You’re viewing a text-only version of this website that uses less data. View the main version of the website including all images and videos.
1984 ਸਿੱਖ ਕਤਲੇਆਮ: ਔਰਤਾਂ ਨੇ ਕਿਵੇਂ ਇਸ ਸੰਤਾਪ ਨੂੰ ਝੱਲਿਆ ਜਿਸ ਦੇ ਹੰਝੂ ਅਜੇ ਤੱਕ ਪੂੰਝੇ ਨਹੀਂ ਜਾ ਸਕੇ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
1984 ਦੇ ਸਿੱਖ ਕਤਲੇਆਮ ਨੂੰ 40 ਸਾਲ ਬੀਤ ਚੁੱਕੇ ਹਨ। ਅਜੇ ਵੀ ਕਈ ਪੀੜਤ ਹਨ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ।
ਸਿੱਖ ਭਾਈਚਾਰੇ ਦੇ ਜ਼ਹਿਨ ਵਿੱਚ ਸਿੱਖ ਕਤਲੇਆਮ ਦੇ ਨਿਸ਼ਾਨ ਹਾਲੇ ਮਿਟੇ ਨਹੀਂ ਹਨ।
ਇਨ੍ਹਾਂ ਮਾਮਲਿਆਂ ਦੇ ਕੁਝ ਮੁਲਜ਼ਮਾਂ ਨੂੰ ਸਜ਼ਾ ਹੋਈ, ਕੁਝ ਬਰੀ ਹੋ ਚੁੱਕੇ ਹਨ ਅਤੇ ਕਈ ਮੁਕੱਦਮੇ ਅਜੇ ਵੀ ਅਦਾਲਤਾਂ ਵਿੱਚ ਸੁਣਵਾਈ ਅਧੀਨ ਹਨ।
31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਦਾ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਗਰੋਂ ਦਿੱਲੀ ਤੇ ਹੋਰ ਸੂਬਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ।
ਇਸ ਕਤਲੇਆਮ ਵਿੱਚ 3000 ਤੋਂ ਵੱਧ ਸਿੱਖਾਂ ਦਾ ਕਤਲ ਹੋਇਆ ਸੀ।
ਹਾਲਾਂਕਿ, ਕਤਲ ਦੀ ਗਿਣਤੀ ਨੂੰ ਲੈ ਕੇ ਸਰਕਾਰੀ ਅੰਕੜਿਆਂ ਅਤੇ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਵਿੱਚ ਫ਼ਰਕ ਹੈ।
ਉਸ ਦੌਰ ਦੀਆਂ ਪੀੜਤਾਂ ਦੀਆਂ ਹੱਡਬੀਤੀਆਂ ਮਨੁੱਖੀ ਅਧਿਕਾਰ ਕਾਰਕੁੰਨ ਸੁਤੀਰਥ ਵਜੀਰ ਦੀ ਕਿਤਾਬ ‘ਦ ਕੌਰਜ਼ ਆਫ਼ 1984’ ਵਿੱਚ ਅੰਕਿਤ ਕੀਤੀਆਂ ਗਈਆਂ ਹਨ।
ਪੇਸ਼ੇ ਵਜੋਂ ਵਕੀਲ ਸੁਤੀਰਥ ਵਜੀਰ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਕਈ ਥਾਵਾਂ ਉੱਤੇ ਘੁੰਮ ਕੇ ਪੀੜ੍ਹਤਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਗਵਾਹੀਆਂ ਦੇ ਅਧਾਰ ਉੱਤੇ ਉਨ੍ਹਾਂ ਨੇ ‘ਦਿ ਕੌਰਜ਼ ਆਫ਼ 1984’ ਸਿਰਲੇਖ ਹੇਠ ਇਹ ਕਿਤਾਬ ਤਿਆਰ ਕੀਤੀ ਹੈ।
