ਅਮਰੀਕਾ ਤੋਂ ਕਿਸ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ, ਡਿਪੋਰਟ ਹੋਣ ਵਾਲੇ ਸ਼ਖ਼ਸ 'ਤੇ ਕੀ ਪਾਬੰਦੀਆਂ ਹੁੰਦੀਆਂ ਹਨ

ਜਦੋਂ ਤੋਂ ਅਮਰੀਕੀ ਫੌਜ ਦੇ ਜਹਾਜ਼ ਨੇ 104 ਭਾਰਤੀ ਪਰਵਾਸੀਆਂ ਨੂੰ ਭਾਰਤ ਛੱਡਿਆ ਹੈ, ਉਦੋਂ ਤੋਂ ਹੀ ਭਾਰਤ ਦੀ ਸੰਸਦ ਤੋਂ ਲੈ ਕੇ ਸੜਕਾਂ ਤੱਕ ਇਹ ਮੁੱਦਾ ਭਖਿਆ ਹੋਇਆ ਹੈ।

ਫੌਜ ਦੇ ਜਹਾਜ਼ ਦੀ ਵਰਤੋਂ ਕਰਕੇ ਜਿਸ ਤਰੀਕੇ ਨਾਲ ਡੌਨਲਡ ਟਰੰਪ ਵੱਲੋਂ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ, ਉਸਦੀ ਭਾਰਤ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ।

ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਉਹ ਅਜਿਹੇ ਵਰਤਾਰੇ ਬਾਰੇ ਅਮਰੀਕਾ ਨਾਲ ਗੱਲਬਾਤ ਕਰਨਗੇ।

ਡੌਨਲਡ ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਇਹ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦਾ ਪਹਿਲਾ ਦੇਸ਼ ਨਿਕਾਲਾ ਹੈ। ਭਾਰਤ ਤੋਂ ਇਲਾਵਾ ਅਮਰੀਕਾ ਤੋਂ ਬ੍ਰਾਜ਼ੀਲ, ਗਵਾਟੇਮਾਲਾ, ਪੇਰੂ ਅਤੇ ਹੋਂਡੂਰਾਸ ਦੇ ਲੋਕਾਂ ਨੂੰ ਵੀ ਫੌਜ ਦੇ ਜਹਾਜ਼ ਰਾਹੀਂ ਵਾਪਸ ਭੇਜਿਆ ਹੈ।

6 ਫਰਵਰੀ ਨੂੰ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ, ਜਿਸ ਵਿੱਚ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 104 ਪਰਵਾਸੀ ਭਾਰਤੀਆਂ ਨੂੰ ਲਿਆਂਦਾ ਗਿਆ, ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।

ਇਨ੍ਹਾਂ ਵਿੱਚ 30 ਪੰਜਾਬੀ ਸ਼ਾਮਲ ਸਨ। ਇਸ ਤੋਂ ਇਲਾਵਾ ਹਰਿਆਣਾ, ਗੁਜਰਾਤ ਤੇ ਕੁਝ ਹੋਰ ਸੂਬਿਆਂ ਦੇ ਲੋਕ ਸ਼ਾਮਲ ਸਨ।

ਡੌਨਲਡ ਟਰੰਪ ਨੇ ਜਦੋਂ ਤੋਂ ਅਮਰੀਕਾ ਵਿੱਚ ਰਹਿ ਰਹੇ ਗੈਰਕਾਨੂੰਨੀ ਪਰਵਾਸੀਆਂ ਉੱਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਉਦੋਂ ਹੀ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਚੱਲ ਰਹੇ ਹਨ। ਜਿਨ੍ਹਾਂ ਵਿੱਚੋਂ ਕੁਝ ਦੇ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕੀਤੀ ਹੈ।

ਅਮਰੀਕਾ ਵਿੱਚ ਕਿਸ-ਕਿਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ

ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਵਿੱਚ ਕਿਸ-ਕਿਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ।

ਅਜੇ ਕਈ ਲੋਕ ਅਜਿਹਾ ਮੰਨ ਰਹੇ ਹਨ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸੀਆਂ ਉੱਤੇ ਹੀ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ, ਜਦਕਿ ਅਜਿਹਾ ਨਹੀਂ ਹੈ।

