ਬਜਟ 2024: ਇਨਕਮ ਟੈਕਸ ਦਰਾਂ ’ਚ ਬਦਲਾਅ ਨਹੀਂ, 5 ਸਾਲਾਂ ’ਚ 2 ਕਰੋੜ ਨਵੇਂ ਮਕਾਨ ਬਣਨਗੇ, ਇਹ ਹਨ ਵੱਡੇ ਐਲਾਨ

ਤਸਵੀਰ ਸਰੋਤ, dd News
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਸੰਸਦ ਵਿੱਚ ਵਿੱਤੀ ਸਾਲ 2024-25 ਦੇ ਪਹਿਲੇ ਚਾਰ ਮਹੀਨਿਆਂ ਦਾ ਅੰਤਰਿਮ ਬਜਟ ਪੇਸ਼ ਕਰ ਦਿੱਤਾ ਹੈ।
ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਵਿੱਤ ਮੰਤਰੀ ਬਣੇ ਸੀਤਾਰਮਨ ਦਾ ਛੇਵਾਂ ਅਤੇ ਪਹਿਲਾ ਅੰਤਰਿਮ ਬਜਟ ਸੀ।
ਆਪਣੇ ਬਜਟ ਭਾਸ਼ਣ ਦੌਰਾਨ ਉਨ੍ਹਾਂ ਨੇ ਜਿੱਥੇ ਆਉਂਦੀਆਂ ਚੋਣਾਂ ਵਿੱਚ ਵਾਪਸੀ ਦਾ ਭਰੋਸਾ ਜਤਾਉਂਦਿਆਂ ਜੁਲਾਈ ਵਿੱਚ ਵਿਕਸਤ ਭਾਰਤ ਲਈ ਰੋਡਮੈਪ ਪੇਸ਼ ਕਰਨ ਦੀ ਗੱਲ ਕੀਤੀ ਉੱਥੇ ਹੀ ਕਿਹਾ, "ਅਗਲੇ 25 ਸਾਲ ਸਾਡੇ ਲਈ ਕਰਤਵ ਕਾਲ ਹਨ"।
ਇਸ ਵਾਰ ਸੀਤਾਰਮਨ ਨੇ ਕਰੀਬ ਇੱਕ ਘੰਟਾ ਬਜਟ ਭਾਸ਼ਣ ਪੜ੍ਹਿਆ। ਸੀਤਾਰਮਨ ਦਾ ਸਭ ਤੋਂ ਲੰਬਾ ਬਜਟ ਭਾਸ਼ਣ 2020 ਵਿੱਚ ਸੀ, ਜੋਕਿ ਦੋ ਘੰਟੇ 40 ਮਿੰਟ ਤੱਕ ਚੱਲਿਆ ਸੀ।
ਵਿੱਤ ਮੰਤਰੀ ਨੇ ਹਾਲਾਂਕਿ ਲੰਘੇ ਸਾਲ ਦਾ ਆਰਥਿਕ ਸਰਵੇਖਣ ਨਹੀਂ ਪੜ੍ਹਿਆ।
1999 ਤੱਕ ਬਜਟ ਫਰਵਰੀ ਦੇ ਆਖਰੀ ਕੰਮ ਵਾਲੇ ਦਿਨ ਦੁਪਹਿਰ 3 ਵਜੇ ਪੇਸ਼ ਕੀਤਾ ਜਾਂਦਾ ਸੀ। ਜਸਵੰਤ ਸਿੰਘ ਨੇ ਬਸਤੀਵਾਦੀ ਭਾਰਤ ਦੀ ਇਸ ਰਵਾਇਤ ਨੂੰ ਬਦਲਿਆ ਅਤੇ 11 ਵਜੇ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।
2017 'ਚ ਮੋਦੀ ਸਰਕਾਰ ਨੇ 1 ਫਰਵਰੀ ਨੂੰ ਬਜਟ ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਉਸੇ ਸਾਲ, ਰੇਲਵੇ ਬਜਟ ਨੂੰ ਆਮ ਬਜਟ ਦਾ ਹਿੱਸਾ ਬਣਾਇਆ ਗਿਆ ਸੀ।
ਹੇਠਾਂ ਪੇਸ਼ ਹਨ ਇਸ ਬਜਟ ਦੀਆਂ ਮੁੱਖ ਗੱਲਾਂ-
2047 ਤੱਕ ਵਿਕਸਿਤ ਭਾਰਤ ਦਾ ਟੀਚਾ
