ਸੰਸਦ ਘੇਰਨ ਜਾ ਰਹੇ ਭਲਵਾਨਾਂ ਨੂੰ ਧੱਕਾਮੁੱਕੀ ਮਗਰੋਂ ਹਿਰਾਸਤ 'ਚ ਲਿਆ, ਦਿੱਲੀ ਬਾਰਡਰਾਂ ਉੱਤੇ ਰੋਕੇ ਗਏ ਕਿਸਾਨ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੇ ਕਿਹਾ, “ਅਸੀਂ ਹੱਥ ਬੰਨ ਕੇ ਬੇਨਤੀ ਕੀਤੀ ਸੀ ਕਿ ਸਾਨੂੰ ਜਾਣ ਦਿੱਤਾ ਜਾਵੇ, ਅਸੀਂ ਸ਼ਾਂਤੀ ਨਾਲ ਜਾਣਾ ਚਹੁੰਦੇ ਸੀ।”

ਨਵੇਂ ਸੰਸਦ ਭਵਨ ਅੱਗੇ ਮਹਾਂਪੰਚਾਇਤ ਲਈ ਆ ਰਹੇ ਭਲਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ।

ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫਿਰ ਧੱਕਾਮੁੱਕੀ ਹੋਈ। ਇਸ ਮਗਰੋਂ ਭਲਾਵਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਦੇਰ ਸ਼ਾਮ ਹਿਰਾਸਤ ਵਿੱਚ ਲਏ ਭਲਵਾਨਾਂ ਨੂੰ ਛੱਡ ਦਿੱਤਾ ਹਿਆ।

ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਭਲਵਾਨ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਦੇ ਰਹੇ ਹਨ।

ਉਨ੍ਹਾਂ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

ਹਰਿਆਣਾ

ਤਸਵੀਰ ਸਰੋਤ, sat singh

ਤਸਵੀਰ ਕੈਪਸ਼ਨ, ਹਰਿਆਣਾ ਦੇ ਸਾਂਪਲਾ ਵਿੱਚ ਰੋਹਦ ਟੋਲ ਉੱਤੇ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਹੈ। ਦੇਸ਼ ਦੇ ਨਾਮੀ ਭਲਵਾਨਾਂ ਨੇ ਕਈ ਦਿਨ ਪਹਿਲਾਂ ਨਵੇਂ ਰਾਸ਼ਟਰਪਤੀ ਭਵਨ ਸਾਹਮਣੇ ਮਹਾਂਪੰਚਾਇਤ ਕਰਨ ਦਾ ਐਲਾਨ ਕੀਤਾ ਸੀ।

ਭਲਵਾਨ ਬਜਰੰਗ ਪੂਨੀਆ ਦਾ ਕਹਿਣਾ ਹੈ ਕਿ ਪੁਲਿਸ ਨੇ ਹਰ ਪਾਸੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਸਾਨੂੰ ਹਰ ਪਾਸਿਓਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਮਹਾਂਪੰਚਾਇਤ ਹੋ ਕੇ ਰਹੇਗੀ।

ਬਜਰੰਗ ਪੂਨੀਆ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਸਾਕਸ਼ੀ ਮਲਿਕ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਸਾਕਸ਼ੀ ਮਲਿਕ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ

ਪੂਨੀਆ ਨੇ ਕਿਹਾ, “ਅਸੀਂ ਦੇਸ਼ ਦੇ ਨਾਗਰਿਕ ਹਾਂ ਅਤੇ ਸਾਨੂੰ ਸੜਕ ’ਤੇ ਚੱਲਣ ਦਾ ਅਧਿਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ? ਸਾਕਸ਼ੀ ਨੂੰ ਪੁਲਿਸ ਨੇ ਫੜ ਲਿਆ ਹੈ। ਸਰਕਾਰ ਵਲੋਂ ਉਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈੈ, ਉਸ ਦਾ ਵੀ ਉਹਨਾਂ ਨੇ ਧਿਆਨ ਨਹੀਂ ਰੱਖਿਆ।”