ਇਹ ਰਿਪੋਰਟ ਅਸੀਂ ਕਿਤਾਬ ਵਿੱਚ ਦਰਜ ਕੀਤੇ ਗਏ ਕੁਝ ਬਿਆਨਾਂ ਅਤੇ ਲੇਖਕ ਸੁਤੀਰਥ ਵਜੀਰ ਨਾਲ ਕੀਤੀ ਗਈ ਗੱਲਬਾਤ ਦੇ ਆਧਾਰ ਉੱਤੇ ਲਿਖੀ ਹੈ।
ਕਤਲੇਆਮ ਤੋਂ ਪਹਿਲਾਂ ਸਿੱਖਾਂ ਦੀ ਸ਼ਨਾਖ਼ਤ
ਚੇਤਾਵਨੀ : ਇਸ ਰਿਪੋਰਟ ਵਿੱਚ ਦਰਜ ਕੁਝ ਵੇਰਵੇ ਤੁਹਾਨੂੰ ਪ੍ਰੇਸ਼ਾਨ ਕਰ ਸਕਦੇ ਹਨ।
1 ਨਵੰਬਰ 1984 ਦੇ ਦਿਨ ਦਾ ਇੱਕ ਵਾਕਿਆ ਵਜੀਰ ਨੇ ਕਿਤਾਬ ਵਿੱਚ ਦਰਜ ਕੀਤਾ ਹੈ।
ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਰਹਿੰਦੇ ਦਰਸ਼ਨ ਕੌਰ ਆਪਣੇ ਸਹੁਰੇ ਘਰ ਵਿੱਚ ਜਲਦੀ ਕੰਮ ਮੁਕਾ ਕੇ ਭਰਾ ਦੇ ਘਰ ਇੱਕ ਸਮਾਗਮ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ।
ਉਹ ਘਰ ਤੋਂ ਬਾਹਰ ਇੱਕ ਮਾਚਿਸ ਦੀ ਡੱਬੀ ਲੈਣ ਨਿਕਲੇ ਸਨ, ਜਦੋਂ ਉਨ੍ਹਾਂ ਨੇ ਦੇਖਿਆ ਕਿ ਚਿੱਟੇ ਕੁੜਤੇ ਪਜਾਮੇ ਪਹਿਨੇ ਕਈ ਲੋਕ ਉਨ੍ਹਾਂ ਦੀ ਗਲੀ ਵਿੱਚ ਘੁੰਮ ਰਹੇ ਸਨ।
“ਦਰਸ਼ਨ ਕੌਰ ਨੂੰ ਲੱਗਿਆ ਕਿ ਕਿਤੇ ਕੋਈ ਲੜਾਈ ਚੱਲ ਰਹੀ ਹੈ। ਥੋੜ੍ਹੀ ਨੇੜੇ ਗਏ ਤਾਂ ਦੇਖਿਆ ਕਿ ਇਹ ਲੋਕ ਕੋਈ ਬਾਹਰਲੇ ਨਹੀਂ ਸਨ, ਉਨ੍ਹਾਂ ਦੇ ਗੁਆਂਢੀ ਹੀ ਸਨ। ਜਿਨ੍ਹਾਂ ਨਾਲ ਪੁਲਿਸ ਵਾਲੇ ਵੀ ਮੌਜੂਦ ਸਨ।”
ਇਸੇ ਦੌਰਾਨ ਇੱਕ ਪੁਲਿਸ ਵਾਲਾ ਬੋਲਿਆ, "ਤੁਸੀਂ ਇੱਥੇ ਖੜ੍ਹੇ ਕੀ ਕਰ ਰਹੇ ਹੋ, ਕੀ ਤੁਸੀਂ ਸਿੱਖਾਂ ਤੋਂ ਡਰ ਗਏ ਹੋ? ਜਾਓ ਜਾ ਕੇ ਸਰਦਾਰਾਂ ਨੂੰ ਮਾਰ ਦਿਓ।"
ਦਰਸ਼ਨ ਕੌਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
‘‘ਡਰੀ-ਸਹਿਮੀ ਦਰਸ਼ਨ ਕੌਰ ਨੇ ਘਰ ਪਹੁੰਚ ਕੇ ਆਪਣੀ ਸੱਸ ਨੂੰ ਅਵਾਜ਼ਾਂ ਮਾਰੀਆਂ। ਸੱਸ ਨੇ ਇੱਕ ਸਾਹ 'ਚ ਕਿਹਾ "ਜਾਹ ਜਾ ਕੇ ਆਪਣੇ ਘਰਵਾਲੇ ਨੂੰ ਲੁਕੋ ਦੇ।”
ਏਨੇ ਨੂੰ ਚਾਰ-ਪੰਜ ਬੰਦਿਆ ਦਾ ਇੱਕ ਕਾਫ਼ਲਾ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਆ ਗਿਆ। ਉਹ ਦਰਸ਼ਨ ਦੇ ਘਰਵਾਲੇ ਨੂੰ ਲੱਭ ਰਹੇ ਸਨ। ਦਰਸ਼ਨ ਨੇ ਗੌਰ ਨਾਲ ਦੇਖਿਆ ਤਾਂ ਸਥਾਨਕ ਆਗੂ ਵੀ ਇਨ੍ਹਾਂ ਬੰਦਿਆ ਵਿੱਚ ਸ਼ਾਮਲ ਸੀ।
ਉਹ ਪੁੱਛ ਰਿਹਾ ਸੀ, "ਰਾਮ ਸਿੰਘ ਕਿੱਥੇ ਹੈ?"