ਸਰਕਾਰ ਨੇ ਆਪਣੀ ਹਿੱਸੇਦਾਰੀ ਵੇਚਣ ਦੇ ਟੀਚਿਆਂ ਵਿੱਚ ਸੋਧ ਕੀਤੀ ਹੈ। ਸਰਕਾਰ ਨੇ ਵਿੱਤੀ ਸਾਲ 2025 ਲਈ 30,000 ਕਰੋੜ ਦਾ ਟੀਚਾ ਰੱਖਿਆ ਹੈ ਜੋ ਕਿ ਪਿਛਲੇ ਸਾਲ 50,000 ਕਰੋੜ ਰੁਪਏ ਸੀ।
2024-25 ਵਿੱਚ ਵਿੱਤੀ ਘਾਟਾ ਜੀਡੀਪੀ ਦਾ 5.1% ਰਹਿਣ ਦਾ ਅਨੁਮਾਨ ਹੈ। ਮੌਜੂਦਾ ਵਿੱਤੀ ਸਾਲ ਵਿੱਚ ਕੇਂਦਰ ਸਰਕਾਰ ਦਾ ਵਿੱਤੀ ਘਾਟਾ ਜੀਡੀਪੀ ਦੇ 5.8% ਰਹਿਣ ਦਾ ਅਨੁਮਾਨ ਹੈ।
ਭਾਰਤੀ ਹਵਾਈ ਕੰਪਨੀਆਂ ਨੇ 1000 ਤੋਂ ਜ਼ਿਆਦਾ ਨਵੇਂ ਜਹਾਜ਼ਾਂ ਦੇ ਆਰਡਰ ਦਿੱਤੇ ਹਨ। ਇਸਦੇ ਮੱਦੇ ਨਜ਼ਰ ਹਵਾਈ ਅੱਡਿਆਂ ਦਾ ਵਿਕਾਸ ਜਾਰੀ ਰਹੇਗਾ।
ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਕਸ਼ਦੀਪ ਸਮੇਤ ਸਾਡੇ ਟਾਪੂਆਂ 'ਤੇ ਬੰਦਰਗਾਹ ਕਨੈਕਟੀਵਿਟੀ, ਸੈਰ-ਸਪਾਟਾ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਲਈ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
ਜੁਲਾਈ ਵਿੱਚ ਪੂਰੇ ਬਜਟ ਵਿੱਚ, ਸਾਡੀ ਸਰਕਾਰ ਇੱਕ ਵਿਕਸਤ ਭਾਰਤ ਦੇ ਟੀਚੇ ਵੱਲ ਇੱਕ ਵਿਸਤ੍ਰਿਤ ਰੋਡਮੈਪ ਪੇਸ਼ ਕਰੇਗੀ।"
ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਆਰਾਮ ਲਈ 40,000 ਆਮ ਰੇਲਵੇ ਬੋਗੀਆਂ ਨੂੰ ਵੰਦੇ ਭਾਰਤ ਮਾਪਦੰਡਾਂ ਵਿੱਚ ਬਦਲਿਆ ਜਾਵੇਗਾ।
ਸਾਰੀਆਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕਵਰ ਕੀਤਾ ਜਾਵੇਗਾ।
ਖੇਤੀ ਖੇਤਰ ਦੇ ਹੋਰ ਵਿਕਾਸ ਲਈ, ਸਰਕਾਰ ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਵਿੱਚ ਜਨਤਕ ਅਤੇ ਨਿੱਜੀ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰੇਗੀ।
