ਇਹ ਚਰਚ ਇੱਕ ਤੋਂ ਵੱਧ ਪਤਨੀਆਂ ਰੱਖਣ ਨੂੰ ਜਾਇਜ਼ ਮੰਨਦਾ ਹੈ ਪਰ ਇਨ੍ਹਾਂ ਲਈ ਵਾਈਨ ਤੇ ਕੌਫ਼ੀ ਨੂੰ ‘ਪਾਪ’ ਹੈ

ਜੋਸਫ਼ ਸਮਿੱਥ

ਤਸਵੀਰ ਸਰੋਤ, PUBLIC DOMAIN

ਤਸਵੀਰ ਕੈਪਸ਼ਨ, ਜੋਸਫ਼ ਸਮਿੱਥ ਦਾ ਚਿੱਤਰ
    • ਲੇਖਕ, ਐਡੀਸਨ ਵੀਗਾ
    • ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ

ਮੋਰਮੋਨ ਸੰਪਰਦਾਇ ਅਮਰੀਕਾ ਵਿੱਚ ਪੈਦਾ ਹੋਇਆ ਈਸਾਈ ਸੰਪਰਦਾਇ ਹੈ। ਜਿਸ ਦੀ ਸਥਾਪਨਾ ਜੋਸਫ਼ ਸਮਿੱਥ (1805-1844) ਨੇ ਕੀਤੀ ਸੀ।

ਇਸ ਨੂੰ “ਚਰਚ ਆਫ਼ ਜੀਸਜ਼ ਕਰਾਈਸਟ ਆਫ਼ ਲੇਟਰ-ਡੇ ਸੈਂਟਸ” ਅਤੇ “ਚਰਚ ਆਫ਼ ਦਿ ਮੋਰਮੋਨਸ” ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਮਤ ਨੂੰ ਮੋਰਮੋਨਵਾਦ ਵੀ ਕਿਹਾ ਜਾਂਦਾ ਹੈ।

ਜੋਸਫ਼ ਸਮਿੱਥ ਨੂੰ ਸੰਪਰਦਾਇ ਵਾਲੇ ਇੱਕ 'ਸ਼ਹੀਦ' ਅਤੇ “ਰੱਬ ਦਾ ਇੱਕ ਪੈਗੰਬਰ” ਮੰਨਦੇ ਹਨ। ਬਿਲਕੁਲ ਉਵੇਂ ਜਿਵੇਂ ਅੰਜੀਲ ਵਿੱਚ ਆਏ ਹੋਰ ਪੈਗੰਬਰ।

ਜੋਸਫ਼ ਨੂੰ ਅਕਸਰ ਨੀਲੀਆਂ ਅੱਖਾਂ, ਹਲਕੇ ਭੂਰੇ ਵਾਲਾਂ, ਲਿਸ਼ਕੇ-ਪੁਸ਼ਕੇ ਪਹਿਰਾਵੇ, ਸਵੈ-ਭਰੋਸੇ ਵਾਲੇ, ਗੋਰੇ ਵਿਅਕਤੀ ਵਜੋਂ ਚਿਤਰਿਆ ਜਾਂਦਾ ਹੈ।

ਜੋਸਫ਼ ਸਮਿੱਥ ਦਾ ਜਨਮ 19ਵੀਂ ਸਦੀ ਵਿੱਚ ਅਮਰੀਕਾ ਦੇ ਵਰਮੌਂਟ ਵਿੱਚ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਅੱਗੇ ਜਾ ਕੇ ਇੱਕ ਈਸਾਈ ਚਰਚ ਦੀ ਸਥਾਪਨਾ ਕੀਤੀ। ਇਸ ਪਿੱਛੇ ਦੱਸਿਆ ਜਾਂਦਾ ਹੈ ਕਿ ਜੋਸਫ਼ ਨੂੰ ਇੱਕ ਦੈਵੀ-ਸੁਫਨਾ ਆਇਆ ਸੀ।

ਇਤਿਹਾਸਕਾਰ, ਦਾਰਸ਼ਨਿਕ ਅਤੇ ਧਰਮ ਵਿਦਵਾਨ ਗੇਰਸਨ ਲੀਟੇ ਡੀ ਮੋਰੇਇਸ ਮਕੈਂਜ਼ੀ ਪਰਸਬੇਟੇਰੀਅਨ ਯੂਨਵਰਿਸਿਟੀ ਸਾਓ ਪੋਲੋ ਵਿੱਚ ਪ੍ਰੋਫ਼ੈਸਰ ਹਨ। ਬੀਬੀਸੀ ਬ੍ਰਾਜ਼ੀਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ, “ਮੋਰਮੋਨਿਜ਼ਮ 19ਵੀਂ ਸਦੀ ਦੇ ਵਾਤਾਵਰਨ ਦੀ ਸ਼ੁੱਧ ਅਮਰੀਕੀ ਪੈਦਾਇਸ਼ ਹੈ।”

19ਵੀਂ ਸਦੀ ਦਾ “ਇਹ ਉਹ ਸਮਾਂ ਸੀ ਜਦੋਂ ਕਈ ਸਾਰੇ ਧਾਰਮਿਕ ਸਮੂਹ ਪੈਦਾ ਹੋ ਕੇ ਸਾਹਮਣੇ ਆਏ ਸਨ। ਅੱਜ ਇਨ੍ਹਾਂ ਸਮੂਹਾਂ ਨੂੰ ਫਿਰਕੇ ਕਿਹਾ ਜਾਂਦਾ ਹੈ। ਫਰਕ ਇਹ ਹੈ ਕਿ ਸਮਿੱਥ ਦਾ ਕਾਇਮ ਕੀਤਾ ਚਰਚ ਸ਼ਕਤੀਸ਼ਾਲੀ ਹੋ ਕੇ ਪੂਰੀ ਦੁਨੀਆਂ ਵਿੱਚ ਫੈਲ ਗਿਆ।”

ਚਰਚ ਵੱਲੋਂ ਪ੍ਰਕਾਸ਼ਿਤ ਤਾਜ਼ਾ ਅੰਕੜਿਆਂ ਮੁਤਾਬਕ ਸਾਲ 2022 ਦੇ ਅੰਤ ਤੱਕ ਚਰਚ ਦੇ ਪੂਰੀ ਦੁਨੀਆਂ ਵਿੱਚ ਇੱਕ ਕਰੋੜ 70 ਲੱਖ ਪੈਰੋਕਾਰ ਸਨ। ਜੋ ਕਿ ਅਮਰੀਕਾ, ਮੈਕਸੀਕੋ ਅਤੇ ਬ੍ਰਾਜ਼ੀਲ ਵਿੱਚ ਸਭ ਤੋਂ ਜ਼ਿਆਦਾ ਪਾਏ ਜਾਂਦੇ ਹਨ।

