You’re viewing a text-only version of this website that uses less data. View the main version of the website including all images and videos.
ਟਵਿੱਟਰ ਦੇ ਇਲੋਨ ਮਸਕ: ‘ਭਾਰਤ ’ਚ ਨਿਯਮ ਸਖ਼ਤ ਹਨ, ਜੇਲ੍ਹ ਜਾਣ ਦੀ ਬਜਾਏ ਨਿਯਮ ਮੰਨਣਾ ਬਿਹਤਰ’
ਟਵਿੱਟਰ ਦੇ ਮਾਲਕ ਇਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੁਜਰਾਤ ਦੰਗਿਆਂ ਬਾਰੇ ਬਣੀ ਡਾਕੂਮੈਂਟਰੀ ਨੂੰ ਟਵਿੱਟਰ ਤੋਂ ਹਟਾ ਦਿੱਤਾ ਗਿਆ ਸੀ।
ਬੀਬੀਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਅਜਿਹਾ ਭਾਰਤ ਸਰਕਾਰ ਦੇ ਕਹਿਣ ਉੱਤੇ ਕੀਤਾ ਗਿਆ ਸੀ?
ਇਲੋਨ ਮਸਕ ਨੇ ਜਵਾਬ ਦਿੱਤਾ,“ਦਰਅਸਲ ਭਾਰਤ ਵਿੱਚ ਸੋਸ਼ਲ ਮੀਡੀਆ ਸਬੰਧੀ ਬੇਹੱਦ ਸਖ਼ਤ ਨਿਯਮ ਹਨ। ਅਸੀਂ ਕਿਸੇ ਦੇਸ਼ ਦੇ ਕਾਨੂੰਨ ਖ਼ਿਲਾਫ਼ ਨਹੀਂ ਜਾ ਸਕਦੇ।”
“ਜੇ ਸਾਡੇ ਸਾਹਮਣੇ ਦੋ ਰਾਹ ਹੋਣ ਕਿ ਜਾਂ ਤਾਂ ਕਰਮਚਾਰੀਆਂ ਨੂੰ ਜੇਲ੍ਹ ਜਾਣਾ ਪਵੇਗਾ ਜਾਂ ਫ਼ਿਰ ਸਾਨੂੰ ਦੇਸ਼ ਦੇ ਕਾਨੂੰਨ ਨੂੰ ਮੰਨਣਾ ਪਵੇਗਾ। ਤਾਂ ਜ਼ਾਹਿਰ ਹੈ, ਅਸੀਂ ਉਸ ਦੇਸ਼ ਦੇ ਕਾਨੂੰਨ ਨੂੰ ਮੰਨਾਂਗੇ। ਬੀਬੀਸੀ ਵੀ ਇਹੀ ਕਰੇਗੀ।”
ਟਵਿੱਟਰ ਖ਼ਰੀਦਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਇੰਟਰਵਿਊ ਹੈ।
ਇਸ ਦੌਰਾਨ ਇਲੋਨ ਮਸਕ ਨੇ ਟਵਿੱਟਰ ਉੱਤੇ ਇਸ਼ਤਿਹਾਰਬਾਜ਼ੀ, ਬੀਬੀਸੀ ਨੂੰ ਹੋ ਰਹੀ ਸਰਕਾਰੀ ਫੰਡਿੰਗ ਵਾਲੇ ਸੋਸ਼ਲ ਟੈਗ ਅਤੇ ਕੰਪਨੀ ਵਿੱਚ ਆਪਣੇ ਸਾਲ ਭਰ ਦੇ ਤਜਰਬੇ ਤੋਂ ਲੈ ਕੇ ਕਈ ਮੁੱਦਿਆਂ ਬਾਰੇ ਉਨ੍ਹਾਂ ਦਾ ਪੱਖ ਤੇ ਨਜ਼ਰੀਆ ਸਾਂਝਾ ਕੀਤਾ ਹੈ।
ਟਵਿੱਟਰ ਵਿੱਚ ਕਰਮਚਾਰੀਆਂ ਦੀ ਛਾਂਟੀ ਬਾਰੇ ਮਸਕ ਨੇ ਕੀ ਕਿਹਾ?