ਕੋਵਿਡ ਦੇ ਬਾਵਜੂਦ, ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਦੇ ਤਹਿਤ 3 ਕਰੋੜ ਘਰਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ। ਅਗਲੇ 5 ਸਾਲਾਂ ਵਿੱਚ 2 ਕਰੋੜ ਹੋਰ ਘਰ ਬਣਾਏ ਜਾਣਗੇ।
ਭਾਰਤ-ਮੱਧ ਪੂਰਬ-ਯੂਰਪ ਕੋਰੀਡੋਰ ਭਾਰਤ ਅਤੇ ਹੋਰ ਦੇਸ਼ਾਂ ਲਈ ਵੀ ਇੱਕ ਤਬਦੀਲੀ ਵਾਲਾ ਕਦਮ ਹੈ।
ਬੁਨਿਆਦੀ ਢਾਂਚੇ ਉੱਤੇ 11 ਫੀਸਦ ਖਰਚ ਕੀਤੇ ਜਾਣਗੇ।
ਸੂਬਿਆਂ ਨੂੰ 75 ਹਜ਼ਾਰ ਕਰੋੜ ਦਾ ਕਰਜ਼ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ 9-14 ਸਾਲ ਦੀਆਂ ਲੜਕੀਆਂ ਦਾ ਟੀਕਾਕਰਨ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 5 ਸਾਲ ਵਿੱਚ 2 ਕਰੋੜ ਨਵੇਂ ਘਰ ਬਣਾਉਣ ਦਾ ਪ੍ਰਸਤਾਵ
ਕਿਸਾਨਾਂ ਲਈ ਕਿਸੇ ਸਿੱਧੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਗਿਆ।
10 ਸਾਲ ਪੁਰਾਣਾ ਤੇ 10 ਹਜ਼ਾਰ ਤੱਕ ਦਾ ਟੈਕਸ ਮਾਫ਼ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।
2047 ਤੱਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਗਿਆ ਹੈ।

ਤਸਵੀਰ ਸਰੋਤ, Reuters
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਅੰਤਰਿਮ ਬਜਟ ਵਿੱਚ ਕਈ ਐਲਾਨ ਕੀਤੇ, ਪਰ ਕੋਈ ਵੱਡਾ ਐਲਾਨ ਕਰਨ ਤੋਂ ਗੁਰੇਜ਼ ਕੀਤਾ।
ਵਿੱਤ ਮੰਤਰੀ ਨੇ ਆਮਦਨ ਕਰ ਦਾਤਾਵਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਇਸ ਵਾਰ ਉਨ੍ਹਾਂ ਨੇ ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
ਉਨ੍ਹਾਂ ਨੇ ਆਬਾਦੀ ਕੰਟਰੋਲ 'ਤੇ ਕਮੇਟੀ ਬਣਾਉਣ ਅਤੇ ਨਵੇਂ ਮੈਡੀਕਲ ਕਾਲਜ ਖੋਲ੍ਹਣ ਲਈ ਕਮੇਟੀ ਬਣਾਉਣ ਦਾ ਵੀ ਐਲਾਨ ਕੀਤਾ ਹੈ।
