ਗੋਲਡਨ ਗਾਇਜ਼: ਤਿੰਨ ਤਿੰਨ ਕਿੱਲੋ ਸੋਨਾ ਪਹਿਨਕੇ, ਬਿੱਗ ਬੌਸ ਵਿੱਚ ਆਉਣ ਵਾਲੇ ਇਹ ਨੌਜਵਾਨ ਕੌਣ ਹਨ

ਤਸਵੀਰ ਸਰੋਤ, GOLDEN GUYS TEAM
- ਲੇਖਕ, ਸੁਪ੍ਰਿਆ ਸੋਗਲੇ
- ਰੋਲ, ਬੀਬੀਸੀ ਲਈ
ਭਾਰਤ ਦੇ ਚਰਚਿਤ ਰਿਐਲਟੀ ਸ਼ੋਅ ਬਿੱਗ ਬੌਸ ਦੇ ਘਰ ਵਿੱਚ ਹਾਲ ਹੀ ਵਿੱਚ ‘ਗੋਲਡਨ ਗਾਇਜ਼’ ਦੀ ਐਂਟਰੀ ਹੋਈ ਹੈ।
ਗੋਲਡਨ ਗਾਇਜ਼ ਦੇ ਨਾਮ ਨਾਲ ਮਸ਼ਹੂਰ ਸੰਨੀ ਨਾਨਾਸਾਹਿਬ ਵਾਘਚੌਰੇ ਅਤੇ ਸੰਜੇ ਗੁੱਜਰ ਨੂੰ ਬਿੱਗ ਬੌਸ ਨੇ ਇੱਕ ਕੰਮ ਸੌਂਪਿਆ ਹੈ।
ਇਹ ਦੋਵੇਂ ਬਿੱਗ ਬੌਸ ਦੇ ਘਰ ਅੰਦਰ ਰਹਿ ਰਹੇ ਪ੍ਰਤੀਭਾਗੀਆਂ ਨੂੰ ਹਾਰੀ ਹੋਈ 25 ਲੱਖ ਦੀ ਰਾਸ਼ੀ ਦੁਬਾਰਾ ਜਿੱਤਣ ਦਾ ਇੱਕ ਮੌਕਾ ਦੇਣਗੇ।
ਬਿੱਗ ਬੌਸ-16 ਦੇ ਪ੍ਰਤੀਭਾਗੀ ਇੱਕ ਟਾਸਕ ਦੌਰਾਨ 50 ਲੱਖ ਦੀ ਇਨਾਮੀ ਰਾਸ਼ੀ ਵਿੱਚੋਂ 25 ਲੱਖ ਹਾਰ ਚੁੱਕੇ ਹਨ।
ਹੁਣ ਗੋਲਡਨ ਗਾਇਜ਼ ਇਸੇ ਹਾਰੀ ਹੋਈ 25 ਲੱਖ ਦੀ ਰਾਸ਼ੀ ਨੂੰ ਵਾਪਸ ਕਰਨ ਲਈ ਇੱਕ ਖ਼ਾਸ ਟਾਸਕ ਲੈ ਕੇ ਬਿੱਗ ਬੌਸ ਦੇ ਘਰ ਵਿੱਚ ਆਏ ਹਨ।

ਤਸਵੀਰ ਸਰੋਤ, GOLDEN GUYS TEAM
ਕੌਣ ਹਨ ਗੋਲਡਨ ਗਾਇਜ਼ ?