ਵਿਨੇਸ਼ ਫੋਗਾਟ ਨੇ ਕਿਹਾ, “ਸਾਡੇ ਲੋਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਸਾਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਭਾਰਤ ਭੂਸ਼ਨ ਤਾਂ ਪਾਰਲੀਮੈਂਟ ਵਿੱਚ ਬੈਠਾ ਹੈ। ਅਸੀਂ ਹੱਥ ਬੰਨ ਕੇ ਬੇਨਤੀ ਕੀਤੀ ਸੀ ਕਿ ਸਾਨੂੰ ਜਾਣ ਦਿੱਤਾ ਜਾਵੇ, ਅਸੀਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਸੀ। ਕੋਈ ਬੈਰੀਕੇਡ ਨਹੀਂ ਟੁੱਟਿਆ, ਵੱਡੀ ਗਿਣਤੀ ਵਿੱਚ ਲੋਕ ਸ਼ਾਂਤੀ ਨਾਲ ਜਾ ਰਹੇ ਸਨ।”

ਵਿਨੇਸ਼ ਫੋਗਾਟ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਜੰਤਰ-ਮੰਤਰ 'ਤੇ ਖੁੱਲ੍ਹੇਆਮ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨੇ ਲੋਕਤੰਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਹੈ ਦੂਜੇ ਪਾਸੇ ਸਾਡੇ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਜਾਰੀ ਹਨ। ਦੇਸ਼ ਦੀਆਂ ਧੀਆਂ ਇਨਸਾਫ਼ ਲਈ ਸੜਕ ’ਤੇ ਬੈਠੀਆਂ ਹਨ, ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਇਹੋ ਦਿਰਸਾਇਆ ਜਾ ਰਿਹਾ ਹੈ ਕਿ ਉਹੀ ਦੋਸ਼ੀ ਹਨ।”

ਉਨ੍ਹਾਂ ਕਿਹਾ, “ਦੇਸ਼ ਇਸ ਨੂੰ ਯਾਦ ਰੱਖੇਗਾ ਕਿ ਕੁੜੀਆਂ ਦੀ ਇਨਸਾਫ਼ ਦੀ ਲੜਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਸੰਵਿਧਾਨ ਹੀ ਹੱਤਿਆ ਕੀਤੀ ਗਈ ਸੀ। ਇਕੋ ਸਮੇਂ ਇਹ ਹੋ ਰਿਹਾ ਸੀ, ਇਹ ਦੇਸ਼ ਦੇ ਇਤਿਹਾਸ ਵਿੱਚ ਜਰੂਰ ਲਿਖਿਆ ਜਾਵੇਗਾ।”

ਦਿੱਲੀ ਪੁਲਿਸ ਕਮਿਸ਼ਨਰ ਦੇਪਿੰਦਰ ਪਾਠਕ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਦਿੱਲੀ ਪੁਲਿਸ ਕਮਿਸ਼ਨਰ ਦੇਪਿੰਦਰ ਪਾਠਕ

ਦਿੱਲੀ ਪੁਲਿਸ ਕਮਿਸ਼ਨਰ ਦੇਪਿੰਦਰ ਪਾਠਕ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਬੈਰੀਕੇਡ ਤੋੜੇ ਹਨ, ਉਹਨਾਂ ਨੂੰ ਰੋਕ ਕੇ, ਇਸ ਥਾਂ ਤੋਂ ਦੂਜੀ ਥਾਂ ’ਤੇ ਲਿਜਾਇਆ ਗਿਆ ਹੈ। ਕਾਨੂੰਨ ਦੀ ਕੀ ਉਲੰਘਣਾ ਹੋਈ ਹੈ, ਉਸ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।”

ਹਰਿਆਣਾ

ਤਸਵੀਰ ਸਰੋਤ, kamal saini/bbc

ਤਸਵੀਰ ਕੈਪਸ਼ਨ, ਹਰਿਆਣਾ ਦੇ ਅੰਬਾਲਾ ਵਿੱਚ ਦਿੱਲੀ ਆਉਣ ਨੂੰ ਇਕੱਠੀਆਂ ਹੋਈਆਂ ਬੀਬੀਆਂ

ਉੱਧਰ ਹਰਿਆਣਾ ਅਤੇ ਪੰਜਾਬ ਤੋਂ ਦਿੱਲੀ ਕੂਚ ਰਹੇ ਕਿਸਾਨਾਂ, ਖਾਪ ਪੰਚਾਇਤਾਂ ਅਤੇ ਜਥੇਬੰਦੀਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰ ਰਹੀ ਹੈ।

ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ ਵੱਲੋਂ ਮਹਾਂਪੰਚਾਇਤ ਵਿੱਚ ਸ਼ਾਮਲ ਹੋਣ ਆ ਰਹੇ ਕਈ ਲੋਕਾਂ ਨੂੰ ਰੋਕਣ ਲਈ ਹਿਰਾਸਤ ਵਿੱਚ ਵੀ ਲਿਆ ਗਿਆ ਹੈ।