ਔਰਤਾਂ ਨੂੰ ਛੋਟੀ ਉਮਰ ਵਿੱਚ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਟੀਕਾਕਰਨ ਸਕੀਮ ਚਲਾਉਣ ਦਾ ਵੀ ਐਲਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਲਿਆਂਦਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੇ ਯਤਨਾਂ ਸਦਕਾ ਦੇਸ਼ ਵਿੱਚ ਇੱਕ ਕਰੋੜ ਲੱਖਪਤੀ ਦੀਦੀ ਪੈਦਾ ਹੋ ਚੁੱਕੀ ਹੈ। ਇਸ ਸਕੀਮ ਰਾਹੀਂ ਸਵੈ-ਨਿਰਭਰਤਾ ਵਧੀ ਹੈ। ਇਸ ਯੋਜਨਾ ਤਹਿਤ ਤਿੰਨ ਕਰੋੜ ਹੋਰ ਔਰਤਾਂ ਨੂੰ ਕਰੋੜਪਤੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਸੀਤਾਰਮਨ ਨੇ ਮੋਦੀ ਸਰਕਾਰ ਦੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਰਿਆਂ ਨੂੰ ਪੱਕੇ ਮਕਾਨ ਦਿੱਤੇ ਜਾਣਗੇ।
ਨੈਨੋ ਡੀਏਪੀ ਅਪਣਾਈ ਜਾਵੇਗੀ
ਤਿੰਨ ਨਵੇਂ ਰੇਲਵੇ ਕੌਰੀਡੋਰ (1) ਬੰਦਰਗਾਹਾਂ ਨੂੰ ਜੋੜਨ ਵਾਲਾ ਕੌਰੀਡੋਰ, (2) ਊਰਜਾ, ਖਣਿਜ ਅਤੇ ਸੀਮੈਂਟ ਕੌਰੀਡੋਰ ਅਤੇ (3) ਜ਼ਿਆਦਾ ਆਵਾਜਾਈ ਲਈ ਕੌਰੀਡੋਰ
ਤਕਨੀਕੀ ਮੁਖੀ ਵਿਕਾਸ ਨੂੰ ਉਤਾਸ਼ਾਹਿਤ ਕਰਨ ਲਈ ਵਿਆਜ ਮੁਕਤ ਕਰਜ਼ੇ ਦੇਣ ਲਈ 1 ਲੱਖ ਕਰੋੜ ਦਾ ਫੰਡ ਕਾਇਮ ਕੀਤਾ ਜਾਵੇਗਾ।
ਤੇਲ ਬੀਜ ਅਤੇ ਡੇਅਰੀ ਵਿਕਾਸ- ਭਾਰਤ ਨੂੰ ਤਿਲਾਂ, ਸੂਰਜਮੁਖੀ, ਸਰੋਂ ਅਤੇ ਹੋਰ ਤੇਲ ਬੀਜਾਂ ਵਿੱਚ ਆਤਮ ਨਿਰਭਰ ਬਣਾਉਣ ਲਈ ਰਣਨੀਤੀ ਘੜੀ ਜਾਵੇਗੀ। ਇਸ ਤੋਂ ਇਲਾਵਾ ਡੇਅਰੀ ਕਿਸਾਨਾਂ ਦੇ ਵਿਕਾਸ ਲਈ ਵੀ ਇੱਕ ਵਿਸਤਰਿਤ ਪ੍ਰੋਗਰਾਮ ਬਣਾਇਆ ਜਾਵੇਗਾ।
ਨੈਨੋ ਯੂਰੀਆ ਅਪਣਾਏ ਜਾਣ ਤੋਂ ਬਾਅਦ ਹੁਣ ਨੈਨੋ ਡੀਏਪੀ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਕਿਰਾਏ ਦੇ ਘਰਾਂ, ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ, ਦਰਮਿਆਨੀ ਆਮਦਨੀ ਆਮਦਨ ਵਾਲੇ ਲੋੜਵੰਦ ਵਰਗਾਂ ਨੂੰ ਆਪਣਾ ਘਰ ਖ਼ਰੀਦਣ ਦੇ ਯੋਗ ਕੀਤੇ ਜਾਣਗੇ।
ਜੀਡੀਪੀ ਦੇ ਨਵੇਂ ਅਰਥ

