ਪੀਐੱਫ਼ ਖਾਤੇ ਵਿੱਚੋਂ ਹੁਣ 72 ਘੰਟਿਆਂ ਦੇ ਅੰਦਰ ਪੰਜ ਲੱਖ ਰੁਪਏ ਕਢਵਾਏ ਜਾ ਸਕਦੇ ਹਨ, ਜਾਣੋ ਕਿਹੜੇ ਨਿਯਮ ਬਦਲੇ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਖਾਤਾ ਧਾਰਕ ਆਟੋ-ਸੈਟਲਮੈਂਟ ਦੇ ਤਹਿਤ 5 ਲੱਖ ਰੁਪਏ ਤੱਕ ਕਢਵਾ ਸਕਣਗੇ ਅਤੇ ਇਹ ਪ੍ਰਕਿਰਿਆ ਸਿਰਫ਼ 72 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਪਹਿਲਾਂ ਇਹ ਸੀਮਾ 1 ਲੱਖ ਰੁਪਏ ਸੀ।

ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਈਪੀਐੱਫ਼ਓ ਨੇ ਐਡਵਾਂਸ ਲਈ ਆਟੋ-ਸੈਟਲਮੈਂਟ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਹੁਣ ਪੀਐੱਫ਼ ਦੀ ਰਕਮ 72 ਘੰਟਿਆਂ ਦੇ ਅੰਦਰ ਮਿਲ ਜਾਇਆ ਕਰੇਗੀ।

ਇਸਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਆਟੋ ਮੋਡ ਵਿੱਚ ਐਡਵਾਂਸ ਕਲੇਮ ਦਾਇਰ ਕੀਤਾ ਹੈ, ਉਨ੍ਹਾਂ ਦੇ ਦਾਅਵੇ ਦਾ ਨਿਪਟਾਰਾ ਤਿੰਨ ਦਿਨਾਂ ਦੇ ਅੰਦਰ ਹੋ ਜਾਵੇਗਾ।

ਮਨਸੁਖ ਮੰਡਾਵੀਆ ਦੀ ਪੋਸਟ ਦੇ ਮੁਤਾਬਕ, ਵਿੱਤੀ ਸਾਲ 2023-24 ਵਿੱਚ 89.52 ਲੱਖ ਆਟੋ ਕਲੇਮ ਸੈਟਲਜ਼ ਦਾ ਨਿਪਟਾਰਾ ਕੀਤਾ ਗਿਆ ਸੀ, ਜਦੋਂ ਕਿ 2024-25 ਵਿੱਚ 2.32 ਕਰੋੜ ਆਟੋ ਕਲੇਮਜ਼ ਦਾ ਨਿਪਟਾਰਾ ਕੀਤਾ ਗਿਆ ਸੀ। ਇਸਦਾ ਮਤਲਬ ਹੈ ਕਿ ਇੱਕ ਸਾਲ ਵਿੱਚ ਆਟੋ ਕਲੇਮ ਸੈਟਲਮੈਂਟ ਵਿੱਚ 161 ਫ਼ੀਸਦ ਵਾਧਾ ਹੋਇਆ ਹੈ।

ਈਪੀਐੱਫ਼ਓ ਦੀ ਆਟੋ-ਸੈਟਲਮੈਂਟ ਕੀ ਹੈ?

ਆਟੋ-ਸੈਟਲਮੈਂਟ ਈਪੀਐੱਫ਼ਓ ਦੀ ਇੱਕ ਪ੍ਰਣਾਲੀ ਹੈ ਜਿਸ ਵਿੱਚ ਪ੍ਰਾਵੀਡੈਂਟ ਫੰਡ ਦੇ ਕਲੇਮ ਨੂੰ ਬਹੁਤ ਜਲਦੀ ਮਨਜ਼ੂਰੀ ਮਿਲ ਜਾਂਦੀ ਹੈ। ਇਸ ਵਿੱਚ ਕਿਸੇ ਵੀ ਮਨੁੱਖੀ ਦਖਲ ਦੀ ਲੋੜ ਨਹੀਂ ਹੁੰਦੀ ਹੈ। ਇਹ ਕਲੇਮ ਡਿਜੀਟਲ ਤਸਦੀਕ ਅਤੇ ਐਲਗੋਰਿਦਮ ਵੱਲੋਂ ਆਪਣੇ ਆਪ ਮਨਜ਼ੂਰ ਹੋ ਜਾਂਦਾ ਹੈ।