ਦੇਸ਼ ਵਿੱਚ ਰਹਿਣ ਵਾਲੇ ਕਾਨੂੰਨੀ ਪਰਵਾਸੀ, ਜੋ ਕਿ ਅਮਰੀਕਾ ਦੇ ਨਾਗਰਿਕ ਨਹੀਂ ਬਣੇ ਹਨ ਉਨ੍ਹਾਂ ਲੋਕਾਂ ਉੱਤੇ ਵੀ ਇਸਦਾ ਅਸਰ ਪੈ ਸਕਦਾ ਹੈ।

ਗੈਰਕਾਨੂੰਨੀ ਪਰਵਾਸੀਆਂ ਦੇ ਨਾਲ-ਨਾਲ ਉਹ ਲੋਕ, ਜਿਨ੍ਹਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਬਾਰਡਰ ਪਾਰ ਕੀਤੇ ਹਨ ਅਤੇ ਵੀਜ਼ੇ ਦੀ ਮਿਆਦ ਤੋਂ ਜ਼ਿਆਦਾ ਅਮਰੀਕਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ।

ਟੈਂਪਰੇਰੀ ਵੀਜ਼ਾ ਉੱਤੇ ਦੇਸ਼ ਵਿੱਚ ਆਉਣ ਵਾਲੇ ਪਰਵਾਸੀ, ਜਿਨ੍ਹਾਂ ਨੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੋਵੇ, ਉਸ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ।

ਪਰਵਾਸੀਆਂ ਤੋਂ ਇਲਾਵਾ ਦੇਸ਼ ਵਿੱਚ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ, ਗ੍ਰੀਨ ਕਾਰਡ ਹੋਲਡਰਜ਼ ਅਤੇ ਟੈਂਪਰੇਰੀ ਵੀਜ਼ਾ ਵਾਲਿਆਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈ।

ਪਰ ਇਸ ਕੈਟੇਗਰੀ ਵਿੱਚ ਆਉਣ ਵਾਲੇ ਲੋਕਾਂ ਨੇ ਕੋਈ ਗੁਨਾਹ ਕੀਤਾ ਹੋਵੇ, ਅਜਿਹਾ ਸਾਬਿਤ ਹੋਣਾ ਚਾਹੀਦਾ ਹੈ। ਇਨ੍ਹਾਂ ਗੁਨਾਹਾਂ ਵਿੱਚ ਨਸ਼ੇ ਵਿੱਚ ਗੱਡੀ ਚਲਾਉਣਾ, ਉਸ ਕੋਲ ਹਥਿਆਰ ਜਾਂ ਡਰੱਗ ਮਿਲਣਾ, ਚੋਰੀ ਤੇ ਹਿੰਸਾ ਵਰਗੇ ਗੁਨਾਹ ਸ਼ਾਮਲ ਹਨ।

ਨੋਲੋ ਡਾਟਕਾਮ ਦੀ ਇੱਕ ਰਿਪੋਰਟ ਦੇ ਮੁਤਾਬਕ ਕੋਈ ਵੀ ਵਿਅਕਤੀ, ਜੋ ਕਿਸੇ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋਵੇ... ਉਸਦੇ ਖਿਲਾਫ ਡਿਪੋਰਟ ਕਰਨ ਦੀ ਕਾਰਵਾਈ ਕਰਨ ਦੇ ਦੋ ਤਰੀਕੇ ਹਨ।

ਇੱਕ ਇਹ ਹੈ ਕਿ ਅਮਰੀਕਾ ਵਿੱਚ ਰਹਿਣ ਦੇ 5 ਸਾਲ ਦੇ ਅੰਦਰ ਅਜਿਹਾ ਗੁਨਾਹ ਕੀਤਾ ਹੋਵੇ, ਜੋ ਗੈਰਕਾਨੂੰਨੀ ਗਤੀਵਿਧੀਆਂ ਦੇ ਅਧੀਨ ਆਉਂਦਾ ਹੋਵੇ।

ਦੂਜਾ ਇਹ ਕਿ ਉਸ ਸ਼ਖਸ ਨੇ ਗੈਰਕਾਨੂੰਨੀ ਗਤੀਵਿਧੀਆ ਅਧੀਨ ਦੋ ਜਾਂ ਦੋ ਤੋਂ ਵੱਧ ਗੁਨਾਹ ਕੀਤੇ ਹੋਣ।

ਪਰ ਇੱਥੇ ਕਿਹੜੇ ਗੁਨਾਹ ਨੂੰ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਗਿਣਿਆ ਜਾ ਸਕਦਾ ਹੈ, ਇਸਦੀ ਸਪੱਸ਼ਟ ਵਿਆਖਿਆ ਨਹੀਂ ਹੈ।