ਮੋਰੇਇਸ ਦਾ ਕਹਿਣਾ ਹੈ ਕਿ ਇਹ ਇੱਕ “ਰਲਿਆ-ਮਿਲਿਆ ਵਿਸ਼ਵਾਸ ਹੈ”। ਧਰਮ ਜਿਸ ਵਿੱਚ ਕਈ ਵਿਸ਼ਵਾਸਾਂ/ਧਰਮਾਂ ਦੇ ਵਿਸ਼ਵਾਸ ਇਕੱਠੇ ਸਮਾਏ ਹੋਏ ਹਨ। ਇਸ ਵਿੱਚ ਈਸਾਈਅਤ, ਇਸਲਾਮ, ਯਹੂਦੀ ਮਤ ਤੋਂ ਇਲਾਵਾ ਪੁਰਾਤਨ ਪਰਕਿਰਤੀ ਪੂਜਕਾਂ ਦਾ ਵੀ ਸੰਸ਼ਲੇਸ਼ਣ ਹੈ।

ਧਰਮ ਵਿਦਵਾਨ ਮੁਤਾਬਕ, “ਇਸ ਦੀ ਦੂਜੀ ਵੱਡੀ ਵਿਲੱਖਣਤਾ ਰੂਪਾਂਤਰਣ ਵਿੱਚ ਹੈ। ਇਹ ਸਮੇਂ-ਸਮੇਂ ’ਤੇ ਬਦਲਿਆ ਜਾਂਦਾ ਰਿਹਾ ਹੈ। ਕੁਝ ਚੀਜ਼ਾਂ ਪਿੱਛੇ ਛੁੱਟ ਗਈਆਂ ਅਤੇ ਕੁਝ ਕੰਮ ਦੀਆਂ ਨਾ ਹੋਣ ਕਾਰਨ ਬਦਲ ਦਿੱਤੀਆਂ ਗਈਆਂ। ਬਾਕੀਆਂ ਦੀ ਨਵੀਂ ਵਿਆਖਿਆ ਕੀਤੀ ਗਈ ਜਾਂ ਨਵੇਂ ਅਰਥ ਦਿੱਤੇ ਗਏ।”

ਬਾਕੀ ਸਾਰੇ “ਭ੍ਰਿਸ਼ਟ” ਧਰਮ ਹਨ

ਚਰਚ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲਟ ਲੇਕ ਸਿਟੀ ਵਿੱਚ ਸਥਿਤ ਮੋਰਮੋਨ ਚਰਚ

ਕਹਾਣੀ ਸ਼ੁਰੂ ਹੁੰਦੀ ਹੈ ਸਮਿੱਥ ਦੇ ਅਲ੍ਹੜਪੁਣੇ ਤੋਂ ਜਦੋਂ ਉਹ ਬਹੁਤ ਜ਼ਿਆਦਾ ਪ੍ਰਾਰਥਨਾ ਕਰਿਆ ਕਰਦੇ ਸੀ।

ਮੋਰਮੋਨ ਰਵਾਇਤ ਮੁਤਾਬਕ 14 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਰੱਬ ਨੂੰ ਪੁੱਛਿਆ ਕਿ ਉਹ (ਤਤਕਾਲੀ ਚਰਚਾਂ ਵਿੱਚੋਂ) ਕਿਹੜੇ ਵਿੱਚ ਸ਼ਾਮਲ ਹੋਣ।

ਸਮਿੱਥ ਦੀ ਆਪਣੀ ਲਿਖਤ ਮੁਤਾਬਕ ਇਹ “ਉਨ੍ਹਾਂ ਲਈ ਬਹੁਤ ਜ਼ਿਆਦਾ ਭੰਬਲਭੂਸੇ ਦੇ ਦਿਨ ਸਨ। ਇਸ ਦੌਰਾਨ ਵਿਚਾਰਾਂ ਵਿੱਚ ਡੁੱਬੇ ਅਤੇ ਬਹੁਤ ਹੀ ਬੇਚੈਨ ਰਹਿੰਦੇ ਸੀ।”

“ਮੈਂ 1820ਵਿਆਂ ਦੌਰਾਨ ਬਹੁਤ ਜ਼ਿਆਦਾ ਬਾਈਬਲ ਪੜ੍ਹਿਆ ਕਰਦਾ ਸੀ। ਮੈਨੂੰ ਫਿਕਰ ਖਾਂਦਾ ਰਹਿੰਦਾ ਸੀ, ਕੀ ਮੈਂ ਉਵੇਂ ਜ਼ਿੰਦਗੀ ਜਿਉਂ ਰਿਹਾ ਸੀ ਜਿਵੇਂ ਰੱਬ ਚਾਹੁੰਦਾ ਸੀ ਕਿ ਮੈਂ ਜੀਵਾਂ।”

ਅਮਰੀਕੀ ਇਤਿਹਾਸਕਾਰ ਅਤੇ ਮੋਰਮੋਨ ਚਰਚ ਦੇ ਇਤਿਹਾਸਕ ਖੋਜ ਅਤੇ ਆਊਟਰੀਚ ਦੇ ਨਿਰਦੇਸ਼ਕ ਕੀਥ ਇਰੈਕਸਨ ਨੇ ਬੀਬੀਸੀ ਬ੍ਰਾਜ਼ੀਲ ਨੂੰ ਦੱਸਿਆ, “ਉਨ੍ਹਾਂ ਨੇ ਰੱਬ ਨੂੰ ਖਿਮਾਂ ਅਤੇ ਰਾਹ ਦਰਸਾਉਣ ਲਈ ਬਹੁਤ ਜ਼ਿਆਦਾ ਅਰਦਾਸਾਂ ਕੀਤੀਆਂ।”

ਮੰਨਿਆਂ ਜਾਂਦਾ ਹੈ ਕਿ ਸਮਿੱਥ ਨੂੰ ਉਨ੍ਹਾਂ ਦੀਆਂ ਅਰਦਾਸਾਂ ਦਾ ਜਵਾਬ ਪਰਮਾਤਮਾ ਅਤੇ ਉਨ੍ਹਾਂ ਦੇ ਪੁੱਤਰ ਨੇ ਖ਼ੁਦ ਆ ਕੇ ਦਿੱਤਾ।

‘‘ਜੋਸਫ਼ ਦੇ ਸਨਮੁੱਖ ਦੋ ਸਵਰਗੀ ਰੂਹਾਂ ਪ੍ਰਗਟ ਹੋਈਆਂ। ਇਹ ਪਰਮਾਤਮਾ ਖ਼ੁਦ ਅਤੇ ਦੂਜਾ ਉਨ੍ਹਾਂ ਦਾ ਪੁੱਤਰ, ਈਸਾ ਮਸੀਹ ਸੀ। ਈਸਾ ਮਸੀਹ ਨੇ ਜੋਸਫ਼ ਸਮਿੱਥ ਨੂੰ ਦੱਸਿਆ ਕਿ ਉਸ ਦੇ ਪਾਪ ਬਖ਼ਸ਼ ਦਿੱਤੇ ਗਏ ਹਨ।’’

‘‘ਜੋਸਫ਼ ਜਾਣਦੇ ਸਨ ਕਿ ਉਨ੍ਹਾਂ ਨੂੰ ਬਾਅਦ ਵਿੱਚ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।”

