ਫ਼ਾਜ਼ਿਲਕਾ ਦੀ ਇਹ ਬੀਬੀ ਆਪਣੇ ਪੈਰਾਂ 'ਤੇ ਖੜ੍ਹੀ ਵੀ ਨਹੀਂ ਹੋ ਸਕਦੀ ਪਰ ਦੂਜਿਆਂ ਦਾ ਭਾਰ ਢੋਂਹਦੀ ਹੈ

ਬਲਵਿੰਦਰ ਕੌਰ
    • ਲੇਖਕ, ਕੁਲਦੀਪ ਬਰਾੜ
    • ਰੋਲ, ਬੀਬੀਸੀ ਪੰਜਾਬੀ ਲਈ

"ਆਪ ਸ਼ਰਾਬ ਪੀਂਦੇ ਸੀ, ਮੈਨੂੰ ਕਹਿੰਦੇ ਸੀ ਕਿ ਲੋਕਾਂ ਦੇ ਭਾਂਡੇ ਮਾਜ ਆ, ਮੇਰੇ ਕੋਲੋਂ ਦਾਜ ਮੰਗਦੇ ਸੀ, ਕੁੱਟਮਾਰ ਕਰਦੇ ਸੀ...ਫਿਰ ਮੈਨੂੰ ਕਿਸੇ ਨੇ ਕਿਹਾ ਰਿਕਸ਼ਾ ਚਲਾ ਲੈ, ਪਹਿਲਾਂ ਤਾਂ ਮੈਨੂੰ ਝਿਜਕ ਜਿਹੀ ਆਈ ਫਿਰ ਮੈਂ ਸੋਚਿਆ ਨੌਕਰੀ ਮੰਗਣ ਨਾਲੋਂ ਬਿਹਤਰ ਹੀ ਹੈ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕੀਤਾ, ਜੋ ਤੁਰ ਫਿਰ ਨਹੀਂ ਸਕਦੇ।

ਬਲਵਿੰਦਰ ਕੌਰ ਈ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਰ ਬਸਰ ਕਰ ਰਹੇ ਹਨ। ਉਹ ਲੱਤਾਂ ਤੋ 80 ਫੀਸਦ ਅਪਾਹਜ ਹਨ।

ਬਲਵਿੰਦਰ ਦੱਸਦੇ ਹਨ, "ਮੈਨੂੰ ਕਿਸੇ ਨੇ ਕਿਹਾ ਕਿ ਆਟੋ ਰਿਕਸ਼ਾ ਚਲਾ। ਪਹਿਲਾਂ ਤਾਂ ਮੈਂ ਕਿਹਾ ਨਹੀਂ ਕਿਉਕਿ ਮੈਨੂੰ ਝਿਜਕ ਜਿਹੀ ਆਉਂਦੀ ਸੀ। ਫਿਰ ਮੈਂ ਸੋਚਿਆਂ ਕਿ ਕਿਸੇ ਕੋਲੋਂ ਨੌਕਰੀ ਮੰਗਣ ਨਾਲੋਂ ਤਾਂ ਚੰਗਾ ਮੈਂ ਆਟੋ ਚਲਾ ਲਵਾ।"

ਬਲਵਿੰਦਰ ਕੌਰ ਨੂੰ ਈ-ਰਿਕਸ਼ਾ ਇੱਕ ਸਮਾਜਿਕ ਸੰਸਥਾ ਵੱਲੋਂ ਦਿੱਤਾ ਗਿਆ ਹੈ। ਬਲਵਿੰਦਰ ਨੇ ਆਪਣੇ ਮਾਤਾ-ਪਿਤਾ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਹੁੰਦੀ ਹੈ, ਇਸ ਲਈ ਉਹ ਰਾਤ ਦੇ ਅੱਠ ਕੁ ਵਜੇ ਤੱਕ ਹੀ ਰਿਕਸ਼ਾ ਚਲਾਉਂਦੇ ਹਨ।