2016 ਵਿੱਚ ਆਈ ਫ਼ਿਲਮ ਗ੍ਰੇਟ ਗ੍ਰੈਂਡ ਮਸਤੀ ਦੀ ਪਰਮੋਸ਼ਨ ਦੌਰਾਨ ਫ਼ਿਲਮ ਦੀ ਸਟਾਰਕਾਸਟ ਵਿਵੇਕ ਓਬਰੋਏ, ਰਿਤੇਸ਼ ਦੇਸ਼ਮੁਖ ਅਤੇ ਆਫ਼ਤਾਬ ਸ਼ਿਵਦਾਸਨੀ ਜਦੋਂ ਕਪਿਲ ਸ਼ਰਮਾ ਸ਼ੋਅ ਵਿੱਚ ਪਹੁੰਚੇ ਤਾਂ ਭਾਰਤੀ ਦਰਸ਼ਕਾਂ ਨੇ ਪਹਿਲੀ ਵਾਰ ‘ਗੋਲਡਨ ਗਾਇਜ਼’ ਨੂੰ ਦੇਖਿਆ।
ਗਲ੍ਹੇ ਵਿੱਚ ਮੋਟੀਆਂ ਸੋਨੇ ਦੀਆਂ ਚੇਨਾਂ, ਬਾਹਾਂ ’ਚ ਸੋਨੇ ਦੇ ਮੋਟੇ ਕੜੇ ਅਤੇ ਸੋਨੇ ਦੀਆਂ ਹੀ ਜੁੱਤੀਆਂ ਪਹਿਨੀ ਸਨੀ ਨਾਨਾਸਾਹਿਬ ਵਾਘਚੌਰੇ ਅਤੇ ਸੰਜੇ ਗੁੱਜਰ ਨੇ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਗੋਲਡਨ ਗਾਇਜ਼ ਦਾ ਪਿਛੋਕੜ ਮਹਾਰਾਸ਼ਟਰ ਵਿੱਚ ਪੁਣੇ ਦੇ ਪਿੰਪਰੀ-ਚਿੰਚਵਾੜ ਨਾਲ ਸਬੰਧਿਤ ਹੈ।
ਪੂਣੇ ਵਿੱਚ ਜੰਮੇ ਪਲੇ, ਗੋਲਡਨ ਗਾਇਜ਼ ਬਚਪਨ ਤੋਂ ਹੀ ਸੋਨੇ ਦੇ ਗਹਿਣੇ ਪਹਿਨਦੇ ਆਏ ਹਨ। ਦੋਵੇਂ ਰੋਜ਼ਾਨਾ ਤਿੰਨ ਕਿੱਲੋ ਜਾਂ ਉਸ ਤੋਂ ਵੱਧ ਸੋਨਾ ਪਹਿਨਦੇ ਹਨ।
ਉਨ੍ਹਾਂ ਨੂੰ ਪੂਣੇ ਵਿੱਚ ਗੋਲ਼ਡ ਮੈਨ ਦੇ ਨਾਮ ਨਾਲ ਤੋਂ ਵੀ ਜਾਣਿਆ ਜਾਂਦਾ ਹੈ।
ਸਨੀ ਨਾਨਸਾਹਿਬ ਵਾਘਚੌਰੇ ਨੂੰ ਪਿਆਰ ਨਾਲ ਲੋਕ ਨਾਨਾ ਵੀ ਕਹਿੰਦੇ ਹਨ। ਉਨ੍ਹਾਂ ਨੇ ਆਪਣੇ ਪਿਤਾ ਨੂੰ ਸਮਰਪਿਤ ਇੱਕ ਸੋਨੇ ਦੀ ਚੇਨ ਵੀ ਬਣਾਈ ਹੈ ਜਿਸ ’ਤੇ ‘ਨਾਨਾ’ ਲਿਖਿਆ ਹੋਇਆ ਹੈ, ਉਹ ਅਕਸਰ ਹੀ ਇਹ ਚੇਨ ਪਹਿਨਦੇ ਹਨ।
ਸਨੀ ਦਾ ਮਾਡਲ ਐਕਟਰ ਪ੍ਰੀਤੀ ਸੋਨੀ ਨਾਲ ਵਿਆਹ ਹੋਇਆ ਹੈ।
ਸੰਜੇ ਗੁੱਜਰ ਨੂੰ ਪਿਆਰ ਨਾਲ ਬੰਟੀ ਗੁੱਜਰ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ। ਸੰਜੇ ਦਾ ਲੱਕੀ ਨੰਬਰ ਸੱਤ ਹੈ ਇਸੇ ਲਈ ਉਹ ਆਮਤੌਰ ’ਤੇ ਉਸ ਅੰਕੜੇ ਦੀ ਵੱਡੀ ਸੋਨੇ ਦੀ ਚੇਨ ਪਹਿਨੀ ਨਜ਼ਰ ਆਉਂਦੇ ਹਨ।

ਤਸਵੀਰ ਸਰੋਤ, COLOR PR
ਫ਼ਿਲਮ ਜਗਤ ਨਾਲ ਕੀ ਹੈ ਰਿਸ਼ਤਾ
