ਮੌਤ ਦੀ ਸਜ਼ਾ ਦੇ ਇੰਤਜ਼ਾਰ ਵਿੱਚ 46 ਸਾਲ ਜੇਲ੍ਹ ਕੱਟ ਚੁੱਕਿਆ ਵਿਅਕਤੀ ਕਿਵੇਂ ਹੁਣ ਬੇਗੁਨਾਹ ਸਾਬਿਤ ਹੋਇਆ

ਇਵਾਓ ਹਕਾਮਾਦਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਵਾਓ ਹਕਾਮਾਦਾ 56 ਸਾਲਾਂ ਤੋਂ ਆਪਣੀ ਸੰਭਾਵੀ ਫਾਂਸੀ ਦੀ ਉਡੀਕ ਕਰ ਰਹੇ ਹਨ

ਜਪਾਨ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ 46 ਸਾਲ ਤੱਕ ਦਿੱਤੀ ਨਹੀਂ ਗਈ।

88 ਸਾਲਾ ਇਹ ਵਿਅਕਤੀ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੌਤ ਦੀ ਸਜ਼ਾ ਦੇ ਇੰਤਜ਼ਾਰ ਵਿੱਚ ਜੇਲ੍ਹ ਵਿੱਚ ਰਹਿਣ ਵਾਲਾ ਵਿਅਕਤੀ ਬਣਿਆ।

46 ਸਾਲਾਂ ਬਾਅਦ ਬਰੀ ਕਰਨ ਦਾ ਇਹ ਫ਼ੈਸਲਾ ਉਦੋਂ ਆਇਆ ਜਦੋਂ ਇਹ ਸਾਬਿਤ ਹੋਇਆ ਕਿ ਉਨ੍ਹਾਂ ਵਿਰੁੱਧ ਵਰਤੇ ਗਏ ਸਬੂਤ ਝੂਠੇ ਸਨ।

ਇਵਾਓ ਹਕਾਮਾਦਾ, ਜੋ ਲਗਭਗ ਅੱਧੀ ਸਦੀ ਤੋਂ ਮੌਤ ਦੀ ਸਜ਼ਾ ਕੱਟ ਰਹੇ ਸੀ, ਨੂੰ 1968 ਵਿੱਚ ਆਪਣੇ ਬੌਸ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋ ਨਾਬਾਲਿਗ ਬੱਚਿਆਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ।

BBC Punjabi social media
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਉਂ ਮੁੜ ਖੋਲ੍ਹਿਆ ਗਿਆ ਮੁਕੱਦਮਾ ?

ਹਾਲ ਹੀ ਵਿਚ ਸ਼ੱਕ ਜਤਾਇਆ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਵਰਤੇ ਗਏ ਸਬੂਤ, ਜਿਸ ਕਾਰਨ ਉਨ੍ਹਾਂ ਨੂੰ ਚਾਰ ਲੋਕਾਂ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ, ਉਹ ਜਾਂਚਕਰਤਾਵਾਂ ਵਲੋਂ ਘੜੇ ਗਏ ਸਨ।

ਇਸਦੇ ਕਾਰਨ ਹਕਾਮਾਦਾ ਦੇ ਮੁਕੱਦਮੇ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਜੇਲ੍ਹ 'ਚ ਬਿਤਾਏ 46 ਸਾਲਾਂ ਨੇ ਹਾਕਮਾਦਾ ਦੀ ਮਾਨਸਿਕ ਸਿਹਤ 'ਤੇ ਕਾਫੀ ਨਾਕਾਰਤਮਕ ਅਸਰ ਪਾਇਆ ਸੀ।

ਇਥੋਂ ਤੱਕ ਕਿ ਉਹ ਸੁਣਵਾਈ ਵਿਚ ਹਾਜ਼ਰ ਹੋਣ ਦੇ ਯੋਗ ਨਹੀਂ ਸਨ ਜਿੱਥੇ ਉਨ੍ਹਾਂ ਨੂੰ ਬਰੀ ਕੀਤਾ ਜਾਣਾ ਸੀ।