ਜੋਸੇਫ਼ ਸਮਿੱਥ ਦੇ ਆਪਣੇ ਸ਼ਬਦਾਂ ਵਿੱਚ, “ਉਨ੍ਹਾਂ ਨੇ ਦੋ ਪਰਛਾਵੇਂ ਦੇਖੇ ਜਿਨ੍ਹਾਂ ਦਾ ਨੂਰ ਕਿਸੇ ਵੀ ਬਿਆਨ ਤੋਂ ਪਰ੍ਹੇ ਸੀ। ਉਹ ਮੇਰੇ ਉੱਪਰ ਹਵਾ ਵਿੱਚ ਤੈਰ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੇਰਾ ਨਾਮ ਲੈ ਕੇ ਗੱਲਬਾਤ ਕੀਤੀ ਅਤੇ ਦੂਜੇ ਵੱਲ ਇਸ਼ਾਰਾ ਕਰਕੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਨੂੰ ਸੁਣ।”

ਆਪਣੇ ਸਵਾਲ ਬਾਰੇ ਉਹ ਲਿਖਦੇ ਹਨ, ‘‘ਮੈਨੂੰ ਕਿਹਾ ਗਿਆ ਕਿ ਮੈਂ ਕਿਸੇ (ਮੌਜੂਦਾ) ਚਰਚ ਦਾ ਮੈਂਬਰ ਨਾ ਬਣਾਂ ਕਿਉਂਕਿ ਉਹ ਸਾਰੇ ਗਲਤ ਸਨ।’’

ਜੋਸੇਫ਼ ਸਮਿੱਥ ਨੇ ਈਸਾ ਮਸੀਹ ਨੂੰ ਕਹਿੰਦੇ ਸੁਣਿਆ ਕਿ ਸਾਰੇ “ਕਬੀਲੇ ਘਿਰਣਾ ਯੋਗ ਸਨ ਅਤੇ ਸਾਰੇ ਧਰਮ ਭ੍ਰਿਸ਼ਟ ਸਨ।”

ਨਵਾਂ ਇਲਹਾਮ

ਕਿਤਾਬ

ਤਸਵੀਰ ਸਰੋਤ, EDISON VEIGA

ਤਸਵੀਰ ਕੈਪਸ਼ਨ, ਬ੍ਰਿਘਮ ਯੂਥ ਯੂਨੀਵਰਸਿਟੀ ਦੀ ਯਾਦਗਾਰ ਵਿੱਚ ਮੋਰਮੋਨਸ ਦੀ ਕਿਤਾਬ (ਤੀਜਾ ਅੰਕ)

ਐਰਿਕਨਸ ਦੱਸਦੇ ਹਨ ਕਿ ਸਮਿੱਥ ਦੇ ਪਰਿਵਾਰ ਵਿੱਚ ਗਿਆਰਾਂ ਬੱਚੇ ਸਨ, ਜੋ ਕਿ ਧਾਰਮਿਕ ਬਿਰਤੀ ਵਾਲੇ ਸਨ।

ਉਹ ਨਿੱਤਨੇਮ ਵਜੋਂ ਅੰਜੀਲ ਦਾ ਪਾਠ ਕਰਦੇ ਅਤੇ ਜਦੋਂ ਵੀ ਸੰਭਵ ਹੁੰਦਾ ਵੱਖੋ-ਵੱਖ ਚਰਚ ਸਭਾਵਾਂ ਵਿੱਚ ਜਾ ਕੇ ਕਥਾ ਸੁਣਿਆ ਕਰਦੇ ਸਨ।

ਜੋਸਫ਼ ਦੀ ਮਾਂ ਅਤੇ ਤਿੰਨ ਭੈਣ-ਭਰਾ ਪਰਸਬਿਟੇਰੀਅਨ ਚਰਚ ਵਿੱਚ ਸ਼ਾਮਿਲ ਹੋ ਗਏ ਸਨ। ਹਾਲਾਂਕਿ, ਜਦੋਂ ਜੋਸਫ਼ ਨੇ ਆਪਣਾ ਚਰਚ ਕਾਇਮ ਕੀਤਾ ਤਾਂ ਪਰਿਵਾਰ ਦੇ ਸਾਰੇ ਜੀਅ ਉਸ ਵਿੱਚ ਸ਼ਾਮਿਲ ਹੋ ਗਏ।

ਜਿਵੇਂ-ਜਿਵੇਂ ਜੋਸਫ਼ ਦੇ ਦੈਵੀ-ਇਲਹਾਮ ਦੀ ਖ਼ਬਰ ਲੋਕਾਂ ਵਿੱਚ ਫੈਲੀ ਤਾਂ ਜੋਸਫ਼ ਨੂੰ ਵਿਰੋਧ ਅਤੇ ਪੱਖਪਾਤ ਦਾ ਸਾਹਮਣਾ ਵੀ ਕਰਨਾ ਪਿਆ। ਖ਼ਾਸ ਕਰਕੇ ਤਤਕਾਲੀ ਚਰਚ ਉਨ੍ਹਾਂ ਦੇ ਵਿਰੋਧੀ ਹੋ ਗਏ।

ਉਨ੍ਹਾਂ ਦੀ ਆਪਣੀ ਲਿਖਤ ਮੁਤਾਬਕ ਗਿਆਨ ਹੋਣ ਤੋਂ ਤਿੰਨ ਸਾਲ ਬਾਅਦ ਸਤੰਬਰ 1823 ਵਿੱਚ ਉਨ੍ਹਾਂ ਨੂੰ ਇੱਕ ਹੋਰ ਇਲਹਾਮ ਹੋਇਆ ਅਤੇ ਉਨ੍ਹਾਂ ਨੂੰ ਮੋਰੋਨੀ ਨਾਮ ਦੇ ਫਰਿਸ਼ਤੇ ਨੇ ਦਰਸ਼ਨ ਦੱਤੇ।

ਉਹ ਲਿਖਦੇ ਹਨ,“ਉਸ ਨੇ ਮੈਨੂੰ ਸੋਨੇ ਦੇ ਪੱਤਰਿਆਂ ’ਤੇ ਲਿਖੀ ਇੱਕ ਗੁਪਤ ਕਿਤਾਬ ਬਾਰੇ ਦੱਸਿਆ। ਜਿਸ ਵਿੱਚ ਇਸ (ਅਮਰੀਕੀ) ਮਹਾਂਦੀਪ ਦੇ ਕੁਝ ਪ੍ਰਾਚੀਨ ਵਾਸੀਆਂ ਬਾਰੇ ਲਿਖਿਆ ਹੈ।”

ਇਸ ’ਤੇ ਸਮਿੱਥ ਨੇ ਕਿਹਾ, “ਉਸ ਨੇ ਇਹ ਵੀ ਕਿਹਾ ਕਿ ਪੋਥੀ ਦੀ ਗਾਗਰ ਵਿੱਚ ਕਦੇ ਨਾ ਮੁੱਕਣ ਵਾਲੇ ਸੰਦੇਸ਼ ਦਾ ਸਾਗਰ ਉਵੇਂ ਪਿਆ ਹੈ ਜਿਵੇਂ ਕਿ ਰਾਖੇ ਨੇ ਉਨ੍ਹਾਂ ਪ੍ਰਾਚੀਨ ਵਾਸੀਆਂ ਨੂੰ ਸੌਂਪਿਆ ਸੀ।”

ਉਸ ਫਰਿਸ਼ਤੇ ਨੇ ਸਮਿੱਥ ਨੂੰ ਇਹ ਵੀ ਕਿਹਾ ਕਿ ਕਿਤਾਬ ਦੇ ਨਾਲ ਹੀ ਚਾਂਦੀ ਦੇ ਛੱਲਿਆਂ ਵਿੱਚ ਦੋ ਪੱਥਰ ਮਿਲਣਗੇ।