2016 ਵਿੱਚ ਕਪਿਲ ਸ਼ਰਮਾ ਸ਼ੋਅ ਵਿੱਚ ਆਏ ਰਿਤੇਸ਼ ਦੇਸ਼ਮੁਖ ਨੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਉਹ ਅਭਿਨੇਤਾ ਵਿਵੇਕ ਓਬਰੋਏ ਦੇ ਦੋਸਤ ਹਨ ਅਤੇ ਉਹ ਵਿਵੇਕ ਓਬਰੋਏ ਦੀਆਂ ਫ਼ਿਲਮਾਂ ਲਈ ਪੈਸੇ ਵੀ ਜੁਟਾਉਣ ਵਿੱਚ ਮਦਦ ਕਰਦੇ ਹਨ, ਯਾਨੀ ਉਨ੍ਹਾਂ ਦੇ ਫਾਈਨੈਂਸਰ ਵੀ ਰਹੇ ਹਨ।
ਇਨ੍ਹਾਂ ਵਿੱਚ ‘ਜ਼ਿਲ੍ਹਾ ਗਾਜ਼ੀਆਬਾਦ’ ਅਤੇ ‘ਜਯੰਤੀਭਾਈ ਕੀ ਲਵ ਸਟੋਰੀ’ ਫ਼ਿਲਮਾਂ ਸ਼ਾਮਲ ਹਨ।
2013 ਵਿੱਚ ਵਿਵੇਕ ਓਬਰੋਏ ਦੀ ਫ਼ਿਲਮ ‘ਜ਼ਿਲ੍ਹਾ ਗਾਜ਼ਿਆਬਾਦ’ ਵਿੱਚ ਸਨੀ ਵਾਘਚੌਰੇ ਨੇ ਇੱਕ ਛੋਟਾ ਜਿਹਾ ਕਿਰਦਾਰ ਵੀ ਨਿਭਾਇਆ ਸੀ।
ਦਰਅਸਲ, 2012 ਵਿੱਚ ਦੋਵਾਂ ਨੇ ਫ਼ਿਲਮਾਂ ਬਣਾਉਣ ਲਈ ਪੈਸੇ ਦੇਣੇ ਸ਼ੁਰੂ ਕੀਤਾ। ਫ਼ਿਲਮ ਫਾਈਨੈਂਸ ਦੇ ਨਾਲ-ਨਾਲ ਉਨ੍ਹਾਂ ਦਾ ਨਿੱਜੀ ਕਾਰੋਬਾਰ ਵੀ ਹੈ। ਉਨ੍ਹਾਂ ਦਾ ਕਬਾੜ, ਰੀਅਲ ਅਸਟੇਟ ਅਤੇ ਨਿਰਮਾਣ ਦਾ ਕਾਰੋਬਾਰ ਹੈ।
ਉਨ੍ਹਾਂ ਨੇ ਕਈ ਗੋਦਾਮ, ਫ਼ਲੈਟ ਅਤੇ ਘਰ ਕਿਰਾਏ ’ਤੇ ਦਿੱਤੇ ਹੋਏ ਹਨ। ਪੂਣੇ ਵਿੱਚ ਉਨ੍ਹਾਂ ਦੇ ਦੋ ਹੋਟਲ ਅਤੇ ਇੱਕ ਰਿਜ਼ਾਰਟ ਵੀ ਹੈ।


ਸਾਰੇ ਕਾਰੋਬਾਰ, ਸੰਨੀ, ਉਨ੍ਹਾਂ ਦੇ ਪਿਤਾ ਅਤੇ ਵੱਡਾ ਭਰਾ ਮਿਲ ਕੇ ਦੇਖਦੇ ਹਨ। ਇਸੇ ਤਰ੍ਹਾਂ ਬੰਟੀ ਦਾ ਵੀ ਚੰਗਾ ਕਾਰੋਬਾਰ ਹੈ ਜਿਸ ਨੂੰ ਉਹ ਖ਼ੁਦ ਤੇ ਉਨ੍ਹਾਂ ਦੇ ਵੱਡੇ ਭਰਾ (ਜੋ ਸਿਆਸਤਦਾਨ ਹਨ) ਮਿਲ ਕੇ ਸੰਭਾਲਦੇ ਹਨ।
ਸਲਮਾਨ ਖ਼ਾਨ ਦੇ ਪਰਿਵਾਰ ਨਾਲ ਵੀ ਇਨ੍ਹਾਂ ਦੇ ਰਿਸ਼ਤੇ ਹਨ। ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖ਼ਾਨ, ਗੋਲਡਨ ਗਾਇਜ਼ ਨੂੰ ਆਪਣਾ ਦੋਸਤ ਮੰਨਦੇ ਹਨ।
ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਦੋਵਾਂ ਦੀ ਪ੍ਰਸਿੱਧੀ ਵਧੀ ਅਤੇ ਉਹ ਸੋਸ਼ਲ ਮੀਡੀਆ ਸਟਾਰ ਬਣ ਗਏ।
