You’re viewing a text-only version of this website that uses less data. View the main version of the website including all images and videos.
ਬਰਾਤ ਵਿੱਚ ਨੋਟ ਲੁੱਟ ਰਹੇ ਬੱਚੇ 'ਤੇ ਸੀਆਈਐੱਸਐੱਫ ਜਵਾਨ ਨੇ ਚਲਾਈ ਗੋਲੀ, ਮ੍ਰਿਤਕ ਦੇ ਪਰਿਵਾਰ ਤੇ ਪੁਲਿਸ ਨੇ ਕੀ ਦੱਸਿਆ
- ਲੇਖਕ, ਪ੍ਰੇਰਨਾ
- ਰੋਲ, ਬੀਬੀਸੀ ਪੱਤਰਕਾਰ
"ਜਿਵੇਂ ਹੀ ਰਾਤ ਦੇ 9 ਵਜਦੇ ਹਨ, ਅਜਿਹਾ ਲੱਗਦਾ ਹੈ ਜਿਵੇਂ ਸਾਹਿਲ ਦਰਵਾਜ਼ੇ 'ਤੇ ਖੜ੍ਹਾ ਹੋਵੇ... ਕਹਿ ਰਿਹਾ ਹੋਵੇ, 'ਅੰਮੀ, ਗੇਟ ਖੋਲ੍ਹੋ... ਮੈਂ ਆ ਗਿਆ ਹਾਂ।' ਅਸੀਂ ਜਾਣਦੇ ਹਾਂ ਕਿ ਉਹ ਇਸ ਦੁਨੀਆਂ ਵਿੱਚ ਨਹੀਂ ਹੈ, ਪਰ ਸਾਨੂੰ ਅਜੇ ਦਿਲ ਨੂੰ ਤਸੱਲੀ ਰਹਿੰਦੀ ਹੈ ਕਿ ਉਹ ਆਵੇਗਾ, ਉਸ ਦੇ ਇੰਤਜ਼ਾਰ ਵਿੱਚ ਰਾਤ ਦੇ ਇੱਕ ਵਜੇ ਤੱਕ ਨੀਂਦ ਨਹੀਂ ਆਉਂਦੀ।"
ਇਹ ਸ਼ਬਦ ਦਿੱਲੀ ਦੇ ਸ਼ਾਹਦਰਾ ਵਿੱਚ ਰਹਿਣ ਵਾਲੀ 42 ਸਾਲਾ ਨਿਸ਼ਾ ਅੰਸਾਰੀ ਦੇ ਹਨ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਿਸ਼ਾ ਆਪਣੀ ਔਲਾਦ ਨੂੰ ਗੁਆਉਣ ਦੇ ਦਰਦ ਵਿੱਚੋਂ ਲੰਘ ਰਹੀ ਹੈ।
ਪਿਛਲੇ ਪੰਜ ਸਾਲਾਂ ਵਿੱਚ ਉਹ ਆਪਣੇ ਦੋ ਪੁੱਤਰਾਂ ਨੂੰ ਗੁਆ ਚੁੱਕੀ ਹੈ।