ਉਹ ਲਿਖਦੇ ਹਨ, “ਪ੍ਰਾਚੀਨ ਕਾਲ ਵਿੱਚ ਇਹ ਛੱਲੇ ਅਤੇ ਪੱਥਰ ਰਿਸ਼ੀਆਂ ਕੋਲ ਹੁੰਦੇ ਸਨ। (ਅਤੇ) ਪਰਮਾਤਮਾ ਨੇ ਉਨ੍ਹਾਂ ਨੂੰ ਪੋਥੀ ਦੇ ਅਨੁਵਾਦ ਵਿੱਚ ਵਰਤੇ ਜਾਣ ਲਈ ਬਣਾਇਆ ਸੀ।”

ਸਮਿੱਥ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਉਹ ਇਹ ਪੱਤਰੇ ਕਿਸੇ ਕੋਲ ਜ਼ਾਹਰ ਨਹੀਂ ਕਰੇਗਾ।

ਇਸ ਮਗਰੋਂ ਸਮਿੱਥ ਕੋਲ ਇਹ ਫਰਿਸ਼ਤਾ ਲਗਾਤਾਰ ਚਾਰ ਸਾਲ ਆਉਂਦਾ ਰਿਹਾ ਅਤੇ ਨਵੀਆਂ ਹਦਾਇਤਾਂ ਦਿੰਦਾ ਰਿਹਾ।

ਆਖਰ ਸਮਿੱਥ ਨੂੰ ਉਹ ਪੋਥੀ ਨਿਊ ਯਾਰਕ ਦੇ ਮੈਨਚੈਸਟਰ ਸ਼ਹਿਰ ਵਿੱਚ ਇੱਕ ਪੱਥਰ ਦੇ ਬਕਸੇ ਵਿੱਚ ਰੱਖੀ ਮਿਲ ਗਈ।

ਸਮਿੱਥ ਲਿਖਦੇ ਹਨ, “ਇਸ ਪਹਾੜ ਦੇ ਪੱਛਮ ਵਾਲੇ ਪਾਸੇ ਇੱਕ ਵੱਡੇ ਪੱਥਰ ਦੇ ਥੱਲੇ ਇੱਕ ਪੱਥਰ ਦੇ ਬਕਸੇ ਵਿੱਚ ਇਹ ਪੱਤਰੇ ਰੱਖੇ ਹੋਏ ਸਨ।”

ਪਵਿੱਤਰ ਪੋਥੀ

ਜੋਸਫ਼ ਸਮਿੱਥ

ਤਸਵੀਰ ਸਰੋਤ, EDISON VEIGA

ਤਸਵੀਰ ਕੈਪਸ਼ਨ, ਜੋਸਫ਼ ਸਮਿੱਥ ਦਾ ਚਿੱਤਰ

ਇਹ ਪੋਥੀ ਇੱਕ ਪ੍ਰਾਚੀਨ ਪੈਗੰਬਰ ਮੋਰਮੋਨ ਨੇ ਸੰਕਲਿਤ ਕੀਤੀ ਸੀ ਅਤੇ ਇਸੇ ਲਈ ਮੋਰਮੋਨ ਦੀ ਪੋਥੀ ਵਜੋਂ ਜਾਣੀ ਗਈ।

ਇਸੇ ਤੋਂ ਇੱਥੋਂ ਹੀ ਨਵੇਂ ਸੰਪਰਦਾਇ ਦਾ ਘਰੇਲੂ ਨਾਮ ‘ਨੋਰਮੋਨ ਦਾ ਚਰਚ’ ਪਿਆ ਅਤੇ ਇਹੀ ਪ੍ਰਸਿੱਧ ਹੋ ਗਿਆ।

ਇਸ ਪੋਥੀ ਨੂੰ ਅੰਗਰੇਜ਼ੀ ਵਿੱਚ ਤਰਜਮਾ ਕਰਨ ਦਾ ਜ਼ਿੰਮਾ ਸਮਿੱਥ ਦਾ ਲਾਇਆ ਗਿਆ।

ਸਮਿੱਥ ਮੁਤਾਬਕ ਇਹ ਪੋਥੀ ਕਿਸੇ ਅਨਜਾਣੀ ਭਾਸ਼ਾ ਵਿੱਚ ਲਿਖੀ ਸੀ। ਜੋ ਸ਼ਾਇਦ ਸੁਧਾਰੀ ਹੋਈ ਮਿਸਰੀ ਭਾਸ਼ਾ ਸੀ।

ਪੋਥੀ ਈਸਾ ਮਸੀਹ ਦੇ ਜਨਮ ਤੋਂ ਕੋਈ 600 ਸਾਲ ਪਹਿਲਾਂ ਮੱਧ ਪੂਰਬ ਤੋਂ ਆ ਕੇ ਵਸਣ ਵਾਲੇ ਲੋਕਾਂ ਦੀ ਕਹਾਣੀ ਦੱਸਦੀ ਹੈ।

ਸਲੀਬ ’ਤੇ ਚੜ੍ਹਾਏ ਜਾਣ ਤੋਂ ਬਾਅਦ ਜਦੋਂ ਈਸਾ ਮਸੀਹ ਕਬਰ ਵਿੱਚੋਂ ਮੁੜ ਜ਼ਿੰਦਾ ਹੋ ਕੇ ਬਾਹਰ ਆਏ ਤਾਂ ਉਹ ਅਮਰੀਕਾ ਵਿੱਚ ਇਨ੍ਹਾਂ ਲੋਕਾਂ ਦੇ ਸਾਹਮਣੇ ਪ੍ਰਗਟ ਹੋਏ। ਪੋਥੀ ਪੱਛਮੀ ਅਰਧ ਗੋਲੇ ਵਿੱਚ ਈਸਾ ਦੀ ਸੰਗਤ ਦਾ ਵਰਨਣ ਕਰਦੀ ਹੈ।

ਸਮਿੱਥ ਮੁਤਾਬਕ ਪੋਥੀ ਦਾ ਮੂਲ ਰੂਪ ਸੰਭਾਲਿਆ ਨਹੀਂ ਗਿਆ। ਤਰਜਮਾ ਕਰਨ ਤੋਂ ਬਾਅਦ ਸੋਨੇ ਦੇ ਪੱਤਰੇ ਅਕਾਸ਼ੀ ਫਰਿਸ਼ਤੇ ਨੂੰ ਵਾਪਸ ਕਰ ਦਿੱਤੇ ਗਏ।

ਮੋਰਮੋਨ ਚਰਚ ਦੇ ਪੈਰੋਕਾਰ ਇਸ ਪੋਥੀ ਨੂੰ ਤੀਜਾ ਅਹਿਦਨਾਮਾ ਮੰਨਦੇ ਹਨ, ਜਿਸ ਨੇ ਪੁਰਾਣਾ ਅਤੇ ਦੂਜਾ ਅਹਿਦਨਾਮਾ ਮੁਕੰਮਲ ਕੀਤਾ।

