‘ਮੇਰੇ ਪੁੱਤ ਨੂੰ ਧਰਤੀ ’ਤੇ ਪਾ ਸਿੱਧਾ ਕਰ-ਕਰ ਕੇ ਰਾਡਾਂ ਨਾਲ ਕੁੱਟਿਆ, ਡਰਦਾ ਕੋਈ ਅੱਗੇ ਨਹੀਂ ਆਇਆ’

    • ਲੇਖਕ, ਕੁਲਬੀਰ ਨਮੋਲ
    • ਰੋਲ, ਬੀਬੀਸੀ ਸਹਿਯੋਗੀ

“ਉਨ੍ਹਾਂ ਨੇ ਮੇਰੇ ਪੁੱਤ ਨੂੰ ਧਰਤੀ ’ਤੇ ਪਾ ਕੇ ਸਿੱਧਾ ਕਰ-ਕਰ ਕੇ ਰਾਡਾਂ ਨਾਲ ਕੁੱਟਿਆ। ਕਈ ਲੋਕ ਕੋਲ ਖੜੇ ਸਨ ਪਰ ਡਰਦਾ ਕੋਈ ਅੱਗੇ ਨਹੀਂ ਆਇਆ।”

ਇਹ ਕਹਿ ਕੇ ਮਮਤਾ ਉੱਚੀ-ਉੱਚੀ ਰੋਣ ਲੱਗਦੇ ਹਨ।

ਮਮਤਾ ਸੰਗਰੂਰ ਜ਼ਿਲੇ ਦੇ ਸੁਨਾਮ ਸ਼ਹਿਰ ਦੀ ਰਹਿਣ ਵਾਲੇ ਹਨ।

ਮਮਤਾ ਦੇ ਪੁੱਤਰ ਸੋਨੂੰ ਕੁਮਾਰ ਨੂੰ ਬੇਰਹਿਮੀ ਨਾਲ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੁੱਟੇ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਘੁੰਮ ਰਹੀ ਹੈ।

ਵਿਰੋਧੀ ਧਿਰਾਂ ਦੇ ਆਗੂ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾ ਹੋਣ ਦਾ ਕਹਿ ਸੋਨੂੰ ਦੀ ਕੁੱਟਮਾਰ ਵਾਲੀ ਵੀਡੀਓ ਲਗਾਤਾਰ ਸਾਂਝੀ ਕਰ ਰਹੇ ਹਨ।

ਮਮਤਾ ਕਹਿੰਦੇ ਹਨ ਕਿ ਜਦੋਂ ਉਹ ਆਪਣੇ ਜ਼ਖਮੀ ਪੁੱਤਰ ਨੂੰ ਚੁੱਕ ਕੇ ਹਸਪਤਾਲ ਲੈ ਜਾ ਰਹੀ ਸੀ ਤਾਂ ਸੋਨੂੰ ਤੋਂ ਤੁਰਿਆ ਨਹੀਂ ਸੀ ਜਾ ਰਿਹਾ, ਲੱਤਾਂ ਵਿੱਚ ਜਾਨ ਨਹੀਂ ਸੀ ਬਚੀ ।

“ਮੇਰਾ ਮੁੰਡਾ ਮੁੰਹ ਨਾਲ ਇਸ਼ਾਰੇ ਕਰ ਰਿਹਾ ਸੀ ਕਿ ਮੈਂਨੂੰ ਫੜ ਲਵੋ, ਮੇਰੇ ਤੋਂ ਖੜਿਆ ਨਹੀਂ ਜਾ ਰਿਹਾ।”

ਕੁੱਟਮਾਰ ਦਾ ਮਾਮਲਾ ਕਿਵੇਂ ਭਖਿਆ?

ਸੰਗਰੂਰ ਦੇ ਸੁਨਾਮ ਦੀ ਜਗਤਪੁਰਾ ਬਸਤੀ ਦਾ ਵੀਡੀਓ ਇੱਕ ਸਿਆਸੀ ਮੁੱਦਾ ਬਣ ਚੁੱਕਾ ਹੈ।

ਵੀਡੀਓ ਵਿੱਚ ਕੁੱਝ ਲੋਕ ਇੱਕ ਵਿਅਕਤੀ ਨੂੰ ਬੇਹੱਦ ਬੇਰਹਿਮੀ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਕੁਝ ਲੋਕ ਨੇੜੇ ਖੜੇ ਦੇਖ ਰਹੇ ਹਨ।

ਜ਼ਮੀਨ ਉਪਰ ਪਿਆ ਵਿਅਕਤੀ ਆਪਣੇ ਆਪ ਨੂੰ ਬਚਾਉਣ ਲਈ ਤਰਲੇ ਕਰ ਰਿਹਾ ਹੈ ਪਰ ਕੁਝ ਵਿਅਕਤੀ ਉਸ ਦੀਆਂ ਲੱਤਾਂ ਅਤੇ ਸਰੀਰ 'ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਮਾਰ ਕਰਦੇ ਰਹਿੰਦੇ ਹਨ।