ਸਾਲ 2020 ਵਿੱਚ ਇੱਕ ਜਾਨਲੇਵਾ ਬਿਮਾਰੀ ਨੇ ਜਿੱਥੇ ਉਨ੍ਹਾਂ ਦੇ 18 ਸਾਲਾ ਪੁੱਤਰ ਨੂੰ ਖੋਹ ਲਿਆ ਸੀ, ਉੱਥੇ ਹੀ ਲੰਘੀ 29 ਨਵੰਬਰ ਨੂੰ ਸੀਆਈਐੱਸਐੱਫ ਦੇ ਹੈੱਡ ਕਾਂਸਟੈਬਲ ਮਦਨ ਗੋਪਾਲ ਤਿਵਾਰੀ ਦੀ ਪਿਸਤੌਲ ਤੋਂ ਨਿਕਲੀ ਇੱਕ ਗੋਲੀ ਨੇ ਉਨ੍ਹਾਂ ਦੇ 14 ਸਾਲ ਦੇ ਪੁੱਤਰ ਸਾਹਿਲ ਦੀ ਜਾਨ ਲੈ ਲਈ।
ਮੁਲਜ਼ਮ ਦੇ ਪਰਿਵਾਰ ਨੇ ਜਾਣਬੁਝ ਕੇ ਗੋਲੀ ਮਾਰਨ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ 'ਗੋਲੀ ਗਲਤੀ ਨਾਲ ਚੱਲ ਗਈ ਸੀ।'
ਇਲਜ਼ਾਮ ਹੈ ਕਿ ਮਦਨ ਗੋਪਾਲ ਤਿਵਾਰੀ ਨੇ ਗੋਲੀ ਸਿਰਫ਼ ਇਸ ਲਈ ਚਲਾਈ ਕਿਉਂਕਿ ਸਾਹਿਲ ਉਨ੍ਹਾਂ ਦੇ ਭਰਾ ਦੀ ਬਰਾਤ ਵਿੱਚੋਂ ਪੈਸੇ ਲੁੱਟ ਰਿਹਾ ਸੀ।
ਨਿਸ਼ਾ ਅੰਸਾਰੀ ਕਹਿੰਦੀ ਹੈ, "ਵਿਆਹ ਵਿੱਚ ਪੈਸੇ ਕਿਸ ਲਈ ਲੁਟਾਏ ਜਾਂਦੇ ਹਨ, ਲੁੱਟਣ ਲਈ ਹੀ ਨਾ? ਅਤੇ ਉਹ ਪੈਸੇ ਤਾਂ ਅਸਲੀ ਵੀ ਨਹੀਂ ਸਨ। ਨਕਲੀ ਪੈਸਿਆਂ ਲਈ ਮੇਰੇ ਪੁੱਤਰ 'ਤੇ ਗੋਲੀ ਚਲਾ ਦਿੱਤੀ। ਅਜਿਹੇ ਇਨਸਾਨ ਨੂੰ ਜੀਣ ਦਾ ਹੱਕ ਨਹੀਂ ਹੈ।"
"ਸਰਕਾਰ ਇਸੇ ਲਈ ਉਨ੍ਹਾਂ ਨੂੰ ਬੰਦੂਕ ਦਿੰਦੀ ਹੈ ਕਿ? ਗੋਲੀ ਚਲਾਉਣੀ ਹੀ ਹੈ ਤਾਂ ਬਾਰਡਰ 'ਤੇ ਚਲਾਉਂਦੇ, ਅੱਤਵਾਦੀ 'ਤੇ ਚਲਾਉਂਦੇ, ਮਾਸੂਮ ਬੱਚੇ ਨੇ ਕੀ ਵਿਗਾੜਿਆ ਸੀ?"