ਮੋਰੇਇਸ ਮੁਤਾਬਕ, “ਇਸ ਦੀ ਸੁਰ ਵਿੱਚ ਕਿਸੇ ਇਲਹਾਮ ਵਾਂਗ ਅਧਿਕਾਰ ਝਲਕਦਾ ਹੈ। ਇਲਹਾਮ ਜੋ ਪੁਰਾਣੀ ਅੰਜੀਲ ਵਿੱਚ ਜੋ ਕਿਹਾ ਗਿਆ ਹੈ ਉਸ ਦਾ ਪੂਰਕ ਵੀ ਹੋਵੇ ਤੇ ਉਨ੍ਹਾਂ ਨੂੰ ਦਰੁਸਤ ਵੀ ਕਰਵਾ ਰਿਹਾ ਹੋਵੇ। ਇਸ ਲਿਹਾਜ਼ ਨਾਲ ਉਨ੍ਹਾਂ ਲਈ (ਮੋਰਮੋਨਵਾਦੀਆਂ ਲਈ) ਤਾਂ ਪੁਰਾਣੀ ਅੰਜੀਲ ਬਹੁਤ ਪੁਰਾਣੀ ਹੈ।”

ਇਤਿਹਾਸਕਾਰ ਅਤੇ ਧਰਮਿਕ ਵਿਦਵਾਨ ਵਿਨੀਸ਼ੀਅਸ ਕਿਊਟੋ ਸਾਓ ਪੋਲੋ ਦੀ ਮੈਥੋਡਿਸਟ ਯੂਨੀਵਰਸਿਟੀ ਵਿੱਚ ਧਰਮ ਸ਼ਾਸਤਰ ਦੇ ਪ੍ਰੋਫ਼ੈਸਰ ਹਨ।

ਉਹ ਸਹਿਮਤ ਹਨ ਕਿ, “ਅਮਲੀ ਰੂਪ ਵਿੱਚ ਤਾਂ ਉਨ੍ਹਾਂ ਲਈ, ਮੋਰਮੋਨ ਦਾ ਦਸਤਾਵੇਜ਼ ਉਨ੍ਹਾਂ ਲਈ ਅੰਜੀਲ ਤੋਂ ਉੱਪਰ ਹੈ।”

“ਰਾਇ ਹੈ ਕਿ ਇਹ ਪਹਿਲੇ ਦੋ ਅਹਿਦਨਾਮਿਆਂ ਦੀ ਨਿਰੰਤਰਤਾ ਵਿੱਚ ਹੀ ਹੈ। ਉਹ ਮੰਨਦੇ ਹਨ ਕਿ ਈਸਾਈ ਅੰਜੀਲ, ਪੁਰਾਣਾ ਅਤੇ ਨਵਾਂ ਅਹਿਦਨਾਮਾ, ਉਨ੍ਹਾਂ ਦੇ ਅਕੀਦੇ ਦਾ ਅਹਿਮ ਹਿੱਸਾ ਹਨ ਪਰ ਮੋਰਮੋਨ ਦੀ ਪੋਥੀ ਸਭ ਤੋਂ ਤਾਜ਼ਾ ਅਤੇ ਸਭ ਤੋਂ ਢੁਕਵੀਂ ਹੈ।”

“ਅੰਜੀਲ ਅਤੇ ਮੋਰਮੋਨ ਦੀ ਪੋਥੀ ਵਿੱਚ ਟਕਰਾਅ ਹੋਣ ਦੀ ਸੂਰਤ ਵਿੱਚ ਉਹ ਅੰਜੀਲ ਨੂੰ ਪਿੱਛੇ ਕਰ ਦਿੰਦੇ ਹਨ। ਉਨ੍ਹਾਂ ਲਈ ਮੋਰਮੋਨ ਦੀ ਪੋਥੀ ਦਾ ਅਨੁਵਾਦ ਜ਼ਿਆਦਾ ਆਧੁਨਿਕ ਅਤੇ ਸਪਸ਼ਟ ਹੈ।”

ਵਾਈਨ ਅਤੇ ਕੌਫ਼ੀ ਦੀ ਮਨਾਹੀ

ਕੌਫ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਿਥ ਨੇ ਕੌਫ਼ੀ ਪੀਣ ਦੀ ਵੀ ਮਨਾਹੀ ਕੀਤੀ।

ਆਧੁਨਿਕਤਾ ਦੀ ਇੱਕ ਸਿੱਧੀ ਮਿਸਾਲ ਵਜੋਂ ਸ਼ਰਾਬ ਦੇ ਸੇਵਨ ਦਾ ਨਾਮ ਲਿਆ ਜਾਂਦਾ ਹੈ। ਈਸਾਈ ਵਾਈਨ ਪੀਣ ਉੱਤੇ ਪਾਬੰਦੀ ਕਿਵੇਂ ਸਵੀਕਾਰ ਕਰ ਸਕਦੇ ਹਨ? ਜਦੋਂ ਰਵਾਇਤ ਮੁਤਾਬਕ ਈਸਾ ਮਸੀਹ ਨੇ ਖ਼ੁਦ ਵਾਈਨ ਪੀਤੀ ਅਤੇ ਉਨ੍ਹਾਂ ਨੇ ਆਪਣਾ ਆਖਰੀ ਭੋਜ ਵੀ ਵਾਈਨ ਤੇ ਬਰੈੱਡ ਨਾਲ ਕੀਤਾ ਹੋਵੇ?

ਮੋਰਮੋਨ ਚਰਚ ਦਾ ਇੱਕ ਮੈਂਬਰ ਕਹਿੰਦਾ ਹੈ, “ਸਾਨੂੰ ਆਪਣੇ ਸਮੇਂ ਬਾਰੇ ਸੋਚਣਾ ਪਵੇਗਾ। ਅੱਜ ਅਸੀਂ ਜਾਣਦੇ ਹਾਂ ਕਿ ਇਹ ਨੁਕਸਾਨ ਕਰਦੀ ਹੈ।''

ਸਮਿੱਥ ਨੇ 27 ਫਰਵਰੀ ਨੂੰ ਹੋਏ ਇਲਹਾਮ ਮੁਤਾਬਕ ਲਿਖਿਆ, ਕੌਫ਼ੀ ਬਾਰੇ ਵੀ ਅਜਿਹਾ ਹੀ ਹੈ। ਸ਼ਰਾਬ, ਸ਼ਰਾਬ ਵਾਲੇ ਪਦਾਰਥ, ਤੰਬਾਕੂ ਅਤੇ ਪੀਣ ਵਾਲੇ ਪਦਾਰਥਾਂ ਦੀ ਮਨਾਹੀ ਹੈ।

ਉਨ੍ਹਾਂ ਨੇ ਕਿਹਾ ਕਿ ਕੌਫ਼ੀ ਵੀ ਇਸੇ ਵਰਗ ਵਿੱਚ ਆਵੇਗੀ।

ਇਸ ਇਲਹਾਮ ਮੁਤਾਬਕ ਲੋਕਾਂ ਨੂੰ ਆਪਣੇ ਭੌਤਿਕ ਸਰੀਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਿਹਤਮੰਦ ਰਹਿ ਕੇ, ਸੂਝ ਅਤੇ ਗਿਆਨ ਵਰਗੇ ਅਧਿਆਤਮਿਕ ਬਖ਼ਸ਼ਿਸ਼ਾਂ ਦਾ ਅਨੰਦ ਮਾਣ ਸਕਣ।