ਹਰਿਆਣਾ

ਤਸਵੀਰ ਸਰੋਤ, kamal saini/bbc

ਤਸਵੀਰ ਕੈਪਸ਼ਨ, ਹਰਿਆਣਾ ਵਿੱਚ ਕਿਸਾਨਾਂ ਤੇ ਖਾਪ ਪੰਚਾਇਤਾਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ
ਕਿਸਾਨ

ਤਸਵੀਰ ਸਰੋਤ, kamal saini/bbc

ਤਸਵੀਰ ਕੈਪਸ਼ਨ, ਅੰਬਾਲਾ ਦੇ ਮੰਜੀ ਸਾਹਿਬ ਗੁਰਦੁਆਰੇ ਵਿਖੇ ਰਾਤ ਨੂੰ ਆ ਕੇ ਠਹਿਰੀਆਂ ਔਰਤਾਂ ਦਿੱਲੀ ਕੂਚ ਕਰਨ ਨੂੰ ਤਿਆਰ

ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਭਲਵਾਨਾਂ ਨੇ ਦੇਸ਼ ਦੀ ਨਵੀਂ ਸੰਸਦ ਦੇ ਉਦਘਾਟਨ ਮੌਕੇ ਮਾਰਚ ਕੱਢਣ ਅਤੇ ਖਾਪਾਂ ਵੱਲੋਂ ਇਮਾਰਤ ਅੱਗੇ ਔਰਤਾਂ ਦੀ ਮਹਾਂਪੰਚਾਇਤ ਦਾ ਐਲਾਨ ਕੀਤਾ ਗਿਆ ਹੈ।

ਹਾਲਾਂਕਿ, ਭਲਵਾਨਾਂ ਦੇ ਸਮਰਥਨ ਵਿੱਚ ਪਹੁੰਚ ਰਹੇ ਕਿਸਾਨਾਂ ਨੂੰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ’ਤੇ ਹੀ ਰੋਕਿਆ ਜਾ ਰਿਹਾ ਹੈ। ਇਸ ਲਈ ਪੁਲਿਸ ਵੱਲੋਂ ਸਖ਼ਤ ਨਾਕੇਬੰਦੀ ਕੀਤੀ ਗਈ ਹੈ।

ਭਲਵਾਨ

ਤਸਵੀਰ ਸਰੋਤ, Sat Singh/BBC

ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੂੰ ਕਰੂਕਸ਼ੇਤਰ ਵਿੱਚ ਹਰਿਆਣਾ ਪੁਲਿਸ ਵੱਲੋਂ ਐਤਵਾਰ ਸਵੇਰੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਪਰ ਦੂਜੇ ਪਾਸੇ ਚਢੂਨੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਕਿਸਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸਿੰਘੂ ਅਤੇ ਟਿਕਰੀ ਬਾਰਡਰ ਉੱਤੇ ਕਈ ਕਿਸਾਨ ਇਕੱਠੇ ਹੋਏ ਹਨ
ਕਿਸਾਨ

ਤਸਵੀਰ ਸਰੋਤ, kamal saini/bbc

ਦਿੱਲੀ ਦੇ ਜੰਤਰ-ਮੰਤਰ ਉੱਤੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਧਰਨੇ ਉੱਤੇ ਬੈਠੀਆਂ ਮਹਿਲਾ ਭਲਵਾਨਾਂ ਨੇ ਲੋਕਾਂ ਨੂੰ ਹਰ ਹਾਲਤ ਵਿੱਚ ਦਿੱਲੀ ਧਰਨੇ ਵਾਲੀ ਥਾਂ ਪਹੁੰਚਣ ਦੀ ਅਪੀਲ ਕੀਤੀ ਹੈ।

ਇਹ ਭਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਦੀ ਮੰਗ ਵੀ ਕਰ ਰਹੇ ਹਨ।

ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ।

ਜੰਤਰ-ਮੰਤਰ

ਤਸਵੀਰ ਸਰੋਤ, ani

ਤਸਵੀਰ ਕੈਪਸ਼ਨ, ਜੰਤਰ-ਮੰਤਰ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ

‘ਦੇਸ਼ ਦੀਆਂ ਧੀਆਂ ਦਾ ਸਵਾਲ’

