂ ਸਬੰਧੀ ਕੇਂਦਰ ਸਰਕਾਰ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ।
ਯੂਨੀਵਰਸਿਟੀ ਪਹੁੰਚੀਆਂ ਹਸਤੀਆਂ ਨੇ ਕੀ ਕਿਹਾ
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਐੱਮਪੀ ਚਰਨਜੀਤ ਸਿੰਘ ਚੰਨੀ ਵੀ ਯੂਨੀਵਰਸਿਟੀ ਪਹੁੰਚੇ ਅਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਨਹੀਂ ਹੋਣ ਦੇਵਾਂਗੇ, ਇਸ ਮੁੱਦੇ 'ਤੇ ਸਾਰਾ ਪੰਜਾਬ ਇੱਕਮੁੱਠ ਹੋ ਕੇ ਲੜਾਈ ਲੜ ਰਿਹਾ ਹੈ।
ਚਰਨਜੀਤ ਸਿੰਘ ਚੰਨੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ, "ਅਸੀਂ ਕਾਲਜ ਤੋਂ ਲੈ ਕੇ ਪੀਐੱਚਡੀ ਤੱਕ ਯੂਨੀਵਰਸਿਟੀ ਨਾਲ ਜੁੜੇ ਹੋਏ ਹਾਂ। ਇਸ ਨਾਲ ਸਾਡੀਆਂ ਰੂਹ ਦੀਆਂ ਤੰਦਾਂ ਜੁੜੀਆਂ ਹੋਈਆਂ ਹਨ।"
"ਯੂਨੀਵਰਸਿਟੀ ਸਾਡੀ ਮਾਂ ਹੁੰਦੀ ਹੈ ਤੇ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ। ਸਰਕਾਰਾਂ ਯੂਨੀਵਰਸਿਟੀ ਦਾ ਵਾਲ ਵੀ ਵੀਂਗਾ ਨਹੀਂ ਕਰ ਸਕਦੀਆਂ। ਇੱਥੇ ਠਾਠਾ ਮਾਰਦਾ ਇਕੱਠ ਦੱਸ ਰਿਹਾ ਹੈ ਪੰਜਾਬ ਦੇ ਹਰੇਕ ਘਰ ਵਿੱਚ ਯੂਨੀਵਰਸਿਟੀ ਦਾ ਪੜ੍ਹਿਆ ਵਿਦਿਆਰਥੀ ਬੈਠਾ ਹੈ।"
ਚੰਨੀ ਨੇ ਅੱਗੇ ਕਿਹਾ, "ਪੰਜਾਬ, ਹਰਿਆਣਾ ਅਤੇ ਹਿਮਾਚਲ ਤੱਕ ਸਾਰਿਆਂ ਦੀ ਰੂਹ ਕੰਬੀ ਹੈ ਅਤੇ ਕੇਂਦਰ ਸਰਕਾਰ ਇੱਕ-ਇੱਕ ਕਰ ਕੇ ਸਾਡੇ ਇੰਸਟੀਚਿਊਸ਼ਨ ਨੂੰ ਦਬਾ ਰਹੀ ਹੈ। ਹੁਣ ਇਹ ਪੰਜਾਬ ਯੂਨੀਵਰਸਿਟੀ ਉੱਤੇ ਕਬਜ਼ਾ ਕਰਨ ਦੀ ਸੋਚ ਨਾਲ ਅੱਗੇ ਵਧੇ ਹਨ। ਪਰ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਹ ਲੜਾਈ ਵਿੱਢੀ ਹੈ। ਸਾਨੂੰ ਸਾਰੀਆਂ ਮੰਗਾਂ ਪੂਰੀਆਂ ਹੁੰਦੀਆਂ ਤੱਕ ਲੜਨਾ ਪੈਣਾ ਹੈ।"
ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੈਸ਼ਨ ਬੁਲਾ ਕੇ ਯੂਨੀਵਰਸਿਟੀ ਦੇ ਹੱਕ ਵਿੱਚ ਗੱਲ ਕਰਨੀ ਚਾਹੀਦੀ ਹੈ।
ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੀ ਇਨ੍ਹਾਂ ਵਿਦਿਆਰਥੀਆਂ ਦੇ ਸਮਰਥਨ ਵਿੱਚ ਆਈ। ਕਿਸਾਨ ਮੋਹਾਲੀ ਦੇ ਫੇਜ 6 ਤੋਂ ਚੰਡੀਗੜ੍ਹ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਿਹਨਾਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸਨ।
ਪਰ ਇਹ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇ। ਇਸ ਜਥੇਬੰਦੀ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਕਰ ਰਹੇ ਸਨ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, "ਮੁੱਦਾ ਅੱਜ ਸਿਰਫ਼ ਯੂਨੀਵਰਸਿਟੀ ਤੱਕ ਸੀਮਤ ਨਹੀਂ ਰਹਿ ਗਿਆ। ਪੰਜਾਬ ਦੀਆਂ ਸਾਰੀਆਂ ਮੰਗਾਂ ਲਈ ਪੰਜਾਬੀਆਂ ਦੇ ਵਿੱਚ ਮੁੜ ਇੱਕ ਵਾਰ ਉਮੰਗ ਪੈਦਾ ਹੋਈ ਹੈ। ਪੰਜਾਬ ਨਾਲ ਲਗਤਾਰ ਵਾਰ-ਵਾਰ ਧੱਕ ਹੁੰਦਾ ਰਿਹਾ ਹੈ।"
"ਸਾਡੇ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਯੂਨੀਵਰਸਿਟੀ ਦਾ ਮਸਲਾ, ਅਨੇਕਾਂ ਮਸਲੇ ਹਨ ਅਤੇ ਅਨੇਕਾ ਵਾਰ ਸਾਡੇ ਨਾਲ ਠੱਗੀ ਹੋਈ ਹੈ। ਮੈਂ ਸਮਝਦਾ ਇਸ ਲਈ ਸਮੇਂ-ਸਮੇਂ ਦੀ ਸਿਆਸੀ ਲੀਡਰਸ਼ਿਪ ਜ਼ਿੰਮੇਵਾਰ ਸੀ, ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਦਾ ਧਿਆਨ ਨਹੀਂ ਕੀਤਾ।"
ਵਿਦਿਆਰਥੀਆਂ ਦੇ ਸਮਰਥਨ 'ਚ ਆਏ ਤੇਜਾ ਸਿੰਘ ਨਾਗਰਾ ਨੇ ਕਿਹਾ, "ਇਹ ਸਾਡੀ ਹੋਂਦ ਦਾ ਸਵਾਲ ਹੈ। ''ਕੇਂਦਰ ਸਰਕਾਰ ਯੂਨੀਵਰਸਿਟੀ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਸੈਨੇਟ ਭੰਗ ਕੀਤੇ ਜਾਣ ਦਾ ਨੋਟੀਫਿਕੇਸ਼ਨ ਰੱਦ ਤਾਂ ਹੋ ਗਿਆ ਪਰ ਜਦੋਂ ਤੱਕ ਕੇਂਦਰ ਸੈਨੇਟ ਚੋਣਾਂ ਦਾ ਐਲਾਨ ਨਹੀਂ ਕਰਦੀ ਉਦੋਂ ਤੱਕ ਯਕੀਨ ਨਹੀਂ ਕੀਤਾ ਜਾ ਸਕਦਾ।''
ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਾਲਵਿੰਦਰ ਸਿੰਘ ਕੰਗ ਵੀ ਵਿਦਿਆਰਥੀਆਂ ਦੇ ਸਮਥਰਨ ਲਈ ਪਹੁੰਚੇ।
ਧਰਨਿਆਂ ’ਚ ਵੱਡੇ ਇਕੱਠ ਦਾ ਕੀ ਮਤਲਬ
ਬੀਬੀਸੀ ਪੱਤਰਕਾਰ ਰਾਹੁਲ ਕਾਲਾ ਨਾਲ ਗੱਲਬਾਤ ਵਿੱਚ ਰਾਜਨੀਤਿਕ ਵਿਗਿਆਨੀ ਪ੍ਰੋ. ਮੁਹੰਮਦ ਖਾਲਿਦ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ 46 ਸਾਲਾਂ ਦੇ ਤਜਰਬੇ 'ਚ ਯੂਨੀਵਰਸਿਟੀ ਅੰਦਰ ਐਨਾ ਵੱਡਾ ਪ੍ਰਦਰਸ਼ਨ ਨਹੀਂ ਹੋਇਆ।
ਉਨ੍ਹਾ ਕਿਹਾ, ''ਸਾਡੇ ਵਿਦਿਅਕ ਅਦਾਰਿਆਂ 'ਤੇ ਰਾਜਨੀਤੀ ਭਾਰੀ ਨਹੀਂ ਪੈਣੀ ਚਾਹੀਦੀ। ਪੰਜਾਬ ਯੂਨੀਵਰਸਿਟੀ 'ਚ ਅੱਜ 8 ਤੋਂ 10 ਹਜ਼ਾਰ ਲੋਕ ਪਹੁੰਚੇ ਸਨ ਜਿਨ੍ਹਾਂ ਦਾ ਨਾ ਤਾ ਵਿਦਿਅਕ ਢਾਂਚੇ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਯੂਨੀਵਰਸਿਟੀ ਦੀ ਸਮਝ ਅਤੇ ਨਾ ਹੀ ਸੈਨੇਟ ਸਿੰਡੀਕੇਟ ਨੂੰ ਸਮਝਦੇ ਹਨ।”
“ਪਰ ਇਹ ਲੋਕ ਉਹ ਨੇ ਜੋ ਸਮਝਦੇ ਹਨ ਕਿ ਯੂਨੀਵਰਸਿਟੀ ਨਾਲ ਧੱਕਾ ਹੋ ਰਿਹਾ ਹੈ। ਸੈਨੇਟ ਸਿੰਡੀਕੇਟ ਖ਼ਤਮ ਹੋ ਰਹੀ ਹੈ ਪੰਜਾਬੀ ਯੂਨੀਵਰਸਿਟੀ ਕੇਂਦਰ ਸਰਕਾਰ ਲੈ ਕੇ ਜਾ ਰਹੀ ਹੈ।''
ਪ੍ਰੋ. ਮੁਹੰਮਦ ਖ਼ਾਲਿਦ ਨੇ ਕਿਹਾ ਕਿ ਇਸ ਇਕੱਠ ਉਹ ਲੋਕ ਵੀ ਆਏ ਸਨ ਜੋ ਭਾਵਨਾਤਮਕ ਤੌਰ 'ਤੇ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਅਤੇ ਇਸ ਨੂੰ ਪੰਜਾਬ ਦਾ ਇੱਕ ਇਤਿਹਾਸਕ ਹਿੱਸਾ ਸਮਝਦੇ ਹਨ।
ਉਨ੍ਹਾ ਨੇ ਕਿਹਾ, ''ਕੇਂਦਰ ਸਰਕਾਰ ਸੈਨੇਟ ਸਿੰਡੀਕੇਟ ਖ਼ਤਮ ਨਹੀਂ ਕਰ ਰਹੀ ਸੀ ਇਸ ਵਿੱਚ ਕੁੱਝ ਬਦਲਾਅ ਕਰਨੇ ਸੀ ਜੋ ਲੋਕਾਂ ਨੂੰ ਪਸੰਦ ਨਹੀਂ ਆਏ। ਭੰਗ ਕਰਨ ਵਾਲਾ ਨੋਟੀਫਿਕੇਸ਼ਨ ਵਾਪਸ ਲਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਨਾਲ ਹੀ ਸੈਨੇਟ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦੇਣਾ ਚਾਹੀਦਾ ਸੀ।”