ਉਨ੍ਹਾਂ ਨੇ ਅਜਿਹੇ ਕਈ ਪੀਣ ਵਾਲੇ ਪਦਾਰਥਾਂ ਦਾ ਜ਼ਿਕਰ ਕੀਤਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਚਰਚ ਦੇ ਮੈਂਬਰ ਕਾਲੀ ਕੌਫ਼ੀ ਅਤੇ ਕਾਲੀ ਚਾਹ ਤੋਂ ਵੀ ਪਰਹੇਜ਼ ਕਰਦੇ ਹਨ।

ਬਹੁ-ਪਤਨੀ ਵਿਆਹ

ਮੋਰਮੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੋਰਮੋਨ ਪਰਿਵਾਰ ਦੀ ਪੁਰਾਣੀ ਤਸਵੀਰ, ਜਿਸ ਵਿੱਚ ਦੋ ਪਤਨੀਆਂ ਹਨ

ਹਾਲਾਂਕਿ, ਚਰਚ ਦਾ ਸਭ ਤੋਂ ਵਿਵਾਦਿਤ ਸਿਧਾਂਤ ਹੈ ਬਹੁ-ਪਤਨੀ ਵਿਆਹ ਦੀ ਹਮਾਇਤ।

ਇਹ ਰਵਾਇਤ ਚਰਚ ਨੇ ਸ਼ੁਰੂ ਵਿੱਚ ਹੀ ਅਪਣਾਈ ਸੀ ਅਤੇ ਵਰਤਮਾਨ ਵਿੱਚ ਚਰਚ ਦੇ ਮੈਂਬਰ ਇਸ ਨੂੰ ਸਹਿਣ ਨਹੀਂ ਕਰਦੇ।

ਚਰਚ ਦੀ ਅਧਿਕਾਰਿਤ ਵੈੱਬਸਾਈਟ ਮੁਤਾਬਕ ਸੰਨ 1904 ਤੋਂ ਬਹੁ-ਪਤਨੀ ਵਿਆਹਾਂ ਦੀ ਮਨਾਹੀ ਹੈ, ਜਿਸ ਦੀ ਸਜ਼ਾ ਵਜੋਂ ਸਮਾਜਿਕ ਬਾਈਕਾਟ ਵੀ ਹੋ ਸਕਦਾ ਹੈ।

ਜੋਸਫ਼ ਸਮਿੱਥ ਦੇ ਕੁਝ ਜੀਵਨੀ ਲੇਖਕ ਉਨ੍ਹਾਂ ਦੀਆਂ 40 ਦੇ ਕਰੀਬ ਪਤਨੀਆਂ ਹੋਣ ਦਾ ਦਾਅਵਾ ਕਰਦੇ ਹਨ।

ਸਾਲ 1852 ਤੋਂ 1890 ਦੇ ਦੌਰਾਨ, ਲੇਟਰ ਡੇ ਸੈਂਟਸ ਨੇ ਖੁੱਲ਼੍ਹੇਆਮ ਇੱਕ ਤੋਂ ਵਧੇਰੇ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ।

ਚਰਚ ਦੀ ਅਧਿਕਾਰਤ ਲਿਖਤ ਮੁਤਾਬਕ, “ਬਹੁ-ਵਿਆਹ ਰਿਸ਼ਤਿਆਂ ਵਿੱਚ ਰਹਿ ਰਹੇ ਜੋੜਿਆਂ ਨੇ ਇਨ੍ਹਾਂ ਰਿਸ਼ਤਿਆਂ ਦੀਆਂ ਚੁਣੌਤੀਆਂ ਨੂੰ ਤਾਂ ਸਵੀਕਾਰ ਕੀਤਾ ਹੀ ਪਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਵਿੱਚ ਪਿਆਰ ਅਤੇ ਖੁਸ਼ੀ ਵੀ ਹਾਸਲ ਹੋਈ।”

“ਉਨ੍ਹਾਂ ਦਾ ਮੰਨਣਾ ਸੀ ਕਿ ਇਹੀ ਰੱਬ ਦੀ ਇਜਾਜ਼ਤ ਹੈ ਅਤੇ ਜੇ ਉਹ ਇਸ ਦੀ ਪਾਲਣਾ ਕਰਨਗੇ ਤਾਂ ਉਨ੍ਹਾਂ ਨੂੰ ਰੱਬ ਦੀਆਂ ਅਸੀਸਾਂ ਮਿਲਣਗੀਆਂ ਅਤੇ ਉਨ੍ਹਾਂ ਦੀ ਜ਼ਿੰਦਗੀ ਖ਼ੁਸ਼ਹਾਲ ਹੋਵੇਗੀ।’’

‘‘ਚਰਚ ਦੇ ਪਰਚਾਰਕ ਲੋਕਾਂ ਨੂੰ ਸਮਝਾਉਂਦੇ ਸਨ ਕਿ ਜੋ ਵੀ ਰਿਸ਼ਤੇ ਵਿੱਚ ਸ਼ਾਮਲ ਹੋਣ ਉਨ੍ਹਾਂ ਸਾਰਿਆਂ ਨੂੰ ਆਪਣੇ ਅੰਦਰ ਦੂਜੇ ਦਾ ਭਲਾ ਕਰਨ ਦੀ ਸੱਚੀ ਭਾਵਨਾ ਅਤੇ ਈਸਾ ਮਸੀਹ ਪ੍ਰਤੀ ਸ਼ੁੱਧ ਪ੍ਰੇਮ ਪੈਦਾ ਕਰਨਾ ਚਾਹੀਦਾ ਹੈ।”

ਇਰੈਕਸਨ ਸਾਡਾ ਧਿਆਨ ਇਸ ਗੱਲ ਵੱਲ ਦਿਵਾਉਂਦੇ ਹਨ ਕਿ ਕੁਝ “ਲੋਕਾਂ ਨੂੰ ਗਲਤ ਫਹਿਮੀ ਹੋ ਗਈ ਕਿ ਬਹੁ-ਵਿਆਹ ਹੀ ਸੰਪਰਦਾਇ ਦੀ ਮੁੱਖ ਵਿਸ਼ੇਸ਼ਤਾ ਹੈ।”

ਉਹ ਇਸਦਾ ਪ੍ਰਸੰਗ ਸਮਝਾਉਂਦੇ ਹਨ, “ਸਮਿੱਥ ਨੇ ਆਪਣੇ ਜੀਵਨ ਦੇ ਅਖੀਰਲੇ ਸਾਲਾਂ ਦੌਰਾਨ ਆਪਣੇ ਕੁਝ ਨਜ਼ਦੀਕੀ ਲੋਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਰੱਬ ਵੱਲੋਂ ਹੁਕਮ ਹੋਇਆ ਸੀ ਕੀ ਇੱਕ ਮਰਦ ਨੂੰ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਣੇ ਚਾਹੀਦੇ ਹਨ।”