ਇਲੋਨ ਮਸਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਟਵਿੱਟਰ ਸੰਭਾਲਿਆ ਸੀ ਤਾਂ ਕੰਪਨੀ ਦੇ ਵਿੱਚ 8000 ਕਰਮਚਾਰੀ ਕੰਮ ਕਰ ਰਹੇ ਸਨ ਅਤੇ ਹੁਣ ਸਿਰਫ਼ 1500 ਕਰਮਚਾਰੀ ਬਚੇ ਹਨ।
ਮਸਕ ਨੇ ਕਿਹਾ ਇਹ ਇੱਕ ਔਖਾ ਫ਼ੈਸਲਾ ਸੀ, “ਇਹ ਬਿਲਕੁਲ ਵੀ ਮਜ਼ਾਕ ਨਹੀਂ ਸੀ।”
“ਮੈਂ ਹਰ ਇੱਕ ਨੂੰ ਨਿੱਜੀ ਤੌਰ ’ਤੇ ਜਾ ਕੇ ਨੌਕਰੀ ਖ਼ਤਮ ਹੋਣ ਬਾਰੇ ਨਹੀਂ ਦੱਸ ਸਕਦਾ ਸੀ।”
ਕੰਪਨੀ ਵਿੱਚੋਂ ਵੱਡੀ ਗਿਣਤੀ ਵਿੱਚ ਇੰਜੀਨੀਅਰਜ਼ ਦੀ ਛਾਂਟੀ ਹੋਣ ਤੋਂ ਬਾਅਦ ਇਸ ਪਲੇਟਫਾਰਮ ਦੀ ਸਥਿਰਤਾ ਬਾਰੇ ਚਿੰਤਾਵਾਂ ਵੱਧ ਗਈਆਂ ਸਨ।
ਉਨ੍ਹਾਂ ਕਿਹਾ,“ਸਾਨੂੰ ਫ਼ੌਰੀ ਤੌਰ ਉੱਤੇ ਖ਼ਰਚੇ ਘੱਟ ਕਰਨ ਦੀ ਲੋੜ ਸੀ।”
ਉਨ੍ਹਾਂ ਕਿਹਾ ਕਿ ਕੰਪਨੀ ਦੀ ਬਹਿਤਰੀ ਲਈ ਇਹ ਕਦਮ ਚੁੱਕਣੇ ਜ਼ਰੂਰੀ ਸਨ। ਨਹੀਂ ਤਾਂ ਕੰਪਨੀ ਕਰਜ਼ੇ ਹੇਠ ਦੱਬ ਜਾਂਦੀ।
ਮਸਕ ਨੇ ਟਵਿੱਟਰ ਨੂੰ 4400 ਕਰੋੜ ਡਾਲਰ ਦਾ ਭੁਗਤਾਨ ਕਰਕੇ ਖਰੀਦਿਆ ਸੀ। ਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਉਨ੍ਹਾਂ ਨੂੰ ਇੰਨੇ ਹੀ ਪੈਸੇ ਦੇਵੇ ਤਾਂ ਉਹ ਟਵਿੱਟਰ ਕਦੇ ਨਹੀਂ ਵੇਚਣਗੇ।
ਇਲੋਨ ਮਸਕ ਨੇ ਦੱਸਿਆ ਕਿ ਟਵਿੱਟਰ 'ਤੇ ਸ਼ਨਾਖਤ ਪੁਖ਼ਤਾ ਕਰਨ ਲਈ ਲਗਾਈ ਜਾਂਦੀ ਬਲੂ ਟਿੱਕ ਨੂੰ ਅਗਲੇ ਹਫਤੇ ਤੱਕ ਹਟਾ ਦਿੱਤਾ ਜਾਵੇਗਾ।
ਇਸ ਦੀ ਜਗ੍ਹਾ ਇੱਕ ਡੌਗ ਲੈ ਲਵੇਗਾ।
ਮਸਕ ਨੇ ਮਜ਼ਾਕ ਭਰੇ ਅੰਦਾਜ ਵਿੱਚ ਕਿਹਾ ਕਿ ਉਨ੍ਹਾਂ ਦਾ ਕੁੱਤਾ ਹੀ ਕੰਪਨੀ ਦਾ ਸੀਈਓ ਹੈ।
ਕੀ ਟਵਿੱਟਰ ਖਰੀਦਣ ਦਾ ਕੋਈ ਪਛਤਾਵਾ ਹੈ?