ਵਿਨੇਸ਼ ਫੋਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਵੁਕ ਹੁੰਦਿਆਂ ਵਿਨੇਸ਼ ਫੋਗਾਟ ਨੇ ਕਿਹਾ, “ਸਭ ਨੇ ਇਸ ਪੰਚਾਇਤ ਵਿੱਚ ਜਰੂਰ ਪਹੁੰਚਣਾ ਹੈ ਕਿਉਂਕਿ ਦੇਸ਼ ਦੀਆਂ ਧੀਆਂ ਦਾ ਸਵਾਲ ਹੈ। ਅਸੀਂ ਸਭ ਵੀ ਬੜੀ ਮੁਸ਼ਕਿਲ ਨਾਲ ਬੈਠੇ ਹੋਏ ਹਾਂ।”

ਭਲਵਾਨਾਂ ਦੇ ਧਰਨੇ ਦੀ ਅਗਵਾਈ ਕਰ ਰਹੇ ਵਿਨੇਸ਼ ਫੋਗਾਟ ਨੇ ਬੀਤੀ ਦੇਰ ਸ਼ਾਮ ਮੀਡੀਆ ਨੂੰ ਸੰਬੋਧਨ ਕੀਤੀ।

ਵਿਨੇਸ਼ ਫੋਗਾਟ ਨੇ ਕਿਹਾ, “ ਪੁਲਿਸ ਨੇ ਸਾਰੀ ਨਵੀਂ ਦਿੱਲੀ ਨੂੰ ਬੰਦ ਕਰ ਦਿੱਤਾ ਪਰ ਸਭ ਨੂੰ ਬੇਨਤੀ ਹੈ ਕਿ ਉਹ ਸ਼ਾਂਤੀਪੂਰਨ ਮਹਿਲਾ ਸਨਮਾਨ ਪੰਚਾਇਤ ਵਿੱਚ ਜ਼ਰੂਰ ਪਹੁੰਚੋ। ਭਾਵੇਂ ਪੁਲਿਸ ਸਾਡੇ ਉੱਪਰ ਕਿਸੇ ਵੀ ਤਰ੍ਹਾਂ ਦੇ ਬਲ ਦਾ ਪ੍ਰਯੋਗ ਕਰੇ, ਅਸੀਂ ਸਭ ਸਹਿਣ ਕਰਾਂਗੇ ਪਰ ਬਿਨਾਂ ਕਿਸੇ ਹਿੰਸਾ ਦੇ।”

ਭਾਵੁਕ ਹੁੰਦਿਆਂ ਵਿਨੇਸ਼ ਫੋਗਾਟ ਨੇ ਕਿਹਾ, “ਸਭ ਨੇ ਇਸ ਪੰਚਾਇਤ ਵਿੱਚ ਜ਼ਰੂਰ ਪਹੁੰਚਣਾ ਹੈ ਕਿਉਂਕਿ ਦੇਸ਼ ਦੀਆਂ ਧੀਆਂ ਦਾ ਸਵਾਲ ਹੈ। ਅਸੀਂ ਸਭ ਵੀ ਬੜੀ ਮੁਸ਼ਕਿਲ ਨਾਲ ਬੈਠੇ ਹੋਏ ਹਾਂ।”