ਈਪੀਐੱਫ਼ਓ ਨੇ ਸਭ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੌਰਾਨ ਖਾਤਾ ਧਾਰਕਾਂ ਨੂੰ ਫ਼ੌਰਨ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਕੀਤੇ ਗਏ ਕਲੇਮ ਦਾ ਸਵੈ-ਨਿਪਟਾਰਾ ਸ਼ੁਰੂ ਕੀਤਾ।

ਇਸ ਵਿੱਚ, ਬਿਮਾਰੀ, ਬੱਚਿਆਂ ਦੀ ਪੜ੍ਹਾਈ, ਵਿਆਹ ਜਾਂ ਰਿਹਾਇਸ਼ ਲਈ ਕਲੇਮ ਕਰਕੇ ਪੀਐੱਫ਼ ਕਢਵਾਇਆ ਜਾ ਸਕਦਾ ਹੈ।

2024-25 ਵਿੱਚ, ਸਾਰੇ ਕਲੇਮਜ਼ ਦਾ 59 ਫ਼ੀਸਦ ਆਟੋ ਮੋਡ ਰਾਹੀਂ ਨਿਪਟਾਇਆ ਗਿਆ ਸੀ।

ਜੇਕਰ ਤੁਹਾਡਾ ਯੂਏਐੱਨ (ਯੂਨੀਵਰਸਲ ਅਕਾਊਂਟ ਨੰਬਰ), ਆਧਾਰ ਨੰਬਰ ਅਤੇ ਪੈਨ ਨੰਬਰ ਈਪੀਐੱਫ਼ ਵਿੱਚ ਤੁਹਾਡੇ ਬੈਂਕ ਖਾਤੇ ਨਾਲ ਜੁੜੇ ਹੋਏ ਹਨ ਅਤੇ ਕੇਵਾਈਸੀ ਪ੍ਰਕਿਰਿਆ ਨੂੰ ਅਪਡੇਟ ਕੀਤਾ ਜਾਂਦਾ ਹੈ, ਤਾਂ ਤੁਹਾਡੇ ਦਾਅਵਿਆਂ ਦਾ ਨਿਪਟਾਰਾ ਜਲਦੀ ਹੋ ਸਕਦਾ ਹੈ।

ਆਟੋ-ਸੈਟਲਮੈਂਟ ਸਹੂਲਤ ਸਿਰਫ਼ ਖ਼ਾਸ ਕਲੇਮਜ਼ ਲਈ ਮੌਜੂਦ ਹੈ। ਇਹ ਸਹੂਲਤ ਉਦੋਂ ਉਪਲਬਧ ਹੁੰਦੀ ਹੈ ਜਦੋਂ ਡਾਕਟਰੀ ਕਾਰਨਾਂ, ਬੱਚਿਆਂ ਦੀ ਸਿੱਖਿਆ, ਵਿਆਹ ਜਾਂ ਰਿਹਾਇਸ਼ ਲਈ ਪੂੰਜੀ ਦੀ ਲੋੜ ਹੁੰਦੀ ਹੈ।

ਆਮ ਤੌਰ 'ਤੇ, ਮੈਨੂਅਲ ਕਲੇਮ ਵਿੱਚ ਪੈਸੇ ਪ੍ਰਾਪਤ ਕਰਨ ਵਿੱਚ ਦੋ ਤੋਂ ਚਾਰ ਹਫ਼ਤੇ ਲੱਗਦੇ ਹਨ, ਜਦੋਂ ਕਿ ਆਟੋ-ਸੈਟਲਮੈਂਟ ਵਿੱਚ ਇਹ ਭੁਗਤਾਨ ਮਹਿਜ਼ 72 ਘੰਟਿਆਂ ਵਿੱਚ ਹੋ ਜਾਂਦਾ ਹੈ।

ਆਨਲਾਈਨ ਪੀਐੱਫ਼ ਦੇ ਪੈਸੇ ਕਿਵੇਂ ਕਢਵਾਏ ਜਾ ਸਕਦੇ ਹਨ?