ਸਾਹਿਲ ਦੀ ਉਮਰ ਮਹਿਜ਼ 14 ਸਾਲ ਦੀ ਸੀ। ਛੇ ਮਹੀਨੇ ਪਹਿਲਾਂ ਪਿਤਾ ਦੇ ਸਰੀਰ ਦਾ ਇੱਕ ਹਿੱਸਾ ਮਾਰੇ ਜਾਣ ਦੇ ਬਾਵਜੂਦ ਨੇੜਲੀ ਹੀ ਕਿਰਾਏ ਦੀ ਦਕਾਨ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਬੀਤੇ 29 ਨਵੰਬਰ ਦੀ ਰਾਤ ਕੰਮ ਖ਼ਤਮ ਕਰ ਕੇ ਉਹ ਘਰ ਲਈ ਨਿਕਲੇ ਤਾਂ ਘਰ ਪਹੁੰਚ ਹੀ ਨਹੀਂ ਸਕੇ।
ਉਨ੍ਹਾਂ ਦੇ ਪਿਤਾ ਸਿਰਾਜੂਦੀਨ ਅੰਸਾਰੀ ਦੱਸਦੇ ਹਨ, "29 ਦੀ ਰਾਤ ਕਰੀਬ ਨੌ ਵਜੇ ਮੇਰਾ ਛੋਟਾ ਪੁੱਤਰ ਸਾਜਿਮ ਅਤੇ ਉਨ੍ਹਾਂ ਦੇ ਨਾਲ ਦੋ ਹੋਰ ਮੁੰਡੇ ਦੌੜਦੇ ਹੋਏ ਘਰ ਆਏ ਅਤੇ ਕਹਿਣ ਲੱਗੇ ਕਿ ਪਾਪਾ ਸਾਹਿਲ ਨੂੰ ਗੋਲੀ ਮਾਰ ਦਿੱਤੀ।"
"ਮੈਂ ਸੋਚਿਆ ਬੱਚੇ ਮਜ਼ਾਕ ਕਰ ਰਹੇ ਹੋਣਗੇ ਪਰ ਰੋ ਰੋ ਕੇ ਕਹਿਣ ਲੱਗਾ... ਨਹੀਂ ਮਾਰ ਦਿੱਤਾ ਉਸ ਨੂੰ... ਮੈਨੂੰ ਤਾਂ ਸਰੀਰ ਵਿੱਚ ਥੋੜ੍ਹੀ ਦਿੱਕਤ ਹੈ ਤਾਂ ਮੈਂ ਹੌਲੀ-ਹੌਲੀ ਤੜਫਦਾ ਹਾਂ ਇਸ ਲਈ ਸਾਹਿਲ ਦੀ ਮਾਂ ਤੁਰੰਤ ਰਵਾਨਾ ਹੋਈ। ਘਰੋਂ ਥੋੜ੍ਹੀ ਹੀ ਦੂਰ ਕਮਿਊਨਿਟੀ ਹਾਲ ਦੇ ਕੋਲ ਉਨ੍ਹਾਂ ਨੂੰ ਸਾਹਿਲ ਜ਼ਮੀਨ 'ਤੇ ਡਿੱਗਿਆ ਹੋਇਆ ਮਿਲਿਆ। ਉਹ ਮਰ ਗਿਆ ਸੀ।"
ਪਰਿਵਾਰ ਦਾ ਕਹਿਣਾ ਹੈ ਕਿ ਸਾਹਿਲ ਉਸ ਰਾਤ ਘਰ ਵਾਪਸ ਆ ਰਿਹਾ ਸੀ ਜਦੋਂ ਉਸ ਦੀ ਨਜ਼ਰ ਬਰਾਤ ਵਿੱਚ ਪੈਸੇ ਲੁਟਾ ਰਹੇ ਮਦਨ ਗੋਪਾਲ ਤਿਵਾਰੀ 'ਤੇ ਪਈ। ਉਸਨੇ ਉਨ੍ਹਾਂ ਦੇ ਸਾਹਮਣੇ ਸੜਕ ਤੋਂ ਪੈਸੇ ਚੁੱਕਣੇ ਸ਼ੁਰੂ ਕਰ ਦਿੱਤੇ।
ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਤੋਂ ਨਰਾਜ਼ ਮਦਨ ਗੋਪਾਲ ਤਿਵਾਰੀ ਨੇ ਪਹਿਲਾਂ ਸਾਹਿਲ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ।
'ਪੁੱਤਰ ਨੂੰ ਦੇਖ ਕੇ ਬੇਹੋਸ਼ ਹੋ ਗਈ'