ਪ੍ਰੋ. ਮੁਹੰਮਦ ਖ਼ਾਲਿਦ ਨੇ ਕਿਹਾ, “ਸਰਕਾਰਾਂ ਨੂੰ ਸਟੇਕਹੋਲਡਰ ਨੂੰ ਬਿਨਾਂ ਭਰੋਸੇ 'ਚ ਲਏ ਅਜਿਹੇ ਫੈਸਲੇ ਨਹੀਂ ਕਰਨੇ ਚਾਹੀਦੇ ਜਿਸ 'ਤੇ ਫਿਰ ਲੋਕ ਪ੍ਰਤੀਕਿਰਿਆ ਦੇਣ। ਪੰਜਾਬ ਵਿੱਚ ਚੰਡੀਗੜ੍ਹ ਤਾਂ ਪਹਿਲਾਂ ਹੀ ਇੱਕ ਵੱਖਰਾ ਮੁੱਦਾ ਹੈ ਤੇ ਦੂਜਾ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਿਸਟੀ ਉਸ ਨਾਲੋਂ ਵੀ ਗਹਿਰਾ ਮਾਮਲਾ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਨਾਲ ਸਾਡੀਆਂ ਕਦਰਾਂ, ਕੀਮਤਾਂ, ਪਿਛੋਕੜ, ਇਤਿਹਾਸ, ਸੱਭਿਆਚਾਰ ਜੁੜਿਆ ਹੋਇਆ ਹੈ।”
ਪ੍ਰੋ. ਮੁਹੰਮਦ ਖ਼ਾਲਿਦ ਨੇ ਅੱਗੇ ਦੱਸਿਆ, ''ਇਨ੍ਹਾਂ ਧਰਨਿਆਂ ਦਾ ਨੁਕਸਾਨ ਸਿੱਧੇ ਤੌਰ 'ਤੇ ਯੂਨੀਵਰਸਿਟੀ ਨੂੰ ਹੀ ਹੋਵੇਗਾ। ਵਿਦਿਅਕ ਸੈਸ਼ਨ ਜ਼ੋਰਾਂ 'ਤੇ ਇਸ ਸਮੇਂ ਚੱਲ ਰਿਹਾ ਹੈ ਅਤੇ ਧਰਨਿਆਂ ਕਰਕੇ ਕਲਾਸਾਂ ਛੁੱਟ ਰਹੀਆਂ, ਪੀਐਚਡੀ ਦੇ ਵਾਈਵਾ ਵੀ ਛੁੱਟ ਰਿਹਾ ਹੈ। ਯੂਨੀਵਰਸਿਟੀ ਨਾਲ ਹਰ ਲੋਕ ਜੁੜੇ ਹੁੰਦੇ ਜੋ ਹੁਣ ਇਸ ਸਭ ਠੱਪ ਹੋ ਗਿਆ ਹੈ। ਯੂਨੀਵਰਸਿਟੀ ਦੀ ਰੈਂਕਿੰਗ 'ਤੇ ਵੀ ਹੋ ਸਕਦਾ ਇਸ ਪ੍ਰਦਰਸ਼ਨ ਦਾ ਮਾੜਾ ਅਸਰ ਪਵੇ ਜਿਸ ਦਾ ਸਿੱਧਾ ਅਸਰ ਅਧਿਆਪਕਾਂ 'ਤੇ ਵੀ ਪਵੇਗਾ।
ਸਿਆਸੀ ਮਾਮਲਿਆਂ ਦਾ ਮਾਹਰ ਪਿਆਰੇ ਲਾਲ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਹੈ ਯੂਥ ਸਿਆਣੀ ਬਣ ਕੇ ਅੱਗੇ ਆ ਰਹੀ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਡਟ ਕੇ ਖੜ੍ਹੇ ਰਹੋ। ਹੁਣ ਦੀ ਸਰਕਾਰ ਨੇ ਸਾਡੀ ਬੀਬੀਐੱਮਬੀ ਵੀ ਗਵਾ ਦਿੱਤਾ, ਚੰਡੀਗੜ੍ਹ ਸੈਕਟਰੀਏਟ ਵੀ ਗਵਾ ਦਿੱਤਾ, ਸਾਡੇ ਪਾਣੀਆਂ ਉੱਤੇ ਕਬਜ਼ਾ ਕਰਵਾ ਦਿੱਤਾ ਤੇ ਸਾਡੀ ਯੂਨੀਅਨ ਵੀ ਖੋਹ ਰਹੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