ਇੱਕ ਔਰਤ ਲਗਾਤਾਰ ਅਜਿਹਾ ਨਾ ਕਰਨ ਦਾ ਤਰਲਾ ਕਰਦੀ ਸੁਣਾਈ ਦਿੰਦੀ ਹੈ।

ਪਰ ਇਹ ਸਿਲਸਲਾ ਚਲਦਾ ਰਹਿੰਦਾ ਹੈ ਜਦ ਤੱਕ ਉਹ ਵਿਅਕਤੀ ਅੱਧਮੋਇਆ ਹੋ ਬੇਹੋਸ਼ੀ ਦੇ ਹਾਲਾਤ ਤੱਕ ਨਹੀਂ ਪਹੁੰਚ ਜਾਂਦਾ।

ਇਹ ਘਟਨਾ 15 ਫ਼ਰਵਰੀ ਦੀ ਹੈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਸੰਗਰੂਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਇਸ ਮਾਮਲੇ ਦੀ ਐੱਫ਼ਆਈਆਰ ਮੀਡੀਆ ਦੇ ਸਾਹਮਣੇ ਜਾਰੀ ਕੀਤੀ ਹੈ।

ਸੰਗਰੂਰ ’ਚ ਇੱਕ ਵਿਅਕਤੀ ਦੀ ਕੁੱਟਮਾਰ ਤੇ ਵਾਇਰਲ ਵੀਡੀਓ ਦਾ ਮਾਮਲਾ:

  • ਸੰਗਰੂਰ ਦੇ ਸੁਨਾਮ ਵਿੱਚ ਹੋਈ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ
  • ਇੱਕ ਵਿਅਕਤੀ ਨੂੰ ਕਈ ਲੋਕਾਂ ਵੱਲੋਂ ਕਥਿਤ ਤੌਰ ’ਤੇ ਰਾਡਾਂ ਨਾਲ ਕੁੱਟਿਆ ਜਾ ਰਿਹਾ ਹੈ
  • ਵਿਰੋਧੀ ਧਿਰਾਂ ਨੇ ਸੂਬੇ ਦੀ ਕਾਨੂੰਨ ਵਿਵਸਥਾਂ ਨੂੰ ਲੈ ਕੇ ਸਵਾਲ ਚੁੱਕੇ ਹਨ
  • ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ ਤੇ ਬਾਕੀਂਆ ਦੀ ਭਾਲ ਜਾਰੀ ਹੈ

ਸੋਨੂੰ ਨਾਲ ਮੁਲਜ਼ਮਾਂ ਦੀ ਕੀ ਦੁਸ਼ਮਣੀ ਸੀ?

ਮਮਤਾ ਦੱਸਦੇ ਹਨ ਕਿ 15 ਫ਼ਰਵਰੀ ਨੂੰ ਉਹਨਾਂ ਦਾ ਪੁੱਤਰ ਪਾਣੀ ਵਾਲਾ ਗੀਜਰ ਲੈਣ ਲਈ ਘਰ ਆਇਆ ਸੀ ਅਤੇ ਉਸ ਸਮੇਂ ਉਹ ਖੇਤਾਂ ਵਿਚ ਕੰਮ ਕਰ ਰਹੀ ਸੀ।

ਉਹ ਕਹਿੰਦੇ ਹਨ ਕਿ ਜਦੋਂ ਦੂਰ ਤੋਂ ਸੜਕ ਉਪਰ ਕਿਸੇ ਵਿਅਕਤੀ ਦੀ ਕੁੱਟਮਾਰ ਹੋ ਰਹੀ ਸੀ ਅਤੇ ਉਸ ਨੂੰ ਵੀ ਰੌਲਾ ਸੁਣਾਈ ਦਿੱਤਾ ਤਾਂ ਜਦੋਂ ਉਨ੍ਹਾਂ ਨੇ ਨਜਦੀਕ ਆ ਕੇ ਲੋਕਾਂ ਨੂੰ ਪੁੱਛਿਆ ਕਿ ਇਹ ਕੌਣ ਹੈ ?

“ਕਿਸੇ ਨੇ ਕਿਹਾ ਕਿ ਇਹ ਤੇਰਾ ਪੁੱਤਰ ਸੋਨੂੰ ਹੈ। ਮੇਰੇ ਹੱਥ ਪੈਰ ਸੁੰਨ ਹੋ ਗਏ।”

ਮਮਤਾ ਨੇ ਦੱਸਿਆ ਕਿ ਮੁੱਖ ਮੁਲਜ਼ਮ ਮਨੀ ਸਿੰਘ ਕਾਫ਼ੀ ਸਾਲ ਪਹਿਲਾਂ ਉਨ੍ਹਾਂ ਦੇ ਘਰ ਕੋਲ ਪਲਾਟ ਵਿੱਚ ਬੈਠ ਕੇ ਨਸ਼ਾ ਕਰਦਾ ਸੀ ਅਤੇ ਉਸ ਸਮੇਂ ਵੀ ਉਨ੍ਹਾਂ ਨੂੰ ਕਾਫੀ ਗ਼ਲਤ ਬੋਲ ਕੇ ਗਿਆ ਸੀ।