ਤਸਵੀਰ ਸਰੋਤ, HINDUSTAN TIMES
ਵਿੱਤ ਮੰਤਰੀ ਨੇ ਜੀ.ਡੀ.ਪੀ. (ਕੁੱਲ ਘਰੇਲੂ ਉਤਪਾਦ) ਦਾ ਇੱਕ ਹੋਰ ਅਰਥ ਦੱਸਿਆ ਹੈ। ਉਨ੍ਹਾਂ ਨੇ ਇਸ ਨੂੰ ਗਵਰਨੈਂਸ (ਗੁਡ ਗਵਰਨੈਂਸ), ਵਿਕਾਸ (ਡਿਵੈਲਪਮੈਂਟ) ਅਤੇ ਕਾਰਗੁਜ਼ਾਰੀ (ਪਰਫਾਰਮੈਂਸ) ਕਿਹਾ ਹੈ।
ਸਾਡੀ ਸਰਕਾਰ ਲਈ ਸਮਾਜਿਕ ਨਿਆਂ ਇੱਕ ਪ੍ਰਭਾਵਸ਼ਾਲੀ ਅਤੇ ਜ਼ਰੂਰੀ ਸ਼ਾਸਨ ਦੀ ਕਸੌਟੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੇ ਨੌਜਵਾਨ ਦੇਸ ਦੀਆਂ ਖਾਹਿਸ਼ਾਂ ਉੱਚੀਆਂ ਹਨ। ਇਸ ਨੂੰ ਆਪਣੇ ਵਰਤਮਾਨ 'ਤੇ ਮਾਣ ਹੈ ਅਤੇ ਇਸ ਦੇ ਸੁਨਹਿਰੇ ਭਵਿੱਖ ਉੱਤੇ ਆਸ ਅਤੇ ਭਰੋਸਾ ਹੈ।
ਅਗਲੇ ਪੰਜ ਸਾਲ ਹੋਣਗੇ ਲਾਮਿਸਾਲ ਵਿਕਾਸ ਦੇ ਸਾਲ

ਤਸਵੀਰ ਸਰੋਤ, ANI
ਵਿੱਤ ਮੰਤਰੀ ਨੇ ਕਿਹਾ ਕਿ ਦੇਸ ਦੇ ਵਿਕਾਸ ਦੇ ਪਿਛਲੇ ਦਸ ਸਾਲਾਂ ਦੇ ਟਰੈਕ ਰਿਕਾਰਡ ਦੇ ਮੱਦੇ ਨਜ਼ਰ ਆਉਣ ਵਾਲੇ ਪੰਜ ਸਾਲ ਦੇਸ ਵਿੱਚ ਲਾਮਿਸਾਲ ਵਿਕਾਸ ਦੇ ਸਾਲ ਹੋਣਗੇ।
ਪੇਂਡੂ ਖੇਤਰਾਂ ਵਿੱਚ ਲੋਕਾਂ ਦੀ ਆਮਦਨ ਵਧੀ, ਮਹਿੰਗਾਈ ਜ਼ਿਆਦਾ ਨਹੀਂ ਵਧੀ
- ਸਰਕਾਰੀ ਕਰਜ਼ਾ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਰਿਹਾ ਹੈ
- 80 ਕਰੋੜ ਲੋਕਾਂ ਨੂੰ ਮਿਲ ਰਿਹਾ ਹੈ ਮੁਫ਼ਤ ਰਾਸ਼ਨ।
- 11.8 ਕਰੋੜ ਕਿਸਾਨਾਂ ਨੂੰ ਕਿਸਾਨ ਨਿਧੀ ਯੋਜਨਾ ਦਿੱਤੀ ਜਾਂਦੀ ਹੈ
- 4 ਕਰੋੜ ਕਿਸਾਨਾਂ ਨੂੰ ਪੀਐੱਮ ਬੀਮਾ ਯੋਜਨਾ ਦਾ ਲਾਹਾ ਮਿਲਿਆ।
- ਪੀਐੱਮ ਅਵਾਸ ਯੋਜਨਾ ਤਹਿਤ 70% ਔਰਤਾਂ ਨੂੰ ਘਰ ਦਿੱਤੇ ਗਏ।
ਤਿੰਨ ਤਲਾਕ ਦੀ ਪ੍ਰਥਾ ਖਤਮ ਕੀਤੇ ਜਾਣ, ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਵਿੱਚ ਔਰਤਾਂ ਲਈ 50% ਸੀਟਾਂ ਰਾਖਵੀਆਂ ਕਰਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮਿਲਣ ਨਾਲ ਖਾਸ ਕਰ ਪੇਂਡੂ ਖੇਤਰ ਵਿੱਚ ਔਰਤਾਂ ਸਸ਼ਕਤ ਹੋਈਆਂ ਹਨ।