ਉਹ ਟੀਵੀ ਦੇ ਕਈ ਹੋਰ ਰਿਐਲਟੀ ਸ਼ੋਅਜ਼ ਵਿੱਚ ਬਤੌਰ ਮਹਿਮਾਨ ਸ਼ਿਰਕਤ ਕਰਨ ਲੱਗੇ ਜਿਨ੍ਹਾਂ ਵਿੱਚ ਇੰਡੀਅਨ ਆਈਡਲ ਤੇ ਦਿ ਖਤਰਾ ਸ਼ੋਅ ਵਰਗੇ ਪ੍ਰੋਗਰਾਮ ਸ਼ੁਮਾਰ ਹਨ।

ਤਸਵੀਰ ਸਰੋਤ, GOLDEN GUYS TEAM
ਸੋਸ਼ਲ ਮੀਡੀਆ ਦੇ ਚਰਚਿਤ ਚਿਹਰੇ
ਸੰਨੀ ਨਾਨਾਸਾਹਿਬ ਵਾਘਚੌਰੇ ਅਤੇ ਸੰਜੇ ਗੁੱਜਰ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਫੌਲੋਅਰਜ਼ ਹਨ।
ਸੋਸ਼ਲ ਮੀਡੀਆ ’ਤੇ ਉਹ ਅਕਸਰ ਫ਼ਿਲਮੀ ਸਿਤਾਰਿਆਂ ਦੇ ਨਾਲ ਮਿਲਣ-ਜੁਲਣ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਸਾਲ 2021 ਵਿੱਚ ਆਏ ਅੰਸਾਰੀ ਮੋਹਸਿਨ ਅਤੇ ਨਿਕਿਤਾ ਰਾਏ ਦੇ ਗਾਣੇ ‘ਦੋਨੋ ਯਾਰਾ’ ਅਤੇ 2022 ਵਿੱਚ ਆਏ ਸਟਾਰ ਬੁਆਏ ਐੱਲਓਸੀ ਦੇ ਗਾਣੇ ‘ਨਾਚ ਬਸੰਤੀ’ ਦੇ ਵੀਡੀਓ ਵਿੱਚ ਵੀ ਗੋਲਡਨ ਗਾਇਜ਼ ਨਜ਼ਰ ਆਏ ਸਨ।
ਉਹ ਪੂਣੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਬਤੌਰ ਸਿਲੈਬ੍ਰਿਟੀ ਸ਼ਿਰਕਤ ਕਰਦੇ ਰਹਿੰਦੇ ਹਨ। ਆਪਣੀ ਰਈਸਾਂ ਵਾਲੀ ਜੀਵਨ ਸ਼ੈਲੀ ਨੂੰ ਉਹ ਅਕਸਰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਕਰਦੇ ਹਨ।
ਇਨ੍ਹਾਂ ਦੋਵਾਂ ਨੇ ਗੋਲਡਨ ਗਾਇਜ਼ ਨਾਮ ਤੋਂ ਇੱਕ ਐੱਨਜੀਓ ਦੀ ਵੀ ਸ਼ੁਰੂਆਤ ਕੀਤੀ ਹੈ ਜਿਸ ਦਾ ਕੰਮ ਲੋੜਮੰਦਾਂ ਦੀ ਮਦਦ ਕਰਨ ਦੇ ਨਾਲ ਨਾਲ ਪੂਣੇ ਵਿੱਚ ਗਰੀਬ ਬੱਚਿਆਂ ਨੂੰ ਰੋਜ਼ਾਨਾ ਖਾਣਾ ਪਹੁੰਚਾਉਣ ਦਾ ਵੀ ਹੈ।

ਤਸਵੀਰ ਸਰੋਤ, GOLDEN GUYS TEAM
ਸੋਨੇ ਨਾਲ ਕੀ ਹੈ ਇਨ੍ਹਾਂ ਦਾ ਰਿਸ਼ਤਾ
ਗੋਲਡਨ ਗਾਇਜ਼ ਮਹਾਰਾਸ਼ਟਰ ਦੇ ਪੂਣੇ ਦੇ ਪਿੰਪਰੀ-ਚਿੰਚਵਾੜ ਤੋਂ ਹਨ। ਸੰਨੀ ਦਾ ਜਨਮ 2 ਜਨਵਰੀ,1990 ਵਿੱਚ ਪੂਣੇ ਵਿੱਚ ਹੋਇਆ ਅਤੇ ਸੰਜੇ ਦਾ ਜਨਮ 27 ਜਨਵਰੀ, 1985 ਨੂੰ ਹੋਇਆ।
