You’re viewing a text-only version of this website that uses less data. View the main version of the website including all images and videos.
ਸੁਖਦੀਪ ਸਿੰਘ ਚਕਰੀਆ: ਬੰਦਾ ਸਿੰਘ ਬਹਾਦਰ ਦੀਆਂ ਵਾਰਾਂ ਚਲਾ ਕੇ ਰਿੰਗ 'ਚ ਭਿੜਨ ਵਾਲਾ ਮੁੱਕੇਬਾਜ਼
ਸੁਖਦੀਪ ਸਿੰਘ ਚਕਰੀਆ ਇੱਕ ਪੇਸ਼ੇਵਰ ਮੁੱਕੇਬਾਜ਼ ਹਨ ਤੇ ਮੱਧ ਭਾਰ ਵਰਗ ਵਿੱਚ ਮੁੱਕੇਬਾਜ਼ੀ ਕਰਦੇ ਹਨ। ਉਨ੍ਹਾਂ ਨੂੰ ਬਿਹਤਰੀਨ ਖੇਡ ਦੇ ਨਾਲ-ਨਾਲ ਉਨ੍ਹਾਂ ਦੇ ਵੱਖਰੇ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ।
ਸੁਖਦੀਪ ਜਦੋਂ ਰਿੰਗ ਵਿੱਚ ਆਪਣੇ ਵਿਰੋਧੀ ਖਿਡਾਰੀ ਨਾਲ ਭਿੜਨ ਲਈ ਉਤਰਦੇ ਹਨ ਤਾਂ ਉਹ ਬੰਦਾ ਸਿੰਘ ਬਹਾਦਰ ਦੀਆਂ ਵਾਰਾਂ ਚਲਾਉਂਦੇ ਹਨ। ਉਨ੍ਹਾਂ ਦੇ ਇਸੇ ਅੰਦਾਜ਼ ਨੂੰ ਖਾਸਾ ਪਸੰਦ ਕੀਤਾ ਜਾਂਦਾ ਹੈ।
ਉਨ੍ਹਾਂ ਦੇ ਕਈ ਅਜਿਹੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ, ਜਿਨ੍ਹਾਂ ਬੰਦਾ ਸਿੰਘ ਬਹਾਦੁਰ ਦੀਆਂ ਵਾਰਾਂ ਸੁਣਾਈ ਦਿੰਦੀਆਂ ਹਨ ਤੇ ਸੁਖਦੀਪ ਰਿੰਗ ਵਿੱਚ ਭਿੜਨ ਲਈ ਜਾਂਦੇ ਹਨ।
ਪੰਜਾਬ ਤੋਂ ਹੀ ਮੁੱਕੇਬਾਜ਼ੀ ਦਾ ਕਰੀਅਰ ਸ਼ੁਰੂ ਕਰਨ ਵਾਲੇ ਸੁਖਦੀਪ ਇਸ ਵੇਲੇ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉੱਥੋਂ ਹੀ ਆਪਣੀ ਖੇਡ ਨੂੰ ਜਾਰੀ ਰੱਖੇ ਹੋਏ ਹਨ।
ਹਾਲਾਂਕਿ ਉਨ੍ਹਾਂ ਨੇ ਮੁੱਕੇਬਾਜ਼ੀ ਸ਼ੌਂਕੀਆ ਤੌਰ ਉੱਤੇ ਸ਼ੁਰੂ ਕੀਤੀ ਸੀ।
ਪੰਜਾਬ ਦੇ ਚਕਰ ਪਿੰਡ ਤੋਂ ਹੀ ਕਰੀਅਰ ਦੀ ਸ਼ੁਰੂਆਤ
25 ਅਕਤੂਬਰ 1992 ਨੂੰ ਜਨਮੇ ਸੁਖਦੀਪ ਦਾ ਸਬੰਧ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਨਾਲ ਹੈ। ਉਨ੍ਹਾਂ ਦੇ ਪਿੰਡ ਤੋਂ ਇੱਕ-ਦੋ ਨਹੀਂ ਬਲਕਿ ਕਈ ਮੁੱਕੇਬਾਜ਼ ਨਿਕਲੇ ਹਨ।
ਵੈੱਬਸਾਈਟ ਚਕਰੀਆ ਬਾਕਸਿੰਗ ਡਾਟ ਕਾਮ 'ਤੇ ਦਿੱਤੀ ਜਾਣਕਾਰੀ ਮੁਤਾਬਕ, ਸੁਖਦੀਪ ਨੇ ਸਾਲ 2011 ਵਿੱਚ ਆਪਣੇ ਬਾਕਸਿੰਗ ਕਰੀਅਰ ਦੀ ਸ਼ੁਰੂਆਤ ਸ਼ੌਂਕ ਵਜੋਂ ਕੀਤੀ ਸੀ।