40 ਸਾਲ ਵੀ ਜ਼ਖ਼ਮ ਅੱਲ੍ਹੇ ਹਨ
ਕਿਤਾਬ ਵਿੱਚ ਦਰਸ਼ਨ ਕੌਰ ਦੇ ਹਵਾਲੇ ਨਾਲ ਅੱਗੇ ਲਿਖਿਆ ਗਿਆ ਹੈ, ‘‘ਭੀੜ ਨੇ ਦਰਵਾਜ਼ੇ ਉੱਤੇ ਖੜੀਆਂ ਦੋਵੇਂ ਸੱਸ-ਨੂੰਹ 'ਤੇ ਹਮਲਾ ਕਰ ਦਿੱਤਾ।
ਦਰਵਾਜ਼ਾ ਟੁੱਟ ਗਿਆ। ਰਸੋਈ ਵਿੱਚ ਲੁਕੇ ਦਰਸ਼ਨ ਦੇ ਘਰਵਾਲੇ ਰਾਮ ਸਿੰਘ ਨੂੰ ਵਾਲਾਂ ਤੋਂ ਘਸੀਟ ਕੇ ਬਾਹਰ ਲਿਆਂਦਾ ਗਿਆ।
ਉਨ੍ਹਾਂ ਉੱਤੇ ਰਜਾਈ ਪਾਈ ਗਈ ਤੇ ਗਲੇ ਵਿੱਚ ਟਾਇਰ ਪਾ ਅੱਗ ਲਾ ਦਿੱਤੀ।’’
ਹੰਝੂ ਭਿੱਜੀਆਂ ਅੱਖਾਂ ਨਾਲ ਦਰਸ਼ਨ ਕੌਰ ਕਹਿੰਦੇ ਹਨ,"ਮੈਂ ਆਪਣੇ ਘਰਵਾਲੇ ਨੂੰ ਮਦਦ ਲਈ ਰੋਂਦੇ-ਕੁਰਲਾਉਂਦੇ ਦੇਖਿਆ ਹੈ। ਮੈਂ ਉਨ੍ਹਾਂ ਨੂੰ ਮਰਦੇ ਦੇਖਿਆ ਹੈ।”
“ਭੀੜ ਨੇ ਮੇਰੇ ਦਿਓਰ ਨੂੰ ਵੀ ਨਹੀਂ ਛੱਡਿਆ। ਉਹ ਜਦੋਂ ਘਰ ਵੱਲ ਭੱਜਿਆ ਆ ਰਿਹਾ ਸੀ ਤਾਂ ਉਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਨੂੰ ਵੀ ਅੱਧ ਮੋਇਆ ਕਰਕੇ ਛੱਡ ਦਿੱਤਾ ਗਿਆ।"
ਕਤਲ ਤੇ ਬਲਾਤਕਾਰ ਦੀ ਦਾਸਤਾਨ
ਲੇਖਕ ਸੁਤੀਰਥ ਵਜ਼ੀਰ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ, "ਅੱਜ 1984 ਦੇ 40 ਸਾਲ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਸਿੱਖ ਔਰਤਾਂ ਦੇ ਜ਼ਖਮ ਅੱਲ੍ਹੇ ਦੇ ਅੱਲ੍ਹੇ ਹਨ। ਕੋਈ ਮਲ੍ਹਮ ਲਗਾਉਣ ਵਾਲਾ ਨਹੀਂ ਹੈ।”
“ਮੈਂ ਇਨ੍ਹਾਂ ਨਾਲ ਗੱਲ ਕਰਦਿਆਂ ਕਈ ਵਾਰ ਉਨ੍ਹਾਂ ਜ਼ਖਮਾਂ ਨੂੰ ਨਰਮ ਹੁੰਦਿਆਂ ਦੇਖਿਆ ਹੈ, ਉਹ ਮੇਰੇ ਕੋਲ ਬਹੁਤ ਵਾਰ ਰੋਈਆਂ ਹਨ।"
ਵਜੀਰ ਨੇ ਦਰਸ਼ਨ ਕੌਰ ਦੇ ਹਵਾਲੇ ਨਾਲ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਦਰਸ਼ਨ ਦੱਸਦੇ ਹਨ, "ਤਿਰਲੋਕਪੁਰੀ ਵਿੱਚ ਜਦੋਂ ਸਾਰੇ ਸਿੱਖ ਬੰਦੇ ਮਾਰ ਦਿੱਤੇ ਤਾਂ ਭੀੜ ਨੇ ਔਰਤਾਂ ਨੂੰ ਬਲਾਕ 32 ਨੇੜੇ ਇੱਕ ਪਾਰਕ ਵਿੱਚ ਇਕੱਠਾ ਕਰ ਲਿਆ। ਭੀੜ ਨੇ ਔਰਤਾਂ ਵਿੱਚੋਂ ਆਪਣੀ ਮਰਜ਼ੀ ਦੀਆਂ ਜਵਾਨ ਕੁੜੀਆਂ ਨੂੰ ਇੱਕ-ਇੱਕ ਕਰਕੇ ਕੱਢਣਾ ਸ਼ੁਰੂ ਕੀਤਾ ਤੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ।”
ਸੁਲਤਾਨਪੁਰੀ ਵਿੱਚ ਕੀ ਵਾਪਰਿਆ?