BBC

ਨਵੇਂ ਸੰਸਦ ਭਵਨ ਦਾ ਉਦਘਾਟਨ, ਨਾਮੀ ਭਲਵਾਨਾਂ ਦਾ ਧਰਨਾ ਤੇ ਬ੍ਰਿਜ ਭੂਸ਼ਣ ਸ਼ਰਨ

  • 23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ। ਮੁਜ਼ਾਹਰਾਕਾਰੀ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
  • 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰਜ਼ ਦਰਜ ਕੀਤੀਆਂ ਹਨ
  • ਪਰ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਨੇ ਕਿਹਾ ਕਿ ਜਦੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਹ ਧਰਨਾ ਜਾਰੀ ਰੱਖਣਗੇ।
  • ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਵੀ ਇਕੱਠ ਕਰਨ ਦਾ ਐਲਾਨ ਕੀਤਾ ਹੈ।
  • ਭੂਸ਼ਣ ਨੇ ਜਿੱਥੇ ਪੋਕਸੋ ਐਕਟ ਦੀ ਦੁਰਵਰਤੋਂ ਹੋਣ ਦੀ ਗੱਲ ਆਖੀ ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਸੰਤਾਂ ਦਾ ਇਕੱਠ ਸੱਦ ਕੇ ਇਸ ਨੂੰ ਬਦਲਵਾਉਣ ਲਈ ਸਰਕਾਰ ਉੱਤੇ ਦਬਾਅ ਪਾਉਣ ਦੀ ਗੱਲ ਆਖੀ।
  • 3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ
  • ਖਿਡਾਰੀਆਂ ਦਾ ਦਾਅਵਾ ਸੀ ਕਿ ਉਨ੍ਹਾਂ ਦੋ ਸਾਥੀਆਂ ਦੇ ਸਿਰ ਵਿੱਚ ਸੱਟ ਲੱਗੀ ਹੈ
  • 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕੀਤਾ
  • ਭਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ
  • ਕਾਂਗਰਸ, ‘ਆਪ’, ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰਾਂ ਨੇ ਸਮਾਗਮ ਦਾ ਬਾਇਕਾਟ ਕੀਤਾ ਹੈ
  • ਭਲਵਾਨਾਂ ਵਿਰੋਧ ਪ੍ਰਦਰਸ਼ਨ ਤੇ ਮਹਿਲਾਂ ਮਹਾਂਪੰਚਾਇਤ ਕਰਨ ਲਈ ਬਜ਼ਿੱਦ ਰਹੇ।
  • ਇਸ ਦੌਰਾਨ ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫ਼ਿਰ ਧੱਕਾਮੁੱਕੀ ਹੋਈ। ਇਸ ਮਗਰੋਂ ਭਲਾਵਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
  • ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ’ਤੇ ਹੀ ਰੋਕਿਆ ਗਿਆ।
  • ਬ੍ਰਿਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਆ ਰਹੇ ਹਨ
BBC

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕੀ ਕਿਹਾ?

ਬ੍ਰਿਜ ਭੂਸ਼ਣ ਸ਼ਰਨ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਨਾਰਕੋ ਟੈਸਟ ਲਈ ਤਿਆਰ ਹਨ ਪਰ ਭਲਵਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਸੰਸਦ ਅੱਗੇ ਨਹੀਂ ਕਰਨਾ ਚਾਹੀਦਾ

ਦੂਜੇ ਪਾਸੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਭਲਵਾਨਾਂ ਨੂੰ ਨਵੀਂ ਸੰਸਦ ਦੀ ਇਮਾਰਤ ਅੱਗੇ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ ਹੈ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਉਹ ਨਾਰਕੋ ਟੈਸਟ ਲਈ ਤਿਆਰ ਹਨ ਪਰ ਭਲਵਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ ਸੰਸਦ ਅੱਗੇ ਨਹੀਂ ਕਰਨਾ ਚਾਹੀਦਾ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ, “ਭਲਨਾਵਾਂ ਨੇ ਜਾਂਚ ਦੇ ਖਤਮ ਹੋਣ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਧਰਨਾ ਲਗਾ ਲਿਆ। ਮੇਰੇ ਤੋਂ ਪੁਲਿਸ ਨੇ 6 ਘੰਟੇ ਪੁੱਛਗਿੱਛ ਕੀਤੀ। ਮੈਂ ਕੁਝ ਨਹੀਂ ਬੋਲਿਆ। ਖਿਡਾਰੀਆਂ ਨੇ ਨਾਰਕੋ ਟੈਸਟ ਦੀ ਮੰਗ ਕੀਤਾ। ਜਦੋਂ ਮੈਂ ਦੇਖਿਆ ਕਿ ਸਾਡੇ ਖਾਪ ਪੰਚਾਇਤਾਂ ਦੇ ਬਜ਼ੁਰਗ ਵੀ ਇਹੋ ਚਹੁੰਦੇ ਹਨ ਤਾਂ ਮੈਂ ਤਿਆਰ ਹੋ ਗਿਆ। ਮੈਂ ਹੋਰ ਕੀ ਕਰ ਸਕਦਾ ਹਾਂ।”

ਉਨ੍ਹਾਂ ਕਿਹਾ, “ਮੈਨੂੰ ਸੁਪਰੀਮ ਕੋਰਟ ਅਤੇ ਦਿੱਲੀ ਪੁਲਿਸ ’ਤੇ ਭਰੋਸਾ ਹੈ।”

ਰਾਮਦੇਵ ਨੇ ਭਲਵਾਨਾਂ ਨੂੰ ਕੀ ਅਪੀਲ ਕੀਤੀ?