ਸੁਖਦੀਪ ਨੇ ਜ਼ਿਲ੍ਹੇ ਤੋਂ ਲੈ ਕੇ ਕੌਮੀ ਤੱਕ ਹਰ ਪੱਧਰ ਦੇ ਮੁਕਾਬਲਿਆਂ ਵਿੱਚ ਨਾਮ ਕਮਾਇਆ ਹੈ।
ਸਾਲ 2017 ਵਿੱਚ ਉਹ ਪੇਸ਼ੇਵਰ ਮੁੱਕੇਬਾਜ਼ ਦੇ ਤੌਰ 'ਤੇ ਉੱਭਰੇ।
ਉਹ ਆਪਣੇ ਪਿੰਡ ਦਾ ਨਾਮ ਨਾਲ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਰਿੰਗ ਵਿੱਚ ਚਕਰੀਆ ਨਾਮ ਨਾਲ ਹੀ ਪਛਾਣਿਆ ਜਾਂਦਾ ਹੈ।
ਸੁਖਦੀਪ ਨੇ ਸੁਪਰ ਬਾਕਸਿੰਗ ਲੀਗ ਵਿੱਚ ਆਪਣੇ ਸਾਰੇ ਮੈਚ ਜ਼ਬਰਦਸਤ ਅੰਦਾਜ਼ ਵਿੱਚ ਜਿੱਤੇ ਸਨ ਅਤੇ ਉਨ੍ਹਾਂ ਨੂੰ ਲੀਗ ਦਾ ਸਰਵੋਤਮ ਮੁੱਕੇਬਾਜ਼ ਚੁਣਿਆ ਗਿਆ ਸੀ।
ਸੁਖਦੀਪ ਆਪਣੀ ਮੁੱਕੇਬਾਜ਼ੀ ਬਾਰੇ ਕਹਿੰਦੇ ਹਨ, ''ਲੜਨ ਦੀ ਮੇਰੀ ਕਲਾ ਅਤੇ ਇੱਛਾ ਮੈਨੂੰ ਸਿੱਖ ਇਤਿਹਾਸ ਦੇ ਯੋਧਿਆਂ, ਜਰਨੈਲਾਂ ਅਤੇ ਸ਼ਹੀਦਾਂ ਤੋਂ ਮਿਲੀ ਹੈ।''
ਚੈਨਲ ਵਾਈ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਪਿੰਡ 'ਚ ਜਦੋਂ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਖੁੱਲ੍ਹੀ ਤਾਂ ਉਹ ਕੰਧ 'ਤੇ ਚੜ੍ਹ ਕੇ ਉੱਥੇ ਅੰਦਰ ਦੇਖਣ ਲੱਗੇ।
ਪਰ ਇੱਕ ਬਾਕਸਰ ਨੇ ਉਨ੍ਹਾਂ ਨੂੰ ਉੱਥੇ ਆਉਣ ਤੋਂ ਮਨ੍ਹਾ ਕਰ ਦਿੱਤਾ।
ਸੁਖਦੀਪ ਮੁਤਾਬਕ, ਉਸ ਬਾਕਸਰ ਅਤੇ ਉਨ੍ਹਾਂ ਵਿਚਕਾਰ ਲੜਾਈ ਹੋਣ ਲੱਗੀ। ਇਹ ਦੇਖ ਕੇ ਅਕੈਡਮੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਜੇ ਫਾਈਟ ਕਰਨੀ ਹੈ ਤਾਂ ਗਲਵਜ਼ (ਮੁੱਕੇਬਾਜ਼ੀ ਲਈ ਵਰਤੇ ਜਾਂਦੇ ਦਸਤਾਨੇ) ਪਹਿਨ ਕੇ ਕਰੋ।
ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਜਾਣਕਾਰੀ ਜਾਂ ਸਿਖਲਾਈ ਦੇ ਵੀ ਉਹ ਅੱਧਾ ਘੰਟਾ ਲੜਦੇ ਰਹੇ ਸਨ।
ਸੁਖਦੀਪ ਕਹਿੰਦੇ ਹਨ ਕਿ ਉੱਥੋਂ ਹੀ ਉਨ੍ਹਾਂ ਨੂੰ ਮੁੱਕੇਬਾਜ਼ੀ 'ਚ ਰੁਝਾਨ ਆਉਣ ਲੱਗਾ।
ਭਾਰਤ ਵਿੱਚ ਜਿੱਤੇ ਕਿੰਨੇ ਤਮਗੇ
2009 ਵਿੱਚ ਉਨ੍ਹਾਂ ਨੇ ਪਹਿਲਾ ਪੰਜਾਬ ਟੂਰਨਾਮੈਂਟ ਖੇਡਿਆ 'ਤੇ ਗੋਲਡ ਜਿੱਤਿਆ।