ਈਪੀਐੱਫ਼ਓ ਵੈੱਬਸਾਈਟ ਦੀ ਮਦਦ ਨਾਲ ਪ੍ਰਾਵੀਡੈਂਟ ਫ਼ੰਡ ਦੀ ਰਕਮ ਆਨਲਾਈਨ ਕਢਵਾਈ ਜਾ ਸਕਦੀ ਹੈ। ਇਸ ਵਿੱਚ ਤੁਹਾਨੂੰ ਯੂਏਐੱਨ ਨੰਬਰ ਨੂੰ ਐਕਟੀਵੇਟ ਕਰਨਾ ਪਵੇਗਾ। ਇਸ ਤੋਂ ਬਾਅਦ, ਯੂਏਐੱਨ ਨੰਬਰ ਨੂੰ ਆਧਾਰ, ਪੈਨ ਨੰਬਰ ਅਤੇ ਬੈਂਕ ਖਾਤੇ ਨਾਲ ਲਿੰਕ ਕਰਨਾ ਪਵੇਗਾ।

ਯੂਏਐੱਨ ਐਕਟੀਵੇਟ ਹੋਣ ਤੋਂ ਬਾਅਦ, ਤੁਹਾਨੂੰ ਈਪੀਐੱਫ਼ਓ ਮੈਂਬਰ ਵੈੱਬਸਾਈਟ 'ਤੇ ਜਾਣਾ ਪਵੇਗਾ ਅਤੇ ਆਨਲਾਈਨ ਸੇਵਾ 'ਤੇ ਜਾਣਾ ਪਵੇਗਾ।

ਉੱਥੋਂ, ਤੁਹਾਨੂੰ ਕਲੇਮ (ਫਾਰਮ-31, 19 ਅਤੇ 10-ਸੀ) ਚੁਣਨਾ ਪਵੇਗਾ ਅਤੇ ਬੈਂਕ ਵੇਰਵਿਆਂ ਦੀ ਪੁਸ਼ਟੀ ਕਰਨੀ ਪਵੇਗੀ। ਇਸ ਤੋਂ ਬਾਅਦ, ਤੁਸੀਂ ਕਲੇਮ ਕਰ ਸਕਦੇ ਹੋ।

ਈਪੀਐੱਫ਼ ਕਿੰਨੇ ਫ਼ੀਸਦ ਵਿਆਜ਼ ਦਰ ਦਿੰਦਾ ਹੈ?

ਕਰਮਚਾਰੀ ਭਵਿੱਖ ਨਿਧੀ ਯੋਜਨਾ ਮੁਤਾਬਕ, ਕਰਮਚਾਰੀ ਦੀ ਮੂਲ ਤਨਖਾਹ ਦਾ 12 ਫ਼ੀਸਦ ਈਪਐੱਫ਼ ਖਾਤੇ ਵਿੱਚ ਜਮ੍ਹਾ ਕੀਤਾ ਜਾਂਦਾ ਹੈ।

ਮਾਲਕ ਨੂੰ ਵੀ ਇੰਨੀ ਹੀ ਰਕਮ ਦਾ ਯੋਗਦਾਨ ਪਾਉਣਾ ਪੈਂਦਾ ਹੈ। ਹਾਲਾਂਕਿ, ਮਾਲਕ ਦੀ ਸਾਰੀ ਰਕਮ ਤੁਹਾਡੇ ਈਪੀਐੱਫ਼ ਖਾਤੇ ਵਿੱਚ ਨਹੀਂ ਜਾਂਦੀ। ਮਾਲਕ ਦੇ ਹਿੱਸੇ ਵਿੱਚੋਂ, 8.67 ਫ਼ੀਸਦ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐੱਫ਼) ਵਿੱਚ ਜਮ੍ਹਾ ਕੀਤਾ ਜਾਂਦਾ ਹੈ, ਜਿਸਦੀ ਸੀਮਾ 1250 ਰੁਪਏ ਹੈ, ਜਦੋਂ ਕਿ ਬਾਕੀ ਰਕਮ ਈਪੀਐੱਫ਼ ਖਾਤੇ ਵਿੱਚ ਜਮ੍ਹਾ ਕੀਤੀ ਜਾਂਦੀ ਹੈ।