ਉਹ ਦੱਸਦੇ ਹਨ, “ਅੰਜੀਲ ਵਿੱਚ ਕਈ ਹੋਰ ਪੈਗੰਬਰਾਂ ਨੇ ਵੀ ਇਸ ਰਵਾਇਤ ਦੀ ਪਾਲਣਾ ਕੀਤੀ ਸੀ। ਹਜ਼ਰਤ ਮੂਸਾ, ਅਬਰਾਹਮ ਅਤੇ ਜੈਕਬ ਜਾਂ ਇਜ਼ਰਾਈਲ ਦੇ ਵੀ ਇੱਕ ਤੋਂ ਜ਼ਿਆਦਾ ਵਿਆਹ ਸਨ।’’

‘‘ਜੋਸਫ਼ ਦੀ ਮੌਤ ਤੋਂ ਬਾਅਦ, ਇਸ ਦਾ ਜਨਤਕ ਐਲਾਨ ਕੀਤਾ ਗਿਆ ਅਤੇ ਇਹ ਰਵਾਇਤ ਵੀ ਲਗਭਗ 50 ਸਾਲ ਤੱਕ ਚਲਦੀ ਰਹੀ। ਹਾਲਾਂਕਿ, ਸਾਲ 1904 ਤੋਂ ਉਸ ਦੀ ਮਨਾਹੀ ਹੈ।”

ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਣ ਪਿੱਛੇ ਸਮਾਜਿਕ-ਇਤਿਹਾਸਕ ਕਾਰਨ ਵੀ ਹਨ। ਉਹ ਜ਼ਿਆਦਾ ਬੱਚੇ ਪੈਦਾ ਕਰਕੇ ਜ਼ਮੀਨ ਨੂੰ ਅਬਾਦ ਕਰਨਾ ਚਾਹੁੰਦੇ ਸਨ। ਉਸ ਸਮੇਂ ਔਰਤਾਂ ਦੀ ਗਿਣਤੀ ਵੀ ਮਰਦਾਂ ਨਾਲੋਂ ਜ਼ਿਆਦਾ ਸੀ।

ਬਹੁ-ਪਤਨੀ ਵਿਆਹ ਸਾਲ 1882 ਵਿੱਚ ਅਮਰੀਕੀ ਕਾਂਗਰਸ ਵੱਲੋਂ ਇਸ ਦੇ ਵਿਰੁੱਧ ਕਾਨੂੰਨ ਪਾਸ ਕਰਨ ਤੋਂ ਬਾਅਦ ਤਾਂ ਮੋਰਮੋਨ ਚਰਚ ਦੇ ਮੈਂਬਰਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਸੀ।

1880 ਦੇ ਦਹਾਕੇ ਦੌਰਾਨ ਇੱਕ ਤੋਂ ਜ਼ਿਆਦਾ ਪਤਨੀਆਂ ਵਾਲੇ ਪਤੀ ਨੂੰ ਸਜ਼ਾਵਾਂ ਦਿੱਤੀਆਂ ਜਾਣ ਲੱਗੀਆਂ।

ਕਾਨੂੰਨ ਵਿੱਚ ਅਜਿਹੇ ਜੋੜਿਆਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਬੰਦੋਬਸਤ ਕੀਤਾ ਗਿਆ। ਸਰਕਾਰੀ ਅਧਿਕਾਰੀਆਂ ਨੇ ਧਰਮ ਗੁਰੂਆਂ ਨੂੰ ਉਨ੍ਹਾਂ ਦੇ ਧਾਰਮਿਕ ਥਾਂ ਜ਼ਬਤ ਕਰ ਲੈਣ ਦੀ ਧਮਕੀ ਦਿੱਤੀ।

ਇਸ ਤੋਂ ਅਗਲਾ ਭਾਵ 1990 ਦਾ ਦਹਾਕਾ ਆਉਂਦੇ-ਆਉਂਦੇ ਚਰਚ ਵੱਲੋਂ ਇਸ ਪ੍ਰਥਾ ਨੂੰ ਖਤਮ ਕਰਨ ਲਈ ਲਹਿਰ ਸ਼ੁਰੂ ਹੋਈ। ਆਖਰ 1904 ਵਿੱਚ ਇਸ ਉੱਪਰ ਮੁਕੰਮਲ ਰੋਕ ਲਗਾ ਦਿੱਤੀ ਗਈ।

ਧਾਰਮਿਕ ਕੱਟੜਤਾ

ਚਿੱਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋਸਫ਼ ਸਮਿੱਥ ਦੇ ਕਤਲ ਨੂੰ ਦਰਸਾਉਂਦਾ ਚਿੱਤਰ

ਹੁਣ ਵਾਪਸ ਜੋਸਫ਼ ਸਮਿੱਥ ਦੀ ਗੱਲ ਕਰਦੇ ਹਾਂ। ਸਾਲ 1830 ਵਿੱਚ ਜੋਸਫ਼ ਨੂੰ ਹੋਏ ਪਹਿਲੇ ਇਲਹਾਮ ਤੋਂ ਬਾਅਦ ਇਸ ਨਵੇਂ ਈਸਾਈ ਸੰਪਰਦਾਇ ਦਾ ਜਨਮ ਹੋਇਆ।

ਇਰੈਕਸਨ ਦੱਸਦੇ ਹਨ, “ਨਵਾਂ ਚਰਚ ਸਥਾਪਿਤ ਕਰਨ ਵਿੱਚ ਜੋਸਫ਼ ਸਮਿੱਥ ਦੀ ਰੱਬ ਨੇ ਖ਼ੁਦ ਅਗਵਾਈ ਕੀਤੀ।”

ਉਸ ਸਮੇਂ ਤੱਕ ਜੋਸਫ਼ ਦਾ ਆਪਣੀ ਪਹਿਲੀ ਪਤਨੀ ਐਮਾ ਹਾਲ ਸਮਿੱਥ ਨਾਲ ਵਿਆਹ ਹੋ ਚੁੱਕਿਆ ਸੀ। ਦੋਵੇਂ ਜਣੇ ਪੈਨਸਲਵੇਨੀਆ ਦੇ ਹਾਰਮੋਨੀ ਕਸਬੇ ਵਿੱਚ ਰਹਿੰਦੇ ਸਨ, ਜਿਸ ਨੂੰ ਹੁਣ ਓਕਲੈਂਡ ਕਿਹਾ ਜਾਂਦਾ ਹੈ।

ਹਾਲਾਂਕਿ, ਸ਼ੁਰੂ ਤੋਂ ਹੀ ਚਰਚ ਨੂੰ ਅੱਤਿਆਚਾਰਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੋਸਫ਼ ਸਮਿੱਥ ਕਿਉਂਕਿ ਮੋਢੀ ਸਨ, ਇਸ ਲਈ ਵਿਰੋਧੀਆਂ ਦਾ ਮੁੱਖ ਨਿਸ਼ਾਨਾ ਬਣ ਗਏ।

ਉਨ੍ਹਾਂ ਨੂੰ ਕਈ ਵਾਰ ਗ੍ਰਿਫਤਾਰ ਵੀ ਕੀਤਾ ਗਿਆ। ਉਨ੍ਹਾਂ ਉੱਪਰ ਗੜਬੜੀ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਾਏ ਗਏ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਸ਼ਹਿਰ ਦਰ ਸ਼ਹਿਰ ਭਟਕਣਾ ਵੀ ਪਿਆ।