ਕੌਸ਼ਲ ਭਾਰਤ ਮਿਸ਼ਨ ਦੀਆਂ ਪ੍ਰਾਪਤੀਆਂ

ਤਸਵੀਰ ਸਰੋਤ, Sansad TV
ਦੇਸ ਵਾਸੀਆਂ ਦੀ ਔਸਤ ਆਮਦਨੀ ਵਿੱਚ 50% ਦਾ ਵਾਧਾ ਹੋਇਆ ਹੈ।
ਜੀਐਸਟੀ ਨੇ ਇੱਕ ਦੇਸ, ਇੱਕ ਮੰਡੀ ਇੱਕ ਟੈਕਸ ਵਿੱਚ ਯੋਗਦਾਨ ਪਾਇਆ।
ਵਿੱਤ ਮੰਤਰੀ ਨੇ ਕਿਹਾ ਕਿ ਕੌਸ਼ਲ ਭਾਰਤ ਮਿਸ਼ਨ ਤਹਿਤ 1.4 ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। 54 ਲੱਖ ਨੂੰ ਦੁਬਾਰਾ ਸਿਖਲਾਈ ਦਿੱਤੀ ਗਈ ਜਾਂ ਉਨ੍ਹਾਂ ਦੀ ਸਿਖਲ਼ਾਈ ਵਿੱਚ ਵਾਧਾ ਕੀਤਾ ਗਿਆ।
ਇਸ ਤੋਂ ਇਲਾਵਾ ਦੇਸ ਵਿੱਚ 3000 ਨਵੀਂਆਂ ਆਟੀਆਈ (ਸਨਅਤੀ ਸਿਖਲਾਈ ਕੇਂਦਰ) ਕਾਇਮ ਕੀਤੀਆਂ ਗਈਆਂ।
ਉਚੇਰੀ ਸਿੱਖਿਆ ਦੇ ਕੇਂਦਰਾਂ ਵਜੋਂ ਦੇਸ ਵਿੱਚ 7 ਆਈਆਈਟੀ, 16 ਟਰਿਪਲ ਆਈਟੀ, 7 ਆਈਆਈਐਮ, 15 ਏਮਜ਼ ਅਤੇ 390 ਯੂਨੀਵਰਸਿਟੀਆਂ ਕਾਇਮ ਕੀਤੀਆਂ ਗਈਆਂ।
ਚਾਰ ਵਰਗਾਂ ਵੱਲ ਦੇਣਾ ਪਵੇਗਾ ਧਿਆਨ
ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਨ ਸਮੇਂ ਦੇਸ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ ਸਬਕਾ ਸਾਥ ਸਬਕਾ ਵਿਕਾਸ ਕਾਰਨ ਸਰਕਾਰ ਉਨ੍ਹਾਂ ਚੁਣੌਤੀਆਂ ਤੋਂ ਉਭਰਨ ਵਿੱਚ ਕਾਮਯਾਬ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਦੇਸ ਦੇ 25 ਕਰੋੜ ਨਾਗਰਿਕਾਂ ਨੂੰ ਬਹੁ-ਆਯਾਮੀ ਗਰੀਬੀ ਵਿੱਚੋਂ ਉਭਰਨ ਵਿੱਚ ਮਦਦ ਕੀਤੀ ਹੈ।
ਪਿਛਲੇ ਦਸਾਂ ਸਾਲਾਂ ਦੌਰਾਨ ਦੇਸ ਦੀ ਆਰਥਿਕਤਾ ਵਿੱਚ ਵੱਡਾ ਰੂਪਾਂਤਰਣ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਚਾਰ ਪ੍ਰਮੁੱਖ ਖੇਤਰਾਂ- ਗਰੀਬ, ਕਿਸਾਨ, ਨੌਜਵਾਨ ਅਤੇ ਔਰਤਾਂ ਉੱਪਰ ਖਾਸ ਧਿਆਨ ਦੇਣ ਦੀ ਲੋੜ ਹੈ।
ਬਜਟ ਭਾਸ਼ਣ ਦੀ ਸ਼ੁਰੂਆਤ

ਤਸਵੀਰ ਸਰੋਤ, Sansad TV