ਈਪੀਐੱਫ਼ ਵਿੱਚ ਪਾਏ ਗਏ ਯੋਗਦਾਨ ਨੂੰ ਆਮਦਨ ਕਰ ਐਕਟ ਦੀ ਧਾਰਾ 80-ਸੀ ਦੇ ਤਹਿਤ ਆਮਦਨ ਕਰ ਤੋਂ ਛੋਟ ਹੈ। ਹਾਲਾਂਕਿ, ਇਸਦੀ ਵੱਧ ਤੋਂ ਵੱਧ ਸੀਮਾ 1.50 ਲੱਖ ਰੁਪਏ ਪ੍ਰਤੀ ਸਾਲ ਹੈ।

ਈਪੀਐੱਫ਼ਓ ਲਈ ਵਿਆਜ ਦਰ ਹਰ ਸਾਲ ਵੱਖ-ਵੱਖ ਹੋ ਸਕਦੀ ਹੈ।

ਈਪੀਐੱਫ਼ਓ ਦੀ ਸਿਫ਼ਾਰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਹਰ ਸਾਲ ਵਿਆਜ ਦਰ ਨਿਰਧਾਰਤ ਕਰਦੀ ਹੈ।

ਸਾਲ 2024-25 (1 ਅਪ੍ਰੈਲ, 2024 ਤੋਂ 31 ਮਾਰਚ, 2025) ਲਈ, ਕੇਂਦਰ ਸਰਕਾਰ ਨੇ 8.25 ਫ਼ੀਸਦ ਦੀ ਵਿਆਜ ਦਰ ਨਿਰਧਾਰਤ ਕੀਤੀ ਹੈ।

ਏਟੀਐੱਮ ਤੋਂ ਪੀਐੱਫ਼ ਕਿਵੇਂ ਕਢਵਾਇਆ ਜਾ ਸਕਦਾ ਹੈ?

ਈਪੀਐੱਫ਼ਓ ਜਲਦੀ ਹੀ ਖਾਤਾ ਧਾਰਕਾਂ ਨੂੰ ਏਟੀਐੱਮ ਕਾਰਡ ਜਾਂ ਯੂਪੀਆਈ ਦੀ ਵਰਤੋਂ ਕਰਕੇ ਪ੍ਰਾਵੀਡੈਂਟ ਫੰਡ ਕਢਵਾਉਣ ਦੀ ਸਹੂਲਤ ਮੁਹੱਈਆ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਹ ਸਹੂਲਤ ਬੈਂਕ ਖਾਤੇ ਨੂੰ ਈਪੀਐੱਫ਼ ਖਾਤੇ ਨਾਲ ਲਿੰਕ ਕਰਨ ਤੋਂ ਬਾਅਦ ਉਪਲਬਧ ਹੋਵੇਗੀ।

ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ, ਕਿਰਤ ਮੰਤਰਾਲਾ ਇੱਕ ਅਜਿਹਾ ਸਿਸਟਮ ਵਿਕਸਤ ਕਰੇਗਾ ਜਿਸ ਵਿੱਚ ਪੀਐੱਫ਼ ਦੀ ਇੱਕ ਨਿਸ਼ਚਿਤ ਰਕਮ ਲਾਕ ਕੀਤੀ ਜਾਵੇਗੀ ਅਤੇ ਬਾਕੀ ਰਕਮ ਯੂਪੀਆਈ ਜਾਂ ਏਟੀਐੱਮ ਡੈਬਿਟ ਕਾਰਡ ਰਾਹੀਂ ਕਢਵਾਈ ਜਾ ਸਕੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)