ਹਾਲਾਂਕਿ, ਉਹ ਜਿੱਥੇ ਵੀ ਜਾਂਦੇ ਨਵੇਂ ਸ਼ਰਧਾਲੂਆਂ ਨੂੰ ਬਪਤਿਸਮਾ ਦਿੰਦੇ ਅਤੇ ਨਵੀਂ ਸੰਗਤ ਕਾਇਮ ਕਰ ਦਿੰਦੇ।

ਸਾਲ 1844 ਦੇ ਜੂਨ ਮਹੀਨੇ ਦੀ 25 ਤਰੀਕ ਨੂੰ ਸਮਿੱਥ ਉੱਪਰ ਦੰਗਾ ਭੜਕਾਉਣ ਦਾ ਮੁਕੱਦਮਾ ਚਲਾਇਆ ਗਿਆ ਤੇ ਇੱਕ ਵਾਰ ਫਿਰ ਫੜਿਆ ਗਿਆ।

ਜਿਸ ਜੇਲ੍ਹ ਵਿੱਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਦੋ ਦਿਨਾਂ ਬਾਅਦ ਹਥਿਆਰਬੰਦ ਹਿੰਸਕ ਭੀੜ ਨੇ ਹਮਲਾ ਕਰ ਦਿੱਤਾ।

ਜੋਸਫ਼ ਸਮਿੱਥ ਨੇ ਬਾਰੀ ਵਿੱਚੋਂ ਛਾਲ ਮਾਰ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਗੋਲੀ ਲੱਗ ਗਈ। ਜਦੋਂ ਉਹ ਥੱਲੇ ਡਿੱਗੇ ਤਾਂ ਇੱਕ ਪਹਿਰੇਦਾਰ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।

ਚਰਚ

ਤਸਵੀਰ ਸਰੋਤ, Getty Images

ਮੌਤ ਤੋਂ ਬਾਅਦ ਸਥਾਨਕ ਪ੍ਰੈੱਸ ਨੇ ਉਨ੍ਹਾਂ ਨੂੰ ਇੱਕ ਧਾਰਮਿਕ ਕਟੱੜਵਾਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਹਾਲਾਂਕਿ, ਮੋਰਮੋਨ ਭਾਈਚਾਰੇ ਨੇ ਉਨ੍ਹਾਂ ਨੂੰ 'ਸ਼ਹੀਦ' ਦਾ ਦਰਜਾ ਦਿੱਤਾ। ਉਨ੍ਹਾਂ ਦੀ ਮੌਤ ਨੇ ਸਗੋਂ ਚਰਚ ਦੇ ਵਧਣ-ਫੁਲਣ ਵਿੱਚ ਹੋਰ ਮਦਦ ਕੀਤੀ।

ਮੋਰੇਇਸ ਦਸਦੇ ਹਨ, “(ਚਰਚ ਦੀ ਨੀਂਹ ਰੱਖੇ ਜਾਣ ਬਾਰੇ) ਬਹੁਤ ਸਾਰੇ ਵਿਵਾਦ ਹਨ। ਪੂਰੀ ਕਹਾਣੀ ਤਾਂ ਇਹ ਹੈ ਕਿ ਕਿਸੇ ਨੇ ਵੀ ਪੂਰੀ ਕਿਤਾਬ ਨਹੀਂ ਦੇਖੀ।...ਪਰ ਸਮਿੱਥ ਇੱਕ ਅਜਿਹਾ ਸ਼ਖਸ ਹੈ ਜਿਸ ਦਾ ਬਹੁਤ ਤੀਬਰ ਅਧਿਆਤਮਿਕ ਅਨੁਭਵ ਸੀ ਅਤੇ ਉਸ ਨੇ ਆਪਣਾ ਚਰਚ ਸ਼ੁਰੂ ਕੀਤਾ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਅਸੰਗਤੀਆਂ ਨੂੰ ਨਜ਼ਰਅੰਦਾਜ਼ ਕਰਕੇ ਕਹੇ-ਸੁਣੇ ’ਤੇ ਇਤਬਾਰ ਕੀਤਾ।”

ਸਮਿੱਥ ਦੀ ਮੌਤ ਤੋਂ ਬਾਅਦ ਚਰਚ ਦੀ ਵਾਗ ਡੋਰ ਬ੍ਰਿਘਮ ਯੰਗ ਦੇ ਹੱਥਾਂ ਵਿੱਚ ਆ ਗਈ ਜੋ ਮੋਰਮੋਨ ਭਾਈਚਾਰੇ ਨੂੰ ਹਿਜਰਤ ਕਰਵਾ ਕੇ ਪੱਛਮੀ ਅਮਰੀਕਾ ਲੈ ਗਏ।

ਸਮਾਂ ਪਾ ਕੇ ਚਰਚ ਦੇ ਲੋਕਾਂ ਨੇ ਸਾਲਟ ਲੇਕ ਸਿਟੀ ਵਸਾਈ ਅਤੇ ਉਤਾਹ ਵਿੱਚ ਵਸ ਗਏ। ਚਰਚ ਦੇ ਸਭ ਤੋਂ ਜ਼ਿਆਦਾ ਪੈਰੋਕਾਰ ਅਤੇ ਮੁੱਖ ਦਫ਼ਤਰ ਅਜੇ ਵੀ ਉਤਾਹ ਵਿੱਚ ਹੀ ਸਥਿਤ ਹਨ।

ਮੋਰੇਇਸ ਕਹਿੰਦੇ ਹਨ, “ਇਸੇ ਦੌਰਾਨ ਇੱਕ ਅਜਿਹੇ ਭਾਈਚਾਰੇ ਦੀ ਪਛਾਣ ਉਘੜਦੀ ਹੈ ਜਿਨ੍ਹਾਂ ਨੇ ਆਪਣੀ ਧਾਰਮਿਕ ਆਸਥਾ ਕਾਰਨ ਅਤਿਆਚਾਰ ਸਹਿਣ ਕੀਤੇ। ਇਸ ਸਮੂਹ ਨੂੰ ਨਵੀਂ ਧਰਤੀ ਉੱਤੇ ਲਿਜਾ ਕੇ ਵਸਾਇਆ ਗਿਆ।”

ਉਹ ਅੱਗੇ ਕਹਿੰਦੇ ਹਨ, “ਇਹ ਲੋਕ ਬੜੇ ਸਿਦਕੀ ਹਨ। ਇਹ ਅਕੀਦਤ ਮੰਦ ਲੋਕ ਹਨ ਅਤੇ ਮਿਹਨਤੀ ਹਨ। ਦਸਵੰਧ ਦਿੰਦੇ ਹਨ। ਉਨ੍ਹਾਂ ਵਿੱਚ ਖ਼ੁਸ਼ਹਾਲੀ ਆਈ ਜਿਸ ਤੋਂ ਲੋਕਾਂ ਨੂੰ ਹੋਰ ਯਕੀਨ ਬੱਝ ਗਿਆ ਕਿ ਰੱਬ ਉਨ੍ਹਾਂ ਦੇ ਵੱਲ ਦਾ ਹੈ। ਉਹ ਰੱਬ ਦੀ ਪਰਵਾਨਗੀ ’ਤੇ ਭਰੋਸਾ ਕਰਕੇ ਸਹੀ ਹੀ ਕਰ ਰਹੇ ਸਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)