ਹਕਾਮਾਦਾ ਦਾ ਕੇਸ ਜਪਾਨ ਦੇ ਸਭ ਤੋਂ ਲੰਬੇ ਅਤੇ ਸਭ ਤੋਂ ਮਸ਼ਹੂਰ ਕਾਨੂੰਨੀ ਕੇਸ ਵਿੱਚੋਂ ਇੱਕ ਹੈ। ਇਸ ਕੇਸ ਨੇ ਜਨਤਕ ਦਿਲਚਸਪੀ ਨੂੰ ਇਹਨਾਂ ਆਕਰਸ਼ਿਤ ਕੀਤਾ ਕਿ ਲਗਭਗ 500 ਲੋਕ ਵੀਰਵਾਰ ਨੂੰ ਸ਼ਿਜ਼ੂਓਕਾ ਸ਼ਹਿਰ ਦੀ ਅਦਾਲਤ ਵਿੱਚ ਸੀਟਾਂ ਲਈ ਕਤਾਰ ਵਿੱਚ ਖੜੇ ਹਨ।

ਜਿਵੇਂ ਹੀ ਫੈਸਲਾ ਸੁਣਾਇਆ ਗਿਆ, ਅਦਾਲਤ ਦੇ ਬਾਹਰ ਹਕਾਮਾਦਾ ਦੇ ਸਮਰਥਕਾਂ ਨੇ "ਬਨਜ਼ਾਈ" - ਇੱਕ ਜ ਪਾਨੀ ਵਿਸਮਿਕ ਸ਼ਬਦ ਜਿਸਦਾ ਅਰਥ ਹੈ "ਹੁਰੇ" ਦਾ ਜ਼ੋਰਦਾਰ ਹੁੰਗਾਰਾ ਭਰਿਆ।

ਭੈਣ ਨੇ ਇਨਸਾਫ ਲਈ ਲੜੀ ਲੰਬੀ ਲੜਾਈ

ਹਾਕਮਾਦਾ ਨੂੰ 2014 'ਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਅਤੇ ਮੁੜ ਸੁਣਵਾਈ ਦੀ ਮਨਜ਼ੂਰੀ ਦਿੱਤੀ ਗਈ ਸੀ।

ਹਾਕਮਾਦਾ, ਜਿਸ ਨੂੰ ਉਸਦੀ ਵਿਗੜਦੀ ਮਾਨਸਿਕ ਸਥਿਤੀ ਕਾਰਨ ਸਾਰੀਆਂ ਸੁਣਵਾਈਆਂ ਤੋਂ ਛੋਟ ਦਿੱਤੀ ਗਈ ਸੀ, 2014 ਤੋਂ ਆਪਣੀ 91 ਸਾਲਾ ਭੈਣ ਹਿਡੇਕੋ ਦੀ ਦੇਖਭਾਲ ਵਿੱਚ ਰਹਿ ਰਹੇ ਹਨ।

ਹਿਡੇਕੋ ਨੇ ਆਪਣੇ ਭਰਾ ਨੂੰ ਬੇਗੁਨਾਹ ਸਾਬਿਤ ਕਰਨ ਲਈ ਦਹਾਕਿਆਂ ਤੱਕ ਲੜਾਈ ਲੜੀ ਅਤੇ ਕਿਹਾ ਕਿ ਅਦਾਲਤ ਵਿੱਚ "ਨਿਰਦੋਸ਼ " ਸ਼ਬਦ ਸੁਣਕੇ ਚੰਗਾ ਲੱਗਿਆ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, "ਜਦੋਂ ਮੈਂ ਇਹ ਸੁਣਿਆ, ਤਾਂ ਮੈਂ ਬਹੁਤ ਪ੍ਰੇਰਿਤ ਅਤੇ ਖੁਸ਼ ਸੀ, ਮੈਂ ਰੋਣਾ ਨਹੀਂ ਰੋਕ ਸਕੀ।"

ਹਕਾਮਦਾ ਨੇ ਕਿਹਾ ਕਿ ਨਿਆਂ ਲਈ ਉਸਦੀ ਲੜਾਈ "ਹਰ ਰੋਜ਼ ਇਕ ਨਵੀਂ ਲੜਾਈ ਲੜਨ" ਵਰਗਾ ਸੀ।

"ਇੱਕ ਵਾਰ ਜਦੋਂ ਤੁਸੀਂ ਸੋਚ ਲੈਂਦੇ ਹੋ ਕਿ ਤੁਸੀਂ ਜਿੱਤ ਨਹੀਂ ਸਕਦੇ, ਤਾਂ ਜਿੱਤ ਦਾ ਕੋਈ ਰਸਤਾ ਨਹੀਂ ਬਚਦਾ," ਉਨ੍ਹਾਂ ਨੇ 2018 ਵਿੱਚ ਏਐਫਪੀ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ।

ਹਕਾਮਾਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਵੇਂ ਹੀ ਫੈਸਲਾ ਸੁਣਾਇਆ ਗਿਆ, ਅਦਾਲਤ ਦੇ ਬਾਹਰ ਹਕਾਮਾਦਾ ਦੇ ਸਮਰਥਕਾਂ ਨੇ "ਬਨਜ਼ਾਈ" ਕਹਿ ਤਾੜੀਆਂ ਮਾਰੀਆਂ।

ਮਿਸੋ ਦੇ ਤਲਾਬ ਵਿਚ ਮਿਲੇ 'ਖੂਨ ਨਾਲ ਲੱਥਪੱਥ' ਕੱਪੜੇ

ਇੱਕ ਸਾਬਕਾ ਪੇਸ਼ੇਵਰ ਮੁੱਕੇਬਾਜ਼, ਹਕਾਮਾਦਾ 1966 ਵਿੱਚ ਇੱਕ ਮਿਸੋ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸਦੇ ਮਾਲਕ, ਉਸਦੀ ਦੀ ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਟੋਕੀਓ ਦੇ ਪੱਛਮ ਵਿੱਚ ਸ਼ਿਜ਼ੂਓਕਾ ਵਿਖੇ ਉਸਦੇ ਘਰ ਵਿੱਚ ਅੱਗ ਲੱਗਣ ਤੋਂ ਬਰਾਮਦ ਕੀਤੀਆਂ ਗਈਆਂ ਸਨ।

ਚਾਰਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਅਧਿਕਾਰੀਆਂ ਨੇ ਹਕਾਮਾਦਾ 'ਤੇ ਪਰਿਵਾਰ ਦੀ ਹੱਤਿਆ ਕਰਨ, ਉਨ੍ਹਾਂ ਦੇ ਘਰ ਨੂੰ ਅੱਗ ਲਗਾਉਣ ਅਤੇ 200,000 ਯੇਨ ਦੀ ਨਕਦੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ।

ਹਕਾਮਾਦਾ ਨੇ ਸ਼ੁਰੂ ਵਿੱਚ ਪੀੜਤਾਂ ਨੂੰ ਲੁੱਟਣ ਅਤੇ ਕਤਲ ਕਰਨ ਤੋਂ ਇਨਕਾਰ ਕੀਤਾ। ਪਰ ਬਾਅਦ ਵਿੱਚ, ਉਹ ਦੱਸਦੇ ਹਨ ਕਿ ਕੁੱਟਮਾਰ ਅਤੇ 2 ਘੰਟੇ ਤੱਕ ਚਲੇ ਪੁੱਛਗਿੱਛ ਮਗਰੋਂ ਉਨ੍ਹਾਂ ਤੋਂ ਜ਼ਬਰਦਸਤੀ ਕਬੂਲਨਾਮਾ ਲਿਆ ਗਿਆ।

1968 ਵਿੱਚ ਹਕਾਮਾਦਾ ਨੂੰ ਕਤਲ ਅਤੇ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ, ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਕਿਵੇਂ ਸਾਬਿਤ ਹੋਈ ਹਕਾਮਾਦਾ ਦੀ ਮਾਸੂਮੀਅਤ

ਦਹਾਕਿਆਂ-ਲੰਬੀ ਕਾਨੂੰਨੀ ਗਾਥਾ ਨੇ ਆਖਰਕਾਰ, ਹਕਾਮਾਦਾ ਦੀ ਗ੍ਰਿਫਤਾਰੀ ਤੋਂ ਇੱਕ ਸਾਲ ਬਾਅਦ ਮਿਸੋ ਦੇ ਟੈਂਕ ਵਿੱਚ ਮਿਲੇ ਕੁਝ ਕੱਪੜਿਆਂ ਕਰਕੇ, ਨਵਾਂ ਮੋੜ ਲਿਆ ।

ਉਹ ਕੱਪੜੇ, ਕਥਿਤ ਤੌਰ 'ਤੇ ਖੂਨ ਨਾਲ ਲੱਥਪੱਥ, ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਲਈ ਵਰਤੇ ਗਏ ਸਨ।