ਉਸਦੀ ਮਾਂ ਕਹਿੰਦੀ ਹੈ, "ਮੈਂ ਉਸ ਨੂੰ ਦੇਖ ਕੇ ਬੇਹੋਸ਼ ਹੋ ਗਈ। ਇੱਕ ਗੁਆਂਢੀ ਨੇ ਮੈਨੂੰ ਚੁੱਕਿਆ। ਮੇਰਾ ਪੁੱਤਰ ਉੱਥੇ ਪਿਆ ਸੀ। ਲੋਕਾਂ ਦੀ ਭੀੜ ਸੀ, ਪਰ ਕਿਸੇ ਨੇ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਖੇਚਲ ਨਹੀਂ ਕੀਤੀ। ਅਸੀਂ ਉਸ ਨੂੰ ਨੇੜਲੇ ਹੇਡਗੇਵਾਰ ਹਸਪਤਾਲ ਲੈ ਗਏ, ਪਰ ਉਹ ਪਹਿਲਾਂ ਹੀ ਮਰ ਗਿਆ ਸੀ।"
ਝਾਰਖੰਡ ਦੇ ਗੋਡਾ ਜ਼ਿਲ੍ਹੇ ਤੋਂ, ਸਾਹਿਲ ਦਾ ਪਰਿਵਾਰ ਇਸ ਸਮੇਂ ਸ਼ਾਹਦਰਾ ਵਿੱਚ ਇੱਕ ਛੋਟੇ ਜਿਹੇ, ਚਾਰ ਬਾਈ ਚਾਰ ਕਮਰੇ ਵਿੱਚ ਰਹਿੰਦਾ ਹੈ।
ਪਿਤਾ ਸਿਰਾਜੂਦੀਨ ਅੰਸਾਰੀ ਇੱਕ ਦਿਹਾੜੀਦਾਰ ਮਜ਼ਦੂਰ ਹਨ ਪਰ ਛੇ ਮਹੀਨੇ ਪਹਿਲਾਂ ਸਰੀਰਕ ਬਿਮਾਰੀ ਤੋਂ ਬਾਅਦ ਉਹ ਸਿਰਫ਼ ਥੋੜ੍ਹਾ ਜਿਹਾ ਕੰਮ ਕਰਨ ਦੇ ਯੋਗ ਹਨ। ਇਸ ਲਈ ਸਾਹਿਲ ਨੇ ਘਰ ਦੀ ਭਾਰੀ ਜ਼ਿੰਮੇਵਾਰੀ ਆਪਣੇ ਛੋਟੇ ਮੋਢਿਆਂ 'ਤੇ ਚੁੱਕੀ।
ਆਪਣੇ ਬੇਟੇ ਬਾਰੇ ਦੱਸਦੇ ਹੋਏ ਨਿਸ਼ਾ ਅੰਸਾਰੀ ਕਹਿੰਦੀ ਹੈ, "ਮੇਰਾ ਪੁੱਤਰ ਇੱਕ ਕੀੜੀ ਨਹੀਂ ਮਾਰ ਸਕਦਾ। ਤੁਸੀਂ ਆਂਢੀਆਂ-ਗੁਆਂਢੀਆਂ ਨੂੰ ਪੁੱਛ ਲਓ, ਕਿਸੇ ਨਾਲ ਨਾ ਲੜਨਾ, ਨਾ ਝਗੜਨਾ, ਗਾਲ ਤੱਕ ਨਹੀਂ ਦੇਣੀ ਆਉਂਦੀ ਸੀ।"
"ਹਮੇਸ਼ਾ ਚੁੱਪ ਰਹਿੰਦਾ ਸੀ, ਲੋਕ ਸਮਝਦੇ ਸਨ ਗੂੰਗਾ ਹੈ। ਉਸ ਦਾ ਧਿਆਨ ਸਿਰਫ਼ ਇਸ ਵਿੱਚ ਰਹਿੰਦਾ ਸੀ ਕਿ ਕਿਵੇਂ ਦੋ ਪੈਸੇ ਕਮਾਏ ਤਾਂ ਜੋ ਪਾਪਾ ਦੀ ਦਵਾਈ ਆ ਸਕੇ, ਘਰ ਦਾ ਖਰਚ ਚੰਗੀ ਤਰ੍ਹਾਂ ਨਿਕਲ ਜਾਵੇ।"
ਉਹ ਮਾਮਲੇ ਵਿੱਚ ਮੁਲਜ਼ਮ ਸੀਆਈਐੱਸਐੱਫ ਦੇ ਹੈੱਡ ਕਾਂਸਟੈਬਲ ਮਦਨ ਗੋਪਾਲ ਤਿਵਾਰੀ ਨੂੰ ਫਾਂਸੀ ਜਾਂ ਫਿਰ ਉਮਰ ਕੈਦ ਦਿੱਤੇ ਜਾਣ ਦੀ ਮੰਗ ਕਰਦੀ ਹੈ।
ਪੁਲਿਸ ਦਾ ਕੀ ਕਹਿਣਾ ਹੈ?
