ਪਾਕਿਸਤਾਨੀ ਰੇਂਜਰਾਂ ਦੀ ਗ੍ਰਿਫ਼ਤ ਵਿੱਚ ਆਇਆ ਇਹ ਪੰਜਾਬੀ ਨੌਜਵਾਨ ਕੌਣ ਹੈ, ਪਰਿਵਾਰ ਨੇ ਉਸ ਬਾਰੇ ਕੀ ਦੱਸਿਆ ਹੈ

    • ਲੇਖਕ, ਇਹਤੇਸ਼ਾਮ ਸ਼ਾਮੀ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਪ੍ਰਦੀਪ ਸ਼ਰਮਾ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਨੌਜਵਾਨ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਬੀਬੀਸੀ ਉਰਦੂ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਰੇਂਜਰਾਂ ਨੇ ਪੰਜਾਬ ਦੇ ਕਸੂਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਤੋਂ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਗੰਡਾ ਸਿੰਘ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ।

ਪਾਕਿਸਤਾਨ ਰੇਂਜਰਾਂ ਵੱਲੋਂ ਫੜ੍ਹੇ ਗਏ ਵਿਅਕਤੀ ਦੀ ਇੱਕ ਹੱਥਕੜੀ ਵਾਲੀ ਤਸਵੀਰ ਵੀ ਜਾਰੀ ਕੀਤੀ ਹੈ।

ਬੀਬੀਸੀ ਉਰਦੂ ਦੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਦੇ ਦੱਸਿਆ ਹੈ ਕਿ, ਭਾਰਤੀ ਨਾਗਰਿਕ ਕਸੂਰ ਦੇ ਗੰਡਾ ਸਿੰਘ ਪੁਲਿਸ ਸਟੇਸ਼ਨ ਵਿੱਚ ਪੈਂਦੇ ਸਾਹਜਰਾ ਖੇਤਰ ਤੋਂ ਪਾਕਿਸਤਾਨੀ ਖੇਤਰ ਵਿੱਚ ਦਾਖ਼ਲ ਹੋਇਆ ਸੀ ਜਿੱਥੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਗ੍ਰਿਫ਼ਤਾਰ ਕੀਤੇ ਗਏ ਭਾਰਤੀ ਨਾਗਰਿਕ ਦਾ ਨਾਮ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ। ਉਹ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਤਹਿਸੀਲ ਦੇ ਪਿੰਡ ਭੋਇਪੁਰ ਦੇ ਨਿਵਾਸੀ ਹਨ।

ਹਾਲਾਂਕਿ, ਜਲੰਧਰ ਦੇ ਸ਼ਾਹਕੋਟ ਵਿੱਚ ਵੀ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਹੋਈ ਹੈ।

ਸ਼ਰਨਦੀਪ ਬਾਰੇ ਪਾਕਿਸਤਾਨੀ ਰੇਂਜਰਾਂ ਨੇ ਹੋਰ ਕੀ ਕਿਹਾ

ਕਿਹਾ ਗਿਆ ਹੈ ਕਿ ਪਾਕਿਸਤਾਨ ਰੇਂਜਰਾਂ ਦੇ ਜਵਾਨ ਨਸੀਰ ਨੇ ਸ਼ਰਨਦੀਪ ਸਿੰਘ ਨੂੰ ਸਰਹੱਦੀ ਖੇਤਰ ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਾਕਿਸਤਾਨ ਰੇਂਜਰਾਂ ਦੁਆਰਾ ਸ਼ਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਤੋਂ ਬਾਅਦ ਉਸ ਖ਼ਿਲਾਫ ਕਾਨੂੰਨੀ ਕਾਰਵਾਈ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪਿਤਾ ਦੀ ਸਰਕਾਰ ਨੂੰ ਅਪੀਲ

ਸ਼ਰਨਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਸ਼ਰਨਦੀਪ ਸਿੰਘ 2 ਨਵੰਬਰ ਨੂੰ ਘਰੋਂ ਗਿਆ ਸੀ ਅਤੇ ਘਰ ਨਹੀਂ ਵਾਪਸ ਨਹੀਂ ਆਇਆ। "ਸਾਨੂੰ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਦੱਸਿਆ ਕਿ ਤੁਹਾਡਾ ਬੇਟਾ ਉਧਰ ਫੜ੍ਹਿਆ ਗਿਆ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ।"

ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 7 ਨਵੰਬਰ ਨੂੰ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ।

ਉਨ੍ਹਾਂ ਨੇ ਦੱਸਿਆ, "ਉਹ ਕੋਈ ਸਾਢੇ ਕੁ ਚਾਰ ਵਜੇ ਘਰੋਂ ਗਿਆ ਸੀ ਅਤੇ ਜਦੋਂ 8 ਵਜੇ ਤੱਕ ਨਾ ਆਇਆ ਤਾਂ ਅਸੀਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ। ਸਾਡਾ ਮੁੰਡਾ ਨਸ਼ੇ ਕਰਦਾ ਸੀ ਅਤੇ ਸਾਨੂੰ ਸ਼ੱਕ ਸੀ ਕਿ ਕਿਤੇ ਕੋਈ ਓਵਰ ਡੋਜ਼ ਨਾ ਲੈ ਲਈ ਹੋਵੇ।"

"ਅਸੀਂ ਉਸ ਦੇ ਇੱਕ ਦੋਸਤ ਕੋਲੋਂ ਪੁੱਛਦੇ ਰਹੇ ਪਰ ਉਸ ਨੇ ਉਸ ਬਾਰੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਫਿਰ ਮੈਂ 6 ਨਵੰਬਰ ਨੂੰ ਉਸ ਨੂੰ ਜਾ ਕੇ ਪੁੱਛਿਆ ਕਿ ਜੇਕਰ ਕੋਈ ਵੀ ਕਿਸੇ ਤਰ੍ਹਾਂ ਅਣਸੁਖਾਵੀਂ ਘਟਨਾ ਵਾਪਰੀ ਤਾਂ ਵੀ ਸਾਨੂੰ ਦੱਸ ਦੇਵੇ। ਫਿਰ ਉਸ ਨੇ ਦੱਸਿਆ ਕਿ ਉਹ ਖੇਮਕਰਨ ਗਿਆ ਸੀ ਤੇ ਮੈਂ ਵਾਪਸ ਆ ਗਿਆ ਉਹ ਉੱਥੇ ਹੀ ਰਹਿ ਗਿਆ ਹੈ।"

ਉਸ ਦੇ ਪਿਤਾ ਦਾ ਕਹਿਣਾ ਹੈ ਕਿ ਸ਼ਰਨਦੀਪ ਸਿੰਘ ਪਹਿਲਾਂ ਕੁਸ਼ਤੀ ਕਰਦਾ ਹੁੰਦਾ ਸੀ ਅਤੇ ਡੇਢ ਕੁ ਸਾਲ ਪਹਿਲਾਂ ਪਿੰਡ ਵਿੱਚ ਲੜਾਈ ਹੋਈ ਸੀ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਸਨ।

ਉਹ ਕਹਿੰਦੇ ਹਨ, "ਉਸ ਤੋਂ ਬਾਅਦ ਇਹ ਡਿਪ੍ਰੈਸ਼ਨ ਵਿੱਚ ਰਹਿੰਦਾ ਸੀ ਅਤੇ ਨਸ਼ਾ ਕਰਨ ਲੱਗ ਗਿਆ। ਉਸ ਨੂੰ ਅਸੀਂ ਸੈਂਟਰ ਵੀ ਭੇਜਿਆ ਸੀ।"

"ਹੁਣ ਪੁਲਿਸ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਜਾਵੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਬੱਚਾ ਵਾਪਸ ਲਿਆਂਦਾ ਜਾਵੇ ਤੇ ਉਸ ਦੇ ਨਸ਼ੇ ਦਾ ਇਲਾਜ ਕਰਵਾਇਆ ਜਾਵੇ।"