ਵਿੱਤ ਮੰਤਰੀ ਨੇ ਸਮੇਂ ਸਿਰ ਆਪਣੇ ਬਜਟ ਭਾਸ਼ਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਇਕਨਾਮਿਕ ਟਾਈਮਜ਼ ਨੇ ਲਿਖਿਆ ਹੈ ਕਿ ਸਰਕਾਰ ਆਪਣੀਆਂ ਹਿੱਸੇਦਾਰੀਆਂ ਨਿੱਜੀ ਖੇਤਰ ਨੂੰ ਵੇਚਣ ਦੇ ਆਪਣੇ ਪਿਛਲੇ ਸਾਲ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਹੈ।
ਇਸ ਸੰਬੰਧ ਵਿੱਚ ਉਮੀਦ ਹੈ ਕਿ ਸਰਕਾਰ ਸਿਰਫ ਵੇਚਣ ਲਈ ਹੁਣ ਸ਼ਾਇਦ ਆਪਣੀਆਂ ਹਿੱਸੇਦਾਰੀਆਂ ਨਾ ਵੇਚੇ ਸਗੋਂ ਇਸ ਬਾਰੇ ਕਿਸੇ ਹੰਢਣਸਾਰ ਰਣਨੀਤੀ ਦਾ ਐਲਾਨ ਕਰ ਸਕਦੀ ਹੈ।
ਕੇਂਦਰੀ ਕੈਬਨਿਟ ਵੱਲੋਂ ਬਜਟ ਨੂੰ ਮਿਲੀ ਹਰੀ ਝੰਡੀ

ਤਸਵੀਰ ਸਰੋਤ, ANI
ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾ ਵਿੱਚ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਵਿੱਤ ਮੰਤਰੀ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਾਲ 2024 ਦੇ ਅੰਤਰਿਮ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ।
ਲੋਕ ਸਭਾ ਲਈ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਅਤੇ ਉਨ੍ਹਾਂ ਦੇ ਰਾਜ ਮੰਤਰੀ ਡਾ਼ ਭਾਗਵਤ ਕਰਿਸ਼ਨਾ ਰਾਓ ਕਾਰਦ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਵਿੱਤ ਮੰਤਰੀ ਦਾ ਮੂੰਹ ਵੀ ਮਿੱਠਾ ਕਰਵਾਇਆ
ਬਜਟ ਦੇ ਪ੍ਰਮੁੱਖ ਅੰਕੜੇ ਜਿਨ੍ਹਾਂ 'ਤੇ ਨਜ਼ਰ ਰਹੇਗੀ

ਤਸਵੀਰ ਸਰੋਤ, Getty Images
ਆਮ ਚੋਣਾਂ ਦੇ ਮੱਦੇ ਨਜ਼ਰ ਸਰਕਾਰ ਕਿੰਨਾ ਵੱਡਾ ਬਜਟ ਪੇਸ਼ ਕਰਦੀ ਹੈ?
ਸਰਕਾਰ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿੱਚ ਕਿੰਨਾ ਨਿਵੇਸ਼ ਕਰਨ ਦੀ ਤਜਵੀਜ਼ ਕਰਦੀ ਹੈ?
ਸਰਕਾਰ ਵਿੱਤੀ ਘਾਟੇ ਦਾ ਕੀ ਅੰਕੜਾ ਦਿੰਦੀ ਹੈ?