ਲਾਈਨ

ਕੀ ਕਰਦੇ ਹਨ ਬਲਵਿੰਦਰ ਕੌਰ

  • ਬਲਵਿੰਦਰ ਕੌਰ ਈ ਰਿਕਸ਼ਾ ਚਲਾ ਕੇ ਆਪਣੇ ਮਾਪਿਆਂ ਅਤੇ ਬੱਚਿਆਂ ਦੀ ਦੇਖਭਾਲ ਕਰਦੇ ਹਨ।
  • ਬਲਵਿੰਦਰ ਕੌਰ ਤੁਰ ਫਿਰ ਨਹੀਂ ਸਕਦੇ।
  • ਉਨ੍ਹਾਂ ਦੇ ਦੋ ਬੱਚੇ, ਇੱਕ ਧੀ ਅਤੇ ਇੱਕ ਪੁੱਤਰ ਹਨ।
  • ਬਲਵਿੰਦਰ ਕੌਰ ਬਾਰਵੀਂ ਤੱਕ ਪੜ੍ਹੇ ਹਨ ਅਤੇ ਅੰਗਰੇਜ਼ੀ ਸਟੈਨੋਗ੍ਰਾਫੀ ਵੀ ਜਾਣਦੇ ਹਨ।
  • ਨੌਕਰੀ ਲੱਭਣ 'ਤੇ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ।
  • ਹੁਣ ਉਹ ਚਾਹੁੰਦੇ ਹਨ ਉਨ੍ਹਾਂ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਦੀ ਸਹੀ ਤਰ੍ਹਾਂ ਦੇਖਭਾਲ ਕਰ ਸਕਣ।
ਲਾਈਨ

ਪਹਿਲੇ ਪਤੀ ਨੇ ਛੱਡਿਆ ਸਾਥ

ਉਹ ਦੱਸਦੇ ਹਨ, "2008 ਵਿੱਚ ਉਨ੍ਹਾਂ ਦਾ ਪਹਿਲਾਂ ਵਿਆਹ ਹੋਇਆ ਸੀ। ਪਤੀ ਕਿਸੇ ਹੋਰ ਔਰਤ ਨਾਲ ਚਲਾ ਗਿਆ ਸੀ ਅਤੇ ਉਸ ਔਰਤ ਕਰਕੇ ਮੇਰੇ ਨਾਲ ਕੁੱਟਮਾਰ ਵੀ ਕਰਦਾ ਹੁੰਦਾ ਸੀ। ਮੇਰੇ ਕੋਲੋਂ ਦਾਜ ਮੰਗਿਆ ਜਾਂਦਾ ਤੇ ਮੈਨੂੰ ਕਹਿੰਦੇ ਸੀ ਲੋਕਾਂ ਦੇ ਭਾਂਡੇ ਮਾਜ ਆ ਜਾ ਕੇ।"

"ਉਨ੍ਹਾਂ ਕਰ ਕੇ ਮੇਰੇ ਦੋ ਬੱਚਿਆਂ ਦੀ ਗਰਭ ਵਿੱਚ ਮੌਤ (ਮਿਸ ਕੈਰੇਜ) ਵੀ ਹੋ ਗਈ ਸੀ। ਜਿਸ ਕਾਰਨ ਮੈਂ ਉਨ੍ਹਾਂ ਨੂੰ ਛੱਡ ਕੇ ਆਪਣੇ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਮਜਬੂਰ ਹੋ ਗਈ ਸੀ।"

ਬਲਵਿੰਦਰ ਦੱਸਦੇ ਹਨ। ਇਸ ਵੇਲੇ ਉਹ ਆਪਣੇ ਮਾਪਿਆਂ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ਦੋ ਬੱਚੇ, ਇੱਕ ਧੀ ਅਤੇ ਇੱਕ ਪੁੱਤਰ ਹਨ।

ਉਨ੍ਹਾਂ ਦੀ ਮਾਂ ਅਧਰੰਗ ਨਾਲ ਪੀੜਤ ਹੈ ਅਤੇ ਪਿਤਾ ਨੂੰ ਦਿਲ ਦਾ ਰੋਗ ਹੈ। ਬਲਵਿੰਦਰ ਕੌਰ ਨੂੰ 1500 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ।

ਵੀਡੀਓ ਕੈਪਸ਼ਨ, ਫਾਜ਼ਿਲਕਾ ਦੀ ਇਹ ਬੀਬੀ ਖ਼ੁਦ ਚੱਲ ਨਹੀਂ ਸਕਦੀ ਪਰ ਹੋਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਰਹੀ ਹੈ

ਉਹ ਕਹਿੰਦੇ ਹਨ, "ਮੈਂ 15 ਰੁਪਏ ਮਹੀਨਾ ਪੈਨਸ਼ਨ ਨਾਲ ਗੁਜ਼ਾਰਾ ਕਰਦੀ ਸੀ ਅਤੇ ਕੁਝ ਸਿਲਾਈ ਦਾ ਕੰਮ ਵੀ ਕੀਤਾ ਸੀ।"

ਬਲਵਿੰਦਰ ਕੌਰ ਨੇ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਅਤੇ ਅੰਗਰੇਜ਼ੀ ਦੀ ਸਟੈਨੋਗ੍ਰਾਫੀ ਵੀ ਜਾਣਦੇ ਹਨ।