ਮਦਨ ਗੋਪਾਲ ਤਿਵਾਰੀ ਫਿਲਹਾਲ ਨਿਆਂਇਕ ਹਿਰਾਸਤ ਵਿੱਚ ਹਨ। ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਗੌਤਮ ਦਾ ਕਹਿਣਾ ਹੈ, "ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਸੀ। ਮਾਮਲੇ ਦੀ ਜਾਂਚ ਲਈ ਸੀਮਾਪੁਰੀ ਦੇ ਏਸੀਪੀ ਅਤੇ ਮਾਨਸਰੋਵਰ ਪੁਲਿਸ ਸਟੇਸ਼ਨ ਦੇ ਐੱਸਐੱਚਓ ਦੀ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ ਸੀ।"
"ਸਥਾਨਕ ਪੁੱਛਗਿੱਛ ਅਤੇ ਵਿਆਹ ਸਥਾਨ ਤੋਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾ ਨੂੰ ਅਗਲੇ ਹੀ ਦਿਨ, 30 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।"
ਡੀਸੀਪੀ ਦੇ ਅਨੁਸਾਰ, ਮੁਲਜ਼ਮ ਨੇ ਪੁੱਛਗਿੱਛ ਦੌਰਾਨ ਗੋਲੀ ਚਲਾਉਣ ਦੀ ਗੱਲ ਕਬੂਲ ਕਰ ਲਈ ਹੈ।
ਪੁਲਿਸ ਦੇ ਅਨੁਸਾਰ ਉਸ ਨੇ ਮੰਨਿਆ, "ਬਰਾਤ ਦੌਰਾਨ ਜਦੋਂ ਉੱਥੇ ਮੌਜੂਦ ਬੱਚੇ ਉਸ ਵੱਲੋਂ ਸੁੱਟੇ ਗਏ ਪੈਸੇ ਚੁੱਕਣ ਲੱਗੇ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਇੱਕ ਬੱਚੇ 'ਤੇ ਗੋਲੀ ਚਲਾ ਦਿੱਤੀ।"
ਮੁਲਜ਼ਮ ਵੱਲੋਂ ਗੋਲੀ ਚਲਾਉਣ ਲਈ ਵਰਤਿਆ ਗਿਆ ਪਿਸਤੌਲ ਇੱਕ ਲਾਇਸੈਂਸੀ .32 ਬੋਰ ਪਿਸਤੌਲ ਸੀ।
ਲਗਾਏ ਜਾ ਰਹੇ ਹਨ ਝੂਠੇ ਇਲਜ਼ਾਮ
ਹਾਲਾਂਕਿ, ਇਟਾਵਾ ਵਿੱਚ ਰਹਿਣ ਵਾਲੇ ਮੁਲਜ਼ਮ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ 'ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਭਰਾ ਨੇ ਜਾਣਬੁਝ ਕੇ ਗੋਲੀ ਨਹੀਂ ਚਲਾਈ ਸਾਰੇ ਇਸ ਨੂੰ ਗਲਤ ਦਿਖਾ ਰਹੇ ਹਨ। ਬਰਾਤ ਵਿੱਚ ਭੀੜ ਸੀ ਅਤੇ ਉਸ ਦੀ ਪਿਸਤੌਲ ਲੋਡ ਕੀਤੀ ਹੋਈ ਸੀ। ਬਸ ਗਲਤੀ ਨਾਲ ਚੱਲ ਗਈ ਅਤੇ ਬੱਚੇ ਨੂੰ ਲੱਗ ਗਈ।"