ਸਾਲਾਂ ਤੱਕ, ਹਾਲਾਂਕਿ, ਹਕਾਮਾਦਾ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਕੱਪੜਿਆਂ ਤੋਂ ਬਰਾਮਦ ਡੀਐਨਏ ਉਸਦੇ ਨਾਲ ਮੇਲ ਨਹੀਂ ਖਾਂਦਾ, ਇਸ ਸੰਭਾਵਨਾ ਨੂੰ ਵਧਾਉਂਦਾ ਹੈ ਕਿ ਚੀਜ਼ਾਂ ਕਿਸੇ ਹੋਰ ਦੀਆਂ ਸਨ।

ਵਕੀਲਾਂ ਨੇ ਅੱਗੇ ਦਲੀਲ ਦਿਤੀ ਕਿ ਪੁਲਿਸ ਸਬੂਤਾਂ ਨੂੰ ਘੜ ਰਹੀ ਹੈ।

ਉਨ੍ਹਾਂ ਦੀ ਦਲੀਲ ਜੱਜ ਹੀਰੋਆਕੀ ਮੁਰਯਾਮਾ ਨੂੰ ਮਨਾਉਣ ਲਈ ਕਾਫੀ ਸੀ, ਜਿਸ ਨੇ 2014 ਵਿੱਚ ਨੋਟ ਕੀਤਾ ਕਿ "ਕੱਪੜੇ ਬਚਾਓ ਪੱਖ ਦੇ ਨਹੀਂ ਸਨ"।

ਮੁਰਯਾਮਾ ਨੇ ਉਸ ਸਮੇਂ ਕਿਹਾ, "ਮੁਲਜ਼ਮ ਨੂੰ ਹੋਰ ਹਿਰਾਸਤ ਵਿੱਚ ਰੱਖਣਾ ਬੇਇਨਸਾਫ਼ੀ ਹੈ, ਕਿਉਂਕਿ ਉਸਦੀ ਬੇਗੁਨਾਹ ਹੋਣ ਦੀ ਸੰਭਾਵਨਾ ਵਡੇ ਪੱਧਰ 'ਤੇ ਹੈ।"

ਹਕਾਮਾਦਾ ਨੂੰ ਫਿਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਮੁਕੱਦਮਾ ਮੁੜ ਚਲਾਇਆ ਗਿਆ।

ਘੜੇ ਗਏ ਸਨ ਸਬੂਤ

ਲੰਬੀ ਕਾਨੂੰਨੀ ਲੜਾਈ ਹੋਣ ਕਰਕੇ ਇਸ ਮੁਕੱਦਮੇ ਨੂੰ ਸ਼ੁਰੂ ਕਰਨ ਲਈ ਪਿਛਲੇ ਸਾਲ ਤੱਕ ਦਾ ਸਮਾਂ ਲੱਗਾ। ਅਦਾਲਤ ਨੇ ਵੀਰਵਾਰ ਸਵੇਰ ਆਪਣਾ ਫੈਸਲਾ ਸੁਣਾਇਆ।

ਹੁਣ ਮੁਕੱਦਮਾ ਅਤੇ ਹਾਕਾਮਦਾ ਦੀ ਬੇਗੁਨਾਹੀ ਕੱਪੜਿਆਂ ’ਤੇ ਮਿਲੇ ਲਾਲ ਖੂਨ ਦੇ ਧੱਬਿਆਂ ਤੇ ਟਿਕੀ ਸੀ। ਬਚਾਅ ਪੱਖ ਨੇ ਸਵਾਲ ਚੁੱਕਿਆ ਕਿ ਇਹ ਦਾਗ਼ ਪੁਰਾਣੇ ਕਿਵੇਂ ਹੋਏ।

ਉਨ੍ਹਾਂ ਦੱਸਿਆ ਕਿ ਸਾਲਾਂ ਬਾਅਦ ਵੀ ਖੂਨ ਦੇ ਧੱਬੇ ਲਾਲ ਹੀ ਹਨ ਅਤੇ ਗੂੜ੍ਹੇ ਨਹੀਂ ਹੋਏ, ਇਥੋਂ ਤੱਕ ਕਿ ਸੋਇਆਬੀਨ ਪੇਸਟ 'ਚ ਡੁਬੇ ਰਹਿਣ ਦੇ ਮਗਰੋਂ ਵੀ ਉਨ੍ਹਾਂ ਤੇ ਕੋਈ ਅਸਰ ਨਹੀਂ ਪਿਆ ਜੋ ਸਾਬਿਤ ਕਰਦਾ ਹੈ ਕਿ ਸਬੂਤ ਘੜੇ ਗਏ ਸਨ।