ਨੌਕਰੀ ਲਈ ਕਈ ਥਾਈਂ ਗਈ

ਬਲਵਿੰਦਰ ਦੱਸਦੇ ਹਨ ਕਿ ਘਰੇ ਬੈਠੀ ਸੀ ਤਾਂ ਮਾਪਿਆਂ ਨੇ ਸਾਲ 2016 ਵਿਚ ਦੂਜਾ ਵਿਆਹ ਕਰ ਦਿੱਤਾ ਸੀ।

ਉਹ ਅੱਗੇ ਦੱਸਦੇ ਹਨ, "ਕੁਝ ਸਮਾਂ ਤਾਂ ਸਭ ਸਹੀ ਰਿਹਾ ਪਰ ਕਝ ਸਮੇਂ ਬਾਅਦ ਜਦੋਂ ਮੇਰਾ ਬੇਟਾ ਹੋਣ ਵਾਲਾ ਸੀ ਤਾਂ ਉਹ ਨਹੀਂ ਚਾਹੁੰਦਾ ਸੀ ਕਿ ਬੱਚੇ ਪੈਦਾ ਹੋਵੇ। ਉਹ ਮੈਨੂੰ ਦਵਾਈਆਂ ਲਿਆ ਕੇ ਦਿੰਦਾ ਰਿਹਾ ਕਿ ਬੱਚਾ ਮਾਰ ਦੇ ਮੈਨੂੰ ਨਹੀਂ ਚਾਹੀਦਾ।"

"ਪਰ ਮੈਂ ਕਿਹਾ ਮੈਂ ਮੰਗ ਕੇ ਪਾਲ ਲਵਾਂਗੀ ਪਰ ਮੈਂ ਬੱਚਾ ਨਹੀਂ ਖ਼ਤਮ ਕਰਨਾ ਆਪਣਾ। ਮੈਂ ਇਹ ਕੰਮ ਨਹੀਂ ਕੀਤਾ ਤਾਂ ਇਸੇ ਕਰਕੇ ਉਹ ਮੈਨੂੰ ਛੱਡ ਕੇ ਚਲਾ ਗਿਆ।"

ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਤਾਂ, ਉਸ ਕੋਲ ਘਰ ਨਾ ਹੋਣ ਕਾਰਨ ,ਉਹ ਕਿਰਾਏ ਦੇ ਘਰ ਵਿਚ ਰਹਿਣ ਲਈ ਮਜਬੂਰ ਸੀ।

ਬਲਵਿੰਦਰ ਕੌਰ
ਤਸਵੀਰ ਕੈਪਸ਼ਨ, ਬਲਵਿੰਦਰ ਕੌਰ ਨੂੰ ਰਿਕਸ਼ਾ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਦਿੱਤਾ ਗਿਆ

ਉਸ ਨੇ ਆਪਣੇ ਘਰ ਦਾ ਕਰਾਇਆ ਕੱਢਣ ਲਈ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਨੌਕਰੀ ਦੀ ਭਾਲ ਕੀਤੀ ਪਰ ਉਹ ਨੌਕਰੀ ਲਈ ਜਿੱਥੇ ਵੀ ਗਏ ਸਫ਼ਲ ਨਹੀਂ ਹੋਏ।

ਉਹ ਆਖਦੇ ਹਨ, "ਮੈਂ ਜਿੱਥੇ ਵੀ ਨੌਕਰੀ ਲਈ ਮੈਨੂੰ ਸਹੀ ਨਜ਼ਰ ਨਾਲ ਨਹੀਂ ਦੇਖਿਆ ਗਿਆ। ਮੈਂ ਪੈਨਸ਼ਨ ਨਾਲ ਤੇ ਸਿਲਾਈ ਨਾਲ ਹੀ ਗੁਜ਼ਾਰਾ ਕੀਤਾ।"

ਉਹ ਦੱਸਦੇ ਹਨ ਕਿ ਸਾਢੇ ਕੁ ਪੰਜਾ ਹਜ਼ਾਰ ਉਨ੍ਹਾਂ ਨੂੰ ਡਿਪੂ ਤੋਂ ਆਮਦਨੀ ਹੈ, ਇਹ ਵੀ ਛੇ ਮਹੀਨਿਆਂ ਬਾਅਦ। ਉਸ ਨਾਲ ਵੀ ਕੁਝ ਨਹੀਂ ਬਣਦਾ ਕਿਉਂਕਿ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ।