ਉਹ ਕਹਿੰਦੇ ਹਨ, “ਹੁਣ ਉਸ ਨੂੰ ਮੇਰੇ ਪੁੱਤ ਉਪਰ ਸ਼ੱਕ ਸੀ ਕਿ ਇਹ ਪੁਲਿਸ ਕੋਲ ਉਸ ਦੀ ਮੁਖਬਰੀ ਕਰਦਾ ਹੈ ਜਿਸ ਕਾਰਨ ਮੇਰੇ ਪੁੱਤ ਨੂੰ ਇੰਨੀਂ ਬੇਰਹਮੀ ਨਾਲ ਕੁੱਟਿਆ ਗਿਆ।”

“ਪਰ ਮੇਰੇ ਪੁੱਤ ਨੇ ਅਜਿਹਾ ਕੁਝ ਨਹੀਂ ਕੀਤਾ। ਲੜਾਈ ਤੋਂ ਡਰਦਾ ਉਹ ਕਾਫੀ ਸਮੇਂ ਤੋਂ ਸੁਨਾਮ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ।”

ਐੱਫ਼ਆਈਆਰ ਦੀ ਤਫ਼ਸੀਲ?

ਪੁਲਿਸ ਵਲੋਂ ਦਰਜ ਕੀਤੀ ਗਈ ਐੱਫ਼ਆਈਆਰ ਮੁਤਾਬਕ ਪੀੜਤ ਸੋਨੂੰ ਕੁਮਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਵੱਡੇ ਲੜਕੇ ਨਾਲ ਜਗਤਪੁਰਾ ਬਸਤੀ ਸਥਿਤ ਆਪਣੇ ਪਿਤਾ ਦੇ ਘਰ ਪਾਣੀ ਗਰਮ ਕਰਨ ਵਾਲਾ ਗੀਜਰ ਲੈਣ ਗਿਆ ਸੀ।

ਜਦੋਂ ਉਹ ਵਾਪਸ ਬਸਤੀ ਦੇ ਨਜਦੀਕ ਫੈਕਟਰੀ ਨੇੜੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਉੱਥੇ ਹੀ ਕੁੱਟਮਾਰ ਦੀ ਘਟਨਾ ਨੂੰ ਅੰਜਾਮ ਦਿੱਤਾ।

ਸੋਨੂੰ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦੀਆ ਲੱਤਾਂ 'ਤੇ ਰਾਡਾਂ ਨਾਲ ਹਮਲਾ ਕੀਤਾ ਗਿਆ ਸੀ।

“ਮੋਟਰਸਾਇਕਲ ਦੀ ਗਰਾਰੀ ਇੱਕ ਲੋਹੇ ਦੀ ਰਾਡ ਉਪਰ ਫਿੱਟ ਕੀਤੀ ਹੋਈ ਸੀ। ਮੈਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ ਪਰ ਮੈਂ ਹੱਥ ਅੱਗੇ ਕਰਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ।”

ਜਦੋਂ ਉਹ ਚਲੇ ਗਏ ਤਾਂ ਕੁਝ ਲੋਕ ਉਥੇ ਆ ਗਏ। ਉਸ ਦਾ ਪਰਿਵਾਰ ਵੀ ਉੱਥੇ ਆ ਗਿਆ ਤੇ ਸੋਨੂੰ ਨੂੰ ਸੁਨਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।

ਐੱਫ਼ਆਈਆਰ ਮੁਤਾਬਕ ਉਸ ਦੇ ਸਰੀਰ 'ਤੇ ਸੱਟਾਂ ਜਿਆਦਾ ਹੋਣ ਕਾਰਨ, ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ।

ਪੁਲਿਸ ਦਾ ਕੀ ਕਹਿਣਾ ਹੈ?

ਪੁਲਿਸ ਨੇ ਇਸ ਮਾਮਲੇ ਵਿੱਚ ਇਰਾਦਾ -ਏ-ਕਤਲ ਸਣੇ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸੁਨਾਮ ਦੇ ਐੱਸਐੱਚਓ ਅਜੈ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਕੁਝ ਦਿਨ ਪੁਰਾਣਾ ਹੈ।

ਉਹਨਾਂ ਕਿਹਾ, “ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਕੁਝ ਵਿਅਕਤੀਆਂ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਅਸੀਂ ਹਸਪਤਾਲ ਜਾ ਕੇ ਉਸ ਦੇ ਬਿਆਨ ਦਰਜ ਕਰਵਾਏ। ਉਸ ਦੀਆਂ ਲੱਤਾਂ ’ਤੇ ਸੱਟਾਂ ਦੇ ਗੰਭੀਰ ਨਿਸ਼ਾਨ ਸਨ।”

ਐੱਸਐੱਚਓ ਮੁਤਾਬਕ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮਨੀ ਉਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ਼ ਹਨ।

ਪੁਲਿਸ ਨੇ ਕਿਹਾ ਕਿ ਜਲਦ ਹੀ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)