ਏਐਫਪੀ ਦੇ ਅਨੁਸਾਰ, ਫੈਸਲੇ ਵਿੱਚ ਪਾਇਆ ਗਿਆ ਕਿ "ਜਾਂਚਕਰਤਾਵਾਂ ਨੇ ਉਨ੍ਹਾਂ 'ਤੇ ਖੂਨ ਪਾ ਕੇ ਕੱਪੜਿਆਂ ਨਾਲ ਛੇੜਛਾੜ ਕੀਤੀ" ਜਿਸ ਨੂੰ ਉਨ੍ਹਾਂ ਨੇ ਫਿਰ ਮਿਸੋ ਦੇ ਟੈਂਕ ਵਿੱਚ ਛੁਪਾ ਦਿੱਤਾ।

ਹਕਾਮਾਦਾ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ।

ਹਾਕਮਾਦਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਕਮਾਦਾ ਦੀ 91 ਸਾਲਾ ਭੈਣ, ਹਿਡੇਕੋ, 2014 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸਦੀ ਦੇਖਭਾਲ ਕਰ ਰਹੀ ਹੈ।

"ਆਖਰਕਾਰ ਮੇਰੇ ਮੋਢਿਆਂ ਤੋਂ ਇੱਕ ਬੋਝ ਚੁੱਕਿਆ ਗਿਆ ਹੈ"

ਉਸ ਦੇ ਵਕੀਲਾਂ ਅਤੇ ਪਰਿਵਾਰ ਦੇ ਅਨੁਸਾਰ, ਦਹਾਕਿਆਂ ਦੀ ਨਜ਼ਰਬੰਦੀ, ਜ਼ਿਆਦਾਤਰ ਇਕਾਂਤ ਕੈਦ ਅਤੇ ਲਗਾਤਾਰ ਫਾਂਸੀ ਦੀ ਸਜ਼ਾ ਦਾ ਮੰਡਰਾਉਂਦੇ ਡਰ, ਨੇ ਹਾਕਮਾਦਾ ਦੀ ਮਾਨਸਿਕ ਸਿਹਤ 'ਤੇ ਵਡਾ ਅਸਰ ਛੱਡਿਆ ਸੀ।

ਉਸਦੀ ਭੈਣ ਲੰਬੇ ਸਮੇਂ ਤੋਂ ਉਸਦੀ ਰਿਹਾਈ ਦੀ ਵਕਾਲਤ ਕਰਦੀ ਰਹੀ ਹੈ।

ਪਿਛਲੇ ਸਾਲ, ਜਦੋਂ ਮੁਕੱਦਮਾ ਸ਼ੁਰੂ ਹੋਇਆ, ਹਿਡੇਕੋ ਨੇ ਰਾਹਤ ਜ਼ਾਹਰ ਕੀਤੀ ਅਤੇ ਕਿਹਾ ਕਿ "ਆਖਰਕਾਰ ਮੇਰੇ ਮੋਢਿਆਂ ਤੋਂ ਇੱਕ ਬੋਝ ਚੁੱਕਿਆ ਗਿਆ ਹੈ"।

ਜਪਾਨ ਵਿੱਚ ਮੌਤ ਦੀ ਸਜ਼ਾ ਵਾਲੇ ਕੈਦੀਆਂ ਲਈ ਮੁਕੱਦਮੇ ਬਹੁਤ ਘਟ ਮੁੜ ਖੋਲ੍ਹੇ ਜਾਂਦੇ ਹਨ।

ਹਕਾਮਾਦਾ ਦਾ ਕੇਸ ਜਪਾਨ ਦੇ ਯੁੱਧ ਤੋਂ ਬਾਅਦ ਦੇ ਇਤਿਹਾਸ ਵਿੱਚ ਸਿਰਫ ਪੰਜਵਾਂ ਹੈ।

ਅਮਰੀਕਾ ਦੇ ਨਾਲ, ਜਪਾਨ ਇੱਕਲੌਤਾ ਜੀ 7 ਦੇਸ਼ ਹੈ ਜਿਥੇ ਅੱਜ ਵੀ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਮੌਤ ਦੀ ਸਜ਼ਾ ਵਾਲੇ ਕੈਦੀਆਂ ਨੂੰ ਉਨ੍ਹਾਂ ਦੀ ਫਾਂਸੀ ਬਾਰੇ ਕੁਝ ਘੰਟੇ ਪਹਿਲਾਂ ਹੀ ਸੂਚਿਤ ਕੀਤਾ ਜਾਂਦਾ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)