ਪੂਣੇ ਵਿੱਚ ਜੰਮੇ ਪਲੇ ਗੋਲਡਨ ਗਾਇਜ਼ ਬਚਪਨ ਦੇ ਦੋਸਤ ਹਨ। ਉਨ੍ਹਾਂ ਨੇ ਡੀ.ਵਾਈ ਪਾਟਿਲ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਕਪਿਲ ਸ਼ਰਮਾ ਦੇ ਸ਼ੋਅ ਵਿੱਚ ਉਨ੍ਹਾਂ ਨੇ ਦੱਸਿਆ ਕਿ ਪਾਟਿਲ ਕਾਲਜ ਉਨ੍ਹਾਂ ਦਾ ਆਪਣਾ ਹੀ ਹੈ।
ਅਸਲ ਵਿੱਚ ਕਾਲਜ ਦੀ ਜ਼ਮੀਨ ਦੀ ਮਾਲਕੀ ਉਨ੍ਹਾਂ ਦੀ ਹੈ ਅਤੇ ਇਸ ਦਾ ਨਿਰਮਾਣ ਵੀ ਉਨ੍ਹਾਂ ਨੇ ਹੀ ਕਰਵਾਇਆ ਹੈ। ਦੋਵੇਂ ਬਚਪਨ ਤੋਂ ਹੀ ਸੋਨੇ ਦੇ ਗਹਿਣੇ ਪਹਿਨਦੇ ਆਏ ਹਨ।
ਇੱਕ ਦਿਲਤਸਪ ਇਹ ਵੀ ਕਿ ਉਹ ਸਾਂਝੇ ਪਰਿਵਾਰਾਂ ਵਿੱਚ ਪਲੇ ਤੇ ਉਨ੍ਹਾਂ ਦੇ ਪਰਿਵਾਰ ਦੇ ਕੁੱਲ 58 ਜੀਅ ਹਨ।

ਤਸਵੀਰ ਸਰੋਤ, GOLDEN GUYS TEAM
ਸੋਨੇ ਦੀ ਪਰਤ ਚੜੀਆਂ ਗੱਡੀਆਂ ਦੇ ਸ਼ੌਕੀਨ
ਸੰਨੀ ਵਾਘਚੌਰੇ ਅਤੇ ਸੰਜੇ ਗੁੱਜਰ ਦੀ ਸੋਨੇ ਨੂੰ ਲੈ ਕੇ ਦੀਵਾਨਗੀ ਸੋਨੇ ਦੇ ਗਹਿਣਿਆਂ ਤੱਕ ਸੀਮਤ ਨਹੀਂ ਹੈ।
ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਦੋਵਾਂ ਕੋਲ ਕਈ ਮਹਿੰਗੀਆਂ ਗੱਡੀਆਂ ਹਨ ਜਿਵੇਂ ਕਿ ਬੀਐੱਮਡਬਲਿਯੂ, ਮਰਸਡੀਜ਼, ਔਡੀ, ਰੇਂਜ ਰੋਵਰ ਅਤੇ ਜੈਗੁਆਰ।
ਇਨ੍ਹਾਂ ਕੁਝ ਮਹਿੰਗੀਆਂ ਗੱਡੀਆਂ ਉੱਤੇ ਉਨ੍ਹਾਂ ਨੇ ਸੋਨੇ ਦੀ ਪਰਤ ਵੀ ਚੜਵਾਈ ਹੋਈ ਹੈ।
ਸੋਨੇ ਦੀ ਪਰਤ ਵਾਲੀਆਂ ਗੱਡੀਆਂ ਜਦੋਂ ਸੜਕ ’ਤੇ ਨਿਕਲਦੀਆਂ ਹਨ, ਤਾਂ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅੱਗੇ-ਪਿੱਛੇ ਵੀ ਦੋ-ਚਾਰ ਗੱਡੀਆਂ ਚੱਲਦੀਆਂ ਹਨ।
ਗਹਿਣੇ ਅਤੇ ਗੱਡੀਆਂ ਤੋਂ ਇਲਾਵਾ ਉਨ੍ਹਾਂ ਕੋਲ ਫ਼ੋਨ, ਜੁੱਤੀਆਂ, ਘੜੀਆਂ ਅਤੇ ਸਾਈਕਲ ਵੀ ਸੋਨੇ ਦੇ ਹੈ।
ਗੋਲਡਨ ਗਾਇਜ਼ ਜਦੋਂ ਵੀ ਬਾਹਰ ਨਿਕਲਦੇ ਹਨ ਤਾਂ ਸੁਰੱਖਿਆ ਲਈ ਹਰ ਵੇਲੇ ਦੋ ਬੌਡੀਗਾਰਡ ਉਨ੍ਹਾਂ ਦੇ ਨਾਲ ਰਹਿੰਦੇ ਹਨ।