ਵੈੱਬਸਾਈਟ ਚਕਰੀਆ ਬਾਕਸਿੰਗ ਡਾਟ ਕਾਮ ਮੁਤਾਬਕ, ਸਾਲ 2011 ਵਿੱਚ ਸੁਖਦੀਪ ਨੇ ਪੁਰਸ਼ਾਂ ਦੀ 18ਵੀਂ ਭਾਰਤੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
2011 ਵਿਚ ਹੀ ਉਨ੍ਹਾਂ ਨੇ ਸਹਾਰਾ 58ਵੇਂ ਸੀਨੀਅਰ ਮੇਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਅਤੇ 5ਵੇਂ ਸੁਪਰ ਕੱਪ ਇੰਟਰ ਜ਼ੋਨਲ ਮੇਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗੇ ਜਿੱਤੇ।
ਇਸ ਮਗਰੋਂ 2012 'ਚ ਉਨ੍ਹਾਂ ਨੇ 59ਵੇਂ ਸੀਨੀਅਰ ਮੇਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਮੁੜ ਤੋਂ ਸੋਨ ਤਮਗਾ ਆਪਣੇ ਨਾਮ ਕੀਤਾ।
ਸੁਪਰ ਬਾਕਸਿੰਗ ਲੀਗ ਵਿੱਚ ਉਨ੍ਹਾਂ ਨੂੰ ਬਿਹਤਰੀਨ ਮੁੱਕੇਬਾਜ਼ ਦਾ ਐਵਾਰਡ ਮਿਲਿਆ ਸੀ।
ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਫਿਰ 2018 ਵਿੱਚ ਉਹ ਪ੍ਰੋਫੈਸ਼ਨਲ ਮੁੱਕੇਬਾਜ਼ ਬਣ ਗਏ।
ਫਿਲਹਾਲ ਸੁਖਦੀਪ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਯੂਨਾਈਟਿਡ ਬਾਕਸਿੰਗ ਪ੍ਰਮੋਸ਼ਨ ਲਈ ਖੇਡ ਰਹੇ ਹਨ।
ਉਹ ਕਈ ਅੰਤਰਰਾਸ਼ਟਰੀ ਮੁੱਕੇਬਾਜ਼ਾਂ ਨਾਲ ਭਿੜ ਚੁੱਕੇ ਹਨ।
ਚਕਰ ਪਿੰਡ ਤੋਂ ਨਿਕਲੇ ਕਈ ਖਿਡਾਰੀ
ਸੁਖਦੀਪ ਸਿੰਘ ਚਕਰੀਆ ਦੇ ਪਿੰਡ ਚਕਰ ਤੋਂ ਕਈ ਖਿਡਾਰੀ ਉੱਭਰੇ ਹਨ।
ਇਨ੍ਹਾਂ ਵਿੱਚ ਵਿਸ਼ਵ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ 2015 ਦੀ ਜੇਤੂ ਮਨਦੀਪ ਕੌਰ, ਕਾਂਸੇ ਦਾ ਤਮਗਾ ਪ੍ਰਾਪਤ ਹਰਪ੍ਰੀਤ ਕੌਰ ਤੇ ਮੁੱਕੇਬਾਜ਼ ਸਿਮਰਨਜੀਤ ਕੌਰ ਵੀ ਸ਼ਾਮਲ ਹਨ।
ਇਸ ਪਿੰਡ 'ਚੋਂ ਵਿਦੇਸ਼ ਵੱਸੇ ਦੋ ਭਰਾਵਾਂ ਅਜਮੇਰ ਸਿੰਘ ਸਿੱਧੂ ਅਤੇ ਬਲਦੇਵ ਸਿੰਘ ਸਿੱਧੂ ਨੇ ਸਾਲ 2006 ਵਿੱਚ ਪਿੰਡ 'ਚ ਸ਼ੇਰ-ਏ-ਪੰਜਾਬ ਅਕੈਡਮੀ ਬਣਾਈ ਸੀ, ਸੁਖਦੀਪ ਸਣੇ ਕਈ ਖਿਡਾਰੀਆਂ ਦੇ ਜੀਵਨ ਨੂੰ ਇੱਥੋਂ ਹੀ ਨਵੀਂ ਰਾਹ ਮਿਲੀ ਹੈ।