ਸੁਲਤਾਨਪੁਰੀ ਇਲਾਕੇ ਵਿੱਚ ਸਿਕਲੀਗਰ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸਨ। ਉਹ ਹਥਿਆਰ ਬਣਾਉਣ ਦਾ ਕੰਮ ਕਰਦੇ ਹਨ।
ਵਜੀਰ ਲਿਖਦੇ ਹਨ, "ਇੱਥੇ ਸਤਵੰਤ ਕੌਰ ਦੇ ਪੇਕੇ ਅਤੇ ਸਹੁਰੇ ਦੋਵੇਂ ਸਨ। ਸਤਵੰਤ ਦੇ ਪਿਤਾ ਕਾਂਗਰਸ ਦੇ ਆਗੂ ਸਨ ਪਰ ਉਨ੍ਹਾਂ ਨੂੰ ਪਤਾ ਸੀ ਕਿ ਭੀੜ ਤੋਂ ਬਚਣ ਲਈ ਇੰਨਾ ਕਾਫ਼ੀ ਨਹੀਂ ਸੀ।"
ਸਤਵੰਤ ਨੇ ਵਜੀਰ ਨੂੰ ਦੱਸਿਆ ਸੀ ਕਿ ਉਹ ਦੋ ਮਹੀਨੇ ਦੀ ਗਰਭਵਤੀ ਸੀ ਜਦੋਂ ਉਸ ਨੇ ਆਪਣੇ ਦੋਵੇਂ ਘਰ ਅੱਖਾਂ ਸਾਹਮਣੇ ਸੜਦੇ ਦੇਖੇ ।
ਸਤਵੰਤ ਨੇ ਦੱਸਿਆ ਸੀ,“ਮੈਂ ਘਰ ਵਿੱਚੋਂ ਨਿਕਲਦੀਆਂ ਲਾਟਾਂ ਦੇਖ ਰਹੀ ਸੀ। ਕੋਈ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ। ਇੱਕ ਔਰਤ ਅੱਗੇ ਆਈ ਤਾਂ ਉਸਨੂੰ ਸਿੱਖਾਂ ਦੀ ਮਦਦ ਕਰਨ ਦੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ।’’
"ਮੈਂ ਖੜ੍ਹੀ ਨਹੀਂ ਹੋ ਪਾ ਰਹੀ ਸੀ। ਭੀੜ ਨੇ ਮੈਨੂੰ ਇੱਕ ਗੱਡੀ ਵਿੱਚ ਬੈਠਾ ਲਿਆ। ਕੁਝ ਮਿੰਟਾਂ ਬਾਅਦ ਮੈਂ ਦੇਖਿਆ ਕਿ ਮੈਂ ਇੱਕ ਬਾੜੇ ਵਿੱਚ ਸੀ। ਉਸ ਵਿਅਕਤੀ ਦਾ ਘਰ ਜਿਸਨੇ ਮੇਰੇ ਨਾਲ ਬਲਾਤਕਾਰ ਕੀਤਾ ਸੀ।”
ਲੇਖਕ ਮੁਤਾਬਕ ਸਤਵੰਤ ਨੇ ਹਿੰਮਤ ਕੀਤੀ ਤੇ ਆਪਣੇ ਘਰ ਵੱਲ ਨੂੰ ਤੁਰ ਪਏ।
ਸਤਵੰਤ ਕੌਰ ਕਹਿੰਦੇ ਹਨ,"ਰਾਹ ਵਿੱਚ ਖੜ੍ਹੀਆਂ ਔਰਤਾਂ ਮੇਰੇ ਬਾਰੇ ਗੱਲਾਂ ਕਰ ਰਹੀਆਂ ਸਨ। ਕਈ ਮੇਰੇ ਉੱਤੇ ਹੱਸ ਰਹੀਆਂ ਸਨ। ਮੇਰੇ ਬਾਰੇ ਭੱਦੇ ਸ਼ਬਦ ਵਰਤੇ ਗਏ। ਇਹ ਸ਼ਬਦ ਮਰਦਾਂ ਨੇ ਨਹੀਂ ਔਰਤਾਂ ਨੇ ਕਹੇ। ਉਸ ਦਿਨ ਮੈਨੂੰ ਲੱਗਿਆ ਕਿ ਇਨਸਾਨੀਅਤ ਮਰ ਗਈ ਸੀ।"
ਰਾਜ ਨਗਰ ਦੀ ਕਹਾਣੀ
1984 ਵਿੱਚ ਨਿਰਪ੍ਰੀਤ ਕੌਰ ਦੀ ਉਮਰ 16 ਸਾਲ ਸੀ। ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਦਾ ਟੈਕਸੀ ਦਾ ਆਪਣਾ ਕਾਰੋਬਾਰ ਸੀ।
ਵਜੀਰ ਲਿਖਦੇ ਹਨ ਕਿ ਨਿਰਪ੍ਰੀਤ ਦੇ ਦੱਸਿਆ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਅਗਲੇ ਦਿਨ ਭੀੜ ਉਨ੍ਹਾਂ ਦੇ ਘਰ ਦੇ ਬਾਹਰ ਆ ਗਈ ਸੀ ਤੇ ਉਨ੍ਹਾਂ ਦੇ ਪਿਤਾ, ਨਿਰਮਲ ਸਿੰਘ ਨੂੰ ਨਾ ਲੈ ਗਈ ਸੀ।