ਅਮਰੀਕੀ ਕੋਰਟ ਨੇ ਸਮੇਂ-ਸਮੇਂ 'ਤੇ ਇਸ ਸਬੰਧੀ ਆਪਣਾ ਪੱਖ ਰੱਖਿਆ ਹੈ।

ਜਿਸ ਵਿੱਚ ਧੋਖਾਧੜੀ, ਲੋਕਾਂ ਦੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ, ਕਤਲ ਕਰਨ ਜਾਂ ਲੁੱਟਣ ਦਾ ਇਰਾਦਾ, ਲੁੱਟਣ ਦੇ ਇਰਾਦੇ ਨਾਲ ਕੀਤੀ ਗਈ ਹਿੰਸਾ, ਜੋੜੇ ਉੱਤੇ ਕੀਤੀ ਗਈ ਹਿੰਸਾ ਵਰਗੇ ਗੁਨਾਹ ਸ਼ਾਮਲ ਹਨ।

ਕਿਸ ਨੂੰ ਗ੍ਰਿਫ਼ਤਾਰ ਕਰਨਾ ਹੈ, ਕਿਵੇਂ ਤੈਅ ਕੀਤਾ ਜਾਂਦਾ ਹੈ

ਆਈਸੀਈ ਦੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਅਮਰੀਕਾ ਦੇ ਅੰਦਰ ਦੇ ਇਲਾਕਿਆਂ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈ) ਤੇ ਇਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨ (ਈਆਰਓ) ਦੇ ਅਧਿਕਾਰੀਆਂ ਨੂੰ ਇਮੀਗ੍ਰੇਸ਼ਨ ਲਈ ਨਵੇਂ ਨਿਯਮ ਲਾਗੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਨ੍ਹਾਂ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਅਤੇ ਲੋਕਾਂ ਦੀ ਸਲਾਮਤੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਈਆਰਓ ਦੇ ਕੋਲ ਇਮੀਗ੍ਰੇਸ਼ਨ ਇਨਫੋਰਸਮੈਂਟ ਪ੍ਰਕਿਰਿਆ ਦੇ ਸਾਰੇ ਕੰਮ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਹੈ।

ਜਿਸ ਵਿੱਚ ਪਛਾਣ ਕਰਨਾ, ਗ੍ਰਿਫ਼ਤਾਰੀ, ਹਿਰਾਸਤ ਵਿੱਚ ਰੱਖਣਾ ਅਤੇ ਦੇਸ਼ ਨਿਕਾਲੇ ਦੀ ਸਾਰੀ ਪ੍ਰਕਿਰਿਆ ਸ਼ਾਮਲ ਹੈ।

ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕਰਨਾ ਹੈ- ਉਨ੍ਹਾਂ ਦੀ ਪਛਾਣ ਕਰਨ ਜਾਂ ਫਿਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਲਈ ਨਿਯਮ ਬਣਾਉਣ ਵਾਲੀਆਂ ਇਨਫੋਰਸਮੈਂਟ ਅਥਾਰਿਟੀਆਂ ਉੱਤੇ ਈਆਰਓ ਨਿਰਭਰ ਕਰਦਾ ਹੈ।

ਈਆਰਓ ਅਜਿਹੇ ਲੋਕਾਂ ਨੂੰ ਲੱਭਣ ਲਈ ਇੰਟੈਲੀਜੈਂਸ ਅਧਾਰਿਤ ਆਪ੍ਰੇਸ਼ਨ ਚਲਾਉਂਦਾ ਹੈ।

ਈਆਰਓ ਦੇ ਕੋਲ ਦੇਸ਼ ਤੋਂ ਕੱਢਣ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਇਲਾਵਾ ਉਨ੍ਹਾਂ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਅਤੇ ਅੱਗੇ ਦੀ ਕਾਰਵਾਈ ਕਰਨ ਦੇ ਵੀ ਅਧਿਕਾਰ ਹੁੰਦੇ ਹਨ।

ਈਆਰਓ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਦੋ ਕੈਟੇਗੀਰੀਜ਼ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਵਿੱਚ ਇੱਕ ਹੈ ਦੇਸ਼ ਦੀ ਨਾਗਰਿਕਤਾ ਦੇ ਆਧਾਰ ਉੱਤੇ ਕ੍ਰਿਮੀਨਲ ਹਿਰਸਟਰੀ।