ਉਨ੍ਹਾਂ ਕਿਹਾ, "ਪਿਛਲੇ ਕਈ ਮਹੀਨਿਆਂ ਤੋਂ ਸਥਿਤੀ ਬਹੁਤ ਤਣਾਅਪੂਰਣ ਰਹੀ ਹੈ। ਪਰ ਉਹ ਅਜੇ ਵੀ ਮਹਿਸੂਸ ਕਰਦੇ ਹਨ ਕਿ ਕੰਪਨੀ ਨੂੰ ਖਰੀਦਣਾ ਸਹੀ ਸੀ।”
"ਚੀਜ਼ਾਂ ਵਾਜਬ ਤੌਰ 'ਤੇ ਠੀਕ ਚੱਲ ਰਹੀਆਂ ਹਨ। ਸਾਈਟ ਦੀ ਵਰਤੋਂ ਵਧ ਰਹੀ ਹੈ ਅਤੇ ਸਾਈਟ ਕੰਮ ਕਰ ਰਹੀ ਹੈ।"
ਕੰਮ ਦੇ ਬੋਝ ਬਾਰੇ ਉਹ ਕਹਿੰਦੇ ਹਨ, "ਮੈਂ ਕਈ ਵਾਰ ਦਫ਼ਤਰ ਵਿੱਚ ਹੀ ਸੌਂ ਜਾਂਦਾ ਹਾਂ। ਲਾਇਬ੍ਰੇਰੀ ਵਿੱਚ ਇੱਕ ਸੋਫੇ ਹੈ ਅਜਿਹੀ ਜਗ੍ਹਾ ਜਿੱਥੇ ਕੋਈ ਨਹੀਂ ਜਾਂਦਾ।"
ਵਿਵਾਦਿਤ ਟਵੀਟਸ ਬਾਰੇ ਕੀ ਸੋਚਦੇ ਹੋ?
ਉਨ੍ਹਾਂ ਪੁੱਛਿਆ, "ਕੀ ਮੈਂ ਕਈ ਵਾਰ ਟਵੀਟ ਕਰਕੇ ਆਪਣੇ ਪੈਰਾਂ ’ਤੇ ਗੋਲੀ ਮਾਰ ਲੈਂਦਾ ਹਾਂ?"
ਇਸ ਸਵਾਲ ਦਾ ਜਵਾਬ ਵੀ ਮਸਕ ਨੇ ਆਪ ਹੀ ਦਿੱਤਾ,“ਹਾਂ।”
ਉਨ੍ਹਾਂ ਅੱਗੇ ਕਿਹਾ,“ਮੈਨੂੰ ਲਗਦਾ ਹੈ ਕਿ ਮੈਨੂੰ ਸਵੇਰੇ 3 ਵਜੇ ਤੋਂ ਬਾਅਦ ਟਵੀਟ ਨਹੀਂ ਕਰਨਾ ਚਾਹੀਦਾ।”
ਟਵਿੱਟਰ ਦੇ ਬੀਬੀਸੀ ਬਾਰੇ ਇੱਕ ਟੈਗ ਤੋਂ ਬਾਅਦ ਵੀ ਵਿਵਾਦ ਛਿੜ ਗਿਆ ਸੀ। ਅਸਲ ਵਿੱਚ ਟਵਿੱਟਰ ਨੇ ‘ਇੱਕ ਸਰਕਾਰੀ ਫੰਡ ਵਾਲੀ ਕੰਪਨੀ ਬੀਬੀਸੀ’ ਟੈਗ ਰੀਲੀਜ਼ ਕੀਤਾ ਸੀ। ਜਿਸ ’ਤੇ ਬੀਬੀਸੀ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ ਸੀ।
ਇਸ ਬਾਬਤ ਪੁੱਛੇ ਜਾਣ ਉੱਤੇ ਮਸਕ ਨੇ ਹੱਸਦਿਆਂ ਕਿਹਾ, "ਬੀਬੀਸੀ ਨੂੰ ਸਰਕਾਰੀ ਫੰਡ ਵਾਲੇ ਮੀਡੀਆ ਦਾ ਟੈਗ ਪਸੰਦ ਨਹੀਂ ਆਇਆ।"
ਇਸ 'ਤੇ ਜੇਮਜ਼ ਨੇ ਕਿਹਾ ਕਿ ਬੀਬੀਸੀ ਨੇ ਇਸ ਟੈਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
ਮਸਕ ਨੇ ਅੱਗੇ ਕਿਹਾ,“ਟਵਿੱਟਰ ਦਾ ਉਦੇਸ਼ ਪਾਰਦਰਸ਼ੀ ਅਤੇ ਇਮਾਨਦਾਰ ਹੋਣਾ ਹੈ।”
ਉਨ੍ਹਾਂ ਕਿਹਾ,“ਅਸੀਂ ਲਗਾਤਾਰ ਟੈਗ ਦੇਣ ਵਿੱਚ ਸਟੀਕ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।”
ਉਨ੍ਹਾਂ ਨੇ ਇਸ ਗੱਲ ਨਾਲ ਵੀ ਸਹਿਮਤੀ ਪ੍ਰਗਟਾਈ ਕਿ ਟੈਗ ਅਪਡੇਟ ਕੀਤੇ ਜਾ ਸਕਦੇ ਹਨ।