ਲਾਪਤਾ ਸੀ ਸ਼ਰਨਦੀਪ

ਸ਼ਾਹਕੋਟ ਦੇ ਡੀਐੱਸਪੀ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ 23 ਸਾਲਾ ਨੌਜਵਾਨ ਸ਼ਰਨਦੀਪ ਸਿੰਘ 2 ਨਵੰਬਰ, 2025 ਦਾ ਘਰੋਂ ਲਾਪਤਾ ਹੈ ਅਤੇ ਉਸ ਦੇ ਪਿਤਾ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ।

ਉਨ੍ਹਾਂ ਨੇ ਅੱਗੇ ਦੱਸਿਆ, "ਸ਼ਰਨਦੀਪ ਸਿੰਘ ਦੇ ਇਸ ਸਬੰਧੀ ਇਸ਼ਤੇਹਾਰ ਵੀ ਲਗਵਾਏ ਗਏ ਸਨ। ਉਸ ਦਾ 21 ਦਸੰਬਰ ਨੂੰ ਪਤਾ ਲੱਗਾ ਕਿ ਉਹ 20 ਦਸੰਬਰ ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਕਸੂਰ ਵਿੱਚ ਸਰਹੱਦ ਪਾਰ ਕਰਦੇ ਹੋਏ ਪਾਕਿਸਤਾਨੀ ਰੇਂਜਰਾਂ ਦੇ ਕਾਬੂ ਆ ਗਿਆ ਅਤੇ ਉਸ ਨੂੰ ਸਥਾਨਕ ਗੰਡਾ ਸਿੰਘ ਥਾਣਾ ਵਿੱਚ ਭੇਜ ਦਿੱਤਾ ਗਿਆ ਹੈ।"

"ਸ਼ਰਨਦੀਪ ਸਿੰਘ 'ਤੇ ਲੜਾਈ-ਝਗੜੇ ਦੀ ਵੀ ਐੱਫਆਈਆਰ ਦਰਜ ਹੈ ਅਤੇ ਲੰਘੇ 17 ਅਕਤੂਬਰ ਨੂੰ ਇਹ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਹੁਣ ਉਸ ਬਾਰੇ ਕਾਰਵਾਈ ਉੱਚ ਪੱਧਰ 'ਤੇ ਹੀ ਹੋਵੇਗੀ ਕਿਉਂਕਿ ਇਹ ਸਰਹੱਦ ਪਾਰ ਦੀ ਗੱਲ ਹੋ ਗਈ ਹੈ।"

ਬੀਬੀਸੀ ਉਰਦੂ ਮੁਤਾਬਕ ਹਾਲ ਹੀ ਦੇ ਹਫ਼ਤਿਆਂ ਵਿੱਚ ਇਹ ਦੂਜੀ ਅਜਿਹੀ ਘਟਨਾ ਹੈ ਜਿਸ ਵਿੱਚ ਪਾਕਿਸਤਾਨੀ ਖੇਤਰ ਤੋਂ ਸਰਹੱਦ ਨੇੜੇ ਕਿਸੇ ਭਾਰਤੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ, 27 ਨਵੰਬਰ ਨੂੰ ਰੇਂਜਰਾਂ ਨੇ ਸਰਹੱਦ ਨੇੜੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਗੰਡਾ ਸਿੰਘ ਪੁਲਿਸ ਦੇ ਹਵਾਲੇ ਕੀਤਾ ਸੀ।

31 ਸਾਲਾ ਬੀਜੇ ਸਿੰਘ, ਜਿਸਨੂੰ ਨਵੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਵਿਰੁੱਧ ਸਦਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਭਾਰਤੀ ਨਾਗਰਿਕ ਅਸਾਮ ਦੇ ਗਦਾਈ ਟੋਕ ਜ਼ਿਲ੍ਹੇ ਦੇ ਸਾਂਬਰੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿਤਾ ਨਾਲ ਝਗੜੇ ਤੋਂ ਬਾਅਦ ਆਪਣਾ ਘਰ ਛੱਡ ਕੇ ਚਲਾ ਗਿਆ ਸੀ ਅਤੇ ਬਾਰਡਰ ਕਰਾਸਿੰਗ ਐਕਟ ਦੀ ਉਲੰਘਣਾ ਦੌਰਾਨ ਫੜਿਆ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)