ਕ੍ਰਿਮੀਨਲ ਹਿਸਟਰੀ ਨੂੰ 3 ਕੈਟੇਗੀਰੀਜ਼ ਵਿੱਚ ਵੰਡਿਆ ਗਿਆ ਹੈ-

ਜਿਸ ਵਿੱਚ ਪਹਿਲਾ ਹੈ ਕਿ ਅਮਰੀਕਾ ਦੇ ਅੰਦਰ ਗੁਨਾਹ ਸਾਬਿਤ ਹੋਇਆ ਹੋਵੇ

ਦੂਜਾ ਇਹ ਹੈ, ਜਿਸ ਨੇ ਅਮਰੀਕਾ ਵਿੱਚ ਗੁਨਾਹ ਕੀਤੇ ਹੋਵੇ ਤੇ ਕੇਸ ਚੱਲ ਰਿਹਾ ਹੋਵੇ

ਤੀਜਾ ਹੈ ਜਿਸ ਉੱਤੇ ਅਮਰੀਕਾ ਦੇ ਕੋਈ ਨਿਯਮ ਤੋੜਨ ਦਾ ਇਲਜ਼ਾਮ ਨਾ ਹੋਵੇ, ਪਰ ਉਸ ਨੇ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਨਿਯਮਾਂ ਦਾ ਉਲੰਘਣ ਕੀਤਾ ਹੋਵੇ।

ਦੇਸ਼ ਨਿਕਾਲੇ ਵਾਲੇ ਵਿਅਕਤੀ ਉੱਤੇ ਕੀ ਪਾਬੰਦੀਆਂ ਹੁੰਦੀਆਂ ਹਨ

ਅਮਰੀਕਾ ਵਿੱਚੋਂ ਕਿਸੇ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੋਵੇ, ਤਾਂ ਕਈ ਸਾਲ ਤੱਕ ਉਸ ਦੇ ਦੇਸ਼ ਵਿੱਚ ਵਾਪਿਸ ਆਉਣ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਪਰ ਦੇਸ਼ ਨਿਕਾਲਾ ਕਿਸ ਤਰੀਕੇ ਨਾਲ ਹੋਇਆ ਹੈ- ਉਸ ਉੱਤੇ ਉਸ ਤਰੀਕੇ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।

ਜਿਸ ਵਿਅਕਤੀ ਨੂੰ ਤੁਰੰਤ ਮੁਲਕ ਤੋਂ ਡਿਪੋਰਟ ਕੀਤਾ ਗਿਆ ਹੋਵੇ, ਉਸ ਵਿਅਕਤੀ ਉੱਤੇ ਅਮਰੀਕਾ ਵਿੱਚ 5 ਸਾਲ ਨਾ ਆਉਣ ਦੀ ਪਾਬੰਦੀ ਲਗਦੀ ਹੈ।

ਜੋ ਦੇਸ਼ ਦਾ ਨਾਗਰਿਕ ਨਹੀਂ ਹੈ, ਜੇਕਰ ਉਸਦਾ ਦੇਸ਼ ਨਿਕਾਲਾ ਹੋਵੇ ਤਾਂ ਇਮੀਗ੍ਰੈਸ਼ਨ ਜੱਜ ਵੱਲੋਂ ਉਸ ਉੱਪਰ 10 ਸਾਲ ਤੱਕ ਦੀ ਪਾਬੰਦੀ ਲਗਾਈ ਜਾਂਦੀ ਹੈ।

ਜਿਸ ਵਿਅਕਤੀ ਲਈ ਦੋ ਵਾਰ ਦੇਸ਼ ਨਿਕਾਲੇ ਦਾ ਆਰਡਰ ਹੋਇਆ ਹੋਵੇ, ਉਸ ਨੂੰ 20 ਸਾਲ ਤੱਕ ਅਮਰੀਕਾ ਜਾਣ ਦੀ ਮਨਾਹੀ ਹੁੰਦੀ ਹੈ।

ਕਈ ਵੱਡੇ ਗੁਨਾਹਾਂ ਦੇ ਮੁਲਜ਼ਮ ਤੇ ਜਿਨ੍ਹਾਂ ਨੇ ਵਾਰ-ਵਾਰ ਇਮੀਗ੍ਰੇਸ਼ਨ ਦੇ ਨਿਯਮਾਂ ਦਾ ਉਲੰਘਣ ਕੀਤਾ ਹੋਵੇ, ਉਨ੍ਹਾਂ ਨੂੰ ਸਾਰੀ ਉਮਰ ਦੇਸ਼ ਆਉਣ ਉੱਤੇ ਪਾਬੰਦੀ ਲਗਾਈ ਜਾਂਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)