"ਕਈ ਲੋਕ ਕਹਿ ਰਹੇ ਹਨ ਕਿ ਉਹ ਨਸ਼ੇ ਵਿੱਚ ਸੀ, ਪਰ ਜੇ ਤੁਸੀਂ ਉਸਦਾ ਪੂਰਾ ਰਿਕਾਰਡ ਕੱਢ ਲਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਸ ਨੇ ਕਦੇ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਇਆ। ਅਸੀਂ ਵਕੀਲ ਕਰਾਂਗੇ ਅਤੇ ਕਾਨੂੰਨੀ ਲੜਾਈ ਲੜਾਂਗੇ।"
ਮਦਨ ਗੋਪਾਲ ਤਿਵਾਰੀ ਦਾ ਪਰਿਵਾਰ ਇਟਾਵਾ ਵਿੱਚ ਰਹਿੰਦਾ ਹੈ। ਪਰਿਵਾਰ ਵਿੱਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦੀ ਪੋਸਟਿੰਗ ਫਿਲਹਾਲ ਕਾਨਪੁਰ ਵਿੱਚ ਹੈ।
ਅਜਿਹੇ ਵਿੱਚ ਅਸੀਂ ਮਾਮਲੇ ਵਿੱਚ ਸੀਆਈਐੱਸਐੱਫ ਦਾ ਵੀ ਪੱਖ ਜਾਨਣਾ ਚਾਹਿਆ ਪਰ ਸੀਆਈਐੱਸਐੱਫ ਦੇ ਜਨਸੰਪਰਕ ਵਿਭਾਗ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਿੱਚ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ।
ਕੀ ਸੀਆਈਐੱਸਐੱਫ ਨੇ ਕੋਈ ਕਾਰਵਾਈ ਕੀਤੀ?
ਵਿਭਾਗ ਨੇ ਕਿਹਾ, "ਜੇਕਰ ਕੋਈ ਸਿਪਾਹੀ ਛੁੱਟੀ 'ਤੇ ਹੋਣ ਦੌਰਾਨ ਅਜਿਹੀ ਘਟਨਾ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਾਡੇ ਵੱਲੋਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਜਾਂਦਾ।"
ਹਾਲਾਂਕਿ, ਸੀਆਈਐੱਸਐੱਫ ਰੂਲ ਬੁੱਕ ਕਹਿੰਦੀ ਹੈ ਕਿ ਜੇਕਰ ਕੋਈ ਸਿਪਾਹੀ ਕਿਸੇ ਅਪਰਾਧਿਕ ਮਾਮਲੇ ਵਿੱਚ 48 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ।
ਫਿਲਹਾਲ, ਮਾਮਲਾ ਹਾਈ ਕੋਰਟ ਅਤੇ ਪੁਲਿਸ ਜਾਂਚ ਦੇ ਦਾਇਰੇ ਵਿੱਚ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਚਾਹੁੰਦੇ ਹਨ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਸਾਹਿਲ ਦੀ ਮਾਂ ਦਾ ਕਹਿਣਾ ਹੈ, "ਅਸੀਂ ਗਰੀਬ ਲੋਕ ਹਨ, ਸਾਨੂੰ ਕਿਸੇ ਵੀ ਤਰ੍ਹਾਂ ਇਨਸਾਫ਼ ਚਾਹੀਦਾ ਹੈ। ਕੋਈ ਕੀੜੀ ਜਾਂ ਜਾਨਵਰ ਤਾਂ ਨਹੀਂ ਮਰਿਆ ਹੈ, ਸਾਨੂੰ ਸਾਡੇ ਬੱਚੇ ਲਈ ਨਿਆਂ ਚਾਹੀਦਾ ਹੈ ਬੱਸ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