ਨਿਰਪ੍ਰੀਤ ਕਹਿੰਦੇ ਹਨ ਕਿ ਉਨ੍ਹਾਂ ਗੁਆਂਢੀ ਮੋਹਨ ਅੰਕਲ ਬੋਲੇ ਸਨ, ‘ਹੁਣ ਨਿਰਮਲ ਸਿੰਘ ਵਾਪਸ ਨਹੀਂ ਆਉਣਗੇ।’
‘ਪੁਲਿਸ ਸਿੱਖਾਂ ਦੀ ਮਦਦ ਨਹੀਂ ਕਰ ਰਹੀ ਸੀ’ - ਗਿਆਨੀ ਜੈਲ ਸਿੰਘ ਦੀ ਧੀ
ਲੇਖਕ ਸਨਮ ਸੁਤੀਰਥ ਵਜ਼ੀਰ ਲਿਖਦੇ ਹਨ,"2016 ਵਿੱਚ ਮੈਂ ਚੰਡੀਗੜ੍ਹ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਧੀ ਡਾਕਟਰ ਗੁਰਦੀਪ ਕੌਰ ਨੂੰ ਮਿਲਣ ਗਿਆ ਸੀ।”
“ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ 1984 ਵੇਲੇ ਹੋਏ ਸਿੱਖ ਕਤਲੇਆਮ ਬਾਰੇ ਮੇਰੇ ਪਿਤਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਮੇਰੇ ਪਿਤਾ ਨੇ ਤਤਕਾਲੀ ਗ੍ਰਹਿ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੂੰ ਫ਼ੌਜ ਬੁਲਾਉਣ ਲਈ ਫੋਨ ਕੀਤਾ ਸੀ।"
"ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵੀ ਫ਼ੋਨ ਕੀਤੇ ਪਰ ਜਾਂ ਤਾਂ ਫ਼ੋਨ ਕੱਟ ਦਿੱਤੇ ਜਾਂਦੇ ਸੀ ਜਾਂ ਕੋਈ ਗੱਲ ਨਹੀਂ ਕਰਦਾ ਸੀ। ਪੁਲਿਸ ਸਿੱਖਾਂ ਦੀ ਮਦਦ ਨਹੀਂ ਕਰ ਰਹੀ ਸੀ। ਉਸ ਵੇਲੇ ਦੀ ਸਰਕਾਰ ਨੇ ਸਮੇਂ ਸਿਰ ਕੋਈ ਐਕਸ਼ਨ ਨਹੀਂ ਲਿਆ।"
ਦਿੱਲੀ ਹਾਈ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਦਾ ਬਿਆਨ
2016 ਵਿੱਚ ਲੇਖਕ ਨੇ ਦਿੱਲੀ ਹਾਈ ਕੋਰਟ ਦੇ ਤਤਕਾਲੀ ਚੀਫ਼ ਜਸਟਿਸ ਰਜਿੰਦਰ ਸਚਾਰ ਨਾਲ ਵੀ ਮੁਲਾਕਾਤ ਕੀਤੀ ਸੀ।
ਉਨ੍ਹਾਂ ਨੇ ਲੇਖਕ ਨੂੰ ਦੱਸਿਆ,"1984 ਵਿੱਚ ਜਦੋਂ ਦਿੱਲੀ ਸੜ ਰਹੀ ਸੀ ਤਾਂ ਵਿਰੋਧੀ ਪਾਰਟੀ ਦੇ ਇੱਕ ਐੱਮਪੀ ਨੇ ਨਵੇਂ ਬਣੇ ਗ੍ਰਹਿ ਮੰਤਰੀ ਪੀਵੀ ਨਰਸਿਮ੍ਹਾ ਰਾਓ ਨੂੰ ਫ਼ੋਨ ਉੱਤੇ ਦਿੱਲੀ ਦਾ ਹਾਲ ਦੱਸਿਆ ਅਤੇ ਕਿਹਾ ਸੀ ਕਿ ਦਿੱਲੀ ਵਿੱਚ ਕਰਫਿਊ ਲਾ ਦਿੱਤਾ ਜਾਣਾ ਚਾਹੀਦਾ ਹੈ।”
“1 ਨਵੰਬਰ ਨੂੰ ਕਈ ਸਰਕਾਰੀ ਅਧਿਕਾਰੀ ਰਾਸ਼ਟਰਪਤੀ ਨੂੰ ਮਿਲਣ ਵੀ ਗਏ। ਪਰ ਉਨਾਂ ਨੂੰ ਦੱਸਿਆ ਗਿਆ ਕਿ ਸਰਕਾਰ ਇਸ ਉੱਤੇ ਵਿਚਾਰ ਕਰ ਰਹੀ ਹੈ ਕਿ ਅੱਗੇ ਕੀ ਕੀਤਾ ਜਾਣਾ ਹੈ।"