ਯੋਗ ਗੁਰੂ ਰਾਮਦੇਵ ਨੇ ਭਲਵਾਨਾਂ ਵੀ ਨੂੰ ਸੰਸਦ ਵੱਲ ਨਾ ਜਾਣ ਦੀ ਨਸੀਹਤ ਦਿੱਤੀ ਹੈ।

ਉਨ੍ਹਾਂ ਕਿਹਾ, “ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਘੇਰਾਓ ਕਰਨਾ ਠੀਕ ਨਹੀਂ ਹੈ। ਅਜਿਹੇ ਅੰਦੋਲਨ ਜਾਂ ਘੇਰਾਓ ਤੋਂ ਖਿਡਾਰੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਭਲਵਾਨ ਇਸ ਗੱਲ ਨੂੰ ਸਮਝਣਗੇ ਤੇ ਕੱਲ੍ਹ ਸੰਸਦ ਵੱਲ ਨਹੀਂ ਵਧਣਗੇ।”

ਭਲਵਾਨ
ਨਰਿੰਦਰ ਮੋਦੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕੀਤਾ

ਕੀ ਹੈ ਮਾਮਲਾ?

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕੀਤਾ
  • ਭਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਰੱਖੀ ਹੈ
  • ਦਿੱਲੀ ਵਿੱਚ ਉਦਘਾਟਨ ਨੂੰ ਲੈ ਕੇ ਸੁਰੱਖਿਆ ਵਧਾ ਦਿੱਤੀ ਗਈ ਹੈ
  • ਪ੍ਰਧਾਨ ਮੰਤਰੀ ਮੋਦੀ ਨੇ ਸਪੀਕਰ ਓਮ ਬਿਰਲਾ ਨਾਲ ਬੈਠ ਕੇ ਪੂਜਾ ਕੀਤੀ
  • ਕਾਂਗਰਸ, ‘ਆਪ’, ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਧਿਰਾਂ ਨੇ ਸਮਾਗਮ ਦਾ ਬਾਇਕਾਟ ਕੀਤਾ ਹੈ
  • ਭਲਵਾਨਾਂ ਦਾ ਕਹਿਣਾ ਹੈ ਕਿ ਉਹ ਵਿਰੋਧ ਪ੍ਰਦਰਸ਼ਨ ਤੇ ਮਹਿਲਾਂ ਮਹਾਂਪੰਚਾਇਤ ਕਰਕੇ ਰਹਿਣਗੇ
  • ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ’ਤੇ ਹੀ ਰੋਕਿਆ ਜਾ ਰਿਹਾ ਹੈ
  • ਦੇਸ਼ ਦੇ ਕਈ ਨਾਮੀ ਭਲਵਾਨਾਂ ਨੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ
  • ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ
  • ਉਨ੍ਹਾਂ ਦੀ ਮੰਗ ਹੈ ਕੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬਦਲਿਆ ਜਾਵੇ।
  • ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ
ਭਲਵਾਨ
 ਸੰਸਦ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੀਐਮ ਮੋਦੀ ਨੇ ਨਵੀਂ ਸੰਸਦ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।

ਖਿਡਾਰੀਆਂ ਨੇ ਕੀ ਇਲਜ਼ਾਮ ਲਗਾਏ ਹਨ?

ਮਹਿਲਾ ਭਲਵਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮਹਿਲਾ ਭਲਵਾਨਾਂ ਨੇ ਬ੍ਰਿਜ ਭੂਸ਼ਣ ਉੱਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ

ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।

ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

ਓਲੰਪਿਕ , ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਵਿਨੇਸ਼ ਫ਼ੌਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਨੇਸ਼ ਫ਼ੌਗਾਟ, ਬਜਰੰਗ ਪੂਨੀਆਂ ਸਣੇ ਕੀ ਨਾਮੀ ਖਿਡਾਰੀ ਕੁਸ਼ਤੀ ਫ਼ੈਡਰੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ

ਵਿਨੇਸ਼ ਨੇ ਕਿਹਾ ਸੀ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।"

ਓਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ ਕਿਹਾ ਸੀ, “ਪੂਰੀ ਫੈਡਰੇਸ਼ਨ ਨੂੰ ਹਟਣਾ ਚਾਹੀਦਾ ਹੈ ਤਾਂ ਜੋ ਭਲਵਾਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇੱਕ ਨਵੀਂ ਫੈਡਰੇਸ਼ਨ ਨੂੰ ਹੋਂਦ ਵਿੱਚ ਆਉਣਾ ਚਾਹੀਦਾ ਹੈ।”

“ਗੰਦਗੀ ਹੇਠਲੇ ਪੱਧਰ ਤੱਕ ਪਹੁੰਚ ਚੁੱਕੀ ਹੈ। ਅਸੀਂ ਹੁਣ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਂਗੇ। ਕੁਝ ਮਸਲਿਆਂ ਬਾਰੇ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)