ਬਲਵਿੰਦਰ ਕੌਰ

ਕਿਸਾਨੀ ਅੰਦੋਲਨ ਵਿੱਚ ਲਿਆ ਹਿੱਸਾ

ਬਲਵਿੰਦਰ ਆਖਦੇ ਹਨ ਕਿ ਜਿੱਥੇ ਵੀ ਕਿਸਾਨੀ ਨਾਲ ਸਬੰਧਿਤ ਮਾਰਚ ਨਿਕਲਦਾ ਸੀ ਉਹ ਉੱਥੇ ਜਾਂਦੇ ਹੁੰਦੇ ਸਨ।

ਉਹ ਕਹਿੰਦੇ ਹਨ, "ਜਿੱਥੇ ਵੀ ਕਿਸਾਨ ਬੈਠਦੇ ਸਨ ਮੈਂ ਤੇ ਮੇਰੀ ਬੇਟੀ ਜਾਂਦੇ ਸਨ। ਕਦੇ ਕਿਸੇ ਨੇ ਮਾੜੀ ਨਜ਼ਰ ਨਾਲ ਹੀ ਦੇਖਿਆ। ਸਾਰਿਆਂ ਨੇ ਸਿਰ 'ਤੇ ਹੀ ਹੱਥ ਰੱਖਿਆ ਸੀ। ਮੇਰਾ ਬਹੁਤ ਸਾਥ ਦਿੱਤਾ।"

"ਉਥੋਂ ਹੀ ਮੈਨੂੰ ਇਹ (ਰਿਕਸ਼ਾ) ਦੁਨੀਆਂ ਦਾ ਸਭ ਤੋਂ ਵੱਡਾ ਤੋਹਫ਼ਾ ਮਿਲਿਆ ਹੈ। ਮੈਂ ਇਸ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਤੋਹਫ਼ਾ ਇਸ ਲਈ ਆਖਦੀ ਹਾਂ ਕਿ ਇਹ ਮੇਰਾ, ਮੇਰੇ ਮਾਪਿਆਂ ਅਤੇ ਮੇਰੇ ਬੱਚਿਆਂ ਦਾ ਪੇਟ ਪਾਲ ਰਿਹਾ ਹੈ।"

ਬਲਵਿੰਦਰ ਦੇ ਰਿਕਸ਼ੇ 'ਤੇ ਸਫ਼ਰ ਕਰਨ ਵਾਲੇ ਵੀ ਇਨ੍ਹਾਂ ਨੂੰ ਪ੍ਰੇਰਨਾ ਦਾ ਸਰੋਤ ਮੰਨਦੇ ਹਨ।

ਬਲਵਿੰਦਰ ਕੌਰ
ਤਸਵੀਰ ਕੈਪਸ਼ਨ, ਬਲਵਿੰਦਰ ਕੌਰ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤ

ਬਲਵਿੰਦਰ ਨਾਲ ਈ ਰਿਕਸ਼ਾ ਤੇ ਜਾਣ ਵਾਲੀ ਨੰਦਨੀ ਉਨ੍ਹਾਂ ਨਾਲ ਆਪਣੇ ਘਰ ਤੋਂ ਆਈਲੈਟਸ ਸੈਂਟਰ ਅਤੇ ਆਈਲੈਟਸ ਸੈਂਟਰ ਤੋਂ ਘਰ ਤੱਕ ਜਾਣ ਲਈ ਬਲਵਿੰਦਰ ਕੌਰ ਦੇ ਈ ਰਿਕਸ਼ਾ ਤੇ ਹੀ ਜਾਣਾ ਪਸੰਦ ਕਰਦੀ ਹੈ।

ਨੰਦਨੀ ਕਹਿੰਦੇ ਹਨ, "ਉਹ ਸਾਡੇ ਲਈ ਪ੍ਰੇਰਨਾ ਸਰੋਤ ਹਨ। ਇਸ ਤਰ੍ਹਾਂ ਦੀ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਇਹ ਆਪਣੀ ਮਿਹਨਤ ਕਰ ਕੇ ਖਾ ਰਹੇ ਹਨ।"

ਬਲਵਿੰਦਰ ਕਹਿੰਦੇ ਹਨ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਵਧੀਆ ਗੁਜ਼ਾਰਾ ਕਰ ਸਕਣ।

ਉਹ ਕਹਿੰਦੇ ਹਨ, "ਮੈਂ ਕਿੰਨਾ ਕੁ ਚਿਰ ਕਿਰਾਇਆ ਭਰਾਂ, ਜੇ ਮੈਂ ਕਿਰਾਇਆ ਭਰਦੀ ਹਾਂ ਤਾਂ ਮੇਰੇ ਬੱਚਿਆਂ ਦੀ ਫੀਸਾਂ ਰਹਿ ਜਾਂਦੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)