ਸਨਮ ਸੁਤੀਰਥ ਵਜ਼ੀਰ ਲਿਖਦੇ ਹਨ ਕਿ ਜਸਟਿਸ ਸਚਾਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕੇ ਤਿਰਲੋਕਪੁਰੀ ਦਾ ਬਲਾਕ 32, ਸੁਲਤਾਨਪੁਰੀ, ਮੰਗੋਲਪੁਰੀ, ਸੀਮਾਪੁਰੀ ਸਨ।
ਇਨ੍ਹਾਂ ਇਲਾਕਿਆਂ ਵਿੱਚ ਵਧੇਰੇ ਕਰਕੇ ਘੱਟ ਆਮਦਨ ਵਾਲੇ ਸਿੱਖ ਪਰਿਵਾਰ ਰਹਿੰਦੇ ਸਨ।
3000 ਸਿੱਖਾਂ ਦਾ ਹੋਇਆ ਕਤਲ
ਇਸ ਘਟਨਾ ਨੂੰ ਰਿਪੋਰਟ ਕਰਨ ਵਾਲੇ ਸਭ ਤੋਂ ਪਹਿਲੇ ਪੱਤਰਕਾਰਾਂ ਵਿੱਚੋਂ ਇੱਕ ਰਾਹੁਲ ਬੇਦੀ ਸਨ। ਰਾਹੁਲ ਬੇਦੀ ਉਸ ਵੇਲੇ ਇੰਡੀਅਨ ਐਕਸਪ੍ਰੈਸ ਨਾਲ ਕੰਮ ਕਰ ਰਹੇ ਸਨ।
ਬੇਦੀ ਮੁਤਾਬਕ, "ਇਸ ਕਤਲੇਆਮ ਵਿੱਚ ਤਕਰੀਬਨ 3,000 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ।
“ਸਭ ਤੋਂ ਖੌਫ਼ਨਾਕ ਮੰਜ਼ਰ ਦਿੱਲੀ ਦੇ ਗਰੀਬ ਇਲਾਕੇ ਤ੍ਰਿਲੋਕਪੁਰੀ ਦਾ ਸੀ। ਜਿੱਥੋਂ ਦੀਆਂ ਦੋ ਤੰਗ ਗਲੀਆਂ ਵਿੱਚ ਔਰਤਾਂ ਅਤੇ ਬੱਚਿਆਂ ਸਣੇ ਲਗਭਗ 350 ਸਿੱਖਾਂ ਨੂੰ 72 ਘੰਟਿਆਂ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।"
"2 ਨਵੰਬਰ ਦੀ ਸ਼ਾਮ ਨੂੰ ਤ੍ਰਿਲੋਕਪੁਰੀ ਦੇ ਬਲਾਕ 32 ਵਿੱਚ ਮਾਰੇ ਗਏ ਸੈਂਕੜੇ ਸਿੱਖਾਂ ਦੇ ਸੜੇ ਅਤੇ ਕੱਟੇ ਹੋਏ ਮ੍ਰਿਤਕ ਸਰੀਰ ਕਤਲੇਆਮ ਦੀ ਪ੍ਰਤੱਖ ਗਵਾਹੀ ਸਨ।"
ਕਤਲੇਆਮ ਤੋਂ ਬਾਅਦ 650 ਕੇਸ ਦਰਜ ਕੀਤੇ ਗਏ, 3163 ਗ੍ਰਿਫ਼ਤਾਰੀਆਂ ਹੋਈਆਂ, 442 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦਕਿ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ।
ਮੌਜੂਦਾ ਕੇਸਾਂ ਦੀ ਸੁਣਵਾਈ ਕਿੱਥੇ ਪਹੁੰਚੀ
ਬੀਬੀਸੀ ਪੰਜਾਬੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਹੈ।
ਉਹ ਕਹਿੰਦੇ ਹਨ,"ਕਤਲੇਆਮ ਦੇ ਮੁੱਖ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਐੱਚਕੇਐੱਲ ਭਗਤ, ਧਰਮਦਾਸ ਸ਼ਾਸਤਰੀ ਸਨ। ਜਿਨ੍ਹਾਂ ਵਿੱਚੋਂ ਐੱਚਕੇਐੱਲ ਭਗਤ, ਧਰਮਦਾਸ ਸ਼ਾਸਤਰੀ ਦੀ ਮੌਤ ਹੋ ਚੁੱਕੀ ਹੈ।"
ਜਗਦੀਪ ਕਾਹਲੋਂ ਦੱਸਦੇ ਹਨ,"ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਇਸ ਵੇਲੇ ਜੇਲ੍ਹ ਵਿੱਚ ਹੈ।”