ਇਸ ਵਿੱਤੀ ਸਾਲ ਦੌਰਾਨ ਭਾਰਤ ਦਾ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਬਾਰੇ ਕੀ ਉਮੀਦ ਕਰ ਰਹੀ ਹੈ?
ਸਰਕਾਰ ਟੈਕਸਾਂ ਅਤੇ ਕਮਾਈ ਦੇ ਹੋਰ ਸਾਧਨਾਂ ਤੋਂ ਕਿੰਨਾ ਪੈਸਾ ਇਕੱਠਾ ਕਰਨ ਦਾ ਟੀਚਾ ਰੱਖਦੀ ਹੈ?
ਸਰਕਾਰ ਸਰਕਾਰੀ ਅਦਾਰਿਆਂ ਵਿੱਚੋਂ ਆਪਣੀ ਹਿੱਸੇਦਾਰੀ ਵੇਚ ਕੇ ਕਿੰਨੇ ਪੈਸੇ ਦਾ ਬੰਦੋਬਸਤ ਕਰਨ ਦਾ ਟੀਚਾ ਰੱਖਦੀ ਹੈ?
ਆਰਬੀਆਈ ਡਿਵੀਡੈਂਡ ਦੇ ਰੂਪ ਵਿੱਚ ਸਰਕਾਰ ਨੂੰ ਕਿੰਨਾ ਪੈਸਾ ਦਿੰਦਾ ਹੈ?
ਸਰਕਾਰ ਬਜ਼ਾਰ ਤੋਂ ਕਿੰਨਾ ਪੈਸਾ ਉਧਾਰ ਲੈਣਾ ਚਾਹੁੰਦੀ ਹੈ?
ਸਰਕਾਰ ਭਲਾਈ ਸਕੀਮਾਂ ਲਈ ਕਿੰਨਾ ਪੈਸਾ ਰਾਖਵਾਂ ਕਰਦੀ ਹੈ?
ਪਿਛਲੇ 5 ਬਜਟਾਂ ਦੇ ਥੀਮ ਕੀ ਰਹੇ

ਤਸਵੀਰ ਸਰੋਤ, Getty Images
ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਪਿਛਲੇ ਪੰਜ ਬਜਟ ਕਿਸੇ ਨਾ ਕਿਸੇ ਖਾਸ ਮੁੱਦੇ ਨੂੰ ਸੰਬੋਧਿਤ ਸਨ।
- ਬਜਟ 2023: ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇ-ਗੰਢ ਜਿਸ ਨੂੰ "ਅੰਮ੍ਰਿਤ ਕਾਲ" ਵਜੋਂ ਮਨਾਇਆ ਗਿਆ। ਉਸ ਬਾਰੇ ਸਰਕਾਰ ਦੀ ਦ੍ਰਿਸ਼ਟੀ ਬਜਟ ਵਿੱਚ ਪੇਸ਼ ਕੀਤੀ ਗਈ।
- ਬਜਟ 2022: ਹਰੀ ਆਰਥਿਕਤਾ ਅਤੇ ਆਤਮਨਿਰਭਰ ਭਾਰਤ ਉੱਤੇ ਕੇਂਦਰਿਤ ਸੀ।
- ਬਜਟ 2021: ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਰਤ ਦੀ ਆਰਥਿਕ ਸਿਹਤ ਨੂੰ ਲੀਹ ਉੱਤੇ ਲਿਆਉਣ ਬਾਰੇ ਸੀ
- ਬਜਟ 2020: ਕੋਵਿਡ-19 ਮਹਾਂਮਾਰੀ ਦੌਰਾਨ ਦੇਸ ਦੀ ਆਰਥਿਕਤਾ ਨੂੰ ਸੰਭਾਲਣਾ।
- ਬਜਟ 2019: ਇਸ ਬਜਟ ਵਿੱਚ ਵਿੱਤ ਮੰਤਰੀ ਨੇ 2020 ਦੇ ਦਹਾਕੇ ਲਈ 10-ਨੁਕਤੇ ਪੇਸ਼ ਕੀਤੇ ਗਏ।