ਮਸਕ ਨੇ ਇਸ ਇੰਟਰਵਿਊ ਲਈ ਸਹਿਮਤੀ ਬਹੁਤੀ ਦੇਰੀ ਨਾਲ ਦਿੱਤੀ।
ਜਦੋਂ ਮਸਕ ਨੂੰ ਪੁੱਛਿਆ ਗਿਆ ਕਿ ਉਹ ਇੰਟਰਵਿਊ ਲਈ ਕਿਉਂ ਸਹਿਮਤ ਹੋਏ ਤਾਂ ਉਨ੍ਹਾਂ ਨੇ ਕਿਹਾ, "ਫ਼ਿਲਹਾਲ ਬਹੁਤ ਕੁਝ ਚੱਲ ਰਿਹਾ ਹੈ। ਅਸਲ ਵਿੱਚ ਮੈਂ ਬੀਬੀਸੀ ਦਾ ਬਹੁਤ ਸਤਿਕਾਰ ਕਰਦਾ ਹਾਂ। ਇਹ ਇੰਟਰਵਿਊ ਕੁਝ ਸਵਾਲ ਪੁੱਛਣ, ਕੁਝ ਫੀਡਬੈਕ ਹਾਸਲ ਕਰਨ ਅਤੇ ਵੱਖਰੇ ਤਰੀਕੇ ਨਾਲ ਕੀ ਕੀਤਾ ਜਾ ਸਕਦਾ ਹੈ, ਸਮਝਣ ਲਈ ਵੀ ਇਹ ਇੱਕ ਵਧੀਆ ਮੌਕਾ ਹੈ।"
ਟਵਿੱਟਰ ਵਿੱਚ ਆਉਣ ਤੋਂ ਬਾਅਦ ਸਮਾਂ ਕਿਵੇਂ ਬੀਤ ਰਿਹਾ ਹੈ?
ਮਸਕ ਨੇ ਟਵਿੱਟਰ ਨਾਲ ਡੀਲ ਖ਼ਤਮ ਹੋਣ ਤੋਂ ਬਾਅਦ ਲਗਾਤਾਰ ਵੱਡੇ ਬਦਲਾਅ ਕੀਤੇ ਹਨ। ਟਵਿੱਟਰ ਵਿੱਚ ਉਨ੍ਹਾਂ ਦੇ ਸਮੇਂ ਬਾਰੇ ਪੁੱਛੇ ਜਾਣ ਉੱਤੇ ਮਸਕ ਨੇ ਕਿਹਾ, "ਇਹ ਉਦਾਸੀਨਤਾ ਵਾਲਾ ਤਾਂ ਨਹੀਂ ਰਿਹਾ। ਹਾਂ, ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਹੈ। ਹੁਣ ਚੀਜ਼ਾਂ ਠੀਕ ਹੋਣ ਵੱਲ ਚੱਲ ਰਹੀਆਂ ਹਨ।"
ਉਨ੍ਹਾਂ ਟਵਿੱਟਰ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਕਿਹਾ, “ਕੁਝ ਤਕਨੀਕੀ ਸਮੱਸਿਆਵਾਂ ਸਨ ਅਤੇ ਕਈ ਵਾਰ ਟਵਿੱਟਰ ਠੱਪ ਵੀ ਹੋ ਗਿਆ ਸੀ। ਹਾਲਾਂਕਿ, ਇਹ ਬਹੁਤਾ ਲੰਬੇ ਸਮੇਂ ਲਈ ਨਹੀਂ ਸੀ ਹੋਇਆ ਅਤੇ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ।”
ਟਰੰਪ ਦਾ ਸਮਰਥਨ ਕਰਦੇ ਹਨ ਜਾਂ ਨਹੀਂ?
ਮਸਕ ਟਵਿੱਟਰ 'ਤੇ ਕਈ ਸਿਆਸੀ ਵਿਚਾਰ ਸਾਂਝੇ ਕਰਦੇ ਰਹੇ ਹਨ। ਕਈ ਲੋਕ ਉਨ੍ਹਾਂ ਨੂੰ ਟਰੰਪ ਦਾ ਸਮਰਥਕ ਕਹਿੰਦੇ ਹਨ।
ਹਾਲਾਂਕਿ, ਮਸਕ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਨੂੰ ਵੋਟ ਨਹੀਂ ਸੀ ਪਾਈ।
ਮਸਕ ਨੇ ਕਿਹਾ, "ਬੇਸ਼ੱਕ ਲਗਭਗ ਅੱਧੇ ਦੇਸ਼ ਨੇ ਡੌਨਾਲਡ ਟਰੰਪ ਨੂੰ ਵੋਟ ਦਿੱਤੀ। ਪਰ ਮੈਂ ਉਨ੍ਹਾਂ ਵਿੱਚੋਂ ਨਹੀਂ ਸੀ।"