“ਉਨ੍ਹਾਂ ਨੂੰ ਦਿੱਲੀ ਛਾਉਣੀ ਵਿੱਚ ਦਰਜ ਹੋਈ ਇੱਕ ਐੱਫ਼ਆਈਆਰ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸੱਜਣ ਕੁਮਾਰ ਖ਼ਿਲਾਫ਼ ਜਨਕਪੁਰੀ ਅਤੇ ਵਿਕਾਸਪੁਰੀ ਥਾਣਿਆਂ ਵਿੱਚ ਵੀ ਐੱਫਆਈਆਰ ਦਰਜ ਹੈ।”
“ਦੋਵਾਂ ਮਾਮਲਿਆਂ ਵਿੱਚ ਟਰਾਇਲ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ। ਸੁਲਤਾਨਪੁਰੀ ਥਾਣੇ ਦੀ ਐੱਫ਼ਆਈਆਰ ਵਿੱਚ ਉਸਨੂੰ ਬਰੀ ਕੀਤਾ ਗਿਆ ਸੀ ਪਰ ਅਸੀਂ ਹਾਈ ਕੋਰਟ ਵਿੱਚ ਅਪੀਲ ਕੀਤੀ ਹੋਈ ਹੈ। ਸਰਸਵਤੀ ਵਿਹਾਰ ਥਾਣੇ ਵਿੱਚ ਦਰਜ ਹੋਏ ਕੇਸ ਵਿੱਚ ਵੀ ਸੱਜਣ ਕੁਮਾਰ ਖ਼ਿਲਾਫ਼ ਟਰਾਇਲ ਚੱਲ ਰਿਹਾ ਹੈ।"
“ਜਗਦੀਸ਼ ਟਾਇਟਲਰ ਦੇ ਖ਼ਿਲਾਫ਼ ਪੁਲਬੰਗਸ਼ ਵਿੱਚ ਕੇਸ ਦਰਜ ਹੈ। ਸੀਬੀਆਈ ਉਸ ਨੂੰ ਤਿੰਨ ਵਾਰ ਕਲੀਨ ਚਿੱਟ ਦੇ ਚੁੱਕੀ ਸੀ ਪਰ ਹੁਣ ਮੁੜ ਤੋਂ ਟਰਾਇਲ ਸ਼ੁਰੂ ਹੋ ਗਿਆ ਹੈ। ਹੁਣ ਤੱਕ 164 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ।"
"ਇਸ ਤੋਂ ਇਲਾਵਾ ਯਮੁਨਾ ਪਾਰ ਬਾਬਰਪੁਰ ਦਾ ਕੇਸ ਹੈ ਜਿਸਦੇ ਵਿੱਚ ਇੱਕੋ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਹੋਇਆ ਸੀ ਤੇ ਇੱਕ ਬੱਚਾ ਬੱਚ ਗਿਆ ਸੀ। ਇਸ ਕੇਸ ਵਿੱਚ 12 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਰਜ ਹੋਈ ਸੀ ਪਰ ਉਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ ਤੇ ਅੱਠ ਖ਼ਿਲਾਫ਼ ਟਰਾਇਲ ਆਖਰੀ ਪੜਾਅ ਉੱਤੇ ਹੈ।"
"ਪਟਿਆਲਾ ਹਾਊਸ ਅਦਾਲਤ ਨੇ ਦਿੱਲੀ ਦੇ ਮਹਿਪਾਲਪੁਰ ਵਿੱਚ ਦੋ ਸਿੱਖਾਂ ਦੇ ਕਤਲ ਦੇ ਮਾਮਲਿਆਂ ਵਿੱਚ ਮੁਲਜ਼ਮ ਯਸ਼ਪਾਲ ਸਿੰਘ ਨੂੰ ਸਜ਼ਾ-ਏ-ਮੌਤ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।"
ਉਹ ਕਹਿੰਦੇ ਹਨ,"ਕਾਂਗਰਸੀ ਆਗੂ ਕਮਲ ਨਾਥ ਖ਼ਿਲਾਫ਼ ਕੇਸ ਵੀ ਦਿੱਲੀ ਹਾਈ ਕੋਰਟ ਵਿੱਚ ਚਲ ਰਿਹਾ ਹੈ। ਜਿਸਦੇ ਵਿੱਚ ਰਿਪੋਰਟ ਪੇਸ਼ ਕਰਨ ਦਾ ਨੋਟਿਸ ਜਾਰੀ ਹੋ ਚੁੱਕਿਆ ਹੈ।"
ਨਾਨਾਵਤੀ ਕਮਿਸ਼ਨ ਦੀ ਰਿਪੋਰਟ ਕੀ ਦੱਸਦੀ ਹੈ
2000 ਵਿੱਚ ਭਾਰਤ ਵਿੱਚ ਐੱਨਡੀਏ ਦੀ ਸਰਕਾਰ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਸਨ ਨੇ 8 ਮਈ 2000 ਨੂੰ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਨਾਨਾਵਤੀ ਕਮਿਸ਼ਨ ਦਾ ਗਠਨ ਕੀਤਾ ਸੀ।
ਇਸ ਕਮਿਸ਼ਨ ਦੇ ਚੇਅਰਮੈਨ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜੀਟੀ ਨਾਨਾਵਤੀ ਸਨ।
ਇਸ ਕਮਿਸ਼ਨ ਨੇ ਪੰਜ ਸਾਲ ਜਾਂਚ ਕਰਨ ਤੋਂ ਬਾਅਦ 2005 ਦੇ ਫ਼ਰਵਰੀ ਮਹੀਨੇ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ।
ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ 84 ਸਿੱਖ ਕਤਲੇਆਮ ਦੇ ਗਵਾਹਾਂ, ਇਲਜ਼ਾਮਾਂ ਵਿੱਚ ਘਿਰੇ ਕਾਂਗਰਸੀ ਆਗੂਆਂ, ਪੁਲਿਸ ਅਧਿਕਾਰੀਆਂ, ਸਰਕਾਰੀ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਗਏ ਹਨ।
ਕਮਿਸ਼ਨ ਦੀ ਰਿਪੋਰਟ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਸਿੱਖਾਂ ਉੱਤੇ ਹੋਏ ਹਮਲਿਆਂ ਪਿੱਛੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਾਂ ਕਿਸੇ ਹੋਰ ਸੀਨੀਅਰ ਕਾਂਗਰਸੀ ਆਗੂ ਦਾ ਹੱਥ ਹੋਵੇ।
ਪਰ ਨਾਲ ਹੀ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਇਨ੍ਹਾਂ ਹਮਲਿਆਂ ਪਿੱਛੇ ਸਥਾਨਕ ਕਾਂਗਰਸੀ ਆਗੂਆਂ ਦੀ ਭੂਮਿਕਾ ਰਹੀ ਹੈ। ਕਿਉਂਜੋ ਉਹ ਆਪਣੇ ਸਿਆਸੀ ਫ਼ਾਇਦੇ ਚਾਹੁੰਦੇ ਸਨ ।
ਪਰ ਸਬੂਤਾਂ ਦੀ ਘਾਟ ਕਾਰਨ ਕਮਿਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦਾ ਸੁਝਾਅ ਨਹੀਂ ਦੇ ਸਕਿਆ।
ਇਸ ਤੋਂ ਇਲਾਵਾ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਲਿਖਿਆ ਹੈ ਕਿ ਅਹੂਜਾ ਕਮੇਟੀ ਦੀ ਰਿਪੋਰਟ ਮੁਤਾਬਕ 31 ਅਕਤੂਬਰ ਤੋਂ 7 ਨਵੰਬਰ 1984 ਵਿਚਾਲੇ 2733 ਸਿੱਖਾਂ ਦਾ ਕਤਲ ਹੋਇਆ। ਇਨ੍ਹਾਂ ਵਿੱਚੋਂ ਬਹੁਤੇ ਕਤਲ 1 ਅਤੇ 2 ਨਵੰਬਰ ਨੂੰ ਕੀਤੇ ਗਏ।
ਸਿੱਖ ਅਬਾਦੀ ਦਾ ਇੱਕ ਵੱਡਾ ਹਿੱਸਾ ਟੈਕਸੀ ਦੇ ਕਾਰੋਬਾਰ ਵਿੱਚ ਸੀ, ਇਸ ਕਰਕੇ ਟੈਕਸੀਆਂ ਵੱਡੀ ਗਿਣਤੀ ਵਿੱਚ ਸਾੜੀਆਂ ਗਈਆਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